Maharaja Ranjit Singh, the Kohinoor diamond of Sikh history-
Artical by Jasbir Wattanwalia
ਮਹਾਰਾਜਾ ਰਣਜੀਤ ਸਿੰਘ ਸਿੱਖ ਇਤਿਹਾਸ ਦਾ ਕੋਹਿਨੂਰ ਹੀਰਾ
ਰਣਜੀਤ ਸਿੰਘ ਸਿੱਖ ਇਤਿਹਾਸ ਦਾ ਉਹ ਕੋਹਿਨੂਰ ਹੀਰਾ ਹੈ, ਜਿਸ ਦੀ ਚਮਕ ਕਰੀਬ ਢਾਈ ਸਦੀਆਂ ਬੀਤ ਜਾਣ ਦੇ ਬਾਅਦ ਵੀ ਬਰਕਰਾਰ ਹੈ। ਅਜੋਕੇ ਇਤਿਹਾਸਕਾਰਾਂ ਮੁਤਾਬਕ ਸਿੱਖ ਮਹਾਰਾਜਾ ਰਣਜੀਤ ਸਿੰਘ ਦੁਨੀਆ ਭਰ ਵਿਚੋਂ ਅਧੁਨਿਕ ਸਦੀਆਂ ਦੇ ਸਭ ਤੋਂ ਮਹਾਨ ਰਾਜਾ ਸਨ। ਮਹਾਰਾਜਾ ਰਣਜੀਤ ਸਿੰਘ ਦਾ 18ਵੀਂ ਸਦੀ ਵਿਚ ਮੁਗਲਾਂ ਨਾਲ ਸੰਘਰਸ਼ ਅਤੇ ਸਿੱਖ ਰਾਜ ਦੀ ਸਥਾਪਤੀ ਦਾ ਦੌਰ, ਇਤਿਹਾਸ ਦਾ ਲਾਮਿਸਾਲ ਪੰਨਾ ਹੈ। ਉਸ ਮੌਕੇ ਮੁਗਲਾਂ ਨਾਲ ਟੱਕਰ ਲੈ ਰਹੀਆਂ ਸਿੱਖ ਮਿਸਲਾਂ ਨੂੰ ਇਕ ਸੂਤਰ ਵਿਚ ਪਰੋਕੇ ਉਨ੍ਹਾਂ ਨੂੰ ਇਕ ਕਰਨ ਲਈ ਕਿਸੇ ਵੱਡੇ ਮਹਾਂਨਾਇਕ ਦੀ ਲੋੜ ਸੀ। ਇਹ ਮਹਾ ਨਾਇਕ ਸੀ ‘ਸ਼ੇਰੇ ਪੰਜਾਬ’ ਮਹਾਰਾਜਾ ਰਣਜੀਤ ਸਿੰਘ।
ਮਹਾਰਾਜਾ ਰਣਜੀਤ ਸਿੰਘ ਦਾ ਜਨਮ, ਗੁਣ ਅਤੇ ਰੁਚੀਆਂ
ਰਣਜੀਤ ਸਿੰਘ ਦਾ ਜਨਮ ਨਵੰਬਰ, 1780 ਈ: ਵਿਚ ਸ਼ੁਕਰਚੱਕੀਆ ਮਿਸਲ ਦੇ ਸਰਦਾਰ ਮਹਾਂ ਸਿੰਘ ਦੇ ਘਰ ਗੁਜਰਾਂਵਾਲਾ ਵਿਖੇ ਹੋਇਆ। ਬਚਪਨ ਤੋਂ ਹੀ ਮਹਾਰਾਜਾ ਰਣਜੀਤ ਸਿੰਘ ਬਹਾਦਰ, ਨਿਡਰ, ਚੰਗੇ ਘੋੜ ਸਵਾਰ, ਬੇਮਿਸਾਲ ਤਲਵਾਰਬਾਜ਼ ਅਤੇ ਚੰਗੇ ਨੀਤੀਵਾਨ ਸਨ। ਉਨ੍ਹਾਂ ਦਾ ਸਿੱਖ ਧਰਮ ਵਿਚ ਅਥਾਹ ਵਿਸ਼ਵਾਸ ਸੀ, ਜੋ ਉਮਰ ਦੇ ਵਧਣ ਨਾਲ ਹੋਰ ਵੀ ਪਰਪੱਕ ਹੋਇਆ।
ਲਾਹੌਰ ਉੱਤੇ ਕਬਜ਼ਾ ਅਤੇ ਸਿੱਖ ਰਾਜ ਦਾ ਮੁੱਢ ਬੱਝਣਾ
