ਸੱਪਾਂ ਬਾਰੇ ਮਸ਼ਹੂਰ ਪੰਜਾਬੀ ਅਖਾਣਾਂ ਦੀ ਖਾਸ ਕੁਲੈਕਸ਼ਨ ਅਰਥਾਂ ਸਮੇਤ (special collection)

ਇਸ ਪੋਸਟ ਵਿੱਚ ਸੱਪਾਂ ਬਾਰੇ ਮਸ਼ਹੂਰ ਪੰਜਾਬੀ ਅਖਾਣਾਂ ਦੀ ਖਾਸ ਕੁਲੈਕਸ਼ਨ ਉਨ੍ਹਾਂ ਦੇ ਸੌਖੇ ਅਤੇ ਸਪਸ਼ਟ ਅਰਥਾਂ ਸਮੇਤ ਪੇਸ਼ ਕੀਤੀ ਗਈ ਹੈ। ਪੰਜਾਬੀ ਲੋਕ-ਵਿਰਾਸਤ ਵਿੱਚ ਅਖਾਣਾ ਦਾ ਬਹੁਤ ਮਹੱਤਵਪੂਰਨ ਸਥਾਨ ਹੈ। ਸਦੀਆਂ ਤੋਂ ਲੋਕ ਆਪਣੇ ਜੀਵਨ ਦੇ ਤਜਰਬਿਆਂ, ਮਨੁੱਖੀ ਸੁਭਾਅ ਅਤੇ ਸਮਾਜਿਕ ਵਰਤਾਰੇ ਨੂੰ ਛੋਟੀਆਂ ਪਰ ਡੂੰਘੇ ਅਰਥਾਂ ਵਾਲੀਆਂ ਅਖਾਣਾਂ ਰਾਹੀਂ ਪ੍ਰਗਟ ਕਰਦੇ ਆ ਰਹੇ ਹਨ। ਸੱਪ ਨਾਲ ਜੁੜੀਆਂ ਪੰਜਾਬੀ ਅਖਾਣਾਂ ਵੀ ਇਸੇ ਲੋਕ-ਵਿਰਾਸਤ ਦਾ ਅਹਿਮ ਹਿੱਸਾ ਹਨ। ਇਨ੍ਹਾਂ ਵਿੱਚ ਡਰ, ਚਲਾਕੀ, ਦੁਸ਼ਮਣੀ, ਧੋਖੇ, ਸਾਵਧਾਨੀ ਅਤੇ ਮਨੁੱਖੀ ਸੁਭਾਅ ਨਾਲ ਸਬੰਧਤ ਕਈ ਡੂੰਘੇ ਅਰਥ ਛੁਪੇ ਹੋਏ ਹਨ।  ਇਹ ਸੰਗ੍ਰਹਿ ਪੰਜਾਬੀ ਭਾਸ਼ਾ ਦੇ ਵਿਦਿਆਰਥੀਆਂ, ਅਧਿਆਪਕਾਂ, ਖਾਸ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲਿਆਂ ਅਤੇ ਪੰਜਾਬੀ ਲੋਕ-ਵਿਰਾਸਤ ਵਿੱਚ ਦਿਲਚਸਪੀ ਰੱਖਣ ਵਾਲੇ ਹਰ ਪਾਠਕ ਲਈ ਲਾਭਦਾਇਕ ਹੈ।

ਸੱਪਾਂ ਬਾਰੇ ਮਸ਼ਹੂਰ ਪੰਜਾਬੀ ਅਖਾਣ ਅਰਥਾਂ ਸਮੇਤ | Snake Proverbs | 35+ Special Collection |

  1. ਸੱਪ ਤੇ ਚੋਰ ਦਾ ਭੈਅ ਹੀ ਬੁਰਾ।
    ਇਸ ਅਖਾਣ ਦੇ ਅਰਥ ਅਨੁਸਾਰ ਸੱਪ ਅਤੇ ਚੋਰ ਦੋਹਾਂ ਦਾ ਡਰ ਅਤੇ ਭੈਅ ਬਹੁਤ ਹੁੰਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਅਤੇ ਇਹ ਸੱਚਾਈ ਹੈ। ਜੇਕਰ ਤੱਥਾਂ ਤੇ ਝਾਤੀ ਮਾਰੀਏ ਤਾਂ ਦੁਨੀਆ ਭਰ ਵਿੱਚ ਸੱਪ ਦੇ ਡੰਗ ਨਾਲ ਹੋਣ ਵਾਲੀਆਂ ਮੌਤਾਂ ਇਸ ਕਰਕੇ ਨਹੀਂ ਹੁੰਦੀਆਂ ਕਿ ਮਨੁੱਖ ਦੇ ਸਰੀਰ ਵਿੱਚ ਜ਼ਹਿਰ ਚਲਿਆ ਗਿਆ ਹੈ ਬਲਕਿ ਸੱਚਾਈ ਇਹ ਹੈ ਕਿ ਜਿਆਦਾਤਰ ਸੱਪ ਜਹਰੀਲੇ ਨਹੀਂ ਹੁੰਦੇ। ਵਧੇਰੇ ਮੌਤਾਂ ਇਸ ਕਰਕੇ ਹੁੰਦੀਆਂ ਹਨ ਕਿ ਸੱਪ ਕੋਲੋਂ ਡੰਗਿਆ ਜਾਣ ਵਾਲਾ ਮਨੁੱਖ ਐਨਾ ਜਿਆਦਾ ਭੈਭੀਤ ਹੋ ਜਾਂਦਾ ਹੈ ਕਿ ਜਾਂ ਤਾਂ ਉਸ ਦਾ ਹਾਰਟ ਫੇਲ ਹੋ ਜਾਂਦਾ ਹੈ ਜਾਂ ਬਰੇਨ।
  2. ਸੱਪ ਦਾ ਖਾਧਾ ਬਚੇ, ਨਜ਼ਰਾਂ ਦਾ ਖਾਧਾ ਨਾ ਬਚੇ।
    ਅਰਥ ਅਤੇ ਵਰਤੋਂ
    ਸਾਡੇ ਸਮਾਜ ਵਿੱਚ ਮੰਨਿਆ ਜਾਂਦਾ ਹੈ ਕਿ ਬੁਰੀ ਨਜ਼ਰ ਤਾਂ ਪੱਥਰ ਵੀ ਪਾੜ ਦਿੰਦੀ ਹੈ। ਇਸ ਲਈ ਜਦੋਂ ਇਹ ਦੱਸਣਾ ਹੋਵੇ ਕਿ ਕੋਈ ਕੰਮ ਜਾਂ ਨੁਕਸਾਨ ਕਿਸੇ ਦੀ ਬੁਰੀ ਨਜ਼ਰ ਲੱਗਣ ਨਾਲ ਹੋਇਆ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  3. ਸੱਪ ਦੇ ਸਾਹਮਣੇ, ਦੀਵਾ ਨਹੀਂ ਬਲ਼ਦਾ।
    ਅਰਥ ਅਤੇ ਵਰਤੋਂ
    ਜਦੋਂ ਇਹ ਦੱਸਣਾ ਹੋਵੇ ਕਿ ਸ਼ੈਤਾਨ ਅਤੇ ਬੁਰੇ ਲੋਕਾਂ ਦੇ ਸਾਹਮਣੇ ਟਿਕਣਾ ਸੌਖਾ ਨਹੀਂ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  4. ਸੱਪ ਦੇ ਬੱਚੇ, ਸਪੋਲੀਏ।
    ਅਰਥ ਅਤੇ ਵਰਤੋਂ
    ਜਦੋਂ ਕੋਈ ਵਿਅਕਤੀ ਬੁਰਾ ਹੋਵੇ ਅਤੇ ਉਸ ਦੇ ਬੱਚੇ ਵੀ ਉਸ ਵਾਂਗ ਹੀ ਬੁਰੇ ਹੋਣ ਅਤੇ ਉਸ ਦੀਆਂ ਪੈੜਾਂ ਤੇ ਚਲਦੇ ਹੋਣ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  5. ਸੱਪ ਦੇ ਮੂੰਹ ਚ ਕੋਹੜ ਕਿਰਲੀ, ਖਾਵੇ ਤਾਂ ਕੋਹੜੀ, ਛੱਡੇ ਤਾਂ ਕਲੰਕੀ।
    ਅਰਥ ਅਤੇ ਵਰਤੋਂ
    ਜਦੋਂ ਕੋਈ ਵਿਅਕਤੀ ਗਲਤ ਬੰਦਾ ਅਜਿਹੀ ਬੁਰੀ ਸਥਿਤੀ ਵਿੱਚ ਫਸ ਜਾਵੇ ਜਿੱਥੋਂ ਨਿਕਲਣ ਨੂੰ ਕੋਈ ਰਾਹ ਨਾ ਹੋਵੇ ਅਤੇ ਨੁਕਸਾਨ ਵੀ ਤੈਅ ਹੋਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  6. ਸੱਪ ਨੂੰ ਸੱਪ ਲੜੇ, ਤੇ ਜ਼ਹਿਰ ਕਿਹਨੂੰ ਚੜ੍ਹੇ।
    ਅਰਥ ਅਤੇ ਵਰਤੋਂ
    ਇਹ ਅਖਾਣ ਵੀ ਵਿਅੰਗ ਵਜੋਂ ਦੋ ਬਰੇ ਵਿਅਕਤੀਆਂ ਦੇ ਲਈ ਬੋਲਿਆ ਜਾਂਦਾ ਹੈ ਜੋ ਆਪਸ ਵਿੱਚ ਬੁਰੀ ਤਰ੍ਹਾਂ ਲੜ ਰਹੇ ਹੋਣ ਪਰ ਇੱਕ ਦੂਜੇ ਕੋਲੋਂ ਬਚਣ ਦਾ ਤੋੜ ਦੋਹਾਂ ਕੋਲੇ ਹੀ ਹੋਵੇ।
