These industries pollutes the water most in India/ਭਾਰਤ ਵਿਚ ਸਭ ਤੋਂ ਵੱਧ ਪਾਣੀ ਪ੍ਰਦੂਸ਼ਤ ਕਰਨ ਵਾਲੀ ਇੰਡਸਟਰੀ/
ਲੇਖ-ਜਸਬੀਰ ਵਾਟਾਂਵਾਲੀਆ
These industries pollutes the water most in India/ਭਾਰਤ ਵਿਚ ਪਾਣੀ ਦੇ ਪ੍ਰਦੂਸ਼ਣ ਸਬੰਧੀ ਸਥਿਤੀ ਕਾਫੀ ਗੰਭੀਰ ਹੈ। ਸਾਡੀਆਂ ਅਨੇਕਾਂ ਨਦੀਆਂ ਅਤੇ ਦਰਿਆ ਇਸ ਹੱਦ ਤੱਕ ਪ੍ਰਦੂਸ਼ਤ ਹੋ ਚੁੱਕੇ ਹਨ ਕਿ ਉਨ੍ਹਾਂ ਦਾ ਪਾਣੀ ਪੀਣਾ ਤਾਂ ਦੂਰ ਦੀ ਗੱਲ ਹੈ ਸਿੰਚਾਈ ਦੇ ਯੋਗ ਵੀ ਨਹੀਂ ਹੈ। ਇਸ ਲੇਖ ਵਿਚ ਅਸੀਂ ਭਾਰਤ ਦੇ ਕੁਝ ਅਜਿਹੇ ਉਦਯੋਗਾਂ ਬਾਰੇ ਜਾਣਕਾਰੀ ਦੇਵਾਂਗੇ ਜੋ ਵੱਡੀ ਮਾਤਰਾ ਵਿਚ ਪਾਣੀ ਨੂੰ ਪ੍ਰਦੂਸ਼ਤ ਕਰ ਰਹੇ ਹਨ। ਇਨ੍ਹਾਂ ਵਿਚੋਂ ਕੁਝ ਉਦਯੋਗ ਪਾਣੀ ਨੂੰ ਮਿਣਤੀ ਦੇ ਅਧਾਰ ’ਤੇ ਵਧੇਰੇ ਪ੍ਰਦੂਸ਼ਤ ਕਰਦੇ ਹਨ ਪਰੰਤੂ ਕੁਝ ਉਦਯੋਗ ਪਾਣੀ ਨੂੰ ਗੁਣਵੱਤਾ ਦੇ ਅਧਾਰ ’ਤੇ ਪ੍ਰਦੂਸ਼ਤ ਕਰਦੇ ਹਨ ਕਿ ਉਹ ਵਰਤੋਂ ਦੇ ਯੋਗ ਨਹੀਂ ਰਹਿੰਦਾ। ਇਹ ਪਾਣੀ ਇਸ ਹੱਦ ਤੱਕ ਪ੍ਰਦੂਸ਼ਿਤ ਹੋ ਜਾਂਦਾ ਹੈ ਕਿ ਇਹ ਡੀ ਅਤੇ ਈ ਗਰੇਡ ਤੱਕ ਪਹੁੰਚ ਜਾਂਦਾ ਹੈ। ਸੱਚਾਈ ਇਹ ਹੈ ਕਿ ਈ ਗਰੇਡ ਪਾਣੀ ਨੂੰ ਪੂਰੀ ਤਰ੍ਹਾਂ ਟਰੀਟ ਕੀਤਾ ਜਾਣਾ ਵੀ ਸੰਭਵ ਨਹੀਂ ਹੁੰਦਾ, ਜੋ ਕਿ ਪਾਣੀ ਪ੍ਰਦੂਸ਼ਣ ਦੀ ਖਤਰਨਾਕ ਸਥਿਤੀ ਹੈ।
1) ਥਰਮਲ ਪਾਵਰ ਪਲਾਂਟ
ਪਾਣੀ ਪ੍ਰਦੂਸ਼ਿਤ ਕਰਨ ਦੇ ਮਾਮਲੇ ਵਿਚ ਭਾਰਤ ਦੇ ਉਦਯੋਗਿਕ ਖੇਤਰ ਵਿੱਚੋਂ ਥਰਮਲ ਪਾਵਰ ਪਲਾਂਟ ਸਭ ਤੋਂ ਪ੍ਰਮੁੱਖ ਹਨ। ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਤੈਅ ਕੀਤੇ ਗਏ ਮਾਪਦੰਡਾਂ ਅਨੁਸਾਰ ਇਹ ਰੈੱਡ ਕੈਟਿਗਿਰੀ ਦਾ ਉਦਯੋਗ ਹੈ। ਇਹ ਉਦਯੋਗ ਰੋਜ਼ਾਨਾ ਲਗਭਗ 45,000 ਮਿਲੀਅਨ ਲੀਟਰ ਪਾਣੀ ਪ੍ਰਦੂਸ਼ਤ ਕਰਦੇ ਹਨ ਜੋ ਕਿ ਮਿਣਤੀ ਦੇ ਮੁਤਾਬਕ ਪਾਣੀ ਪ੍ਰਦੂਸ਼ਣ ਦੀ ਇਕ ਵੱਡੀ ਮਾਤਰਾ ਹੈ।
