Milk Teeth in Old Age/ਜਪਾਨ ਦੇ ਵਿਗਿਆਨੀਆਂ ਨੇ ਕੀਤਾ ਕਮਾਲ/
ਵਿਸ਼ੇਸ਼ ਰਿਪੋਰਟ-ਜਸਬੀਰ ਵਾਟਾਂਵਾਲੀਆ
Milk Teeth in Old Age/ਹੁਣ ਬੁਢਾਪੇ ਵਿਚ ਵੀ ਨਿਕਲਣਗੇ ਦੁੱਧ ਵਾਲੇ ਦੰਦ! ਜੀ ਹਾਂ ਤੁਸੀਂ ਬਿਲਕੁਲ ਠੀਕ ਸੁਣਿਆ !… ਬੁਢਾਪੇ ਵਿਚ ਵੀ ਇਹ ਦੰਦ ਉਸੇ ਤਰ੍ਹਾਂ ਨਿਕਲਿਆ ਕਰਨਗੇ ਜਿਵੇਂ ਨਵੇਂ ਜਨਮੇਂ ਬੱਚੇ ਦੇ ਦੰਦ ਉੱਗਦੇ ਹਨ। ਇਸ ਨੂੰ ਸੰਭਵ ਬਣਾਉਣ ਲਈ ਜਾਪਾਨ ਦੇ ਵਿਗਿਆਨੀਆਂ ਨੇ ਸਫਲਤਾ ਹਾਸਲ ਕਰ ਲਈ ਹੈ। ਜਪਾਨ ਦੇ ਵਿਗਿਆਨੀਆਂ ਨੇ ਇੱਕ ਅਜਿਹੀ ਦਵਾਈ ਵਿਕਸਤ ਕੀਤੀ ਹੈ, ਜੋ USAG-1 ਨਾਮਕ ਪ੍ਰੋਟੀਨ ਨੂੰ ਰੋਕਦੀ ਹੈ, ਇਹ ਪ੍ਰੋਟੀਨ ਸਾਡੇ ਸਰੀਰ ਵਿਚ ਦੰਦਾਂ ਨੂੰ ਦੁਬਾਰਾ ਉੱਘਣ ਤੋਂ ਰੋਕਣ ਦਾ ਕੰਮ ਕਰਦਾ ਹੈ। ਜਦੋਂ ਇਸ ਪ੍ਰੋਟੀਨ ਨੂੰ ਰੋਕ ਦਿੱਤਾ ਜਾਂਦਾ ਹੈ, ਤਾਂ ਸਰੀਰ ਨਵੇਂ ਦੰਦਾਂ ਦਾ ਉੱਘਣੇ ਸ਼ੁਰੂ ਹੋ ਜਾਂਦੇ ਹਨ। ਇਹ ਖੋਜ ਕਿਤਾਨੋ ਹਸਪਤਾਲ ਦੇ ਮੈਡੀਕਲ ਰਿਸਰਚ ਇੰਸਟੀਚਿਊਟ ਵਿੱਚ ਡਾ. ਕਾਤਸੂ ਤਾਕਾਹਾਸ਼ੀ ਦੀ ਅਗਵਾਈ ਵਿੱਚ ਕੀਤੀ ਗਈ।
ਕਿਸੇ ਉਮਰ ਵਿਚ ਵੀ ਉੱਘ ਸਕਣਗੇ ਦੰਦ
ਜੇਕਰ ਕਿਸੇ ਐਕਸੀਡੈਂਟ ਦੌਰਾਨ ਮਨੁੱਖ ਦੇ ਦੰਦਾਂ ਦਾ ਨੁਕਸਾਨ ਹੁੰਦਾ ਹੈ ਤਾਂ, ਆਮ ਤੌਰ ’ਤੇ ਉਸਦਾ ਮੌਜੂਦਾ ਹੱਲ ਇਹੀ ਹੈ ਕਿ, ਦੰਦ ਇਮਪਲਾਂਟ ਕਰ ਦਿੱਤਾ ਜਾਂਦਾ ਹੈ, ਭਾਵ ਨਕਲੀ ਦੰਦ ਲਗਾ ਦਿੱਤਾ ਜਾਂਦਾ ਹੈ। ਇਹ ਇਲਾਜ ਕਾਫੀ ਖਰਚੀਲਾ ਅਤੇ ਕਈ ਵਾਰ ਨੁਕਸਾਨਦਾਇਕ ਵੀ ਹੁੰਦਾ ਹੈ। ਇਹ ਵੀ ਸੱਚਾਈ ਹੈ ਕਿ ਇੰਮਲਾਂਟ ਕੀਤੇ ਦੰਦ ਕੁਦਰਤੀ ਦੰਦਾ ਦਾ ਮੁਕਾਬਲਾ ਨਹੀਂ ਕਰਦੇ। ਇਸ ਖੋਜ ਨਾਲ ਨਾ ਸਿਰਫ ਦੰਦ ਦੁਬਾਰਾ ਉੱਘਣਗੇ ਬਲਕਿ ਦੰਦਾ ਦੀ ਗੁਣਵੱਤਾ ਵੀ ਵਧੇਗੀ ਅਤੇ ਇਲਾਜ ਦਾ ਬੋਝ ਵੀ ਘੱਟ ਹੋ ਜਾਵੇਗਾ।
