“Self-focused Punjabi Akhaan with deep meanings”

Intro (ਇੰਟਰੋ):

ਪੰਜਾਬੀ ਅਖਾਣ ਸਿਰਫ਼ ਬੋਲੀਆਂ ਨਹੀਂ, ਸਗੋਂ ਜੀਵਨ ਦੀਆਂ ਅਟੱਲ ਸੱਚਾਈਆਂ ਅਤੇ ਅਨੁਭਵਾਂ ਦਾ ਨਿਚੋੜ ਹਨ। ‘ਆ’ ਅੱਖਰ ਨਾਲ ਸ਼ੁਰੂ ਹੋਣ ਵਾਲੇ ਅਖਾਣਾਂ ਵਿੱਚ ਖਾਸ ਕਰਕੇ “Self” (ਆਪਣੇ ਆਪ) ਨਾਲ ਜੁੜੀਆਂ ਗੱਲਾਂ, ਆਤਮ-ਚਿੰਤਨ, ਅਹੰਕਾਰ, ਸਿਆਣਪ ਅਤੇ ਜੀਵਨ ਦੇ ਸਿਧਾਂਤਾਂ ਦੀ ਵਿਸ਼ੇਸ਼ ਗਹਿਰਾਈ ਮਿਲਦੀ ਹੈ।

ਇਸ ਖਾਸ ਕੁਲੈਕਸ਼ਨ ਵਿੱਚ ਤੁਸੀਂ 125 ਤੋਂ ਵੱਧ ‘ਆ’ ਵਾਲੇ ਪੰਜਾਬੀ ਅਖਾਣ ਪੜ੍ਹੋਗੇ, ਜੋ ਮਨੁੱਖ ਦੇ ਸੁਭਾਉ, ਆਪਣੀ ਸੋਚ ਅਤੇ ਕਰਮਾਂ ਨੂੰ ਦਰਸਾਉਂਦੇ ਹਨ। ਜਿਵੇਂ “ਆਪ ਨਾ ਵੰਞੀ ਸਹੁਰੇ, ਤੇ ਲੋਕਾਂ ਮੱਤਾਂ ਦੇ” ਵਰਗੇ ਅਖਾਣ ਸਾਨੂੰ ਸੈਲਫ ਉੱਤੇ ਫੋਕਸ ਕਰਨਾ, ਆਪਣੀ ਜ਼ਿੰਮੇਵਾਰੀ ਅਤੇ ਸੱਚਾਈ ਨਾਲ ਜੀਉਣ ਦੀ ਸਿੱਖ ਦਿੰਦੇ ਹਨ।

‘ਆ’ ਵਾਲੇ ਪੰਜਾਬੀ ਅਖਾਣ,  (Meaning and Uses)

ਇਸ ਚੈਪਟਰ ਵਿਚ ਹਰ ਅਖਾਣ ਦਾ ਸਧਾਰਣ ਅਤੇ ਡੂੰਘਾ ਅਰਥ ਦਿੱਤਾ ਗਿਆ ਹੈ ਤਾਂ ਜੋ ਪਾਠਕ ਅਸਾਨੀ ਨਾਲ ਸਮਝ ਸਕਣ।

