Ravan In Folklore and Gurbani-ਪੰਜਾਬੀ ਲੋਕਧਾਰਾ ਅਤੇ ਗੁਰਬਾਣੀ ਵਿਚ ਰਾਵਣ/ਵਿਸ਼ੇਸ਼ ਲੇਖ-ਜਸਬੀਰ ਵਾਟਾਂਵਾਲੀਆ
ਪੰਜਾਬੀ ਲੋਕਧਾਰਾ, ਗੁਰਬਾਣੀ, ਪੁਰਾਤਨ ਗਰੰਥਾਂ ਅਤੇ ਹਿੰਦੂ ਮੱਤ ਵਿਚ ਰਾਵਣ ਦਾ ਵਿਸ਼ੇਸ਼ ਜ਼ਿਕਰ ਮਿਲਦਾ ਹੈ। ਇਤਿਹਾਸ ਮੁਤਾਬਕ ਰਾਵਣ ਦਾ ਜਨਮ 5224 ਬੀ.ਸੀ. ਦੇ ਆਸ-ਪਾਸ ਹੋਇਆ ਸੀ। ਰਾਵਣ ਦੇ ਪਿਤਾ ਵਿਸਰਾਵਾ ਬਹੁਤ ਹੀ ਗਿਆਨਵਾਨ ਵਿਅਕਤੀ ਸਨ ਅਤੇ ਰਾਵਣ ਦੀ ਮਾਤਾ ਦਾ ਨਾਂ ਕੈਕੇਸੀ ਸੀ। ਮੰਨਿਆ ਜਾਂਦਾ ਹੈ ਕਿ ਆਪਣੇ ਪਿਤਾ ਵਾਂਗ ਰਾਵਣ ਵੀ ਬਹੁਤ ਹੀ ਬੁੱਧੀਮਾਨ ਅਤੇ ਗੁਣੀ ਗਿਆਨੀ ਵਿਅਕਤੀ ਸੀ। ਉਸ ਨੂੰ ਚਾਰ ਵੇਦ ਅਤੇ ਛੇ ਸਾਸਤਰ ਜ਼ੁਬਾਨੀ ਯਾਦ ਸਨ। ਮਾਨਤਾਵਾਂ ਮੁਤਾਬਕ ਰਾਵਣ ਦੇ ਦਸ ਸਿਰ ਅਤੇ ਵੀਹ ਹੱਥ ਸਨ ਅਤੇ ਉਹ ਬਹੁਤ ਹੀ ਬਲਸ਼ਾਲੀ ਯੋਧਾ ਸੀ।
ਮਾਨਤਾਵਾਂ ਅਨੁਸਾਰ ਰਾਮਾਇਣ ਦੀ ਸਭ ਤੋਂ ਪਹਿਲੀ ਗਾਥਾ ਰਿਸ਼ੀ ਨਾਰਦ ਵੱਲੋਂ ਦੱਸੀ ਗਈ ਕਹਾਣੀ ਅਨੁਸਾਰ ਮਹਾਰਿਸ਼ੀ ਵਾਲਮੀਕਿ ਨੇ ਲਿਖੀ ਸੀ। ਰਾਮ ਅਤੇ ਰਾਵਣ ਦੀ ਆਖਰੀ ਗਾਥਾ ਕਵੀ ਤੁਲਸੀ ਦਾਸ ਨੇ 16 ਵੀਂ ਸਦੀ ਦੇ ਆਸ-ਪਾਸ ਲਿਖੀ ਸੀ ਜੋ, ਕਿ ਬਹੁਤ ਜਿਆਦਾ ਪ੍ਰਚਲਿਤ ਹੋਈ। ਰਾਵਣ ਦੇ ਜਨਮ ਅਸਥਾਨ ਅਤੇ ਕੁੱਲ ਨੂੰ ਲੈ ਕੇ ਇਤਿਹਾਸਕਾਰ ਇਕ ਮੱਤ ਨਹੀਂ ਹਨ। ਅਜੋਕੇ ਸਮੇਂ ਵਿਚ ਕਈ ਇਤਿਹਾਸਕਾਰ ਰਾਵਣ ਦਾ ਸਬੰਧ ਉਚ ਦ੍ਰਾਵਿੜ ਜਾਤੀਆਂ ਨਾਲ ਜੋੜਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਉਹ ਪਿਤਾ ਪੱਖ ਤੋਂ ਬ੍ਰਾਹਮਣ ਅਤੇ ਮਾਤਾ ਪੱਖ ਤੋਂ ਰਾਕਸ਼ਸ ਜਾਤੀ ਨਾਲ ਸਬੰਧ ਰੱਖਦਾ ਸੀ। ਰਾਵਣ ਨੂੰ ਸਾਡੀ ਪੁਰਾਤਨ ਲੋਕਧਾਰਾ ਵਿਚ ਹੰਕਾਰੀ ਰਾਜੇ ਵਜੋਂ ਚਿਤਰਿਆ ਗਿਆ ਹੈ।
ਪੰਜਾਬੀ ਲੋਕਧਾਰਾ ਵਿਚ ਰਾਵਣ/Ravan In Folklor
ਸਾਡੇ ਅਖਾਣ, ਮੁਹਾਵਰਿਆਂ, ਲੋਕ ਗੀਤਾਂ ਅਤੇ ਬੋਲੀਆਂ ਵਿਚ ਵੀ ਰਾਵਣ ਦਾ ਵਿਸ਼ੇਸ਼ ਜਿਕਰ ਮਿਲਦਾ ਹੈ, ਜਿਸ ਦਾ ਵਰਨਣ ਹੇਠਾਂ ਦਿੱਤਾ ਗਿਆ ਹੈ।