ਮਹਾਰਾਜਾ ਰਣਜੀਤ ਸਿੰਘ ਨੇ 1799 ਵਿੱਚ ਅਫਗਾਨਾਂ ਨੂੰ ਹਰਾ ਕੇ ਲਾਹੌਰ ਉੱਤੇ ਕਬਜਾ ਕੀਤਾ। ਲਾਹੌਰ ਫਤਹਿ ਕਰਨ ਮੌਕੇ, ਲਾਹੌਰ ਉੱਤੇ ਭਾਵੇਂ ਕਿ ਭੰਗੀ ਸਰਦਾਰਾਂ (ਭੰਗੀ ਮਿਸਲ) ਦਾ ਕਬਜ਼ਾ ਸੀ, ਪਰ ਇਹ ਅਫਗਾਨ ਸਰਕਾਰ ਦੇ ਅਧੀਨ ਕੰਮ ਕਰਦੇ ਸਨ। ਭੰਗੀਆਂ ਨੇ 1760 ਵਿੱਚ ਲਾਹੌਰ ਜਿੱਤਿਆ ਸੀ, ਪਰ ਬਾਅਦ ਵਿੱਚ ਇਹ ਅਫਗਾਨ ਸੂਬੇਦਾਰਾਂ ਦੇ ਅਧੀਨ ਆ ਗਏ ਸਨ। ਲਾਹੌਰ ਜਿੱਤਣ ਤੋਂ ਬਾਅਦ ਰਣਜੀਤ ਨੇ ਇਸ ਨੂੰ ਰਾਜਧਾਨੀ ਬਣਾਇਆ ਅਤੇ ਫਤਹ਼ ਮਸਜਿਦ ਤੋਂ ਖਾਲਸਾ ਰਾਜ ਦਾ ਝੰਡਾ ਲਹਿਰਾ ਦਿੱਤਾ। ਇਸ ਤੋਂ ਬਾਅਦ ਉਸਨੇ ਲਗਾਤਾਰ ਸਿੱਖ ਰਾਜ ਦਾ ਵਿਸਤਾਰ ਕੀਤਾ ਅਤੇ ਪਿਸ਼ਾਵਰ,ਮੁਲਤਾਨ ਅਤੇ ਕਸ਼ਮੀਰ ਤੱਕ ਖਾਲਸਾ ਰਾਜ ਸਥਾਪਿਤ ਕਰ ਦਿੱਤਾ।
ਕਿਹੋ ਜਿਹਾ ਸੀ ਖਾਲਸਾ ਰਾਜ
ਪੰਜਾਬ ਵਿਚ ਰਾਜ ਸਥਾਪਤੀ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ ਸਰਕਾਰ-ਏ-ਖ਼ਾਲਸਾ ਦਾ ਨਾਂ ਦਿੱਤਾ। ਉਨ੍ਹਾਂ ਨੇ ਆਪਣੇ ਰਾਜ ਦੀ ਮੋਹਰ ਹੇਠ ਸਿੱਕੇ ਵੀ ਜਾਰੀ ਕੀਤੇ। ਇਨ੍ਹਾਂ ਸਿੱਕਿਆਂ ਉੱਤੇ ਸ੍ਰੀ ਅਕਾਲ ਸਹਾਇ ਅਤੇ ਨਾਨਕ ਸਹਾਇ ਜਾਂ ਗੋਬਿੰਦ ਸਹਾਇ ਸ਼ਬਦ ਉਕਰੇ ਗਏ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਸਭ ਤੋਂ ਵਿਲੱਖਣ ਗੱਲ ਇਹ ਸੀ ਕਿ ਇਸ ਅੰਦਰ ਕਰੀਬ 92 ਫੀਸਦੀ ਲੋਕ ਹਿੰਦੂ ਜਾਂ ਇਸਲਾਮ ਧਰਮ ਦੀ ਧਾਰਨੀ ਸਨ, ਜਦਕਿ ਇਸ ਵਿਚ ਸਿੱਖਾਂ ਦੀ ਗਿਣਤੀ ਸਿਰਫ 8 ਫੀਸਦੀ ਦੇ ਕਰੀਬ ਸੀ। ਮਹਾਰਾਜਾ ਰਣਜੀਤ ਸਿੰਘ ਨੇ ਸਭ ਧਰਮਾਂ ਦਾ ਬਰਾਬਰ ਸਤਿਕਾਰ ਕੀਤਾ। ਉਨ੍ਹਾਂ ਨੇ ਸਿੱਖ ਧਾਰਮਿਕ ਅਸਥਾਨਾ ਦੇ ਨਾਲ-ਨਾਲ ਮੰਦਰਾਂ ਤੇ ਮਸਜਿਦਾਂ ਲਈ ਵੀ ਸਰਕਾਰੀ ਖਜ਼ਾਨੇ ਦੇ ਮੂੰਹ ਖੋਲ੍ਹ ਦਿੱਤੇ।