ਪ੍ਰਦੂਸ਼ਿਤ ਪਾਣੀ ਵਿਚ ਹਾਨੀਕਾਰਕ ਪ੍ਰਦੂਸ਼ਕਾ ਦੀ ਮੌਜੂਦਗੀ:-
ਥਰਮਲ ਪਾਵਰ ਪਲਾਂਟਾਂ ਵੱਲੋਂ ਪ੍ਰਦੂਸ਼ਿਤ ਪਾਣੀ ਵਿਚ ਕਈ ਤਰ੍ਹਾਂ ਦੇ ਖਤਰਨਾਕ ਪ੍ਰਦੂਸ਼ਕ ਹੁੰਦੇ ਹਨ, ਜਿਨ੍ਹਾਂ ਵਿੱਚ ਪਾਰਾ, ਆਰਸੈਨਿਕ, ਸਿਲੇਨੀਅਨ, ਕੈਡਮੀਅਮ, ਸਿੱਕੇ, ਵਰਗੀਆਂ ਭਾਰੀ ਧਾਤਾਂ ਅਤੇ ਹੋਰ ਪ੍ਰਦੂਸ਼ਕ ਹੁੰਦੇ ਹਨ, ਜਿਨ੍ਹਾ ਨੂੰ ਟਰੀਟ ਨਹੀਂ ਕੀਤਾ ਜਾ ਸਕਦਾ। ਇਹ ਪ੍ਰਦੂਸ਼ਕ ਮਨੁੱਖੀ ਸਿਹਤ, ਸਾਡੇ ਜਲ-ਜੀਵਨ ਅਤੇ ਪਾਣੀ ਦੀ ਗੁਣਵੱਤਾ ਨੂੰ ਘਾਤਕ ਪੱਧਰ ਤੱਕ ਪ੍ਰਭਾਵਿਤ ਕਰਦੇ ਹਨ।
2) ਕੱਪੜਾ ਉਦਯੋਗ
ਭਾਰਤ ਦੀ ਆਰਥਿਕਤਾ ਵਿੱਚ ਟੈਕਸਟਾਈਲ ਉਦਯੋਗ ਦਾ ਮਹੱਤਵਪੂਰਨ ਯੋਗਦਾਨ ਹੈ, ਪਰੰਤੂ ਪਾਣੀ ਪ੍ਰਦੂਸ਼ਣ ਦੇ ਮੁੱਖ ਕਾਰਕ ਵਜੋਂ ਸਾਡੇ ਵਾਤਾਵਰਣ ਲਈ ਇਹ ਉਦਯੋਗ ਇੱਕ ਵੱਡਾ ਖ਼ਤਰਾ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਤੈਅ ਕੀਤੇ ਗਏ ਮਾਪਦੰਡਾਂ ਅਨੁਸਾਰ ਇਹ ਰੈੱਡ ਕੈਟਿਗਿਰੀ ਦਾ ਉਦਯੋਗ ਹੈ। ਭਾਰਤ ਵਿਚ ਪਾਣੀ ਪ੍ਰਦੂਸ਼ਿਤ ਕਰਨ ਦੇ ਮਾਮਲੇ ਵਿਚ ਟੈਕਸਟਾਈਲ ਉਦਯੋਗ ਦੂਜਾ ਸਭ ਤੋਂ ਵੱਡਾ ਪ੍ਰਦੂਸ਼ਿਤ ਉਦਯੋਗ ਹੈ। ਇਹ ਉਦਯੋਗ ਸਾਲਾਨਾ ਲਗਭਗ 93 ਬਿਲੀਅਨ ਘਣ ਮੀਟਰ ਪਾਣੀ ਦੀ ਵਰਤੋਂ ਕਰਦਾ ਹੈ ਅਤੇ ਇਸ ਉਦਯੋਗ ਰਾਹੀਂ 5,000 ਮਿਲੀਅਨ ਲੀਟਰ ਪਾਣੀ ਰੋਜ਼ਾਨਾ ਪ੍ਰਦੂਸ਼ਿਤ ਹੁੰਦਾ ਹੈ।
ਇਸ ਉਦਯੋਗ ਵੱਲੋਂ ਪ੍ਰਦੂਸ਼ਿਤ ਕੀਤੇ ਗਏ ਪਾਣੀ ਵਿੱਚ ਖਤਰਨਾਕ ਪ੍ਰਦੂਸ਼ਕ:-
ਕੱਪੜਾ ਉਦਯੋਗ ਵੱਲੋਂ ਪ੍ਰਦੂਸ਼ਿਤ ਕੀਤੇ ਗਏ ਪਾਣੀ ਵਿੱਚ ਕਈ ਕਿਸਮ ਦੇ ਪ੍ਰਦੂਸ਼ਕਾਂ ਦਾ ਕੰਪਲੈਕਸ ਮਿਸ਼ਰਣ ਹੁੰਦਾ ਹੈ, ਜਿਸ ਵਿੱਚ ਸਿੰਥੈਟਿਕ ਰੰਗ, ਲੂਣ ਅਤੇ ਹੋਰ ਅਜੈਵਿਕ ਪਦਾਰਥ ਸ਼ਾਮਲ ਹੁੰਦੇ ਹਨ। ਕੱਪੜਾ ਉਦਯੋਗ ਦੇ ਪਾਣੀ ਨੂੰ ਇਕ ਹੱਦ ਤੱਕ ਟਰੀਟ ਕੀਤਾ ਜਾ ਸਕਦਾ ਪਰੰਤੂ ਇਸ ਵਿਚੋਂ ਕੁਝ ਸਿੰਥੈਟਿਕ ਰੰਗ ਅਤੇ ਮਾਈਕਰੋ ਫਾਈਬਰ ਨੂੰ ਟਰੀਟ ਕੀਤਾ ਜਾਣਾ ਸੰਭਵ ਨਹੀਂ ਹੁੰਦਾ।
