ਮੁਖਤਿਆਰਨਾਮਾ ਕੀ ਹੁੰਦਾ ਹੈ ਅਤੇ ਕਿੰਨੀ ਤਰ੍ਹਾਂ ਦਾ ਹੁੰਦਾ ਹੈ, ਮਾਂ ਬੋਲੀ ਵਿਚ ਸਮਝੋ
ਲੇਖ- ਜਸਬੀਰ ਵਾਟਾਂਵਾਲੀਆ
Power of Attorney/ਮੁਖਤਿਆਰਨਾਮਾ ਦਸਤਾਵੇਜ਼ ਵਿਚ ਲਿਖਿਆ ਉਹ ਅਧਿਕਾਰ ਹੈ ਜਿਸ ਨੂੰ ਹਾਸਲ ਕਰਨ ਤੋਂ ਬਾਅਦ, ਮੁਖਤਿਆਰਨਾਮਾ ਹਾਸਲ ਕਰਨ ਵਾਲਾ ਵਿਅਕਤੀ ਮੁਖਤਿਆਰਨਾਮਾ ਦੇਣ ਵਾਲੇ ਵਿਅਕਤੀ ਦੀ ਜਾਇਦਾਦ ਖਰੀਦਣ ਜਾਂ ਵੇਚਣ ਸਬੰਧੀ ਸਾਰੇ ਫੈਸਲੇ ਲੈਣ, ਕੋਰਟ ਕਚਹਿਰੀ ਦੇ ਵਿਚ ਦਾਅਵਾ ਕਰਨ, ਬੈਂਕ ਖਾਤਿਆ ਰਾਹੀਂ ਲੈਣ-ਦੇਣ ਕਰਨ ਅਤੇ ਵਪਾਰਿਕ ਸੌਦੇਬਾਜ਼ੀ ਕਰਨ ਜਾਂ ਰੱਦ ਕਰਨ, ਵਿਅਕਤੀ ਦੀ ਥਾਂ ’ਤੇ ਹਸਤਾਖਰ ਜਾਂ ਐਗਰੀਮੈਂਟ ਕਰਨ ਜਾਂ ਰੱਦ ਕਰਨ ਦਾ ਪੂਰਨ ਜਾਂ ਅਪੂਰਨ ਅਧਿਕਾਰੀ ਬਣ ਜਾਂਦਾ ਹੈ। ਮੁਖਤਿਆਰਨਾਮਾ ਭਾਰਤ ਅਤੇ ਪਾਕਿਸਤਾਨ ਵਿੱਚ ਪਾਵਰ ਆਫ ਅਟਾਰਨੀ ਐਕਟ 1882 ਅਧੀਨ ਆਉਂਦਾ ਹੈ। ਇਹ ਦਸਤਾਵੇਜ ਨੋਟਰੀ ਜਾਂ ਰਜਿਸਟਰੀ ਨਾਲ ਪ੍ਰਮਾਣਿਤ ਕਰਵਾਇਆ ਜਾ ਸਕਦਾ ਹੈ।
ਕਿੰਨੀਆਂ ਕਿਸਮਾ ਦਾ ਹੁੰਦਾ ਹੈ ਮੁਖਤਿਆਨਾਮਾ ?