ਸ਼ਾਰਕ ਅਤੇ ਹਾਥੀ ਵਿਚ ਨਵੇਂ ਦੰਦ ਉਘਾਉਣ ਦੀ ਹੁੰਦੀ ਹੈ ਜਮਾਂਦਰੂ ਸਮਰੱਥਾ
ਇਹ ਖੋਜ ਇਸ ਸਮਝ ਵਿੱਚੋਂ ਵਿਕਸਤ ਹੋਈ ਹੈ ਕਿ ਕੁਝ ਜਾਨਵਰ, ਜਿਵੇਂ ਕਿ ਸ਼ਾਰਕ ਅਤੇ ਹਾਥੀ, ਉਮਰ ਦੇ ਕਿਸੇ ਵੀ ਪੜਾਅ ’ਤੇ ਆਪਣੇ ਦੰਦਾਂ ਨੂੰ ਉਗਾਉਣ ਦੇ ਯੋਗ ਹੁੰਦੇ ਹਨ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਨ੍ਹਾਂ ਵਾਂਗ ਹੀ ਮਨੁੱਖਾਂ ਵਿੱਚ “ਤੀਜੀ ਵਾਰ ਦੰਦ” ਉਗਾਉਣ ਦੀ ਸਮਰੱਥਾ ਪੈਦਾ ਹੋ ਸਕਦੀ ਹੈ, ਜੇਕਰ ਉਸ ਨੂੰ ਖਾਸ ਟਰੀਟਮੈਂਟ ਰਾਹੀਂ ਕਿਰਿਆਸ਼ੀਲ ਕੀਤਾ ਜਾਵੇ।
ਨਵੇਂ ਦੰਦ ਉਘਾਉਣ ਦੇ ਕੀਤੇ ਜਾ ਚੁੱਕੇ ਹਨ ਸਫਲ ਪਰੀਖਣ
ਦੱਸ ਦੇਈਏ ਕਿ ਇਸ ਖੋਜ ਨਾਲ ਚੂਹਿਆਂ ‘ਤੇ ਸਫਲ ਪ੍ਰਯੋਗ ਕੀਤੇ ਜਾ ਚੁੱਕੇ ਹਨ। ਇਸ ਇਲਾਜ ਨਾਲ ਚੂਹਿਆਂ ਦੇ ਉੱਥੇ ਨਵੇਂ ਦੰਦ ਉੱਗੇ, ਜਿੱਥੇ ਪਹਿਲਾਂ ਕੋਈ ਦੰਦ ਨਹੀਂ ਸੀ। ਇਹਨਾਂ ਸ਼ਾਨਦਾਰ ਨਤੀਜਿਆਂ ਨੇ ਇਸ ਖੋਜ ਦਾ ਮਨੁੱਖੀ ਕਲੀਨਿਕਲ ਅਜ਼ਮਾਇਸ਼ਾਂ ਲਈ ਰਾਹ ਪੱਧਰਾ ਕਰ ਦਿੱਤਾ ਹੈ। ਆਉਣ ਵਾਲੇ ਸਮੇਂ ਵਿਚ ਇਸ ਇਲਾਜ ਦੀਆਂ ਅਜ਼ਮਾਇਸ਼ਾਂ ਦਾ ਉਦੇਸ਼ ਮਨੁੱਖਾਂ ਵਿੱਚ ਦਵਾਈ ਦੀ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਕਰਨਾ ਹੋਵੇਗਾ।
ਆਮ ਲੋਕਾਂ ਤੱਕ ਕਦੋਂ ਪਹੁੰਚੇਗੀ ਨਵੇਂ ਦੰਦ ਉੱਘਾਉਣ ਦੀ ਤਕਨੀਕ