ਕੱਪੜਾ ਉਦਯੋਗ ਵੱਲੋਂ ਪ੍ਰਦੂਸ਼ਿਤ ਕੀਤੇ ਗਏ ਪਾਣੀ ਦੇ ਹਾਨੀਕਾਰਕ ਪ੍ਰਭਾਵ:-
ਟੈਕਸਟਾਈਲ ਯੂਨਿਟਾਂ ਵੱਲੋਂ ਅਣਸੋਧਿਆ ਪ੍ਰਦੂਸ਼ਿਤ ਪਾਣੀ ਜਦੋਂ ਸਾਡੀਆਂ ਨਦੀਆਂ ਅਤੇ ਦਰਿਆਵਾਂ ਵਿਚ ਪਾਇਆ ਜਾਂਦਾ ਹੈ ਤਾਂ ਇਸ ਨਾਲ ਮਨੁੱਖੀ ਸਿਹਤ, ਪੌਦਿਆਂ ਅਤੇ ਜਾਨਵਰਾਂ ਨੂੰ ਮਾਰੂ ਨੁਕਸਾਨ ਪਹੁੰਚਦੇ ਹਨ।
3) ਕਾਗਜ਼ ਅਤੇ ਪਲਪ ਉਦਯੋਗ
ਕਾਗਜ਼ ਅਤੇ ਪਲਪ ਉਦਯੋਗ ਦਾ ਭਾਰਤ ਦੀ ਆਰਥਿਕਤਾ ਵਿੱਚ ਮਹੱਤਵਪੂਰਨ ਯੋਗਦਾਨ ਹੈ, ਪਰੰਤੂ ਇਸ ਦੇ ਨਾਲ-ਨਾਲ ਵੱਡੀ ਮਾਤਰਾ ਵਿੱਚ ਪਾਣੀ ਪ੍ਰਦੂਸ਼ਿਤ ਕਰਨ ਵਿਚ ਵੀ ਇਸ ਦੀ ਪ੍ਰਮੁੱਖ ਭੂਮਿਕਾ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਤੈਅ ਕੀਤੇ ਗਏ ਮਾਪਦੰਡਾਂ ਅਨੁਸਾਰ ਇਹ ਰੈੱਡ ਕੈਟਿਗਿਰੀ ਦਾ ਉਦਯੋਗ ਹੈ। ਭਾਰਤ ਦੀਆਂ ਕਾਗਜ਼ ਮਿੱਲਾਂ ਰੋਜ਼ਾਨਾ ਲਗਭਗ 4,500 ਮਿਲੀਅਨ ਲੀਟਰ ਪਾਣੀ ਪ੍ਰਦੂਸ਼ਤ ਕਰਦੀਆਂ ਹਨ।
ਪਲਪਿੰਗ ਪ੍ਰਕਿਰਿਆ ਦੌਰਾਨ ਬਹੁਤ ਹੀ ਖਾਰਾ ਅਤੇ ਜ਼ਹਿਰੀਲੇ ਗੰਦੇ ਪਾਣੀ ਦਾ ਪ੍ਰਵਾਹ ਪੈਦਾ ਹੁੰਦਾ ਹੈ। ਇਸ ਤੋਂ ਇਲਾਵਾ ਕਾਗਜ਼ ਨਿਰਮਾਣ ਪ੍ਰਕਿਰਿਆ ਦੌਰਾਨ ਪ੍ਰਦੂਸ਼ਕ ਤੱਤ ਜਿਵੇਂ ਕਿ ਡਾਈਔਕਸਿਨਜ਼, ਫਿਊਰੈਨਜ਼, ਕਲੋਰੋਫਿਨੌਲਜ਼, ਰੈਜ਼ਿਨ ਐਸਿਡਜ਼, ਔਪਟੀਕਲ ਬਰਾਈਟਨਰ, ਸਲਫਰ ਕੰਪਾਊਂਡ, ਭਾਰੀ ਧਾਤਾਂ ਜਿਵੇਂ ਕ੍ਰੋਮੀਅਮ, ਕਾਪਰ, ਜਿੰਕ, ਪਾਰਾ, ਫਾਈਬਰ, ਫਿਲਰ, ਫਿਨੌਲਿਕ ਕੰਪਾਊਂਡ, ਰਾਲ ਅਤੇ ਸਿੰਥੈਟਿਕ ਰੰਗ ਆਦਿ ਰਸਾਇਣ ਵੀ ਪ੍ਰਦੂਸ਼ਕਾਂ ਵਿਚ ਸ਼ਾਮਲ ਹੁੰਦੇ ਹਨ। ਇਹ ਪਾਣੀ ਵੀ ਟਰੀਟ ਕੀਤਾ ਜਾ ਸਕਦਾ ਹੈ ਪਰੰਤੂ ਇਸ ਵਿਚ ਕਲੋਰੀਨ ਵਾਲੇ ਕੈਮੀਕਲਾਂ ਨੂੰ ਟਰੀਟ ਨਹੀਂ ਕੀਤਾ ਜਾ ਸਕਦਾ।