ਮੁਖਤਿਆਰਨਾਮੇ ਨੂੰ ਆਮ ਤੌਰ ਤੇ ਚਾਰ ਕਿਸਮਾਂ ਵਿੱਚ ਵੰਡਿਆ ਜਾਂਦਾ ਹੈ:
- ਮੁਖਤਿਆਰਨਾਮਾ ਆਮ (General Power of Attorney)
- ਮੁਖਤਿਆਰਨਾਮਾ ਖਾਸ (Special Power of Attorney)
- ਮੁਖਤਿਆਰਨਾਮਾ ਸੀਮਤ (Limited Power of Attorney)
- ਅਟੱਲ ਮੁਖਤਿਆਰਨਾਮਾ (Lasting Power of Attorney)
ਮੁਖਤਿਆਰਨਾਮਾ ਆਮ ਬਾਰੇ ਸਾਰੀ ਜਾਣਕਾਰੀ ? General Power of Attorney
ਮੁਖਤਿਆਰਨਾਮਾ ਆਮ ਇਕ ਅਜਿਹਾ ਲਿਖਤੀ ਦਸਤਾਵੇਜ਼ ਹੁੰਦਾ ਹੈ, ਜੋ ਜਿਸ ਵਿਅਕਤੀ ਦੇ ਨਾਂ ਕੀਤਾ ਜਾਂਦਾ ਹੈ, ਉਸ ਵਿਅਕਤੀ ਕੋਲ ਉਹ ਸਾਰੇ ਵਿਆਪਕ ਅਧਿਕਾਰ ਕਾਨੂੰਨੀ ਤੌਰ ’ਤੇ ਆ ਜਾਂਦੇ ਹਨ, ਜੋ ਕਿ ਮਾਲਕ ਵਿਅਕਤੀ ਕੋਲ ਹੁੰਦੇ ਹਨ। ਮੁਖਤਿਆਰਨਾਮਾ ਆਮ ਨੂੰ “ਜਨਰਲ ਪਾਵਰ ਆਫ ਅਟਾਰਨੀ” ਵੀ ਕਿਹਾ ਜਾਂਦਾ ਹੈ।
ਮੁਖਤਿਆਰਨਾਮਾ ਆਮ ਹਾਸਲ ਕਰਨ ਵਾਲੇ ਵਿਅਕਤੀ ਨੂੰ ਕਿਹੜੇ-ਕਿਹੜੇ ਅਧਿਕਾਰ ਮਿਲ ਸਕਦੇ ਹਨ ?
General Power of Attorney ਹਾਸਲ ਕਰਨ ਵਾਲਾ ਅਟਾਰਨੀ ਮਾਲਕ ਵਿਅਕਤੀ ਵਾਂਗ ਉਹ ਸਾਰੇ ਕੰਮ ਕਰਨ ਦਾ ਅਧਿਕਾਰ ਰੱਖਦਾ ਹੈ, ਜੋ ਇਕ ਮਾਲਕ ਵਿਅਕਤੀ ਖੁਦ ਕਰ ਸਕਦਾ ਹੈ, ਪਰੰਤੂ ਇਹ ਇਸ ਗੱਲ ’ਤੇ ਵੀ ਨਿਰਭਰ ਕਰਦਾ ਹੈ ਦਸਤਾਵੇਜ਼ ਵਿੱਚ ਖਾਸ ਸ਼ਰਤਾਂ ਕੀ ਲਿਖੀਆਂ ਗਈਆ ਹਨ।
ਦੇਖੋ ਜਾਇਦਾਦ ਸਬੰਧੀ ਦਿੱਤੇ ਗਏ ਮੁਖਤਿਆਨਾਮਾ ਆਮ ਦਾ ਇਕ ਨਮੂਨਾ ਅਤੇ ਲਿਖੀਆਂ ਗਈਆਂ ਸ਼ਰਤਾਂ