  7. ਸੱਪ ਵੀ ਮਰ ਜਾਏ, ਤੇ ਲਾਠੀ ਵੀ ਨਾ ਟੁੱਟੇ।
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਵਿਅਕਤੀ ਕਿਸੇ ਬੁਰੀ ਸ਼ਕਤੀ ਨਾਲ ਲੜ ਕੇ ਉਸ ਨੂੰ ਮਾਰ ਦੇਵੇ ਅਤੇ ਉਸ ਦਾ ਖੁਦ ਦਾ ਵਾਲ ਵੀ ਵਿੰਗਾ ਨਾ ਹੋਵੇ।
  8. ਸੱਪ, ਸ਼ੀਂਹ, ਫਕੀਰ ਦਾ ਦੇਸ਼ ਕੇਹਾ।
    ਅਰਥ ਅਤੇ ਵਰਤੋਂ
    ਅਖਾਣ ਦੇ ਅਰਥ ਅਨੁਸਾਰ ਸੱਪ, ਸ਼ੇਰ ਅਤੇ ਫਕੀਰ ਲੋਕ ਕਿਸੇ ਇਕ ਜਗ੍ਹਾ ਤੇ ਜਾਂ ਕਿਸੇ ਇੱਕ ਦੇਸ਼ ਵਿੱਚ ਨਹੀਂ ਰਹਿੰਦੇ। ਇਹ ਹਮੇਸ਼ਾ ਘੁੰਮਦੇ ਰਹਿੰਦੇ ਹਨ ਅਤੇ ਥਾਂ ਬਦਲਦੇ ਰਹਿੰਦੇ ਹਨ।
  9. ਸੱਪ,ਸੁਨਿਆਰਾ, ਸ਼ਾਹਣੀ ਨਾਲੇ ਸਭਰਵਾਲ, ਭਾਵੇਂ ਕੁਠਾਲੀਓਂ ਕੱਢ ਧਰੋ, ਕਦੇ ਨਾ ਹੋਵਣ ਸਾਲੁ।
    ਅਰਥ ਅਤੇ ਵਰਤੋਂ
    ਇਸ ਅਖਾਣ ਵਿੱਚ ਕੁਝ ਜਾਤਾਂ ਦੇ ਨਾਲ ਵਿਹਾਰ ਕਰਨ ਵੇਲੇ ਸੁਚੇਤ ਕਰਨ ਦੀ ਗੱਲ ਆਖੀ ਗਈ ਹੈ।
  10. ਸੱਪਾਂ ਦਾ ਡੰਗਿਆ ਸੇਹਲੀਆਂ ਤੋਂ ਵੀ ਡਰੇ।
    ਅਰਥ ਅਤੇ ਵਰਤੋਂ
    ਜਦੋਂ ਕਿਸੇ ਮਨੁੱਖ ਦਾ ਬਹੁਤ ਵੱਡਾ ਨੁਕਸਾਨ ਹੋਣ ਤੋਂ ਬਾਅਦ ਉਹ ਛੋਟੇ ਮੋਟੇ ਨੁਕਸਾਨ ਤੋਂ ਵੀ ਡਰ ਅਤੇ ਭੈ ਖਾਣ ਲੱਗ ਜਾਵੇ ਹੈ ਤਾਂ ਇਹ ਅਖਾਣ ਵਰਤਿਆ ਜਾਂਦਾ ਹੈ।
  11. ਸੱਪਾਂ ਦੇ ਪੁੱਤ ਮਿੱਤ ਨਾ ਬਣਦੇ, ਭਾਵੇਂ ਚੁੱਲੀਆਂ ਦੁੱਧ ਪਿਆਈਏ।
    ਅਰਥ ਅਤੇ ਵਰਤੋਂ
    ਜਦੋਂ ਕਿਸੇ ਮਨੁੱਖ ਨੂੰ ਕਿਸੇ ਚਾਲਬਾਜ ਮਨੁੱਖ ਪ੍ਰਤੀ ਸੁਚੇਤ ਕਰਨਾ ਹੋਵੇ ਤਾਂ ਇਹ ਅਖਾਣ ਵਰਤਿਆ ਜਾਂਦਾ ਹੈ ਅਤੇ ਦੱਸਿਆ ਜਾਂਦਾ ਹੈ ਕਿ ਉਸ ਚਾਲਬਾਜ਼ ਮਨੁੱਖ ਨਾਲ ਕੀਤੀ ਹੋਈ ਮਿੱਤਰਤਾ ਦਾ ਕੋਈ ਲਾਭ ਨਹੀਂ ਆਖਿਰਕਾਰ ਉਹ ਸੱਪ ਵਾਂਗੂ ਡੰਗ ਹੀ ਮਾਰੇਗਾ।
  12. ਸੱਪਾਂ ਦੇ ਪੁੱਤਰ ਕਦੇ ਨਾ ਹੁੰਦੇ ਮਿੱਤਰ।
    ਅਰਥ ਅਤੇ ਵਰਤੋਂ
    ਇਸ ਅਖਾਣ ਦੇ ਅਰਥ ਅਨੁਸਾਰ ਵੀ ਬੁਰਾ ਅਤੇ ਵਹਿਸ਼ੀ ਮਨੁੱਖ ਕਿਸੇ ਦਾ ਮਿੱਤਰ ਨਹੀਂ ਬਣਦਾ ਅਤੇ ਉਹ ਸੱਪ ਵਾਂਗ ਡੰਗ ਵੀ ਮਾਰਦਾ ਹੈ।
