PUNJABI AKHAAN KOSH/ਪੰਜਾਬੀ ਅਖਾਣ ਕੋਸ਼ ਭਾਗ-4
PUNJABI AKHAAN KOSH : ਇਸ ਭਾਗ ਵਿਚ ਤੁਸੀਂ ‘ਟ’ ਅੱਖਰ ਤੋਂ ਲੈ ਕੇ ‘ਢ’ ਅੱਖਰ ਤੱਕ ਪੰਜਾਬੀ ਦੇ ਅਨੇਕਾਂ ਅਖਾਣ ਪੜ੍ਹ ਸਕੋਗੇ, ਜੋ ਬੜੇ ਹੀ ਵਿਲੱਖਣ ਹਨ ਅਤੇ ਮੌਜੂਦਾ ਸਮੇਂ ਅਤੇ ਸੰਦਰਭ ਅਨੁਸਾਰ ਬਹੁਤ ਢੁਕਵੇਂ ਹਨ ਅਤੇ ਸੋਧ ਕੇ ਲਿਖੇ ਗਏ ਹਨ।
BEST AND BIGGEST COLLECTIONS OF PUNJABI-AKHAAN BY JASBIR WATTAWALI
‘ਟ’ ਤੋਂ ਲੈ ਕੇ ‘ਢ’ ਤੱਕ ਅਖਾਣ
- ਟਾਟ ਦੀ ਜੁੱਲੀ, ਤੇ ਬਖੀਏ ਰੇਸ਼ਮ ਦੇ।
ਜਦੋਂ ਕਿਸੇ ਵਿਅਕਤੀ ਕੋਲ ਮਮੂਲੀ ਅਤੇ ਨਕਾਰੀ ਚੀਜ਼ ਹੋਵੇ ਅਤੇ ਉਸ ਉੱਤੇ ਕੀਮਤੀ ਸ਼ਿੰਗਾਰ ਕੀਤਾ ਗਿਆ ਹੋਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। ਅਖਾਣ ਦੇ ਅੱਖਰੀ ਅਰਥਾਂ ਅਨੁਸਾਰ ਬੋਰੀ ਦੀ ਬਣੀ ਹੋਈ ਜੁੱਲੀ ਨੂੰ ਰੇਸ਼ਮ ਦੇ ਧਾਗਿਆਂ ਦੀ ਕਢਾਈ ਕਰਕੇ ਸ਼ਿਗਾਰਿਆ ਹੋਇਆ ਹੈ। - ਟਕੇ ਸੈਹਾ ਮਹਿੰਗਾ, ਤੇ ਰੁਪਏ ਸੈਹਾ ਸਸਤਾ।
ਵਪਾਰ ਅਤੇ ਸੌਦੇ ਦੌਰਾਨ, ਜਦੋਂ ਕੋਈ ਵਿਅਕਤੀ ਸਸਤੀ ਚੀਜ਼ ਨੂੰ ਮਹਿੰਗੇ ਭਾ ਖਰੀਦਣ ਦੀ ਗੱਲ ਕਰ ਰਿਹਾ ਹੋਵੇ ਅਤੇ ਮਹਿੰਗੀ ਚੀਜ਼ ਨੂੰ ਸਸਤੇ ਭਾਅ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। - ਟਟੂਆ ਖਾਏ ਬਟੂਆ, ਫਿਰ ਵੀ ਟਟੂਏ ਦਾ ਟਟੂਆ।
ਜਦੋਂ ਕੋਈ ਮਾੜਾ ਅਤੇ ਨਕਾਰਾ ਸਾਧਨ, ਜਾਂ ਵਿਅਕਤੀ ਨੂੰ ਪੱਲਿਓਂ ਪੈਂਦਾ ਹੋਵੇ ਅਤੇ ਉਸ ਉੱਤੇ ਵੱਧ ਖਰਚਾ ਹੁੰਦਾ ਹੋਵੇ ਤਾਂ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। - ਟੱਪਾ ਜ਼ਮੀਨ ਨਹੀਂ, ਤੇ ਨਾਂ ਜ਼ਮੀਂਦਾਰ।
ਜਦੋਂ ਕੋਈ ਮਾਮੂਲੀ ਵਿਅਕਤੀ ਵੱਡੇ ਹੋਣ ਦਾ ਦਿਖਾਵਾ ਕਰੇ ਜਾਂ ਜਦੋਂ ਕੋਈ ਵਿਅਕਤੀ ਜ਼ਮੀਨ ਅਤੇ ਜਾਇਦਾਦ ਦਾ ਮਾਲਕ ਤਾਂ ਨਾ ਹੋਵੇ ਪਰ ਆਪਣੇ ਨਾਂ ਨਾਲ ਜ਼ਿਮੀਂਦਾਰ ਲਗਾ ਕੇ ਰੱਖੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। - ਟੱਬਰ ਭੁੱਖਾ ਮਰੇ, ਤੇ ਫੂਲਾ ਸੈਰਾਂ ਕਰੇ।
ਜਦੋਂ ਪਰਿਵਾਰ ਜਾਂ ਧੜਾ ਬਦਹਾਲੀ ਦੇ ਦਿਨ ਹੰਢਾ ਰਿਹਾ ਹੋਵੇ ਪਰ ਧੜੇ ਜਾਂ ਪਰਿਵਾਰ ਦਾ ਮੁਖੀ ਖੁੱਲਾ ਖਰਚਾ ਕਰਕੇ ਘੁੰਮ ਫਿਰ ਰਿਹਾ ਹੋਵੇ ਤਾਂ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। - ਟਾਹਲੀ ਦੇ ਤਿੰਨ ਪੱਤੇ, ਤੇ ਸਹੇ ਦੀਆਂ ਤਿੰਨ ਟੰਙਾਂ।
ਜਦੋਂ ਕੋਈ ਵਿਅਕਤੀ ਬਿਨਾਂ ਵਜਾ ਕਿਸੇ ਗੱਲ ਉੱਤੇ ਅੜੇ ਜਾਂ ਗਰਾਰੀ ਫਸਾ ਕੇ ਬੈਠ ਜਾਵੇ ਤਾਂ ਉਸ ਉੱਤੇ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। ਇਸ ਅਖਾਣ ਪਿੱਛੇ ਇਕ ਲੋਕ ਕਹਾਣੀ ਵੀ ਹੈ ਕਿ ਰਾਜੇ ਦੇ ਰਸੋਈਏ ਨੇ ਸਹੇ ਦਾ ਮਾਸ ਬਣਾਉਂਦੇ ਸਮੇਂ ਉਸ ਦੀ ਇਕ ਲੱਤ ਸਵਾਦ-ਸਵਾਦ ਵਿੱਚ ਖਾ ਲਈ ਅਤੇ ਸਜ਼ਾ ਤੋਂ ਬਚਣ ਦੇ ਮਾਰੇ ਨੇ ਉਸਨੇ ਸਾਬਤ ਕਰ ਦਿੱਤਾ ਕਿ ਸਹੇ ਦੀਆਂ ਤਿੰਨ ਹੀ ਲੱਤਾਂ ਸਨ। - ਟਾਕੀ ਕੱਪੜੇ ਦੀ ਸਿਰ ‘ਤੇ, ਤੇ ਨਾਂ ਸਰਵਰਾਜ ਖਾਨ।
ਜਦੋਂ ਕੋਈ ਵਿਅਕਤੀ ਅਸਲੀਅਤ ਵਿੱਚ ਬਦਹਾਲੀ ਹੰਡਾ ਰਿਹਾ ਹੋਵੇ ਪਰ ਵਿਖਾਵਾ ਵੱਡਾ ਕਰ ਰਿਹਾ ਹੋਵੇ ਜਾਂ ਆਪਣਾ ਨਾਂ ਵੱਡਾ ਸਦਵਾ ਰਿਹਾ ਹੋਵੇ ਤਾਂ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। - ਟਿੱਕੇ ਵਾਲਾ ਬਾਣੀਆ, ਕੱਛ ਵਾਲਾ ਜੱਟ, ਕੁੰਡੇ ਵਾਲਾ ਪਨੇਸਰਾ, ਤਿੰਨੇ ਪਿੰਡ ਦਾ ਪੱਟ।