ਮੈ…….ਸਿੰਘ, ਮੁਖ਼ਤਾਰ ਆਮ ਨੂੰ ਇਹ ਹੱਕ/ਅਧਿਕਾਰ ਦਿੰਦਾ ਹਾਂ ਕਿ ਮੇਰਾ ਮੁਖਤਿਆਰਨਾਮਾ ਹਾਸਲ ਕਰਨ ਵਾਲਾ……….. ਉਕਤ ਵਿਅਕਤੀ ਮੇਰੀ ਜਾਇਦਾਦ ਦੀ ਹਰ ਤਰਾਂ ਨਾਲ ਦੇਖਭਾਲ ਕਰਨ, ਕਿਰਾਏ ’ਤੇ ਦੇਣ, ਕਿਰਾਇਆ ਲੈਣ ਅਤੇ ਉਸ ਦੀ ਰਸੀਦ ਦੇਣ, ਕਿਰਾਏਦਾਰ ਨੂੰ ਬੇਦਖ਼ਲ ਕਰਨ, ਉਕਤ ਜਾਇਦਾਦ ਸਬੰਧੀ ਹਰ ਪ੍ਰਕਾਰ ਦੀ ਕਾਨੂੰਨੀ ਕਾਰਵਾਈ ਸਿਵਲ, ਫ਼ੌਜਦਾਰੀ ਕੇਸ, ਹਰ ਕਿਸਮ ਮਾਲ ਵਿਭਾਗ ਦੇ ਕੇਸ, ਦੇਸ਼ ਦੀ ਮੁੱਢਲੀ ਅਦਾਲਤ ਤੋਂ ਲੈ ਕੇ ਦੇਸ਼ ਦੀ ਅਖੀਰਲੀ ਅਦਾਲਤ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿਚ ਦਾਅਵਾ, ਅਪੀਲ, ਜਵਾਬਦਾਵਾ, ਦਲੀਲ ਆਦਿ ਦੇਣ ਦੇਣ ਦਾ ਅਧਿਕਾਰੀ ਹੈ।
ਦੇਖੋ ਮੁਖਤਿਆਨਾਮਾ ਆਮ ਦੇ ਅਧਿਕਾਰਾਂ ਸਬੰਧੀ ਹੋਰ ਵੇਰਵੇ
ਮੈਂ ਆਪਣੇ ਮੁਖ਼ਤਾਰ ਆਮ ਨੂੰ ਇਹ ਹੱਕ ਦਿੰਦੀ ਹਾਂ/ਦਿੰਦਾ ਹਾਂ ਕਿ ਉਹ ਇਕੱਠੇ ਮਿਲਕੇ ਜਾਂ ਅਲਗ-ਅਲਗ ਉਕਤ ਜਾਇਦਾਦ ਨੂੰ ਕਿਸੇ ਪਾਸ ਬੈ ਕਰਨ, ਰਹਿਨ ਕਰਨ, ਆੜ ਰਹਿਣ ਕਰਨ, ਤਕਸੀਮ ਕਰਨ, ਤਬਾਦਲਾ ਕਰਨ, ਹਿੱਬਾ ਕਰਨ, ਟਰਾਂਸਫਰ ਕਰਨ, ਤਬਦੀਲ ਮਲਕੀਅਤ ਕਰਨ, ਪਟੇ ’ਤੇ ਦੇਣ ਅਤੇ ਕਿਸੇ ਵੀ ਤਰਾਂ ਨਾਲ ਮੁੰਤਕਿਲ ਕਰਨ, ਕਿਸੇ ਨਾਲ ਵੀ ਇਕਰਾਰਨਾਮਾ/ਇਕਰਾਰ ਨਾਮੇ ਕਰਨ। ਦਸਤਾਵੇਜ਼ ਅਤੇ ਹਰ ਕਿਸਮ ਲਿਖਾਵੇ ਅਤੇ ਉਸ ਨੂੰ ਰਜਿਸਟਰਡ ਕਰਵਾਉਣ ਵਾਸਤੇ ਇਲਾਕੇ ਦੇ ਸਬ ਰਜਿਸਟਰਾਰ ਅੱਗੇ ਪੇਸ਼ ਕਰਨ, ਅਸ਼ਟਾਮ ਖ਼ਰੀਦ ਵਾ ਰਿਫੰਡ ਕਰਵਾਉਣ।
ਦੇਖੋ ਮੁਖਤਿਆਨਾਮਾ ਆਮ ਸਬੰਧੀ ਦਿੱਤੇ ਜਾਣ ਵਾਲੇ ਹੋਰ ਹੱਕ
ਮੈਂ ਆਪਣੇ ਮੁਖ਼ਤਾਰ ਆਮ ਨੂੰ ਇਹ ਹੱਕ ਦਿੰਦੀ ਹਾਂ/ਦਿੰਦਾ ਹਾਂ ਕਿ ਉਹ ਨਕਦ, ਚੈੱਕ, ਪੇ-ਆਰਡਰ, ਡਰਾਫਟ ਜਾਂ ਬੈਂਕ ਟਰਾਂਸਫਰ ਰਾਹੀਂ ਪੈਸੇ ਲੈਣ ਅਤੇ ਉਸ ਦੀ ਸਹੀਂ ਰਸੀਦ ਦੇਣ, ਕਬਜ਼ਾ ਕਰਨ ਅਤੇ ਅਗੋਂ ਕਬਜਾ ਦੇਣ। ਉਕਤ ਜਾਇਦਾਦ ਸਬੰਧੀ ਵਕੀਲ ਕਰਨ ਅਤੇ ਹਟਾਉਣ ਅਤੇ ਮੁਖ਼ਤਾਰ ਖਾਸ ਵੀ ਮੁਕਰਰ ਕਰਨ ਅਤੇ ਹਟਾਉਣ। ਬਿਜਲੀ, ਅਤੇ ਪਾਈ ਦੇ ਕਨੈਕਸ਼ਨ ਲੈਣ ਅਤੇ ਅੱਗੇ ਜਿਸ ਦੇ ਨਾਮ ਚਾਹੁਣ ਟਰਾਂਸਫਰ ਕਰਨ। ਮੁਖ਼ਤਾਰ ਆਮ ਮੇਰੀ ਜਗ੍ਹਾ ਨਿਸ਼ਾਨ ਅੰਗੂਠਾ ਲਗਾਉਣ ਜਾਂ ਦਸਤਖ਼ਤ ਦੇਣ। ਤਤਿਮਾ ਹਰ ਕਿਸਮ-ਕਰਾਉਣ, ਇਮਾਰਤ ਤਾਮੀਰ ਕਰਨ, ਮੁਤੱਲਕਾ ਮਹਿਕਮੇ ਵਿਚੋ ਨਕਸ਼ੇ ਪਾਸ ਕਰਵਾਉਣ, NOC-NDC ਹਾਸਲ ਕਰਨ। ਮੁਤੱਲਕਾ ਮਹਿਕਮਾ ਵਿੱਚ ਆਦਿ ਤੋਂ ਲੈ ਕੇ ਅੰਤ ਤੱਕ ਹਰ ਲੋੜੀਂਦੀ ਕਾਰਵਾਈ ਕਰਨ ਦਾ ਪੂਰਨ ਤੌਰ ’ਤੇ ਅਧਿਕਾਰੀ ਹੈ।
2. ਮੁਖਤਿਆਰਨਾਮਾ ਖਾਸ (Special Power of Attorney):
ਮੁਖਤਿਆਰਨਾਮਾ ਖਾਸ (ਸਪੈਸ਼ਲ ਪਾਵਰ ਆਫ ਅਟਾਰਨੀ): ਇੱਕੋ ਖਾਸ ਕੰਮ ਲਈ ਜਿਵੇਂ ਇੱਕ ਜਾਇਦਾਦ ਦੀ ਰਜਿਸਟਰੀ ਜਾਂ ਕੇਸ ਲੜਨ ਆਦਿ ਕੰਮਾਂ ਲਈ ਦਿੱਤਾ ਜਾਂਦਾ ਹੈ। ਇਹ ਮੁਖਤਿਆਰਨਾਮਾ ਕੰਮ ਖਤਮ ਤੱਕ ਵੈਲਿਡ ਹੁੰਦਾ ਹੈ ਅਤੇ ਕੰਮ ਹੋਣ ਤੋਂ ਬਾਅਦ ਹਾਸਲਕਾਰ ਦੇ ਸਾਰੇ ਅਧਿਕਾਰ ਖਤਮ ਹੋ ਜਾਂਦੇ ਹਨ। ਦੂਜੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਇਹ ਇੱਕ ਅਜਿਹਾ ਲਿਖਤੀ ਦਸਤਾਵੇਜ਼ ਹੁੰਦਾ ਹੈ ਜੋ ਮੁੱਖ ਵਿਅਕਤੀ ਵੱਲੋਂ ਅਟਾਰਨੀ ਨੂੰ ਸਿਰਫ਼ ਇੱਕ ਖਾਸ ਜਾਂ ਨਿਰਧਾਰਿਤ ਕੰਮ ਲਈ ਅਧਿਕਾਰ ਦਿੰਦਾ ਹੈ। ਇਸ ਦੀ ਗਲਤ ਵਰਤੋਂ ਡਰ ਨਹੀਂ ਹੁੰਦਾ ਕਿਉਂਕਿ ਅਟਾਰਨੀ ਦਿੱਤੇ ਗਏ ਅਧਿਕਾਰ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕਦਾ। ਇਹ ਨੋਟਰੀ ਜਾਂ ਰਜਿਸਟਰ ਨਾਲ ਪ੍ਰਮਾਣਿਤ ਹੁੰਦਾ ਹੈ ਅਤੇ ਕੰਮ ਪੂਰਾ ਹੋਣ ਤੇ ਆਪਣੇ ਆਪ ਖਤਮ ਹੋ ਜਾਂਦਾ ਹੈ।
ਮੁਖਤਿਆਰਨਾਮਾ ਖਾਸ ਕਿਹੜੇ ਕੰਮਾਂ ਲਈ ਦਿੱਤਾ ਜਾਂਦਾ ਹੈ ?