  1. ਬਲਾਏ, ਗਲ਼ ਲੱਗੀਏ
    ਅਰਥ ਅਤੇ ਵਰਤੋਂ –
    ਜਦੋਂ ਕੋਈ ਐਵੇਂ ਕਿਸੇ ਪੰਗੇ ਆਪਣੇ ਗਲ਼ ਪਵਾ ਲਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
     😮
  2. ਭਾਈ ਧੰਨਿਆ, ਪਰਾਏ ਭਾਗੀਂ ਜੰਮਿਆ
    ਅਰਥ ਅਤੇ ਵਰਤੋਂ –
    ਜਦੋਂ ਕੋਈ ਆਪਣੇ ਸਕਿਆਂ ਨੂੰ ਛੱਡ ਕੇ ਗੈਰਾਂ ਦੇ ਕੰਮ ਕਰਦਾ ਫਿਰੇ ਅਤੇ ਸਿਰਫ ਉਨ੍ਹਾਂ ਨੂੰ ਹੀ ਫਾਇਦਾ ਪਹੁੰਚਾਵੇ ਤਾਂ 
    ਇਹ ਅਖਾਣ ਬੋਲਿਆ ਜਾਂਦਾ ਹੈ।
  3. ਭੈਣ ਮਿੱਠੀਏ, ਨੀਂ ਚਿਰਾਂ ਪਿੱਛੋਂ ਡਿੱਠੀਏ
    ਅਰਥ ਅਤੇ ਵਰਤੋਂ –
    ਜਦੋਂ ਕੋਈ ਪਿਆਰਾ ਅਤੇ ਮੋਹ-ਖੋਰਾ ਸਾਥੀ ਚਿਰਾਂ ਪਿੱਛੋਂ ਮਿਲੇ ਤਾਂ
    ਇਹ ਅਖਾਣ ਬੋਲਿਆ ਜਾਂਦਾ ਹੈ।
  4. ਭੈਣੇ ਪਿਆਰ ਕਰਾਂ, ਤੇਰੇ ਪੈਰਾਂ ਹੇਠ ਅੰਗਿਆਰ ਧਰਾਂ
    ਅਰਥ ਅਤੇ ਵਰਤੋਂ –
    ਜਦੋਂ ਕੋਈ ਪਿਆਰ ਦੇ ਛਲਾਵੇ ਹੇਠ ਨੁਕਸਾਨ ਕਰੇ ਤਾਂ
    ਇਹ ਅਖਾਣ ਬੋਲਿਆ ਜਾਂਦਾ ਹੈ। 
  5. ਆਓਗੇਤਾਂਕੀਲਿਆਓਗੇਜਾਓਗੇਤਾਂਕੀਦੇਖੇਜਾਓਗੇ?
    ਅਰਥ ਅਤੇ ਵਰਤੋਂ –
    ਜਦੋਂ ਕੋਈ ਵਿਅਕਤੀ ਹਰ ਵੇਲੇ ਆਪਣਾ ਹਿੱਤ ਹੀ ਮੋਹਰੇ ਰੱਖੇ ਅਤੇ ਚਿੱਤ ਵੀ ਆਪਣੀ, ਪੱਟ ਵੀ ਆਪਣੀ ਵਾਲਾ ਸਿਧਾਂਤ ਅਪਣਾਈ ਰੱਖੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  6. ਆਓ,ਬੈਠੋ, ਪੀਓ ਪਾਣੀ, ਇਹ ਤਿੰਨੋ ਨਾ ਮੁੱਲ ਨੂੰ ਆਣੀਂ
    ਅਰਥ ਅਤੇ ਵਰਤੋਂ –
    ਇਹ ਅਖਾਣ ਆਓ ਭਗਤ ਦੀ ਅਹਿਮੀਅਤ  ਨੂੰ ਦਰਸਾਉਣ ਲਈ ਬੋਲਿਆ ਜਾਂਦਾ ਹੈ।
  7. ਆਇਆ ਆਪ, ਚੜ੍ਹਾਇਆ ਤਾਪ
    ਅਰਥ ਅਤੇ ਵਰਤੋਂ –
    ਜਦੋਂ ਘਰਵਾਲੀ ਜਾਂ ਕਿਸੇ ਦੇ ਚਲਿੱਤਰਾਂ ਦਾ ਜਿਕਰ ਕਰਨਾ ਹੋਵੇ 
    ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  8. ਆਇਆ ਸਾਵਣ ਮਾਹ, ਕਿ ਰੀਂਡੇ ਗਲ਼ ਗਏ, ਕੋਈ ਨਾ ਬਣਿਆ ਮਿੱਤ, ਜਦ ਵੇਲ਼ੇ ਛਲ ਗਏ
    ਅਰਥ ਅਤੇ ਵਰਤੋਂ –
    ਚੰਗੇ ਦਿਨਾਂ ਵਿਚ ਸਾਰੇ ਮਿੱਤਰ ਪਰ ਬੁਰੇ ਦਿਨਾਂ ਵਿਚ ਕੋਈ ਨਹੀਂ।
  9. ਆਇਆ ਸਿਆਲ ਮੋਏ ਕੰਗਾਲ, ਆਇਆ ਹੁਨਾਲ ਮੋਏ ਕੰਗਾਲ
    ਅਰਥ ਅਤੇ ਵਰਤੋਂ –
    ਜਦੋਂ ਕੋਈ ਹਰ ਵੇਲੇ ਰੋਣਾ-ਧੋਣਾ ਲਈ ਰੱਖੇ 
    ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  10. ਆਇਆ ਸਿਆਲ਼ ਮੋਏ ਗਰੀਬ, ਆਇਆ ਹਾੜ ਮੋਏ ਗ਼ਰੀਬ
    ਉਹੀ ਅਰਥ-
  11. ਆਇਆ ਕੰਮ ਥੁੜੇ ਨਾ, ਤੇ ਪਿੱਛੇ ਜੋਗਾ ਜੁੜੇ ਨਾ
    ਅਰਥ ਅਤੇ ਵਰਤੋਂ –
    ਜਦੋਂ ਦਿਨ ਠੀਕ-ਠਾਕ ਲੰਘਦੇ ਜਾਣ ਪਰ ਕੋਈ ਖਾਸ ਤਰੱਕੀ ਨਾ ਹੋਵੇ 
    ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  12. ਆਇਆ ਰਾਮ, ਗਿਆ ਰਾਮ
    ਅਰਥ ਅਤੇ ਵਰਤੋਂ –
    ਜਦੋਂ ਕਿਸੇ ਦੇ ਆਉਣ ਜਾਣ ਬਾਰੇ ਕੋਈ ਪੱਕਾ ਯਕੀਨ ਨਾ ਹੋਵੇ 
    ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।  😮
  13. ਆਈ ਸ਼ਿਵਰਾਤ, ਜਿੱਡਾ ਦਿਨ, ਓਡੀ ਰਾਤ
    ਅਰਥ ਅਤੇ ਵਰਤੋਂ –
    ਭਾਵ ਕਿ ਸ਼ਿਵਰਾਤਰੀ ਆਉਣ ਤੱਕ ਦਿਨ-ਰਾਤ ਇੱਕੋ ਜਿੱਡੇ ਹੋ ਜਾਂਦੇ ਹਨ।
  14. ਆਈ ਤੇ ਆਏ ਨੂੰ, ਸੌ ਰਸਤੇ
    ਅਰਥ ਅਤੇ ਵਰਤੋਂ –
    ਭਾਵ ਕਿ ਜਦੋਂ ਕੋਈ ਨਿਸਚਾ ਕਰਕੇ ਜੁੱਟ ਜਾਵੇ ਤਾਂ ਅਨੇਕਾਂ ਰਸਤੇ ਨਿਕਲ ਆਉਂਦੇ ਹਨ।
  15. ਆਈ ਬਸੰਤ ਪਾਲ਼ਾ  ਉੜੰਤ
    ਅਰਥ ਅਤੇ ਵਰਤੋਂ –
    ਭਾਵ ਕਿ ਬਸੰਤ ਆਉਣ ਤੱਕ ਠੰਡ ਖਤਮ ਹੋ ਜਾਂਦੀ ਹੈ।
  16. ਆਈ ਬਹੂ ਤੇ ਆਇਆ ਕੰਮ, ਗਈ ਬਹੂ ਤੇ ਗਿਆ ਕੰਮ
    ਅਰਥ ਅਤੇ ਵਰਤੋਂ –
    ਘਰ ਦੇ ਵਿਚ ਕੰਮ ਨੂੰਹ ਅਤੇ ਪੋਤੇ-ਪੋਤੀਆਂ ਨਾਲ ਹੀ ਹੁੰਦਾ ਜਦੋਂ ਉਹ ਚਲੇ ਜਾਣ ਤਾਂ ਕੰਮ ਵੀ ਮੁੱਕ ਜਾਂਦਾ ਹੈ।
  17. ਆਈ ਮਾਈ ਮੱਸਿਆ, ਜਿਸ ਖਾਣਾ ਪੀਣਾ ਦੱਸਿਆ
    ਅਰਥ ਅਤੇ ਵਰਤੋਂ –
    ਜਦੋਂ ਕੋਈ ਕੰਜੂਸ ਬੰਦਾ ਆਮ ਹਲਾਤ ਵਿਚ ਤਾਂ ਧੇਲਾ ਨਾ ਖਰਚੇ ਪਰ ਖਾਸ ਮੌਕੇ ਜਾਂ ਦਿਨ-ਦਿਹਾਰ ਮੌਕੇ ਉਸ ਨੂੰ ਮਜਬੂਰੀ ਵੱਸ ਖਰਚ ਕਰਨਾ ਪਵੇ
    ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। 
  18. ਆਈ ਮੌਜ ਫਕੀਰ ਨੂੰ, ਲਾਈ ਕੁੱਲੀ ਨੂੰ ਅੱਗ
    ਅਰਥ ਅਤੇ ਵਰਤੋਂ –
    ਜਦੋਂ ਕੋਈ ਬੇਪਰਵਾਹ ਬੰਦਾ ਆਪਣਾ ਨੁਕਸਾਨ ਕਰਨ ਤੋਂ ਵੀ ਨਾ ਟਲ਼ੇ 
    ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।  
  19. ਆਈ ਰਮਜ਼ਾਨ, ਭੱਜਿਆ ਸ਼ੈਤਾਨ
    ਅਰਥ ਅਤੇ ਵਰਤੋਂ –
    ਰਮਜ਼ਾਨ ਦੇ ਦਿਨਾ ਵਿਚ ਜਦੋਂ ਹਰ ਕੋਈ ਚੰਗੇ ਕੰਮਾਂ ਵੱਲ ਧਿਆਨ ਮੋੜ ਲੈਂਦਾ ਹੈ 
    ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।  😮
  20. ਆਈਆਂ,ਗਲ਼ ਲਾਈਆਂ
    ਅਰਥ ਅਤੇ ਵਰਤੋਂ –
    ਜਦੋਂ ਗੁੱਸੇ ਹੋਣ ਤਾਂ ਬਾਅਦ ਮਿਲ ਪਵੇ 
    ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  21. ਆਏ ਨੇ ਨਿਹੰਗ, ਬੂਹੇ ਖੋਲਦੇ ਨਿਸ਼ੰਗ। –ਪੰਜਾਬ ਦੇ ਵਿਚ ਜਦੋਂ ਨਿਹੰਗ ਸਿੰਘ ਆਮ ਲੋਕਾਂ, ਔਰਤਾਂ ਅਤੇ ਮਜਲੂਮਾ  ਲਈ ਢਾਲ ਭਾਵ ਰੱਖਿਅਕ ਸਮਝੇ ਜਾਂਦੇ ਸਨ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  22. ਆਏ ਭਾਬੋ ਦੇ ਸੱਕੇ, ਘਰ ਖੀਰ ਤੇ ਪੂੜੇ ਪੱਕੇ, ਆਇਆ ਭਾਈਏ ਦਾ ਕੋਈ, ਭਾਬੋ ਸੁੱਜ ਭੜੋਲਾ ਹੋਈ।-
    ਅਰਥ ਅਤੇ ਵਰਤੋਂ –
    ਜਦੋਂ ਕਿਸੇ ਔਰਤ ਵੱਲੋਂ ਪੇਕਿਆਂ ਨਾਲ ਖਾਸ ਲਿਹਾਜ਼ ਅਤੇ ਸਹੁਰੇ ਪਰਿਵਾਰ ਨਾਲ ਵਿਤਕਰਾ ਕੀਤਾ ਜਾਂਦਾ ਹੈ 
    ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  23. ਆਸਾਂ ਪਰਬਤ ਜੇਡੀਆਂ, ਮੌਤ ਤਣਾਵਾਂ ਹੇਠ
    ਅਰਥ ਅਤੇ ਵਰਤੋਂ –
    ਮਨੁੱਖ ਦੀਆਂ ਇਛਾਵਾਂ ਅਤੇ ਜੀਵਨ ਦੀ ਨਾਸ਼ਵਾਨਤਾ ਬਾਰੇ ਦੱਸਣਾ ਹੋਵੇ 
    ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  24. ਆਹ ਮਾਈ ਹਰ ਕੇ ਲੇਖੇ, ਨਹੀਂ ਕਰੀ, ਕੋਈ ਕਰਕੇ ਵੇਖੇ