ਵਾਤਾਵਰਣ ਪ੍ਰਭਾਵ:-
ਪੇਪਰ ਮਿੱਲਾਂ ਵੱਲੋਂ ਛੱਡੇ ਗਏ ਅਨਟ੍ਰੀਟਡ ਦੂਸ਼ਿਤ ਪਾਣੀ ਮਨੁੱਖੀ ਸਿਹਤ, ਜਲ ਜੀਵਨ ਅਤੇ ਭੂਮੀਗਤ ਪਾਣੀ ਨੂੰ ਦੂਸ਼ਿਤ ਕਰਦੇ ਹਨ, ਜਿਸ ਦੇ ਕਾਫੀ ਘਾਤਕ ਪ੍ਰਭਾਵ ਹੁੰਦੇ ਹਨ।
4) ਸ਼ਰਾਬ ਉਦਯੋਗ
ਭਾਰਤ ਵਿੱਚ 300 ਤੋਂ ਵੱਧ ਸ਼ਰਾਬ ਉਦਯੋਗ ਹਨ ਅਤੇ ਭਾਰਤ ਦੀ ਆਰਥਿਕਤਾ ਵਿਚ ਇਸ ਉਦਯੋਗ ਦੀ ਅਹਿਮ ਭੂਮਿਕਾ ਹੈ। ਇਹ ਸੈਕਟਰ ਰੋਜ਼ਾਨਾ ਲਗਭਗ 3,000 ਮਿਲੀਅਨ ਲੀਟਰ ਪਾਣੀ ਪ੍ਰਦੂਸ਼ਤ ਕਰਦਾ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਤੈਅ ਕੀਤੇ ਗਏ ਮਾਪਦੰਡਾਂ ਅਨੁਸਾਰ ਇਹ ਰੈੱਡ ਕੈਟਿਗਿਰੀ ਦਾ ਉਦਯੋਗ ਹੈ। ਇਸ ਸੈਕਟਰ ਵੱਲੋਂ ਪ੍ਰਦੂਸ਼ਤ ਕੀਤੇ ਗਏ ਪਾਣੀ ਵਿੱਚ ਹੈਵੀ ਮੈਟਲ, ਰਸਾਇਣ ਜਿਵੇਂ ਕਿ ਮੈਲਿਨਾਇਡਿੰਨਜ, ਘੱਟ ਪੀ. ਐਚ. ਵਾਲੇ ਐਸਿਡ, ਲੂਣ, ਨਾਈਟ੍ਰੋਜਨ, ਫਾਸਫੋਰਸ, ਕੈਲਸ਼ੀਅਮ, ਮੈਗਨੀਸ਼ਅਮ, ਪੋਟਾਸ਼ੀਅਮ, ਅਤੇ ਹੋਰ ਜ਼ਹਿਰੀਲੇ ਪ੍ਰਦੂਸ਼ਕਾਂ ਦੇ ਨਾਲ-ਨਾਲ (BOD,COD) ਭਾਵ ਆਕਸੀਜ਼ਨ ਦੀ ਮਾਤਰਾ ਨਹੀਂ ਹੁੰਦੀ ਹੈ, ਜਿਸ ਕਾਰਨ ਇਸਨੂੰ ਟਰੀਟ ਕਰਨਾ ਕਾਫੀ ਚੁਣੌਤੀਪੂਰਨ ਹੁੰਦਾ ਹੈ।
ਵਾਤਾਵਰਣ ਪ੍ਰਭਾਵ:-
ਸ਼ਰਾਬ ਉਦਯੋਗ ਵੱਲੋਂ ਪ੍ਰਦੂਸ਼ਤ ਕੀਤੇ ਗਏ ਪਾਣੀ ਮਨੁੱਖੀ ਸਿਹਤ, ਜਲ-ਜੀਵਨ, ਮਿੱਟੀ ਅਤੇ ਭੂਮੀਗਤ ਪਾਣੀ ਨੂੰ ਦੂਸ਼ਿਤ ਕਰਦੇ ਹਨ ਅਤੇ ਕਾਫੀ ਘਾਤਕ ਹੁੰਦੇ।
5) ਚਮੜਾ ਉਦਯੋਗ
ਚਮੜਾ ਉਦਯੋਗ ਰੋਜ਼ਾਨਾ ਲਗਭਗ 150 ਮਿਲੀਅਨ ਲੀਟਰ ਪਾਣੀ ਪ੍ਰਦੂਸ਼ਤ ਕਰਦਾ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਤੈਅ ਕੀਤੇ ਗਏ ਮਾਪਦੰਡਾਂ ਅਨੁਸਾਰ ਇਹ ਰੈੱਡ ਕੈਟਿਗਿਰੀ ਦਾ ਉਦਯੋਗ ਹੈ।
ਉਦਯੋਗ ਵੱਲੋਂ ਪ੍ਰਦੂਸ਼ਤ ਕੀਤੇ ਗਏ ਪਾਣੀ ਵਿੱਚ ਮੌਜੂਦ ਪ੍ਰਦੂਸ਼ਕ:-
