ishq-akhan.jpg

Intro/ਇੰਟਰੋ

ਪੰਜਾਬੀ ਭਾਸ਼ਾ ਦੇ ਅਖਾਣ ਸਾਡੀ ਲੋਕ ਮਾਨਸਿਕਤਾ ਅਤੇ ਸੰਸਕ੍ਰਿਤੀ ਦਾ ਅਨਮੋਲ ਖਜ਼ਾਨਾ ਹਨ। ਖਾਸ ਕਰਕੇ ‘ਇ’ ਸਿਹਾਰੀ ਵਾਲੇ ਅਖਾਣ ਆਪਣੀ ਮਿੱਠਾਸ ਅਤੇ ਗਹਿਰੇ ਅਰਥਾਂ ਕਰਕੇ ਲੋਕਾਂ ਵਿੱਚ ਬਹੁਤ ਪ੍ਰਸਿੱਧ ਹਨ। ਇਸ ਪੋਸਟ ਵਿੱਚ ਤੁਸੀਂ ਇਸ਼ਕ ਅਤੇ ਪਿਆਰ ਨਾਲ ਜੁੜੇ ਚੋਣਵੇਂ ਅਖਾਣਾਂ ਦੀ ਮਜ਼ੇਦਾਰ ਕੁਲੈਕਸ਼ਨ ਪੜ੍ਹੋਗੇ, ਜੋ ਇਸ਼ਕੀਆ ਜੀਵਨ ਦੇ ਤਜਰਬਿਆਂ ਨੂੰ ਸੌਖੇ ਸ਼ਬਦਾਂ ਵਿੱਚ ਬਿਆਨ ਕਰਦੇ ਹਨ। ਇਹ ਅਖਾਣ ਸਿਰਫ ਮਨੋਰੰਜਨ ਹੀ ਨਹੀਂ ਕਰਦੇ, ਸਗੋਂ ਪਿਆਰ ਦੀ ਸੱਚਾਈ ਅਤੇ ਸਮਾਜ ਅਤੇ ਆਸ਼ਕਾਂ ਦੇ ਉਸਦੇ ਗਹਿਰੇ ਅਸਰਾਂ ਨੂੰ ਵੀ ਦਰਸਾਉਂਦੇ ਹਨ।

ਇਸ਼ਕ ਨਾਲ ਜੁੜੇ ਮਜ਼ੇਦਾਰ ਪੰਜਾਬੀ ਅਖਾਣਾਂ ਦੀ ਵਿਸਥਾਰ ਸੂਚੀ (ਅਰਥਾਂ ਅਤੇ ਵਰਤੋਂ ਸਮੇਤ) 

  1. ਇਸ਼ਕ ਤੰਦੂਰ, ਹੰਡਾਂ ਦਾ ਬਾਲਣ
    ਅਰਥ ਅਤੇ ਵਰਤੋਂ-
    ਇਸ ਅਖਾਣ ਦੇ ਭਾਵ ਅਰਥ ਅਨੁਸਾਰ ਇਸ਼ਕ ਆਸ਼ਕ ਨੂੰ ਅੰਦਰੋਂ-ਅੰਦਰੀ ਖਾ ਜਾਂਦਾ ਹੈ ਅਤੇ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਇਸ਼ਕ ਵਿੱਚ ਡੁੱਬੇ ਹੋਏ ਆਸ਼ਿਕ ਦੀ ਦੁਰਦਸ਼ਾ ਨੂੰ ਦਰਸਾਉਣਾ ਹੋਵੇ।
  2. ਇਸ਼ਕ ਪਰਹੇਜ਼ ਨਾ ਰਹਿੰਦੇ ਇਕੱਠੇ
    ਅਰਥ ਅਤੇ ਵਰਤੋਂ-
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਇਸ਼ਕ ਵਿੱਚ ਬੰਦਾ ਬੇਵਸ ਹੋ ਜਾਂਦਾ ਹੈ ਅਤੇ ਉਸਦਾ ਆਪਣੇ ਆਪ ਤੇ ਕੰਟਰੋਲ ਨਹੀਂ ਰਹਿੰਦਾ।
  3. ਇਸ਼ਕ ਅੰਨ੍ਹੜਾ ਕਰੇ ਸੁਜਾਖਿਆਂ ਨੂੰ ਇਹਦੀ ਨਾਲ ਦੀ ਕੋਈ ਨਾ ਮਰਜ ਲੋਕੋ।
    ਅਰਥ ਅਤੇ ਵਰਤੋਂ-
    ਇਸ ਅਖਾਣ ਦੇ ਭਾਵ ਅਰਥ ਇਹ ਹਨ ਕਿ ਇਸ਼ਕ ਵਿੱਚ ਚੰਗਾ ਭਲਾ ਇਨਸਾਨ ਵੀ ਬੇਸੁੱਧ ਹੋ ਜਾਂਦਾ ਹੈ ਅਤੇ ਉਸਨੂੰ ਸਹੀ-ਗਲਤ ਦਾ ਕੁਝ ਪਤਾ ਨਹੀਂ ਰਹਿੰਦਾ। ਇਹ ਉਹ ਬਿਮਾਰੀ ਜਾਂ ਅਵਸਥਾ ਹੈ ਜਿਸ ਦਾ ਕੋਈ ਇਲਾਜ ਨਹੀਂ।
  4. ਇਸ਼ਕ ਤੇ ਮੁਸ਼ਕ ਛੁਪਾਏ ਨਹੀਂ ਛੁਪਦੇ।
    ਅਰਥ ਅਤੇ ਵਰਤੋਂ-
    ਜਦੋਂ ਦੱਸਣਾ ਹੋਵੇ ਕਿ ਪਿਆਰ ਅਤੇ ਖੁਸ਼ਬੂ ਦੋਵੇਂ ਲੁਕਾਏ ਨਹੀਂ ਲੁਕ ਸਕਦੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  5. ਇਸ਼ਕ ਜਿਨ੍ਹਾਂ ਦੇ ਹੱਡੀਂ ਰਚਿਆ ਉਹੀਓ ਜਾਨਣ ਸਾਰਾਂ।
    ਅਰਥ ਅਤੇ ਵਰਤੋਂ-
    ਜਦੋਂ ਦੱਸਣਾ ਹੋਵੇ ਕਿ ਇਸ਼ਕ ਦਾ ਅਸਲੀ ਅਹਿਸਾਸ ਉਹੀ ਕਰ ਸਕਦਾ ਹੈ ਜਿਸ ਨੂੰ ਲੱਗੇ। ਦੂਜਾ ਬੰਦਾ ਨਹੀਂ ਉਸ ਦੀ ਹਾਲਤ ਬਾਰੇ ਕੁਝ ਨਹੀਂ ਦੱਸ ਸਕਦਾ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  6. ਇਸ਼ਕ ਲੱਗਿਆ ਫੇਰ ਦਵਾ ਨਾਹੀਂ।
    ਅਰਥ ਅਤੇ ਵਰਤੋਂ-
    ਜਦੋਂ ਦੱਸਣਾ ਹੋਵੇ ਕਿ ਇਸ਼ਕ ਦਾ ਅਸਰ ਇੰਨਾ ਡੂੰਘਾ ਹੁੰਦਾ ਹੈ ਕਿ ਇਹ ਕਿਸੇ ਦਵਾਈ ਨਾਲ ਨਹੀਂ ਮਿਟਦਾ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  7. ਇਸ਼ਕ ਕਰੇ, ਸੋ ਜੱਗ ਤੋਂ ਡਰੈ ਨਾਹੀਂ।
    ਅਰਥ ਅਤੇ ਵਰਤੋਂ-
    ਜਦੋਂ ਦੱਸਣਾ ਹੋਵੇ ਕਿ ਜਿਸਨੂੰ ਸੱਚਾ ਪਿਆਰ ਹੋ ਜਾਂਦਾ ਹੈ ਉਸ ਦੇ ਮਨ ਵਿਚੋਂ ਜੱਗ ਦਾ ਡਰਦਾ ਨਿਕਲ ਜਾਂਦਾ ਹੈ।
  8. ਇਸ਼ਕ ਦਾ ਰੁਤਬਾ, ਇਸ਼ਕ ਹੀ ਜਾਣੇ।
    ਅਰਥ ਅਤੇ ਵਰਤੋਂ-
    ਜਦੋਂ ਦੱਸਣਾ ਹੋਵੇ ਕਿ ਇਸ਼ਕ ਆਸ਼ਕ ਹੀ ਸਮਝ ਸਕਦੇ ਹਨ ਅਤੇ ਪਿਆਰ ਦੀ ਅਵਸਥਾ ਸਮਝਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  9. ਇਸ਼ਕ ਪਹਾੜੋਂ ਉੱਚਾ ਚੜ੍ਹਦਾ ਕੋਈ-ਕੋਈ।
    ਅਰਥ ਅਤੇ ਵਰਤੋਂ-
    ਜਦੋਂ ਦੱਸਣਾ ਹੋਵੇ ਕਿ ਸੱਚੇ ਪਿਆਰ ਦੀ ਰਾਹ ਔਖੀ ਅਤੇ ਮੁਸ਼ਕਲਾਂ ਨਾਲ ਭਰੀ ਹੁੰਦੀ ਹੈ ਅਤੇ ਕੋਈ ਵਿਰਲਾ ਹੀ ਇਸ ਰਾਹ ’ਤੇ ਜਾਂਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  10. ਇਸ਼ਕ ਹੋਇਆ ਤਾਂ ਅਕਲ ਬੰਦ ਬੂਹਾ।
    ਅਰਥ ਅਤੇ ਵਰਤੋਂ-
    ਜਦੋਂ ਦੱਸਣਾ ਹੋਵੇ ਕਿ ਜੇਕਰ ਇਸ਼ਕ ਹੋ ਜਾਵੇ ਤਾਂ ਮਨੁੱਖ ਨਫੇ-ਨੁਕਸਾਨ ਨੂੰ ਭੁੱਲ ਜਾਂਦਾ ਹੈ ਕਿਉਂਕਿ ਪਿਆਰ ਵਿੱਚ ਫੈਸਲੇ ਦਿਲ ਨਾਲ ਹੁੰਦੇ ਹਨ ਦਿਮਾਗ ਨਾਲ ਨਹੀਂ। ਇਸ ਸਥਿਤੀ ਨੂੰ ਦਰਸਾਉਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  11. ਇਸ਼ਕ ਦੀ ਲੱਗੀ ਪਾਣੀਆਂ ਨਾਲ ਨਹੀਂ ਬੁੱਝਦੀ।
    ਅਰਥ ਅਤੇ ਵਰਤੋਂ-
    ਜਦੋਂ ਦੱਸਣਾ ਹੋਵੇ ਇਸ਼ਕ ਬਿਮਾਰੀ ਦਾ ਇਲਾਜ ਕਿਸੇ ਸ਼ੈਅ ਨਾਲ ਨਹੀਂ ਹੁੰਦਾ ਅਤੇ ਇਸ਼ਕ ਦਾ ਇਲਾਜ ਸਿਰਫ ਯਾਰ ਦੇ ਮਿਲਾਪ ਨਾਲ ਹੁੰਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  12. ਇਸ਼ਕ ਹੋਵੇ ਤਾਂ ਨੈਣਾਂ ਚੋਂ ਨੀਂਦ ਉੱਡੇ।
    ਜਦੋਂ ਦੱਸਣਾ ਹੋਵੇ ਕਿ ਇਸ਼ਕ ਹੋਣ ਤੋਂ ਬਾਅਦ ਆਸ਼ਕ ਦੀ ਨੀਂਦ ਅਤੇ ਚੈਨ ਸਭ ਗਵਾਚ ਜਾਂਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  13. ਇਸ਼ਕ ਦੀ ਰਾਹ ਕੰਡਿਆਲੀ ਬੀਬਾ ਪੈਰ ਇਸ਼ਕ ਨਾ ਪਾਵੀਂ।
    ਅਰਥ ਅਤੇ ਵਰਤੋਂ-
    ਜਦੋਂ ਕਿਸੇ ਨੂੰ ਸਮਝਾਉਣਾ ਹੋਵੇ ਕਿ ਇਸ਼ਕ ਦਾ ਰਾਹ ਮੁਸ਼ਕਿਲਾਂ ਭਰਿਆ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  14. ਇਸ਼ਕ ਪਿਆਰ ਵਿੱਚ ਲਾਜ-ਲਿਹਾਜ ਨਾਹੀਂ।
    ਅਰਥ ਅਤੇ ਵਰਤੋਂ-
    ਜਦੋਂ ਦੱਸਣਾ ਹੋਵੇ ਕਿ ਇਸ਼ਕ ਵਿਚ ਡੁੱਬੇ ਲੋਕਾਂ ਨਾ ਕਿਸੇ ਦੀ ਲਾਜ ਰਹਿੰਦੀ ਹੈ ਅਤੇ ਨਾ ਲਿਹਾਜ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  15. ਗੁੜ ਨਾਲੋਂ ਇਸ਼ਕ ਮਿੱਠਾ, ਰੱਬਾ ਲੱਗ ਨਾ ਕਿਸੇ ਨੂੰ ਜਾਵੇ
    ਅਰਥ ਅਤੇ ਵਰਤੋਂ-
    ਇਸ਼ਕ ਬਹੁਤ ਅਹਿਸਾਸ ਮਿੱਠਾ ਹੁੰਦਾ ਹੈ, ਪਰ ਇਸ ਵਿਚਲੀ ਤੜਫ ਦੇ ਦੁੱਖ ਵੀ ਵੱਡੇ ਹੁੰਦੇ ਹਨ।