ਇਹ ਅਖਾਣ ਉਹਨਾਂ ਲੋਕਾਂ ਤੇ ਵਿਅੰਗ ਕੱਸਣ ਵਜੋਂ ਬੋਲਿਆ ਜਾਂਦਾ ਹੈ, ਜੋ ਧਰਮ ਦੇ ਨਾਂ ਹੇਠ ਭੇਖੀ ਬਣ ਕੇ ਦੁਨੀਆ ਦਾ ਨੁਕਸਾਨ ਕਰਦੇ ਹਨ, ਉੰਝ ਉਹਨਾਂ ਦਾ ਧਰਮ ਨਾਲ ਦੂਰ ਤੱਕ ਕੋਈ ਵਾਹ ਵਾਸਤਾ ਨਹੀਂ ਹੁੰਦਾ। ਅਖਾਣ ਦੇ ਅੱਖਰੀ ਅਰਥਾਂ ਅਨੁਸਾਰ ਮੱਥੇ ਤੇ ਟਿੱਕਾ ਲਾ ਕੇ ਬਾਣੀਆ ਜਦੋਂ ਧਰਮੀ ਹੋਣ ਦਾ ਭੇਖ ਧਾਰਨ ਕਰਦਾ ਹੈ ਤਾਂ ਲੋਕਾਂ ਨੂੰ ਲੁੱਟਦਾ ਹੈ। ਇਸੇ ਤਰ੍ਹਾਂ ਕਛਹਿਰਾ ਪਾ ਕੇ ਜੱਟ ਜਦੋਂ ਭੇਖੀ ਸਿੰਘ ਬਣਦਾ ਹੈ ਤਾਂ ਉਹ ਵੀ ਸਮਾਜ ਦਾ ਨੁਕਸਾਨ ਕਰਦਾ ਹੈ ਅਤੇ ਕੁੰਡੇਦਾਰ ਜਨੇਊ ਪਾ ਕੇ ਤਰਖਾਣ ਜਦੋਂ ਭੇਖ ਧਾਰਨ ਕਰਦਾ ਹੈ ਤਾਂ ਉਹ ਵੀ ਲੋਕਾਂ ਨੂੰ ਧਰਮ ਦੇ ਨਾਂ ਤੇ ਗੁੰਮਰਾਹ ਕਰਦਾ ਹੈ। - ਟਿੰਡ ਦਾਣੇ, ਘਰਾਟੀਂ ਮੀਆਂ।
ਜਦੋਂ ਕੋਈ ਵਿਅਕਤੀ ਥੋੜੇ ਕੰਮ ਲਈ ਵੱਡਾ ਤਾਮਜਾਮ ਕਰੇ ਤਾਂ ਉਸ ਉੱਤੇ ਵਿਅੰਗ ਕਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ ਅਖਾਣ ਦੇ ਅੱਖਰੀ ਅਰਥਾਂ ਅਨੁਸਾਰ ਮੀਆਂ ਜੀ ਕੋਲ ਥੋੜੇ ਜਿਹੇ ਦਾਣੇ ਹਨ ਪਰ ਦਾਣਿਆਂ ਨੂੰ ਪਿਸਾਉਣ ਲਈ ਉਹ ਘਰਾਟਾਂ ਤੇ ਤੁਰੇ ਫਿਰਦੇ ਹਨ। ਘਰਾਟ ਪੁਰਾਣੇ ਸਮੇਂ ਵਿੱਚ ਪਾਣੀ ਉੱਤੇ ਲੱਗੀਆਂ ਹੋਈਆਂ ਵੱਡੀਆਂ ਚੱਕੀਆਂ ਹੁੰਦੀਆਂ ਸਨ, ਜਿਨਾਂ ਨਾਲ ਦਾਣੇ ਪੀਸੇ ਜਾਂਦੇ ਸਨ। - ਟਿੰਡਾਂ ਦਾ ਕੀ ਹੈ, ਕਦੇ ਭਰੀਆਂ ਤੇ ਘਰੇ ਖਾਲੀ।
ਜਦੋਂ ਦੱਸਣਾ ਹੋਵੇ ਕਿ ਵਕਤ ਹਮੇਸ਼ਾ ਇਕੋ ਜਿਹਾ ਨਹੀਂ ਰਹਿੰਦਾ, ਕਦੇ ਮਨੁੱਖ ਦਾ ਚੰਗਾ ਸਮਾਂ ਹੁੰਦਾ ਹੈ ਅਤੇ ਕਦੇ ਮਾੜਾ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਅਖਾਣ ਦੇ ਅਖਰੀ ਅਰਥਾਂ ਅਨੁਸਾਰ ਖੂਹ ਵਿੱਚ ਗਿੜਦੀਆਂ ਪਾਣੀ ਦੀਆਂ ਟਿੰਡਾਂ ਕਦੇ ਭਰੀਆਂ ਹੁੰਦੀਆਂ ਹਨ ਅਤੇ ਕਦੇ ਖਾਲੀ । ਇਹ ਸਾਰਾ ਵਕਤ ਅਤੇ ਗੇੜ ਦਾ ਹਿਸਾਬ ਕਿਤਾਬ ਹੁੰਦਾ ਹੈ। - ਟਿੱਡੀ ਟੱਪੇਗੀ, ਤਾਂ ਪਹਾੜ ਤਾਂ ਨਾ ਢਾਹ ਦੇਵੇਗੀ।
ਜਦੋਂ ਕੋਈ ਮਮੂਲੀ ਔਕਾਤ ਦਾ ਬੰਦਾ ਕਿਸੇ ਵੱਡੀ ਤਾਕਤ ਨੂੰ ਵੰਗਾਰਨ ਦੀ ਗੱਲ ਕਰੇ ਤਾਂ ਉਸ ਉੱਤੇ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। - ਟਿੱਡੀਆਂ ਨੂੰ ਜੁਕਾਮ ਹੋ ਗਿਆ।
ਜਦੋਂ ਕੋਈ ਮਾਮੂਲੀ ਔਕਾਤ ਦਾ ਬੰਦਾ ਜਿਆਦਾ ਹਵਾ ਕਰਨ ਲੱਗ ਜਾਵੇ ਤਾਂ ਉਸ ਉੱਤੇ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। - ਟਿੱਡੀਆਂ ਨੂੰ ਮੰਮੇ ਲੱਗ ਗਏ। ਉਹੀ ਅਰਥ।
- ਟਿੱਡੀਆਂ ਵੀ ਗੀਤ ਗਾਉਣ ਲੱਗ ਪਈਆਂ। ਉਹੀ ਅਰਥ।
- ਟਿੱਡੀਆਂ ਵੀ ਮੱਕੇ ਚੱਲੀਆਂ। ਉਹੀ ਅਰਥ।
- ਟੁੱਕ ਦਿੱਤਾ ਮੰਦਾ, ਤੇ ਮੱਤ ਦਿੱਤੀ ਚੰਗੀ।
ਇਸ ਅਖਾਣ ਵਿੱਚੋਂ ਡੂੰਘੀ ਫਿਲਾਸਫੀ ਦਾ ਪ੍ਰਗਟਾਵਾ ਮਿਲਦਾ ਹੈ। ਇਸ ਅਖਾਣ ਦੇ ਭਾਵ ਅਰਥਾਂ ਅਨੁਸਾਰ ਕਿਸੇ ਮਨੁੱਖ ਨੂੰ ਰੋਟੀ ਦਾਨ ਕਰਕੇ ਉਸਨੂੰ ਮੰਗਤਾ ਬਣਨ ਦੀ ਆਦਤ ਪਾਉਣਾ ਮਾੜੀ ਗੱਲ ਹੈ, ਇਸ ਦੇ ਉਲਟ ਉਸ ਨੂੰ ਰੋਟੀ ਕਮਾਉਣ ਦੇ ਕਾਬਲ ਕਰ ਦੇਣਾ ਸੀ ਚੰਗੀ ਗੱਲ ਹੈ ਅਤੇ ਅਸਲੀ ਸੇਵਾ ਹੁੰਦੀ ਹੈ। - ਟੁੱਕਰ ਖਾਧੇ ਢਿੱਡ ਵਲਾਏ, ਲੀੜੇ ਪਾਟੇ ਘਰ ਨੂੰ ਆਏ।
ਜਦੋਂ ਕੋਈ ਵਿਅਕਤੀ ਬਾਹਰੋਂ ਫਿਰ ਤੁਰ ਕੇ ਅਤੇ ਨੁਕਸਾਨ ਕਰਕੇ ਫਿਰ ਘਰ ਮੁੜ ਆਵੇ ਤਾਂ ਉਸ ਉੱਤੇ ਵਿਅੰਗ ਕੱਸਣ ਕਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। - ਟੁੱਟ- ਫੁੱਟੇ ਨਾ ਮਿਲਣ, ਕੁੱਲ ਕੰਚਨ ਕੀ ਰੀਤ।
ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਦੋਂ ਕਿਸੇ ਖਾਸ ਵਿਅਕਤੀ ਨਾਲੋਂ ਸਬੰਧ ਟੁੱਟ ਜਾਂਦਾ ਹੈ ਤਾਂ ਉਹ ਸਬੰਧ ਦੁਬਾਰਾ ਨਹੀਂ ਜੁੜਦਾ, ਉਵੇਂ ਹੀ ਜਿਵੇਂ ਸ਼ੀਸ਼ਾ ਟੁੱਟਿਆ ਦੁਬਾਰਾ ਨਹੀਂ ਜੁੜਦਾ। - ਟੁੱਟੀ ਟਾਹਣੀ ਨੂੰ, ਕੋਈ ਨਹੀਂ ਪੁੱਛਦਾ।
ਇਸ ਅਖਾਣ ਦੇ ਭਾਵ ਅਰਥ ਅਨੁਸਾਰ ਮਨੁੱਖ ਦੀ ਵੁਕਤ ਉਸਦੇ ਭਾਈਚਾਰੇ ਨਾਲ ਹੀ ਹੁੰਦੀ ਹੈ। ਭਾਈਚਾਰੇ ਤੋਂ ਟੁੱਟ ਕੇ ਮਨੁੱਖ ਰੁੱਖ ਦੀ ਟੁੱਟੀ ਟਾਹਣੀ ਦੇ ਵਾਂਗ ਹੁੰਦਾ ਹੈ, ਜੋ ਅੰਤ ਨੂੰ ਸੁਂਕ ਜਾਂਦੀ ਹੈ। - ਟੁੱਟੀਆਂ ਨੂੰ ਕੌਣ ਗੰਢੇ।
ਜਦੋਂ ਦੱਸਣਾ ਹੋਵੇ ਕਿ ਵਿਛੜਿਆ ਹੋਇਆਂ ਨੂੰ ਕੋਈ ਕੋਈ ਹੀ ਮੇਲ ਸਕਦਾ ਹੈ ਜਾਂ ਪਰਮਾਤਮਾ ਹੀ ਵਿਛੜੇ ਹੋਇਆਂ ਦਾ ਮਿਲਾਪ ਕਰਵਾ ਸਕਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। - ਟੂਟੀ ਗਾਂਢਣਹਾਰ ਗੋਪਾਲ। ਉਹੀ ਅਰਥ।
- ਟੁੱਟੀਆਂ ਰਾਸ ਨਾ ਆਉਂਦੀਆਂ, ਤੇ ਗੰਢ–ਗੰਢਾਲਾਂ ਹੋਣ।
ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਦੋਂ ਕਿਸੇ ਖਾਸ ਵਿਅਕਤੀ ਨਾਲੋਂ ਸਬੰਧ ਟੁੱਟ ਜਾਂਦੇ ਹਨ ਤਾਂ ਉਹ ਜੁੜਨੇ ਸੌਖੇ ਨਹੀਂ ਹੁੰਦੇ ਜੇਕਰ ਉਹ ਜੁੜ ਵੀ ਜਾਣ ਤਾਂ ਪਹਿਲਾਂ ਵਾਲੀ ਗੱਲ ਨਹੀਂ ਬਣਦੀ। - ਟੁੰਡੀ ਬਾਂਹ, ਤੇ ਚੂੜੀਆਂ ਦੀ ਚਾਹ।
ਜਦੋਂ ਕੋਈ ਵਿਅਕਤੀ ਆਪਣੀ ਸਮਰੱਥਾ ਅਤੇ ਔਕਾਤ ਤੋਂ ਵੱਧ ਕੇ ਟਸ਼ਨ ਕਰੇ ਜਾਂ ਇੱਛਾ ਰੱਖੇ ਤਾਂ ਉਸ ਉੱਤੇ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। - ਟੁਣੀਆਂ ਘੱਲਿਆ ਪੱਤਾ ਨੂੰ, ਨਾ ਪੱਤ ਮੁੜੇ ਨਾ ਟੁਣੀਆਂ।
ਜਦੋਂ ਕਿਸੇ ਨਕਾਰਾ ਵਿਅਕਤੀ ਨੂੰ ਕਿਸੇ ਕੰਮ ਭੇਜਿਆ ਹੋਵੇ ਅਤੇ ਉਹ ਨਾ ਹੀ ਆਪ ਵਾਪਸ ਮੁੜੇ ਅਤੇ ਨਾ ਹੀ ਕੰਮ ਹੋਣ ਦੀ ਕੋਈ ਖਬਰ ਮਿਲੇ ਤਾਂ ਉਸ ਉੱਤੇ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।‘ਠ’ ਅੱਖਰ ਵਾਲੇ ਆਖਾਣ
ਠ ਅੱਖਰ ਵਾਲੇ ਅਖਾਣ
- ਠੱਕੇ ਦੀ ਮਾਰੀ ਬੱਕਰੀ ਖੜੋਤੀ, ਕਹਿੰਦੇ ਧਾਰ ਕੱਢ ਲਓ।
ਜਦੋਂ ਕੋਈ ਵਿਅਕਤੀ ਪਹਿਲਾਂ ਹੀ ਮੁਸੀਬਤ ਦਾ ਮਾਰਿਆ ਹੋਇਆ ਹੋਵੇ ਅਤੇ ਉਸ ਦੇ ਸਾਥੀ ਉਸ ਦਾ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੇ ਹੋਣ ਜਾਂ ਉਸ ਨੂੰ ਵਰਤਣ ਦੀ ਕੋਸ਼ਿਸ਼ ਕਰਨ ਤਾਂ ਉਹਨਾਂ ਉੱਤੇ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। - ਠੱਗ ਨਾਲ ਠੱਗ ਰਲਿਆ, ਤੇ ਤੀਜਾ ਘਰ ਵੀ ਗਲਿਆ।
ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਦੋਂ ਦੋ ਠੱਗ ਇਕੱਠੇ ਹੋ ਜਾਂਦੇ ਹਨ ਤਾਂ ਤੀਜੇ ਵਿਅਕਤੀ ਦਾ ਨੁਕਸਾਨ ਹੋਣਾ ਸੁਭਾਵਿਕ ਹੁੰਦਾ ਹੈ। - ਠਠਿਆਰ ਦੀ ਗਾਗਰ, ਚੋਂਦੀ ਰਹੇ।
ਇਹ ਅਖਾਣ ਉਹਨਾਂ ਪੇਸ਼ੇਵਰ ਵਿਅਕਤੀਆਂ ਉੱਤੇ ਵਿਅੰਗ ਕੱਸਣ ਵਜੋਂ ਬੋਲਿਆ ਜਾਂਦਾ ਹੈ ਜਿਹੜੇ ਲੋਕਾਂ ਨੂੰ ਤਾਂ ਵਧੀਆ ਸਮਾਨ, ਹਥਿਆਰ ਜਾਂ ਔਜਾਰ ਬਣਾ ਕੇ ਦੇ ਰਹੇ ਹੋਣ ਪਰ ਆਪਣੇ ਕੋਲ ਟੁੱਟਾ-ਭੱਜਾ ਸਮਾਨ, ਹਥਿਆਰ ਜਾਂ ਔਜਾਰ ਹੋਵੇ। ਅਖਾਣ ਦੇ ਭਾਵ ਅਰਥ ਅਨੁਸਾਰ ਪੇਸ਼ੇਵਰ ਵਿਅਕਤੀਆਂ ਕੋਲ ਅਕਸਰ ਖੁਦ ਕੋਲ ਵਧੀਆ ਸਮਾਨ ਨਹੀਂ ਹੁੰਦਾ। - ਠੂਹ ਮਾਸੀ ਸਲਾਮ।
ਜਦੋਂ ਕੋਈ ਵਿਅਕਤੀ ਬਿਨ-ਬੁਲਾਏ ਹਰ ਵੇਲੇ ਕਿਸੇ ਦੇ ਘਰ ਵੜਿਆ ਰਹੇ ਤਾਂ ਉਸ ਉੱਤੇ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। - ਠੂੰਹੇ ਦਾ ਡੰਗਿਆ ਭਵੇਂ, ਤੇ ਸੱਪ ਦਾ ਡੰਗਿਆ ਸਵੇਂ।
