ਗੁਰਬਾਣੀ ਅਤੇ ਸਮੁੱਚੇ ਪੰਜਾਬੀ ਸਾਹਿਤ ਵਿਚ ਵੀ ਅੰਬ ਦਾ ਵਿਸ਼ੇਸ਼ ਜਿਕਰ/ਲੇਖ-ਜਸਬੀਰ ਵਾਟਾਂਵਾਲੀਆ
Desi Mango/ਦੇਸੀ ਅੰਬ ਦਾ ਵਿਗਿਆਨਕ ਨਾਂ Mangifera indica ਹੈ। ਇਹ ਦੱਖਣੀ ਏਸ਼ੀਆ ਅਤੇ ਗਰਮ ਖੰਡੀ ਖੇਤਰਾਂ ਦਾ ਪੌਦਾ ਹੈ। ਇਹ ਸਦਾਬਹਾਰ ਰੁੱਖ ਹੈ ਜੋ ਕਰੀਬ 100 ਫੁੱਟ ਤੱਕ ਉੱਚਾ ਜਾ ਸਕਦਾ ਹੈ। ਇਸ ਦੇ ਪੱਤੇ ਲੰਬੇ, ਹਰੇ ਅਤੇ ਚਮਕਦਾਰ ਹੁੰਦੇ ਹਨ। ਇਸਦ ਫੁੱਲ ਪੀਲੇ-ਚਿੱਟੇ ਅਤੇ ਕਾਫੀ ਖੁਸ਼ਬੂਦਾਰ ਹੁੰਦੇ ਹਨ। ਦੇਸੀ ਅੰਬ ਆਪਣੇ ਮਿਠਾਸ ਭਰਭੂਰ ਫਲਾਂ ਅਤੇ ਚਿਕਿਤਸਕ ਗੁਣਾਂ ਲਈ ਮਸ਼ਹੂਰ ਹੈ। ਅੰਬ ਇੱਕ ਪ੍ਰਸਿੱਧ ਫਲ ਹੈ, ਜਿਸਨੂੰ ਪੱਕ ਕੇ ਖਾਧਾ ਜਾਂਦਾ ਹੈ ਜਾਂ ਜੈਮ, ਚਟਨੀ ਅਤੇ ਜੂਸ ਵਰਗੇ ਵੱਖ-ਵੱਖ ਉਤਪਾਦਾਂ ਵਿੱਚ ਵਰਤਿਆ ਜਾਂਦਾ ਹੈ। ਅੰਬ ਦੇ ਦਰੱਖਤ ਪਸ਼ੂਆਂ ਅਤੇ ਹੋਰ ਜਾਨਵਰਾਂ ਲਈ ਪਸੰਦੀਦਾ ਅਤੇ ਚੰਗਾ ਆਸਰਾ ਪ੍ਰਦਾਨ ਕਰਦੇ ਹਨ।
ਭਾਰਤ ਵਿਚ ਅੰਬਾਂ ਦੀਆਂ 1,000 ਤੋਂ ਵੱਧ ਕਿਸਮਾਂ
ਭਾਰਤ ਵਿੱਚ ਅੰਬਾਂ ਦੀਆਂ 1,000 ਤੋਂ ਵੱਧ ਕਿਸਮਾਂ ਪਾਈਆਂ ਜਾਂਦੀਆਂ ਹਨ। ਇਨ੍ਹਾਂ ਵਿੱਚੋਂ 100 ਤੋਂ ਵੱਧ ਕਿਸਮਾਂ ਵਪਾਰਕ ਤੌਰ ‘ਤੇ ਉਗਾਈਆਂ ਜਾਂਦੀਆਂ ਹਨ। ਭਾਰਤ ਵਿੱਚ ਪ੍ਰਸਿੱਧ ਅੰਬਾਂ ਦੀਆਂ ਕਿਸਮਾਂ ਦੀ ਇਸ ਪ੍ਰਕਾਰ ਹਨ:
-ਚੌਸਾ ਅੰਬ : ਇਹ ਇੱਕ ਬਹੁਤ ਹੀ ਰਸੀਲੀ ਅਤੇ ਕੀਮਤੀ ਕਿਸਮ ਹੈ, ਇਸ ਨੂੰ ਅੰਬਾਂ ਦਾ ਰਾਜਾ ਵੀ ਕਿਹਾ ਜਾਂਦਾ ਹੈ। ਇਸ ਅੰਬ ਦੀ ਉਤਪਤੀ ਬਿਹਾਰ ਦੇ ਚੌਸਾ ਸ਼ਹਿਰ ਤੋਂ ਹੋਈ ਮੰਨੀ ਜਾਂਦੀ ਹੈ। ਮੌਜੂਦਾ ਦੌਰ ਵਿਚ ਚੌਸਾ ਅੰਬ ਸਹਾਰਨਪੁਰ ਦੀ ਮੈਂਗੋ ਬੈਲਟ ਵਿੱਚ ਵਿਆਪਕ ਤੌਰ ‘ਤੇ ਉਗਾਏ ਜਾਂਦੇ ਹਨ। ਇਹ ਅੰਬ ਘਰੇਲੂ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਆਪਣੇ ਸੁਆਦ ਲਈ ਕਾਫੀ ਮਸ਼ਹੂਰ ਹਨ। ਇਹ ਅੰਬ ਆਮ ਤੌਰ ‘ਤੇ ਜੂਨ ਤੋਂ ਅਗਸਤ ਤੱਕ ਉਪਲਬਧ ਹੁੰਦੇ ਹਨ।
– ਅਲਫੋਂਸੋ ਅੰਬ : ਇਹ ਆਪਣੀ ਖੂਬਸੂਰਤ ਬਣਤਰ, ਕਰੀਮੀ ਅਤੇ ਮਿੱਠੇ ਸੁਆਦ ਲਈ ਜਾਣੇ ਜਾਂਦੇ ਹਨ। ਇਹ ਮਹਾਰਾਸ਼ਟਰ ਅਤੇ ਗੁਜਰਾਤ ਵਿੱਚ ਉਗਾਏ ਜਾਂਦੇ ਹਨ।
– ਕੇਸਰ ਅੰਬ : ਇਹ ਮਿੱਠੇ ਅਤੇ ਖੁਸ਼ਬੂਦਾਰ ਸਵਾਦ ਲਈ ਜਾਣਿਆ ਜਾਂਦਾ ਹੈ। ਇਹ ਆਮ ਤੌਰ ’ਤੇ ਗੁਜਰਾਤ ਵਿੱਚ ਉਗਾਏ ਜਾਂਦੇ ਹਨ।
– ਦਸ਼ਹਿਰੀ ਅੰਬ : ਇਹ ਅੰਬ ਸੁਨਹਿਰੀ-ਪੀਲੇ ਹੁੰਦੇ ਹਨ। ਇਨ੍ਹਾ ਦਾ ਸੁਆਦ ਮਿਠਾਸ ਭਰਪੂਰ ਹੁੰਦਾ ਹੈ।
