PUNJABI AKHAAN KOSH/ਪੰਜਾਬੀ ਅਖਾਣ ਕੋਸ਼ ਭਾਗ-2
PUNJABI AKHAAN KOSH : ਇਸ ਭਾਗ ਵਿਚ ਤੁਸੀਂ ‘ਕ’ ਅੱਖਰ ਤੋਂ ਲੈ ਕੇ ‘ਘ’ ਅੱਖਰ ਤੱਕ ਪੰਜਾਬੀ ਦੇ ਅਨੇਕਾਂ ਅਖਾਣ ਪੜ੍ਹ ਸਕੋਗੇ, ਜੋ ਬੜੇ ਹੀ ਵਿਲੱਖਣ ਹਨ ਅਤੇ ਮੌਜੂਦਾ ਸਮੇਂ ਅਤੇ ਸੰਦਰਭ ਅਨੁਸਾਰ ਬਹੁਤ ਢੁਕਵੇਂ ਹਨ ਅਤੇ ਸੋਧ ਕੇ ਲਿਖੇ ਗਏ ਹਨ।
BEST AND BIGGEST COLLECTIONS OF AKHAAN-BY JASBIR WATTAWALI
ਇਸ ਚੈਪਟਰ ਤੁਸੀਂ ‘ਕ’ ਅੱਖਰ ਵਾਲੇ ਸਾਰੇ ਅਖਾਣ ਅਤੇ ਉਨ੍ਹਾਂ ਦੀ ਵਰਤੋਂ ਸਬੰਧੀ ਭਾਵ-ਅਰਥਾਂ ਸਮੇਤ ਪੜ੍ਹੋਗੇ।
- ਕਊਏ ਕਹਾਂ ਕਪੂਰ ਚਰਾਏ। ਇਹ ਅਖਾਣ ਗੁਰਬਾਣੀ ਦੀ ਇਕ ਪੰਕਤੀ ਹੈ। ਭਗਤ ਕਬੀਰ ਜੀ ਰਾਗ ਆਸਾ ਵਿਚ ਫਰਮਾਉਂਦੇ ਹਨ ਕਿ-
ਕਹਾ ਸੁਆਨ ਕਉ ਸਿਮ੍ਰਿਤਿ ਸੁਨਾਏ ॥
ਕਹਾ ਸਾਕਤ ਪਹਿ ਹਰਿ ਗੁਨ ਗਾਏ ॥
ਰਾਮ ਰਾਮ ਰਾਮ ਰਮੇ ਰਮਿ ਰਹੀਐ ॥
ਸਾਕਤ ਸਿਉ ਭੂਲਿ ਨਹੀ ਕਹੀਐ ॥
ਕਊਆ ਕਹਾ ਕਪੂਰ ਚਰਾਏ ॥
ਅਖਾਣ ਦਾ ਭਾਵ ਅਰਥ ਇਹ ਹੈ ਕਿ ਜਿਵੇਂ ਕਾਂ ਗੰਦਗੀ ਖਾਂਦਾ ਹੈ ਅਤੇ ਉਸ ਨੂੰ ਮਹਿਕਦੀ ਹੋਈ ਕਪੂਰ ਖਵਾਉਣ ਦਾ ਕੋਈ ਅਰਥ ਨਹੀਂ । ਤਿਵੇਂ ਹੀ ਵਿਕਾਰਾਂ ਅਤੇ ਦੁਰਅਚਾਰਾਂ ਵਿਚ ਗ੍ਰੱਸੇ ਮਨੁੱਖਾਂ ਨੂੰ ਚੰਗੀ ਸਿੱਖਿਆ ਦਾ ਕੋਈ ਅਸਰ ਨਹੀਂ ਹੁੰਦਾ। - ਕਸਾਈਆਂ ਕੋਲ ਬੱਕਰੀਆਂ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਭੋਲ਼ਾ-ਭਾਲ਼ਾ ਮਨੁੱਖ ਸ਼ੈਤਾਨ ਲੋਕਾਂ ਦੇ ਹੱਥਾਂ ਵਿਚ ਆ ਜਾਵੇ।
- ਕਹਾਂ ਰਾਜਾ ਭੋਜ, ਕਹਾਂ ਗੰਗੂ ਤੇਲੀ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਜਦੋਂ ਕਿਸੇ ਛੋਟੇ ਅਤੇ ਹੀਣੇ ਮਨੁੱਖ ਦੀ ਤਲਨਾ ਕਿਸੇ ਹੋਣਹਾਰ ਸ਼ਖਸੀਅਤ ਨਾਲ ਕਰਨੀ ਹੋਵੇ।
- ਕਹਿਣਾ ਸੈਲ ਤੇ ਕਰਨ ਔਖੇਰਾ। ਅਰਥ ਸਪੱਸ਼ਟ ਹਨ।
- ਕਹਿਣਾ ਜੀ, ਤੇ ਲੈਣਾ ਕੀ ? ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਜੇਕਰ ਤੁਸੀਂ ਸਾਰਿਆਂ ਨੂੰ ਸਤਿਕਾਰ ਨਾਲ ਬਲਾਉਂਦੇ ਹੋ ਤਾਂ ਇਹ ਕਾਫੀ ਵੱਡਾ ਗੁਣ ਹੈ।
- ਕਹਿਣੀ ਕਰਨੀ ਕੱਖ ਦੀ, ਤੇ ਗੱਲ ਲੱਖ–ਲੱਖ ਦੀ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਦੀ ਕਹਿਣੀ ਅਤੇ ਕਰਨੀ ਵਿਚ ਵੱਡਾ ਅੰਤਰ ਹੁੰਦਾ ਹੈ। ਸਾਹਮਣੇ ਵਾਲਾ ਫੜ੍ਹਾਂ ਤਾਂ ਵੱਡੀਆਂ-ਵੱਡੀਆਂ ਮਾਰਦਾ ਹੈ ਪਰ ਪੱਲੇ ਕੁਝ ਨਹੀਂ ਹੁੰਦਾ।
- ਕਹੀ, ਕੁਹਾੜਾ ਟੁੱਕੀਐ, ਟੁੱਕੀ ਗਈ ਹੈ ਚੀੜ, ਛੱਜ, ਹਜ਼ਾਰਾਂ, ਹਿੱਲਿਆ, ਹਿੱਲ ਗਿਆ ਕਸ਼ਮੀਰ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਅੱਤਕਥਨੀ ਦਾ ਪ੍ਰਗਟਾਵਾ ਕਰਨਾ ਹੋਵੇ।
- ਕੱਕਾ, ਕੈਰਾ, ਨੂੰਹ ਭਰਾ, ਤੇ ਨਾ ਛਾਤੀ ’ਤੇ ਵਾਲ, ਚਾਰੇ ਖੋਟੇ ਜੇ ਮਿਲਣ, ਦੂਰੋਂ ਗੰਢ ਸੰਭਾਲ। ਇਸ ਅਖਾਣ ਦੇ ਭਾਵ ਅਰਥ ਅਨੁਸਾਰ, ਇਹ ਚਾਰ ਕਿਸਮਾਂ ਦੇ ਮਨੁੱਖਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ।
- ਕੱਖ ਹੱਲਿਆ ਤੇ ਚੋਰ ਚੱਲਿਆ।… ਜਾਂ ਘੁੱਗੂ ਵੱਜਿਆ ਤੇ ਚੋਰ ਭੱਜਿਆ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਚੋਰ ਦੇ ਮਨ ਵਿਚ ਡਰ-ਭੈਅ ਆਮ ਮਨੁੱਖ ਨਾਲ ਜਿਆਦਾ ਹੁੰਦਾ ਹੈ। ਜਸਬੀਰ ਵਾਟਾਂਵਾਲੀਆ
- ਕੱਖਾਂ ਤੋਂ ਲੱਖ, ਤੇ ਲੱਖਾਂ ਤੋਂ ਕੱਖ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਮਨੁੱਖ ਦੇ ਦਿਨ ਬਦਲਦਿਆ ਦੇਰ ਨਹੀਂ ਲੱਗਦੀ। ਕੋਈ ਬਾਦਸ਼ਾਹ ਤੋਂ ਭਿਖਾਰੀ ਬਣ ਸਕਦਾ ਹੈ ਅਤੇ ਕੋਈ ਭਿਖਾਰੀ ਤੋਂ ਬਾਦਸ਼ਾਹ ਵੀ ਬਣ ਸਕਦਾ ਹੈ।