  13. ਸੱਪੀਂ ਦੁੱਧ ਪਿਆਈਏ, ਕਦੇ ਨਾ ਹੁੰਦੇ ਮਿੱਤ।
    ਉਹੀ ਅਰਥ
  14. ਸੱਪ ਲੰਘ ਗਿਆ ਹੁਣ ਲਕੀਰ ਪਿੱਟਣ ਦਾ ਕੀ ਫਾਇਦਾ
    ਅਰਥ ਅਤੇ ਵਰਤੋਂ
    ਜਦੋਂ ਕੋਈ ਵਿਅਕਤੀ ਵਕਤ ਬੀਤਣ ਤੋਂ ਬਾਅਦ ਬੇਅਸਰ ਤਰੀਕੇ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  15. ਸੱਪ ਵੀ ਮਰ ਜਾਏ ਤੇ ਸੋਟੀ ਨਾ ਟੁੱਟੇ
    ਅਰਥ ਅਤੇ ਵਰਤੋਂ
    ਜਦੋਂ ਕਿਸੇ ਨੂੰ ਬਿਨਾਂ ਕਿਸੇ ਨੁਕਸਾਨ ਜਾਂ ਖ਼ਤਰੇ ਦੇ ਆਪਣਾ ਕੰਮ ਕੱਢਣ ਦੀ ਨਸੀਹਤ ਦੇਣੀ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  16. ਸੱਪ ਤੇ ਨਿਉਲਾ ਲੜੇ ਤੇ ਜਹਿਰ ਕੀਹਨੂੰ ਚੜ੍ਹੇ
    ਅਰਥ ਅਤੇ ਵਰਤੋਂ
    ਜਦੋਂ ਦੋ ਬੁਰੇ ਅਤੇ ਬਰਾਬਰ ਦੀ ਸ਼ਕਤੀ ਵਾਲੇ ਲੋਕ ਆਪਸ ਵਿਚ ਲੜ ਰਹੇ ਹੋਣ ਅਤੇ ਇਕ ਵੱਧ ਕੇ ਦੂਜਾ ਉਸ ਦਾ ਤੋੜ ਜਾਣਦਾ ਹੋਵੇ ਤਾ ਇਹ ਅਖਾਣ ਬੋਲਿਆ ਜਾਂਦਾ ਹੈ।
  17. ਸੱਪ ਦਾ ਡੰਗਿਆ ਰੱਸੀ ਤੋਂ ਵੀ ਡਰੇ
    ਅਰਥ ਅਤੇ ਵਰਤੋਂ
    ਜਦੋਂ ਇੱਕ ਵਾਰ ਵੱਡਾ ਧੋਖਾ ਖਾਣ ਜਾਂ ਨੁਕਸਾਨ ਹੋਣ ਤੋਂ ਬਾਅਦ ਕੋਈ ਵਿਅਕਤੀ ਛੋਟੀ ਜਿਹੀ ਗੱਲ ਤੋਂ ਵੀ ਡਰਨ ਲੱਗ ਜਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  18. ਸੱਪ ਦੇ ਮੂੰਹ ਕਿਰਲੀ
    ਅਰਥ ਅਤੇ ਵਰਤੋਂ
    ਜਦੋਂ ਕੋਈ ਬੰਦਾ ਅਜੀਬ ਅਤੇ ਬੁਰੀ ਹਾਲਤ ਵਿੱਚ ਫਸ ਜਾਵੇ ਤਾਂ ਸਥਿਤੀਆਂ ਨੂੰ ਪ੍ਰਗਟਾਉਣ ਲਈ ਇਹ ਅਖਾਣ ਬੋਲਿਆ ਜਾਂਦਾ ਹੈ।
  19. ਸੱਪਾਂ ਦੇ ਬੱਚੇ ਸੱਪ –
    ਅਰਥ ਅਤੇ ਵਰਤੋਂ
    ਜਦੋਂ ਦੱਸਣਾ ਹੋਵੇ ਬੁਰੇ ਮਾਪਿਆਂ ਦੀ ਔਲਾਦ ਵੀ ਸੁਭਾਅ ਵਿੱਚ ਬੁਰੀ ਹੀ ਨਿਕਲਦੀ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  20. ਸੱਪਾਂ ਨਾਲ ਯਾਰੀ ਤੇ ਮਰਨ ਦੀ ਤਿਆਰੀ
    ਅਰਥ ਅਤੇ ਵਰਤੋਂ