ਅਖਾਣ ਮੁਹਾਵਰਿਆਂ ਵਿਚ ਰਾਵਣ ਦਾ ਜਿਕਰ
-ਰਾਵਣ ਸੜਿਆ, ਹੰਕਾਰ ਸੜਿਆ
-ਡਿੱਗ ਤਾਂ ਦਸ ਸਿਰਾਂ ਵਾਲਾ ਰਾਵਣ ਵੀ ਗਿਆ ਸੀ
-ਲੰਕਾ ਸੜੀ ਰਾਵਣ ਸੜਿਆ,
ਸੱਚ ਜਿੱਤਿਆ ਝੂਠ ਹਰਿਆ।
-ਰਾਵਣ ਸੜਿਆ, ਲੰਕਾ ਸੜੀ,
ਹਊਂ-ਹੰਕਾਰ ਦੀ ਜੜ੍ਹ ਸੜੀ।
-ਸੁੱਖ ਤਾਂ ਰਾਮ ਅਤੇ ਰਾਵਣ ਦੇ ਘਰ ਵਿਚ ਵੀ ਨਹੀਂ ਸੀ।
-ਆਖਰ ਤਾਂ ਰਾਵਣ ਵੀ ਸੜ ਗਿਆ ਸੀ।
-ਇਕ ਦਿਨ ਤਾਂ ਰਾਵਣ ਦੀ ਲੰਕਾ ਵੀ ਖਾਲੀ ਹੋ ਗਈ ਸੀ।
-ਹੰਕਾਰ ਨੇ ਤਾਂ ਰਾਵਣ ਵਰਗਾ ਗਿਆਨੀ ਵੀ ਮਾਰ ਦਿੱਤਾ ਸੀ ।
-ਜਿਸ ਰਾਵਣ ਕੋਲ ਦਸ ਸਿਰ ਸਨ, ਉਹ ਵੀ ਨਹੀਂ ਬਚਿਆ।
-ਰਾਵਣ ਦਾ ਰਾਜ ਵੀ ਸਦਾ ਨੀ ਰਹਿੰਦਾ।
-ਰਾਵਣ ਵਰਗਾ ਨਾ ਕੋਈ ਹੋਇਆ,
ਹੰਕਾਰ ਕੀਤਾ ਤਾਂ ਸਭ ਕੁਝ ਮੋਇਆ।
-ਘਰ ਦਾ ਭੇਤੀ ਲੰਕਾ ਢਾਹੇ।
ਇਸ ਅਖਾਣ ਦਾ ਪਿਛੋਕੜ ਵੀ ਰਾਮ ਚੰਦਰ ਅਤੇ ਰਾਵਣ ਦੀ ਗਾਥਾ ਨਾਲ ਜੁੜਦਾ ਹੈ, ਜਿਸ ਵਿਚ ਰਾਵਣ ਦਾ ਭਰਾ ਭਵੀਸ਼ਣ ਰਾਮ ਚੰਦਰ ਨੂੰ ਸਾਰਾ ਭੇਤ ਦੇ ਕੇ ਲੰਕਾ ਵਾਸੀ ਰਾਵਣ ਨੂੰ ਹਰਾਉਣ ਵਿਚ ਅਹਿਮ ਰੋਲ ਅਦਾ ਕਰਦਾ ਹੈ।
ਬੋਲੀਆਂ ਵਿਚ ਰਾਵਣ ਦਾ ਜਿਕਰ
ਰਾਵਣ ਵਰਗਾ ਹੰਕਾਰ ਨਾ ਪਾਲੀਏ ਜੀ,
ਲੰਕਾ ਵਰਗੀ ਰਿਆਸਤ ਵੀ ਖਾਲੀ ਏ ਜੀ
ਰਾਵਣ ਜੇਹਾ ਨਾ ਗਰੂਰ ਕਦੇ ਕਰੀਏ ਜੀ,
ਸੁੱਖ-ਸ਼ਾਂਤੀ ਨਾ ਕਦੇ ਦੂਰ ਕਰੀਏ ਜੀ।
ਲੋਕ-ਗੀਤਾਂ ਵਿਚ ਰਾਵਣ ਦਾ ਜਿਕਰ
ਲੱਖਾਂ ਫੌਜਾਂ ਰਾਵਣ ਦੇ ਕੋਲ ਨੀ,
ਇਕ ਬਾਣ ਨੇ ਕੀਤਾ ਡੋਲ ਨੀ।
ਸੀਤਾ ਲੈ ਗਿਆ ਰਾਵਣ ਚੁੱਕ ਲੰਕਾ,
ਦੁੱਖਾਂ ਨੇ ਘੇਰੇ ਮੇਰੇ ਰਾਮ ਜੀ।
ਅਜੋਕੀ ਪੰਜਾਬੀ ਕਵਿਤਾ ਵਿਚ ਰਾਵਣ ਦਾ ਜਿਕਰ
ਅਜੋਕੇ ਸਮੇਂ ਦੇ ਅਨੇਕਾਂ ਗੀਤਾਂ ਅਤੇ ਕਵਿਤਾਵਾਂ ਵਿਚ ਵੀ ਰਾਵਣ ਦਾ ਜਿਕਰ ਆਮ ਮਿਲਦਾ ਹੈ। ਜਿਵੇਂ ਕਿ-
ਰਾਵਣ ਦਹਿਸਿਰ ਆਖਦੇ ਮਹਾਂਬਲੀ ਬਲਵਾਨ
ਪੜ੍ਹਿਆ ਚਾਰੇ ਵੇਦ ਜੋ, ਤੇ ਵੱਡਾ ਵਿਦਵਾਨ