- ਕੱਖਾਂ ਦੀ ਕੁੱਲੀ, ਤੇ ਪਰਨਾਲਾ ਚਾਂਦੀ ਦਾ। ਇਹ ਅਖਾਣ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸ ਅਸਲ ਹਾਲਾਤ ਤਾਂ ਬਦ ਤੋਂ ਬਦਤਰ ਹੋਣ ਪਰ ਵਿਖਾਵਾ ਉਹ ਬਾਦਸ਼ਾਹਾਂ ਵਾਲਾ ਕਰੇ।
- ਕੱਖਾਂ ਦੀ ਕੁੱਲੀ, ਤੇ ਹਾਥੀ ਦੰਦ ਦਾ ਪਰਨਾਲਾ। ਉਹੀ ਅਰਥ
- ਕੱਖਾਂ ਦੀ ਬੇੜੀ, ਤੇ ਬਾਂਦਰ ਮਲਾਹ। ਇਹ ਅਖਾਣ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਘਰ, ਕਬੀਲੇ ਜਾਂ ਦੇਸ਼ ਦੇ ਹਾਲਾਤ ਪਹਿਲਾਂ ਹੀ ਚੰਗੇ ਨਾਂ ਹੋਣ ਅਤੇ ਉਤੋਂ ਉਸ ਆਗੂ ਹੋਰ ਵੀ ਨਿਕੰਮੇ ਬਣ ਜਾਣ।
- ਕੱਖੋਂ ਹੌਲੇ, ਤੇ ਪਾਣੀਓਂ ਪਤਲੇ। ਇਹ ਅਖਾਣ ਕਿਸੇ ਦੀ ਤਰਯੋਗ ਹਾਲਤ ਨੂੰ ਦਰਸਾਉਣ ਲਈ ਬੋਲਿਆ ਜਾਂਦਾ ਹੈ।
- ਕੱਚੇ ਹੁੰਦੇ ਪਚਾਦੜੇ, ਸਾੜ ਗਵਾਈ ਤੂੜੀ। ਇਹ ਅਖਾਣ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਆਪਣੀ ਹੇਠੀ ਹੁੰਦੀ ਦੇਖ ਆਪਣਾ ਹੋਰ ਨੁਕਸਾਨ ਕਰੇ।
- ਕੱਚੇ ਤੰਦ ਦਾ ਧਾਗਾ, ਨਾ ਟੁੱਟਦਿਆਂ ਚਿਰ ਲੱਗੇ ਨਾ ਗੰਢਦਿਆਂ। ਇਹ ਅਖਾਣ ਕੱਚੀ ਉਮਰ ਦੇ ਵਿਚ ਜੁੜਨ ਅਤੇ ਟੁੱਟਣ ਵਾਲੇ ਰਿਸ਼ਤਿਆਂ ਨੂੰ ਦਰਸਾਉਣ ਲਈ ਬੋਲਿਆ ਜਾਂਦਾ ਹੈ।
- ਕੱਚੇ ਦਾ ਕੱਚ, ਕਦੇ ਨਾ ਹੋਵੇ ਸੱਚ। ਇਸ ਅਖਾਣ ਦੇ ਅਰਥ ਅਨੁਸਾਰ ਅਸੂਲ ਵਿਹੂਣੇ ਅਤੇ ਅੰਞਾਣੇ ਮਨੁੱਖ ਦਾ ਕੋਈ ਯਕੀਨ ਨਹੀਂ। ਇਸ ਦੇ ਲਈ ਇਕ ਅਖਾਣ…..ਇਹ ਵੀ ਹੈ।
- ਕੱਚੇ ਦੀ ਗੱਲ ਕੱਚੀ, ਕਦੇ ਨਾ ਹੁੰਦੀ ਸੱਚੀ।
- ਕੱਛ ‘ਚ ਛੁਰੀ, ਮੂੰਹ ‘ਚ ਰਾਮ ਰਾਮ। ਇਹ ਅਖਾਣ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਉਪਰੋਂ ਤਾਂ ਮੂੰਹ ਦਾ ਮਿੱਠਾ ਹੋਵੇ ਪਰ ਉਸਦਾ ਅੰਦਰੂਨੀ ਅਤੇ ਅਸਲ ਵਿਹਾਰ ਮਾਰਖੋਰਾ ਹੋਵੇ।
- ਕੱਛ ਵਿੱਚ ਡਾਂਗ, ਨਾ ਗਰੀਬ ਦਾਸ। ਇਹ ਅਖਾਣ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਦਾ ਨਾਂ ਤਾਂ ਮਸਕੀਨਾਂ ਵਾਲਾ ਹੋਵੇ ਪਰ ਕੰਮ ਬਦਮਾਸ਼ਾਂ ਵਾਲੇ ਹੋਣ।
- ਕੱਜਲ ਦੀ ਕੋਠੀ, ਸਦਾ ਹੀ ਖੋਟੀ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਬੁਰੇ ਕੰਮ ਦਾ ਬੁਰਾ ਨਤੀਜ਼ਾ ਹੁੰਦ ਹੈ। ਜਾਂ ਬੁਰੀ ਦਾ ਬੁਰਾ ਅਸਰ ਹੋਣਾ ਲਾਜ਼ਮੀ ਹੈ।
- ਕੱਟੇ ਦਾ ਬਲ਼ਦ ਭਣਵੱਈਆ। ਇਹ ਅਖਾਣ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਬੇਜੋੜ ਰਿਸ਼ਤਾ ਜਾਂ ਯਾਰੀ ਨਿਭਾਅ ਰਿਹਾ ਹੋਵੇ।
- ਕੱਟੇ ਨੂੰ ਮਣ ਦੁੱਧ ਦਾ ਕੀ ਭਾਅ ? ਇਹ ਅਖਾਣ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਬੰਦਾ ਆਪਣੇ ਮੂਲ ਹੱਕ ਤੋਂ ਵਾਂਝਾ ਰੱਖਿਆ ਜਾ ਰਿਹਾ ਹੋਵੇ।
- ਕੱਟੇ, ਕਦੀ ਨਾ ਚੁੰਘਣ ਵੱਟੇ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਕੋਈ ਜਾਨਵਰ ਜਾਂ ਮਨੁੱਖ ਐਨਾ ਭੋਲ਼ਾ ਨਹੀਂ ਹੁੰਦਾ ਕਿ ਉਹ ਆਪਣੇ ਜੀਣ ਦੇ ਮੂਲ ਅਧਾਰ ਨੂੰ ਵੀ ਨਾ ਸਮਝਦਾ ਹੋਵੇ।
- ਕੰਡਾ ਕਢਵਾਉਣ ਆਈ, ਤੇ ਘੰਡੀ ਭੰਨਵਾ ਬੈਠੀ। ਇਹ ਅਖਾਣ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਕਿਸੇ ਤੋਂ ਕੰਮ ਕਰਵਾਉਣ ਆਇਆ ਹੋਵੇ ਪਰ ਬਿਨਾ ਵਜ੍ਹਾ ਉਸ ਨਾਲ ਉਲਝ ਕੇ ਉਲਟਾ ਆਪਣਾ ਨੁਕਸਾਨ ਕਰਵਾ ਬੈਠੇ।