    ਅਰਥ ਅਤੇ ਵਰਤੋਂ –
    ਜਦੋਂ ਦੱਸਣਾ ਹੋਵੇ ਹਰ ਚੰਗੇ ਅਤੇ ਬੁਰੇ ਕਰਮ ਦਾ ਫਲ ਜਰੂਰ ਮਿਲਦਾ ਹੈ 
    ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  25. ਆਹ ਮੂੰਹ ਤੇ ਮਸਰਾਂ ਦੀ ਦਾਲ਼
    ਅਰਥ ਅਤੇ ਵਰਤੋਂ –
    ਜਦੋਂ ਕਿਸੇ ਇਹ ਜਤਾਉਣਾ ਹੋਵੇ ਕਿ ਉਸ ਦੀ ਔਕਾਤ ਥੋੜ੍ਹੀ ਹੈ ਪਰ ਉਸ ਦਾ ਨਖਰਾ ਵੱਡਾ ਹੈ 
    ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  26. ਆਹ ਵੀਰ, ਖਾਹ ਖੀਰ, ਤੇ ਹੋ ਜਾ ਤੀਰ
    ਅਰਥ ਅਤੇ ਵਰਤੋਂ –
    ਹਾਸੇ-ਠੱਠੇ ਵਿਚ ਜਦੋਂ ਕਿਸੇ ਨੂੰ ਜਲਦੀ ਵਾਪਸ ਮੋੜਨਾ ਹੋਵੇ 
    ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  27. ਆਹਰੋਂ ਵਿਗੜਿਆ ਵੀ ਗਿਆ, ਤੇ ਵਿਹਾਰੋਂ ਵਿਗੜਿਆ ਵੀ ਗਿਆ
    ਅਰਥ ਅਤੇ ਵਰਤੋਂ –
    ਜਦੋਂ ਕੋਈ ਕੰਮ ਵੀ ਠੀਕ ਤਰਾਂ ਨਾ ਕਰੇ ਅਤੇ ਵਿਹਾਰ ਵੀ ਸਹੀ ਨਾ ਹੋਵੇ 
    ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  28. ਆਕੜ ਚੂਹੜੇ ਦੀ, ਤੇ ਲੇਸ ਲਸੂੜੇ ਦੀ।
    ਅਰਥ ਅਤੇ ਵਰਤੋਂ –
    ਜਦੋਂ ਕਿਸੇ ਅਗੁਣਹਾਰੇ ਮਨੁੱਖ ਵਿਚ ਬਹੁਤੀ ਆਕੜ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। (ਨੋਟ ਇਹ ਅਖਾਣ ਜਾਤ-ਪਾਤ ਨੂੰ ਦਰਸਾਉਣ ਲਈ ਨਹੀਂ ਬਲਕਿ ਸਾਡੀ ਲੋਕਧਾਰਾ ਦੇ ਮੂਲ ਵਿਚ ਪਈ ਮਾਨਸਿਕਤਾ ਨੂੰ ਦਰਸਾਉਣ ਲਈ ਲਿਖਿਆ ਗਿਆ ਹੈ।
  29. ਆਖਣ ਕਮਲੇ, ਸੁਣਨ ਬਾਵਰੇ
    ਅਰਥ ਅਤੇ ਵਰਤੋਂ –
    ਜਦੋਂ ਦੋਵੇਂ ਧਿਰਾਂ ਇੱਕੋ ਜਹੀਆਂ ਹੋਣ ਜਾਂ ਕੋਈ ਆਪਣਾ ਮੂਲ ਖਾਸਾ ਜਾਂ ਬੋਲੀ ਛੱਡ ਕੇ ਕੋਈ ਅਲਹਿਦਾ ਜਾਪ ਕਰੇ ਅਤੇ ਸੁਣਨ ਵਾਲੇ ਵੀ ਮਸਤ ਹੋ ਕੇ ਸੁਣਨ 
    ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  30. ਆਖਾ ਮੋੜਨਾ ਨਹੀਂ, ਤੇ ਡੱਕਾ ਤੋੜਨਾ ਨਹੀਂ।-
    ਅਰਥ ਅਤੇ ਵਰਤੋਂ –
    ਨਾ ਕਹਿਣਾ ਮੋੜਨਾ ਅਤੇ ਨਾ ਕੋਈ ਕੰਮ ਸੰਵਾਰਨਾ।
  31. ਆਖਿਆ ਸਿਆਣੇ ਦਾ, ਤੇ ਖਾਧਾ ਔਲੇ ਦਾ
    ਅਰਥ ਅਤੇ ਵਰਤੋਂ –
    ਸਿਆਣਿਆਂ ਦੀਆਂ ਗੱਲਾਂ ਨੂੰ ਉੱਚਾ ਦੱਸਣ ਲਈ ਇਹ ਅਖਾਣ ਬੋਲਿਆ ਜਾਂਂਦਾ ਹੈ। 
  32. ਆਂਗਲਾ,ਤੜਾਂਗਲਾ, ਪਰਾਈ ਭਿੱਟ ਕੋਈ ਨਾ
    ਅਰਥ ਅਤੇ ਵਰਤੋਂ –
    ਸਾਡੇ ਦੇਸ਼ ਵਿਚ ਨੀਵੀਂ ਜਾਤ ਦੇ ਮਨੁੱਖ ਦਾ ਉੱਚੀ ਜਾਤ ਦੇ ਮਨੁੱਖ ਨਾਲ ਛੂਹ ਜਾਣਾ ਬੁਰਾ ਮੰਨਿਆ ਜਾਂਦਾ ਸੀ ਅਤੇ ਉਸ ਨੂੰ ਭਿੱਟ ਚੜ੍ਹਨਾ ਕਿਹਾ ਜਾਂਦਾ ਸੀ। ਬੱਚੇ ਅਕਸਰ ਨੀਵੀਂ ਜਾਤ ਦੇ ਬੱਚਿਆਂ ਨੂੰ ਚਿੜਾਉਣ ਲਈ ਸ਼ਰਾਰਤ ਵਜੋਂ ਇਹ ਅਖਾਣ ਬੋਲਦੇ ਸਨ ਅਤੇ ਇਹ ਖੇਡ ਵੀ ਖੇਡੀ ਜਾਂਦੀ ਸੀ।
  33. ਆਗਿਆਕਾਰੀ ਬਾਲੜੇ, ਤੇ ਮਿੱਠਬੋਲੜੀ ਨਾਰ, ਧੰਨ ਪੱਲੇ, ਸੰਤੋਖ ਮਨ, ਚਾਰ ਸੁਰਗ ਸੰਸਾਰ
    ਅਰਥ ਅਤੇ ਵਰਤੋਂ –
    ਸਿਆਣੇ ਬੱਚੇ, ਚੰਗੀ ਪਤਨੀ, ਗੁਜਾਰੇ ਯੋਗ ਪੈਸਾ ਅਤੇ ਮਨ ਵਿਚ ਸੰਤੋਖ ਹੋਵੇ ਤਾਂ ਮਨੁਖ ਦਾ ਜੀਵਨ ਸਵਰਗ ਦੇ ਸਮਾਨ ਹੈ।
  34. ਆਗੂ ਔਝੜ ਲੈ ਪਵੇ, ਕਿਸ ਕਰ ਕਰੇ ਪੁਕਾਰ
    ਅਰਥ ਅਤੇ ਵਰਤੋਂ –
    ਜੇਕਰ ਤੁਹਾਡੇ ਆਗੂ ਹੀ ਤੁਹਾਨੂੰ ਡੋਬ ਦੇਣ ਤਾਂ ਤੁਸੀਂ ਕਿਸ ਨੂੰ ਪੁਕਾਰ ਕਰੋਗੇ।
  35. ਆਟੇ ਦੇ ਦੀਵੇ ਦਾ ਕੀ ਹੈ ? ਜਿੱਧਰ ਮਰਜ਼ੀ ਮੂੰਹ ਬਣਾ ਦਿਓ
    ਅਰਥ ਅਤੇ ਵਰਤੋਂ –
    ਜਦੋਂ ਕਿਸੇ ਭੋਲ਼ੇ ਮਨੁੱਖ ਦਾ ਕੋਈ ਠੋਸ ਸਟੈਂਡ ਨਾ ਹੋਵੇ ਤਾਂ
     ਇਹ ਅਖਾਣ ਬੋਲਿਆ ਜਾਂਦਾ ਹੈ।
  36. ਆਂਡੇ ਭੰਨੇ ਘੁੱਗੀ, ਤੇ ਕਾਂ ਬਦਨਾਮ– ਜਦੋਂ ਤੱਕੜੇ ਮਨੁੱਖ ਦੀ ਗਲਤੀ ਮਾੜੇ ਦੇ ਸਿਰ ਮੜ੍ਹੀ ਜਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  37. ਆਤਕਾਂ ਦੇ ਆਤਕ ਜੇਹੇ ਮਾਪੇ, ਤੇਹੇ ਜਾਤਕ
    ਅਰਥ ਅਤੇ ਵਰਤੋਂ –
    ਜੇਹੋ ਜਹੇ ਮਾਪੇ, ਉਹੋ ਜਹੇ ਬੱਚੇ ਜਾਂ ਇਹ ਵੀ ਕਿਹਾ ਜਾਂਦਾ ਹੈ ਕਿ ਜੇਹੀ ਕੋਕੋ, ਤੇਹੇ ਬੱਚੇ। 
  38. ਆਤਮਾ ਰੱਜੇ, ਪਰਮਾਤਮਾ ਰੱਜੇ
    ਅਰਥ ਅਤੇ ਵਰਤੋਂ –
    ਕਿਸੇ ਦੀ ਆਤਮਾ ਨੂੰ ਖੁਸ਼ ਕਰਨਾ ਪਰਮਾਤਮਾ ਨੂੰ ਖੁਸ਼ ਕਰਨ ਦੇ ਬਰਾਬਰ ਹੈ।
  39. ਆਥਣ ਨੂੰ ਚਿਲਕੋਰਿਆ, ਅਣਹੋਂਦਾ ਬੱਦਲ ਘੋਰਿਆ
    ਅਰਥ ਅਤੇ ਵਰਤੋਂ –
    ਸ਼ਾਮ ਵੇਲੇ ਬੱਦਲਾਂ ਦਾ ਚੜ੍ਹਨਾ ਜਾਂ ਲਿਸ਼ਕਣਾਂ ਮੀਂਹ ਵਰ੍ਹਨ ਦਾ ਸੰਕੇਤ।
  40. ਆਦਮੀ ਅੰਨ ਦਾ ਕੀੜਾ
    ਅਰਥ ਅਤੇ ਵਰਤੋਂ –
    ਬੰਦੇ ਦਾ ਅੰਨ ਬਿਨਾ ਜੀਵਨ ਸੰਭਵ ਨਹੀਂ ਦੱਸਣਾ ਹੋਵੇ 
    ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  41. ਆਦਮੀ ਆਦਮੀ ਦਾ ਅੰਤਰ, ਕੋਈ ਹੀਰਾ, ਕੋਈ ਕੰਕਰ
    ਅਰਥ ਅਤੇ ਵਰਤੋਂ –
    ਜਦੋਂ ਇਹ ਦੱਸਣਾ ਹੋਵੇ ਕਿ ਹਰ ਮਨੁੱਖ ਦੇ ਗੁਣ-ਔਗੁਣ ਦੂਜੇ ਤੋਂ ਅਲੱਗ ਹਨ 
    ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  42. ਆਂਦਰਾਂ ਭੁੱਖੀਆਂ, ਮੁੱਛਾਂ ਤੇ ਚੌਲ਼
    ਅਰਥ ਅਤੇ ਵਰਤੋਂ –
    ਜਦੋਂ ਘਰ ਵਿਚ ਤਾਂ ਭੰਗ ਭੁੱਜਦੀ ਹੋਵੇ ਪਰ ਵਿਖਾਵਾ ਰੱਜੇ ਹੋਣ ਦਾ ਕੀਤਾ ਜਾਵੇ ਤਾਂ ਵਿਅੰਗ ਵਜੋਂ ਇਹ ਆਖਾਣ ਬੋਲਿਆ ਜਾਂਦਾ ਹੈ।
  43. ਆਦਿ ਨਾ ਕੰਘੀ ਵਾਹੀ, ਸਿਰ ਲੀਖੀਂ ਜੜਿਆ
    ਅਰਥ ਅਤੇ ਵਰਤੋਂ –
    ਜਦੋਂ ਕਿਸੇ ਦੀ ਬਦਹਾਲੀ ਜਾਂ ਬੁਰੀ ਸਰੀਰਕ ਦਸ਼ਾ ਦਾ ਜਿਕਰ ਕੀਤਾ ਜਾਵੇ
    ਤਾਂ ਵਿਅੰਗ ਵਜੋਂ ਇਹ ਆਖਾਣ ਬੋਲਿਆ ਜਾਂਦਾ ਹੈ।
  44. ਆਦਿ ਬੁਰਾ ਤਾਂ ਅੰਤ ਬੁਰਾ , ਆਦਿ ਭਲਾ ਤਾਂ ਅੰਤ ਭਲਾ
    ਅਰਥ ਅਤੇ ਵਰਤੋਂ –
    ਜਦੋਂ ਇਹ ਦੱਸਣਾ ਹੋਵੇ ਕਿ ਕਿਸੇ ਵੀ ਕੰਮ ਦੀ ਸ਼ੁਰੂਆਤ ਹੀ ਉਸ ਦੇ ਅੰਤ ਨਿਸ਼ਚਤ ਕਰਦੀ ਹੈ 
    ਤਾਂ ਇਹ ਆਖਾਣ ਬੋਲਿਆ ਜਾਂਦਾ ਹੈ।
  45. ਆਨੇ ਦੀ ਘੋੜੀ, ਪਾਈਆ ਦਾਣਾ
    ਅਰਥ ਅਤੇ ਵਰਤੋਂ –
    ਜਦੋਂ ਕਿਸੇ ਨਕਾਰੀ ਚੀਜ ਦਾ ਖਰਚ ਉਸਦੀ ਕੀਮਤ ਤੋਂ ਵੀ ਵਧੇਰੇ ਹੋਵੇ ਤਾਂ 