ਮੁਖਤਿਆਰਨਾਮਾ ਖਾਸ ਦੇ ਅਧਿਕਾਰ ਸਿਰਫ਼ ਦਸਤਾਵੇਜੀ ਸ਼ਰਤਾਂ ਵਿਚ ਲਿਖੇ ਕੰਮ ਤੱਕ ਹੀ ਸੀਮਤ ਹੁੰਦੇ ਹਨ ਜਿਵੇਂ ਕਿ:
1. ਜਾਇਦਾਦ ਦੀ ਖਾਸ ਰਜਿਸਟਰੀ ਜਾਂ ਵਿਕਰੀ ਲਈ ਦਿੱਤਾ ਗਿਆ ਹੋਵੇ।
2. ਅਦਾਲਤੀ ਕੇਸ ਵਿੱਚ ਪੇਸ਼ੀ ਜਾਂ ਸਮਝੌਤੇ ਲਈ ਦਿੱਤਾ ਗਿਆ ਹੋਵੇ।
3. ਬੈਂਕ ਖਾਤੇ ਤੋਂ ਇੱਕੋ ਵਾਰੀ ਲੈਣ-ਦੇਣ ਲਈ ਦਿੱਤਾ ਗਿਆ ਹੋਵੇ ਜਾਂ ਕੁਝ ਹੋਰ ਕੰਮਾਂ ਲਈ ਵੀ ਅਧਿਕਾਰ ਦਿੱਤੇ ਜਾ ਸਕਦੇ ਹਨ।
3. ਮੁਖਤਿਆਰਨਾਮਾ ਸੀਮਤ (Limited Power of Attorney)
ਮੁਖਤਿਆਰਨਾਮਾ ਸੀਮਤ (ਲਿਮਿਟਿਡ ਪਾਵਰ ਆਫ ਅਟਾਰਨੀ) ਇੱਕ ਅਜਿਹਾ ਲਿਖਤੀ ਦਸਤਾਵੇਜ਼ ਹੁੰਦਾ ਹੈ, ਜੋ ਮੁੱਖ ਵਿਅਕਤੀ ਵੱਲੋਂ ਆਪਣੇ ਅਟਾਰਨੀ ਨੂੰ ਨਿਰਧਾਰਿਤ ਸਮੇਂ, ਰਕਮ ਜਾਂ ਨਿਰਧਾਰਤ ਹੱਦ ਤੱਕ ਅਧਿਕਾਰ ਦਿੰਦਾ ਹੈ। ਇਹ ਵੀ ਪਾਵਰ ਆਫ ਅਟਾਰਨੀ ਐਕਟ 1882 ਅਧੀਨ ਆਉਂਦਾ ਹੈ ਅਤੇ ਭਾਰਤ ਜਾਂ ਪੰਜਾਬ ਵਿੱਚ ਜਾਇਦਾਦ ਜਾਂ ਵਿੱਤੀ ਲੈਣ-ਦੇਣ ਆਦਿ ਨਿਰਧਾਰਤ ਕੰਮਾਂ ਲਈ ਵਰਤਿਆ ਜਾਂਦਾ ਹੈ।
ਮੁਖਤਿਆਰਨਾਮਾ ਸੀਮਤ ਰਾਹੀਂ ਕਿਵੇਂ ਅਤੇ ਕਿਹੜੇ ਅਧਿਕਾਰ ਦਿੱਤੇ ਜਾਂਦੇ ਹਨ ?