- ਕੰਡਾ, ਕੰਡੇ ਨਾਲ ਹੀ ਨਿਕਲਦਾ ਏ। ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਤਕਲੀਫ ਝੱਲ ਕੇ ਤਕਲੀਫ ਦੂਰ ਹੁੰਦੀ ਹੈ।
- ਕਣਕ, ਕਮਾਦੀ ਸੰਘਣੀ, ਵਿੱਥੋ-ਵਿੱਥ ਕਪਾਹ, ਕੰਬਲ ਦਾ ਝੁੰਬ ਮਾਰ ਕੇ, ਛੋਲਿਆਂ ਵਿੱਚ ਦੀ ਜਾਹ। ਇਹ ਅਖਾਣ ਕਣਕ, ਕਮਾਦ, ਕਪਾਹ ਅਤੇ ਛੋਲੇ ਅਦਿ ਫਸਲਾਂ ਨੂੰ ਸਹੀ ਵਿੱਥ ਤੇ ਅਤੇ ਸਹੀ ਢੰਗ ਨਾਲ ਬੀਜਣ ਦੀ ਤਾਕੀਦ ਕਰਨ ਲਈ ਬੋਲਿਆ ਜਾਂਦਾ ਹੈ।
- ਕਣਕ, ਕਮਾਦੀ ਮੇਹਣਾ, ਜੇਕਰ ਰਹਿਣ ਵਿਸਾਖ। ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਕਣਕ ਅਤੇ ਕਮਾਦ ਦੀ ਫਸਲ ਵਿਸਾਖ ਦੇ ਮਹੀਨੇ ਤੱਕ ਵੱਢ ਕੇ ਪੂਰੀ ਤਰ੍ਹਾਂ ਸੰਭਾਲ ਲਈ ਜਾਂਦੀ ਹੈ ਅਤੇ ਇਸਦਾ ਰਹਿ ਜਾਣਾ ਮਿਹਣੇ ਵਾਂਗ ਹੁੰਦਾ ਹੈ।
- ਕਣਕ ਘਟੇਂਦਿਆਂ, ਗੁੜ ਘਟੇ, ਮੰਦੀ ਪਵੇ ਕਪਾਹ। ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਜੇਕਰ ਕਣਕ ਦਾ ਰੇਟ ਘੱਟਦਾ ਹੈ ਤਾਂ ਸਭ ਚੀਜ਼ਾਂ ਦਾ ਰੇਟ ਆਪਣੇ ਆਪ ਘਟ ਜਾਂਦਾ ਹੈ।
- ਕਣਕ ਚ ਕਾਂਗਿਆਰੀ। ਜਦੋਂ ਕਿਸੇ ਭਲੇਮਾਣਸ ਦੇ ਘਰ ਨਿਕੰਮੀ ਔਲਾਦ ਜੰਮ ਪਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
- ਕਣਕ ਡਿੱਗੇ ਕੰਬਖਤ ਦੀ, ਝੋਨਾ ਡਿੱਗੇ ਬਖਤਾਵਰਾਂ ਦਾ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਗਰੀਬਾਂ ਨੂੰ ਵਕਤ ਦੀ ਮਾਰ ਅਕਸਰ ਪੈਂਦੀ ਹੈ ਅਤੇ ਤਕੜੇ ਲੋਕਾਂ ਨੂੰ ਵਕਤ ਅਕਸਰ ਹੋਰ ਤੱਕੜੇ ਹੋਣ ਦੇ ਮੌਕੇ ਪ੍ਰਦਾਨ ਕਰਦਾ ਰਹਿੰਦਾ ਹੈ।
- ਕਣਕ ਤਾਂ ਤੇਰੀ ਵੱਡ ਚੱਲੇ, ਤੇ ਭਰੀਆਂ ਚੱਲੇ ਢੋਅ, ਮਾਂ ਤੇਰੀ ਨੂੰ ਲੈ ਚੱਲੇ ਕਰਕੇ ਗੈਸ ਦੀ ਲੋਅ। ਇਹ ਅਖਾਣ ਹਾਸੇ ਠੱਠੇ ਵਜੋਂ ਬੋਲਿਆ ਜਾਂਦਾ ਹੈ।
- ਕਣਕ ਨਾਲ ਘੁਣ ਵੀ ਪਿਸ ਜਾਂਦਾ ਹੈ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਦੋਂ ਕਈ ਲੜਾਈ ਜਾਂ ਘਮਸਾਨ ਹੁੰਦਾ ਹੈ ਤਾਂ ਵੱਡੇ ਲੋਕਾਂ ਨਾਲ ਜੁੜੇ ਹੋਏ ਹੋਰ ਛੋਟੇ-ਮੋਟੇ ਲੋਕ ਵੀ ਰਗੜੇ ਜਾਂਦੇ ਹਨ।
- ਕਣਕ ਪੁਰਾਣੀ, ਘਿਓ ਨਵਾਂ, ਘਰ ਸਤਵੰਤੀ ਨਾਰ, ਘੋੜਾ ਹੋਵੇ ਚੜ੍ਹਨ ਨੂੰ, ਚਾਰੇ ਸੁੱਖ ਸੰਸਾਰ। ਅਖਾਣ ਦੇ ਭਾਵ ਅਰਥ ਅਨੁਸਾਰ ਕਣਕ ਪੁਰਾਣੀ ਚੰਗੀ ਹੁੰਦੀ ਹੈ ਅਤੇ ਘਿਓ ਨਵਾਂ। ਇਸੇ ਤਰ੍ਹਾਂ ਘਰਵਾਲੀ ਆਗਿਆਕਾਰ ਹੋਵੇ ਅਤੇ ਜਰੂਰਤ ਦੇ ਹੋਰ ਸਾਰੇ ਸਾਧਨ ਹੋਣ ਤਾਂ ਮਨੁੱਖ ਨੂੰ ਹੋਰ ਕੀ ਚਾਹੀਦਾ ਹੈ।
- ਕਣਕ ਫਿੱਟੇ ਤਾਂ ਗੰਡੇਲ, ਆਦਮੀ ਫਿਟੇ ਤਾਂ ਜਾਂਞੀ। ਅਰਥ ਬਾਕੀ ਹਨ
- ਕਣਕ, ਕਮਾਦੀ, ਛੱਲੀਆਂ, ਹੋਰ ਜੋ ਖੇਤੀ ਕੁੱਲ, ਰੂੜੀ ਬਾਝ ਨਾ ਹੁੰਦੀਆਂ, ਇਹ ਨਾ ਜਾਵੀਂ ਭੁੱਲ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਰੂੜੀ ਕੋਈ ਵੀ ਫਸਲ ਨਹੀਂ ਹੁੰਦੀ।
- ਕਣਕ ਕੈਰੀ, ਤਿੱਲ ਸੰਘਣੇ, ਖੂਹ ਪੁਰਾਣੀ ਲੱਠ, ਮੁੱਢ ਪਵਾਏ ਖੇਤਰੀ, ਸਭ ਕੁਝ ਚੌੜ ਚੁਪੱਟ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਇਹ ਸਿੱਖਿਆ ਦੇਣੀ ਹੋਵੇ ਕਿ ਕਣਕ ਵਿਰਲੀ ਚੰਗੀ ਨਹੀਂ ਹੁੰਦੀ ਅਤੇ ਤਿੱਲ ਸੰਘਣੇ ਚੰਗੇ ਨਹੀਂ ਹੁੰਦੇ ਅਤੇ ਖੂਹ ਨੂੰ ਕਦੇ ਵੀ ਪੁਰਾਣੀ ਲੱਠ ਨਹੀਂ ਪਾਉਣੀ ਚਾਹੀਦੀ, ਇਹ ਸਾਰੇ ਕੰਮ ਘਾਟੇਵੰਦ ਹੁੰਦੇ ਹਨ ਅਤੇ ਲੈ ਡੁੱਬਦੇ ਹਨ।
- ਕੱਤਦਿਆਂ ਵੀ ਖਾਣਾ, ਤੇ ਵੱਤਦਿਆਂ ਵੀ ਖਾਣਾ। ਜਦੋਂ ਇਹ ਦੱਸਣਾ ਹੋਵੇ ਖਾਧੇ ਬਿਨਾਂ ਨਹੀਂ ਸਰਦਾ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