    ਵਿਅੰਗ ਵਜੋਂ ਇਹ ਆਖਾਣ ਬੋਲਿਆ ਜਾਂਦਾ ਹੈ।
  46. ਆਵੇ ਨਿੱਛ ਅਤੇ ਡਕਾਰ, ਫਿਰ ਵੈਦਾਂ ਦੇ ਪੌਲਾ ਮਾਰ
    ਅਰਥ ਅਤੇ ਵਰਤੋਂ –
    ਸਾਡੇ ਸਮਾਜ ਵਿਚ ਇਹ ਮੰਨਿਆ ਜਾਂਦਾ ਹੈ ਕਿ ਛਿੱਕ ਅਤੇ ਡਕਾਰ ਤੰਦਰੁਸਤੀ ਦੀ ਨਿਸ਼ਾਨੀ ਹਨ ਜੇਕਰ ਇਹ ਦੋਵੇਂ ਠੀਕ ਤਰ੍ਹਾਂ ਆ ਰਹੇ ਹਨ ਤਾਂ ਫਿਰ ਵੈਦਾ ਕੋਲ ਜਾਣ ਦੀ ਕੋਈ ਲੋੜ ਨਹੀਂ। ਇਸ ਨੂੰ ਦਰਸਾਉਣ ਲਈ ਇਹ ਅਖਾਣ ਵੀ ਬੋਲਿਆ ਜਾਂਦਾ ਹੈ।
    ਆਵੇ ਲੋਲੀ, ਜਾਵੇ ਲੋਲੀ, ਲੋਲੀ ਦੇ ਗਲ਼ ਉਹੀ ਚੋਲੀ ਜਦੋਂ ਕੋਈ ਹਰ ਵੇਲੇ ਫਟੇਹਾਲ ਰਹੇ ਅਤੇ ਇਕੋ ਤਰ੍ਹਾਂ ਦੇ ਕੱਪੜੇ ਪਾਈ ਰੱਖੇ ਤਾਂ ਮਜਾਕ ਦੇ ਤੌਰ ਤੇ ਇਹ ਅਖਾਣ ਬੋਲਿਆ ਜਾਂਦਾ ਹੈ।
  47. ਆਪ ਓਏ ਹਾਂਜੀ ਮਾਮਲੇ, ਆਪੇ ਪਾਏ ਹੱਡ
    ਅਰਥ ਅਤੇ ਵਰਤੋਂ –
    ਜਦੋਂ ਕੋਈ ਕਿਸੇ ਉੱਤੇ ਆਪੇ ਦੋਸ਼ ਮੜ ਕੇ ਆਪੇ ਹੀ ਸਜਾ ਸੁਣਾ ਦੇਵੇ 
    ਤਾਂ ਇਹ ਆਖਾਣ ਬੋਲਿਆ ਜਾਂਦਾ ਹੈ।
  48. ਆਪ ਸਿਰੋਂ ਨੰਗੀ, ਚੋਲੀ ਕੀਹਨੂੰ ਦੇਵੇ ਮੰਗੀ
    ਅਰਥ ਅਤੇ ਵਰਤੋਂ –
    ਜਦੋਂ ਕਿਸੇ ਦੀ ਬਦਹਾਲੀ ਬਾਰੇ ਜਿਕਰ ਕਰਦਿਆਂ ਉਸ ਤੋਂ ਕੋਈ ਉਮੀਦ ਨਾ ਪੂਰੀ ਹੋਣ ਦੀ ਗੱਲ ਕਰਨੀ ਹੋਵੇ 
    ਤਾਂ ਵਿਅੰਗ ਵਜੋਂ ਇਹ ਆਖਾਣ ਬੋਲਿਆ ਜਾਂਦਾ ਹੈ।
  49. ਆਪ ਕਰੀਏ ਸੋ ਕੰਮ, ਜਾ ਪੱਲੇ ਹੋਵੇ ਦੰਮ
    ਅਰਥ ਅਤੇ ਵਰਤੋਂ –
    ਜਦੋਂ ਆਪਣੇ ਹੱਥੀਂ ਕੀਤੇ ਕੰਮ ਦੀ ਮਹੱਤਤਾ ਦਰਸਾਉਣੀ ਹੋਵੇ ਅਤੇ ਜੇਬ ਵਿਚ ਪਏ ਪੈਸੇ ਦੀ ਵਡਿਆਈ ਦੱਸਣੀ ਹੋਵੇ 
    ਤਾਂ ਇਹ ਆਖਾਣ ਬੋਲਿਆ ਜਾਂਦਾ ਹੈ।
  50. ਆਪ ਕਰੀਰ ਨਾ ਮੌਲਿਆ, ਤੇ ਦੇਵੇ ਦੋਸ਼ ਬਸੰਤ
    ਅਰਥ ਅਤੇ ਵਰਤੋਂ –
    ਜਦੋਂ ਕੋਈ ਆਪਣੀ ਗਲਤੀ ਨੂੰ ਛੁਪਾਉਣ ਲਈ ਦੂਜੇ ਵਿਚ ਨੁਕਸ ਕੱਢੇ 
    ਤਾਂ ਵਿਅੰਗ ਵਜੋਂ ਇਹ ਆਖਾਣ ਬੋਲਿਆ ਜਾਂਦਾ ਹੈ। ਇਸ ਲਈ ਨਾਚ ਨਾ ਜਾਣੇ ਆਂਗਣ ਟੇਡਾ ਵੀ ਕਿਹਾ ਜਾਂਦਾ ਹੈ।
  51. ਆਪ ਕਿਸੇ ਜਿਹੀ ਨਾ, ਤੇ ਗੱਲ ਕਰਨੋਂ ਰਹੀ ਨਾ
    ਅਰਥ ਅਤੇ ਵਰਤੋਂ –
    ਜਦੋਂ ਕੋਈ ਖੁਦ ਤਾਂ ਨਿਕੰਮਾ ਹੋਵੇ ਪਰ ਗੱਲਾਂ ਨਾਲ ਪਹਾੜ ਪੁੱਟੀ ਜਾਵੇ 
    ਤਾਂ ਵਿਅੰਗ ਵਜੋਂ ਇਹ ਆਖਾਣ ਬੋਲਿਆ ਜਾਂਦਾ ਹੈ।
  52. ਆਪ ਕੁਚੱਜੀ, ਵੇਹੜੇ ਨੂੰ ਦੋਸ਼
    ਅਰਥ ਅਤੇ ਵਰਤੋਂ –
    ਜਦੋਂ ਕੋਈ ਆਪਣੀ ਗਲਤੀ ਨੂੰ ਛੁਪਾਉਣ ਲਈ ਦੂਜੇ ਵਿਚ ਨੁਕਸ ਕੱਢੇ ਤਾਂ ਵਿਅੰਗ ਵਜੋਂ ਇਹ ਆਖਾਣ ਬੋਲਿਆ ਜਾਂਦਾ ਹੈ। ਇਸ ਲਈ ਨਾਚ ਨਾ ਜਾਣੇ ਆਂਗਣ ਟੇਡਾ ਵੀ ਕਿਹਾ ਜਾਂਦਾ ਹੈ। ਆਪ ਵਲੱਲੀਵਿਹੜਾ ਡਿੰਗਾ। ਵੀ ਕਿਹਾ ਜਾਂਦਾ ਹੈ।
  53. ਆਪ ਕੁਪੱਤੀ, ਤੇ ਵਿਹੜਾ ਦਾਦੇ ਮਗਾਹੁੰਣਾ
    ਉਹੀ ਅਰਥ…
  54. ਆਪ ਗਏ ਵਿਸਾਖੀ, ਸਾਨੂੰ ਛੱਡ ਗਏ ਘਰ ਦੀ ਰਾਖੀ
    ਅਰਥ ਅਤੇ ਵਰਤੋਂ –
    ਜਦੋਂ ਨਾਲ ਦੇ ਸਾਥੀ ਜਾਂ ਪਰਿਵਾਰਕ ਮੈਂਬਰ ਖੁਦ ਤਾਂ ਮੌਜਾ ਮਾਨਣ ਲਈ ਨਿਕਲ ਜਾਣ ਅਤੇ ਕੰਮ ਦੀ ਜਿੰਮੇਵਾਰੀ ਕਿਸੇ ਇਕ ਦੇ ਮੋਢਿਆ ਉੱਤੇ ਹੋਵੇ 
    ਤਾਂ ਇਹ ਆਖਾਣ ਬੋਲਿਆ ਜਾਂਦਾ ਹੈ। 
  55. ਆਪ ਤਾਂ ਡੁੱਬੇ, ਨਾਲ ਪਰਭਾ ਵੀ ਡੋਬੇ
    ਅਰਥ ਅਤੇ ਵਰਤੋਂ –
    ਜਦੋਂ ਕੋਈ ਮੁੱਖ ਆਗੂ ਆਪਣੇ ਪਿੱਛੇ ਲੱਗੇ ਹੋਏ ਹਮਾਤੜ ਨੂੰ ਵੀ ਲੈ ਡੁੱਬੇ 
    ਤਾਂ ਵਿਅੰਗ ਵਜੋਂ ਇਹ ਆਖਾਣ ਬੋਲਿਆ ਜਾਂਦਾ ਹੈ। 
  56. ਆਪ ਦੀਆ ਸੋ ਦੁੱਧ ਬਰਾਬਰ, ਮੰਗ ਲਿਆ ਸਭ ਪਾਣੀ
    ਅਰਥ ਅਤੇ ਵਰਤੋਂ –
    ਜਦੋਂ ਇਹ ਦੱਸਣਾ ਹੋਵੇ ਕਿ ਮੰਗ ਲਈ ਚੀਜ ਵਿਚ ਉਹ ਖੁਸ਼ੀ ਅਤੇ ਰਸ ਨਹੀਂ ਮਿਲਦਾ ਜੋ ਆਪਣੇ-ਆਪਣੇ ਦਿੱਤੀ ਚੀਜ਼ ਤੋਂ ਮਿਲਦਾ ਹੈ 
    ਤਾਂ  ਇਹ ਆਖਾਣ ਬੋਲਿਆ ਜਾਂਦਾ ਹੈ। 
  57. ਆਪ ਨਾ ਵੰਞੀ ਸਹੁਰੇ, ਤੇ ਲੋਕਾਂ ਮੱਤਾਂ ਦੇ
    ਅਰਥ ਅਤੇ ਵਰਤੋਂ –
    ਜਦੋਂ ਕੋਈ ਗੈਰ-ਤਜ਼ਰਬੇਕਾਰ ਬੰਦਾ ਦੂਜਿਆਂ ਨੂੰ ਮੱਤਾਂ ਦੇਵੇ
    ਤਾਂ ਵਿਅੰਗ ਵਜੋਂ ਇਹ ਆਖਾਣ ਬੋਲਿਆ ਜਾਂਦਾ ਹੈ। 
  58. ਆਪ ਬੀਚਾਰੇ, ਸੋ ਗਿਆਨੀ
    ਅਰਥ ਅਤੇ ਵਰਤੋਂ –
    ਜਦੋਂ ਇਹ ਦੱਸਣਾ ਹੋਵੇ ਕਿ ਜਿਹੜਾ ਖੁਦ ਸਭ ਕੁਝ ਸਮਝ ਜਾਵੇ ਉਸ ਵਰਗਾ ਸਿਆਣਾ ਕੋਈ ਨਹੀਂ 
    ਤਾਂ ਇਹ ਆਖਾਣ ਬੋਲਿਆ ਜਾਂਦਾ ਹੈ। 
  59. ਆਪ ਬੀਬੀ ਕੋਕਾ, ਤੇ ਮਿਹਣੇ ਦੇਵੇ ਲੋਕਾਂ
    ਅਰਥ ਅਤੇ ਵਰਤੋਂ –
    ਜਦੋਂ ਕੋਈ ਖੁਦ ਤਾਂ ਔਗੁਣਾ ਨਾਲ ਭਰਿਆ ਪਿਆ ਹੋਵੇ ਪਰ ਦੂਜਿਆ ਵਿਚ ਨੁਕਸ ਕੱਢੀ ਜਾਵੇ 
    ਤਾਂ ਵਿਅੰਗ ਵਜੋਂ ਇਹ ਆਖਾਣ ਬੋਲਿਆ ਜਾਂਦਾ ਹੈ। 
  60. ਆਪ ਮਰੀਏ ਨਾ ਤੇ ਸਵਰਗ ਜਾਈਏ ਨਾ
    ਅਰਥ ਅਤੇ ਵਰਤੋਂ –
    ਜਦੋਂ  ਇਹ ਦੱਸਣਾ ਹੋਵੇ ਕਿ ਬਿਨਾਂ ਕਰਮ ਕੀਤੇ ਕੁਝ ਨਹੀਂ ਮਿਲ ਸਕਦਾ 
    ਤਾਂ ਇਹ ਆਖਾਣ ਬੋਲਿਆ ਜਾਂਦਾ ਹੈ।  ਇਹ ਅਖਾਣ ਵਜੋਂ ਵੀ ਬੋਲਿਆ ਜਾਂਦਾ ਹੈ।
  61. ਆਪ ਮਰੇ ਜਗ ਪਰਲੋ
    ਅਰਥ ਅਤੇ ਵਰਤੋਂ –
    ਇਹ ਅਖਾਣ ਮਨ-ਮੌਜੀ ਲੋਕ ਹਾਸੇ-ਠੱਠੇ ਅਤੇ ਰਮਝ ਵਿਚ ਗੱਲ ਕਰਨ ਮੌਕੇ ਅਕਸਰ ਵਰਤਦੇ ਹਨ ਕਿ ਜਾਨ ਨਾਲ ਹੀ ਜਹਾਨ ਹੈ। ਜਦੋਂ ਜਾਨ ਨਾ ਰਹੇ ਤਾਂ ਜਹਾਨ ਦਾ ਕੋਈ ਅਰਥ ਨਹੀਂ ਰਹਿੰਦਾ।
  62. ਆਪ ਮੀਆਂ ਮੰਗਤੇ, ਤੇ ਬਾਹਰ ਖੜ੍ਹੇ ਦਰਵੇਸ਼
    ਅਰਥ ਅਤੇ ਵਰਤੋਂ –
    ਜਦੋਂ ਕਿਸੇ ਦੀ ਖੁਦ ਹਾਲਤ ਤਾਂ ਬਦ-ਤੋਂ-ਬਦਤਰ ਹੋਵੇ ਪਰ ਹੋਰ ਲੋਕ ਉਸ ਤੋਂ ਉਮੀਦਾਂ ਰੱਖਣ 
    ਤਾਂ ਵਿਅੰਗ ਵਜੋਂ ਇਹ ਆਖਾਣ ਬੋਲਿਆ ਜਾਂਦਾ ਹੈ।
  63. ਆਪ ਲਗੇਂਦਿਆਂ ਲੰਘਣ, ਤੇ ਯਾਰ ਪਰੌਂਠੇ ਮੰਗਣ
    ਅਰਥ ਅਤੇ ਵਰਤੋਂ –
    ਜਦੋਂ ਕਿਸੇ ਦੀ ਖੁਦ ਹਾਲਤ ਤਾਂ ਮਾੜੀ ਹੋਵੇ ਪਰ ਯਾਰ-ਬੇਲੀ ਉਸ ਤੋਂ ਉਮੀਦਾਂ ਰੱਖਣ ਤਾਂ ਵਿਅੰਗ ਵਜੋਂ ਇਹ ਆਖਾਣ ਬੋਲਿਆ ਜਾਂਦਾ ਹੈ।
  64. ਆਪ ਵਲੱਲੀ, ਵਿਹੜਾ ਡਿੰਗਾ
    ਅਰਥ ਅਤੇ ਵਰਤੋਂ –
    ਜਦੋਂ ਕੋਈ ਆਪਣੀ ਗਲਤੀ ਨੂੰ ਛੁਪਾਉਣ ਲਈ ਦੂਜੇ ਵਿਚ ਨੁਕਸ ਕੱਢੇ ਤਾਂ ਵਿਅੰਗ ਵਜੋਂ ਇਹ ਆਖਾਣ ਬੋਲਿਆ ਜਾਂਦਾ ਹੈ। ਇਸ ਲਈ ਨਾਚ ਨਾ ਜਾਣੇ ਆਂਗਣ ਟੇਡਾ ਵੀ ਕਿਹਾ ਜਾਂਦਾ ਹੈ।
  65. ਆਪ ਵਿਹਾਜੇ ਮਾਮਲੇ, ਆਪੇ ਸਿਰ ਵਿੱਚ ਪਾਏ