    ਸੂਫੀ ਸਿਧਾਤਾਂ ਨਾਲ ਮੇਲ ਖਾਂਦੇ ਇਸ਼ਕ ਦੇ ਅਖਾਣ

    ਸੂਫੀ ਸਿਧਾਂਤਾਂ ਨਾਲ ਮੇਲ ਖਾਂਦੇ ਇਸ਼ਕ ਦੇ ਖਾਸ ਅਖਾਣ

  16. ਇਸ਼ਕ ਨਾ ਪੁੱਛੇ ਜਾਤਾ-ਪਾਤਾਂ , ਇਸ਼ਕ ਪੁੱਛੇ ਨਾ ਮਜ਼ਹਬਾਂ।
    ਅਰਥ ਅਤੇ ਵਰਤੋਂ-
    ਇਹ ਅਖਾਣ ਦੁਨਿਆਵੀ ਅਤੇ ਰੱਬੀ ਇਸ਼ਕ ਦੋਨਾਂ ਲਈ ਬੋਲਿਆ ਜਾਂਦਾ ਹੈ। ਅਖਾਣ ਦਾ ਭਾਵ ਅਰਥ ਇਹ ਹੈ ਕਿ ਇਸ਼ਕ ਜਾਤ-ਪਾਤ, ਊਚ ਨੀਚ ਦੇ ਵਖਰੇਵਿਆਂ ਤੋਂ ਪਾਰ ਹੁੰਦਾ ਅਤੇ ਸਾਰੀ ਕਾਇਨਾਤ ਨੂੰ ਬਰਾਬਰਤਾ ਨਾਲ ਦੇਖਦਾ ਹੈ।
  17. ਇਸ਼ਕ ਹੋਇਆ ਤਾਂ ਅੰਦਰੋਂ ਮੈਂ ਮੁੱਕੀ।
    ਅਰਥ ਅਤੇ ਵਰਤੋਂ-
    ਜਦੋਂ ਦੱਸਣਾ ਹੋਵੇ ਕਿ ਇਸ਼ਕ ਉਹ ਅਵਸਥਾ ਹੈ, ਜੋ ਇਨਸਾਨ ਦੇ ਅੰਦਰੋਂ ਮੈਂ ਨੂੰ ਮੁਕਾ ਦਿੰਦੀ ਹੈ ਅਤੇ ਉਸ ਨੂੰ ਪਾਕ ਕਰ ਦਿੰਦੀ ਹੈ।
  18. ਇਸ਼ਕ ਦੀ ਪਹਿਲੀ ਮੰਜ਼ਿਲ ਸੱਜਣਾ ਆਪਣਾ ਆਪ ਗੁਆਉਣਾ, ਆਖ਼ਰਲੀ ਬਸ ਇਕੋ ਹੀ ਮੰਜ਼ਿਲ ਸੱਚੇ ਰੱਬ ਨੂੰ ਪਾਉਣਾ।
    ਜਿਵੇਂ ਕਿ ਸੂਫ਼ੀਆਂ ਨੇ “ਇਸ਼ਕ-ਏ-ਮਜਾਜ਼ੀ” (ਸੰਸਾਰੀ ਪ੍ਰੇਮ) ਨੂੰ ਰੱਬੀ ਰਾਹ ਦੀ ਪਹਿਲੀ ਮੰਜਿਲ ਦੱਸਿਆ ਜੋ ਕਿ “ਇਸ਼ਕ-ਏ-ਹਕੀਕੀ” ਰਾਹੀਂ (ਰੱਬੀ ) ਤੱਕ ਪਹੁੰਚਣ ਦਾ ਸਾਧਨ ਹੈ। ਇਹ ਅਖਾਣ ਉਨਾਂ ਪ੍ਰਸਿਥਿਤੀਆਂ ਨੂੰ ਦਰਸਾਉਣ ਲਈ ਬੋਲਿਆ ਜਾਂਦਾ ਹੈ।
    ਅਰਥ ਅਤੇ ਵਰਤੋਂ-
  19. ਇਸ਼ਕ ਆਸ਼ਕਾਂ ਲਈ ਹੈ ਪੁਲਾਂ ਵਰਗਾ, ਲੈ ਕੇ ਯਾਰ ਦੇ ਤੱਕ ਹਰ ਹਾਲ ਜਾਵੇ।
    ਅਰਥ ਅਤੇ ਵਰਤੋਂ-
    ਇਹ ਅਖਾਣ ਸੂਫ਼ੀ ਵਿਚਾਰਾਂ ਦਾ ਨਿਚੋੜ ਇੱਕ ਹੀ ਵਾਕ ਵਿੱਚ ਕਿਹਾ ਜਾ ਸਕਦਾ ਹੈ।
  20. ਇਸ਼ਕ ਦੇ ਰਾਹ ਵਿੱਚ ਸਿਰ ਵੀ ਜਾਵੇ ਸੌਦਾ ਮਹਿੰਗਾ ਨਹੀਂ।
    ਅਰਥ ਅਤੇ ਵਰਤੋਂ-
    ਸੂਫੀ ਸਿਧਾਂਤਾਂ ਅਨੁਸਾਰ ਇਸ਼ਕ ਦੇ ਰਾਹ ਉੱਤੇ ਤੁਰਦਿਆ ਜੇਕਰ ਆਸ਼ਕ ਕੁਰਬਾਨ ਵੀ ਹੋ ਜਾਵੇ ਤਾਂ ਵੀ ਇਹ ਨਫੇ ਦਾ ਸੌਦਾ ਹੈ। ਇਹ ਅਖਾਣ ਅਜਿਹੀ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ। ਇਹੀ ਕਾਰਨ ਸੀ ਕਿ ਸੂਫ਼ੀ ਕਵਿਤਾ ਵਿੱਚ ਹੀਰ-ਰਾਂਝਾ, ਸੋਹਣੀ-ਮਹਿਵਾਲ, ਸੱਸੀ-ਪੁੰਨੂੰ ਵਰਗੇ ਇਸ਼ਕੇ ਦੇ ਪਾਤਰ ਅਤੇ ਉਨ੍ਹਾ ਦੀਆਂ ਪ੍ਰੇਮ ਕਹਾਣੀਆਂ ਆਤਮਾ ਅਤੇ ਪਰਮਾਤਮਾ ਦੇ ਮਿਲਾਪ ਦਾ ਪ੍ਰਤੀਕ ਬਣ ਜਾਂਦੀਆਂ ਹਨ।
  21. ਇਸ਼ਕ ਨਚੱਈਆ ਕਰ ਥਈਆ…ਥਈਆ…।
    ਜਦੋਂ ਕੋਈ ਆਸ਼ਕ ਇਸ਼ਕ ਰੰਗ ਵਿਚ ਰੰਗ ਕੇ ਉਹ ਸਭ ਕਰਨਾ ਸ਼ੁਰੂ ਕਰ ਦੇਵੇ ਜੋ ਸਮਾਜ ਨੂੰ ਮੰਨਜੂਰ ਨਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।