ਲਿਮਿਟਿਡ ਮੁਖਤਿਆਰਨਾਮੇ ਵਿੱਚ ਅਧਿਕਾਰਾਂ ਨੂੰ ਸਮਾਂ ਸੀਮਾਂ ਵਿਚ ਨਿਸ਼ਚਤ ਕੀਤਾ ਜਾਂਦਾ ਹੈ (ਜਿਵੇਂ 6 ਮਹੀਨੇ ਜਾਂ ਵੱਧ-ਘੱਟ), ਨਿਸ਼ਚਤ ਰਕਮ (ਜਿਵੇਂ 5 ਲੱਖ ਤੱਕ ਜਾਂ ਵੱਧ ਘੱਟ)। ਮੁਖਤਿਆਰਨਾਮਾ ਖਾਸ ਵਾਂਗ ਇਹ ਵੀ ਘੱਟ ਜੋਖਮ ਵਾਲਾ ਹੁੰਦਾ ਹੈ ਅਤੇ ਸਮਾਂ ਪੂਰਾ ਹੋਣ ਜਾਂ ਸੀਮਾ ਪਾਰ ਹੋਣ ਤੇ ਆਪਣੇ ਆਪ ਖਤਮ ਹੋ ਜਾਂਦਾ ਹੈ। ਇਹ ਨੋਟਰੀ ਜਾਂ ਰਜਿਸਟਰ ਨਾਲ ਪ੍ਰਮਾਣਿਤ ਕਰਵਾਇਆ ਜਾ ਸਕਦਾ ਹੈ।
ਮੁਖਤਿਆਰਨਾਮਾ ਸੀਮਤ ਦੀਆਂ ਕੁਝ ਉਦਾਹਰਨਾਂ
ਕਿਸੇ ਜਾਇਦਾਦ ਨੂੰ ਨਿਸ਼ਚਤ ਰਕਮ ਜਿਵੇਂ ਕਿ 1 ਕਰੋੜ ਤੱਕ ਵੇਚਣ ਜਾਂ ਭਾੜੇ ’ਤੇ ਦੇਣ ਦਾ ਅਧਿਕਾਰ।
ਬੈਂਕ ਖਾਤੇ ਤੋਂ 2 ਲੱਖ ਤੱਕ ਕੱਢਣ ਜਾਂ ਨਿਵੇਸ਼ ਕਰਨ ਦਾ ਅਧਿਕਾਰ।
ਨਿਰਧਾਰਿਤ ਸਮੇਂ ਲਈ ਦਿੱਤੇ ਗਏ ਅਧਿਕਾਰ (ਜਿਵੇਂ ਵਿਦੇਸ਼ ਯਾਤਰਾ ’ਤੇ ਜਾਂ ਮੌਕੇ ਤੱਕ ਕਿਸੇ ਨੂੰ ਅਧਿਕਾਰੀ ਬਣਾ ਦੇਣਾ) ਆਦਿ ।
4. ਅਟੱਲ ਮੁਖਤਿਆਰਨਾਮਾ (LPA- ਲਾਸਟਿੰਗ ਪਾਵਰ ਆਫ ਅਟਾਰਨੀ):
ਲਾਸਟਿੰਗ ਪਾਵਰ ਆਫ ਅਟਾਰਨੀ – LPA ਇੱਕ ਵਿਸ਼ੇਸ਼ ਕਾਨੂੰਨੀ ਦਸਤਾਵੇਜ਼ ਹੁੰਦਾ ਹੈ ਜੋ ਕਿਸੇ ਵਿਅਕਤੀ ਦੀ ਅਪੰਗਤਾ ਜਾਂ ਮਾਨਸਿਕ ਅਸਮਰਥਾ ਦੇ ਸਮੇਂ ਵੀ ਹਾਸਲ ਕਾਰ ਅਟਾਰਨੀ ਨੂੰ ਫੈਸਲੇ ਲੈਣ ਦਾ ਅਧਿਕਾਰ ਦਿੰਦਾ ਹੈ। ਇਹ ਅਧਿਕਾਰ ਖਾਸ ਕਰ ਕੇ ਵਿੱਤੀ ਜਾਂ ਮੈਡੀਕਲ ਜਾਂ ਹੋਰ ਫੈਸਲਿਆਂ ਲਈ ਹੋ ਸਕਦੇ ਹਨ। ਇਹ ਭਾਰਤ ਜਾਂ ਪੰਜਾਬ ਵਿੱਚ ਕਈ ਵਾਰ ਵਰਤਿਆ ਜਾਂਦਾ ਹੈ ਪਰ ਮੁੱਖ ਤੌਰ ਤੇ ਯੂ.ਕੇ. ਅਤੇ ਹੋਰ ਦੇਸ਼ਾਂ ਦੇ ਕਾਨੂੰਨ ਅਧੀਨ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਪਾਵਰ ਆਫ ਅਟਾਰਨੀ ਐਕਟ 1882 ਤੋਂ ਵੱਖਰਾ ਹੁੰਦਾ ਹੈ ਅਤੇ ਇਸ ਲਈ ਵੱਖਰੀ ਰਜਿਸਟ੍ਰੇਸ਼ਨ ਲੋੜ ਹੁੰਦੀ ਹੈ।
ਅਟੱਲ ਮੁਖਤਿਆਰਨਾਮਾ ਕਿੱਦਾਂ ਅਤੇ ਕਦੋਂ ਦਿੱਤਾ ਜਾਂਦਾ ਹੈ ?