ਇਹ ਅਖਾਣ ਠੂੰਹੈਂ ਅਤੇ ਸੱਪ ਦੇ ਡੰਗ ਤੋਂ ਬਾਅਦ ਮਨੁੱਖ ਦੀ ਹਾਲਤ ਨੂੰ ਬਿਆਨ ਕਰਨ ਵਜੋਂ ਬੋਲਿਆ ਜਾਂਦਾ ਹੈ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਠੂੰਹੇਂ ਦੇ ਡੰਗ ਨਾਲ ਆਦਮੀ ਤੜਫਦਾ ਹੈ ਅਤੇ ਸੱਪ ਦੇ ਡੰਗ ਤੋਂ ਬਾਅਦ ਆਦਮੀ ਨੂੰ ਅਕਸਰ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ। - ਠੂਠਾ ਭੱਜਾ, ਛੰਨਾ ਮਿਲਿਆ।
ਜਦੋਂ ਕਿਸੇ ਵਿਅਕਤੀ ਨੂੰ ਪੁਰਾਣੇ ਅਤੇ ਭੈੜੇ ਰਿਸ਼ਤੇ ਤੋਂ ਛੁਟਕਾਰਾ ਮਿਲ ਜਾਵੇ ਅਤੇ ਨਵਾਂ ਰਿਸ਼ਤਾ ਚੰਗਾ ਲੱਭ ਜਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। - ਠੂਠਾ ਭੱਜਿਆ, ਘੜਾ ਤਾਂ ਨਹੀਂ ਟੁੱਟਿਆ।
ਜਦੋਂ ਮਾਮੂਲੀ ਨੁਕਸਾਨ ਹੋਣ ਤੋਂ ਬਾਅਦ ਕਿਸੇ ਨੂੰ ਧਰਵਾਸ ਦੇਣੀ ਹੋਵੇ ਅਤੇ ਦੱਸਣਾ ਹੋਵੇ ਕਿ ਸਭ ਕੁਝ ਨਹੀਂ ਗਵਾਚਾ ਬਲਕਿ ਮਾਮੂਲੀ ਨੁਕਸਾਨ ਹੋਇਆ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। - ਠੂਠਾ ਹਰ ਮੂਹਰੇ ਰੱਖਣਾ।
ਜਦੋਂ ਇਹ ਦੱਸਣਾ ਹੋਵੇ ਕਿ ਮਨੁੱਖ ਦਾ ਦਾਤਾ ਪਰਮਾਤਮਾ ਹੈ ਅਤੇ ਉਸ ਮੂਹਰੇ ਹੀ ਆਪਣੀ ਝੋਲੀ ਅੱਡਣੀ ਚਾਹੀਦੀ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
- ਠੂਠਾ ਫੜ੍ਹਨਾ ਤੇ ਘਰੇ ਨਾ ਵੜਨਾ।
ਜਦੋਂ ਕੋਈ ਵਿਅਕਤੀ ਦਰ-ਦਰ ਤੇ ਜਾ ਕੇ ਖਾਣਾ ਹੀ ਸ਼ੁਰੂ ਕਰ ਦੇਵੇ ਅਤੇ ਮਿਹਨਤ ਕਰਕੇ ਘਰ ਨਾ ਚਲਾਵੇ ਤਾਂ ਉਸ ਉੱਤੇ ਵਿਅਕਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
‘ਡ’ ਅੱਖਰ ਵਾਲੇ ਅਖਾਣ
- ਡੰਡਾ ਪੀਰ ਹੈ, ਵਿਗੜਿਆਂ-ਤਿਗੜਿਆਂ ਦਾ।
ਜਦੋਂ ਦੱਸਣਾ ਹੋਵੇ ਕਿ ਵਿਗੜੇ ਹੋਏ ਲੋਕ ਸਖਤੀ ਅਤੇ ਡੰਡੇ ਨਾਲ ਹੀ ਸੂਤ ਆਉਂਦੇ ਹਨ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। - ਡੱਡਾਂ ਵੀ ਸੁਰਗ ਨੂੰ ਚੱਲੀਆਂ।
ਜਦੋਂ ਕੋਈ ਨਕਾਰਾ ਵਿਅਕਤੀ ਵੱਡੇ ਟਸ਼ਨ ਜਾਂ ਫੈਸ਼ਨ ਕਰਨ ਲੱਗ ਜਾਵੇ ਤਾਂ ਉਸ ਉੱਤੇ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। - ਡੱਡੂ ਢੱਗੀ, ਅਖੇ ਦਰਿਆ ਵੱਗ ਛੇੜ।
ਜਦੋਂ ਕੋਈ ਮਾਮੂਲੀ ਵਿਅਕਤੀ ਵੱਡੀ ਤਾਕਤ ਨੂੰ ਵੰਗਾਰੇ ਤਾਂ ਉਸ ਉੱਤੇ ਵਿਅੰਗ ਕਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। ਅਖਾਣ ਦੇ ਅੱਖਰੀ ਅਰਥਾਂ ਅਨੁਸਾਰ ਜੇ ਡੱਡੂਆਂ ਦਾ ਗਰੁੱਪ ਦਰਿਆ ਨੂੰ ਵੰਗਾਰਨ ਲੱਗ ਜਾਵੇ ਤਾਂ ਉਹ ਦਰਿਆ ਦਾ ਕੀ ਵਿਗਾੜ ਸਕਦੇ ਹਨ। - ਡੱਡੂਆਂ ਦੀ ਪਸੇਰੀ, ਕਦੇ ਇਕ, ਕਦੇ ਢੇਰੀ।
ਜਦੋਂ ਵਿਗੜੇ ਹੋਏ ਅਤੇ ਕੁਣਬੇ ਨੂੰ ਇਕੱਠਾ ਕਰਨਾ ਹੋਵੇ ਤਾਂ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। ਅਖਾਣ ਦੇ ਅੱਖਰੀ ਅਰਥਾਂ ਅਨੁਸਾਰ ਵਿਗੜਿਆ ਹੋਇਆ ਕੁਣਬਾ ਇਕੱਠਾ ਕਰਨਾ ਔਖਾ ਹੁੰਦਾ ਹੈ ਕਿਉਂਕਿ ਜੇਕਰ ਇੱਕ ਨੂੰ ਮਨਾਓ ਤਾਂ ਦੂਜਾ ਰੁਸ ਜਾਂਦਾ ਹੈ ਦੂਜੇ ਨੂੰ ਮਨਾਵੋ ਤਾਂ ਤੀਜਾ ਰੁਸ ਜਾਂਦਾ ਹੈ। - ਡੱਡੂਆਂ ਨੂੰ ਵੀ ਜਕਾਮ ਹੋ ਗਿਆ।
ਜਦੋਂ ਕੋਈ ਮਾਮੂਲੀ ਔਕਾਤ ਦਾ ਬੰਦਾ ਵੱਡੇ ਖੇਖਣ ਕਰਨ ਲੱਗ ਪਵੇ ਤਾਂ ਉਸ ਉੱਤੇ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। - ਡੱਬ–ਖੜੱਬੀ ਮਹਿੰ, ਭੇਡ ਭੂਸਲੀ, ਦਾਹੜੀ ਵਾਲੀ ਰੰਨ, ਤਿੰਨੇ ਵੰਨ ਕਵੰਨ।