ਇਸ ਉਦਯੋਗ ਵੱਲੋਂ ਪ੍ਰਦੂਸ਼ਤ ਕੀਤੇ ਗਏ ਪਾਣੀ ਵਿੱਚ ਪ੍ਰਦੂਸ਼ਕਾਂ ਦੀ ਮਾਤਰਾ ਉੱਚ ਪੱਧਰੀ ਹੁੰਦੀ ਹੈ। ਇਸ ਵਿਚ ਭਾਰੀ ਧਾਤਾਂ ਜਿਵੇਂ ਕ੍ਰੋਮੀਅਮ, ਨਿੱਕਲ, ਕੈਡਮੀਅਮ, ਸਿੱਕਾ, ਜ਼ਿੰਕ, ਸਲਫਾਈਡ, ਕਲੋਰਾਈਡ, ਸੋਡੀਅਮ, ਲੂਣ ਅਤੇ ਹੋਰ ਪ੍ਰਦੂਸ਼ਕ ਮੌਜੂਦ ਹੁੰਦੇ ਹਨ। ਇਸ ਤੋਂ ਇਲਾਵਾ BOD, COD ਦੇ ਵਿਗਾੜ ਕਾਰਨ ਪ੍ਰਦੂਸ਼ਤ ਪਾਣੀ ਵਿਚ ਆਕਸੀਜਨ ਦੀ ਮਾਤਰਾ ਨਹੀਂ ਹੁੰਦੀ ਜਿਸ ਕਾਰਨ ਇਸ ਨੂੰ ਟਰੀਟ ਕਰਨਾ ਚਣੌਤੀਪੂਰਨ ਹੁੰਦਾ ਹੈ। ਇਸ ਇੰਡਸਟਰੀ ਦਾ ਪਾਣੀ ਟਰੀਟ ਕੀਤਾ ਜਾ ਸਕਦਾ ਪਰੰਤੂ ਜੇਕਰ ਇਸ ਨੂੰ ਟਰੀਟ ਨਾ ਕੀਤਾ ਜਾਵੇ ਤਾਂ ਇਸ ਵਿਚੋਂ ਨਿਕਲਣ ਵਾਲੇ ਕ੍ਰੋਮੀਅਮ ਵਰਗੇ ਭਾਰੀ ਕੈਮੀਕਲ ਮਨੁੱਖੀ ਸਿਹਤ ਲਈ ਘਾਤਕ ਹੁੰਦੇ ਹਨ।
ਵਾਤਾਵਰਣ ਪ੍ਰਭਾਵ:-
ਚਮੜਾ ਉਦਯੋਗ ਵੱਲੋਂ ਦੂਸ਼ਿਤ ਕੀਤਾ ਗਿਆ ਅਣਸੋਧਿਆ ਪਾਣੀ ਸਾਡੇ ਜਲ ਸਰੋਤਾਂ ਨੂੰ ਪ੍ਰਦੂਸ਼ਿਤ ਕਰਦਾ ਹੈ ਅਤੇ ਮਿੱਟੀ ਦੀ ਗੁਣਵੱਤਾ ਨੂੰ ਖਰਾਬ ਕਰਦਾ ਹੈ। ਇਸ ਦੇ ਨਾਲ-ਨਾਲ ਇਹ ਮਨੁੱਖੀ ਸਿਹਤ ਅਤੇ ਜਲ-ਜੀਵਨ ਲਈ ਵੀ ਕਾਫੀ ਮਾਰੂ ਹੈ।
6)ਇਲੈਕਟ੍ਰੋਪਲੇਟਿੰਗ ਉਦਯੋਗ
ਇਲੈਕਟ੍ਰੋਪਲੇਟਿੰਗ ਉਦਯੋਗ ਵੱਖ-ਵੱਖ ਪਾਰਟਸ ਅਤੇ ਚੀਜ਼ਾਂ ਉੱਤੇ ਨਿਕਲ ਚੜ੍ਹਾਉਣ ਦਾ ਕਾਰਜ ਕਰਦਾ ਹੈ। ਇਹ ਉਦਯੋਗ ਵੀ ਭਾਰਤ ਵਿੱਚ ਪਾਣੀ ਦੇ ਪ੍ਰਦੂਸ਼ਣ ਪ੍ਰਮੁੱਖ ਕਾਰਕ ਹਨ। ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਤੈਅ ਕੀਤੇ ਗਏ ਮਾਪਦੰਡਾਂ ਅਨੁਸਾਰ ਇਹ ਵੀ ਰੈੱਡ ਕੈਟਿਗਿਰੀ ਦਾ ਉਦਯੋਗ ਹੈ। ਇਸ ਉਦਯੋਗ ਵੱਲੋਂ ਪ੍ਰਦੂਸ਼ਤ ਕੀਤੇ ਗਏ ਪਾਣੀ ਵਿਚ ਜ਼ਹਿਰੀਲੇ ਰਸਾਇਣ ਅਤੇ ਭਾਰੀ ਧਾਤਾਂ ਵੱਡੀ ਮਾਤਰਾ ਵਿੱਚ ਹੁੰਦੀਆਂ ਹਨ। ਇਸ ਉਦਯੋਗ ਵੱਲੋਂ ਪ੍ਰਦੂਸ਼ਤ ਕੀਤੇ ਗਏ ਪਾਣੀ ਨੂੰ ਟਰੀਟ ਕਰਨਾ ਵੱਡੀ ਚੁਣੌਤੀ ਦਾ ਕਾਰਜ ਹੈ।
ਇਲੈਕਟ੍ਰੋਪਲੇਟਿੰਗ ਉਦਯੋਗ ਵੱਲੋਂ ਪ੍ਰਦੂਸ਼ਤ ਕੀਤੇ ਜਾਂਦੇ ਪਾਣੀ ਵਿਚ ਮੁੱਖ ਪ੍ਰਦੂਸ਼ਕ