ਕਾਲ ਸੁਣੀਂ ਦਾ ਓਸ ਨੇ ਬੱਧਾ ਪਾਵੇ ਨਾਲ
ਲੱਖਾਂ ਪੁੱਤ-ਪੜੋਤਰੇ ਵੱਡਾ ਕੁਟੰਬ-ਕਮਾਲ
ਕਿਤਾਬ ਕਲਯੁਗਨਾਮਾ ਵਿਚੋਂ-
ਗੁਰਬਾਣੀ ਵਿਚ ਰਾਵਣ ਦਾ ਜਿਕਰ/Ravan in Gurbani
ਗੁਰਬਾਣੀ ਵਿਚ ਖਾਸ ਕਰਕੇ ਭਗਤ ਬਾਣੀ ਵਿਚ ਰਾਵਣ ਦਾ ਜਿਕਰ ਖਾਸ ਸੰਦਰਭਾਂ ਵਿਚ ਅਨੇਕਾਂ ਵਾਰ ਕੀਤਾ ਮਿਲਦਾ ਹੈ। ਜਿਵੇਂ ਦੇਖੋ ਹਵਾਲੇ-
ਭਗਤ ਨਾਮਦੇਵ ਜੀ ਦੀ ਬਾਣੀ ਵਿਚ ਰਾਵਣ ਦਾ ਜਿਕਰ
ਮੇਰੀ ਮੇਰੀ ਕੈਰਉ ਕਰਤੇ ਦੁਰਜੋਧਨ ਸੇ ਭਾਈ।।
ਬਾਰਹ ਜੋਜਨ ਛਤ੍ਰੁ ਚਲੈ ਥਾ ਦੇਹੀ ਗਿਰਝਨ ਖਾਈ।।
ਸਰਬ ਸਇਨ ਕੀ ਲੰਕਾ ਹੋਤੀ ਰਾਵਨ ਸੇ ਅਧਿਕਾਈ।।
ਕਹਾ ਭਇਓ ਦਰਿ ਬਾਂਧੇ ਹਾਥੀ ਖਿਨ ਮਹਿ ਭਈ ਪਰਾਈ।।
ਅੰਗ -692
ਭਗਤ ਨਾਮਦੇਵ ਜੀ ਆਪਣੀ ਬਾਣੀ ਰਾਹੀਂ ਮਨੁੱਖ ਨੂੰ ਨੀਵਾਂ ਰਹਿਣ, ਚੰਗੇ ਕਰਮ ਕਰਨ ਅਤੇ ਨਾਮ ਜਪਣ ਦੀ ਪ੍ਰੇਰਨਾ ਦਿੰਦੇ ਹੋਏ ਸਮਝਾਉਂਦੇ ਹਨ ਕਿ ਕੌਰਵ ਹੰਕਾਰ ਵਿੱਚ ਬਹੁਤ ਆਕੜ ਗਏ ਸਨ ਉਨ੍ਹਾ ਦੇ ਅੱਗੇ ਪਿੱਛੇ ਫੌਜਾਂ ਦਾ ਅੰਤ ਨਹੀਂ ਹੁੰਦਾ ਸੀ। ਅਖੀਰ ਲੋਥਾਂ ਨੂੰ ਲੇਖੇ ਲਾਉਣ ਵਾਲਾ ਭੀ ਕੋਈ ਨਾ ਰਿਹਾ। ਅਖੀਰ ਕਾਵਾਂ ਅਤੇ ਗਿਰਝਾਂ ਨੇ ਉਨ੍ਹਾ ਦੀ ਦੇਹੀ ਖਾਧੀ ਸੀ। ਇਸੇ ਤਰ੍ਹਾਂ ਸੋਨੇ ਦੀ ਲੰਕਾ ਵਾਲਾ ਰਾਵਣ ਬਹੁਤ ਤਾਕਤਵਰ ਸੀ। ਜਿਸਦੇ ਬੂਹੇ ਅੱਗੇ ਹਾਥੀ ਝੂਲਦੇ ਸਨ। ਦੇਖਦੇ ਹੀ ਦੇਖਦੇ ਉਸਦਾ ਵੀ ਸਭ ਕੁੱਝ ਖਤਮ ਹੋ ਗਿਆ।
ਹੋਰ ਹਵਾਲੇ-
ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ ॥
ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ ॥੩॥
ਹਿੰਦੂ ਅੰਨ੍ਹ੍ਹਾ ਤੁਰਕੂ ਕਾਣਾ ॥ ਦੁਹਾਂ ਤੇ ਗਿਆਨੀ ਸਿਆਣਾ ॥
ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥
ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ ॥੪॥੩॥੭॥
ਅੰਗ- 874-875