    ਸੂਫੀ ਸਾਹਿਤ ਬਾਰੇ ਹੋਰ ਵਿਸਥਾਰ ਵਿਚ ਜਾਨਣ ਲਈ ਵਿਕੀਪੀਡੀਆ ਦੇ ਇਸ ਲਿੰਕ ’ਤੇ ਕਲਿਕ ਕਰੋ

‘ਇ’ ਈੜੀ ਸਿਹਾਰੀ ਵਾਲੇ ਪੰਜਾਬੀ ਦੇ ਹੋਰ ਬੇਹਤਰੀਨ ਅਖਾਣ

  1. ਇਸ ਕੰਨ ਪਾਈ, ਤੇ ਉਸ ਕੰਨੋ ਕੱਢੀ
    ਅਰਥ ਅਤੇ ਵਰਤੋਂ-
    ਇਹ ਅਖਾਣ ਉਸ ਮੌਕੇ ਵਰਤਿਆ ਜਾਂਦਾ ਹੈ ਜਦੋਂ ਕੋਈ ਵਿਅਕਤੀ ਗੱਲ ਸੁਣ ਤਾਂ ਲਵੇ ਪਰ ਉਸ ਉੱਤੇ ਅਮਲ ਨਾ ਕਰੇ।
  2. ਇਹ ਅਸਾਡਾ ਜੀਆ, ਨਾ ਧੁੱਪ ਸਹੇ, ਨਾ ਸੀਆ
    ਅਰਥ ਅਤੇ ਵਰਤੋਂ-
    ਇਹ ਅਖਾਣ ਧੁਪ ਤੋਂ ਬਚਣ ਵਾਲੇ ਵਿਅਕਤੀ ਉੱਤੇ ਵਿਅੰਗ ਕੱਸਣ ਲਈ ਬੋਲਿਆ ਜਾਂਦਾ ਹੈ।
  3. ਇਹ ਜੱਗ ਮਿੱਠਾ, ਅਗਲਾ ਕੀਹਨੇ ਡਿੱਠਾ
    ਅਰਥ ਅਤੇ ਵਰਤੋਂ-
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਇਹ ਦੱਸਣਾ ਹੋਵੇ ਕਿ ਇਸ ਧਰਤੀ ਦਾ ਅੰਤਿਮ ਸੱਚ ਜੀਵਨ ਹੀ ਹੈ। ਜੀਵਨ ਤੋਂ ਬਾਅਦ ਆਈ ਮੌਤ ਅਤੇ ਉਸ ਤੋਂ ਬਾਅਦ ਸਵਰਗ ਨਰਕ ਦੇ ਸਾਰੇ ਸੰਕਲਪ ਕਾਲਪਨਿਕ ਹੀ ਹਨ।
  4. ਇਹ ਜਾਣੇ, ਉਹ ਜਾਣੇ, ਤੂੰ ਬੀਬੀ ਭੁੰਨ ਦਾਣੇ
    ਅਰਥ ਅਤੇ ਵਰਤੋਂ-
    ਇਹ ਅਖਾਣ ਨਸੀਹਤ ਦੇਣ ਵਜੋਂ ਬੋਲਿਆ ਜਾਂਦਾ ਹੈ ਕਿ ਸਾਨੂੰ ਆਪਣੇ ਕੰਮ ਨਾਲ ਹੀ ਮਤਲਬ ਰੱਖਣਾ ਚਾਹੀਦਾ ਹੈ। ਦੂਸਰੇ ਦੇ ਕੰਮ ਅਤੇ ਗੱਲਾਂ ਬਾਤਾਂ ਵਿੱਚ ਦਖਲ ਅੰਦਾਜੀ ਨਹੀਂ ਕਰਨੀ ਚਾਹੀਦੀ।
  5. ਇਹ ਤਾਂ ਘਮਿਆਰ ਦੇ ਚੱਕਤੇ ਮਿੱਟੀ ਹੈ, ਉਹ ਭਾਵੇਂ ਘੜਾ ਬਣਾਵੇ, ਭਾਵੇਂ ਦੀਵਾ
    ਅਰਥ ਅਤੇ ਵਰਤੋਂ-
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਇਹ ਦੱਸਣਾ ਹੋਵੇ ਕਿ ਇੱਕ ਉਸਤਾਦ ਆਪਣੇ ਸ਼ਗਿਰਦ ਨੂੰ ਕਿਸੇ ਤਰ੍ਹਾਂ ਵੀ ਘੜ ਸਕਦਾ ਹੈ ਅਤੇ ਇੱਕ ਮਾਸੂਮ ਬੱਚਾ ਵੀ
     ਘੁਮਿਆਰ ਦੇ ਚੱਕ ਉੱਤੇ ਮਿੱਟੀ ਵਾਂਗ ਹੁੰਦਾ ਹੈ ਉਸ ਨੂੰ ਕਿਸੇ ਤਰ੍ਹਾਂ ਵੀ ਘੜਿਆ ਜਾ ਸਕਦਾ ਹੈ।
  6. ਇਕਨਾਂ ਨੂੰ ਮੱਤ ਖੁਦਾਈਓਂ ਆਵੇ ਇਕਨਾਂ ਨੂੰ ਆਵੇ ਦਿੱਤਿਆਂ
    ਅਰਥ ਅਤੇ ਵਰਤੋਂ-
    ਇਸ ਅਖਾਣ ਦੇ ਅਰਥ ਅਨੁਸਾਰ ਇਕ ਬੰਦਾ ਪਰਮਾਤਮਾ ਦੀ ਕਿਰਪਾ ਅਨੁਸਾਰ ਹੀ ਬੁੱਧੀਮਾਨ ਹੁੰਦੇ ਹਨ ਪਰ ਇੱਕ ਵਿਅਕਤੀਆਂ ਨੂੰ ਸਮਾਜ ਵਿੱਚੋਂ ਸਿੱਖ ਸਿੱਖ ਕੇ ਬੁੱਧੀਮਾਨ ਹੋਣਾ ਪੈਂਦਾ ਹੈ। ਇਸ ਲਈ ਅਖਾਣ ਇਹ ਵੀ ਵਰਤਿਆ ਜਾਂਦਾ ਹੈ ਕਿ ਇਕਨਾਂ ਨੂੰ ਮੱਤ ਖੁਦਾਈਓਂ ਆਵੇ, ਇਕਨਾ ਨੂੰ ਨਾ ਆਵੇ ਦਿੱਤਿਆਂ।
  7. ਇਕੱਲ,ਸੌ ਝੱਲ
    ਅਰਥ ਅਤੇ ਵਰਤੋਂ-
    ਇਸ ਅਖਾਣ ਦੇ ਅਰਥ ਅਨੁਸਾਰ ਇਕੱਲਤਾ ਵਿੱਚ ਮਨੁੱਖ ਸੌ ਤਰਾਂ ਦੇ ਪਾਗਲਪਣ ਕਰਦਾ ਹੈ। ਇਸ ਲਈ ਇਕਲਤਾ ਸੌ ਝੱਲ ਦੇ ਬਰਾਬਰ ਹੁੰਦੀ ਹੈ।
  8. ਇਕੱਲਾ ਆਦਮੀ ਬਹਿਸ਼ਤ ਵਿੱਚ ਵੀ ਉਦਾਸ ਹੋ ਜਾਂਦਾ ਹੈ।
    ਅਰਥ ਅਤੇ ਵਰਤੋਂ-
    ਇਸ ਅਖਾਣ ਦੇ ਅਰਥ ਅਨੁਸਾਰ ਵੀ ਇਕਲਤਾ ਉਦਾਸੀ ਦਾ ਮੁੱਖ ਕਾਰਨ ਹੁੰਦੀ ਹੈ ਅਤੇ ਇਕੱਲਿਆਂ ਜੀਵਨ ਬਤੀਤ ਕਰਨਾ ਕਾਫੀ ਮੁਸ਼ਕਲ ਹੁੰਦਾ ਹੈ। ਇਸ ਲਈ ਇਕੱਲਾ ਆਦਮੀ ਉਦਾਸ ਹੋ ਹੀ ਜਾਂਦਾ ਹੈ।
  9. ਇਕੱਲਾ ਇਕ, ਤੇ ਦੋ ਗਿਆਰਾਂ
    ਇਸ ਅਖਾਣ ਵਿੱਚ ਇਕੱਲੇ ਮਨੁੱਖ ਦੀ ਸ਼ਕਤੀ ਅਤੇ ਦੋਹਾਂ ਮਨੁੱਖਾਂ ਦੀ  ਇਕੱਠੀ ਸ਼ਕਤੀ ਦਾ ਵਰਣਨ ਕੀਤਾ ਗਿਆ ਹੈ। ਅਖਾਣ ਦੇ ਅਰਥ ਅਨੁਸਾਰ ਇਕੱਲਾ ਮਨੁੱਖ ਇਕੱਲਾ ਹੁੰਦਾ ਹੈ ਅਤੇ ਦੋ ਮਨੁੱਖ 11 ਦੇ ਬਰਾਬਰ ਹੁੰਦੇ ਹਨ।
  10. ਇਕੱਲਾ ਖਾਵੇ ਰਿਉੜੀਆਂ, ਤਾਂ ਉਹ ਵੀ ਕੌੜੀਆਂ, ਰਲ ਖਾਵੇ ਮਿੱਟੀ ਤਾਂ ਉਹ ਵੀ ਖੰਡ ਮਿੱਠੀ
    ਅਰਥ ਅਤੇ ਵਰਤੋਂ-
    ਇਸ ਅਖਾਣ ਵਿੱਚ ਰਲ ਕੇ ਰਹਿਣ ਦੀ ਨਸੀਹਤ ਦਿੱਤੀ ਗਈ ਹੈ ਅਤੇ ਇਕੱਲੇ ਰਹਿਣ ਨੂੰ ਵਿਅਰਥ ਦੱਸਿਆ ਗਿਆ ਹੈ। ਅਖਾਣ ਵਿੱਚ ਦੱਸਿਆ ਗਿਆ ਹੈ ਕਿ ਇਕੱਲਾ ਮਨੁੱਖ ਜੇਕਰ ਚੰਗਾ-ਚੋਸਾ ਭਾਵ ਰਿਉੜੀਆਂ ਵੀ ਖਾਵੇ ਉਹ ਵੀ ਕੌੜੀਆਂ ਲੱਗਦੀਆਂ ਹਨ ਪਰ ਜੇਕਰ ਰਲ-ਮਿਲ ਕੇ ਉਹ ਮਿੱਟੀ ਵੀ ਖਾਵੇ ਤਾਂ ਉਹ ਵੀ ਮਿੱਠੀ ਲੱਗਦੀ ਹੈ।
  11. ਇਕੱਲੀ ਜਾਨ, ਸੌ ਸਿਆਪੇ
    ਅਰਥ ਅਤੇ ਵਰਤੋਂ-
    ਇਸ ਅਖਾਣ ਦੇ ਅਰਥ ਅਨੁਸਾਰ ਇਕੱਲੇ ਮਨੁੱਖ ਦੀਆਂ ਸਮੱਸਿਆਵਾਂ ਸੈਂਕੜੇ ਪ੍ਰਕਾਰ ਦੀਆਂ ਹੁੰਦੀਆਂ ਹਨ ਇਸ ਲਈ ਇਕੱਲੇ ਰਹਿਣਾ ਜਾਂ ਜਿੰਦਗੀ ਬਤੀਤ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ।
  12. ਇਕੱਲੀ ਤਾਂ ਲੱਕੜ ਵੀ ਨਹੀਂ ਬਲ਼ਦੀ
    ਅਰਥ ਅਤੇ ਵਰਤੋਂ-
    ਇਸ ਅਖਾਣ ਵਿੱਚ ਵੀ ਇਕੱਲੇ ਰਹਿਣ ਅਤੇ ਜੀਵਨ ਬਤੀਤ ਕਰਨ ਦੇ ਦੁੱਖ ਦੱਸੇ ਗਏ ਹਨ ਅਖਾਣ ਅਨੁਸਾਰ ਇਕ ਲੱਕੜ ਨੂੰ ਤਾਂ ਅੱਗ ਵੀ ਨਹੀਂ ਲੱਗਦੀ ਅੱਗ ਲੱਗਣ ਲਈ ਵੀ ਦੋ ਲੱਕੜਾਂ ਚਾਹੀਦੀਆਂ ਹਨ।
  13. ਇਕੱਲੇਦੁਕੱਲੇ ਦਾ ਰੱਬ ਰਾਖਾ
    ਅਰਥ ਅਤੇ ਵਰਤੋਂ-
    ਇਸ ਅਖਾਣ ਦੇ ਅਰਥ ਅਨੁਸਾਰ ਵੀ ਇਕੱਲਾ ਮਨੁੱਖ ਸੁਰੱਖਿਅਤ ਨਹੀਂ ਹੁੰਦਾ ਅਤੇ ਉਸ ਨੂੰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
  14. ਇਕਾਂਤ ਵਾਸਾ, ਨਾ ਝਗੜਾ ਨਾ ਝਾਂਸਾ
    ਅਰਥ ਅਤੇ ਵਰਤੋਂ-
    ਇਸ ਅਖਾਣ ਵਿੱਚ ਇਕਾਂਤ ਵਿੱਚ ਰਹਿਣ ਦੇ ਫਾਇਦੇ ਦੱਸੇ ਗਏ ਹਨ ਕਿ ਇਕਾਂਤ ਵਿੱਚ ਰਹਿਣ ਰਹਿਣ ਸਮੇਂ ਕਿਸੇ ਨਾਲ ਹੀਲ-ਹੁੱਜਤ ਜਾਂ ਝਗੜੇ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ।
  15. ਇਲਾਜ ਨਾਲੋਂ ਪਰਹੇਜ਼ ਚੰਗਾ
    ਅਰਥ ਅਤੇ ਵਰਤੋਂ-
    ਇਸ ਅਖਾਣ ਦੇ ਅਰਥ ਅਨੁਸਾਰ ਪਰਹੇਜ਼ ਨਾਲ ਅਨੇਕਾਂ ਕਿਸਮ ਦੀਆਂ ਬਿਮਾਰੀਆਂ ਨੂੰ ਠੀਕ ਕੀਤਾ ਜਾ ਸਕਦਾ ਹੈ ਅਤੇ ਪਰਹੇਜ ਇਲਾਜ ਨਾਲੋਂ ਵੀ ਵਧੀਆ ਹੁੰਦਾ ਹੈ।