ਜਦੋਂ ਕਿਸੇ ਦੀ ਸ਼ਕਲ ਅਤੇ ਨਸਲ ਦੇ ਹਿਸਾਬ ਨਾਲ ਉਸ ਦਾ ਸੁਭਾਅ ਅਤੇ ਔਗੁਣ ਦੱਸਣੇ ਹੋਣ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਇਹ ਅਖਾਣ ਅਕਸਰ ਦਾੜ੍ਹੀ ਵਾਲੀਆਂ ਔਰਤਾਂ ਨੂੰ ਨਹੋਰਾ ਮਾਰਨ ਵਜੋਂ ਬੋਲਿਆ ਜਾਂਦਾ ਹੈ। - ਡਰ ਸੋਟੇ ਦਾ, ਬਾਂਦਰ ਨੱਚੇ।
ਜਦੋਂ ਦੱਸਣਾ ਹੋਵੇ ਕਿ ਕੰਮ ਤਾਂ ਡਰ ਕਰਕੇ ਹੀ ਹੋ ਰਿਹਾ ਹੈ, ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। - ਡਰਦੀ, ਹਰਿ–ਹਰਿ ਕਰਦੀ।
ਇਸ ਅਖਾਣ ਦੇ ਭਾਵ ਅਰਥ ਅਨੁਸਾਰ ਵੀ ਡਰ ਬਹੁਤ ਵੱਡੀ ਤਾਕਤ ਹੈ ਅਤੇ ਉਸ ਸਾਹਮਣੇ ਹਰ ਕੋਈ ਝੁਕਦਾ ਹੈ। - ਡਾਢਾ ਮਾਰੇ, ਰੋਣ ਨਾ ਦੇਵੇ।
ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜੋਰਾਵਰ ਮਨੁੱਖ ਤਸ਼ੱਦਦ ਵੀ ਢਾਹੁੰਦਾ ਹੈ ਅਤੇ ਸਾਹਮਣੇ ਵਾਲੇ ਨੂੰ ਸਿਰ ਚੁੱਕਣ ਦੀ ਆਜ਼ਾਦੀ ਵੀ ਨਹੀਂ ਦਿੰਦਾ। ਇਸ ਅਖਾਣ ਨੂੰ ਪਰਮਾਤਮਾ ਦੀ ਮਾਰ ਅਤੇ ਭਾਣੇ ਨਾਲ ਵੀ ਜੋੜ ਕੇ ਦੇਖਿਆ ਜਾਂਦਾ ਹੈ। - ਡਾਢਾ ਮਾਰੇ, ਮਾੜਾ ਗਾਲਾਂ ਕੱਢੇ।
ਜਦੋਂ ਦੱਸਣਾ ਹੋਵੇ ਕਿ ਜੋਰਾਵਰ ਦੇ ਸਾਹਮਣੇ ਕਮਜ਼ੋਰ ਮਨੁੱਖ ਸਿਰਫ ਗਾਲਾਂ ਹੀ ਕੱਢ ਸਕਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਇਹ ਅਖਾਣ ਜੋਰਾਵਰ ਵਿਅਕਤੀ ਦੀ ਮਾਰ ਦੇ ਸਾਹਮਣੇ ਹੀਣੇ ਵਿਅਕਤੀ ਦੇ ਦੁਰਵਿਹਾਰ ਨੂੰ ਜਾਇਜ਼ ਠਹਿਰਾਉਣ ਲਈ ਬੋਲਿਆ ਜਾਂਦਾ ਹੈ। - ਡਾਢੇ ਅੱਖਾਂ ਫੇਰੀਆਂ, ਵੈਰੀ ਕੁੱਲ ਜਹਾਨ।
ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਦੋਂ ਮਨੁੱਖ ਦੇ ਸਿਰ ਤੋਂ ਪਰਮਾਤਮਾ ਦਾ ਹੱਥ ਉਠ ਜਾਂਦਾ ਹੈ ਤਾਂ ਸਮੁੱਚੀ ਦੁਨੀਆਂ ਉਸਦੀ ਵੈਰੀ ਬਣ ਜਾਂਦੀ ਹੈ। - ਡਾਢੇ ਅੱਗੇ ਕਾਹਦਾ ਜ਼ੋਰ।
ਜਦੋਂ ਦੱਸਣਾ ਹੋਵੇ ਕਿ ਡਾਡੇ ਰੱਬ ਸਾਹਮਣੇ ਕਿਸੇ ਦਾ ਜ਼ੋਰ ਨਹੀਂ ਚਲਦਾ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। - ਡਿੱਗ ਪਈ ਹਰਮਲ ਤੋਂ, ਮੇਰੀ ਖਬਰ ਲੈਣ ਨਾ ਆਇਆ।
ਜਦੋਂ ਕੋਈ ਵਿਅਕਤੀ ਅਣ ਹੋਈਆਂ ਗੱਲਾਂ ਬਣਾ ਕੇ ਨਰਾਜ਼ਗੀ ਜਾਹਰ ਕਰੇ ਤਾਂ ਉਸ ਉੱਤੇ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। - ਡਿੱਗਾ ਖੋਤੀ ਤੋਂ, ਗੁੱਸਾ ਘੁਮਿਆਰੀ ’ਤੇ।
ਜਦੋਂ ਕੋਈ ਵਿਅਕਤੀ ਕਿਸੇ ਹੋਰ ਦਾ ਗੁੱਸਾ ਕਿਸੇ ਹੋਰ ਉੱਤੇ ਕੱਢੇ ਤਾਂ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। - ਡਿੱਠਿਆ ਮੂੰਹਾਂ ਦਾ ਮੋਹ।
ਇਸ ਅਖਾਣ ਦੇ ਭਾਵ ਅਰਥ ਅਨੁਸਾਰ ਮਨੁੱਖ ਦਾ ਮੋਹ ਅਤੇ ਪਿਆਰ ਵੀ ਉਹਨਾਂ ਲੋਕਾਂ ਨਾਲ ਹੀ ਹੁੰਦਾ ਹੈ ਜਿਨਾਂ ਨਾਲ ਉਸ ਦਾ ਅਕਸਰ ਮੇਲ ਜੋਲ ਹੋਵੇ ਜਾਂ ਕੋਈ ਸਾਂਝ ਹੋਵੇ। - ਡੁੱਬ–ਡੁੱਬ ਮਰ ਗਈ ਖਲਕਤ ਸਾਰੀ, ਡੱਡੂਆਂ ਭਾਣੇ ਵਿਆਹ।
ਜਦੋਂ ਸਮਾਜ ਦੇ ਵੱਡੇ ਹਿੱਸੇ ਦਾ ਵੱਡਾ ਨੁਕਸਾਨ ਹੋ ਰਿਹਾ ਹੋਵੇ ਪਰ ਉਸੇ ਸਮਾਜ ਛੋਟੇ ਜਿਹੇ ਹਿੱਸੇ ਨੂੰ ਮਮੂਲੀ ਜਿਹਾ ਫਾਇਦਾ ਹੋ ਰਿਹਾ ਹੋਵੇ ਅਤੇ ਫਾਇਦਾ ਹਾਸਲ ਕਰਨ ਵਾਲੇ ਲੋਕ ਖੁਸ਼ੀਆਂ ਮਨਾਉਂਦੇ ਫਿਰਨ ਤਾਂ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। ਜਸਬੀਰ ਵਾਟਾਂਵਾਲੀਆ - ਡੁੱਬੀ ਤਾਂ ਜੇ ਸਾਹ ਨਾ ਆਇਆ।
ਜਦੋਂ ਦੱਸਣਾ ਹੋਵੇ ਕਿ ਮੁਸੀਬਤ ਦੇ ਵਿੱਚ ਹੋਸ਼-ਹਵਾਸ ਉੱਡ ਜਾਂਦੇ ਹਨ ਅਤੇ ਮਨੁੱਖ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। - ਡੂੰਮਾ ਦੇ ਘਰ ਵਿਆਹ, ਮਨ ਆਏ ਸੋਹਲੜੇ ਗਾ।