ਇਹ ਉਦਯੋਗ ਕਈ ਤਰ੍ਹਾਂ ਦੇ ਰਸਾਇਣਾਂ ਦੀ ਵਰਤੋਂ ਕਰਦਾ ਹੈ, ਜਿਨ੍ਹਾਂ ਵਿੱਚ ਸਾਈਨਾਈਡ, ਐਸਿਡ ਅਤੇ ਖਾਰੀ ਸ਼ਾਮਲ ਹਨ। ਇਸ ਉਦਯੋਗ ਵੱਲੋਂ ਪੈਦਾ ਕੀਤੇ ਦੂਸ਼ਿਤ ਪਾਣੀ ਜੇਕਰ ਸਹੀ ਢੰਗ ਨਾਲ ਟਰੀਟ ਨਾ ਕੀਤੇ ਜਾਣ ਤਾਂ ਪਾਣੀ ਦੇ ਸਰੋਤਾਂ ਨੂੰ ਗੰਭੀਰ ਢੰਗ ਦੂਸ਼ਿਤ ਕਰ ਸਕਦੇ ਹਨ। ਇਲੈਕਟ੍ਰੋਪਲੇਟਿੰਗ ਪ੍ਰਦੂਸ਼ਤ ਪਾਣੀ ਵਿੱਚ ਕ੍ਰੋਮੀਅਮ, ਨਿੱਕਲ, ਕੈਡਮੀਅਮ ਅਤੇ ਜ਼ਿੰਕ ਵਰਗੀਆਂ ਭਾਰੀ ਧਾਤਾਂ ਹੁੰਦੀਆਂ ਹਨ, ਜੋ ਜਲ-ਜੀਵਨ ਅਤੇ ਮਨੁੱਖੀ ਸਿਹਤ ਲਈ ਕਾਫੀ ਘਾਤਕ ਹਨ।
7) ਕੈਮੀਕਲ ਅਤੇ ਦਵਾਈ ਉਦਯੋਗ
ਕੈਮੀਕਲ ਅਤੇ ਦਵਾਈ ਉਦਯੋਗ ਨੂੰ ਪਾਣੀ ਪ੍ਰਦੂਸ਼ਿਤ ਕਰਨ ਦੇ ਮਾਮਲੇ ਵਿਚ ਕੇਂਦਰੀ ਪਲਿਊਸ਼ਨ ਕੰਟਰੋਲ ਬੋਰਡ ਵੱਲੋਂ ਰੈਡ ਕੇਟੇਗਿਰੀ ਉਦਯੋਗ ਕਰਾਰ ਦਿੱਤਾ ਹੋਇਆ ਹੋਇਆ ਹੈ। ਇਹ ਉਦਯੋਗ ਹਰ ਰੋਜ਼ ਲੱਖਾਂ ਲੀਟਰ ਪਾਣੀ ਪ੍ਰਦੂਸ਼ਿਤ ਕਰਦਾ ਹੈ। ਇਸ ਪਾਣੀ ਵਿਚ ਮੌਜੂਦ ਰਸਾਇਣ ਜਿਵੇਂ ਕਿ ਐਟੀਂਬਾਇਓਟਿਕਸ, ਹਾਰਮੋਨਜ਼ ਅਤੇ ਹੋਰ ਕਈ ਪ੍ਰਦੂਸ਼ਕ ਮੌਜੂਦ ਹੁੰਦੇ ਹਨ ਜਿਨ੍ਹਾਂ ਨੂੰ ਟਰੀਟ ਨਹੀਂ ਕੀਤਾ ਜਾ ਸਕਦਾ।
8) ਕੋਲਡਰਿੰਕ ਇੰਡਸਟਰੀਜ਼
ਭਾਰਤ ਵਿਚ ਪਿਛਲੇ ਦਹਾਕਿਆਂ ਦੌਰਾਨ ਕੋਲਡਰਿੰਕ ਇੰਡਸਟਰੀ ਦਾ ਪਸਾਰ ਵੱਡੇ ਪੱਧਰ ’ਤੇ ਹੋਇਆ ਹੈ। ਇਸ ਉਦਯੋਗ ਵਿਚ ਤੈਅ ਕੀਤੇ ਨਿਯਮਾਂ ਨੂੰ ਅਕਸਰ ਹੀ ਧਿਆਨ ਵਿਚ ਨਹੀਂ ਰੱਖਿਆ ਜਾਂਦਾ ਅਤੇ ਅਨਟ੍ਰੀਟਡ ਪ੍ਰਦੂਸ਼ਤ ਪਾਣੀ ਨਦੀਆਂ ਦਰਿਆਵਾਂ ਵਿੱਚ ਪਾ ਦਿੱਤਾ ਜਾਂਦਾ ਹੈ।
ਕੋਲਡਰਿੰਕ ਉਦਯੋਗ ਵੱਲੋਂ ਪੈਦਾ ਕੀਤੇ ਗਏ ਪ੍ਰਦੂਸ਼ਤ ਪਾਣੀ ਵਿਚ ਲੈਡ, ਕੈਡਮੀਅਨ, ਕ੍ਰੋਮੀਅਮ, ਜਿੰਕ ਕਲੋਰੀਨ, ਪੈਰਾਸੈਟਿਕ ਐਸਿਡ, ਸੋਡੀਅਮ ਬੈਨਜੋਏਟ, ਸਾਰਬੇਟ, SO2, ਕਲਰਿੰਗ ਏਜੰਟ, ਅਤੇ ਹੋਰ ਪ੍ਰਦੂਸ਼ਕ ਜਿਵੇਂ ਕਿ ਮਾਈਕ੍ਰੋਪਲਾਸਟਿਕ ਅਤੇ ਪੈਸਟੀਸਾਈਡਜ਼ ਟਰੇਸਿਸ ਹੁੰਦੇ ਹਨ, ਜਿੰਨਾ ਨੂੰ ਟਰੀਟ ਕਰਨਾ ਚਣੌਤੀਪੂਰਨ ਹੁੰਦਾ ਹੈ।