ਇੱ’ ਸਿਹਾਰੀ ਅਤੇ ਅੱਧਕ ਵਾਲੇ ਅਖਾਣ

  1. ਇੱਕ ਅੰਨ੍ਹਾ ਉੱਪਰੋਂ ਕੰਧਾਂ ਤੇ ਭੱਜੇ
    ਜਦੋਂ ਕੋਈ ਅਣਜਾਣ ਵਿਅਕਤੀ ਉਹ ਕੰਮ ਕਰੇ ਜਿਸ ਨਾਲ ਉਸ ਦੇ ਜਾਨ ਮਾਲ ਨੂੰ ਖਤਰਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  2. ਇੱਕ ਆਇਆ ਫਤਿਆਬਾਦੋਂ, ਦੂਜੇ ਨੇ ਗਵਾਈ ਅਗਲੇ ਸਵਾਦੋਂ
    ਇਹ ਅਖਾਣ ਵੀ ਹਾਸੇ-ਠੱਠੇ ਅਤੇ ਵਿਅੰਗ ਵਜੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਇਕ ਵਿਅਕਤੀ ਦੂਜੇ ਤੋਂ ਵੀ ਵੱਧ ਨਿਕੰਮੀਆਂ ਜਾਂ ਘਟੀਆ ਗੱਲਾਂ ਕਰੇ।
  3. ਇੱਕ ਆਂਡਾ ਉਹ ਵੀ ਗੰਦਾਇਹ ਅਖਾਣ ਨਿਕੰਮੀ ਔਲਾਦ ਲਈ ਵਰਤਿਆ ਜਾਂਦਾ ਹੈ ਜੋ ਮਾਂ-ਪਿਓ ਦੀ ਇਕਲੌਤੀ ਔਲਾਦ ਹੀ ਹੋਵੇ।
  4. ਇੱਕ ਇਕੱਲਾ, ਦੂਜਾ ਭਲਾ, ਤੀਜਾ ਰਲਿਆ ਕੰਮ ਗਲਿਆ
    ਇਸ ਅਖਾਣ ਦੇ ਅਰਥ ਅਨੁਸਾਰ ਸਾਡੇ ਸਮਾਜ ਵਿੱਚ ਇਹ । ਜਾਂਦਾ ਹੈ ਕਿ ਜਦੋਂ ਕਿਸੇ ਕੰਮ ਵਿੱਚ ਤੀਸਰੇ ਬੰਦੇ ਦੀ ਦਖਲ ਅੰਦਾਜੀ ਸ਼ੁਰੂ ਹੋ ਜਾਂਦੀ ਹੈ ਤਾਂ ਕੰਮ ਖਰਾਬ ਹੁੰਦਾ ਹੈ। ਜੇਕਰ ਉਸ ਕੰਮ ਨੂੰ ਇੱਕੋ ਇੱਕ ਵਿਅਕਤੀ ਕਰੇ ਤਾਂ ਬਹੁਤ ਵਧੀਆ ਹੁੰਦਾ ਹੈ। ਦੋ ਕਰਨ ਤਾਂ ਵੀ ਠੀਕ ਹੁੰਦਾ ਹੈ ਪਰ ਤੀਜੇ ਦੇ ਵਿੱਚ ਆ ਰਲਣ ਨਾਲ ਕੰਮ ਬਿਲਕੁਲ ਖਰਾਬ ਹੋ ਜਾਂਦਾ ਹੈ।
  5. ਇੱਕ ਸ਼ਾਹ ਦਾ ਦੇਣਾ ਚੰਗਾ, ਧਿਰਧਿਰ ਦਾ ਦੇਣਾ ਮੰਦਾ
    ਇਸ ਅਖਾਣ ਦੇ ਅਰਥ ਅਨੁਸਾਰ ਉਧਾਰ ਬਹੁਤੇ ਸ਼ਾਹਾਂ ਕੋਲੋਂ ਨਹੀਂ ਲੈਣਾ ਚਾਹੀਦਾ ਬਲਕਿ ਇੱਕ ਸ਼ਾਹ ਕੋਲੋਂ ਹੀ ਲੈਣਾ ਚਾਹੀਦਾ ਹੈ।
  6. ਇੱਕ ਹੱਥ ਦੇਣਾ, ਦੂਜੇ ਹੱਥ ਲੈਣਾ
    ਇਹ ਅਖਾਣ ਵਪਾਰਕ ਸੰਬੰਧਾਂ ਵਿੱਚ ਆਮ ਬੋਲਿਆ ਜਾਂਦਾ ਹੈ ਜਿਸ ਅਨੁਸਾਰ ਇਹ ਦੱਸਿਆ ਜਾਂਦਾ ਹੈ ਕਿ ਲੈਣ ਦੇਣ ਬਰਾਬਰ ਦੀ ਪ੍ਰਕਿਰਿਆ ਹੈ।
  7. ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ
    ਜਦੋਂ ਦੋ ਧਿਰਾਂ ਆਪਸ ਵਿੱਚ ਲੜਦੀਆਂ ਹੋਣ ਜਾਂ ਇੱਕ ਦੂਜੇ ਤੇ ਤੋਹਮਤਬਾਜ਼ੀ ਕਰਦੀਆਂ ਹੋਣ ਤਾਂ ਸਮਝਾਉਣ ਵਾਲੇ ਵਿਅਕਤੀ ਵੱਲੋਂ ਇਹ ਅਖਾਣ ਨਸੀਹਤ ਵਜੋਂ ਬੋਲਿਆ ਜਾਂਦਾ ਹੈ ਕਿ ਗਲਤੀ ਦੋਹਾਂ ਧਿਰਾਂ ਦੀ ਹੁੰਦੀ ਹੈ ਇਕ ਦੀ ਨਹੀਂ।
  8. ਇੱਕ ਹੋਈ ਕੁੜੀ, ਉੱਤੋਂ ਪੁੱਛਣ ਵਾਲਿਆਂ ਨੇ ਮਾਰ ਲਿਆ
    ਇਹ ਅਖਾਣ ਸਾਡੇ ਸਮਾਜ ਵਿੱਚ ਇੱਕ ਦੂਜੇ ਦੇ ਕੰਮਾਂ ਦੇ ਪ੍ਰਤੀ ਕੀਤੀ ਜਾਂਦੀ ਦਖਲ ਅੰਦਾਜੀ ਨੂੰ ਦਰਸਾਉਣ ਲਈ ਬੋਲਿਆ ਜਾਂਦਾ ਹੈ ਕਿ ਜਦੋਂ ਮਨੁੱਖ ਕਿਸੇ ਸਮੱਸਿਆ ਵਿੱਚ ਫਸਿਆ ਹੁੰਦਾ ਹੈ ਤਾਂ ਪੁੱਛਣ ਵਾਲੇ ਪੁੱਛ ਪੁੱਛ ਕੇ ਉਸਨੂੰ ਹੋਰ ਵੀ ਪਰੇਸ਼ਾਨ ਕਰ ਦਿੰਦੇ ਹਨ।
  9. ਇੱਕ ਹੋਵੇ ਕਮਲਾ, ਸਮਝਾਵੇ ਵੇਹੜਾ, ਜੇ ਵੇਹੜਾ ਹੋਵੇ ਕਮਲਾ ਸਮਝਾਵੇ ਕਿਹੜਾ
    ਇਹ ਅਖਾਣ ਵੀ ਵਿਅੰਗ ਵਜੋਂ ਬੋਲਿਆ ਜਾਂਦਾ ਹੈ ਕਿ ਇੱਕ ਕਮਲੇ ਵਿਅਕਤੀ ਨੂੰ ਸਾਰੇ ਜਾਣੇ ਰਲ ਕੇ ਸਮਝਾ ਸਕਦੇ ਹਨ ਪਰ ਜੇਕਰ ਸਾਰੇ ਕਮਲੇ ਹੋ ਤਾਂ ਉਹਨਾਂ ਨੂੰ ਕੌਣ ਸਮਝਾ ਸਕਦਾ ਹੈ।
  10. ਇੱਕ ਕਮਲੀ, ਉਤੋਂ ਪੈ ਸਿਵਿਆਂ ਦੇ ਰਾਹ ਗਈ
    ਇਹ ਅਖਾਣ ਵੀ ਵਿਅੰਗ ਵਜੋਂ ਬੋਲਿਆ ਜਾਂਦਾ ਹੈ ਕਿ ਜਦੋਂ ਕੋਈ ਮੂਰਖ ਜਾਂ ਅਨਭੋਲ ਵਿਅਕਤੀ ਕਿਸੇ ਗਲਤ ਹੱਥਾਂ ਵਿਚ ਆ ਕੇ ਹੋਰ ਵੀ ਗਲਤ ਅਤੇ ਮੂਰਖਤਾ ਭਰੇ ਕੰਮ ਕਰਨ ਲੱਗ ਪਵੇ।
  11. ਇੱਕ ਕਰੇਲਾ ਕੌੜਾ ਉਤੋਂ ਅੱਧ ਰਿੱਜਿਆ।
    ਜਦੋਂ ਕਿਸੇ ਗੁੱਸੇਖੋਰ ਜਾਂ ਮੂਰਖ ਵਿਅਕਤੀ ਨੂੰ ਸਭ ਕੁਝ ਕਰਨ ਦੀ ਖੁੱਲ ਮਿਲ ਜਾਵੇ ਤਾਂ ਇਹ ਅਖਾਣ ਵਿਅੰਗ ਵਜੋਂ ਬੋਲਿਆ ਜਾਂਦਾ ਹੈ।
  12. ਇੱਕ ਕਰੇਲਾ, ਉੱਤੋਂ ਨਿੰਮ ਚੜ੍ਹ ਗਿਆ
    ਇਹ ਅਖਾਣ ਵੀ ਕਿਸੇ ਗੁੱਸੇ ਖੋਰ ਜਾਂ ਮੂਰਖ ਵਿਅਕਤੀ ਦੇ ਉੱਤੇ ਵਿਅੰਗ ਕੱਸਣ ਲਈ ਉਦੋਂ ਬੋਲਿਆ ਜਾਂਦਾ ਹੈ ਜਦੋਂ ਉਸ ਦੀ ਸਪੋਰਟ ਵਿੱਚ ਕੋਈ ਹੋਰ ਵਿਅਕਤੀ ਵੀ ਆ ਖੜਾ ਹੋਵੇ।
  13. ਇੱਕ ਗੋਦੜੀ ਵਿੱਚ ਦੋ ਫਕੀਰ ਸਮਾ ਸਕਦੇ ਪਰ ਇੱਕ ਰਾਜ ਵਿੱਚ ਦੋ ਰਾਜੇ ਨਹੀਂ ਸਮਾ ਸਕਦੇ
    ਇਹ ਅਖਾਣ ਫਕੀਰ ਅਤੇ ਰਾਜੇ ਦੇ ਮਾਨਸਿਕ ਤਲ, ਹੰਕਾਰ ਅਤੇ ਅਸੀਮ ਇਛਾਵਾਂ ਦੀ ਤੁਲਨਾ ਕਰਨ ਲਈ ਬੋਲਿਆ ਜਾਂਦਾ।
  14. ਇੱਕ ਘਰ ਤਾਂ ਡਾਇਣ ਵੀ ਛੱਡ ਦਿੰਦੀ