    ਅਰਥ ਅਤੇ ਵਰਤੋਂ –
    ਜਦੋਂ ਕੋਈ ਜਾਣ-ਬੁਝ ਕੇ ਕੋਈ ਸਮੱਸਿਆ ਸੁਹੇੜ ਲਵੇ ਅਤੇ ਉਸ ਨੂੰ ਠੀਕ ਕਰਨ ਦੀ ਵੀ ਜਿੰਮੇਵਾਰੀ ਚੁੱਕ ਲਵੇ 
    ਤਾਂ ਵਿਅੰਗ ਵਜੋਂ ਇਹ ਆਖਾਣ ਬੋਲਿਆ ਜਾਂਦਾ ਹੈ। 
  66. ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ
    ਅਰਥ ਅਤੇ ਵਰਤੋਂ –
    ਆਪਣੇ ਹੱਥੀਂ ਖੁਦ ਆਪ ਆਪਣਾ ਭਲਾ ਕਰਨ ਦੀ ਨਸੀਹਤ ਦੇਣੀ ਹੋਵੇ 
    ਤਾਂ ਇਹ ਆਖਾਣ ਬੋਲਿਆ ਜਾਂਦਾ ਹੈ। 
  67. ਆਪਣ ਹੱਥੀਂ ਬੀਜਿਆ, ਆਪੇ ਹੀ ਹੁਣ ਵੱਢ
    ਅਰਥ ਅਤੇ ਵਰਤੋਂ –
    ਜਦੋਂ ਕੋਈ ਆਪਣੇ ਕੀਤੇ ਗਲਤ ਕੰਮਾਂ ਦਾ ਸਜਾ ਭੁਗਤ ਰਿਹਾ ਹੋਵੇ 
    ਤਾਂ ਇਹ ਆਖਾਣ ਬੋਲਿਆ ਜਾਂਦਾ ਹੈ।
  68. ਆਪਣਾ ਆਪ ਦਿਸਾਵੇ ਨਾ, ਤੇ ਲੋਕ ਪਸੰਦ ਆਵੇ ਨਾ
    ਅਰਥ ਅਤੇ ਵਰਤੋਂ –
    ਜਦੋਂ ਕਿਸੇ ਨੂੰ ਖੁਦ ਦੇ ਔਗੁਣ ਨਾ ਦਿਸਣ ਪਰ ਲੋਕਾਂ ਦੇ ਵਿਚ ਨੁਕਸ ਕੱਢੇ 
    ਤਾਂ ਵਿਅੰਗ ਵਜੋਂ ਇਹ ਆਖਾਣ ਬੋਲਿਆ ਜਾਂਦਾ ਹੈ। 
  69. ਆਪਣਾ ਆਪ ਬਗੋਇਆ, ਤੇ ਆਪੇ ਖੱਜਲ ਹੋਇਆ
    ਅਰਥ ਅਤੇ ਵਰਤੋਂ –
    ਜਦੋਂ ਕੋਈ ਕਿਸੇ ਅਵੱਲੀ ਗੱਲ ਨੂੰ ਦਿਲ ’ਤੇ ਲਾ ਕੇ ਆਪਣਾ ਬੁਰਾ ਹਾਲ ਕਰ ਲਵੇ ਤਾਂ 
    ਇਹ ਆਖਾਣ ਬੋਲਿਆ ਜਾਂਦਾ ਹੈ।
  70. ਆਪਣਾ ਆਪਣਾ, ਪਰਾਇਆ ਪਰਾਇਆ
    ਅਰਥ ਅਤੇ ਵਰਤੋਂ –
    ਆਪਣੇ ਅਤੇ ਪਰਾਏ ਦਾ ਫਰਕ ਦੱਸਣ ਮੌਕੇ 
    ਇਹ ਆਖਾਣ ਬੋਲਿਆ ਜਾਂਦਾ ਹੈ।
  71. ਆਪਣਾ ਹਾਥ, ਜਗਨਨਾਥ
    ਅਰਥ ਅਤੇ ਵਰਤੋਂ –
    ਆਪਣੇ ਹੱਥੀਂ ਖੁਦ ਆਪ ਆਪਣਾ ਭਲਾ ਕਰਨ ਦੀ ਨਸੀਹਤ ਦੇਣੀ ਹੋਵੇ ਤਾਂ ਇਹ ਆਖਾਣ ਬੋਲਿਆ ਜਾਂਦਾ ਹੈ। 
  72. ਆਪਣਾ ਕੰਮ ਕੀਤਾ, ਤੇ ਭੈਣ ਮਰਾਵੇ ਜੀਤਾ
    ਅਰਥ ਅਤੇ ਵਰਤੋਂ –
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਮਤਲਬੀ ਮਨੁੱਖ ਆਪਣਾ ਮਤਲਬ ਕੱਢ ਕੇ ਤੁਰਦਾ ਬਣੇ।
  73. ਆਪਣਾ ਖੂਨ ਹਮੇਸ਼ਾ ਮਾਰ ਕਰਦਾ
    ਅਰਥ ਅਤੇ ਵਰਤੋਂ –
    ਜਦੋਂ ਇਹ ਦੱਸਣਾ ਹੋਵੇ ਕਿ ਖੂਨ ਦੇ ਰਿਸ਼ਤੇ ਦੁੱਖ-ਸੁਖ ਵੇਲੇ ਹਮੇਸ਼ਾ ਕੰਮ ਆਉਂਦੇ ਹਨ ਤਾਂ 
    ਇਹ ਆਖਾਣ ਬੋਲਿਆ ਜਾਂਦਾ ਹੈ। 
  74. ਆਪਣਾ ਖੂਨ ਬੋਲਣੋਂ ਨਹੀਂ ਰਹਿੰਦਾ
    ਅਰਥ ਅਤੇ ਵਰਤੋਂ –
    ਜਦੋਂ ਔਖੇ ਵੇਲੇ ਆਪਣੇ ਨਾਲ ਖੜ੍ਹ ਜਾਣ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। 
  75. ਆਪਣਾ ਗੌਂ ਤੇ ਗਧੇ ਨੂੰ ਪਿਓ
    ਅਰਥ ਅਤੇ ਵਰਤੋਂ –
    ਜਦੋਂ ਇਹ ਦੱਸਣਾ ਹੋਵੇ ਕਿ ਮਤਲਬੀ ਮਨੁੱਖ ਲੋੜ ਵੇਲੇ ਗਧੇ ਨੂੰ ਵੀ ਬਾਪ ਬਣਾ ਲੈਂਦਾ ਹੈ 
    ਤਾਂ ਇਹ ਆਖਾਣ ਬੋਲਿਆ ਜਾਂਦਾ ਹੈ। 
  76. ਆਪਣਾ ਘਰ, ਜੋ ਚਾਹੇ ਸੋ ਕਰ
    ਅਰਥ ਅਤੇ ਵਰਤੋਂ –
    ਆਪਣੇ ਵਿਚ ਰਹਿਣ-ਸਹਿਣ ਅਤੇ ਹਰ ਤਰ੍ਹਾਂ ਦੀ ਮੌਜ ਨੂੰ ਦਰਸਾਉਣਾ ਹੋਵੇ 
    ਤਾਂ ਇਹ ਆਖਾਣ ਬੋਲਿਆ ਜਾਂਦਾ ਹੈ। 
  77. ਆਪਣਾ ਘਰ, ਭਾਵੇਂ ਹੱਗ ਹੱਗ ਭਰ।
    ਉਹੀ ਅਰਥ
  78. ਆਪਣਾ ਠੋਸਾ ਆਪ ਭਰੋਸਾ
    ਅਰਥ ਅਤੇ ਵਰਤੋਂ –
    ਆਪਣੇ ਹੱਥੀਂ ਰੱਖੀ ਚੀਜ਼ ਲੋੜ ਪੈਣ ’ਤੇ ਮਿਲ ਹੀ ਜਾਂਦੀ ਹੈ। ਜਦੋਂ ਇਹ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  79. ਆਪਣਾ ਦਹੀਂ ਸਭ ਤੋਂ ਮਿੱਠਾ
    ਅਰਥ ਅਤੇ ਵਰਤੋਂ –
    ਜਦੋਂ ਆਪਣੀ ਚੀਜ਼ ਦਾ ਮਾਣ ਜਤਾਉਣਾ ਹੋਵੇ 
    ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਇਹ ਅਖਾਣ ਵਿਅੰਗ ਵਜੋਂ ਵੀ ਬੋਲਿਆ ਜਾਂਦਾ ਹੈ।
  80. ਆਪਣਾ ਨਾ ਭਰੇ ਤੇ ਕੁੜਮਾਂ ਨੂੰ ਕੀ ਧਰੇ
    ਅਰਥ ਅਤੇ ਵਰਤੋਂ –
    ਜਦੋਂ ਇਹ ਕਹਿਣਾ ਹੋਵੇ ਕਿ ਜਿਸ ਦੀਆਂ ਖੁਦ ਦੀਆਂ ਲੋੜਾਂ ਪੂਰੀਆਂ ਨਹੀਂ ਹੋ ਰਹੀਆਂ ਉਹ ਦੂਜਿਆਂ ਦੀ ਮਦਦ ਕਿਵੇਂ ਕਰ ਸਕਦਾ ਹੈ 
    ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  81. ਆਪਣਾ ਨੀਂਗਰ, ਪਰਾਇਆ ਢੀਂਗਰ
    ਅਰਥ ਅਤੇ ਵਰਤੋਂ –
    ਜਦੋਂ ਕੋਈ ਆਪਣੀ ਚੀਜ਼ ਨੂੰ ਚੰਗਾ ਦੱਸੇ ਅਤੇ ਦੂਜੇ ਦੀ ਚੀਜ਼ ਨੂੰ ਘਟੀਆ ਦੱਸੇ ਤਾਂ
     ਇਹ ਅਖਾਣ ਬੋਲਿਆ ਜਾਂਦਾ ਹੈ।
  82. ਆਪਣਾ ਮਕਾਨ, ਕੋਟ ਸਮਾਨ
    ਅਰਥ ਅਤੇ ਵਰਤੋਂ –
    ਜਦੋ ਇਹ ਦੱਸਣਾ ਹੋਵੇ ਕਿ ਆਪਣਾ ਘਰ ਸਭ ਤੋਂ ਸੁਰੱਖਿਅਤ ਭਾਵ ਕਿਲੇ ਵਰਗਾ ਹੁੰਦਾ ਹੈ 
    ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  83. ਆਪਣਾ ਮਾਰੂ ਤਾਂ ਛਾਵੇਂ ਸੁੱਟੂ
    ਅਰਥ ਅਤੇ ਵਰਤੋਂ –
    ਜਦੋਂ ਇਹ ਦੱਸਣਾ ਹੋਵੇ ਕਿ ਆਪਣਾ ਖੂਨ ਭਾਵੇ ਲੱਖ ਦੁਸ਼ਮਣ ਹੋਵੇ ਫਿਰ ਵੀ ਉਸ ਦੇ ਦਿਲ ਵਿਚ ਰਹਿਮ ਅਤੇ ਪਿਆਰ ਜਿਉਂਦਾ ਰਹਿੰਦਾ ਹੈ 
    ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  84. ਆਪਣਾ ਰੱਖੇ, ਪਰਾਇਆ ਚੱਖੇ
    ਅਰਥ ਅਤੇ ਵਰਤੋਂ –
    ਜਦੋਂ ਇਹ ਦੱਸਣਾ ਹੋਵੇ ਕਿ ਲਾਲਚੀ ਅਤੇ ਕੰਜੂਸ ਬੰਦਾ ਆਪਣੇ ਪੱਲਿਓਂ ਕਦੇ ਧੇਲਾ ਨਹੀਂ ਖਰਚਦਾ ਪਰ ਦੂਜਿਆਂ ਦੇ ਮਾਲ ਤੇ ਹਮੇਸ਼ਾਂ ਐਸ਼ ਕਰਦਾ ਹੈ 
    ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  85. ਆਪਣਾ ਰੱਖੇ, ਪਰਾਇਆ ਤੱਕੇ, ਉਹਨੂੰ ਮਿਲਣ ਦਰਗਾਹ ਤੋਂ ਧੱਕੇ
    ਅਰਥ ਅਤੇ ਵਰਤੋਂ –
    ਜਦੋਂ ਇਹ ਦੱਸਣਾ ਹੋਵੇ ਕਿ ਕੋਈ ਪਰਾਏ ਘਰ ਉੱਤੇ ਬੁਰੀ ਨਜ਼ਰ ਰੱਖੇ ਤਾਂ ਉਸ ਨੂੰ ਰੱਬ ਵੀ ਮਾਫ ਨਹੀਂ ਕਰਦਾ ਤਾਂ 
    ਇਹ ਅਖਾਣ ਬੋਲਿਆ ਜਾਂਦਾ ਹੈ।
  86. ਆਪਣਾ ਲੈਣਾ ਲੈ ਲਈਏ, ਅਗਲੇ ਦਾ ਰੱਖੀਏ ਦੱਬ
    ਅਰਥ ਅਤੇ ਵਰਤੋਂ –
    ਜਦੋਂ ਇਹ ਵਿਅੰਗ ਕਰਨਾ ਹੋਵੇ ਕਿ ਕੋਈ ਆਪਣੇ ਹਿਸਾਬ-ਕਿਤਾਬ ਤਾਂ ਲੈਣ ਲਈ ਤਾਂ ਕਾਹਲਾ ਰਹਿੰਦਾ ਪੈਰ ਹਿਸਾਬ ਕਿਤਾਬ ਦੇਣ ਵੇਲੇ ਮਚਲਾ ਹੋ ਜਾਂਦਾ ਹੈ ਤਾਂ 
    ਇਹ ਅਖਾਣ ਬੋਲਿਆ ਜਾਂਦਾ ਹੈ।
  87. ਆਪਣਿਆਂ ਦੇ ਗਿੱਟੇ ਭੰਨਾ, ਪੈਰ ਪਰਾਏ ਚੁੰਮਾ
    ਅਰਥ ਅਤੇ ਵਰਤੋਂ –