ਅਟੱਲ ਮੁਖਤਿਆਰਨਾਮਾ ਮੁੱਖ ਵਿਅਕਤੀ ਆਪਣੀ ਸਿਹਤਮੰਦ ਅਵਸਥਾ ਵਿੱਚ ਅਟਾਰਨੀ ਨਿਯੁਕਤ ਕਰਦਾ ਹੈ ਜੋ, ਉਸ ਦੀ ਅਪੰਗਤਾ ਤੋਂ ਬਾਅਦ ਹਾਸਲਕਾਰ ਵਿਅਕਤੀ ਵਿੱਤੀ, ਜਾਇਦਾਦ ਜਾਂ ਸਿਹਤ ਸੰਬੰਧੀ ਫੈਸਲੇ ਲੈ ਸਕੇ। ਆਮ ਤੌਰ ’ਤੇ ਜਦੋਂ ਬੁਜ਼ੁਰਗ ਡੀਮੈਂਸ਼ੀਆ ਵਰਗੀਆਂ ਬਿਮਾਰੀਆਂ ਨਾਲ ਪੀੜਤ ਹੋਣ ਤਾਂ ਅਟਾਰਨੀ ਉਹਨਾਂ ਦੀ ਵਿੱਤੀ ਅਤੇ ਸਿਹਤ ਸੁਰੱਖਿਆ ਲਈ ਅਧਿਕਾਰੀ ਹੁੰਦਾ ਹੈ ਅਤੇ ਫੈਸਲੇ ਲੈਂਦਾ ਹੈ।
ਇਹ ਦੋ ਕਿਸਮਾਂ ਦਾ ਹੁੰਦਾ ਹੈ –
1. ਵਿੱਤੀ ਫੈਸਲੇ ਲਈ
2. ਸਿਹਤ/ਕੇਅਰ ਫੈਸਲੇ ਲਈ।
ਅਟੱਲ ਮੁਖਤਿਆਰਨਾਮਾ ਰੱਦ ਨਹੀਂ ਹੁੰਦਾ ਅਤੇ ਮੁੱਖ ਵਿਅਕਤੀ ਦੀ ਮੌਤ ’ਤੇ ਅਤੇ ਅਦਾਲਤੀ ਨਿਗਰਾਨੀ ਹੇਠ ਹੁੰਦਾ ਹੈ। ਪੰਜਾਬ ਵਿੱਚ ਇਸ ਨੂੰ ਵਕੀਲ ਜਾਂ ਨੋਟਰੀ ਨਾਲ ਤਿਆਰ ਕੀਤਾ ਜਾਂਦਾ ਹੈ ਪਰ ਵਿਦੇਸ਼ੀ LPA ਨੂੰ ਪ੍ਰਮਾਣਿਤ ਕਰਨਾ ਪੈਂਦਾ ਹੈ।
ਅਟੱਲ ਮੁਖਤਿਆਰਨਾਮਾ ਅਧੀਨ ਕਿਹੜੇ-ਕਿਹੜੇ ਅਧਿਕਾਰ ਦਿੱਤੇ ਜਾ ਸਕਦੇ ਹਨ ?
1. ਬੈਂਕ ਖਾਤਿਆਂ ਦੀ ਵਰਤੋਂ ਜਾਂ ਚਲਾਉਣ ਸਬੰਧੀ ਅਧਿਕਾਰ।
2. ਜਾਇਦਾਦ ਵੇਚਣ ਸਬੰਧੀ ਅਧਿਕਾਰ।
3. ਟੈਕਸ ਅਦਾ ਕਰਨ, ਲੋਨ ਲੈਣ ਆਦਿ ਦੇ ਅਧਿਕਾਰ।
4. ਹਸਪਤਾਲ ਵਿੱਚ ਇਲਾਜ ਦੇ ਫੈਸਲੇ, ਦਵਾਈਆਂ ਜਾਂ ਕੇਅਰ ਹੋਮ ਚੋਣ ਕਰਨ ਦੇ ਅਧਿਕਾਰ।
ਮੁਖਤਿਆਰਨਾਮਾ ਕਦੋਂ ਅਤੇ ਕਿਵੇਂ ਰੱਦ ਕੀਤਾ ਜਾ ਸਕਦਾ ਹੈ ?