ਮਹਾਰਾਜਾ ਰਣਜੀਤ ਸਿੰਘ ਦੇ ਚੰਗੇ ਰਾਜ ਪ੍ਰਬੰਧ ਅਤੇ ਉਨ੍ਹਾਂ ਦੀ ਮਹਾਬਲੀ ਸ਼ਖਸੀਅਤ ਦੇ ਚਰਚੇ ਇਸ ਹੱਦ ਤੱਕ ਹੋਏ ਕਿ ਮੁਸਲਿਮ ਲਿਖਾਰੀ ਸ਼ਾਹ ਮੁਹੰਮਦ ਉਨ੍ਹਾਂ ਦੀ ਸਿਫਤ ਵਿਚ ਅਸ਼-ਅਸ਼ ਕਰ ਉਠਿਆ। ਸ਼ਾਹ ਮੁਹੰਮਦ ‘ਜੰਗਨਾਮਾ ਸਿੰਘਾਂ ਤੇ ਫਰੰਗੀਆਂ’ ਵਿਚ ਲਿਖਦਾ ਹੈ ਕਿ :
ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ,
ਨਾਲ ਜੋਰ ਦੇ ਮੁਲਕ ਹਿਲਾਇ ਗਿਆ।
ਮੁਲਤਾਨ, ਕਸ਼ਮੀਰ, ਪਿਸ਼ੌਰ, ਚੰਬਾ,
ਜੰਮੂ, ਕਾਂਗੜਾ ਕੋਟ ਨਿਵਾਇ ਗਿਆ।
ਤਿੱਬਤ ਦੇਸ਼ ਲੱਦਾਖ਼ ਤੇ ਚੀਨ ਤੋੜੀਂ,
ਸਿੱਕਾ ਆਪਣੇ ਨਾਮ ਚਲਾਇ ਗਿਆ।
ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ,
ਹੱਛਾ ਰੱਜ ਕੇ ਰਾਜ ਕਮਾਇ ਗਿਆ।
ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪ੍ਰਬੰਧ
ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਵਿੱਚ ਇੱਕ ਅਜਿਹਾ ਮਿਸਾਲੀ ਰਾਜ ਪ੍ਰਬੰਧ ਸਥਾਪਿਤ ਕੀਤਾ, ਜੋ ਕਰੀਬ 50 ਸਾਲ ਤੱਕ ਚੱਲਿਆ। ਉਨ੍ਹਾਂ ਦੇ ਰਾਜ ਵਿੱਚ ਫੌਜੀ, ਕਾਰਜਪਾਲਕ ਅਤੇ ਨਿਆਇ ਵਿਵਸਥਾ ਬਹੁਤ ਸੁਚੱਜੇ ਢੰਗ ਨਾਲ ਚਲਾਈ ਗਈ।
ਫੌਜੀ ਵਿਵਸਥਾ
ਮਹਾਰਾਜਾ ਨੇ ਆਧੁਨਿਕ ਫੌਜ ਤਿਆਰ ਕੀਤੀ। ਇਸ ਫੌਜ ਵਿੱਚ ਯੂਰਪੀਅਨ ਅਧਿਕਾਰੀਆਂ ਫ੍ਰੈਂਚ ਜਨਰਲ ਅਲੋਅੰਜ਼ ਤੋਂ ਇਲਾਵਾ ਜਨ ਫ਼ਰਾਂਸਿਸ਼ ਲੈਟ ਅਤੇ ਪੰਜਾਬ ਦੇ ਅਨੇਕਾਂ ਸੂਰਬੀਰ ਯੋਧੇ ਜਿਵੇਂ ਹਰੀ ਸਿੰਘ ਨਲਵਾ, ਅਕਾਲੀ ਫ਼ੂਲਾ ਸਿੰਘ ਵਰਗੇ ਜਰਨੈਲ ਸ਼ਾਮਲ ਸਨ। ਇਸ ਫੌਜ ਨੂੰ ਖਾਲਸਾ ਫੌਜ ਵਜੋਂ ਜਥੇਬੰਦ ਕੀਤਾ ਗਿਆ।