    ਜਦੋਂ ਕੋਈ ਵਿਅਕਤੀ ਚਾਲਬਾਜ਼ ਅਤੇ ਖ਼ਤਰਨਾਕ ਲੋਕਾਂ ਨਾਲ ਯਾਰੀ ਲਾਵੇ ਤਾਂ ਉਸ ਉੱਤੇ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  21. ਸੱਪ ਬਾਹਰੋਂ ਠੰਢਾ ਪਰ ਅੰਦਰੋਂ ਜ਼ਹਿਰੀ
    ਅਰਥ ਅਤੇ ਵਰਤੋਂ
    ਇਹ ਅਖਾਣ ਉਪਰੋਂ ਸ਼ਾਂਤ ਪਰ ਅੰਦਰੋਂ ਬਹੁਤ ਖ਼ਤਰਨਾਕ ਵਿਅਕਤੀ ਉੱਤੇ ਵਿਅੰਗ ਕੱਸਣ ਵਜੋਂ ਬੋਲਿਆ ਜਾਂਦਾ ਹੈ।
  22. ਸੱਪ ਸੁੱਤਾ ਹੀ ਚੰਗਾ
    ਅਰਥ ਅਤੇ ਵਰਤੋਂ
    ਜਦੋਂ ਦੱਸਣਾ ਹੋਵੇ ਬੁਰੇ ਲੋਕਾਂ ਨੂੰ ਨਹੀਂ ਛੇੜਨਾ ਚਾਹੀਦਾ ਅਤੇ ਸ਼ਾਂਤ ਬੈਠੀ ਮੁਸੀਬਤ ਨੂੰ ਖੁਦ ਆਵਾਜ਼ ਦੇ ਕੇ ਨਹੀਂ ਸੱਦਣਾ ਚਾਹੀਦਾ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  23. ਸੱਪ ਦੀ ਚਾਲ ਕਦੇ ਸਿੱਧੀ ਨਹੀਂ ਹੁੰਦੀ
    ਅਰਥ ਅਤੇ ਵਰਤੋਂ
    ਜਦੋਂ ਦੱਸਣਾ ਹੋਵੇ ਕਿ ਧੋਖੇਬਾਜ਼ ਇਨਸਾਨ ਦੀ ਫਿਤਰਤ ਕਦੇ ਨਹੀਂ ਬਦਲਦੀ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  24. ਸੱਪਾਂ ਦੇ ਘਰ ਸਪੋਲੀਏ ਜੰਮਣ
    ਅਰਥ ਅਤੇ ਵਰਤੋਂ
    ਜਦੋਂ ਦੱਸਣਾ ਹੋਵੇ ਕਿ ਮਾੜੇ ਸੁਭਾਅ ਵਾਲੇ ਵਿਅਕਤੀ ਦੇ ਘਰ ਮਾੜੀ ਔਲਾਦ ਹੀ ਪੈਦਾ ਹੁੰਦੀ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ ।
  25. ਸੱਪ ਦਾ ਬੱਚਾ ਵੱਡਾ ਹੋ ਕੇ ਸੱਪ ਹੀ ਬਣਦਾ ਹੈ
    ਅਰਥ ਅਤੇ ਵਰਤੋਂ
    ਜਦੋਂ ਦੱਸਣਾ ਹੋਵੇ ਬੁਰੇ ਮਾਪਿਆਂ ਦੀ ਔਲਾਦ ਵੱਡੀ ਹੋ ਕੇ ਬੁਰੀ ਹੀ ਨਿਕਲੇਗੀ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  26. ਸੱਪਾਂ ਦਾ ਜ਼ਹਿਰ ਸੱਪ ਹੀ ਜਾਨਣ
    ਅਰਥ ਅਤੇ ਵਰਤੋਂ
    ਜਦੋਂ ਦੱਸਣਾ ਹੋਵੇ ਕਿ ਇੱਕੋ ਜਿਹੇ ਬੁਰੇ ਲੋਕ ਇੱਕ-ਦੂਜੇ ਦੀ ਚਾਲ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  27. ਸੱਪ ਦੇ ਸਿਰ ’ਤੇ ਕੌਡੀ –
    ਅਰਥ ਅਤੇ ਵਰਤੋਂ