ਇਸ ਖੋਜ ਵਿਚ ਦੰਦਾਂ ਦੀ ਦੇਖਭਾਲ ਅਤੇ ਪੁਨਰ ਸੁਰਜੀਤ ਲਿਆਉਣ ਦੀ ਕ੍ਰਾਂਤੀਕਾਰੀ ਸੰਭਾਵਨਾ ਹੈ। ਖੋਜਕਰਤਾਵਾਂ ਦੇ ਅਨੁਸਾਰ, ਇਹ ਥੈਰੇਪੀ 2030 ਤੱਕ ਜਨਤਕ ਵਰਤੋਂ ਲਈ ਤਿਆਰ ਹੋ ਸਕਦੀ ਹੈ। ਇਹ ਇਸ ਗੱਲ ਉਪਰ ਵੀ ਨਿਰਭਰ ਕਰੇਗਾ ਕਿ ਕਲੀਨਿਕਲ ਅਜ਼ਮਾਇਸ਼ਾਂ ਕਦੋਂ ਤੱਕ ਮੁਕੰਮਲ ਹੁੰਦੀਆਂ ਹਨ। ਸ਼ੁਰੂਆਤੀ ਅਜ਼ਮਾਇਸ਼ਾਂ 2-7 ਸਾਲ ਦੀ ਉਮਰ ਦੇ ਬੱਚਿਆਂ ‘ਤੇ ਕੇਂਦ੍ਰਿਤ ਹੋਣਗੀਆਂ ਜਿਨ੍ਹਾਂ ਦੇ ਜਮਾਂਦਰੂ ਐਨੋਡੋਨਟੀਆ ਜਾਂ ਜਿਨ੍ਹਾਂ ਦੇ ਦੰਦ ਸੜਨ ਜਾਂ ਸੱਟ ਕਾਰਨ ਗੁਆਚ ਗਏ ਹਨ। ਇਸ ਤੋਂ ਬਾਅਦ ਵੱਡੀ ਉਮਰ ਦੇ ਬਾਲਗਾਂ ‘ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ । ਇਹ ਵਿਧੀ ਦੰਦਾਂ ਦੇ ਇਲਾਜ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੋਵੇਗੀ, ਜੋ ਦੰਦਾਂ ਦੇ ਨੁਕਸਾਨ ਤੋਂ ਪੀੜਤ ਵਿਅਕਤੀਆਂ ਨੂੰ ਨਵੀਂ ਉਮੀਦ ਦੇਵੇਗੀ।
ਚੁਣੌਤੀਆਂ ਅਤੇ ਭਵਿੱਖ ਦੀਆਂ ਸੰਭਾਵਨਾਵਾਂ
ਭਾਵੇਂ ਕਿ ਇਹ ਤਕਨਾਲੋਜੀ ਕਾਫੀ ਸ਼ਾਨਦਾਰ ਹੈ,ਪਰੰਤੂ ਫਿਰ ਵੀ ਪ੍ਰੀਖਣ ਕਰਨ ਲਈ ਕੁਝ ਜੋਖਮ ਹਨ, ਜਿਵੇਂ ਕਿ ਇਲਾਜ ਪ੍ਰਤੀ ਮਨੁੱਖੀ ਸਰੀਰ ਦੀ ਪ੍ਰਤੀਕ੍ਰਿਆ ਕੀ ਹੋਵੇਗੀ। ਇਸ ਦੇ ਨਾਲ ਹੀ ਦੰਦਾਂ ਦੇ ਬੇਹਿਸਾਬੇ ਵਾਧੇ ਨੂੰ ਕੰਟਰੋਲ ਕਰਨਾ ਵੀ ਸ਼ਾਮਲ ਹੋਵੇਗਾ। ਇਸ ਲਈ ਇਲਾਜਾਂ ਦੀ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਨੂੰ ਯਕੀਨੀ ਬਣਾਉਣ ਲਈ ਕਲੀਨਿਕਲ ਅਜ਼ਮਾਇਸ਼ਾਂ ਜ਼ਰੂਰੀ ਹਨ।