ਭਗਤ ਨਾਮ ਦੇਵ ਜੀ ਬ੍ਰਾਹਮਣ ਵੱਲੋਂ ਘੜੀਆਂ ਹੋਈਆਂ ਕਥਾ ਕਹਾਣੀਆਂ ਉੱਤੇ ਵਿਅੰਗ ਕੱਸਦੇ ਹੋਏ ਫੁਰਮਾਉਂਦੇ ਹਨ ਕਿ ਹੇ ਪਾਂਡੇ! ਤੇਰੇ ਸ੍ਰੀ ਰਾਮ ਚੰਦਰ ਜੀ ਭੀ ਇਸ ਜਗਤ ਵਿਚ ਆਏ ਵੇਖੇ ਹਨ ਭਾਵ, ਜਿਸ ਰਾਮ ਚੰਦਰ ਜੀ ਦੀ ਤੂੰ ਉਪਾਸ਼ਨਾ ਕਰਦਾ ਹੈਂ, ਉਹਨਾਂ ਦੇ ਬਾਬਤ ਭੀ ਤੈਥੋਂ ਇਹੀ ਕੁਝ ਅਸਾਂ ਸੁਣਿਆ ਹੈ ਕਿ ਰਾਵਣ ਨਾਲ ਉਹਨਾਂ ਦੀ ਲੜਾਈ ਹੋ ਗਈ, ਕਿਉਂਕਿ ਉਹ ਉਨ੍ਹਾ ਦੀ ਪਤਨੀ ਸੀਤਾ ਨੂੰ ਚੁੱਕ ਕੇ ਲੈ ਗਿਆ ਸੀ। ਇਸ ਤਰ੍ਹਾਂ ਅੰਧ ਵਿਸ਼ਵਾਸਾਂ ਕਾਰਨ ਹਿੰਦੂ ਅੰਨਾ ਹੋ ਚੁੱਕਾ ਹੈ ਅਤੇ ਤੁਰਕ ਕਾਣਾ ਹੋ ਚੁੱਕਾ ਹੈ। ਇਨ੍ਹਾਂ ਦੋਹਾਂ ਵਿਚ ਸਿਆਣਾ ਉਹੀ ਹੈ ਜਿਸ ਨੂੰ ਬ੍ਰਹਮ ਦਾ ਸੱਚਾ ਅਤੇ ਅਸਲੀ ਗਿਆਨ ਹਾਸਲ ਹੋਇਆ ਹੈ।
ਭਗਤ ਕਬੀਰ ਜੀ ਦੀ ਬਾਣੀ ਵਿਚ ਰਾਵਣ ਦਾ ਜਿਕਰ
ਲੰਕਾ ਸਾ ਕੋਟੁ ਸਮੁੰਦ ਸੀ ਖਾਈ।। ਤਿਹ ਰਾਵਨ ਘਰ ਖਬਰਿ ਨ ਪਾਈ।।
ਕਿਆ ਮਾਗਉ ਕਿਛ ਥਿਰੁ ਨ ਰਹਾਈ।। ਦੇਖਤ ਨੈਨ ਚਲਿਓ ਜਗੁ ਜਾਈ।। ਰਹਾਉ।।
ਇਕੁ ਲਖੁ ਪੂਤ ਸਵਾ ਲਖੁ ਨਾਤੀ।। ਤਿਹ ਰਾਵਨ ਘਰ ਦੀਆ ਨ ਬਾਤੀ।।
ਚੰਦੁ ਸੂਰਜੁ ਜਾ ਕੇ ਤਪਤ ਰਸੋਈ। ਬੈਸੰਤਰ ਜਾ ਕੇ ਕਪਰੇ ਧੋਈ।। …. .
ਕਹਤ ਕਬੀਰ ਸੁਨਹੁ ਰੇ ਲੋਈ।। ਰਾਮ ਨਾਮ ਬਿਨੁ ਮੁਕਤਿ ਨ ਹੋਈ।।
ਅੰਗ-481
ਰਾਵਣ ਦੀ ਅਥਾਹ ਤਾਕਤ ਬਾਰੇ ਹਵਾਲਾ ਦੇ ਕੇ ਕਬੀਰ ਜੀ ਮਨੁੱਖ ਨੂੰ ਸੰਸਾਰ ਦੀ ਨਾਸ਼ਮਾਨਤਾ ਦਾ ਅਹਿਸਾਸ ਕਰਵਾਉਂਦੇ ਹਨ। ਉਹ ਫਰਮਾਉਂਦੇ ਹਨ ਕਿ ਹੇ ਭਾਈ! ਰਾਵਣ ਦੀ ਲੰਕਾ ਦਾ ਮਜ਼ਬੂਤ ਕਿਲ੍ਹਾ ਸੀ, ਉਸ ਦੁਆਲੇ ਸਮੁੰਦਰ ਰੂਪੀ ਬਹੁਤ ਵੱਡੀ ਤੇ ਡੂੰਘੀ ਖਾਈ ਸੀ। ਅਜਿਹੇ ਬਲਵਾਨ ਰਾਵਣ ਦਾ ਅੱਜ ਕੋਈ ਸਕਾ ਸਬੰਧੀ ਨਹੀਂ ਰਿਹਾ। ਇੱਥੇ ਕੋਈ ਚੀਜ਼ ਵੀ ਥਿਰ ਨਹੀਂ ਹੈ। ਕਿਹਾ ਜਾਂਦਾ ਹੈ ਕਿ ਰਾਵਣ ਦੇ ਇੱਕ ਲੱਖ ਪੁੱਤਰ ਸਨ, ਸਵਾ ਲੱਖ ਪੋਤਰੇ ਸੁਣੀਂਦੇ ਸਨ। ਇੰਨੇ ਵੱਡੇ ਪਰਵਾਰ ਹੋਣ ਦੇ ਬਾਵਜੂਦ ਕੋਈ ਦੀਵਾ ਤੱਕ ਨਹੀਂ ਜਗਦਾ।