    ਜਦੋਂ ਕਿਸੇ ਵੱਡੇ ਖ਼ਤਰੇ ਨੂੰ ਝੱਲ ਕੇ ਮੁਨਾਫਾ ਮਿਲਣ ਦੀ ਉਮੀਦ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  28. ਸੱਪ ਦਾ ਡੰਗਿਆ ਪਾਣੀ ਨਹੀਂ ਮੰਗਦਾ
    ਅਰਥ ਅਤੇ ਵਰਤੋਂ
    ਜਦੋਂ ਕਿਸੇ ਬਹੁਤ ਘਾਤਕ ਨੁਕਸਾਨ ਹੋਣ ਦੀ ਸਥਿਤੀ ਨੂੰ ਦਰਸਾਉਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  29. ਸੱਪ ਨੂੰ ਮਾਰੋ ਤਾਂ ਡੂੰਘਾ ਦੱਬੋ
    ਅਰਥ ਅਤੇ ਵਰਤੋਂ
    ਜਦੋਂ ਕਿਸੇ ਭੈੜੇ ਵਿਅਕਤੀ ਜਾਂ ਮੁਸੀਬਤ ਨੂੰ ਜੜ੍ਹੋਂ ਖ਼ਤਮ ਕਰਨ ਦੀ ਸਿੱਖਿਆ ਦੇਣੀ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  30. ਸੱਪਾਂ ਦੇ ਦੇਸ਼ ਜਾ ਕੇ ਸੱਪ ਬਣਿਆ
    ਅਰਥ ਅਤੇ ਵਰਤੋਂ
    ਜਦੋਂ ਕੋਈ ਵਿਅਕਤੀ ਬੁਰੇ ਮਾਹੌਲ ਵਿਚ ਜਾ ਕੇ ਬੁਰਾ ਹੋ ਜਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  31. ਸੱਪਾਂ ਦੀ ਖੁੱਡ ਵਿੱਚ ਹੱਥ ਪਾਉਣ ਵਾਲਾ ਬਚਦਾ ਨਹੀਂ
    ਅਰਥ ਅਤੇ ਵਰਤੋਂ
    ਜਦੋਂ ਦੱਸਣਾ ਹੋਵੇ ਕਿ ਘਾਤਕ ਕੰਮ ਕਰਨ ਵਾਲੇ ਦਾ ਬਚਾਅ ਨਹੀਂ ਹੁੰਦਾ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  32. ਸੱਪ ਡੰਗ ਛੱਡੇ ਪਰ ਫੁੰਕਾਰਾ ਨਾ ਛੱਡੇ
    ਅਰਥ ਅਤੇ ਵਰਤੋਂ
    ਜਦੋਂ ਦੱਸਣਾ ਹੋਵੇ ਕਿ ਬੁਰਾ ਵਿਅਕਤੀ ਭਾਵੇਂ ਕਿੰਨਾ ਵੀ ਕਿਉਂ ਨਾ ਸੁੱਧਰ ਜਾਵੇ ਫਿਰ ਉਹ ਨੁਕਸਾਨ ਕਰਨ ਤੋਂ ਬਾਝ ਨਹੀਂ ਆਉਂਦਾ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  33. ਸੱਪ ਕੁੰਜ ਛੱਡੇ ਪਰ ਬਿਖ ਨਾ ਛੱਡੇ।
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਦੁਸ਼ਮਣ ਭਾਵੇਂ ਲੱਖ ਆਪਣਾ ਬਣ ਬਣ ਕੇ ਦਿਖਾਵੇ ਪਰ ਉਹ ਅੰਦਰੋਂ ਖਾਰ ਨਹੀ ਛੱਡਦਾ।
  34. ਸੱਪ ਨੇ ਹੁਣ ਕੁੰਜ ਲਾਹੀ
    ਅਰਥ ਅਤੇ ਵਰਤੋਂ