- ਕਦ ਬਾਬਾ ਮਰੇ, ਕਦ ਬੈਲ ਵੰਡੀਏ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਔਲਾਦ ਨਿਕੰਮੀ ਹੋਵੇ ਅਤੇ ਆਪਣੇ ਵਡੇਰਿਆਂ ਦੀ ਮੌਤ ਮੰਗ ਰਹੀ ਹੋਵੇ ਤਾਂ ਕਿ ਉਹ ਉਨ੍ਹਾਂ ਦੀ ਜਾਇਦਾਦ ਦੇ ਵਾਰਿਸ ਬਣ ਸਕਣ।
- ਕਦੇ ਤਾਂ ਕੁੱਤੇ ਦੇ ਵੀ ਦਿਨ ਫਿਰ ਜਾਂਦੇ ਨੇ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਕਦੇ-ਕਦੇ ਬਦਨਸੀਬ ਅਤੇ ਨਕਾਰਾ ਲੋਕਾਂ ਦੀ ਵੀ ਕਿਸਮਤ ਖੁਲ੍ਹ ਜਾਂਦੀ ਹੈ।
- ਕਦੇ ਤੋਲਾ, ਕਦੇ ਮਾਸਾ, ਭੈਣੇ ਉਹਦਾ ਕੀ ਭਰਵਾਸਾ। ਇਹ ਅਖਾਣ ਉਸ ਵਿਅਕਤੀ ਲਈ ਬੋਲਿਆ ਜਾਂਦਾ ਹੈ ਜੋ ਪਲ ਵਿੱਚ ਕੁਝ ਹੋਰ ਅਤੇ ਘੜੀ ਵਿੱਚ ਕੁਝ ਹੋਰ ਹੋ ਜਾਵੇ।
- ਕਦੇ ਦਾਦੇ ਦੀਆਂ, ਕਦੇ ਪੋਤੇ ਦੀਆਂ। ਇਹ ਅਖਾਣ ਤਕੜੀਆਂ ਅਤੇ ਮਾੜੀਆਂ ਧਿਰਾਂ ਦੇ ਵੱਲੋਂ ਇੱਕ ਦੂਜੇ ਦੇ ਪ੍ਰਤੀ ਖੇਡੇ ਜਾਂਦੇ ਪੈਂਤੜਿਆਂ ਨੂੰ ਦਰਸਾਉਣ ਲਈ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਜੇਕਰ ਸਾਹਮਣੇ ਵਾਲੀ ਤਕੜੀ ਧਿਰ ਨੇ ਕੋਈ ਦਾਅ ਖੇਡਿਆ ਹੈ ਤਾਂ ਵਾਰੀ ਉਸ ਦੀ ਵੀ ਆਏਗੀ। ਮਾੜੀ ਧਿਰ ਵੀ ਸਮਾਂ ਆਉਣ ਤੇ ਕੋਈ ਦਾਅ ਜਰੂਰ ਖੇਡੇਗੀ।
- ਕਦੋਂ ਜੰਮੀ, ਤੇ ਕਦੋਂ ਸੁਰਗ ਨੂੰ ਚਲੀ। ਜਦੋਂ ਕੋਈ ਛੋਟੀ ਉਮਰੇ ਵੱਡੇ ਖੇਖਣ ਕਰੇ ਤਾਂ ਹਾਸੇ ਠੱਠੇ ਅਤੇ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਕੰਧ ਉਹਲੇ, ਕੰਧਾਰ ਓਹਲੇ। ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਜੋ ਅੱਖਾਂ ਤੋਂ ਪਰੋਖੇ ਵਾਪਰ ਰਿਹਾ ਹੈ ਉਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।
- ਕੰਧ ਖਾਧੀ ਆਲ਼ਿਆ, ਤੇ ਘਰ ਖਾਧਾ ਸਾਲ਼ਿਆਂ। ਇਹ ਅਖਾਣ ਸਾਲਿਆਂ ਨੂੰ ਨਹੋਰਾ ਮਾਰਨ ਲਈ ਬੋਲਿਆ ਜਾਂਦਾ ਹੈ।
- ਕੰਧੀ ਉੱਤੇ ਰੁੱਖੜਾ, ਕਿਚਰ ਕੁ ਬੰਨ੍ਹੇ ਧੀਰ। ਇਹ ਅਖਾਣ ਬਜ਼ੁਰਗ ਅਵਸਥਾ ਨੂੰ ਦਰਸਾਉਣ ਲਈ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਬਜ਼ੁਰਗ ਅਵਸਥਾ ਵਿੱਚ ਮੌਤ ਕਿਸੇ ਵੇਲੇ ਵੀ ਆ ਸਕਦੀ ਹੈ। ਇਸ ਦੇਹ ਦਾ ਕੋਈ ਭਰੋਸਾ ਨਹੀਂ। ਇਸ ਲਈ ਅਖਾਣ ਨਦੀ ਕਿਨਾਰੇ ਰੁਖੜਾ ਕਿਚਰਕ ਬੰਨੇ ਧੀਰ ਵੀ ਕਿਹਾ ਜਾਂਦਾ ਹੈ।
- ਕੰਨ ਕਪਾਹ, ਤੇ ਥਿਗੜੀ ਲਾ। ਇਸ ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਕੁਝ ਗੱਲਾਂ ਕੰਨਾਂ ਵਿੱਚ ਰੂੰ ਦੇ ਕੇ ਸੁਣਨੀਆਂ ਪੈਂਦੀਆਂ ਹਨ।
- ਕੰਨਾਂ ਦਾ ਕੱਚਾ, ਕਦੇ ਨਾ ਹੁੰਦਾ ਸੁੱਚਾ। ਅਖਾਣ ਦਾ ਅਰਥ ਸਪਸ਼ਟ ਹੈ ਕਿ ਜੋ ਵਿਅਕਤੀ ਬਿਨਾਂ ਸੋਚੇ ਸਮਝਿਆ ਦੂਜਿਆਂ ਦੀਆਂ ਗੱਲਾਂ ਤੇ ਵਿਸ਼ਵਾਸ ਕਰਦਾ ਹੈ ਉਹ ਕਦੇ ਵੀ ਸੁਖਾਵੇਂ ਸਬੰਧ ਸਥਾਪਿਤ ਨਹੀਂ ਕਰ ਸਕਦਾ।
- ਕਪਟੀ ਦਾ ਬੋਲਿਆ ਤੇ ਕੁਸੱਤੀ ਦਾ ਤੋਲਿਆ, ਕਦੇ ਨਾ ਹੁੰਦਾ ਪੂਰਾ। ਅਖਾਣ ਦਾ ਭਾਵ ਅਰਥ ਇਹ ਹੈ ਕਿ ਜੇਕਰ ਛਲ ਅਤੇ ਕਪਟ ਰੱਖ ਕੇ ਬੋਲਿਆ ਅਤੇ ਤੋਲਿਆ ਜਾਵੇਗਾ ਤਾਂ ਉਹ ਕਦੇ ਵੀ ਪੂਰਾ ਨਹੀਂ ਹੋਵੇਗਾ।
- ਕੱਪੜੇ ਸਬੂਣੀ, ਤੇ ਦਾਲ ਅਲੂਣੀ। ਇਹ ਅਖਾਣ ਵਿਅੰਗ ਵਜੋਂ ਉਹਨਾਂ ਵਿਅਕਤੀਆਂ ਲਈ ਬੋਲਿਆ ਜਾਂਦਾ ਹੈ ਜੋ ਘਰ ਵਿੱਚ ਤਾਂ ਰੁੱਖਾ ਖਾ ਕੇ ਗੁਜ਼ਾਰਾ ਕਰਦੇ ਹਨ ਪਰ ਕੱਪੜੇ ਹਮੇਸ਼ਾ ਵੱਡੇ ਸੇਠਾਂ ਵਾਂਗੂ ਚਿੱਟੇ ਪਾ ਕੇ ਘੁੰਮਦੇ ਹਨ।