ਕਬੀਰ ਸਹਿਬ ਜੀ ਦੀ ਬਾਣੀ ਦੇ ਹੋਰ ਹਵਾਲੇ-
ਕਹਾ ਨਰ ਗਰਬਸਿ ਥੋਰੀ ਬਾਤ ॥
ਮਨ ਦਸ ਨਾਜੁ ਟਕਾ ਚਾਰਿ ਗਾਂਠੀ ਐਂਡੌ ਟੇਢੌ ਜਾਤੁ ॥੧॥ ਰਹਾਉ ॥
ਬਹੁਤੁ ਪ੍ਰਤਾਪੁ ਗਾਂਉ ਸਉ ਪਾਏ ਦੁਇ ਲਖ ਟਕਾਨ ਬਰਾਤ ॥
ਦਿਵਸ ਚਾਰਿ ਕੀ ਕਰਹੁ ਸਾਹਿਬੀ ਜੈਸੇ ਬਨ ਹਰ ਪਾਤ ॥੧॥
ਨਾ ਕੋਊ ਲੈ ਆਇਓ ਇਹੁ ਧਨੁ ਨਾ ਕੋਊ ਲੈ ਜਾਤੁ ॥
ਰਾਵਨ ਹੂੰ ਤੇ ਅਧਿਕ ਛਤ੍ਰਪਤਿ ਖਿਨ ਮਹਿ ਗਏ ਬਿਲਾਤ ॥੨॥
ਅੰਗ-1251
ਭਗਤ ਜੀ ਫੁਰਮਾਉਂਦੇ ਹਨ ਕਿ ਹੇ ਬੰਦੇ! ਨਿੱਕੀਆਂ-ਨਿੱਕੀਆਂ ਗੱਲਾਂ ਪਿੱਛੇ ਕਿਉਂ ਮਾਣ ਕਰ ਰਿਹਾ ਹੈਂ ? ਜੇ ਤੇਰੇ ਕੋਲ ਦਸ ਮਣ ਦਾਣੇ ਜਾਂ ਚਾਰ ਟਕੇ ਪੱਲੇ ਹੋ ਗਏ ਤਾਂ ਕੀ ਹੋਇਆ ? ਕਿਉਂ ਐਨਾ ਆਕੜ ਕੇ ਤੁਰਦਾ ਹੈਂ ? ਜੇ ਇਸ ਤੋਂ ਵੀ ਵੱਧ ਪ੍ਰਪਤੀ ਹੋਈ ਜਿਵੇਂ ਸੌ ਪਿੰਡਾਂ ਦੀ ਮਾਲਕੀ ਹੋ ਗਈ ਜਾਂ ਲੱਖ ਦੋ ਲੱਖ ਟਕੇ ਦੀ ਜਾਗੀਰ ਮਿਲ ਗਈ, ਹੇ ਬੰਦੇ! ਫਿਰ ਵੀ ਤਾਂ ਚਾਰ ਦਿਨ ਦੀ ਸਰਦਾਰੀ ਕਰ ਲਵੇਂਗਾ ਪਰ ਆਖ਼ਰ ਸਭ ਕੁਝ ਛੱਡ ਕੇ ਹੀ ਜਾਣਾ ਪਵੇਗਾ। ਰਾਵਣ ਅਤੇ ਉਸ ਤੋਂ ਵੀ ਵੱਡੇ-ਵੱਡੇ ਰਾਜੇ ਇਕ ਪਲ ਵਿਚ ਇੱਥੋਂ ਚੱਲ ਵਸੇ।
ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਰਾਵਣ ਦਾ ਜਿਕਰ
ਪਉਣੁ ਉਪਾਇ ਧਰੀ ਸਭ ਧਰਤੀ ਜਲ ਅਗਨੀ ਕਾ ਬੰਧੁ ਕੀਆ॥
ਅੰਧੁਲੈ ਦਹਿਸਿਰ ਮੂੰਡ ਕਟਾਇਆ ਰਾਵਣੁ ਮਾਰਿ ਕਿਆ ਵਡਾ ਭਇਆ॥ ੧॥
ਬਾਣੀ ਗੁਰੂ ਨਾਨਕ ਦੇਵ ਜੀ
ਅੰਗ- 350 – 351
ਗੁਰੂ ਸਾਹਿਬ ਇਸ ਸ਼ਬਦ ਰਾਹੀਂ ਸਾਨੂੰ ਉਪਦੇਸ਼ ਕਰ ਰਹੇ ਹਨ ਕਿ ਅਕਾਲ ਪੁਰਖ ਨੇ ਪਹਿਲਾਂ ਹਵਾ ਬਣਾਈ, ਸਾਰੀ ਧਰਤੀ ਸਾਜੀ, ਤੇ ਹਵਾ ਵਿੱਚ ਧਰਤੀ ਨੂੰ ਟਿਕਾ ਕੇ ਰੱਖਿਆ ਹੋਇਆ ਹੈ, ਪਾਣੀ ਤੇ ਅੱਗ ਦਾ ਮੇਲ ਕੀਤਾ। ਭਾਵ ਇਹ ਸਾਰੇ ਵਿਰੋਧੀ ਤੱਤ ਇਕੱਠੇ ਕਰਕੇ ਸ੍ਰਿਸ਼ਟੀ ਦੀ ਰਚਨਾ ਕੀਤੀ। ਪਰਮਾਤਮਾ ਦਾ ਇਹ ਇੱਕ ਅਸ਼ਚਰਜ ਕੌਤਕ ਹੈ। ਦੂਜੇ ਪਾਸੇ ਰਾਵਣ ਨੇ ਆਪਣੀ ਮੂਰਖਤਾ ਕਾਰਨ ਆਪਣਾ ਸਿਰ ਕਟਵਾ ਲਿਆ ਅਤੇ ਉਸਨੂੰ ਮਾਰਕੇ ਰਾਮ ਚੰਦਰ ਨੇ ਕਿਹੜਾ ਵੱਡਾ ਕੰਮ ਕੀਤਾ ਸੀ।