ਪੰਜਾਬ ਸਮੇਤ ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਪ੍ਰਮੁੱਖ ਨਦੀਆਂ ਅਤੇ ਦਰਿਆਵਾਂ ਵਿਚ ਪਾਣੀ ਦਾ ਗਰੇਡ ਅਤੇ ਗੁਣਵੱਤਾ:-
ਗ੍ਰੇਡ ਏ : ਇਸ ਗ੍ਰੇਡ ਦੇ ਪਾਣੀ ਨੂੰ ਪੀਣ ਵਾਲੇ ਪਾਣੀ ਦੀ ਕੈਟੇਗਿਰੀ ਵਿਚ ਰੱਖਿਆ ਜਾਂਦਾ ਹੈ।
ਪਾਣੀ ਦਾ ਗ੍ਰੇਡ ਬੀ : ਇਸ ਗ੍ਰੇਡ ਦੇ ਪਾਣੀ ਨੂੰ ਨਹਾਉਣ–ਧੋਣ ਦੇ ਕਾਰਜ ਲਈ ਵਰਤਿਆ ਜਾ ਸਕਦਾ ਹੈ।
ਗ੍ਰੇਡ ਸੀ : ਇਸ ਗ੍ਰੇਡ ਦੇ ਪਾਣੀ ਨੂੰ ਟਰੀਟ ਕੀਤੇ ਜਾਣ ਤੋਂ ਬਾਅਦ ਹੀ ਵਰਤੋਂ ਵਿਚ ਲਿਆਦਾਂ ਜਾ ਸਕਦਾ ਹੈ।
ਪਾਣੀ ਦਾ ਗ੍ਰੇਡ ਡੀ : ਇਸ ਗ੍ਰੇਡ ਦੇ ਪਾਣੀ ਨੂੰ ਜੰਗਲੀ ਜੀਵਾਂ ਅਤੇ ਮੱਛੀ ਪਾਲਣ ਆਦਿ ਲਈ ਹੀ ਵਰਤਿਆ ਜਾ ਸਕਦਾ ਹੈ।
ਗ੍ਰੇਡ ਈ : ਇਹ ਸਭ ਤੋਂ ਪ੍ਰਦੂਸ਼ਤ ਪਾਣੀ ਹੁੰਦਾ ਹੈ। ਇਸ ਪਾਣੀ ਨੂੰ ਸਿੰਚਾਈ ਲਈ ਵੀ ਨਹੀਂ ਵਰਤਿਆ ਜਾ ਸਕਦਾ।
ਹੇਠਾਂ ਦਿੱਤੇ ਗਏ ਸਾਲ 2025 ਦੇ ਅੰਕੜਿਆਂ ਵਿਚ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਸਮੇਤ ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਨਦੀਆਂ ਅਤੇ ਦਰਿਆਵਾਂ ਦਾ ਪ੍ਰਦੂਸ਼ਣ ਕਿਸ ਪੱਧਰ ਤੱਕ ਪੁੱਜ ਚੁੱਕਾ ਹੈ। ਭਾਰਤ ਦੀਆਂ ਕਈ ਨਦੀਆਂ ਅਤੇ ਦਰਿਆਵਾਂ ਦਾ ਪ੍ਰਦੂਸ਼ਣ ਈ ਗਰੇਡ ਤੱਕ ਵੀ ਪਹੁੰਚ ਚੁੱਕਾ ਹੈ, ਜੋ ਕਿ ਕਾਫੀ ਚਿੰਤਾਜਨਕ ਹੈ।
| ਸੂਬਾ/ਕੇਂਦਰ ਸ਼ਾਸਿਤ ਪ੍ਰਦੇਸ਼ | ਪ੍ਰਦੂਸ਼ਣ ਗਰੇਡ (ਸੰਯੁਕਤ) | ਮੁੱਖ ਨਦੀਆਂ/ਦਰਿਆਵਾਂ ਅਤੇ ਉਨ੍ਹਾਂ ਦੇ ਗਰੇਡ |
|---|---|---|
| ਮਹਾਰਾਸ਼ਟਰ | C, D, E | ਗੋਦਾਵਰੀ (D–E), ਕ੍ਰਿਸ਼ਨਾ (D–E), ਉਲਹਾਸ (E) |
| ਉੱਤਰ ਪ੍ਰਦੇਸ਼ | B, C, D, E | ਗੰਗਾ (ਕਾਨਪੁਰ, ਇਲਾਹਾਬਾਦ – C–E), ਯਮੁਨਾ (ਆਗਰਾ – D–E) |
| ਪੱਛਮੀ ਬੰਗਾਲ | B, C, D, E | ਹੁਗਲੀ (C–E), ਦਮੋਦਰ (E) |
| ਤਾਮਿਲਨਾਡੂ | B, C, D, E | ਕੂਮ (E), ਅਦਿਆਰ (E), ਭਵਾਨੀ (C–D) |
| ਕਰਨਾਟਕ | D, E | ਅਰਕਾਵਤੀ (D–E), ਕਬਿਨੀ (D–E), ਭੀਮ (D–E) |
| ਗੁਜਰਾਤ | C, D, E | ਸਾਬਰਮਤੀ (D–E), ਤਾਪੀ (D–E), ਮਾਹੀ (C–D) |
| ਅਸਾਮ | C, D, E | ਬ੍ਰਹਮਪੁੱਤਰ (ਗੁਹਾਟੀ – C–E), ਬਰਾਕ (E) |
| ਉੜੀਸਾ | B, C, D | ਮਹਾਨਦੀ (C–D), ਬ੍ਰਾਹਮਣੀ (C) |
| ਦਿੱਲੀ (ਐਨਸੀਟੀ) | D, E | ਯਮੁਨਾ (ਪੂਰਬ) |
| ਪੰਜਾਬ | C, D, E | ਸਤਲੁਜ (D–E), ਘੱਗਰ (C–E) |
| ਰਾਜਸਥਾਨ | C, D, E | ਚੰਬਲ (C–E), ਬਨਾਸ (D–E) |
| ਕੇਰਲ | B, C | ਪੇਰੀਆਰ (B–C), ਭਰਥਪੁਝਾ (B–C) |
ਇਹ ਨਦੀਆਂ ਪਹਾੜੀ ਖੇਤਰ ਭਾਵ ਉੱਪਰਲੇ ਹਿੱਸਿਆਂ ਵਿੱਚ ਅਤੇ ਉੱਤਰ-ਪੂਰਬੀ ਰਾਜਾਂ ਜਿਵੇ ਕਿ (ਅਰੁਣਾਚਲ ਪ੍ਰਦੇਸ਼, ਸਿੱਕਮ, ਮੇਘਾਲਿਆ) ਵਿੱਚ ਆਮ ਤੌਰ ‘ਤੇ A ਜਾਂ B ਕੈਟੇਗਿਰੀ ਵਿਚ ਵਗਦੀਆਂ ਹਨ ਪਰੰਤੂ ਜਿਵੇਂ-ਜਿਵੇਂ ਇਹ ਹੇਠਾਂ ਉੱਤਰਦੀਆਂ ਹਨ, ਇੰਡਸਟਰੀ ਅਤੇ ਸ਼ਹਿਰੀਕਰਨ ਕਾਰਨ ਇਹ ਭਿਆਨਕ ਹੱਦ ਤੱਕ ਪ੍ਰਦੂਸ਼ਿਤ ਹੋ ਜਾਂਦੀਆਂ ਹਨ। ਇਨ੍ਹਾਂ ਵਿਚੋਂ ਪ੍ਰਮੁੱਖ ਸ਼ਹਿਰੀ ਨਦੀਆਂ ਦਾ ਪਾਣੀ ਜਿਂਵੇ ਕਿ ਦਿੱਲੀ ਵਿਖੇ ਯਮੁਨਾ, ਚੇਨਈ ਵਿਖੇ ਕੂਮ, ਮੁੰਬਈ ਵਿਖੇ ਉਲਹਾਸ ਲੱਗਭਗ ਗ੍ਰੇਡ E ਹੈ , ਜੋ ਕਿ ਸਿੰਚਾਈ ਲਈ ਵੀ ਅਯੋਗ ਹੈ।
ਹੋਰ ਜਾਣਕਾਰੀ ਲਈ ਭਾਰਤੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਵੈਬਸਾਈਚ https://cpcb.nic.in/ (NWMP) ਦੇ ਅਧਿਕਾਰਤ ਡੇਟਾਬੇਸ ਨੂੰ ਵੇਖੋ, ਜੋ ਸਤੰਬਰ 2025 ਤੱਕ ਅੱਪਡੇਟ ਕੀਤਾ ਗਿਆ ਹੈ।