    ਜਦੋਂ ਕਿਸੇ ਦਾ ਅਸਲੀ ਬੁਰਾ ਰੂਪ ਸਾਹਮਣੇ ਆਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  35. ਸੱਪ ਦੇ ਮੂੰਹੋਂ ਮਣੀ ਖੋਹਣੀ
    ਅਰਥ ਅਤੇ ਵਰਤੋਂ
    ਜਦੋਂ ਕੋਈ ਵਿਅਕਤੀ ਕਿਸੇ ਬਹੁਤ ਵੱਡੀ ਅਤੇ ਖ਼ਤਰਨਾਕ ਤਾਕਤ ਕੋਲੋਂ ਜਿੱਤ ਹਾਸਲ ਕਰੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  36. ਸੱਪ ਅਤੇ ਸਪੋਲੀਏ ਦੀ ਜੋੜੀ
    ਅਰਥ ਅਤੇ ਵਰਤੋਂ
    ਜਦੋਂ ਪਿਓ-ਪੁੱਤਰ ਜਾਂ ਗੁਰੂ-ਚੇਲਾ ਦੋਵੇਂ ਹੀ ਬਹੁਤ ਸ਼ਾਤਰ ਅਤੇ ਖ਼ਤਰਨਾਕ ਹੋਣ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  37. ਸੇਹਲੀਆਂ ਦੇ ਸੱਪ।
    ਅਰਥ ਅਤੇ ਵਰਤੋਂ
    ਜਦੋਂ ਕੋਈ ਮਾੜੀ-ਮੋਟੀ ਗੱਲਬਾਤ ਦਾ ਬਤੰਗੜ ਬਣਾ ਲਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  38. ਸ਼ੇਰਾ ਜੀਹਨੇ ਫਨੀਅਰ ਸੱਪਾਂ ਦੇ ਫੁੰਕਾਰੇ ਦੇਖੇ ਹੋਣ, ਉਹਨੂੰ ਡੱਡੂ ਖਾਣੇ ਸੱਪਾਂ ਦੀ ਪਰਵਾਹ ਨਹੀਂ ਹੁੰਦੀ।
    ਅਰਥ ਅਤੇ ਵਰਤੋਂ
    ਜਦੋਂ ਕੋਈ ਵਿਅਕਤੀ ਛੋਟੇ-ਮੋਟੇ ਖਤਰੇ ਤੋਂ ਇਸ ਲਈ ਡਰਨਾ ਛੱਡ ਦੇਵੇ ਕਿਉਂਕਿ ਉਹ ਵੱਡੇ-ਵੱਡੇ ਖਤਰਿਆਂ ਨਾਲ ਖੇਡ ਚੁੱਕਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।

By Jasbir Wattanwalia

About Jasbir Wattanwalia I'm Jasbir Singh Wattanwalia, born on March 25, 1978, in Wattanwali village, Sultanpur Lodhi, Kapurthala district. I'm a passionate writer, poet, and blogger with a deep love for Punjabi culture, literature, and folklore.Education I hold a Master's degree in Punjabi and Journalism, which has enabled me to explore