ਗੁਰੂ ਸਾਹਿਬ ਹੋਰ ਹਵਾਲੇ ਦੇ ਕੇ ਫਰਮਾਉਂਦੇ ਹਨ ਕਿ-
ਸਲੋਕੁ ਮਃ ੧॥ ਸਹੰਸਰ ਦਾਨ ਦੇ ਇੰਦ੍ਰੁ ਰੋਆਇਆ॥
ਪਰਸ ਰਾਮੁ ਰੋਵੈ ਘਰਿ ਆਇਆ॥
ਅਜੈ ਸੁ ਰੋਵੈ ਭੀਖਿਆ ਖਾਇ॥
ਐਸੀ ਦਰਗਹ ਮਿਲੈ ਸਜਾਇ॥
ਰੋਵੈ ਰਾਮੁ ਨਿਕਾਲਾ ਭਇਆ॥
ਸੀਤਾ ਲਖਮਣੁ ਵਿਛੁੜਿ ਗਇਆ॥
ਰੋਵੈ ਦਹਸਿਰੁ ਲੰਕ ਗਵਾਇ॥
ਜਿਨਿ ਸੀਤਾ ਆਦੀ ਡਉਰੂ ਵਾਇ॥
ਗੁਰੂ ਸਾਹਿਬ ਫਰਮਾਉਂਦੇ ਹਨ ਕਿ ਉਸ ਅਕਾਲ ਪੁਰਖ ਦੇ ਸੱਚੇ ਨਾਮ ਤੋਂ ਬਿਨਾ ਵੱਡੇ-ਵੱਡੇ ਰਿਸ਼ੀ ਮੁਨੀ ਅਤੇ ਅਵਤਾਰੀ ਪੁਰਖ ਵੀ ਦੁਖ ਭੋਗਦੇ ਹਨ ਜਿਵੇਂ ਕਿ ਗੋਤਮ ਰਿਸ਼ੀ ਵੱਲੋਂ ਹਜ਼ਾਰ ਭਗਾਂ ਦਾ ਸ਼ਰਾਪ ਦਿੱਤੇ ਜਾਣ ਕਾਰਨ ਇੰਦਰ ਦੇਵਤੇ ਨੂੰ ਦੁੱਖ ਭੋਗਣਾ ਪਿਆ। ਸ੍ਰੀ ਰਾਮ ਚੰਦ੍ਰ ਤੋਂ ਆਪਣਾ ਬਲ ਖੁਹਾ ਕੇ ਪਰਸ ਰਾਮ ਨੂੰ ਰੋਣਾ ਪਿਆ। ਰਾਜਾ ਅਜੈ ਵੀ ਰੋਇਆ ਜਦੋਂ ਉਸ ਨੂੰ ਲਿੱਦ ਦੀ ਭਿੱਖਿਆ ਦੇਣ ਕਰਕੇ ਖੁਦ ਲਿੱਦ ਖਾਣੀ ਪਈ। ਇਸੇ ਤਰ੍ਹਾਂ ਰਾਮ ਚੰਦਰ ਨੂੰ ਜਦੋਂ ਦੇਸ-ਨਿਕਾਲਾ ਮਿਲਿਆ ਅਤੇ ਸੀਤਾ-ਲਛਮਣ ਉਸ ਤੋਂ ਵਿਛੁੜੇ ਤਾਂ ਉਹ ਵੀ ਰੋਇਆ। ਰਾਵਣ, ਜਿਸ ਨੇ ਸਾਧੂ ਬਣ ਕੇ ਸੀਤਾ ਚੁੱਕ ਕੇ ਲਿਆਂਦੀ ਸੀ, ਉਹ ਲੰਕਾ ਗੁਆ ਕੇ ਰੋਇਆ । ਗੁਰੂ ਸਾਹਿਬ ਫਰਮਾਉਂਦੇ ਹਨ ਕਿ ਸਭ ਸ਼ੇਖ-ਪੀਰ, ਗਿਆਨੀ ਅਤੇ ਦੁਨਿਆਵੀ ਪੁਰਖ ਸੱਚੇ ਨਾਮ ਬਿਨਾ ਖੁਆਰ ਹੁੰਦੇ ਹਨ।
ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿਚ ਰਾਵਣ ਦਾ ਜਿਕਰ
ਸੰਮਨ ਜਉ ਇਸ ਪ੍ਰੇਮ ਕੀ, ਦਮ ਕ੍ਹਿਹੁ ਹੋਤੀ ਸਾਟ।।
ਰਾਵਨ ਹੁਤੇ ਸੁ ਰੰਕ ਨਹਿ, ਜਿਨਿ ਸਿਰ ਦੀਨੇ ਕਾਟਿ।।
ਅੰਗ-1363
ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਕਿ ਹੇ ਭਾਈ ਗੁਰਸਿੱਖੋ! ਨਿਰੰਕਾਰ ਦੇ ਨਿਰਮਲ ਪਿਆਰ ਦੀ ਕੋਈ ਦੁਨਿਆਵੀ ਕੀਮਤ ਨਹੀਂ ਪਾਈ ਜਾ ਸਕਦੀ। ਇੱਥੇ ਤਾਂ ਆਪਣਾ ਆਪਾ ਹੀ ਅਰਪਣ ਕਰਨਾ ਪੈਂਦਾ ਹੈ। ਗੁਰੂ ਸਾਹਿਬ ਰਾਵਣ ਦੀ ਪੌਰਾਣਕ ਕਥਾ ਦਾ ਹਵਾਲਾ ਦੇ ਕੇ ਸਮਝਾਉਂਦੇ ਹਨ ਕਿ ਰਾਵਣ ਕੋਲ ਰੁਪੈ ਪੈਸੇ ਦੀ ਸੋਨੇ ਚਾਂਦੀ ਦੀ ਕੋਈ ਘਾਟ ਸੀ? ਉਹ ਇੱਕ ਬਾਦਸ਼ਾਹ ਸੀ, ਜਿੰਨੇ ਮਰਜ਼ੀ ਰੁਪੈ ਗੁਰੂ ਨੂੰ ਦੇ ਸਕਦਾ ਸੀ ਪਰ ਉਸਨੇ ਆਪਣਾ ਸਿਰ ਕੱਟ ਕੇ ਅਰਪਣ ਕੀਤਾ ਸੀ। ਇਸੇ ਸਮਰਪਣ ਸਦਕਾ ਉਸ ਦਾ ਗੁਰੂ ਮਿਹਰਵਾਨ ਹੋਇਆ ਸੀ।
ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿਚ ਰਾਵਣ ਦਾ ਜਿਕਰ
ਰਾਮੁ ਗਇਓ ਰਾਵਨੁ ਗਇਓ; ਜਾ ਕਉ ਬਹੁ ਪਰਵਾਰੁ ॥
ਕਹੁ ਨਾਨਕ, ਥਿਰੁ ਕਛੁ ਨਹੀ; ਸੁਪਨੇ ਜਿਉ ਸੰਸਾਰੁ ॥੫੦॥
ਬਾਣੀ ਗੁਰੂ ਤੇਗ਼ ਬਹਾਦਰ ਜੀ
ਅੰਗ-1429
ਗੁਰੂ ਤੇਗ ਬਹਾਦਰ ਜੀ ਰਾਮ ਅਤੇ ਰਾਵਣ ਦਾ ਹਵਾਲਾ ਦਿੰਦੇ ਮਨੁੱਖ ਨੂੰ ਸੰਸਾਰ ਦੀ ਨਾਸ਼ਮਾਨਤਾ ਦਾ ਉਪਦੇਸ਼ ਦਿੰਦੇ ਹਨ। ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਹੇ ਭਾਈ ਇਹ ਸੰਸਾਰ ਸਿਰਫ ਇਕ ਸੁਪਨੇ ਵਾਂਗਾ ਅਤੇ ਇੱਥੇ ਸਦਾਚਿਰ ਰਹਿਣ ਵਾਲਾ ਕੁਝ ਵੀ ਨਹੀਂ ਹੈ।
ਗੁਰੂ ਗੋਬਿੰਦ ਸਿੰਘ ਦੁਆਰਾ ਰਚਿਤ ਚੰਡੀ ਦੀ ਵਾਰ ਵਿਚ ਰਾਵਣ ਦਾ ਜਿਕਰ
ਤੈ ਹੀ ਦੁਰਗਾ ਸਾਜਿ ਕੈ ਦੈਤਾ ਦਾ ਨਾਸ ਕਰਾਇਆ ॥
ਤੈਥੋ ਹੀ ਬਲੁ ਰਾਮ ਲੈ ਨਾਲ ਬਾਣਾ ਰਾਵਣੁ ਘਾਇਆ ॥
ਚੰਡੀ ਦੀ ਵਾਰ – ੨/੫ – ਸ੍ਰੀ ਦਸਮ ਗ੍ਰੰਥ ਸਾਹਿਬ
ਗੁਰੂ ਗੋਬਿੰਦ ਸਿੰਘ ਜੀ ਚੰਡੀ ਦੀ ਵਾਰ ਵਿਚ ਸਰਬ ਸ਼ਕਤੀਮਾਨ ਪਰਮਾਤਮਾ ਦੇ ਅਟੱਲ ਹੁਕਮ ਦੇ ਮਹਿਮਾ ਗਾਉਂਦੇ ਹੋਏ ਫੁਰਮਾਉਂਦੇ ਹਨ ਕਿ ਹੇ ਪਰਮਾਤਮਾ ਇਹ ਵੱਡੇ ਅਵਤਾਰੀ ਪੁਰਖ ਵੀ ਤੇਰੇ ਹੁਕਮ ਨਾਲ ਸੰਸਾਰ ਵਿਚ ਉੱਚੇ ਅਤੇ ਵੱਡੇ ਕਰਮ ਕਮਾ ਸਕਣ ਦੇ ਸਮਰੱਥ ਹਨ।
ਸਿਰਲੇਖ