ਕਾਰਜ ਪ੍ਰਬੰਧ
ਉਸ ਮੌਕੇ ਸਿੱਖ ਰਾਜ ਦੇ ਸੁਚੱਜੇ ਪ੍ਰਬੰਧ ਲਈ ਸਮੁੱਚੇ ਖੇਤਰ ਨੂੰ ਜ਼ਿਲ੍ਹਿਆਂ ਵਿੱਚ ਵੰਡਿਆ ਗਿਆ। ਇਹ ਸਾਰਾ ਪ੍ਰਬੰਧ ਕਰਵੀ ਅਤੇ ਕਾਜ਼ੀ ਦੇਖਦੇ ਸਨ। ਇਸ ਲਈ ਲਾਹੌਰ ਅਤੇ ਅੰਮ੍ਰਿਤਸਰ ਵਰਗੇ ਸ਼ਹਿਰਾਂ ਵਿੱਚ ਵਿਸ਼ੇਸ਼ ਕਮੇਟੀਆਂ ਬਣਾਈਆਂ ਗਈਆਂ। ਉਦਾਰਨ ਵਜੋਂ ਅੰਮ੍ਰਿਤਸਰ ਦੇ ਮੁਖੀ ਵਜੋਂ ਲਹਿਣਾ ਸਿੰਘ ਨੂੰ ਲਾਇਆ ਗਿਆ ਸੀ। ਇਤਿਹਾਸਕਾਰਾਂ ਮੁਤਾਬਕ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਟੈਕਸ ਵਿਵਸਥਾ ਬੜੀ ਸੁਚੱਜੀ ਅਤੇ ਨਿਰਦਰਿਸ਼ਟ ਸੀ। ਇਸ ਦੇ ਤਹਿਤ ਹੀ ਸਿੱਖ ਰਾਜ ਦੀ ਆਮਦਨ ਵਿਚ ਚੋਖਾ ਵਾਧਾ ਹੋਇਆ।
ਨਿਆਂ ਪ੍ਰਬੰਧ
ਮਹਾਰਾਜ ਰਣਜੀਤ ਸਿੰਘ ਦੇ ਰਾਜ ਵਿਚ ਨਿਆਂ ਵਿਵਸਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਅਨੁਸਾਰ ਅਤੇ ਸ਼ਰੀਅਤ ‘ਤੇ ਅਧਾਰਤ ਸੀ, ਜੋ ਕਿ ਪੂਰੀ ਤਰ੍ਹਾਂ ਨਿਰਪੱਖ ਸੀ। ਉਨ੍ਹਾਂ ਨੇ ਹਰ ਧਰਮ ਨੂੰ ਬਰਾਬਰ ਰੱਖਿਆ। ਉਨ੍ਹਾਂ ਹਿੰਦੂ, ਮੁਸਲਿਮ ਅਤੇ ਸਿੱਖਾਂ ਨੂੰ ਬਰਾਬਰ ਆਜ਼ਾਦੀ ਦਿੱਤੀ। ਇਸ ਦੀਆਂ ਉਦਾਰਨਾ ਇਹ ਹਨ ਕਿ ਮਹਾਰਾਜ ਰਣਜੀਤ ਸਿੰਘ ਦੇ ਰਾਜ ਵਿਚ ਹਿੰਦੂ ਮੰਦਰਾ, ਮਸੀਤਾਂ ਅਤੇ ਗੁਰਦੁਆਰਿਆਂ ਨੂੰ ਬਰਾਬਰ ਦਾਨ ਦਿੱਤਾ ਗਿਆ ਅਤੇ ਨਿਰਮਾਣ ਕਰਵਾਇਆ।
ਮਹਾਰਾਜਾ ਰਣਜੀਤ ਸਿੰਘ ਮੌਤ ਅਤੇ ਸਿੱਖ ਰਾਜ ਦਾ ਪਤਨ