ਕੁਝ ਹੋਰ ਕਿਸਮਾ
– ਲੰਗੜਾ ਅੰਬ : ਇਹ ਅੰਬ ਦਰਮਿਆਨੇ ਤੋਂ ਵੱਡੇ ਅਕਾਰ ਦਾ ਹੁੰਦਾ ਹੈ ਅਤੇ ਹਰੇ-ਪੀਲੇ ਰੰਗ ਦਾ ਹੁੰਦਾ ਹੈ। ਇਹ ਉੱਤਰ ਪ੍ਰਦੇਸ਼ ਵਿੱਚ ਉਗਾਏ ਜਾਂਦੇ ਹਨ।
– ਨੀਲਮ ਅੰਬ : ਇਹ ਮਿੱਠੇ ਅਤੇ ਰਸੀਲੇ ਸਵਾਦ ਲਈ ਜਾਣੇ ਜਾਂਦੇ ਹਨ। ਇਹ ਆਮ ਤੌਰ ’ਤੇ ਆਂਧਰਾ ਪ੍ਰਦੇਸ਼ ਵਿੱਚ ਉਗਾਏ ਜਾਂਦੇ ਹਨ।
– ਹਿਮਸਾਗਰ ਅੰਬ : ਪੱਛਮੀ ਬੰਗਾਲ ਵਿੱਚ ਇਹ ਅੰਬ ਕਾਫੀ ਪ੍ਰਸਿੱਧ ਹੈ। ਇਹ ਆਪਣੀ ਮਿਠਾਸ ਅਤੇ ਸੁਆਦ ਲਈ ਜਾਣਿਆ ਜਾਂਦਾ ਹੈ।
– ਅਮਰਪਾਲੀ ਅੰਬ : ਇਹ ਅੰਬਾਂ ਦੀ ਹਾਈਬ੍ਰਿਡ ਕਿਸਮ ਹੈ। ਇਹ ਗੂੜ੍ਹੇ ਲਾਲ ਰੰਗ ਦਾ ਹੁੰਦਾ ਹੈ ਅਤੇ ਇਹ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਵਪਾਰ ਮਕਸਦ ਨਾਲ ਉਗਾਏ ਜਾਂਦੇ ਹਨ।
– ਮੱਲਿਕਾ ਅੰਬ : ਇਹ ਵੀ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਉਗਾਏ ਜਾਂਦੇ ਹਨ।
ਖੇਤਰੀ ਕਿਸਮਾਂ:
– ਬੰਗਨਾਪੱਲੀ ਅੰਬ : ਇਹ ਅੰਬ ਆਂਧਰਾ ਪ੍ਰਦੇਸ਼ ਵਿੱਚ ਉਗਾਇਆ ਜਾਂਦਾ ਹੈ। ਇਸ ਦੇ ਫਲ ਦਰਮਿਆਨੇ ਤੋਂ ਵੱਡੇ, ਆਇਤਾਕਾਰ ਆਕਾਰ ਦੇ ਹੁੰਦੇ ਹਨ।
– ਬਦਾਮੀ ਅੰਬ : ਇਹ ਅੰਬ ਕਰਨਾਟਕ ਵਿੱਚ ਉਗਾਏ ਜਾਂਦੇ ਹਨ । ਇਹ ਕਾਫੀ ਮਿੱਠੇ ਅਤੇ ਸੁਆਦੀ ਹੁੰਦੇ ਹਨ।
– ਤੋਤਾਪੁਰੀ ਅੰਬ : ਇਹ ਅੰਬ ਛੋਟੇ ਤੋਂ ਦਰਮਿਆਨੇ, ਅੰਡਾਕਾਰ ਆਕਾਰ ਦੇ ਹੁੰਦੇ ਹਨ। ਇਹ ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਉਗਾਏ ਜਾਂਦੇ ਹਨ।
– ਰਸਪੁਰੀ ਅੰਬ : ਇਹ ਅੰਬ ਅੰਡਾਕਾਰ ਆਕਾਰ ਦੇ ਹੁੰਦੇ ਹਨ ਅਤੇ ਕਾਫੀ ਮਿੱਠੇ ਅਤੇ ਰਸੀਲੇ ਹੁੰਦੇ ਹਨ। ਇਹ ਕਰਨਾਟਕ ਵਿੱਚ ਉਗਾਏ ਜਾਂਦੇ ਹਨ।
– ਮਨਕੁਰਾਡ ਅੰਬ : ਇਹ ਅੰਬ ਗੋਆ ਵਿੱਚ ਉਗਾਏ ਜਾਂਦੇ ਹਨ। ਇਹ ਛੋਟੇ ਤੋਂ ਦਰਮਿਆਨੇ ਗੋਲ ਆਕਾਰ ਦੇ ਹੁੰਦੇ ਹਨ।
– ਫਾਜ਼ਲੀ ਅੰਬ : ਇਹ ਕਾਫੀ ਵੱਡੇ, ਮਿੱਠੇ ਅਤੇ ਰਸੀਲੇ ਹੁੰਦੇ ਹਨ। ਇਹ ਪੱਛਮੀ ਬੰਗਾਲ ਅਤੇ ਬਿਹਾਰ ਵਿੱਚ ਉਗਾਏ ਜਾਂਦੇ ਹਨ।
– ਲਕਸ਼ਮਣਭੋਗ ਅੰਬ : ਇਹ ਪੱਛਮੀ ਬੰਗਾਲ ਵਿੱਚ ਉਗਾਏ ਜਾਂਦੇ ਹਨ। ਇਹ ਦਰਮਿਆਨੇ ਆਕਾਰ ਦੇ, ਅੰਡਾਕਾਰ ਆਕਾਰੀ ਹੁੰਦੇ ਹਨ।
ਘੱਟ ਜਾਣੀਆਂ-ਪਛਾਣੀਆਂ ਕਿਸਮਾਂ:
– ਗੁਲਾਬ ਖਾਸ ਅੰਬ : ਇਹ ਦੇਰ ਨਾਲ ਪੱਕਣ ਵਾਲੀ ਕਿਸਮ ਹੈ ਅਤੇ ਇਸ ਦੀ ਗੁਲਾਬ ਵਰਗੀ ਖੁਸ਼ਬੂ ਹੁੰਦੀ ਹੈ।