ਜਦੋਂ ਕੋਈ ਵਿਅਕਤੀ ਮਮੂਲੀ ਮੌਕਾ ਦੇਖ ਕੇ ਰੰਗ ਰਲੀਆਂ ਮਨਾਉਣੀਆਂ ਸ਼ੁਰੂ ਕਰ ਦੇਵੇ ਤਾਂ ਉਸ ਉੱਤੇ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। ਅਖਾਣ ਦੇ ਅਖਰੀ ਅਰਥਾਂ ਅਨੁਸਾਰ ਮਰਾਸੀਆਂ ਦੇ ਘਰੇ ਵਿਆਹ ਹੋਵੇ ਤਾਂ ਉਹ ਮਨ ਮਰਜ਼ੀ ਦੇ ਗੀਤ ਗਾਉਂਣੇ ਸ਼ੁਰੂ ਕਰ ਦਿੰਦੇ ਹਨ। - ਡੇਢ ਕੜਛੀ ਦਾਲ ਦੀ, ਤੇ ਡੋਈਆਂ ਦਾ ਖੜਕਾਟ।
ਜਦੋਂ ਕੋਈ ਵਿਅਕਤੀ ਛੋਟਾ-ਮੋਟਾ ਕੰਮ ਕਰਨ ਲੱਗਿਆਂ ਬਹੁਤ ਜਿਆਦਾ ਰੌਲਾ-ਰੱਪਾ ਭਾਵੇ ਜਾਂ ਦਿਖਾਵਾ ਕਰੇ ਤਾਂ ਉਸ ਉੱਤੇ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। ਅਖਾਣ ਦੇ ਅੱਖਰੀ ਅਰਥਾਂ ਅਨੁਸਾਰ ਦਾਲ ਸਿਰਫ ਡੇਢ ਕੁ ਕੱੜਛੀ ਹੈ ਪਰ ਡੋਈਆਂ ਦਾ ਖੜਕਾ ਬਹੁਤ ਜਿਆਦਾ ਹੋ ਰਿਹਾ ਹੈ। - ਡੇਢ ਕੌਡੀ ਨਿਉਂਦਰਾ, ਤੇ ਲਾਹੌਰੋਂ ਗਾਉਂਦੀ ਆਈ।
ਜਦੋਂ ਕੋਈ ਵਿਅਕਤੀ ਥੋੜਾ ਜਿਹਾ ਦੇ ਕੇ ਬਹੁਤ ਜਿਆਦਾ ਦਿਖਾਵਾ ਕਰੇ ਤਾਂ ਉਸ ਉੱਤੇ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। - ਡੈਣ ਕੁੱਛੜ ਮੁੰਡਾ, ਅੱਜ ਵੀ ਹੈਨੀ, ਤੇ ਕੱਲ੍ਹ ਵੀ ਹੈਨੀ।
ਜਦੋਂ ਕਿਸੇ ਚੀਜ਼ ਦੇ ਬਚਣ ਦੀ ਸੰਭਾਵਨਾ ਘੱਟ ਹੋਵੇ ਅਤੇ ਮਰ ਜਾਣ ਦੀ ਸੰਭਾਵਨਾ ਬਹੁਤ ਜਿਆਦਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਇਸ ਅਖਾਣ ਨੂੰ ਦਰਿਆ ਵਿੱਚ ਬੀਜੀ ਫਸਲ ਦੇ ਮਾਰੇ ਜਾਣ ਦੇ ਸਬੰਧ ਵਿੱਚ ਦਰਿਆਵਾਂ ਕੰਢੇ ਵਸਣ ਵਾਲੇ ਲੋਕ ਅਕਸਰ ਬੋਲਦੇ ਹਨ। - ਡੋਲ੍ਹ ਰੱਤ, ਤੇ ਖਾਹ ਭੱਤ, ਰੱਖ ਦੇਹ, ਖਾਹ ਖੇਹ।
ਇਹ ਅਖਾਣ ਮਨੁੱਖ ਨੂੰ ਸਖਤ ਮਿਹਨਤ ਦੀ ਤਾਕੀਦ ਕਰਨ ਵਜੋਂ ਅਤੇ ਵੇਹਲੜਪੁਣੇ ਤੋਂ ਰੋਕਣ ਦੀ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ।ਇਸ ਅਖਾਣ ਦੇ ਭਾਵ ਅਰਥ ਮਨੁੱਖ ਜਦੋਂ ਦੇਹ ਤੋੜ ਕੇ ਮਿਹਨਤ ਕਰਦਾ ਹੈ ਤਾਂ ਉਸ ਉਸ ਨੂੰ ਉਸ ਦਾ ਚੰਗਾ ਫਲ ਮਿਲਦਾ ਹੈ ਅਤੇ ਜਦੋਂ ਮਨੁੱਖ ਦੇਹ ਨੂੰ ਸੌਖਾ ਰੱਖਣ ਖਾਤਰ ਮਿਹਨਤ ਨਹੀਂ ਕਰਦਾ ਤਾਂ ਉਸ ਨੂੰ ਖੱਜਲ ਹੋਣਾ ਪੈਂਦਾ ਹੈ।
‘ਢ’ ਅੱਖਰ ਵਾਲੇ ਅਖਾਣ
- ਢਕੀ ਰਿੱਝੇ, ਤੇ ਕੋਈ ਨਾ ਬੁੱਝੇ।
ਇਸ ਅਖਾਣ ਦੇ ਭਾਵ ਅਰਥ ਅਨੁਸਾਰ ਘਰ ਦਾ ਜਾਂ ਜਰੂਰੀ ਚੀਜ਼ਾਂ ਦਾ ਭੇਤ ਬਾਹਰ ਨਹੀਂ ਜਾਣਾ ਚਾਹੀਦਾ ਇਸੇ ਵਿੱਚ ਹੀ ਫਾਇਦਾ ਹੁੰਦਾ ਹੈ। ਅਖਾਣ ਦੇ ਅਖਰੀ ਅਰਥਾਂ ਅਨੁਸਾਰ ਜਦੋਂ ਢਕੀ ਹੋਈ ਚੀਜ਼ ਰਿੱਝਦੀ ਹੈ ਤਾਂ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ ਕਿ ਕੀ ਰਿੱਝ ਰਿਹਾ ਹੈ। - ਢੱਗੀ ਨਾ ਵੱਛੀ, ਤੇ ਨੀਂਦ ਆਵੇ ਅੱਛੀ।
ਜਦੋਂ ਕਿਸੇ ਮਨੁੱਖ ਦਾ ਬਹੁਤਾ ਕਾਰੋਬਾਰ ਅਤੇ ਪਸਾਰਾ ਨਾ ਹੋਵੇ ਅਤੇ ਉਹ ਹਰ ਵੇਲੇ ਮਨ ਮਰਜੀਆਂ ਕਰਦਾ ਫਿਰੇ ਤਾਂ ਉਸ ਉੱਤੇ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। - ਢੱਗੇ ਨੂੰ ਨਾ ਰੋਵੇ, ਅੱਗੇ ਨੂੰ ਰੋਵੇ।
ਜਦੋਂ ਥੋੜਾ ਬਹੁਤਾ ਨੁਕਸਾਨ ਤੋਂ ਬਾਅਦ ਨੁਕਸਾਨ ਕਰਨ ਵਾਲਿਆਂ ਨੂੰ ਨੁਕਸਾਨ ਕਰਨ ਦੀ ਆਦਤ ਪੈ ਜਾਵੇ ਅਤੇ ਆਉਣ ਵਾਲੇ ਸਮੇਂ ਵਿੱਚ ਵੱਡੇ ਨੁਕਸਾਨ ਹੋਣ ਦਾ ਡਰ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। - ਢਾਈ ਟੋਟਰੂ, ਚੁਬਾਰੇ ਚ ਰਸੋਈ।
ਜਦੋਂ ਕਿਸੇ ਦਾ ਛੋਟਾ ਟੱਬਰ ਹੋਵੇ ਜਾਂ ਛੋਟਾ ਕਾਰੋਬਾਰ ਹੋਵੇ ਅਤੇ ਉਹ ਮਨ ਮਰਜ਼ੀ ਦੇ ਟਸ਼ਨ ਕਰਦਾ ਹੋਵੇ ਤਾਂ ਉਸ ਉੱਤੇ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। - ਢਾਈ ਬੂਟੀਆਂ, ਤੇ ਫੱਤੂ ਬਾਗਬਾਨ।