- ਕਪਾਹ ਦੀ ਫੁੱਟੀ, ਜਿੱਥੇ ਧਰੀ ਉੱਥੇ ਲੁੱਟੀ। ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਸੁੰਦਰ ਚੀਜ਼ ਜਾਂ ਔਰਤ ਨੂੰ ਹਮੇਸ਼ਾ ਲੁੱਟੇ ਜਾਣ ਦਾ ਖਤਰਾ ਹੁੰਦਾ ਹੈ ਕਿਉਂਕਿ ਸੁੰਦਰਤਾ ਨੂੰ ਦੇਖ ਕੇ ਹਰ ਕੋਈ ਬੇਈਮਾਨ ਹੋ ਜਾਂਦਾ ਹੈ।
- ਕਬਹੂ ਜੀਅੜਾ ਊਭਿ ਚੜ੍ਹਤ ਹੈ, ਕਬਹੂ ਜਾਇ ਪਟਿਆਲੇ। ਇਹ ਅਖਾਣ ਪਲ-ਪਲ ਬਦਲਦੀ ਮਨ ਦੀ ਅਵਸਥਾ ਨੂੰ ਦਰਸਾਉਣ ਲਈ ਬੋਲਿਆ ਜਾਂਦਾ ਹੈ । ਅਖਾਣ ਦੇ ਭਾਵ ਅਰਥ ਅਨੁਸਾਰ ਮਨ ਕਦੇ ਵੀ ਸਾਵਾਂ ਨਹੀਂ ਬੈਠਦਾ ਬਲਕਿ ਇਸ ਵਿੱਚ ਹਮੇਸ਼ਾ ਕਸ਼ਮਕਸ਼ ਅਤੇ ਉੱਪਰ-ਥਲੀ ਬਣੀ ਰਹਿੰਦੀ ਹੈ।
- ਕਬਰ ’ਚ ਲੱਤਾਂ, ਜਵਾਨੀ ਵਾਲੇ ਚੋਚਲੇ। ਹੇ ਅਖਾਣ ਵਿਅੰਗ ਵਜੋਂ ਉਸ ਵਿਅਕਤੀ ਲਈ ਬੋਲਿਆ ਜਾਂਦਾ ਹੈ ਜੋ ਬੁੱਢੀ ਉਮਰੇ ਜਵਾਨੀ ਵਾਲੀਆਂ ਹਰਕਤਾਂ ਕਰੇ।
- ਕਬਰਾਂ ਵਿੱਚ, ਬਰਾਬਰ ਸਾਰੇ। ਅਖਾਣ ਦਾ ਭਾਵ ਅਰਥ ਸਪਸ਼ਟ ਹੈ ਕਿ ਹਰ ਅਮੀਰ ਅਤੇ ਗਰੀਬ ਨੇ ਮਰਨ ਤੋਂ ਬਾਅਦ ਇੱਕੋ ਤਰ੍ਹਾਂ ਦੀ ਕਬਰ ਵਿੱਚ ਸੌਣਾ ਹੈ ਅਤੇ ਮਰਨ ਤੋਂ ਬਾਅਦ ਸਾਰੇ ਹੀ ਇੱਕ ਬਰਾਬਰ ਹੋ ਜਾਂਦੇ ਹਨ।
- ਕਬੀਰ ਕਾਰਨੁ ਸੋ ਭਇਓ, ਜੋ ਕੀਨੋ ਕਰਤਾਰਿ – ਇਹ ਅਖਾਣ ਕਬੀਰ ਸਾਹਿਬ ਦੀ ਬਾਣੀ ਦੀ ਇਕ ਪੰਕਤੀ ਹੈ ਜੋ ਅਕਸਰ ਅਖਾਣ ਵਜੋਂ ਵਰਤੀ ਜਾਂਦੀ ਹੈ। ਅਖਾਣ ਦਾ ਭਾਵ ਅਰਥ ਇਹ ਹੈ ਕਿ ਇਸ ਸਮੁੱਚੀ ਕਾਇਨਾਤ ਜੋ ਵੀ ਵਰਤਾਰਾ ਵਾਪਰ ਰਿਹਾ ਉਸ ਦੇ ਵਾਪਰਨ ਦੇ ਕਾਰਨ ਕਰਤਾ ਆਪ ਹੀ ਜਾਣਦਾ ਹੈ। ਇਸ ਨੂੰ ਸਮਝਣਾ ਮਨੁੱਖ ਦੇ ਵੱਸ ਦੀ ਗੱਲ ਨਹੀਂ।
- ਕੰਮ ਆਪਣਾ, ਸੋਭਾ ਜੱਗ ਦੀ। ਸਾਹਮਣੇ ਵਾਲੇ ਨੂੰ ਜਦੋਂ ਮਿਹਨਤ ਕਰਨ ਲਈ ਉਤਸਾਹਿਤ ਕਰਨਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਜੇਕਰ ਤੁਸੀਂ ਮਿਹਨਤ ਕਰਦੇ ਹੋ ਤਾਂ ਦੁਨੀਆ ਤੁਹਾਡੀ ਸੋਭਾ ਕਰਦੀ ਹੈ।
- ਕੰਮ ਸਕੀਮ ਦਾ, ਤੇ ਨਸ਼ਾ ਅਫੀਮ ਦਾ। ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਵਿਉਂਤਬੰਦੀ ਨਾਲ ਕੀਤਾ ਹੋਇਆ ਕੰਮ ਸੌਖਿਆ ਨੇਪਰੇ ਚੜ ਜਾਂਦਾ ਹੈ ਅਤੇ ਜੇਕਰ ਨਸ਼ੇ ਦੀ ਗੱਲ ਕਰੀਏ ਤਾਂ ਅਫੀਮ ਦਾ ਨਸ਼ਾ ਸਾਰੇ ਨਸ਼ਿਆਂ ਤੋਂ ਵਧੀਆ ਮੰਨਿਆ ਜਾਂਦਾ ਹੈ।
- ਕੰਮ ਕਾਜ ਡੱਕਾ ਨਹੀਂ, ਤੇ ਰੋਟੀਆਂ ਦੇ ਵੈਰੀ। ਇਹ ਅਖਾਣ ਉਸ ਵਿਅਕਤੀ ਨੂੰ ਤਾਹਨਾ ਮਾਰਨ ਲਈ ਬੋਲਿਆ ਜਾਂਦਾ ਹੈ ਜੋ ਕੰਮ ਭੋਰਾ ਨਾ ਕਰੇ ਅਤੇ ਖਾਣਾ ਦਾਣਾ ਰੱਜ ਕੇ ਖਾਵੇ।
- ਕੰਮ ਦਾ ਨਾ ਕਾਜ ਦਾ, ਤੇ ਦੁਸ਼ਮਣ ਅਨਾਜ ਦਾ। ਉਹੀ ਅਰਥ।
- ਕੰਮ ਬਹੁਤੇ, ਵੇਲ਼ਾ ਥੋੜਾ। ਜਦੋਂ ਕਿਸੇ ਕੋਲ ਕੰਮ ਜਿਆਦੇ ਹੋਣ ਅਤੇ ਵਕਤ ਦੀ ਘਾਟ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
- ਕੰਮ ਵਿੱਚ ਘੜੰਮ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੰਮ ਕਰਦਿਆਂ ਤੋਂ ਕੋਈ ਹੋਰ ਰੁਕਾਵਟ ਖੜੀ ਹੋ ਜਾਵੇ ਜਾਂ ਮੁਸੀਬਤ ਪੈ ਜਾਵੇ ਅਤੇ ਕੰਮ ਰੁਕ ਜਾਵੇ।
- ਕਮਲ ਦਾ ਫੁੱਲ, ਚਿੱਕੜ ਵਿੱਚ। ਜਦੋਂ ਬੁਰੇ ਮਾਹੌਲ ਵਿੱਚੋਂ ਹੋਈ ਸੁਗੜ-ਸਿਆਣਾ ਅਤੇ ਧਰਮੀ ਵਿਅਕਤੀ ਪੈਦਾ ਹੋ ਜਾਵੇ ਤਾਂ ਉਸਦੀ ਸਲੌਹਤ ਕਰਨ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਕਮਲਿਆ ਅੱਗ ਨਾ ਲਾ ਦੇਈਂ, ਕਹਿੰਦਾ ਹੁਣ ਤਾਂ ਲਾਊਂਗਾ, ਵਾਹਵਾ ਯਾਦ ਕਰਵਾਤਾ। ਇਹ ਅਖਾਣ ਉਸ ਮੂਰਖ ਵਿਅਕਤੀ ‘ਤੇ ਵਿਅੰਗ ਕੱਸਣ ਵਜੋਂ ਬੋਲਿਆ ਜਾਂਦਾ ਹੈ ਜੋ ਜਾਣ ਬੁੱਝ ਕੇ ਉਹੀ ਕੰਮ ਕਰੇ ਜਿਸ ਤੋਂ ਉਸਨੂੰ ਰੋਕਿਆ ਜਾ ਰਿਹਾ ਹੈ।