    ਜਦੋਂ ਕੋਈ ਵਿਅਕਤੀ ਹਰ ਕਿਸੇ ਨੂੰ ਠੱਗਣ ਦੀ ਕੋਸ਼ਿਸ਼ ਕਰੇ। ਕਿਸੇ ਉੱਤੇ ਰਹਿਮ ਨਾ ਕਰੇ ਜਾਂ ਹਰ ਕਿਸੇ ਨੂੰ ਵੀ ਆਪਣਾ ਸ਼ਿਕਾਰ ਬਣਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  15. ਇੱਕ ਚੁੱਪ, ਸੌ ਸੁੱਖਇਹ ਅਖਾਣ ਚੁੱਪ ਦੀ ਸਾਰਥਿਕਤਾ ਨੂੰ ਦਰਸਾਉਣ ਲਈ ਬੋਲਿਆ ਜਾਂਦਾ ਹੈ ਕਿ ਚੁੱਪ ਰਹਿ ਕੇ ਕਈ ਝਗੜੇ ਅਤੇ ਸਮੱਸਿਆਵਾਂ ਆਪਣੇ ਆਪ ਹੱਲ ਹੋ ਜਾਂਦੀਆਂ ਹਨ ਜਦ ਕਿ ਬੋਲਣ ਨਾਲ ਮਸਲੇ ਹੋਰ ਵੀ ਉਲਝ ਜਾਂਦੇ ਹਨ।
  16. ਇੱਕ ਜੰਮੇ, ਇੱਕ ਨਿੱਜ ਜੰਮੇ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਇੱਕ ਔਲਾਦ ਨਿਕੰਮੀ ਹੋਵੇ।
  17. ਇੱਕ ਜਾੜ੍ਹ ਖਾਵੇ, ਤੇ ਦੂਜੀ ਪਛਤਾਵੇ
    ਜਦੋਂ ਖਾਣਾ ਬਹੁਤ ਸਵਾਦ ਤਾਂ ਉਸ ਦੀ ਤਾਰੀਫ ਕਰਨ ਲਈ ਇਹ ਅਖਾਣ ਬੋਲਿਆ ਜਾਂਦਾ ਹੈ। ਇਸ ਦੇ ਉਲਟ ਇਹ ਅਖਾਣ ਵਿਅੰਗ ਵਜੋਂ ਵੀ ਬੋਲਿਆ ਜਾਂਦਾ ਹੈ।
  18. ਇੱਕ ਝਾਕੇ, ਇੱਕ ਉਆਂਕੇ, ਇਕ ਚੜ੍ਹਿਆ ਹੋਇਆ ਢਾਕੇ,ਇੱਕ ਰੁੜਿਆ ਆਵੇ,ਅਖੇ ਇੱਕ ਬਾਪੂਬਾਪੂ ਆਖੇ
    ਇਹ ਅਖਾਣ ਹਾਸੇ ਠਠੇ ਅਤੇ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਦੇ ਜਿਆਦੇ ਬੱਚੇ ਹੋਣ ਇਸ ਨੂੰ ਬੁਝਾਰਤ ਤੌਰ ਤੇ ਵੀ ਬੋਲਿਆ ਜਾਂਦਾ ਹੈ।
  19. ਇੱਕ ਟੌਨਿਕ, ਦੋ ਦਵਾਈ, ਤੀਜਾ ਸ਼ਰਾਬ, ਤੇ ਚੌਥਾ ਖਰਾਬ
    ਇਸ ਅਖਾਣ ਵਿੱਚ ਦੱਸਿਆ ਗਿਆ ਹੈ ਕਿ ਲਿਮਿਟ ਨਾਲ ਪੀਤੀ ਹੋਈ ਸ਼ਰਾਬ ਗੁਣ ਕਰਦੀ ਹੈ। ਜਦਕਿ ਬੇਹਿਸਾਬੀ ਸ਼ਰਾਬ ਸਿਹਤ ਅਤੇ ਆਦਮੀ ਦੇ ਕਿਰਦਾਰ ਦੋਹਾਂ ਨੂੰ ਡੇਗ ਦਿੰਦੀ ਹੈ। 
    ਜਸਬੀਰ ਵਾਟਾਂਵਾਲੀਆ
  20. ਇੱਕ ਤਵੇ ਦੀ ਰੋਟੀ, ਕੀ ਵੱਡੀ, ਤੇ ਕੀ ਛੋਟੀ
    ਜਦੋਂ ਕਿਸੇ ਪਰਿਵਾਰ ਦੇ ਜਾਂ ਕਿਸੇ ਧੜੇ ਦੇ ਸਾਰੇ ਮੈਂਬਰ ਇਕੋ ਤਰ੍ਹਾਂ ਦੀ ਮੱਤ ਅਤੇ ਬੁੱਧੀ ਦੇ ਮਾਲਕ ਹੋਣ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  21. ਇੱਕ ਤੀਰ ਨਾਲ ਦੋ ਸ਼ਿਕਾਰ। ਜਦੋਂ ਕੋਈ ਵਿਅਕਤੀ ਕਿਸੇ ਇੱਕ ਸਕੀਮ ਜਾਂ ਵਿਧੀ ਨਾਲ ਦੋ ਮਸਲੇ ਹੱਲ ਕਰ ਦੇਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  22. ਇੱਕ ਦਮੜੀ ਪੱਲੇ,
    ਅਸੀਂ ਹਾਰ ਖਰੀਦਣ ਚੱਲੇ।
    ਜਦੋਂ ਕਿਸੇ ਦੇ ਪੱਲੇ ਤਾਂ ਕੁਝ ਨਾ ਹੋਵੇ ਪਰ ਵੱਡੀਆਂ ਵੱਡੀਆਂ ਚੀਜ਼ਾਂ ਖਰੀਦਣ ਦੀਆਂ ਗੱਲਾਂ ਕਰੇ ਤਾਂ ਇਹ ਅਖਾਣ ਵਿਅੰਗ ਵਜੋਂ ਬੋਲਿਆ ਜਾਂਦਾ ਹੈ।
  23. ਇੱਕ ਦਰ ਬੰਦ, ਸੌ ਦਰ ਖੁੱਲੇ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਇਹ ਦੱਸਣਾ ਹੋਵੇ ਕਿ  ਸਾਨੂੰ ਕਦੇ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ ਅਤੇ ਹਮੇਸ਼ਾ ਹੀ ਪਾਜਟਿਵ ਅਪਰੋਚ ਰੱਖਣੀ ਚਾਹੀਦੀ ਹੈ ਕਿ ਕਿਉਂਕਿ ਜੇ ਕਦੇ ਕਿਸੇ ਇਕ ਪਾਸਿਓਂ ਕੋਈ ਦਰਵਾਜਾ ਬੰਦ ਵੀ ਹੋ ਜਾਵੇ ਤਾਂ ਅਨੇਕਾਂ ਦਰਵਾਜੇ ਅਜਿਹੇ ਹੁੰਦੇ ਜੋ ਸਾਡੇ ਲਈ ਖੁੱਲ੍ਹ ਜਾਂਦੇ ਹਨ।
  24. ਇੱਕ ਧੇਲਾ ਤੇ 100 ਸੇਲਾ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਇਹ ਦੱਸਣਾ ਹੋਵੇ ਕਿ ਜੇਕਰ ਮਨੁੱਖ ਕੋਲ ਦੌਲਤ ਹੋਵੇ ਤਾਂ ਉਸ ਨੂੰ ਸੈਂਕੜੇ ਖਤਰੇ ਖੜੇ ਹੋ ਜਾਂਦੇ ਹਨ।
  25. ਇੱਕ ਨਿਆਣਾ 100 ਸਿਆਣਾ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਇਹ ਦੱਸਣਾ ਹੋਵੇ ਕਿ ਘਰ ਵਿਚ ਨਿਆਣਿਆ ਨਾਲ ਹੀ ਰੌਣਕ ਹੁੰਦੀ ਹੈ।
  26. ਇੱਕ ਨਿੰਬੂ , ਪਿੰਡ ਨੂੰ ਤ੍ਰੇਹ। 
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਇਹ ਦੱਸਣਾ ਹੋਵੇ ਕਿ ਜਦੋਂ ਚੀਜ਼ ਥੋੜ੍ਹੀ ਹੋਵੇ ਅਤੇ ਉਸ ਨੂੰ ਚਾਹੁੰਣ ਵਾਲੇ ਜਿਆਦਾ ਹੋਣ।
  27. ਇੱਕ ਨੂੰ ਕੀ ਰੋਨੀ ਏਂ, ਸਾਰਾ ਆਵਾ ਹੀ ਊਤਿਆ ਪਿਆ ਹੈ
    ਜਦੋਂ ਕਿਸੇ ਪਰਿਵਾਰ ਜਾਂ ਗਰੁੱਪ ਦੇ ਸਾਰੇ ਮੈਂਬਰ ਹੀ ਮੂਰਖ ਹੋਣ ਅਤੇ ਕੋਈ ਸਿਰਫ ਇਕ ਨੂੰ ਮੂਰਖ ਸਮਝੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  28. ਇੱਕ ਨੂੰ ਨਾ ਆਵੇ ਦਿੱਤਿਆਂ, ਇੱਕ ਅੰਦਰੋਂ ਆਵੇ ਮੱਤ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਇਹ ਦੱਸਣਾ ਹੋਵੇ ਕਿ ਇਕ ਮਨੁੱਖ ਤਾਂ ਜਨਮ ਤੋਂ ਹੀ ਸਿਆਣਾ ਹੁੰਦਾ ਹੈ ਪਰ ਇਕ ਨੂੰ ਸਮਝਾਉਣਾ ਅਤੇ ਸਿਖਾਉਣਾ ਪੈਂਦਾ ਹੈ।