ਮੁਖਤਿਆਰਨਾਮਾ (ਪਾਵਰ ਆਫ ਅਟਾਰਨੀ) ਨੂੰ ਰੱਦ ਕਰਨਾ ਮੁੱਖ ਵਿਅਕਤੀ ਦਾ ਅਧਿਕਾਰ ਹੁੰਦਾ ਹੈ ਅਤੇ ਇਹ ਪਾਵਰ ਆਫ ਅਟਾਰਨੀ ਐਕਟ 1882 ਅਧੀਨ ਆਉਂਦਾ ਹੈ। ਰੱਦੀਕਰਨ ਨਾਲ ਅਟਾਰਨੀ ਦੇ ਸਾਰੇ ਅਧਿਕਾਰ ਖਤਮ ਹੋ ਜਾਂਦੇ ਹਨ। ਰੱਦੀਕਰਨ ਦੀ ਪ੍ਰਕਿਰਿਆ ਲਈ ਪੱਤਰ ਨੋਟਰੀ ਕਰਵਾ ਕੇ, ਫਿਰ ਅਟਾਰਨੀ ਨੂੰ ਭੇਜਿਆ ਜਾਂਦਾ ਹੈ ਅਤੇ ਜੇ ਰਜਿਸਟਰਡ ਹੈ ਤਾਂ ਸਬ-ਰਜਿਸਟ੍ਰੀ ਆਫਿਸ ਵਿੱਚ ਐਂਡੋਰਸਮੈਂਟ ਕਰਵਾਉਣਾ ਪੈਂਦਾ ਹੈ। ਇਸ ਤੋਂ ਇਲਾਵਾ ਅਖਬਾਰ ਵਿੱਚ ਪਬਲਿਕ ਨੋਟਿਸ ਵੀ ਦੇਣਾ ਪੈਂਦਾ ਹੈ ਤਾਂ ਜੋ ਤੀਜੀਆਂ ਧਿਰਾਂ ਨੂੰ ਵੀ ਪਤਾ ਲੱਗ ਸਕੇ।
ਮੁਖਤਿਆਰਨਾਮਾ ਰੱਦ ਕਰਨ ਦੇ ਮੌਕੇ
ਮੁਖਤਿਆਰਨਾਮਾ ਨੂੰ ਹੇਠ ਲਿਖੇ ਸਮਿਆਂ ਰੱਦ ਕੀਤਾ ਜਾ ਸਕਦਾ ਹੈ:
ਮੁੱਖ ਵਿਅਕਤੀ ਦੀ ਇੱਛਾ ਨਾਲ, ਜਦੋਂ ਵੀ ਚਾਹੇ, ਮੁੱਖ ਉਦੇਸ਼ ਪੂਰਾ ਹੋਣ ਤੇ, ਭਾਵ ਭਰੋਸਾ ਖਤਮ ਹੋਣ ’ਤੇ, ਗਲਤ ਵਰਤੋਂ ਜਾਂ ਨਵੀਆਂ ਲੋੜਾਂ ’ਤੇ, ਪ੍ਰਿੰਸੀਪਲ ਦੀ ਮੌਤ ਹੋਣ ਤੇ ਇਹ ਆਪਣੇ ਆਪ ਖਤਮ ਹੋ ਜਾਂਦਾ ਹੈ ਕਿਉਂਕਿ ਅਧਿਕਾਰ ਨਿੱਜੀ ਹੁੰਦੇ ਹਨ। ਇਸ ਤੋਂ ਇਲਾਵਾ ਅਟਾਰਨੀ ਦੀ ਮੌਤ ਜਾਂ ਅਪੰਗਤਾ ਤੋਂ ਬਾਅਦ ਅਧਿਕਾਰ ਖਤਮ ਹੋ ਸਕਦੇ ਹਨ, ਖਾਸ ਮੁਖਤਿਆਰਨਾਮੇ ਵਿੱਚ ਲਿਖੇ ਕੰਮ ਖਤਮ ਹੋਣ ’ਤੇ ਅਧਿਕਾਰ ਆਪਣੇ ਆਪ ਖਤਮ ਹੋ ਜਾਂਦੇ ਹਨ।
ਇਸ ਆਰਟੀਕਲ ਬਾਰੇ ਹੋਰ ਵਿਸਥਾਰ ਦੇਖਣ ਲਈ ਇਸ ਲਿੰਕ ’ਤੇ ਕਲਿਕ ਕਰੋ
ਇਸ ਆਰਟੀਕਲ ਨੂੰ ਲਿਖਣ ਲਈ perplexity.ai ਦੀ ਵਿਸ਼ੇਸ਼ ਸਹਾਇਤਾ ਲਈ ਗਈ ਹੈ