various aspects of language, literature, and communication.Literary Contributions I've written four books in Punjabi:1. Veinnaama (ਵੇਈਂਨਾਮਾ) (2014) 2. Kalyugnama (ਕਲਯੁਗਨਾਮਾ) (2025) 3. Punjab de Gunkari Nano Jungal (ਪੰਜਾਬ ਦੇ ਗੁਣਕਾਰੀ ਨੈਨੋ ਜੰਗਲ) (2025) 4. Punjabi Akhaan Kosh with Meaning (ਪੰਜਾਬੀ ਅਖਾਣ ਕੋਸ਼ ਅਰਥਾਂ ਸਮੇਤ)Blogging Through my blog, jasbirwattanwalia.in, I share my thoughts and knowledge on various topics, including:- Punjabi folklore, history, culture, and traditions - Punjabi poetry and literature - Food, health and wellness through herbal remedies - Environmental issues and activism - Social commentary and news - Science and InventionsMission My mission is to provide high-quality, engaging, and informative content that showcases the richness of Punjabi culture and language. I strive to create a platform that's both enjoyable and informative, and I'm committed to delivering the best possible experience for my readers.Let's Connect! I'm glad you're here! If you have any questions or feedback, please don't hesitate to reach out. Thank you for visiting my site, and I wish you a great day!

Leave a Reply

Your email address will not be published. Required fields are marked *