– ਸੁਵਰਨਰੇਖਾ ਅੰਬ : ਇਹ ਅੰਬ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਉਗਾਏ ਜਾਂਦੇ ਹਨ।
– ਵਣਰਾਜ ਅੰਬ : ਇਹ ਅੰਬਾਂ ਦੀ ਦੁਰਲੱਭ ਕਿਸਮ ਹੈ ਅਤੇ ਗੁਜਰਾਤ ਵਿੱਚ ਉਗਾਈ ਜਾਂਦੀ ਹੈ।
– ਕਿਲੀਚੁੰਡਨ ਅੰਬ : ਇਹ ਛੋਟੇ ਤੋਂ ਦਰਮਿਆਨੇ, ਅੰਡਾਕਾਰ ਆਕਾਰ ਦੇ ਅੰਬ, ਕੇਰਲ ਅਤੇ ਭਾਰਤ ਦੇ ਹੋਰ ਹਿੱਸਿਆਂ ਵਿੱਚ ਉਗਾਏ ਜਾਂਦੇ ਹਨ।
– ਇਮਾਮ ਪਸੰਦ ਅੰਬ : ਇਹ ਦੱਖਣੀ ਭਾਰਤ ਵਿੱਚ ਉਗਾਈ ਜਾਣ ਵਾਲੀ ਅੰਬਾਂ ਦੀ ਪ੍ਰੀਮੀਅਮ ਕਿਸਮ ਹੈ।
– ਜ਼ਰਦਾਲੂ ਅੰਬ : ਇਹ ਅੰਬ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਉਗਾਏ ਜਾਂਦੇ ਹਨ।
– ਮੁਲਗੋਬਾ ਅੰਬ : ਇਹ ਅੰਬ ਤਾਮਿਲਨਾਡੂ ਵਿੱਚ ਉਗਾਏ ਜਾਂਦੇ ਹਨ। ਇਹ ਵੱਡੇ, ਆਇਤਾਕਾਰ ਆਕਾਰ ਦੇ ਹੁੰਦੇ ਹਨ।
– ਬੇਨੀਸ਼ਨ ਅੰਬ : ਇਹ ਅੰਬ ਆਂਧਰਾ ਪ੍ਰਦੇਸ਼ ਵਿੱਚ ਉਗਾਏ ਜਾਂਦੇ ਹਨ। ਇਹ ਦਰਮਿਆਨੇ ਤੋਂ ਵੱਡੇ, ਅੰਡਾਕਾਰ ਆਕਾਰ ਦੇ ਹੁੰਦੇ ਹਨ।
– ਰਾਜਾਪੁਰੀ ਅੰਬ : ਪੱਛਮੀ ਬੰਗਾਲ ਵਿੱਚ ਉਗਾਏ ਜਾਂਦੇ ਹਨ। ਇਹ ਦਰਮਿਆਨੇ ਤੋਂ ਵੱਡੇ, ਅੰਡਾਕਾਰ ਆਕਾਰ ਦੇ ਹੁੰਦੇ ਹਨ।
– ਪੈਰੀ ਅੰਬ : ਇਹ ਛੋਟੇ ਤੋਂ ਦਰਮਿਆਨੇ, ਗੋਲ ਆਕਾਰ ਦੇ ਹੁੰਦੇ ਹਨ। ਇਹ ਆਮ ਤੌਰ ਤੇ ਗੁਜਰਾਤ ਅਤੇ ਗੋਆ ਵਿੱਚ ਉਗਾਏ ਜਾਂਦੇ ਹਨ।
Desi Mango/ਦੇਸੀ ਅੰਬ/Mangifera indica ਦੀ ਕਾਸ਼ਤ:
– ਇਹ ਚੰਗੀ ਨਿਕਾਸ ਵਾਲੀ ਰੇਤਲੀ ਦੋਮਟ ਮਿੱਟੀ, pH 5.2-7.5 ਵਿੱਚ ਸਭ ਤੋਂ ਵਧੀਆ ਉੱਗਦਾ ਹੈ। ਇਹ-8°C (17°F) ਦੇ ਘੱਟੋ-ਘੱਟ ਤਾਪਮਾਨ ਨੂੰ ਅਸਾਨੀ ਨਾਲ ਸਹਿ ਸਕਦਾ ਹੈ।
ਅੰਬ ਦਾ ਪ੍ਰਸਾਰ:
– ਅੰਬਾਂ ਦਾ ਪ੍ਰਸਾਰ ਗ੍ਰਾਫਟਿੰਗ, ਬਡਿੰਗ ਜਾਂ ਬੀਜ ਰਾਹੀਂ ਕੀਤਾ ਜਾ ਸਕਦਾ ਹੈ।
– ਗ੍ਰਾਫਟਿੰਗ ਇੱਕ ਪ੍ਰਸਿੱਧ ਤਰੀਕਾ ਹੈ, ਕਿਉਂਕਿ ਇਹ ਜੈਨੇਟਿਕ ਇਕਸਾਰਤਾ ਅਤੇ ਤੇਜ਼ੀ ਨਾਲ ਫਲ ਦੇਣ ਨੂੰ ਯਕੀਨੀ ਬਣਾਉਂਦਾ ਹੈ।
ਅੰਬ ਦੀ ਪੈਦਾਵਾਰ ਲਈ ਸਹੀ ਜਲਵਾਯੂ