    ਜਦੋਂ ਕੋਈ ਘਰ ਦੇ ਜੀਆਂ ਨਾਲ ਤਾਂ ਹਮੇਸ਼ਾ ਲੜਦਾ ਰਹੇ ਪਰ ਬਾਹਰ ਲੋਕਾਂ ਭਲੇਮਾਣਸੀ ਭਰਿਆ ਵਰਤਾਓ ਕਰੇ ਤਾਂ 
    ਇਹ ਅਖਾਣ ਬੋਲਿਆ ਜਾਂਦਾ ਹੈ।
  88. ਆਪਣੀ ਅਕਲ, ਪਰਾਇਆ ਧੰਨ, ਹਮੇਸ਼ਾ ਵੱਧ ਜਾਪੇ
    ਅਰਥ ਅਤੇ ਵਰਤੋਂ –
    ਜਦੋਂ ਇਹ ਦੱਸਣਾ ਹੋਵੇ ਕਿ ਆਪਣੀ ਅਕਲ ਅਤੇ ਦੂਜੇ ਦਾ ਪੈਸਾ ਹਮੇਸ਼ਾ ਵੱਧ ਜਾਪਦੇ ਹਨ ਤਾਂ 
    ਇਹ ਅਖਾਣ ਬੋਲਿਆ ਜਾਂਦਾ ਹੈ।
  89.  ਆਪਣੀ ਅੱਖ, ਪਰਾਇਆ ਡੇਲਾ
    ਅਰਥ ਅਤੇ ਵਰਤੋਂ –
    ਜਦੋਂ ਕੋਈ ਆਪਣੀ ਚੀਜ਼ ਨੂੰ ਵਧੀਆ ਅਤੇ ਦੂਜੇ ਦੀ ਚੀਜ਼ ਨੂੰ ਘਟੀਆ ਦੱਸੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  90. ਆਪਣੀ ਹੱਟੀ ਦਾ, ਹਰ ਕੋਈ ਹੋਕਾ ਦਿੰਦਾ
    ਅਰਥ ਅਤੇ ਵਰਤੋਂ –
    ਜਦੋਂ ਇਹ ਕਹਿਣਾ ਹੋਵੇ ਕਿ ਹਰ ਕੋਈ ਆਪਣੀ ਚੀਜ਼ ਨੂੰ ਹੀ ਵਧੀਆ ਦੱਸਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। 
  91. ਆਪਣੀ ਕਰਨੀ ਆਪੇ ਭਰਨੀ
    ਅਰਥ ਅਤੇ ਵਰਤੋਂ –
    ਜਦੋਂ ਕਰਮ ਸਿਧਾਂਤ ਦੇ ਅਟੱਲ ਹੋਣ ਬਾਰੇ ਕਹਿਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  92. ਆਪਣੀ ਛਾਹ (ਲੱਸੀ) ਨੂੰ ਕੋਈ ਖੱਟੀ ਨਹੀਂ ਕਹਿੰਦਾ
    ਅਰਥ ਅਤੇ ਵਰਤੋਂ –
    ਜਦੋਂ ਇਹ ਕਹਿਣਾ ਹੋਵੇ ਕਿ ਆਪਣੀ ਚੀਜ਼ ਨੂੰ ਕੋਈ ਬੁਰਾ ਨਹੀਂ ਕਹਿੰਦਾ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। 
  93. ਆਪਣੀ ਜਨਾਨੀ ਬੁੱਕਲ ਦਾ ਲੱਡੂ
    ਅਰਥ ਅਤੇ ਵਰਤੋਂ –
    ਜਦੋਂ ਇਹ ਦੱਸਣਾ ਕਿ ਖੁੱਲ੍ਹੀ ਸਰੀਰਕ  ਸੁੱਖ ਮਾਨਣ ਦੀ ਮੌਜ ਆਪਣੀ ਜਨਾਨੀ ਨਾਲ ਹੀ ਮਿਲ ਸਕਦੀ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  94. ਆਪਣੀ ਨੀਂਦ ਸਾਉਣਾ ਆਪਣੀ ਨੀਂਦ ਜਾਗਣਾ
    ਅਰਥ ਅਤੇ ਵਰਤੋਂ –
    ਜਦੋਂ ਆਪਣੇ ਕੰਮ ਵਿਚ ਕਿਸੇ ਦੀ ਅਧੀਨਗੀ ਨਾ ਹੋਣ ਬਾਰੇ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  95. ਆਪਣੀ ਪਈ, ਪਰਾਈ ਵਿਸਰੀ।
    ਅਰਥ ਅਤੇ ਵਰਤੋਂ –
    ਜਦੋਂ ਇਸ ਦੱਸਣਾ ਹੋਵੇ ਕਿ ਆਪਣੇ ਤੇ ਪਈ ਮੁਸੀਬਤ ਵੇਲੇ ਹੋਰ ਲੋਕਾਂ ਦੀਆਂ ਸਾਰੀਆਂ ਗੱਲਾਂ ਵੱਲੋਂ ਧਿਆਨ ਹਟ ਜਾਂਦਾ ਹੈ।
  96. ਆਪਣੀ ਬੇੜੀ ਆਪਣਾ ਵੰਞ
    ਅਰਥ ਅਤੇ ਵਰਤੋਂ –
    ਜਦੋਂ ਇਹ ਦੱਸਣਾ ਹੋਵੇ ਹਰ ਪਾਸੇ ਆਪਣਾ ਹੀ ਨਫਾ-ਨੁਕਸਾਨ, ਮਨਮਰਜੀ ਅਤੇ ਖੁਦਮੁਖਤਿਆਰੀ ਹੈ 
    ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  97. ਆਪਣੀ ਭਾਵੇਂ ਮੱਝ ਮਰ ਜਾਏ, ਸ਼ਰੀਕਾਂ ਦੀ ਕੰਧ ਜਰੂਰ ਸੁੱਟਣੀ ਜਦੋਂ ਕੋਈ ਕਿਸੇ ਦਾ ਨੁਕਸਾਨ ਕਰਨ ਬਦਲੇ ਆਪਣਾ ਨੁਕਸਾਨ ਹੋਣ ਦੀ ਵੀ ਪਰਵਾਹ ਨਾ ਕਰੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  98. ਆਪਣੀ ਮਾਂ ਮਾਰੂ ਵੀ, ਤੇ ਸ਼ਿੰਗਾਰੂ ਵੀ
    ਅਰਥ ਅਤੇ ਵਰਤੋਂ –
    ਜਦੋਂ ਆਪਣੇ ਵੱਡਿਆਂ ਦੀਆਂ ਝਿੜਕਾਂ ਦੇ ਫਾਇਦੇ ਦੱਸਣੇ ਹੋਣ 
    ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  99. ਆਪਣੀਆਂ ਜੁੱਤੀਆਂ, ਆਪਣਾ ਸਿਰ
    ਅਰਥ ਅਤੇ ਵਰਤੋਂ –
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਮਨੁੱਖ ਆਪਣੇ ਸਾਧਨਾ ਰਾਹੀਂ ਆਪਣਾ ਆਪ ਹੀ ਨੁਕਸਾਨ ਕਰ ਬੈਠੇ।
  100. ਆਪਣੀਆਂ ਨਾ ਦੱਸੀਏ, ਪਰਾਈਆਂ ਕਰ ਹੱਸੀਏ
    ਅਰਥ ਅਤੇ ਵਰਤੋਂ –
    ਜਦੋਂ ਇਹ ਦੱਸਣਾ ਹੋਵੇ ਕਿ ਬੰਦਾ ਆਪਣੇ ਔਗੁਣ ਅਤੇ ਗਲਤੀਆਂ ਤਾਂ ਛੁਪਾਅ ਲੈਂਦਾ ਪਰ ਦੂਜਿਆਂ ਦੇ ਔਗੁਣਾ ਉੱਤੇ ਖੂਬ ਹੱਸਦਾ ਹੈ
    ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  101. ਆਪਣੀਆਂ ਮੈਂ ਕੁੱਜੇ ਪਾਵਾਂ, ਬੈਠ ਪਰਾਈਆਂ ਫੋਲਾ
    ਅਰਥ ਅਤੇ ਵਰਤੋਂ –
    ਜਦੋਂ ਇਹ ਦੱਸਣਾ ਹੋਵੇ ਕਿ ਸਾਹਮਣੇ ਵਾਲਾ ਆਪਣੇ ਔਗੁਣਾ ਨੂੰ ਛੁਪਾਅ ਲੈਂਦਾ ਹੈ ਪਰ ਦੂਜੇ ਦੇ ਔਗੁਣਾ ਅਤੇ ਗਲਤੀਆਂ ਚੌਰਾਹੇ ਵਿਚ ਦੱਸਦਾ ਹੈ 
    ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  102. ਆਪਣੇ ਔਗੁਣ ਵੀ ਗੁਣ
    ਅਰਥ ਅਤੇ ਵਰਤੋਂ –
    ਜਦੋਂ ਕਿਸੇ ਨੂੰ ਆਪਣੇ ਔਗੁਣ ਵੀ ਗੁਣ ਜਾਪਣ 
    ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  103. ਆਪਣੇ ਕੱਖੀਂ, ਆਪੇ ਅੱਗ
    ਅਰਥ ਅਤੇ ਵਰਤੋਂ –
    ਜਦੋਂ ਕੋਈ ਆਪਣੇ ਬੁਣੇ ਹੋਏ ਜਾਲ ਵਿਚ ਫਸ ਕੇ ਆਪ ਤਬਾਹ ਹੋਵੇ 
    ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  104. ਆਪਣੇ ਕੋਲ਼ੇ ਤੇ ਅਗਲੇ ਦੀ ਸਵਾਹ
    ਅਰਥ ਅਤੇ ਵਰਤੋਂ –
    ਜਦੋਂ ਕੋਈ ਆਪਣੇ ਘਟੀਆ ਚੀਜ਼ ਨੂੰ ਚੰਗਾ ਅਤੇ ਦੂਜੇ ਦੀ ਵਧੀਆ ਨੂੰ ਮਾੜਾ ਦੱਸੇ 
    ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  105. ਆਪਣੇ ਖਰੀਂਢ ਤਾਂ ਬਾਂਦਰ ਵੀ ਨਹੀਂ ਖੁਰਕਦਾ
    ਅਰਥ ਅਤੇ ਵਰਤੋਂ –
    ਜਦੋਂ ਕਿਸੇ ਨੂੰ ਇਹ ਸਮਝਾਉਣਾ ਹੋਵੇ ਕਿ ਆਪਣੇ ਪਰਦੇ ਜਾਂ ਕਮਜੋਰੀਆਂ ਨੂੰ ਨੰਗਾ ਨਹੀਂ ਕਰੀਦਾ 
    ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  106. ਆਪਣੇ ਘਰ ਹਰ ਕੋਈ ਬਾਦਸ਼ਾਹ
    ਅਰਥ ਅਤੇ ਵਰਤੋਂ –
    ਜਦੋਂ ਇਹ ਕਹਿਣਾ ਹੋਵੇ ਕਿ ਆਪਣੇ ਘਰ ਦਾ ਹਰ ਕੋਈ ਮਾਲਕ ਭਾਵ ਰਾਜਾ ਹੁੰਦਾ ਹੈ 
    ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  107. ਆਪਣੇ ਘਰ ਕੋਈ ਛੱਜ ਵਾਜਾਵੇ ਕੋਈ ਛਾਨਣੀ
    ਅਰਥ ਅਤੇ ਵਰਤੋਂ –
    ਜਦੋਂ ਇਹ ਦੱਸਣਾ ਹੋਵੇ ਕਿ ਕੋਈ ਆਪਣੇ ਘਰ ਵਿਚ ਕਿਸੇ ਵੀ ਹਾਲਾਤ ਵਿਚ ਰਹੇ ਕਿਸੇ ਨੂੰ ਉਸ ਨਾਲ ਕੋਈ ਮਤਲਬ ਨਹੀ ਹੋਣਾ ਚਾਹੀਦਾ।
  108. ਆਪਣੇ ਘਰ ਨੂੰ ਸਾਰੇ ਸਿਆਣੇ
    ਅਰਥ ਅਤੇ ਵਰਤੋਂ –