- ਕਮਲਿਆਂ ਦਾ ਰਾਮ ਸਿਆਣਾ। ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਭੋਲੇ ਭਾਲੇ ਲੋਕਾਂ ਦੀ ਰੱਖਿਆ ਪਰਮਾਤਮਾ ਆਪ ਕਰਦਾ ਹੈ।
- ਕਮਲਿਆਂ ਦੇ ਸਿਰ ’ਤੇ ਸਿੰਙ। ਇਹ ਅਖਾਣ ਹਾਸੇ ਠੱਠੇ ਅਤੇ ਵਿਅੰਗ ਵਜੋਂ ਮੂਰਖ ਲੋਕਾਂ ਲਈ ਵਰਤਿਆ ਜਾਂਦਾ ਹੈ ਅਖਾਣ ਦਾ ਭਾਵ ਅਰਥ ਇਹ ਹੈ ਕਿ ਮੂਰਖਾਂ ਦੇ ਸਿਰ ਉੱਤੇ ਸਿੰਙ ਨਹੀਂ ਹੁੰਦੇ ਬਲਕਿ ਬਾਹਰੋਂ ਦੇਖਣ ਨੂੰ ਉਹ ਵੀ ਆਮ ਮਨੁੱਖਾਂ ਵਰਗੇ ਹੀ ਹੁੰਦੇ ਹਨ।
- ਕਮਲੀ ਸਹੁਰੇ ਗਈ ਵੀ ਗਈ, ਨਾ ਗਈ ਵੀ ਗਈ। ਇਹ ਅਖਾਣ ਵੀ ਨਿਕੰਮੇ ਅਤੇ ਮੂਰਖ ਵਿਅਕਤੀ ਲਈ ਬੋਲਿਆ ਜਾਂਦਾ ਹੈ ਕਿ ਉਸ ਦੇ ਆਉਣ ਅਤੇ ਜਾਣ ਨਾਲ ਕੋਈ ਫਾਇਦਾ ਨਹੀਂ ਹੋਣ ਵਾਲਾ।
- ਕਮਾਊ ਆਵੇ ਡਰਦਾ, ਤੇ ਗਵਾਊ ਆਵੇ ਲੜਦਾ। ਇਹ ਅਖਾਣ ਕਮਾਈ ਕਰਨ ਵਾਲੇ ਮੈਂਬਰ ਅਤੇ ਉਜਾੜਨ ਵਾਲੇ ਮੈਂਬਰ ਦੀ ਤੁਲਨਾ ਕਰਨ ਲਈ ਬੋਲਿਆ ਜਾਂਦਾ ਹੈ ਅਖਾਣ ਦਾ ਭਾਵ ਅਰਥ ਇਹ ਹੈ ਕਿ ਹੱਡ ਭੰਨਵੀ ਮਿਹਨਤ ਅਤੇ ਕਮਾਈ ਕਰਨ ਵਾਲਾ ਮਨੁੱਖ ਹਮੇਸ਼ਾ ਕਿਸੇ ਨਾਲ ਪੰਗਾ ਲੈਣ ਤੋਂ ਡਰਦਾ ਹੈ ਪਰ ਇਸ ਦੇ ਉਲਟ ਨਿਕੰਮਾ ਅਤੇ ਉਜਾੜਨ ਵਾਲਾ ਮਨੁੱਖ ਹਰ ਕਿਸੇ ਨਾਲ ਪੰਗੇ ਲੈਂਦਾ ਫਿਰਦਾ ਹੈ।
- ਕੰਮੀਂ ਚੱਲਿਆ ਕਾਰ, ਉਹਨੂੰ ਅੱਗੇ ਵੀ ਵਗਾਰ। ਇਹ ਅਖਾਣ ਹਾਸੇ-ਠੱਠੇ ਅਤੇ ਵਿਅੰਗ ਵਜੋਂ ਬੋਲਿਆ ਜਾਂਦਾ ਹੈ ਅਖਾਣ ਦਾ ਭਾਵ ਅਰਥ ਇਹ ਹੈ ਕਿ ਕੰਮ ਕਰਨ ਵਾਲਾ ਮਨੁੱਖ ਕਿਤੇ ਵੀ ਚਲਿਆ ਜਾਵੇ ਸਾਰੇ ਹੀ ਉਸ ਦਾ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕਰਦੇ ਹਨ।
- ਕਮੀਨਿਆਂ ਦੀ ਯਾਰੀ, ਤੇ ਠੂੰਹਿਆਂ ਦੇ ਡੰਗ। ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਕਮੀਨੇ ਲੋਕਾਂ ਦੀ ਯਾਰੀ ਠੂਹੇ ਦੇ ਡੰਗ ਵਾਂਗ ਹੁੰਦੀ ਹੈ ਉਹ ਕਿਸੇ ਵੇਲੇ ਵੀ ਤੁਹਾਡਾ ਨੁਕਸਾਨ ਕਰ ਸਕਦਾ ਹੈ ਜਾਂ ਤੁਹਾਨੂੰ ਮੁਸ਼ਕਿਲ ਵਿੱਚ ਪਾ ਸਕਦਾ ਹੈ।
- ਕਰ ਨਾ ਕਰ, ਪਰ ਬੰਨੇ ਤਾਂ ਖੜ੍ਹ। ਇਹ ਅਖਾਣ ਕੰਮ-ਕਾਰ ਕਰਦਿਆਂ ਅਕਸਰ ਉਸ ਵਿਅਕਤੀ ਲਈ ਬੋਲਿਆ ਜਾਂਦਾ ਹੈ ਜੋ ਕੰਮ ਤੋਂ ਭੱਜ ਰਿਹਾ ਹੋਵੇ। ਇਹ ਅਖਾਣ ਬੋਲਦੇ ਸਮੇਂ ਕੰਮ ਤੋਂ ਭੱਜਣ ਵਾਲੇ ਵਿਅਕਤੀ ਨੂੰ ਤਾਕੀਦ ਕੀਤੀ ਜਾਂਦੀ ਹੈ ਕਿ ਜੇਕਰ ਉਸਨੇ ਕੰਮ ਨਹੀਂ ਕਰਨਾ ਤਾਂ ਉਹ ਕੰਮ ਕਰਦੇ ਵਿਅਕਤੀਆਂ ਦੇ ਕੋਲ ਜਰੂਰ ਖੜਾ ਰਹੇ ਤਾਂ ਕਿ ਦੂਜਿਆਂ ਦਾ ਮਨੋਬਲ ਨਾ ਟੁੱਟੇ।
- ਕਰ ਪਰਾਈਆਂ, ਤੇ ਆਉਣ ਜਾਈਆਂ। ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਜੇਕਰ ਤੁਸੀਂ ਦੂਜੇ ਦੇ ਧੀਆਂ ਪੁੱਤਰਾਂ ਨਾਲ ਕੋਈ ਬਦਨੀਤੀ ਕਰੋਗੇ ਤਾਂ ਤੁਹਾਡੇ ਆਪਣੇ ਧੀਆਂ ਪੁੱਤਰਾਂ ਨਾਲ ਵੀ ਉਹੋ ਜਿਹੀ ਬਦਨੀਤੀ ਹੀ ਵਾਪਰੇਗੀ।
- ਕਰ ਬੁਰਾ, ਹੋ ਬੁਰਾ, ਅੰਤ ਬੁਰੇ ਦਾ ਬੁਰਾ। ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਬੁਰੇ ਕੰਮ ਦਾ ਆਖ਼ਰਕਾਰ ਬੁਰਾ ਫਲ ਹੀ ਮਿਲਦਾ ਹੈ। ਇਸ ਦੇ ਉਲਟ ਇੱਕ ਹੋਰ ਅਖਾਣ ਕਿ ਚੰਗੇ ਕੰਮ ਦਾ ਆਖਰਕਾਰ ਚੰਗਾ ਹੀ ਫਲ ਮਿਲੇਗਾ।
- ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ।
- ਕਰ ਮਜ਼ਦੂਰੀ, ਤੇ ਖਾਹ ਚੂਰੀ। ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਮਿਹਨਤ ਅਤੇ ਮਜ਼ਦੂਰੀ ਖਾਣ ਵਾਲਾ ਮਨੁੱਖ ਹਮੇਸ਼ਾ ਚੰਗੀ ਅਤੇ ਰੱਜਵੀਂ ਰੋਟੀ ਖਾਂਦਾ ਹੈ ਅਤੇ ਕਦੇ ਭੁੱਖਾ ਨਹੀਂ ਰਹਿੰਦਾ।