ਅਕਸਰ ਗਰਮ ਅਤੇ ਨਮੀ ਵਾਲੇ ਮੌਸਮ ਵਿੱਚ ਅੰਬ ਚੰਗਾ ਵਧਦੇ-ਫੁੱਲਦੇ ਹਨ। ਇਸ ਦੇ ਲਈ ਆਦਰਸ਼ ਤਾਪਮਾਨ ਸੀਮਾ: 24°C ਤੋਂ 30°C (75°F ਤੋਂ 86°F) ਮੰਨਿਆ ਜਾਂਦਾ ਹੈ। ਇਹ ਅੰਬ ਠੰਡ ਪ੍ਰਤੀ ਸੰਵੇਦਨਸ਼ੀਲ ਹੁੰਦੇ ਹਨ, ਅਤੇ 0°C (32°F) ਤੋਂ ਘੱਟ ਤਾਪਮਾਨ ਰੁੱਖ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਦੇ ਨਾਲ-ਨਾਲ ਅੰਬਾਂ ਨੂੰ ਕਾਫ਼ੀ ਨਮੀ ਦੀ ਵੀ ਲੋੜ ਹੁੰਦੀ ਹੈ, ਖਾਸ ਕਰਕੇ ਫਲ ਦੇਣ ਦੇ ਦੌਰਾਨ, ਪਰੰਤੂ ਬਹੁਤ ਜਿਆਦਾ ਪਾਣੀ ਭਰਨਾ ਵੀ ਨੁਕਸਾਨਦੇਹ ਹੋ ਸਕਦਾ ਹੈ, ਇਸ ਲਈ ਸਹੀ ਨਿਕਾਸੀ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਕਟਾਈ-ਛਾਂਟਾਈ ਦਾ ਵੀ ਫਲ ਵਧਾਉਣ ਵਿਚ ਵੱਡਾ ਰੋਲ ਹੁੰਦਾ ਹੈ। ਕੀੜਿਆਂ ਦੀ ਗੱਲ ਕਰੀਏ ਤਾ ਇਸ ਉੱਤੇ ਅੰਬ ਦੇ ਟਿੱਡੇ ਦਾ ਹਮਲਾ, ਫਲਾਂ ਦੀ ਮੱਖੀ, ਅਤੇ ਐਂਥ੍ਰੈਕਨੋਜ਼, ਦਾ ਹਮਲਾ ਅਕਸਰ ਹੁੰਦਾ ਹੈ। ਜਿਸ ਲਈ ਨਿਯਮਤ ਨਿਗਰਾਨੀ ਅਤੇ ਪ੍ਰਬੰਧਨ ਜ਼ਰੂਰੀ ਹੈ।
ਅੰਬ ਦੀ ਲੱਕੜ
ਅੰਬ/ਮੈਂਗੀਫੇਰਾ ਇੰਡੀਕਾ ਦੀ ਲੱਕੜ ਕਈ ਉਦੇਸ਼ਾਂ ਲਈ ਵਰਤੀ ਜਾਂਦੀ ਹੈ, ਜਿਵੇ ਕਿ:
1. ਫਰਨੀਚਰ ਬਣਾਉਣ ਲਈ ਅੰਬ ਦੀ ਲੱਕੜ : ਅੰਬ ਦੀ ਲੱਕੜ ਟਿਕਾਊ ਅਤੇ ਆਕਰਸ਼ਕ ਮੰਨੀ ਜਾਂਦੀ ਹੈ ਅਤੇ ਇਹ ਫਰਨੀਚਰ ਬਣਾਉਣ ਲਈ ਢੁਕਵੀਂ ਹੁੰਦੀ ਹੈ।
2. ਉਸਾਰੀ ਵਜੋਂ ਲੱਕੜ ਦੀ ਵਰਤੋਂ : ਅੰਬ ਦੀ ਲੱਕੜ ਦੀ ਵਰਤੋਂ ਇਮਾਰਤਾਂ ਦੀ ਉਸਾਰੀ ਵਿੱਚ ਕੀਤੀ ਜਾਂਦੀ ਹੈ, ਖਾਸ ਕਰਕੇ ਢਾਂਚੇ, ਫਰਸ਼ ਅਤੇ ਛੱਤ ਲਈ ਇਸਨੂੰ ਵਿਸ਼ੇਸ਼ ਤੌਰ ਤੇ ਵਰਤਿਆ ਜਾਂਦਾ ਹੈ।
3. ਨੱਕਾਸ਼ੀ ਲਈ ਲੱਕੜ ਦਾ ਉਪਯੋਗ : ਅੰਬ ਦੀ ਲੱਕੜ ਅਕਸਰ ਗੁੰਝਲਦਾਰ ਨੱਕਾਸ਼ੀ ਅਤੇ ਸਜਾਵਟੀ ਵਸਤੂਆਂ ਬਣਾਉਣ ਲਈ ਵਰਤੀ ਜਾਂਦੀ ਹੈ।
4. ਪਲਾਈਵੁੱਡ ਅਤੇ ਪੈਨਲਿੰਗ : ਲੱਕੜ ਦੀ ਵਰਤੋਂ ਅੰਦਰੂਨੀ ਡਿਜ਼ਾਈਨ ਅਤੇ ਨਿਰਮਾਣ ਲਈ ਪਲਾਈਵੁੱਡ ਅਤੇ ਪੈਨਲਿੰਗ ਬਣਾਉਣ ਲਈ ਵੀ ਕੀਤੀ ਜਾਂਦੀ ਹੈ।
5. ਬਾਲਣ ਦੀ ਲੱਕੜ : ਅੰਬ ਦੀ ਲੱਕੜ ਨੂੰ ਖਾਣਾ ਪਕਾਉਣ ਲਈ ਬਾਲਣ ਦੇ ਸਰੋਤ ਵਜੋਂ ਵੀ ਵਰਤਿਆ ਜਾਂਦਾ ਹੈ।
ਅੰਬ ਦੇ ਪੋਸ਼ਕ ਗੁਣ
– ਅੰਬ ਵਿਟਾਮਿਨ ਏ, ਵਿਟਾਮਿਨ ਸੀ, ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਫਾਈਬਰ ਨਾਲ ਭਰਪੂਰ ਹੁੰਦਾ ਹੈ।
– ਮੈਂਗੀਫੇਰਿਨ, ਫਲੇਵੋਨੋਇਡਜ਼ ਅਤੇ ਕੈਰੋਟੀਨੋਇਡਜ਼ ਵਰਗੇ ਐਂਟੀਆਕਸੀਡੈਂਟਸ ਦਾ ਵੀ ਅੰਬ ਚੰਗਾ ਸਰੋਤ ਹੈ।
ਆਓ ਅੰਬਾਂ ਵਿੱਚ ਪਾਏ ਜਾਣ ਵਾਲੇ ਇਨ੍ਹਾਂ ਵਿਟਾਮਿਨਾਂ ਅਤੇ ਖਣਿਜਾਂ ਦੇ ਫਾਇਦਿਆਂ ਬਾਰੇ ਜਾਣੀਏ:
ਅੰਬ ਵਿਚ ਮੌਜੂਦ ਵਿਟਾਮਿਨ:
1. ਵਿਟਾਮਿਨ ਏ : ਸਿਹਤਮੰਦ ਨਜ਼ਰ, ਇਮਿਊਨ ਸਿਸਟਮ ਅਤੇ ਚਮੜੀ ਲਈ ਮਹੱਤਵਪੂਰਨ ਹੁੰਦਾ ਹੈ।
2. ਵਿਟਾਮਿਨ ਸੀ : ਇਮਿਊਨਿਟੀ ਵਧਾਉਂਦਾ ਹੈ, ਕੋਲੇਜਨ ਉਤਪਾਦਨ ਦਾ ਸਮਰਥਨ ਕਰਦਾ ਹੈ, ਅਤੇ ਆਇਰਨ ਸੋਖਣ ਵਿੱਚ ਸਹਾਇਤਾ ਕਰਦਾ ਹੈ।
ਅੰਬ ਵਿਚ ਮੌਜੂਦ ਖਣਿਜ:
1. ਪੋਟਾਸ਼ੀਅਮ : ਬਲੱਡ ਪ੍ਰੈਸ਼ਰ ਨੂੰ ਨਿਯੰਤ੍ਰਿਤ ਕਰਨ ਵਿੱਚ ਮਦਦ ਕਰਦਾ ਹੈ, ਦਿਲ ਲਈ ਚੰਗਾ ਹੁੰਦਾ ਹੈ, ਅਤੇ ਮਾਸਪੇਸ਼ੀਆਂ ਦੇ ਕੰਮ ਵਿੱਚ ਸਹਾਇਤਾ ਕਰਦਾ ਹੈ।
2. ਮੈਗਨੀਸ਼ੀਅਮ : ਮਾਸਪੇਸ਼ੀਆਂ ਅਤੇ ਨਸਾਂ ਦੀ ਤੰਦਰੁਸਤੀ, ਹੱਡੀਆਂ ਦੀ ਸਿਹਤ ਅਤੇ ਊਰਜਾ ਉਤਪਾਦਨ ਇਸ ਦਾ ਮੁੱਖ ਕੰਮ ਹੁੰਦਾ ਹੈ।
ਵੱਖ-ਵੱਖ ਬੀਮਾਰੀਆ ਵਿਚ ਫਾਇਦੇਮੰਦ ਹੈ ਅੰਬ
1. ਸ਼ੂਗਰ ਲਈ ਚੰਗੇ –
ਅੰਬਾਂ ਵਿੱਚ ਮੈਂਗੀਫੇਰਿਨ ਵਰਗੇ ਮਿਸ਼ਰਣ ਹੁੰਦੇ ਹਨ, ਜੋ ਸ਼ੂਗਰ ਵਿਚ ਇਸ ਤਰ੍ਹਾਂ ਮਦਦਗਾਰ ਹੁੰਦੇ ਹਨ:
– ਬਲੱਡ ਸ਼ੂਗਰ ਦੇ ਪੱਧਰ ਨੂੰ ਨਿਯਮਤ ਕਰਦਾ ਹੈ ਅੰਬ।
– ਇਨਸੁਲਿਨ ਸੰਵੇਦਨਸ਼ੀਲਤਾ ਵਿੱਚ ਸੁਧਾਰ ਹੁੰਦਾ ਹੈ।
– ਪੇਟ ਵਿੱਚ ਗਲੂਕੋਜ਼ ਦੇ ਸਮਾਈ ਨੂੰ ਘਟਾਉਂਦਾ ਹੈ ਅੰਬ।
2. ਅੰਬ ਦੇ ਐਂਟੀਆਕਸੀਡੈਂਟ ਗੁਣ:
ਅੰਬ ਐਂਟੀਆਕਸੀਡੈਂਟਸ ਗੁਣਾਂ ਨਾਲ ਭਰਪੂਰ ਹੁੰਦੇ ਹਨ ਜਿਵੇਂ ਕਿ:
– ਮੈਂਗੀਫੇਰਿਨ: ਸ਼ਕਤੀਸ਼ਾਲੀ ਐਂਟੀਆਕਸੀਡੈਂਟ ਗਤੀਵਿਧੀ ਵਾਲਾ ਇੱਕ ਪੌਲੀਫੇਨੋਲ ਹੁੰਦਾ ਹੈ।
– ਵਿਟਾਮਿਨ ਸੀ: ਇਮਿਊਨਿਟੀ ਵਧਾਉਂਦਾ ਹੈ ਅਤੇ ਫ੍ਰੀ ਰੈਡੀਕਲਸ ਨੂੰ ਬੇਅਸਰ ਕਰਦਾ ਹੈ।
– ਬੀਟਾ-ਕੈਰੋਟੀਨ: ਵਿਟਾਮਿਨ ਏ ਵਿੱਚ ਬਦਲਕੇ ਸਿਹਤਮੰਦ ਨਜ਼ਰ ਅਤੇ ਇਮਿਊਨ ਨੂੰ ਸਹੀ ਕਰਦਾ ਹੈ।
– ਹੋਰ ਪੌਲੀਫੇਨੌਲ ਅਤੇ ਫਲੇਵੋਨੋਇਡ: ਆਕਸੀਡੇਟਿਵ ਤਣਾਅ ਅਤੇ ਸੈੱਲ ਨੂੰ ਨੁਕਸਾਨ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ।3. ਸਾੜ ਵਿਰੋਧੀ ਗੁਣ:
ਅੰਬ ਦੇ ਅਰਕ ਨੂੰ ਵਿਚ ਸਾੜ ਵਿਰੋਧ ਗੁਣ ਹੁੰਦੇ ਹਨ :
– ਇਹ ਸੋਜ ਨੂੰ ਘਟਾਉਣ ਅਤੇ ਗਠੀਏ ਵਰਗੀਆਂ ਨੂੰ ਘੱਟ ਕਰਦੇ ਹਨ।4. ਰੋਗਾਣੂਨਾਸ਼ਕ ਗੁਣ:
ਅੰਬ ਵਿਚ ਰੋਗਾਣੂਨਾਸ਼ਕ ਗੁਣ ਹੁੰਦੇ ਹਨ:
– ਬੈਕਟੀਰੀਆ: ਇਹ ਬੈਕਟੀਰੀਆ ਦੇ ਵਿਕਾਸ ਨੂੰ ਰੋਕਣ ਅਤੇ ਲਾਗਾਂ ਨੂੰ ਘਟਾਉਣਾ ਮਦਦਗਾਰ ਹੁੰਦਾ ਹੈ।
– ਫੰਗਸ ਵਿਰੋਧੀ ਗੁਣ: ਅੰਬ ਵਿਚ ਵੱਖ-ਵੱਖ ਫੰਗਲ ਕਿਸਮਾਂ ਦੇ ਵਿਰੁੱਧ ਐਂਟੀਫੰਗਲ ਗੁਣ ਹੁੰਦੇ ਹਨ।