ਜਦੋਂ ਕੋਈ ਵਿਅਕਤੀ ਮਮੂਲੀ ਜਿਹਾ ਗੁਣ ਹਾਸਲ ਕਰਨ ਤੋਂ ਬਾਅਦ ਆਪਣੇ ਆਪ ਨੂੰ ਵੱਡਾ ਗੁਣੀ ਗਿਆਨੀ ਅਖਵਾਉਣ ਲੱਗ ਜਾਵੇ ਤਾਂ ਉਸ ਉੱਤੇ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। - ਢਿੱਡ ਨਰਮ, ਪੈਰ ਗਰਮ, ਸਿਰ ਠੰਡਾ, ਫਿਰ ਵੈਦਾਂ ਦੇ ਮਾਰੋ ਡੰਡਾ।
ਇਸ ਅਖਾਣ ਦੇ ਭਾਵ ਅਰਥ ਅਨੁਸਾਰ ਸਰੀਰ ਦੇ ਬਿਮਾਰ ਹੋਣ ਦੀਆਂ ਜਾਂ ਤੰਦਰੁਸਤ ਹੋਣ ਦੀਆਂ ਅਲਾਮਤਾਂ ਸਰੀਰ ਵਿੱਚੋਂ ਨਜ਼ਰ ਆਉਣ ਲੱਗ ਜਾਂਦੀਆਂ ਹਨ। ਜਿਵੇਂ ਕਿ ਜੇਕਰ ਕਿਸੇ ਵਿਅਕਤੀ ਦਾ ਢਿੱਡ ਨਰਮ ਹੋਵੇ, ਪੈਰ ਗਰਮ ਰਹਿੰਦੇ ਹੋਣ ਅਤੇ ਸਿਰ ਠੰਡਾ ਰਹਿੰਦਾ ਹੋਵੇ ਤਾਂ ਉਹ ਵਿਅਕਤੀ ਤੰਦਰੁਸਤ ਮੰਨਿਆ ਜਾ ਸਕਦਾ ਹੈ ਅਤੇ ਉਸਨੂੰ ਵੈਦਾਂ ਕੋਲ ਜਾਣ ਦੀ ਕੋਈ ਜਰੂਰਤ ਨਹੀਂ। - ਢਿੱਡ ਨੂੰ ਕਾਹਦਾ ਨੱਕ।
ਜਦੋਂ ਦੱਸਣਾ ਹੋਵੇ ਕਿ ਭੁੱਖ ਅੱਗੇ ਕੋਈ ਸ਼ਰਮ ਨਹੀਂ ਹੁੰਦੀ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। - ਢਿੱਡ ਭਰਿਆ, ਤੇ ਕੰਮ ਸਰਿਆ।
ਜਦੋਂ ਕੋਈ ਵਿਅਕਤੀ ਖਾ ਪੀ ਕੇ ਤੁਰਦਾ ਬਣੇ ਅਤੇ ਸਾਹਮਣੇ ਵਾਲੇ ਦਾ ਕੋਈ ਕਾਰਜ ਨਾ ਸਵਾਰੇ ਤਾਂ ਉਸ ਉੱਤੇ ਵਿਅੰਗ ਕਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। - ਢਿੱਡਾਂ ਦੇ ਕੋਹੜ, ਤੇ ਕੱਲਰਾਂ ਦੇ ਰੋੜ, ਕੱਖ ਨਹੀਂ ਹੋਣ ਦਿੰਦੇ।
ਇਹ ਅਖਾਣ ਢਿੱਡ ਵਿੱਚ ਕੋਹੜ ਨਾ ਰੱਖਣ ਦੀ ਨਸੀਹਤ ਦੇਣ ਵਜੋਂ ਬੋਲਿਆ ਜਾਂਦਾ ਹੈ। ਅਖਾਣ ਦੇ ਅੱਖਰੀ ਅਰਥਾਂ ਅਨੁਸਾਰ ਜੇਕਰ ਵਿਅਕਤੀ ਦੇ ਢਿੱਡ ਵਿੱਚ ਕੋਹੜ ਹੋਵੇ ਤਾਂ ਉਹ ਕਿਸੇ ਦਾ ਕੁਝ ਨਹੀਂ ਸਵਾਰ ਸਕਦਾ ਉਵੇਂ ਹੀ ਜਿਵੇਂ ਕਲਰ ਅਤੇ ਰੋੜਾ ਵਾਲੀ ਜਮੀਨ ਵਿੱਚ ਕੁਝ ਨਹੀਂ ਉੱਗ ਸਕਦਾ। ਜਸਬੀਰ ਵਾਟਾਂਵਾਲੀਆ. - ਢਿੱਡੋਂ ਭੁੱਖੀ, ਮੇਲਾ ਦੱਖ ਨਾ ਦੇਵੇ।
ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਦੋਂ ਵਿਅਕਤੀ ਦਾ ਢਿੱਡ ਭੁੱਖਾ ਹੋਵੇ ਤਾਂ ਉਸਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਭਾਵੇਂ ਸਾਹਮਣੇ ਮੇਲਾ ਹੀ ਕਿਉਂ ਨਾ ਲੱਗਾ ਹੋਇਆ ਹੋਵੇ। - ਢੋਲ ਵੱਜਾ, ਢਮੱਕਾ ਵੱਜੇ, ਇਹਨਾਂ ਦੇ ਨਾਲ ਸਾਨੂੰ ਕੀ ਲੱਗੇ।
ਜਦੋਂ ਕਿਸੇ ਖਾਸ ਵਿਅਕਤੀ ਜਾਂ ਸੱਜਣ ਨੂੰ ਛੱਡ ਦਿੱਤਾ ਹੋਵੇ ਅਤੇ ਉਸ ਵਿਅਕਤੀ ਦੀ ਖੁਸ਼ੀ-ਗਮੀ ਨਾਲ ਕੋਈ ਵਾਹ-ਵਾਸਤਾ ਨਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
ਪੰਜਾਬੀ ਮਾਂ ਬੋਲੀ ਵਿਚ ਅਖਾਣਾ ਦਾ ਹੋਰ ਵੱਡਾ ਖਜਾਨਾ ਹੇਠਾਂ ਦਿੱਤੇ ਲਿੰਕਾਂ ’ਤੇ ਕਲਿਕ ਕਰਕੇ ਵੇਖੋ
ੳ ਤੋਂ ਹ ਅੱਖਰ ਤੱਕ ਅਖਾਣ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ
ਕ ਤੋ ਘ ਅੱਖਰ ਤੱਕ ਅਖਾਣ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ
ਚ ਤੋਂ ਝ ਅੱਖਰ ਤੱਕ ਅਖਾਣ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ
ਟ ਤੋਂ ਢ ਅੱਖਰ ਤੱਕ ਅਖਾਣ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ
ਤ ਤੋਂ ਨ ਅੱਖਰ ਤੱਕ ਅਖਾਣ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ
ਪ ਤੋਂ ਮ ਅੱਖਰ ਤੱਕ ਅਖਾਣ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ
ਯ ਤੋਂ ਵ ਅੱਖਰ ਤੱਕ ਅਖਾਣ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ
ਅਖਾਣਾ ਬਾਰੇ ਵਿਸਥਾਰ ਜਾਣਕਾਰੀ ਹਾਸਲ ਕਰਨ ਲਈ ਇਸ ਲਿੰਕ ’ਤੇ ਕਲਿੱਕ ਕਰੋ
ਨੋਟ – ਕੁਝ ਅਖਾਣ ਮੁਹਾਵਰਿਆਂ ਵਿਚ ਜਾਤ-ਪਾਤ ਦਾ ਪ੍ਰਗਟਾਵਾ ਕੀਤਾ ਗਿਆ ਹੈ। ਜਾਤ-ਪਾਤ ਦਾ ਇਹ ਪਗਟਾਵਾ ਪੰਜਾਬੀ ਲੋਕਧਾਰਾ ਦੇ ਪਿਛੋਕੜ ਨੂੰ ਦਰਸਾਉਣ ਅਤੇ ਪੁਰਾਣੇ ਸਮੇ ਦੇ ਲੋਕਾਂ ਦੀ ਮਾਨਸਿਕਤਾ ਸਮਝਣ ਲਈ ਕੀਤਾ ਗਿਆ ਹੈ, ਕਿਉਂਕਿ ਪੁਰਾਣੇ ਸਮਿਆਂ ਵਿਚ ਹਾਸੇ-ਠੱਠ, ਟਿੱਚਰ-ਮਜਾਕ ਅਤੇ ਕਿਸੇ ਨੂੰ ਨਹੋਰਾ ਮਾਰਨ ਸਮੇਂ ਅਕਸਰ ਹੀ ਜਾਤ-ਪਾਤ ਦੇ ਨਾਂ ਤੇ ਵਿਅੰਗ ਕੀਤਾ ਜਾਂਦਾ ਸੀ। ਅਸੀਂਂ ਕਿਸੇ ਤਰ੍ਹਾਂ ਦੀ ਜਾਤ-ਪਾਤ ਹਾਮੀ ਨਹੀਂ ਹਾਂ ਅਤੇ ਨਾ ਹੀ ਇਹ ਪ੍ਰਗਟਾਵਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕੀਤਾ ਹੈ।
ਜਸਬੀਰ ਵਾਟਾਂਵਾਲੀਆ
ਦੋਸਤੋ ਪੰਜਾਬੀ ਅਖਾਣਾਂ ਦੀ ਇਹ ਕੁਲੈਕਸ਼ਨ,
ਜੋ ਤੁਸੀਂ https://jasbirwattanwalia.blogspot.com/ ਉੱਤੇ ਪੜ੍ਹ ਰਹੇ ਹੋ, ਇਸ ਨੂੰ ਤਿਆਰ ਕਰਨ ਵਿੱਚ ਕਾਫੀ ਲੰਬੀ ਮਿਹਨਤ ਲੱਗੀ ਹੈ। ਮੈਂ ਕਰੀਬ ਪਿਛਲੇ 15 ਸਾਲਾਂ ਤੋਂ ਇਹ ਅਖਾਣ ਇਕੱਠੇ ਕਰ ਰਿਹਾ ਸੀ। ਜਦੋਂ ਵੀ ਕੋਈ ਬਜ਼ੁਰਗ ਅਖਾਣ ਬੋਲਦਾ ਸੀ ਤਾਂ ਮੈਂ ਚੁੱਪ-ਚੁਪੀਤੇ ਨੋਟ ਕਰ ਲੈਂਦਾ ਸੀ। ਇਹਨਾਂ ਵਿੱਚੋਂ ਬਹੁਤ ਸਾਰੇ ਅਖਾਣ ਸਾਡੇ ਮਾਤਾ ਜੀ, ਸਾਡੇ ਭੂਆ ਜੀ, ਸਾਡੀਆਂ ਚਾਚੀਆਂ, ਮਾਸੀਆਂ, ਤਾਈਆਂ ਮਾਮੀਆਂ, ਆਂਡਣਾ-ਗੁਆਂਢਣਾ ਅਤੇ ਮਰਦ ਬਜ਼ੁਰਗਾਂ ਦੇ ਮੂੰਹੋਂ ਮੈਂ ਸੁਣੇ ਹਨ। ਇਸ ਤੋਂ ਇਲਾਵਾ ਕਾਫੀ ਸਾਰੇ ਅਖਾਣ ਯੂਨੀਵਰਸਿਟੀਆਂ ਦੇ ਵੱਖ-ਵੱਖ ਕੋਸ਼ਾਂ ਤੋਂ ਵੀ ਇਸ ਕਲੈਕਸ਼ਨ ਵਿੱਚ ਸ਼ਾਮਲ ਕੀਤੇ ਹਨ। ਮੇਰੀ ਕੋਸ਼ਿਸ਼ ਰਹੇਗੀ ਕਿ ਇਸ ਕਲੈਕਸ਼ਨ ਨੂੰ ਦਿਨ ਪ੍ਰਤੀ ਦਿਨ ਹੋਰ ਵਧਾਇਆ ਜਾਵੇ। ਇਸ ਕਲੈਕਸ਼ਨ ਦੌਰਾਨ ਅੱਖਰ ਵਾਧਾ ਘਾਟਾ ਭੁੱਲ ਚੁੱਕ ਹੋ ਗਈ ਹੋਵੇ ਤਾਂ ਖਿਮਾ ਦਾ ਜਾਚਕ ਹਾਂ।
ਜਸਬੀਰ ਵਾਟਾਂਵਾਲੀਆ
“Dear Readers,
I am pleased to present this comprehensive collection of Punjabi Akhan and proverbs, carefully curated and available on (https://jasbirwattanwalia.blogspot.com) This repository is the culmination of 15 years of diligent research and intellectual endeavor.
Throughout my journey, I have had the privilege of collecting these Akhan and proverbs from esteemed family members, neighbors, and community elders. Whenever an elder shared a proverb, I would meticulously note it down. Additionally, I have drawn from reputable Akhankosh universities to further enrich this collection.
I am committed to continually expanding and refining this collection. Please forgive any errors or omissions that may have occurred during its compilation.
Thank you for exploring this treasure trove of Punjabi wisdom.
Sincerely,
“Jasbir Wattanwalia”