  29. ਇੱਕ ਨੂੰ ਪਾਣੀ, ਇਕ ਨੂੰ ਪਿੱਛ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ  ਕੋਈ ਚੀਜ਼ ਵੰਡਣ ਵੇਲੇ ਵਿਤਕਰਾ ਕਰੇ। ਵੰਡਣ ਵਾਲਾ ਇਕ ਜਾਣੇ ਨੂੰ ਤਾਂ ਵਧੀਆ ਚੀਜ਼ ਦੇਵੇ ਅਤੇ ਦੂਜੇ ਨੂੰ ਘਟੀਆ ਦੇਵੇ।
  30. ਇੱਕ ਨੂਰ ਆਦਮੀ, ਸੌ ਨੂਰ ਕੱਪੜਾ, ਹਜ਼ਾਰ ਰੂਪ ਗਹਿਣਾ, ਤੇ ਲੱਖ ਰੂਪ ਨਖ਼ਰਾ
    ਇਹ ਅਖਾਣ ਦੇ ਅਰਥ ਅਨੁਸਾਰ  ਨਖਰਾ ਸਭ ਤੋਂ ਮਹਿੰਗਾ ਗਹਿਣਾ ਹੈ। ਇਸ ਅਨੁਸਾਰ ਆਦਮੀ ਜਾਂ ਔਰਤ ਦੀ ਦੇਹ ਦਾ ਸਿਰਫ ਇਕ ਨੂਰ ਹੈ, ਕੱਪੜੇ ਦਾ ਸੌ ਨੂਰ, ਗਹਿਣੇ ਦਾ ਹਜ਼ਾਰ ਨੂਰ ਅਤੇ ਨਖਰੇ ਲੱਖ ਗੁਣਾ ਨੂਰ ਹੁੰਦਾ ਹੈ। 
  31. ਇੱਕ ਪਰਹੇਜ਼ 900 ਹਕੀਮ
    ਇਸ ਸਬੰਧੀ ਇੱਕ ਅਖਾਣ ਇਲਾਜ ਨਾਲੋਂ ਪਰਹੇਜ਼ ਚੰਗਾ ਵੀ ਬੋਲਿਆ ਜਾਂਦਾ ਹੈ। ਇਸ ਅਖਾਣ ਦਾ ਅਰਥ ਹੈ ਕਿ ਬਿਮਾਰੀ ਦਾ ਦੌਰਾਨ ਜੇਕਰ ਅਸੀਂ ਸਹੀ ਢੰਗ ਨਾਲ ਪਰਹੇਜ਼ ਕਰਦੇ ਹਾਂ ਤਾਂ ਬਿਮਾਰੀ ਆਪਣੇ ਆਪ ਠੀਕ ਹੋ ਜਾਂਦੀ ਹੈ। ਸਹੀ ਢੰਗ ਨਾਲ ਕੀਤਾ ਗਿਆ ਪਰਹੇਜ਼ 900 ਹਕੀਮਾਂ ਦੇ ਬਰਾਬਰ ਹੁੰਦਾ ਹੈ।
  32. ਇੱਕ ਪਾਪੀ ਵੀ ਬੇੜੀ ਡੋਬ ਦਿੰਦਾ
    ਕਿਸੇ, ਗਰੁੱਪ, ਧੜੇ ਜਾਂ ਪਰਿਵਾਰ ਦੇ ਵਿੱਚ ਜੇਕਰ ਇੱਕ ਬੰਦਾ ਵੀ ਕੋਈ ਅਜਿਹਾ ਦੁਸ਼ਕਰਮ ਕਰਦਾ ਹੈ ਜਿਸ ਨਾਲ ਸਮੁੱਚਾ ਪਰਿਵਾਰ, ਗੁਰਪ ਜਾਂ ਧੜਾ ਬਰਬਾਦ ਹੋ ਜਾਂਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  33. ਇੱਕ ਪੁੱਤ ਵਾਲੀ ਅੰਨ੍ਹੀ, ਦੋਹਾਂ ਵਾਲੀ ਕਾਣੀ
    ਇਸ ਅਖਾਣ ਦੇ ਅਰਥ ਅਨੁਸਾਰ ਇਕਲੌਤੀ ਔਲਾਦ ਮਾਪਿਆਂ ਲਈ ਹਮੇਸ਼ਾ ਦੁਸ਼ਵਾਰੀਆਂ ਦਾ ਕਾਰਨ ਬਣਦੀ ਹੈ ਜੇਕਰ ਕਿਸੇ ਦੋ ਬੱਚੇ ਹਨ ਤਾਂ ਉਹ ਇਕਲੌਤੇ ਨਾਲੋਂ ਥੋੜਾ ਜਿਹਾ ਸੁਰੱਖਿਆ ਹੁੰਦਾ ਹੈ ਅਤੇ ਜੇਕਰ ਔਲਾਦ ਜਿਆਦਾ ਹੈ ਤਾਂ ਬੰਦਾ ਸੁਖੀ ਰਹਿੰਦਾ ਹੈ।
  34. ਇੱਕ ਬੀਬੀ ਰੱਜ ਕਮਲੋ, ਉਤੋਂ ਸੁੱਤੀ ਉੱਠੀ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਬੰਦਾ ਪਹਿਲਾਂ ਹੀ ਮੂਰਖ ਹੋਵੇ ਅਤੇ ਉੱਤੋਂ ਹਾਲਾਤ ਵੀ ਵਿਪਰੀਤ ਹੋ ਜਾਣ ਅਤੇ ਉਸ ਦੇ ਕੀਤੇ ਹੋਏ ਸਾਰੇ ਕੰਮ ਖਰਾਬ ਹੋਣ।
  35. ਇੱਕ ਬੋਟੀ, 100 ਕੁੱਤੇ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਮਾਸੂਮ ਜਾਂ ਭੋਲੇ ਭਾਲੇ ਵਿਅਕਤੀ ਨੂੰ ਚਾਰ ਚਫੇਰਿਓ ਸ਼ੈਤਾਨ ਅਤੇ ਚਲਾਕ ਲੋਕਾਂ ਨੇ ਘੇਰਿਆ ਹੋਵੇ। ਜਾਂ ਹੇ ਅਖਾਣ ਉਦੋਂ ਵੀ ਬੋਲਿਆ ਜਾਂਦਾ ਹੈ ਜਦੋਂ ਚੀਜ਼ ਥੋੜੀ ਹੋਵੇ ਅਤੇ ਬਹੁਤੇ ਬੰਦੇ ਉਸ ਲਈ ਲੜ ਰਹੇ ਹੋਣ।
  36. ਇੱਕ ਮੱਛੀ ਸਾਰੇ ਤਲਾਅ ਨੂੰ ਗੰਦਾ ਕਰ ਦਿੰਦੀ ਹੈ
    ਜਦੋਂ ਕੋਈ ਇੱਕ ਵਿਅਕਤੀ ਆਪਣੇ ਧੜੇ ਜਾਂ ਪਰਿਵਾਰ ਦੀ ਬਰਬਾਦੀ ਦਾ ਜਾਂ ਬਦਨਾਮੀ ਦਾ ਕਾਰਨ ਬਣਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  37. ਇੱਕ ਮੱਝ ਲਿਬੜੀ, ਸਾਰੀਆਂ ਨੂੰ ਲਬੇੜ ਦਿੰਦੀ
    ਇਸ ਅਖਾਣ ਦੇ ਅਰਥ ਅਨੁਸਾਰ ਵੀ ਇੱਕ ਗਲਤ ਆਦਮੀ ਆਪਣੇ ਸਾਰੇ ਦੋਸਤਾਂ ਜਾਂ ਧੜੇ ਨੂੰ ਗਲਤ ਬਣਾ ਸਕਦਾ ਹੈ ਜਾਂ ਬਣਾ ਦਿੰਦਾ ਹੈ।
  38. ਇੱਕ ਬੇਲੇ ਵਿੱਚ ਦੋ ਸ਼ੇਰ ਔਖੇ ਸਕਣ ਸਮਾ
    ਜਦੋਂ ਕਿਸੇ ਖੇਤਰ ਵਿੱਚ ਦੋ ਬਰਾਬਰ ਦੇ ਵਿਅਕਤੀਆਂ, ਯੋਧਿਆਂ ਜਾਂ ਕਾਰੋਬਾਰੀਆਂ ਦਾ ਠੀਕ ਨਿਭਾਅ ਨਾ ਹੁੰਦਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  39. ਇੱਕ ਲਾਲੀਆ ਲੋਹਾਰ, ਦੂਜਾ ਲੱਖੋ ਅਵਤਾਰ
    ਜਦੋਂ ਕੋਈ ਵਿਅਕਤੀ ਇੱਕ ਤੋਂ ਵੱਧ ਕੇ ਬੇਕਾਰ ਜਾ ਮੂਰਖ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  40. ਇੱਕ ਵੇ ਜੱਟਾ, ਦੋ ਵੇ ਜੱਟਾ, ਤੀਜੀ ਵਾਰੀ ਪਵੇ ਘੱਟਾ
    ਇਸ ਅਖਾਣ ਦੇ ਅਰਥ ਅਨੁਸਾਰ ਕਿਸੇ ਵਿਅਕਤੀ ਨੂੰ ਇੱਕ ਗਲਤੀ ਤੇ ਮਾਫ ਕੀਤਾ ਜਾ ਸਕਦਾ ਹੈ ਜਾਂ ਦੂਜੀ ਗਲਤੀ ਤੇ ਮਾਫ ਕੀਤਾ ਜਾ ਸਕਦਾ ਹੈ ਪਰ ਤੀਜੀ ਵਾਰ ਗਲਤੀ ਕਰਨ ਤੇ ਉਸ ਨੂੰ ਸਭ ਕੁਝ ਸਿਖਾਉਣਾ ਪੈਂਦਾ ਹੈ।
  41. ਇੱਕੋ ਹੱਟੀ, ਉਹ ਵੀ ਕੁਪੱਤੀ , ਮੁੜ ਮੁੜ ਜਾਣਾ ਉਸੇ ਹੱਟੀ।