– ਵਾਇਰਸ ਵਿਰੋਧੀ ਗੁਣ: ਅੰਬ ਵਿਚ ਕੁਝ ਕਿਸਮ ਦੇ ਵਾਇਰਸਾਂ ਦੇ ਵਿਰੁੱਧ ਸੰਭਾਵੀ ਐਂਟੀਵਾਇਰਲ ਗੁਣ ਵੀ ਪਾਏ ਜਾਂਦੇ ਹਨ।5. ਚਮੜੀ ਅਤੇ ਵਾਲਾਂ ਲਈ ਫਾਇਦੇਮੰਦ
ਅੰਬ ਬੀਟਾ-ਕੈਰੋਟੀਨ ਅਤੇ ਵਿਟਾਮਿਨ ਏ ਨਾਲ ਭਰਪੂਰ ਹੁੰਦੇ ਹਨ ਜੋ ਸਿਹਤਮੰਦ ਚਮੜੀ ਅਤੇ ਵਾਲਾਂ ਨੂੰ ਤੰਦਰੁਸਤ ਰੱਖਦੇ ਹਨ।
6 .ਹੋਰ ਫਾਇਦੇ
- – ਇਮਿਊਨ ਸਿਸਟਮ ਲਈ ਫਾਇਦੇਮੰਦ : ਅੰਬ ਵਿਚ ਮੌਜੂਦ ਵਿਟਾਮਿਨ ਸੀ ਅਤੇ ਹੋਰ ਪੌਸ਼ਟਿਕ ਤੱਤ ਇਮਿਊਨਿਟੀ ਵਧਾਉਂਣ ਵਿਚ ਸਹਾਈ ਹੁੰਦੇ ਹਨ।
– ਦਿਲ ਦੀ ਸਿਹਤ ਲਈ ਫਾਇਦੇਮੰਦ : ਅੰਬ ਵਿਚ ਮੌਜੂਦ ਮੈਂਗੀਫੇਰਿਨ ਅਤੇ ਹੋਰ ਤੱਤ ਦਿਲ ਦੇ ਸੈੱਲਾਂ ਨੂੰ ਸੋਜ ਅਤੇ ਆਕਸੀਡੇਟਿਵ ਤਣਾਅ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ।
– ਰਵਾਇਤੀ ਦਵਾਈ ਵਜੋਂ ਵਰਤੋਂ : ਅੰਬ ਦੇ ਦਰੱਖਤ ਦੇ ਵੱਖ-ਵੱਖ ਹਿੱਸਿਆਂ ਦੀ ਵਰਤੋਂ ਆਯੁਰਵੈਦਿਕ ਦਵਾਈ ਵਿੱਚ ਦਸਤ, ਪੇਚਸ਼, ਅਨੀਮੀਆ ਅਤੇ ਸਾਹ ਸੰਬੰਧੀ ਵਿਕਾਰਾਂ ਵਰਗੀਆਂ ਬਿਮਾਰੀਆਂ ਦੇ ਇਲਾਜ ਲਈ ਅਕਸਰ ਕੀਤੀ ਜਾਂਦੀ ਹੈ। ਗੁਰੂ ਗਰੰਥ ਸਾਹਿਬ ਅਤੇ ਗੁਰਬਾਣੀ ਵਿਚ ਅੰਬ ਦਾ ਖਾਸ ਜਿਕਰ
ਚਕਵੀ ਸੂਰ ਸਨੇਹੁ ਚਿਤਵੈ ਆਸ ਘਣੀ ਕਦਿ ਦਿਨੀਅਰੁ ਦੇਖੀਐ ॥
ਕੋਕਿਲ ਅੰਬ ਪਰੀਤਿ ਚਵੈ ਸੁਹਾਵੀਆ ਮਨ ਹਰਿ ਰੰਗੁ ਕੀਜੀਐ ॥
ਆਸਾ ਮਹਲਾ ੫ ਛੰਤ ਘਰੁ ੬ ਪੰਨਾ ਨੰਬਰ 455 ਵਿਚ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਕਿ ਹੇ ਮੇਰੇ ਮਨ ਪਰਮਾਤਮਾ ਨਾਲ ਇਸ ਤਰ੍ਹਾਂ ਪਰੀਤ ਕਰ ਜਿਵੇਂ ਚੱਕਵੀ ਦੀ ਸੂਰਜ ਨਾਲ ਹੁੰਦੀ ਅਤੇ ਕੋਇਲ ਦੀ ਅੰਬ ਨਾਲ ਹੁੰਦੀ ਹੈ। ਉਹ ਅੰਬ ਪੱਕਣ ਦੀ ਖੁਸ਼ੀ ਵਿਚ ਉਹ ਕਿਵੇਂ ਗੀਤ ਗਾਉਂਦੀ ਹੈ।
ਗੁਰਬਾਣੀ ਦੇ ਵਿਚ ਅੰਬ ਦੇ ਜਿਕਰ ਦੀਆਂ ਕੁਝ ਹੋਰ ਉਦਾਰਨਾਂ
ਕੋਕਿਲ ਹੋਵਾ ਅੰਬਿ ਬਸਾ; ਸਹਜਿ ਸਬਦ ਬੀਚਾਰੁ ॥
ਸਹਜਿ ਸੁਭਾਇ ਮੇਰਾ ਸਹੁ ਮਿਲੈ; ਦਰਸਨਿ ਰੂਪਿ ਅਪਾਰੁ ॥੨॥
ਜਿਉ ਕੋਕਿਲ ਕਉ ਅੰਬੁ ਬਾਲਹਾ ਤਿਉ ਮੇਰੈ ਮਨਿ ਰਾਮਈਆ ॥੨॥
ਚੇਤੁ ਬਸੰਤੁ ਭਲਾ ਭਵਰ ਸੁਹਾਵੜੇ ॥
ਬਨ ਫੂਲੇ ਮੰਝ ਬਾਰਿ ਮੈ ਪਿਰੁ ਘਰਿ ਬਾਹੁੜੈ ॥
ਪਿਰੁ ਘਰਿ ਨਹੀ ਆਵੈ ਧਨ ਕਿਉ ਸੁਖੁ ਪਾਵੈ ਬਿਰਹਿ ਬਿਰੋਧ ਤਨੁ ਛੀਜੈ ॥
ਕੋਕਿਲ ਅੰਬਿ ਸੁਹਾਵੀ ਬੋਲੈ ਕਿਉ ਦੁਖੁ ਅੰਕਿ ਸਹੀਜੈ ॥ {ਪੰਨਾ 1108}