ਇਸ ਤਰ੍ਹਾਂ ਰਾਵਣ ਦਾ ਜ਼ਿਕਰ ਪੰਜਾਬੀ ਲੋਕਧਾਰਾ, ਗੁਰਬਾਣੀ ਅਤੇ ਪੁਰਾਤਨ ਗਥਾਵਾਂ ਵਿਚ ਅਨੇਕਾਂ ਥਾਵਾਂ ’ਤੇ ਮਿਲਦਾ ਹੈ। ਗੁਰਬਾਣੀ ਵਿਚ ਰਾਵਣ ਨੂੰ ਹੰਕਾਰ ਅਤੇ ਮਾਇਆ ਦੇ ਪ੍ਰਭਾਵਸ਼ਾਲੀ ਰੂਪ ਵਜੋਂ, ਸ਼ਕਤੀਸ਼ਾਲੀ ਰਾਜੇ ਵਜੋਂ, ਉੱਚ ਗਿਆਨੀ ਵਜੋਂ ਸਮਰਪਣ ਵਜੋਂ ਅਤੇ ਬਿਨਾ ਨਾਮ ਦੇ ਵਿਅਰਥਤਾ ਦੀ ਮਿਸਾਲ ਵਜੋਂ ਵਰਤਿਆ ਗਿਆ ਹੈ। ਗੁਰੂ ਸਾਹਿਬਾਨ ਤੇ ਭਗਤਾਂ ਨੇ ਬਾਣੀ ਰਾਹੀਂ ਸਮਝਾਇਆ ਕਿ ਰਾਵਣ ਵਰਗਾ ਬੜਾ ਗਿਆਨੀ ਤੇ ਤਾਕਤਵਰ ਮਨੁੱਖ ਵੀ ਸੱਚੇ ਨਾਮ ਦੇ ਆਸਰੇ ਤੋਂ ਬਿਨਾ ਵਿਅਰਥ ਚਲਾ ਗਿਆ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਵੱਡੇ-ਵੱਡੇ ਰਾਜੇ, ਸ਼ੇਖ-ਪੀਰ, ਗਿਆਨੀ ਅਤੇ ਅਨੇਕਾਂ ਦੁਨਿਆਵੀ ਪੁਰਖ ਸੱਚੇ ਨਾਮ ਬਿਨਾ ਖੁਆਰ ਹੁੰਦੇ ਹਨ ਅਤੇ ਆਪਣਾ ਜੀਵਨ ਵਿਅਰਥ ਗਵਾ ਦਿੰਦੇ ਹਨ।
ਇਹ ਵੀ ਪੜ੍ਹੋ>
- ਇਹ ਵੀ ਪੜ੍ਹੋ –Well/ਪੰਜਾਬੀ ਲੋਕ ਧਾਰਾ ’ਚ ਖੂਹ ਦਾ ਬਾਕਮਾਲ ਵਰਨਣ, ਗੁਰਬਾਣੀ ’ਚ ਵੀ ਖਾਸ ਜਿਕਰ
- ਇਹ ਵੀ ਪੜ੍ਹੋ – Earthern Pot in Punjabi Folklore : ਪੰਜਾਬੀ ਲੋਕਧਾਰਾ ਅਤੇ ਗੁਰਬਾਣੀ ਵਿਚ ਘੜਾ?
- ਇਹ ਵੀ ਪੜ੍ਹੋ – Lahore in Punjabi Folklore: ਪੰਜਾਬੀ ਲੋਕ ਧਾਰਾ ’ਚ ਸਿਰ ਚੜ੍ਹ ਬੋਲਦਾ ਹੈ ਲਾਹੌਰ, ਗੁਰਬਾਣੀ ’ਚ ਵੀ ਖਾਸ
- ਇਹ ਵੀ ਪੜ੍ਹੋ –The mill : ਗੁਰਾਬਾਣੀ ਅਤੇ ਪੰਜਾਬੀ ਲੋਕਧਾਰਾ ਵਿਚ ਚੱਕੀ ਦਾ ਬਾਕਮਾਲ ਵਰਨਣ
- ਇਹ ਵੀ ਪੜ੍ਹੋ –Chhaj in Gurbani and Folklore/ਗੁਰਬਾਣੀ ਅਤੇ ਪੰਜਾਬੀ ਲੋਕਧਾਰਾ ਵਿਚ ਛੱਜ ?
- ਇਹ ਵੀ ਪੜ੍ਹੋ –Shradh in Gurbani and Punjabi Folklore/ਪੰਜਾਬੀ ਲੋਕਧਾਰਾ ਅਤੇ ਗੁਰਬਾਣੀ ਅਨੁਸਾਰ ਸ਼ਰਾਧ ?
- ਇਹ ਵੀ ਪੜ੍ਹੋ –ਕਸੀਦਾ ਕੱਢਣਾ -Kasida embroidery is a precious Punjabi culture