    ਜਦੋਂ ਕਿਸੇ ਨੂੰ ਇਹ ਜਤਾਉਣਾ ਹੋਵੇ ਕਿ ਹਰ ਆਪਣੇ ਨਿੱਜੀ ਫਾਇਦੇ ਬਾਰੇ ਹੀ ਸੋਚਦਾ ਹੈ 
    ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  109. ਆਪਣੇ ਘਰ ਲੱਗੀ ਅੱਗ, ਦੂਜੇ ਦੇ ਘਰ ਬਸੰਤਰ
    ਅਰਥ ਅਤੇ ਵਰਤੋਂ –
    ਇਹ ਅਖਾਣ ਗੁੱਸੇ ਜਾਂ ਵਿਅੰਗ ਵਜੋਂ ਬੋਲਿਆ ਕਿ ਆਪਣੇ ’ਤੇ ਪਈ ਮੁਸੀਬਤ ਹਰ ਕਿਸੇ ਨੂੰ ਮੁਸੀਬਤ ਜਾਪਦੀ ਪਰ ਦੂਜੇ ਦੀ ਮੁਸੀਬਤ ਕੋਈ ਮਸਾਲਾ ਫਿਲਮ ਜਾਪਦੀ ਹੈ।
  110. ਆਪਣੇ ਡਫ਼ਲੀ, ਆਪਣਾ ਰਾਗ
    ਅਰਥ ਅਤੇ ਵਰਤੋਂ –
    ਜਦੋਂ ਕੋਈ ਆਪਣੀ ਮਸਤੀ ਅਤੇ ਮਨਮਰਜੀ ਦੇ ਅਸੂਲਾਂ ਚੱਲੇ 
    ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  111. ਆਪਣੇ ਦੇਸ਼ ਦਾ ਕੰਡਾ, ਤੇ ਪਰਾਏ ਦੇਸ਼ ਦਾ ਫੁੱਲ ਇਕ ਬਰਾਬਰ
    ਅਰਥ ਅਤੇ ਵਰਤੋਂ –
    ਜਦੋਂ ਆਪਣੇ ਦੇਸ਼ ਪ੍ਰਤੀ ਮੋਹ-ਪਿਆਰ ਅਤੇ ਬਿਗਾਨੇ ਦੇਸ਼ ਬਿਗਾਨਗੀ ਦਾ ਅਹਿਸਾਸ ਪ੍ਰਗਟ ਕਰਨਾ ਹੋਵੇ 
    ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  112. ਆਪਣੇ ਦੇਸ਼ ਦਾ ਪਾਣੀਂ ਤੇ ਪਰਾਏ ਦੇਸ਼ ਦਾ ਦੁੱਧ ਇਕ ਬਰਾਬਰ
    ਉਹੀ ਅਰਥ
  113. ਆਪਣੇ ਨੈਣ ਮੈਨੂੰ ਦੇ, ਤੂੰ ਮਟਕਾਉਂਦੀ ਫਿਰ
    ਅਰਥ ਅਤੇ ਵਰਤੋਂ –
    ਜਦੋਂ ਕੋਈ ਅਸਲ ਮਾਲਕ ਕੋਲੋਂ ਉਸ ਦੀ ਖਾਸ ਚੀਜ਼ ਉਧਾਰੀ ਜਾਂ ਮੰਗਵੀਂ ਲੈਣ ਦੀ ਗੱਲ ਕਹੇ, ਜਿਸ ਚੀਜ ਕਾਰਨ ਉਸ ਕੰਮਕਾਰ ਰੁਕ ਜਾਵੇ ਅਤੇ ਉਹ ਦਰ-ਦਰ ਧੱਕੇ ਖਾਣ ਲਈ ਮਜਬੂਰ ਹੋਵੇ 
    ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  114. ਆਪਣੇ ਪਕਾਈ, ਤੇ ਸਾਡੇ ਨਾ ਆਈਂ
    ਅਰਥ ਅਤੇ ਵਰਤੋਂ –
    ਜਦੋਂ ਕਿਸੇ ਨਾਲ ਰਿਸ਼ਤਾ-ਨਾਤਾ ਨਾ ਰੱਖਣਾ ਹੋਵੇ 
    ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  115. ਆਪਣੇ ਮਨ ਤੋਂ ਜਾਣੀਏ, ਦੂਜੇ ਮਨ ਕੀ ਬਾਤਇਹ ਅਖਾਣ ਇਹ ਦਰਸਾਉਣ ਲਈ ਬੋਲਿਆ ਜਾਂਦਾ ਹੈ ਕਿ ਜੈਸੀ ਸਾਡੀ ਖੁਦ ਦੀ ਮਨੋਦਸ਼ਾ ਹੈ ਸਾਨੂੰ ਉਹੋ ਜਹੇ ਹੀ ਦੂਸਰੇ ਲੋਕ ਜਾਪਦੇ ਹਨ।
  116. ਆਪਣੇ ਮਨ ਭਾਵੇ ਤਾਂ ਡੇਹਲਾ ਵੀ ਸੁਪਾਰੀ
    ਅਰਥ ਅਤੇ ਵਰਤੋਂ –
    ਇਹ ਅਖਾਣ ਇਹ ਦਰਸਾਉਣ ਲਈ ਬੋਲਿਆ ਜਾਂਦਾ ਹੈ ਕਿ ਮਨ ਦੀ ਆਪਣਾ ਹੀ ਵਿਧਾਨ ਹੈ। ਉਹ ਜਿਸ ਚੀਜ਼ ਉੱਤੇ ਡੁੱਲ ਜਾਂਦਾ ਹੈ ਫਿਰ ਉਹ ਉਸ ਚੀਜ਼ ਦੇ ਗੁਣ-ਔਗੁਣ ਨਹੀਂ ਦੇਖਦਾ।
  117. ਆਪੇ ਆਪਣਾ ਸਿਰ ਨਹੀਂ ਗੁੰਦਿਆ ਜਾਂਦਾ
    ਅਰਥ ਅਤੇ ਵਰਤੋਂ –
    ਆਪਣਾ ਕੰਮ ਆਪ ਕਰਦਿਆਂ ਹਮੇਸ਼ਾ ਅਵੇਸਲਾਪਣ ਜਾਗ ਪੈਂਦਾ ਹੈ ਇਸ ਲਈ ਜਦੋਂ ਵੀ ਇਹ ਦੱਸਣਾ ਹੋਵੇ ਕਿ ਆਪਣਾ ਕੰਮ ਕਰਨਾ ਆਪ ਕਰਨਾ ਸੰਭਵ ਨਹੀਂ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  118. ਆਪੇ ਫਾਥੜੀਏ, ਤੈਨੂੰ ਕੌਣ ਛੁਡਾਵੇ
    ਅਰਥ ਅਤੇ ਵਰਤੋਂ –
    ਜਦੋਂ ਕੋਈ ਕਿਸੇ ਪੰਗੇ ਵਿੱਚ ਆਪ ਖੁਦ ਹੀ ਫਸ ਜਾਵੇ ਅਤੇ ਉਸਦੇ ਨਿਕਲਣ ਨੂੰ ਕੋਈ ਰਾਹ ਨਾ ਰਹੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  119. ਆਪੇ ਬੀਬੀ ਬੁੱਢ ਸੁਹਾਗਣ, ਆਪੇ ਮੱਥਾ ਟੇਕਦੀ
    ਅਰਥ ਅਤੇ ਵਰਤੋਂ –
    ਜਦੋਂ ਕੋਈ ਆਪਣੀਆਂ ਸਿਫਤਾਂ ਆਪ ਹੀ ਕਰ ਕਰਕੇ ਲੋਕਾਂ ਨੂੰ ਦੱਸੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  120. ਆਪੇ ਮਾਰੇ, ਆਪ ਜੀਵਾਏਇਹ ਅਖਾਣ ਪਰਮਾਤਮਾ ਦੀ ਰਜਾ ਅਤੇ ਵਰਤ ਰਹੇ ਬੇਪਰਵਾਹ ਭਾਣੇ ਨੂੰ ਦਰਸਾਉਣ ਲਈ ਬੋਲਿਆ ਜਾਂਦਾ ਹੈ।
  121. ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀਣ
    ਅਰਥ ਅਤੇ ਵਰਤੋਂ –
    ਇਹ ਅਖਾਣ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਆਪਣੇ ਕੀਤੇ ਕੰਮਾਂ ਦੀਆਂ ਜਾਂ ਕਾਰੋਬਾਰ ਦੀਆਂ ਖੁਦ ਹੀ ਸਿਫਤਾਂ ਕਰਦਾ ਫਿਰੇ।
  122. ਆਪੇ ਰੰਨਾ ਮਹੁਰਾ ਦੇਵਣ, ਆਪੇ ਕਰਨ ਸਿਆਪੇ
    ਅਰਥ ਅਤੇ ਵਰਤੋਂ –
    ਇਹ ਅਖਾਣ ਔਰਤ ਦੇ ਚਲਿੱਤਰ ਮੁਖੀ ਅਤੇ ਚਲਾਕ ਸੁਭਾਅ ਨੂੰ ਦਰਸਾਉਣ ਲਈ ਬੋਲਿਆ ਜਾਂਦਾ ਹੈ।
  123. ਆਪੋ ਆਪਣੀ ਬੰਸਰੀ ਤੇ ਆਪੋ ਆਪਣੇ ਰਾਗ
    ਅਰਥ ਅਤੇ ਵਰਤੋਂ –
    ਜਦੋਂ ਪਰਿਵਾਰ ਜਾਂ ਕਿਸੇ ਗਰੁੱਪ ਦੇ ਸਾਰੇ ਮੈਂਬਰਾਂ ਦੇ ਰਸਤੇ ਅਤੇ ਅਸੂਲ ਵੱਖੋ ਵੱਖਰੇ ਹੋਣ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  124. ਆਬ ਆਬ ਕਰ ਮੋਇਆ ਬੱਚਾ, ਫ਼ਾਰਸੀਆਂ ਘਰ ਗਾਲੇ
    ਅਰਥ ਅਤੇ ਵਰਤੋਂ –
    ਇਹ ਅਖਾਣ ਆਪਣੀ ਮਾਂ ਬੋਲੀ ਨਾਲੋਂ ਟੁੱਟਣ ਅਤੇ ਟੁੱਟ ਕੇ ਦੁੱਖ ਭੋਗਣ ਦੇ ਸੰਤਾਪ ਨੂੰ ਦਰਸਾਉਣ ਲਈ ਬੋਲਿਆ ਜਾਂਦਾ ਹੈ।
  125. ਆਵਦੀ ਗਲ਼ੀ ਵਿੱਚ ਕੁੱਤਾ ਵੀ ਸ਼ੇਰ
    ਅਰਥ ਅਤੇ ਵਰਤੋਂ –
    ਜਦੋਂ ਕੋਈ ਵਿਅਕਤੀ ਆਪਣੇ ਆਪਣੇ ਲੋਕਾਂ ਜਾਂ ਮਾਰਖੋਰੇ ਧੜੇ ਵਿੱਚ ਸੁਰੱਖਿਤ ਬੈਠਾ ਬੜਕਾਂ ਮਾਰੇ ਤਾਂ ਇਹ ਅਖਾਣ ਉਸ ਨੂੰ ਲਲਕਾਰਨ ਲਈ ਬੋਲਿਆ ਜਾਂਦਾ ਹੈ।
  126. ਆਵਦੀ ਡੱਡ ਹੀ ਗੜੈਂ ਕਰਦੀ
    ਅਰਥ ਅਤੇ ਵਰਤੋਂ –
    ਜਦੋਂ ਇਹ ਕਹਿਣਾ ਹੋਵੇ ਕਿ ਆਪਣੇ ਖੂਨ ਦੇ ਰਿਸ਼ਤੇ ਜਾਂ ਪਰਿਵਾਰਕ ਮੈਂਬਰ ਹੀ ਮੇਲ ਮਿਲਾਪ ਜਾਂ ਗਿਲੇ ਸ਼ਿਕਵੇ ਕਰਦੇ ਹਨ  ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  127. ਆਵਦੀ ਮੱਝ ਦਾ ਦੁੱਧ ਭਾਵੇਂ ਬਾਰ੍ਹੀਂ ਕੋਹੀਂ ਜਾ ਕੇ ਪੀ ਲੈ
    ਅਰਥ ਅਤੇ ਵਰਤੋਂ –
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਮਨੁੱਖ ਦਾ ਚੰਗਾ ਕਿਰਦਾਰ ਅਤੇ ਉਸ ਦੇ ਕੀਤੇ ਹੋਏ ਚੰਗੇ ਕੰਮ ਬਹੁਤ ਦੂਰ ਦੂਰ ਤੱਕ ਉਸਦੀ ਸ਼ੋਭਾ ਬਣਾਉਂਦੇ ਹਨ ਅਤੇ ਉਸ ਲਈ ਸਹਾਈ ਹੁੰਦੇ ਹਨ।
  128. ਆਵਦੀ ਲੋਈ ਕੋਈ ਨਹੀਂ ਛੱਡਦਾ
    ਅਰਥ ਅਤੇ ਵਰਤੋਂ –
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਹਰ ਕੋਈ ਆਪਣੇ ਫਾਇਦੇ ਲਈ ਹੀ ਕੰਮ ਕਰਦਾ ਹੈ।