ਰਣਜੀਤ ਸਿੰਘ ਦੀ ਮੌਤ 27 ਜੂਨ 1839 ਨੂੰ ਲਾਹੌਰ ਵਿੱਚ ਹੋਈ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦਾ ਕਾਰਨ ਅਲੋਪੈਕਸੀ (ਪੈਰਾਲਿਸਿਸ) ਅਟੈਕ ਮੰਨਿਆ ਜਾਂਦਾ ਹੈ, ਜੋ ਉਨ੍ਹਾਂ ਦੇ ਸਰੀਰ ਵਿੱਚ ਫੈਲ ਗਿਆ ਅਤੇ ਉਹ ਗਲੇ ਦੀਆਂ ਮਾਸਪੇਸ਼ੀਆਂ ਬੰਦ ਹੋਣ ਕਾਰਨ ਉਨ੍ਹਾਂ ਬੋਲ ਵੀ ਬੰਦਾ ਹੋ ਗਿਆ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਲਾਹੌਰ ਦਰਬਾਰ ਵਿਚ ਅੰਗਰੇਜਾਂ ਦੀਆਂ ਚਾਲਾਂ ਕਾਰਨ ਖਿਚੋਤਾਣ ਅਤੇ ਆਪਸੀ ਮਾਰਧਾੜ ਸ਼ੁਰੂ ਹੋ ਗਈ। ਅੰਦਰੂਨੀ ਗੱਦਾਰੀਆਂ, ਫੌਜਾਂ ਵਿੱਚ ਵਿਦਰੋਹ, ਵਜ਼ੀਰਾਂ ਦੀ ਖਿੱਚੋਤਾਣ ਅਤੇ ਸਿੱਖ ਆਗੂਆਂ ਵਿਚ ਬੁੱਧੀਮਾਨਤਾ ਦੀ ਘਾਟ ਨੇ ਸਿੱਖ ਸਾਮਰਾਜ ਦਾ ਕੁਝ ਸਾਲਾਂ ਵਿਚ ਹੀ ਖਾਤਮਾ ਕਰ ਦਿੱਤਾ।
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਅਤੇ ਐਂਗਲੇ ਸਿੱਖ ਯੁੱਧ
ਮਹਾਰਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖ ਜਰਨੈਲ ਦੀ ਅਗਵਾਈ ਹੇਠ ਖਾਲਸਾ ਰਾਜ ਦੇ ਅੰਗਰੇਜਾਂ ਨਾਲ 2 ਯੁੱਧ ਹੋਏ। ਪਹਿਲੇ ਐਂਗਲੋ ਸਿੱਖ ਯੁੱਧ ਵਿਚ ਸਿੱਖਾਂ ਦਾ ਪਲੜਾ ਭਾਰੀ ਰਿਹਾ ਪਰ ਦੂਜੇ ਯੁੱਧ ਵਿਚ ਸਿੱਖ ਸਰਦਾਰਾਂ ਦੀ ਗੱਦਾਰੀ ਕਾਰਨ ਖਾਲਸਾ ਫੌਜ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਅੰਗਰੇਜਾਂ ਨਾਲ ਹੋਏ ਇਨ੍ਹਾਂ ਯੁੱਧਾਂ ਵਿਚ ਸਿੱਖ ਫੌਜਾਂ ਦੀ ਬਹਾਦਰੀ ਨੂੰ ਸਿਜਦਾ ਕਰਦਾ ਹੋਇਆਂ ਅਤੇ ਹਾਰ ਦੀ ਪੀੜ ਨੂੰ ਚਿਤਰਦਾ ਹੋਇਆ ਸ਼ਾਹ ਮੁਹੰਮਦ ਆਪਣੀ ਲਿਖਤ ਵਿਚ ਕੁਰਲਾਅ ਉੱਠਿਆ ਅਤੇ ਉਸਨੇ ਜੰਗਨਾਮਾ ਸਿੰਘਾ ਅਤੇ ਫਿਰੰਗੀਆਂ ਵਿਚ ਲਿਖਿਆ ਕਿ :