- ਕਰ ਲਓ ਘਿਓ ਨੂੰ ਭਾਂਡਾ। ਇਹ ਅਖਾਣ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਸਾਹਮਣੇ ਵਾਲੇ ਤੋਂ ਕੁਝ ਚੰਗਾ ਕਰਨ ਦੀ ਉਮੀਦ ਕੀਤੀ ਜਾ ਰਹੀ ਹੋਵੇ ਪਰ ਇਸ ਦੇ ਉਲਟ ਉਹ ਕੁਝ ਵੀ ਨਾ ਕਰੇ।
- ਕਰਜਿਓਂ ਛੁੱਟੇ, ਗੰਗਾ ਨਹਾਏ। ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਕਰਜਾ ਬਹੁਤ ਬੁਰੀ ਚੀਜ਼ ਹੈ ਅਤੇ ਜਿਹੜਾ ਮਨੁੱਖ ਕਰਜੇ ਵਿੱਚੋਂ ਨਿਕਲ ਜਾਂਦਾ ਹੈ ਉਸ ਦਾ ਜੀਵਨ ਸਫਲ ਹੋ ਜਾਂਦਾ ਹੈ।
- ਕਰਤਾ ਕਾਰਜ ਕੀਤਾ ਲੋੜੈ, ਸੈਂਆ ਸਬੱਬ ਨੂੰ ਪਲ ਵਿੱਚ ਜੋੜੇ। ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਪਰਮਾਤਮਾ ਹਰ ਕਰਮ ਨੂੰ ਫਲ ਜਰੂਰ ਲਾਉਂਦਾ ਹੈ ਅਤੇ ਫਲ ਲਾਉਣ ਦੀ ਖਾਤਰ ਉਹ ਸੈਂਕੜੇ ਸਬੱਬ ਇੱਕੋ ਥਾਂ ‘ਤੇ ਇਕੱਠੇ ਕਰ ਦਿੰਦਾ ਹੈ।
- ਕਰਨਗੇ ਸੋ ਭਰਨਗੇ ਤੂੰ ਕਿਉਂ ਭਇਓ ਉਦਾਸ। ਇਹ ਅਖਾਣ ਗੁਰਬਾਣੀ ਦੀ ਪੰਕਤੀ ਹੈ ਅਖਾਣ ਦਾ ਭਾਵ ਅਰਥ ਇਹ ਹੈ ਕਿ ਜੋ ਵੀ ਕੋਈ ਮਨੁੱਖ ਜਿਹੋ ਜਿਹਾ ਕਰਮ ਕਰੇਗਾ ਉਹੋ ਜਿਹਾ ਹੀ ਉਸ ਨੂੰ ਫਲ ਮਿਲੇਗਾ। ਇੱਕ ਦੇ ਬੁਰੇ ਕਰਮ ਦਾ ਫਲ ਦੂਜੇ ਨੂੰ ਨਹੀਂ ਮਿਲਦਾ ਬਲਕਿ ਉਸ ਮਨੁੱਖ ਨੂੰ ਖੁਦ ਹੀ ਭੁਗਤਣਾ ਪੈਂਦਾ ਹੈ।
- ਕਰਨੀ ਹੈ ਪ੍ਰਵਾਨ, ਕਿਆ ਹਿੰਦੂ ਕਿਆ ਮੁਸਲਮਾਨ। ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਕੋਈ ਜਾਤ ਅਤੇ ਪਾਤ ਉੱਚੀ ਨੀਵੀਂ ਜਾਂ ਵੱਡੀ ਛੋਟੀ ਨਹੀਂ ਬਲਕਿ ਉਸਦੇ ਕਰਮ ਹੀ ਉੱਚੇ ਨੀਵੇਂ ਅਤੇ ਵੱਡੇ ਛੋਟੇ ਹੁੰਦੇ ਹਨ। ਹਰ ਮਨੁੱਖ ਦੇ ਕਰਮ ਹੀ ਪਰਮਾਤਮਾ ਦੀ ਦਰਗਾਹ ਵਿੱਚ ਵੇਖੇ ਜਾਂਦੇ ਹਨ ਅਤੇ ਪ੍ਰਵਾਨ ਹੁੰਦੇ ਹਨ।
- ਕਰਨੀ ਭਲੀ ਉਪਦੇਸ਼ ਤੋਂ, ਜੇਕਰ ਵੇਖੇ ਕੋਇ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਸਿੱਖਿਆ ਦੇਣੀ ਹੋਵੇ ਕਿ ਉਪਦੇਸ਼ ਦੇਣ ਨਾਲੋਂ ਕਰਮ ਕਰਨਾ ਕਈ ਗੁਣਾ ਚੰਗਾ ਹੈ।
- ਕਰਮ ਬਲੀ ਤਾਂ ਸਭ ਫਲਣ, ਭੀਖ, ਵਣਜ, ਵਪਾਰ। ਇਹ ਅਖਾਣ ਵੀ ਸੱਚੇ ਮਨ ਨਾਲ ਕਰਮ ਕਰਨ ਦੀ ਸਿੱਖਿਆ ਦੇਣ ਲਈ ਬੋਲਿਆ ਜਾਂਦਾ ਹੈ। ਅਖਾਣ ਦਾ ਭਾਵ ਅਰਥ ਇਹ ਹੈ ਕਿ ਜੇਕਰ ਮਨੁੱਖ ਪੂਰੀ ਤਨ ਦੇਹੀ ਨਾਲ ਕੋਈ ਕੰਮ ਕਰਦਾ ਹੈ ਉਸ ਕੰਮ ਨੂੰ 100 ਫੀਸਦੀ ਫਲ ਲੱਗਦਾ ਹੈ। ਉਹ ਕੰਮ ਭਾਵੇਂ ਭੀਖ ਮੰਗਣਾ ਹੋਵੇ ਜਾਂ ਵਣਜ-ਵਪਾਰ ਕਰਨਾ ਹੋਵੇ।
- ਕਰਮਾਂ ਦਾ ਲਿਖਿਆ ਕੌਣ ਮਿਟਾਵੇ। ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਕਰਮ ਦਾ ਫਲ਼ ਹਰ ਹਾਲ ਮਿਲਦਾ ਹੈ ਅਤੇ ਉਸ ਨੂੰ ਕੋਈ ਨਹੀਂ ਮਿਟਾ ਸਕਦਾ।
- ਕਰਮਾਂ ਵਾਲੀ ਨੂੰਹ, ਤੇ ਕੰਧ ਵੱਲ ਮੂੰਹ। ਇਹ ਅਖਾਣ ਅਲਹਿਦੇ ਸੁਭਾਅ ਵਾਲੀ ਨੂੰਹ ਉੱਤੇ ਵਿਅੰਗ ਕੱਸਣ ਲਈ ਬੋਲਿਆ ਜਾਂਦਾ ਹੈ।
- ਕਰਾਮਾਤ ਨਾਲੋਂ ਮੁਲਾਕਾਤ ਚੰਗੀ। ਇਸ ਅਖਾਣ ਦਾ ਭਾਵ ਅਰਥ ਇਹ ਹੈ ਜੇਕਰ ਕਿਸੇ ਨੂੰ ਮਿਲਣਾ ਹੋਵੇ ਤਾਂ ਕੋਈ ਕਰਾਮਾਤ ਹੋਣ ਦੀ ਉਡੀਕ ਨਹੀਂ ਕਰਨੀ ਚਾਹੀਦੀ ਬਲਕਿ ਮਿਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
- ਕਰੇ ਕੋਈ ਤੇ ਭਰੇ ਕੋਈ। ਇਹ ਅਖਾਣ ਕਿਸੇ ਨੂੰ ਉਸ ਦੀ ਗਲਤ ਕਰਨੀ ਚਿਤਾਰਨ ਲਈ ਬੋਲਿਆ ਜਾਂਦਾ ਹੈ।
- ਕੱਲਰ ਖੇਤ ਨਾ ਖੇਤੀ ਹੋਵੇ, ਰਾਈਂ, ਪਠਾਣ ਨਾ ਹੋਤਾ, ਕਾਈ ਦਾ ਕਾਨਾ ਕਮਾਦ ਨਾ ਹੋਸੀ, ਚਾਹੇ ਇੱਖ ਵਿੱਚ ਰਹੇ ਖੜੋਤਾ। ਇਸ ਅਖਾਣ ਦਾ ਭਾਵ ਅਰਥ ਇਹ ਕਿ ਮੂਲ ਤੋਂ ਵਿਗੜੇ ਹੋਏ ਬੰਦੇ ਕਦੇ ਵੀ ਨਹੀਂ ਸੁਧਰਦੇ ਜਿਵੇਂ ਕੱਲਰ ਵਿਚ ਖੇਤੀ ਨਹੀਂ ਹੋ ਸਕਦੀ। ਰਾਈਂ ਜਾਤ ਦਾ ਵਿਅਕਤੀ ਪਠਾਣ ਨਹੀਂ ਬਣ ਸਕਦਾ ਅਤੇ ਕਾਈ ਦਾ ਕਾਨਾ ਕਮਾਦ ਨਹੀਂ ਹੁੰਦਾ ਭਾਵੇਂ ਉਹ ਹਮੇਸ਼ਾਂ ਕਮਾਦ ਵਿਚ ਖੜਾ ਰਹੇ।