ਭਾਈ ਗੁਰਦਾਸ ਦੀਆਂ ਵਾਰਾਂ ਵਿਚ ਅੰਬ ਦਾ ਜਿਕਰ
ਭਾਈ ਗੁਰਦਾਸ ਦੀਆਂ ਵਾਰਾਂ ਵਿਚ ਵੀ ਅੰਬ ਦਾ ਜਿਕਰ ਅਨੇਕਾਂ ਵਾਰ ਮਿਲਦਾ ਹੈ। ਜਿਵੇ ਕਿ-
ਅੱਕੈ ਕੇਰੀ ਖੱਖੜੀ ਕੋਈ ਅੰਬ ਨਾ ਆਖੈ
ਪੰਜਾਬੀ ਲੋਕਧਾਰ ਅਤੇ ਸਾਹਿਤ ਵਿਚ ਅੰਬ ਦਾ ਜਿਕਰ
ਪੰਜਾਬੀ ਲੋਕਧਾਰਾ ਅਤੇ ਸਾਹਿਤ ਵਿਚ ਅੰਬ ਦਾ ਜਿਕਰ ਸਿਰ ਚੜ੍ਹ ਕੇ ਬੋਲਦਾ ਹੈ। ਪੰਜਾਬੀ ਦੀ ਹਰ ਸਾਹਿਤ ਰੂਪ ਵਿਚ ਅੰਬ ਦਾ ਜਿਕਰ ਬਾਖੂਬੀ ਕੀਤਾ ਗਿਆ ਹੈ। ਜਿਵੇਂ ਕਿ-
ਗੀਤਾਂ, ਲੋਕ ਗੀਤਾਂ, ਟੱਪਿਆ, ਬੋਲੀਆਂ ਅਤੇ ਬੁਝਾਰਤਾਂ ਵਿੱਚ ਅੰਬ ਦਾ ਜਿਕਰ
ਪੰਜਾਬੀ ਗੀਤਾਂ, ਲੋਕ ਗੀਤਾਂ, ਟੱਪਿਆ, ਬੋਲੀਆਂ ਅਤੇ ਬੁਝਾਰਤਾਂ ਵਿੱਚ ਅੰਬ ਦਾ ਬਾਕਾਮਾਲ ਜ਼ਿਕਰ ਮਿਲਦਾ ਹੈ। ਇੱਕ ਪੰਜਾਬੀ ਗੀਤ ਇਸ ਦੀ ਵਿਸ਼ੇਸ਼ ਉਦਾਹਰਣ ਹੈ ਕਿ-
ਤੇਰੀ ਮੇਰੀ, ਮੇਰੀ ਤੇਰੀ ਇੱਕ ਜਿੰਦੜੀ ਸੀ ਹੁਣ ਭੁੱਲ ਗਈ ਏਂ ਪਿਆਰ ਅਸਾਡਾ
ਨੀ ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ਼ ਦੁਆਬਾ…
ਜਾਂ
ਜਿੰਦ ਮਾਹੀ ਅੰਬੀਆਂ ਨੂੰ ਪੈ ਗਿਆ ਬੂਰ
ਵੇ ਜੱਟੀਆਂ ਦੇ ਮੁੱਖੜੇ ’ਤੇ ਗਿੱਠ-ਗਿੱਠ ਨੂਰ
ਜੀਹਨੂੰ ਦੇਖ ਕੇ ਚੜ੍ਹੇ ਸਰੂਰ…
ਇਕ ਪਲ ਬਹਿ ਜਾਣਾ ਮੇਰੇ ਕੋਲ
ਵੇ ਤੇਰੇ ਮਿੱਠੜੇ ਈ ਲੱਗਦੇ ਨੇ ਬੋਲ…
ਲੋਕ ਗੀਤਾਂ ਵਿਚ ਅੰਬ ਦਾ ਜਿਕਰ
ਅੰਬੀ ਦਾ ਬੂਟਾ ਹਰਿਆ ਨੀ ਮਾਏ, ਧੀਆਂ ਨੂੰ ਵਿਦਿਆ ਜਦ ਕਰਿਆ ਨੀ ਮਾਏ…
ਬਾਬਲ ਨੇ ਹਾਉਕਾ ਭਰਿਆ ਨੀ ਮਾਏ, ਤੇਰੇ ਜਿਗਰੇ ਤੋਂ ਜਾਈਏ ਵਾਰੇ…
ਰੱਤੀਆਂ ਜੱਗ ਦੀਆਂ ਅੱਗੇ ਹਾਰੇ, ਤੇਰੇ ਜਿਗਰੇ ਤੋਂ ਜਾਈਏ ਵਾਰੇ…
ਬੋਲੀਆਂ ਵਿਚ ਅੰਬ ਦਾ ਜਿਕਰ
ਜੇਠ ਹਾੜ ਵਿਚ ਅੰਬ ਬਥੇਰੇ ਸੌਣ ਜਾਮਨੂੰ ਪੀਲ੍ਹਾਂ!
ਰਾਂਝਿਆ ਆ ਜਾ ਵੇ, ਤੈਨੂੰ ਪਾ ਕੇ ਪਟਾਰੀ ਵਿਚ ਕੀਲਾਂ!
ਅੰਬ ਚੂਪਦੀ ਚੌਬਾਰੇ ਉੱਤੇ ਚੜ੍ਹ ਕੇ, ਗਵਾਂਢੀਆਂ ਨੂੰ ਮਾਰੇ ਗਿਟਕਾਂ
ਸਿਆਣੀ ਹੋ ਗਈ ਕਿਤਾਬਾਂ ਚਾਰ ਪੜ੍ਹ ਕੇ, ਗਵਾਂਢੀਆਂ ਨੂੰ ਮਾਰੇ ਗਿਟਕਾਂ।
ਜਾਂ
ਅੰਬੀਆਂ ਦੇ ਬੂਟਿਆਂ ਨੂੰ ਪੈ ਗਿਆ ਏ ਬੂਰ ਵੇ
ਰੁੱਤ ਇਹ ਪਿਆਰਾਂ ਵਾਲੀ ਮਾਹੀਆ ਮੇਰਾ ਦੂਰ ਵੇ
ਮੁੰਡਾ ਰੋਵੇ ਅੰਬ ਨੂੰ ਤੂੰ ਕਾਹਦਾ ਪਟਵਾਰੀ
ਟੱਪਿਆਂ ਅਤੇ ਮਾਹੀਆ ਵਿਚ ਅੰਬ ਦਾ ਜਿਕਰ
ਰਾਵੀ ਵਿਚ ਅੰਬ ਤਰਦਾ
ਏਸ ਜੁਦਾਈ ਨਾਲੋਂ ਰੱਬ ਪੈਦਾ ਈ ਨਾ ਕਰਦਾ।
ਅੰਬੀ ਦਾ ਬੂਟਾ ਏ…
ਤੇਰੇ ਬਿਨਾ ਵੇ ਮਾਹੀਆ ਸਾਡਾ ਜਿਓਣਾ ਝੂਠਾ ਏ