 

‘ਅ’ ਅੱਖਰ ਵਾਲੇ ਪੰਜਾਬੀ ਅਖਾਣ (ਅਕਲ ਨਾਲ ਜੁੜੇ ਅਖਾਣਾ ਦੀ ਖਾਸ ਕੁਲੈਕਸ਼ਨ)

‘ਅੱ’ ਵਾਲੇ 80+ ਪੰਜਾਬੀ ਅਖਾਣ – ਅੱਗ ਸਬੰਧਿਤ ਅਖਾਣਾਂ ਦੀ ਖਾਸ ਕੁਲੈਕਸ਼ (ਅਰਥ ਅਤੇ ਵਰਤੋਂ)

 ‘ਓ’ ਹੋੜਾ ਵਾਲੇ ਪੰਜਾਬੀ ਅਖਾਣ ( ਓਡ ਜਾਤੀ ਨਾਲ ਸਬੰਧਿਤ ਖਾਸ ਅਖਾਣ)

‘ਊ’ ਦੁਲੈਂਕੜ ਵਾਲੇ ਪੰਜਾਬੀ ਅਖਾਣ (ਊਠ ਨਾਲ ਜੁੜੇ 30+ ਬੇਹਤਰੀਨ ਅਖਾਣ)

ਉ ਔਂਕੜ ਵਾਲੇ ਪੰਜਾਬੀ ਅਖਾਣਾਂ ਦੀ ਸ਼ਾਨਦਾਰ ਕੁਲੈਕਸ਼ (60+ ਅਖਾਣ ਅਰਥ ਅਤੇ ਵਰਤੋਂ ਸਮੇਤ)

ਹੋਰ ਵੱਖਰੇ ਪੰਜਾਬ ਅਖਾਣ ਦੇਖਣ ਲਈ ਇਸ ਲਿੰਕ ’ਤੇ ਕਲਿਕ ਕਰੋ

By Jasbir Wattanwalia

About Jasbir Wattanwalia I'm Jasbir Singh Wattanwalia, born on March 25, 1978, in Wattanwali village, Sultanpur Lodhi, Kapurthala district. I'm a passionate writer, poet, and blogger with a deep love for Punjabi culture, literature, and folklore.Education I hold a Master's degree in Punjabi and Journalism, which has enabled me to explore various aspects of language, literature, and communication.Literary Contributions I've written four books in Punjabi:1. Veinnaama (ਵੇਈਂਨਾਮਾ) (2014) 2. Kalyugnama (ਕਲਯੁਗਨਾਮਾ) (2025) 3. Punjab de Gunkari Nano Jungal (ਪੰਜਾਬ ਦੇ ਗੁਣਕਾਰੀ ਨੈਨੋ ਜੰਗਲ) (2025) 4. Punjabi Akhaan Kosh with Meaning (ਪੰਜਾਬੀ ਅਖਾਣ ਕੋਸ਼ ਅਰਥਾਂ ਸਮੇਤ)Blogging Through my blog, jasbirwattanwalia.in, I share my thoughts and knowledge on various topics, including:- Punjabi folklore, history, culture, and traditions - Punjabi poetry and literature - Food, health and wellness through herbal remedies - Environmental issues and activism - Social commentary and news - Science and InventionsMission My mission is to provide high-quality, engaging, and informative content that showcases the richness of Punjabi culture and language. I strive to create a platform that's both enjoyable and informative, and I'm committed to delivering the best possible experience for my readers.Let's Connect! I'm glad you're here! If you have any questions or feedback, please don't hesitate to reach out. Thank you for visiting my site, and I wish you a great day!

Leave a Reply

Your email address will not be published. Required fields are marked *