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਦਾ ਇੱਕੋ ਇੱਕ ਸਹਾਰਾ ਹੋਵੇ ਅਤੇ ਉਹ ਵੀ ਕਪੱਤਾ ਹੋਵੇ। ਨਾ ਉਸ ਸਹਾਰੇ ਨੂੰ ਛੱਡਿਆ ਜਾ ਸਕਦਾ ਹੋਵੇ ਅਤੇ ਨਾ ਹੀ ਉਸ ਨਾਲ ਰਹਿ ਕੇ ਸੱਚਾ ਸੁਖ ਮਿਲ ਰਿਹਾ ਹੋਵੇ। ਇਹ ਅਖਾਣ ਇਕੋ-ਇਕ ਹੱਟੀ ਦੇ ਸਬੰਧ ਵਿੱਚ ਵੀ ਬੋਲਿਆ ਜਾਂਦਾ ਹੈ।
  42. ਇੱਕੋ ਖੁਰਲੀ ਦੇ ਪੱਠੇ ਵੀ ਸਵਾਦ ਨਹੀਂ ਲੱਗਦੇ
    ਇਸ ਅਖਾਣ ਦੇ ਅਰਥ ਅਨੁਸਾਰ ਮਨੁੱਖ ਨੂੰ ਵੱਖਰੇ-ਵੱਖਰੇ ਸਵਾਦ ਚਾਹੀਦੇ ਹਨ। ਜੀਵਨ ਵਿੱਚ ਬਦਲਾਅ ਦਾ ਬੜਾ ਮਹੱਤਵ ਹੁੰਦਾ ਹੈ। ਇੱਕੋ ਥਾਂ ਤੇ ਰਹਿ ਕੇ ਜਾਂ ਇੱਕੋ ਤਰ੍ਹਾਂ ਦੀਆਂ ਵਸਤਾਂ ਨੂੰ ਖਾ-ਪੀ ਕੇ, ਜਾਂ ਇੱਕੋ ਮਨੁੱਖ ਨਾਲ ਲਗਾਤਾਰ ਰਹਿ ਕੇ ਮਨੁੱਖ ਦਾ ਮਨ ਉਕਤਾ ਜਾਂਦਾ ਹੈ। ਅਖਾਣ ਦੇ ਅਰਥ ਅਨੁਸਾਰ ਮਨੁੱਖ ਨੂੰ ਜੀਵਨ ਵਿੱਚ ਕਈ ਪ੍ਰਕਾਰ ਦੇ ਭੋਗਾਂ ਜਾਂ ਵਸਤਾਂ ਦੀ ਜਰੂਰਤ ਹੁੰਦੀ ਹੈ।
  43. ਇੱਕੋ ਤਾਂਗ ਉਗਾਵੇ, ਸੌ ਲੱਜਾਂ ਪਾਵੇ
    ਅਰਥ ਬਾਕੀ ਹੈ।
  44. ਇਕੋ ਤਾਰਾ ਉਗਵੈ, ਸਭ ਲੱਜਾ ਧੋਇ
    ਅਖਾਣ ਦੇ ਅਰਥ ਅਨੁਸਾਰ ਪਰਿਵਾਰ ਧੜੇ ਜਾਂ ਦੇਸ਼ ਵਿੱਚ ਪੈਦਾ ਹੋਇਆ ਇਕ ਹੋਣਹਾਰ ਵਿਅਕਤੀ ਸਭ ਨੂੰ ਤਾਰ ਦਿੰਦਾ ਹੈ।
  45. ਇੱਟ ਦੀ ਦੇਣੀ, ਤੇ ਪੱਥਰ ਦੀ ਲੈਣੀ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਨੂੰ ਦੱਸਣਾ ਹੋਵੇ ਕਿ ਜਿਹੋ ਜਿਹਾ ਦੁਰ ਵਿਹਾਰ ਤੁਸੀਂ ਦੂਸਰਿਆਂ ਨਾਲ ਕਰੋਗੇ, ਉਹੋ ਜਿਹਾ ਜਾਂ ਉਸ ਤੋਂ ਵੀ ਵੱਧ ਬੁਰਾ ਵਿਹਾਰ ਤੁਹਾਨੂੰ ਦੇਖਣ ਨੂੰ ਮਿਲੇਗਾ।
  46. ਇੱਥੇ ਇੱਕ ਬੰਦੇ ਨਾਲ 50 ਬਾਂਦਰ ਜੰਮਦੇ ਨੇ
    ਇਸ ਅਖਾਣ ਦੇ ਅਰਥ ਅਨੁਸਾਰ ਸਾਡੇ ਸੰਸਾਰ ਵਿੱਚ ਮਿਲਾਵਟ-ਖੋਰੀ ਦੀ ਕੋਈ ਹੱਦ ਨਹੀਂ ਹੈ। ਇਥੇ ਇੱਕ ਚੀਜ਼ ਅਸਲੀ ਬਣਦੀ ਹੈ ਅਤੇ 50 ਨਕਲੀ ਬਣ ਜਾਂਦੀਆਂ ਹਨ। ਜਾਂ ਇੱਕ ਕਿਰਦਾਰ ਅਸਲੀ ਹੁੰਦਾ ਹੈ ਅਤੇ ਉਸ ਦੇ ਪਿੱਛੇ 50 ਕਿਰਦਾਰ ਭੇਖੀ ਜਾਂ ਨਕਲੀ ਖੜੇ ਹੋ ਜਾਂਦੇ ਹਨ। 
    ਜਸਬੀਰ ਵਾਟਾਂਵਾਲੀਆ।
  47. ਇੱਥੇ ਘਾੜ ਘੜੀਂਦੇ ਹੋਰ, ਬਨੀਂਦੇ ਸਾਧ, ਛੁੱਟੀਂਦੇ ਚੋਰ
    ਇਸ ਅਖਾਣ ਦੇ ਅਰਥ ਅਨੁਸਾਰ ਸਾਡੇ ਸਮਾਜ ਵਿੱਚ ਗੁਨਾਹਗਾਰ ਅਤੇ ਚੋਰ ਲੋਕਾਂ ਨੂੰ ਤਾਂ ਕੋਈ ਨਹੀਂ ਫੜਦਾ ਬਲਕਿ ਬੇਗੁਨਾਹਾਂ ਨੂੰ ਬੇਵਜਾਹ ਹੀ ਫੜ ਕੇ ਸਜ਼ਾਵਾਂ ਦੇ ਦਿੱਤੀਆਂ ਜਾਂਦੀਆਂ ਹਨ।
  48. ਇੱਥੇ ਤੰਦ ਨਹੀਂ, ਤਾਣੀ ਉਲਝੀ ਹੋਈ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਗੜਬੜ ਜਾਂ ਗਿਰਾਵਟ ਸਿਰਫ ਇੱਕ ਅੱਧੇ ਵਿਅਕਤੀ ਵਿੱਚ ਹੀ ਨਹੀਂ ਹੈ ਬਲਕਿ ਸਮੁੱਚਾ ਧੜਾ ਦੇਸ਼ ਹੀ ਵਿਗੜ ਚੁੱਕਾ ਹੈ।
  49. ਇੰਨਾ ਘਰਾਟਾਂਤੇ ਇਹੋ ਜਿਹਾ ਪਿਸਣਾ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਇਹਨਾਂ ਵਿਅਕਤੀਆਂ ਜਾਂ ਅਦਾਰਿਆਂ ਕੋਲੋਂ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਇਹਨਾਂ ਨੇ ਇਹੋ ਜਿਹੇ ਗ਼ਲਤ ਕੰਮ ਹੀ ਕਰ ਰਹੇ ਨੇ ਹਨ ਜਿਹੋ ਜਿਹੇ ਇਹ ਕਰ ਰਹੇ ਹਨ।
  50. ਇੰਨੇ ਕੌੜੇ ਵੀ ਨਾ ਹੋਵੋ, ਕਿ ਅਗਲਾ ਥੁੱਕ ਹੀ ਦੇਵੇ, ਇੰਨੇ ਮਿੱਠੇ ਵੀ ਨਾ ਹੋਵੋ ਕਿ ਅਗਲਾ ਖਾ ਹੀ ਜਾਵੇ
    ਇਹ ਅਖਾਣ ਕਿਸੇ ਨੂੰ ਸਿੱਖਿਆ ਦੇਣ ਲਈ ਬੋਲਿਆ ਜਾਂਦਾ ਹੈ ਕਿ ਜ਼ਿੰਦਗੀ ਕਿਵੇਂ ਸੰਤੁਲਿਤ ਤਰੀਕੇ ਨਾਲ ਜਿਉਣੇ ਚਾਹੀਦੀ ਹੈ। ਜੀਵਨ ਵਿੱਚ ਨਾ ਤਾਂ ਕਿਸੇ ਨਾਲ ਜਿਆਦਾ ਮਿੱਠੇ ਹੋਣ ਦੀ ਜਰੂਰਤ ਹੁੰਦੀ ਹੈ ਅਤੇ ਨਾ ਹੀ ਜਿਆਦਾ ਕੌੜੇ ਹੋਣ ਦੀ।
  51. ਇੱਲ ਦਾ ਨਣਦੋਈਆ ਕਾਂ
    ਇਹ ਅਖਾਣ ਵਿਅੰਗ ਵਜੋਂ ਉਸ ਵਿਅਕਤੀ ਲਈ ਬੋਲਿਆ ਜਾਂਦਾ ਹੈ ਜੋ ਬੇਮੇਲੇ ਅਤੇ ਓਬੜ ਰਿਸ਼ਤਿਆਂ ਨਾਲ ਸਾਂਝ ਪਾਈ ਫਿਰਦਾ ਹੋਵੇ।
  52. ਇੱਲਾਂ ਕਿਨ ਪਰਣਾਈਆਂ, ਕਿਨ ਪਿੰਜਰੇ ਘੱਤੇ ਕਾਂ
    ਇਹ ਅਖਾਣ ਮੁਢ-ਮੂਲ ਤੋਂ ਵਿਗੜੇ ਹੋਏ ਵਿਅਕਤੀਆਂ ਲਈ ਬੋਲਿਆ ਜਾਂਦਾ ਹੈ ਕਿ ਉਹਨਾਂ ਨਾਲ ਸਾਂਝ ਅਤੇ ਰਿਸ਼ਤੇਦਾਰੀ ਪਾਉਣੀ ਜਾਂ ਨਿਭਾਉਣੀ ਸੌਖੀ ਨਹੀਂ ਹੁੰਦੀ।
  53. ਇੱਲਾਂ ਦੇ ਆਲ੍ਹਣੇ ਚੋਂ ਮਾਸ ਨਹੀਂ ਲੱਭਦਾ
    ਇਹ ਅਖਾਣ ਨੀਤ ਦੇ ਭੁੱਖੇ ਜਾਂ ਹੱਦ ਦਰਜੇ ਦੇ ਭੁੱਖੜ ਲੋਕਾਂ ਦੇ ਸਬੰਧੀ ਬੋਲਿਆ ਜਾਂਦਾ ਹੈ ਕਿ ਉਹਨਾਂ ਕੋਲੋਂ ਕਿਸੇ ਕਿਸਮ ਦੀ ਚੀਜ਼ ਜਾਂ ਸਹਾਇਤਾ ਦੀ ਉਮੀਦ ਨਹੀਂ ਰੱਖੀ ਜਾ ਸਕਦੀ।