ਵਾਰਿਸ ਦੀ ਹੀਰ ਵਿਚ ਅੰਬ ਦਾ ਜਿਕਰ
ਦਾਗ਼ ਅੰਬ ਤੇ ਸਾਰ ਦਾ ਲਹੇ ਨਾਹੀਂ, ਦਾਗ਼ ਇਸ਼ਕ ਦਾ ਭੀ ਨਾ ਜਾਇ ਮੀਆਂ
ਮੈਂ ਮੰਗ ਦਰਗਾਹ ਥੀਂ ਲਿਆ ਰਾਂਝਾ, ਚਾਕ ਬਖ਼ਸ਼ਿਆ ਆਪ ਖ਼ੁਦਾ ਮੀਆਂ।
ਪ੍ਰੋ. ਮੋਹਨ ਸਿੰਘ ਕਵਿਤਾ ਅੰਬੀ ਦਾ ਬੂਟਾ ਇਸ ਦੀ ਬਾਕਮਾਲ ਉਦਾਰਨ ਹੈ।
ਇੱਕ ਬੂਟਾ ਅੰਬੀ ਦਾ
ਘਰ ਸਾਡੇ ਲੱਗਾ ਨੀ
ਜਿਸ ਥੱਲੇ ਬਹਿਣਾ ਨੀ
ਸੁਰਗਾਂ ਵਿਚ ਰਹਿਣਾ ਨੀ
ਕੀ ਉਸ ਦਾ ਕਹਿਣਾ ਨੀ
ਵਿਹੜ੍ਹੇ ਦਾ ਗਹਿਣਾ ਨੀ
ਪਰ ਮਾਹੀ ਬਾਝੋਂ ਨੀ
ਪਰਦੇਸੀ ਬਾਝੋਂ ਨੀ
ਇਹ ਮੈਨੂੰ ਵੱਢੇ ਨੀ
ਤੇ ਖੱਟਾ ਲਗਦਾ ਏ।
ਏਸ ਬੂਟੇ ਥੱਲੇ ਜੇ
ਮੈਂ ਚਰਖ਼ਾ ਡਾਹੁਣੀ ਆਂ
ਤੇ ਜੀ ਪਰਚਾਨੀ ਆਂ
ਦੋ ਤੰਦਾਂ ਪਾਵਣੀ ਆਂ
ਕੋਇਲਾਂ ਦੀਆਂ ਕੂਕਾਂ ਨੀ
ਪੀੜ੍ਹੇ ਨੂੰ ਭੰਨਾਂ ਮੈਂ
ਚਰਖ਼ੇ ਨੂੰ ਫੂਕਾਂ ਨੀ
ਫੇਰ ਡਰਦੀ ਭਾਭੋ ਤੋਂ
ਲੈ ਬਹਾਂ ਕਸੀਦੇ ਜੀ
ਯਾਦਾਂ ਵਿਚ ਡੁੱਬੀ ਦਾ
ਦਿਲ ਕਿਧਰੇ ਜੁੜ ਜਾਏ ਨੀ
ਤੇ ਸੂਈ ਕਸੀਦੇ ਦੀ
ਪੋਟੇ ਵਿਚ ਪੁੜ ਜਾਏ ਨੀ
ਸੁਰਜੀਤ ਪਾਤਰ ਦੀ ਕਵਿਤਾ ਵਿਚ ਅੰਬੀਆਂ ਦਾ ਜਿਕਰ
ਪਿਆ ਅੰਬੀਆਂ ਨੂੰ ਬੂਰ ਸੀ ਕਿ ਕੋਇਲ ਕੂਕ ਪਈ,
ਕਿਸੇ ਜਿੰਦ ਬੀਆਬਾਨ ਦੀ ਗਵਾਹ ਬਣ ਕੇ।
ਕੋਈ ਡਾਲੀਆਂ ਚੋਂ ਲੰਘਿਆ ਹਵਾ ਬਣ ਕੇ,
ਅਸੀਂ ਰਹਿ ਗਏ ਬਿਰਖ ਵਾਲੀ ਹਾਅ ਬਣ ਕੇ।
ਪੰਜਾਬੀ ਅਖਾਣਾ ਵਿਚ ਅੰਬ ਦਾ ਜਿਕਰ
ਅੰਬ ਖਾਣੇ ਐਂ ਕਿ ਪੇੜ ਗਿਣਨੇ ਨੇ
ਅੰਬਾਂ ਦੀ ਭੁੱਖ ਅੰਬਾਕੜੀਆਂ ਨਾਲ਼ ਨਹੀਂ ਲਹਿੰਦੀ
ਬੀਜੇ ਅੰਬ ਤੇ ਲੱਗੇ ਅੱਕ
ਕਿਸੇ ਦੇ ਅੰਬ ਤੇ ਕਿਸੇ ਦੀਆਂ ਅੰਬੀਆਂ
ਅੰਬ ਆਵੇ ਅਤੇ ਛੁਰੀ ਗਵਾਚ ਜਾਵੇ
ਅੰਬ ਫਲੇ ਤੇ ਨਿਉਂਦਾ ਏ, ਬਾਥੂ ਫੁੱਲੇ ਤਾਂ ਉਸਰਦਾ ਏ
ਅੰਬਾਂ ਨੂੰ ਕੱਟ ਕੇ, ਅੱਕ ਨੂੰ ਵਾੜ ਭਾਵ ਅੰਬ ਵੱਢ ਕੇ ਅੱਕਾਂ ਨੂੰ ਵਾੜ ਕਰਨਾ।
ਅੰਬ ਨਾ ਲਗਦੇ ਟਾਹਲੀਆਂ, ਤੂਤ ਨਾ ਲੱਗਣ ਸ਼ਰੀਂਹਾਂ।
ਅੰਬਾਂ ਦੇ ਭੁਲਾਵੇ ਅੱਕਾਂ ਕੂੰ ਗੱਲ ਲਾਵੇ, ਮੱਤ ਬੋਅ ਅੰਬਾਂ ਦੀ ਆਵੇ
ਅੰਬ ਅੰਮ੍ਰਿਤਸਰ ਦਾ , ਰੋਟੀ ਕਸ਼ਮੀਰ ਦੀ, ਤਿਲ਼ ਬੀਕਾਨੇਰ ਦੇ, ਹੈਗੇ ਇਕੋ ਬੇਲ ਦੇ।
ਜਦੋਂ ਖਿਆਲੀਂ ਅੰਬ ਤੋੜਨੇ, ਫਿਰ ਟੋਕਰੀ ਕਾਹਤੋਂ ਊਣੀ ਰੱਖਣੀ।….
ਪੰਜਾਬੀ ਬੁਝਾਰਤਾਂ ਵਿਚ ਅੰਬ ਦਾ ਜਿਕਰ:
ਅੰਬ ਨਹੀਂ ਅਨਾਰ ਨਹੀਂ, ਮਿੱਠੇ ਦਾ ਸ਼ੁਮਾਰ ਨਹੀਂ, ਅੰਬ ਹੈ ਗਿਟਕ ਨਾਲ਼ ਨਹੀਂ (ਸ਼ਹਿਦ)
ਅੰਬ ਅੰਬੇ ਧਰਤ ਕੰਬੇ, ਚੋਰ ਵੇਖੇ ਲੈ ਨਾ ਸਕੇ (ਹਾਥੀ)