ਜੰਗ ਹਿੰਦ ਪੰਜਾਬ ਦਾ ਹੋਣ ਲੱਗਾ,
ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੀ।
ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ,
ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੀ।
ਘੋੜੇ ਆਦਮੀ ਗੋਲਿਆਂ ਨਾਲ ਉੱਡਣ,
ਹਾਥੀ ਢਹਿੰਦੇ ਸਣੇ ਅੰਬਾਰੀਆਂ ਨੀ।
ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ,
ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ।
ਸਿੱਖ ਰਾਜ ਦਾ ਖਾਤਮਾ ਅਤੇ ਪੰਜਾਬ ਉਪਰ ਅੰਗਰੇਜਾ ਦਾ ਕਬਜਾ
ਸਾਲ 1848-49 ਵਿੱਚ ਚਿਲਿਆਂ ਵਾਲਾ ਅਤੇ ਗੁਜਰਾਤ ਦੀਆਂ ਲੜਾਈਆਂ ਬਾਅਦ ਅੰਗਰੇਜ਼ਾਂ ਨੇ ਪੂਰਾ ਪੰਜਾਬ ਜਿੱਤ ਲਿਆ ਅਤੇ ਦਲੀਪ ਸਿੰਘ ਨੂੰ ਗੱਦੀ ਤੋਂ ਹਟਾ ਦਿੱਤਾ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਹਿਮਾਲਿਆ ਵਰਗਾ ਬੁਲੰਦ ਸਿੱਖ ਰਾਜ ਕੁਝ ਸਾਲਾਂ ਵਿਚ ਢਹਿ-ਢੇਰੀ ਹੋ ਗਿਆ।
ਮਹਾਰਜਾ ਰਣਜੀਤ ਸਿੰਘ ਦੀ ਸ਼ਖਸੀਅਤ
ਮਹਾਰਾਜਾ ਰਣਜੀਤ ਸਿੰਘ ਦੀ ਸ਼ਖਸੀਅਤ ਚਮਕਦੇ ਸੂਰਜ ਵਾਂਗ ਸੀ, ਜੋ ਵੀ ਮਹਾਰਾਜੇ ਦੇ ਸੰਪਰਕ ਵਿਚ ਜਾਂ ਸਾਹਮਣੇ ਆਉਂਦਾ ਉਹ ਪ੍ਰਭਾਵਿਤ ਹੋਏ ਬਿਨ੍ਹਾਂ ਨਾ ਰਹਿੰਦਾ। ਉਨ੍ਹਾਂ ਦੇ ਤੇਜ ਅੱਗੇ ਕਾਬਲ, ਕੰਧਾਰ ਦੇ ਪਠਾਣਾਂ ਨੇ ਵੀ ਸੀਸ ਨਿਵਾ ਦਿੱਤੇ। ਮਹਾਰਾਜਾ ਖੁਦ ਨੂੰ ਰਾਜਾ ਅਖਵਾਉਣ ਦੀ ਥਾਂ ਭਾਈ ਸਾਹਿਬ, ਸਿੰਘ ਸਾਹਿਬ ਅਖਵਾ ਕੇ ਖੁਸ਼ ਹੁੰਦੇ ਸਨ। ਆਪਣੇ ਰਾਜ ਨੂੰ ਸਰਕਾਰ-ਏ-ਖ਼ਾਲਸਾ ਅਤੇ ਦਰਬਾਰ ਨੂੰ ਖ਼ਾਲਸਾ ਦਰਬਾਰਾ, ਅਖਵਾਉਂਦੇ ਸਨ। ਮਹਾਰਾਜਾ ਆਪਣੇ ਦਿਨ ਦੇ ਕੰਮਾਂਕਾਰਾਂ ਦੀ ਸ਼ੁਰੂਆਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਕੇ ਕਰਦੇ ਅਤੇ ਜਿੱਤ ਤੋਂ ਬਾਅਦ ਸ਼ੁਕਰਾਨੇ ਲਈ ਸ਼ਬਦ-ਗੁਰੂ ਸਾਹਮਣੇ ਨਤਮਸਤਕ ਹੁੰਦੇ ਸਨ।
ਮਹਾਨ ਕੋਸ਼ ਦੇ ਰਚੈਤਾ ਭਾਈ ਕਾਨ੍ਹ ਸਿੰਘ ਨਾਭਾ ਮਹਾਰਾਜਾ ਰਣਜੀਤ ਸਿੰਘ ਦੀ ਸ਼ਖਸੀਅਤ ਬਾਰੇ ਲਿਖਦੇ ਹਨ ਕਿ, ਪੰਜਾਬ ਵਿਚ ਸਿੱਖ ਸਲਤਨਤ ਕਾਇਮ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਦਲੇਰੀ, ਤੇਜ਼ ਅਤੇ ਸੂਝ-ਬੂਝ ਦਾ ਸਬੂਤ ਦਿੱਤਾ। ਉਨ੍ਹਾਂ ਦੀ ਮੌਤ ਤੋਂ ਬਾਅਦ ਚੁਫੇਰੇ ਸ਼ੋਕ ਦੀ ਲਹਿਰ ਦੌੜ ਗਈ। ਲੁਕਾਈ ਇੰਜ ਮਹਿਸੂਸ ਕਰਨ ਲੱਗੀ ਜਿਵੇਂ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਹੋਵੇ।
- ਪੰਜਾਬੀ ਅਖਾਣ ਭਾਗ -1
- ਪੰਜਾਬੀ ਅਖਾਣ ਭਾਗ-2
- ਪੰਜਾਬੀ ਅਖਾਣ ਭਾਗ-3
- ਪੰਜਾਬ ਦਾ ਹਜ਼ਾਰਾਂ ਸਦੀਆਂ ਪੁਰਾਣਾ ਇਤਿਹਾਸ, ਕਿਵੇਂ ਪਿਆ ਪੰਜਾਬ ਦਾ ਨਾਂ ਅਤੇ ਕਿਵੇ ਬਣਿਆ ਮੌਜੂਦਾ ਪੰਜਾਬ ?
- Sikh Guru History of Sultanpur Lodhi-ਸੁਲਤਾਪੁਰ ਲੋਧੀ ਦਾ ਇਤਿਹਾਸ
- ਇਹ ਵੀ ਪੜ੍ਹੋ : ਪੋਹ ਦਾ ਮਹੀਨਾ ਪੰਜਾਬੀ ਲੋਕਧਾਰਾ, ਸਿੱਖ ਇਤਿਹਾਸ ਅਤੇ ਗੁਰਬਾਣੀ ਵਿਚ ਬਹੁਤ ਖਾਸ
- ਇਹ ਵੀ ਪੜ੍ਹੋ : Was Guru Nanak a scientist ? ਕੀ ਗੁਰੂ ਸਾਹਿਬ ਵਿਗਿਆਨੀ ਸਨ ?
- ਇਹ ਵੀ ਪੜ੍ਹੋ : The child was 30 years old at birth- ਜੰਮਦਿਆਂ ਹੀ ਬੱਚੇ ਦੀ ਉਮਰ ਹੋਈ 30 ਸਾਲ