 

‘ਐ’ ਅਤੇ ‘ਔ’ ਵਾਲੇ ਪੰਜਾਬੀ ਅਖਾਣ | ਔਂਤਰੇ ਲੋਕਾਂ ਬਾਰੇ ਖਾਸ ਅਖਾਣ (ਅਰਥ ਸਮੇਤ)

‘ਆ’ ਵਾਲੇ ਪੰਜਾਬੀ ਅਖਾਣ | Self ਨਾਲ ਜੁੜੇ 125+ ਅਖਾਣਾਂ ਦੀ ਖਾਸ ਕੁਲੈਕਸ਼ਨ | With Deep

ਅੰ ਵਾਲੇ 65+ ਪੰਜਾਬੀ ਅਖਾਣ | ਅੰਨ੍ਹੇ ਲੋਕਾਂ ਬਾਰੇ ਮਸ਼ਹੂਰ ਕਹਾਵਤਾਂ (ਅਰਥ ਅਤੇ ਵਰਤੋਂ ਸਮੇਤ)

‘ਅੱ’ ਵਾਲੇ 80+ ਪੰਜਾਬੀ ਅਖਾਣ – ਅੱਗ ਸਬੰਧਿਤ ਅਖਾਣਾਂ ਦੀ ਖਾਸ ਕੁਲੈਕਸ਼ (ਅਰਥ ਅਤੇ ਵਰਤੋਂ)

‘ਅ’ ਅੱਖਰ ਵਾਲੇ ਪੰਜਾਬੀ ਅਖਾਣ (ਅਕਲ ਨਾਲ ਜੁੜੇ ਅਖਾਣਾ ਦੀ ਖਾਸ ਕੁਲੈਕਸ਼ਨ)

ਉ ਔਂਕੜ ਵਾਲੇ ਪੰਜਾਬੀ ਅਖਾਣਾਂ ਦੀ ਸ਼ਾਨਦਾਰ ਕੁਲੈਕਸ਼ (60+ ਅਖਾਣ ਅਰਥ ਅਤੇ ਵਰਤੋਂ ਸਮੇਤ)

‘ਊ’ ਦੁਲੈਂਕੜ ਵਾਲੇ ਪੰਜਾਬੀ ਅਖਾਣ (ਊਠ ਨਾਲ ਜੁੜੇ 30+ ਬੇਹਤਰੀਨ ਅਖਾਣ)

‘ਓ’ ਹੋੜਾ ਵਾਲੇ ਪੰਜਾਬੀ ਅਖਾਣ ( ਓਡ ਜਾਤੀ ਨਾਲ ਸਬੰਧਿਤ ਖਾਸ ਅਖਾਣ)

By Jasbir Wattanwalia

About Jasbir Wattanwalia I'm Jasbir Singh Wattanwalia, born on March 25, 1978, in Wattanwali village, Sultanpur Lodhi, Kapurthala district. I'm a passionate writer, poet, and blogger with a deep love for Punjabi culture, literature, and folklore.Education I hold a Master's degree in Punjabi and Journalism, which has enabled me to explore various aspects of language, literature, and communication.Literary Contributions I've written four books in Punjabi:1. Veinnaama (ਵੇਈਂਨਾਮਾ) (2014) 2. Kalyugnama (ਕਲਯੁਗਨਾਮਾ) (2025) 3. Punjab de Gunkari Nano Jungal (ਪੰਜਾਬ ਦੇ ਗੁਣਕਾਰੀ ਨੈਨੋ ਜੰਗਲ) (2025) 4. Punjabi Akhaan Kosh with Meaning (ਪੰਜਾਬੀ ਅਖਾਣ ਕੋਸ਼ ਅਰਥਾਂ ਸਮੇਤ)Blogging Through my blog, jasbirwattanwalia.in, I share my thoughts and knowledge on various topics, including:- Punjabi folklore, history, culture, and traditions - Punjabi poetry and literature - Food, health and wellness through herbal remedies - Environmental issues and activism - Social commentary and news - Science and InventionsMission My mission is to provide high-quality, engaging, and informative content that showcases the richness of Punjabi culture and language. I strive to create a platform that's both enjoyable and informative, and I'm committed to delivering the best possible experience for my readers.Let's Connect! I'm glad you're here! If you have any questions or feedback, please don't hesitate to reach out. Thank you for visiting my site, and I wish you a great day!

Leave a Reply

Your email address will not be published. Required fields are marked *