- ਕਲਰ ਖੇਤ ਨਾ ਜੰਮਦੇ, ਭਾਵੇਂ ਮੀਂਹ ਪੈਣ ਹਰ ਰੋਜ਼। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ, ਜਦੋਂ ਦੱਸਣਾ ਹੋਵੇ ਕਿ ਕੱਲਰ ਵਾਲੀ ਭੂਮੀ ਵਿਚ ਕਿਸੇ ਹਾਲ ਵੀ ਖੇਤੀ ਨਹੀਂ ਹੁੰਦੀ। ਜਸਬੀਰ ਵਾਟਾਂਵਾਲੀਆ
- ਕੱਲਰ ਦਾ ਕੀ ਖੇਤ, ਤੇ ਕਪਟੀ ਦਾ ਕੀ ਹੇਤ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਕੱਲਰ ਵਾਲੇ ਖੇਤ ਵਿਚੋਂ ਕਦੇ ਖੇਤੀ ਦੀ ਆਸ ਨਹੀਂ ਕੀਤੀ ਜਾ ਸਕਦੀ ਅਤੇ ਕਪਟੀ ਬੰਦੇ ਤੋਂ ਕਦੇ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ।
- ਕਲ਼ੇ ਦਾ ਮੂੰਹ ਕਾਲ਼ਾ। ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਲੜਾਈ ਵਿਚ ਹਮੇਸ਼ਾਂ ਘਾਟਾ ਅਤੇ ਨੁਕਸਾਨ ਹੀ ਹੁੰਦਾ ਹੈ।
- ਕੱਲ੍ਹ ਜੰਮ੍ਹੀਂ ਗਿਦੜੀ, ਤੇ ਅੱਜ ਹੋਇਆ ਵਿਆਹ। ਜਦੋਂ ਕੋਈ ਛੋਟੀ ਉਮਰੇ ਵਿਆਹ ਕਰਵਾ ਲਵੇ ਜਾਂ ਛੋਟੀ ਉਮਰੇ ਵੱਡੇ ਪੰਗੇ ਲੈਣ ਲੱਗ ਪਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਕੱਲ੍ਹ ਦੀ ਫਕੀਰੀ, ਤੇ ਦੁਪਹਿਰੇ ਧੂਣੀ। ਜਦੋਂ ਕੋਈ ਅਣਜਾਣ ਜਾਂ ਕੱਚਘਰੜ ਵਿਅਕਤੀ ਅਜਿਹਾ ਕੰਮ ਕਰਨ ਲੱਗ ਪਵੇ ਜਿਸ ਦਾ ਉਹ ਅਜੇ ਮਾਹਰ ਨਹੀਂ ਹੋਇਆ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਕੱਲ੍ਹ ਦੀ ਭੂਤਨੀ, ਤੇ ਸਿਵਿਆਂ ਚ ਅੱਧ। ਜਦੋਂ ਕੋਈ ਸਿਖਾਂਦਰੂ ਵਿਅਕਤੀ ਵੱਡੀਆਂ ਫੜ੍ਹਾਂ ਮਾਰੇ ਅਤੇ ਮਾਹਰ ਹੋਣ ਦੇ ਦਾਅਵੇ ਕਰੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਕੱਲ੍ਹ ਨਾਮ ਕਾਲ਼ ਦਾ। ਇਹ ਅਖਾਣ ਵਰਤਮਾਨ ਵਿਚ ਜੀਣ ਦੀ ਸਿੱਖਿਆ ਦੇਣ ਵਜੋਂ ਅਤੇ ਭਵਿੱਖ ਵਿਚ ਕੀ ਹੋਵੇਗਾ ਇਸ ਦੀ ਅਣਜਾਣਤਾ ਜਾਹਰ ਕਰਨ ਵਜੋਂ ਬੋਲਿਆ ਜਾਂਦਾ ਹੈ।
- ਕੱਲ੍ਹ ਮੋਏ, ਕੱਲ੍ਹ ਦੱਬ ਗਏ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਮਰਨ ਤੋਂ ਬਾਅਦ ਮਨੁੱਖ ਨੂੰ ਕੋਈ ਚੇਤੇ ਨਹੀਂ ਰੱਖਦਾ ਅਤੇ ਉਸਨੂੰ ਬਿਲਕੁਲ ਭੁਲਾ ਦਿੱਤਾ ਜਾਂਦਾ ਹੈ।
- ਕਵਾਰੀਆਂ ਖਾਣ ਰੋਟੀਆਂ, ਵਿਆਹੀਆਂ ਖਾਣ ਬੋਟੀਆਂ। ਇਹ ਅਖਾਣ ਔਰਤਾਂ ਉੱਤੇ ਵਿਅੰਗ ਕੱਸਣ ਵਜੋਂ ਬੋਲਿਆ ਜਾਂਦਾ ਹੈ। ਅਖਾਣ ਦਾ ਭਾਵ ਅਰਥ ਇਹ ਹੈ ਕਿ ਔਰਤ ਹਮੇਸ਼ਾ ਦੂਜਿਆਂ ਉੱਤੇ ਨਿਰਭਰ ਰਹਿੰਦੀ ਹੈ। ਪੇਕੇ ਘਰ ਵਿਚ ਉਹ ਘੱਟ ਨਿਰਭਰ ਹੁੰਦੀ ਹੈ ਪਰ ਸਹੁਰੇ ਘਰ ਵਿਚ ਉਹ ਹੋਰ ਵੀ ਵਧੇਰੇ ਨਿਰਭਰ ਹੋ ਜਾਂਦੀ ਹੈ।
- ਕਾਂ ਹੰਸਾਂ ਦੀ ਬੋਲੀ ਸਿੱਖੀ, ਆਪਣੀਆਂ ਆਇਆ ਗਵਾ। ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਗੈਰਾਂ ਦੀ ਬੋਲੀ ਜਾਂ ਮੱਤ ਸਿੱਖਣ ਦੇ ਚੱਕਰ ਵਿਚ ਮੂਰਖ ਮਨੁੱਖ ਆਪਣੀ ਬੋਲੀ ਅਤੇ ਮੱਤ ਗਵਾ ਬੈਠਦੇ ਹਨ।
- ਕਾਂ ਤਾਂ ਟੁੱਕ ‘ਤੇ ਹੀ ਬੋਲਦੇ ਨੇ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ, ਜਦੋਂ ਦੱਸਣਾ ਹੋਵੇ ਕਿ ਜੇਕਰ ਤੁਹਾਡੇ ਕੋਲ ਧਨ-ਦੌਲਤ ਅਤੇ ਰਿਜਕ ਹੋਵੇ ਤਾਂ ਲੋਕ ਤੁਹਾਡੇ ਅੱਗੇ-ਪਿੱਛੇ ਘੁੰਮਣਾ ਸ਼ੁਰੂ ਕਰ ਦਿੰਦੇ ਹਨ।
- ਕਾਂ ਦੀ ਚੁੰਝ ਵਿੱਚ ਅੰਗੂਰ, ਤੇ ਲੰਗੂਰ ਦੀ ਗੋਦੀ ‘ਚ ਹੂਰ। ਇਹ ਅਖਾਣ ਬੇਮੇਲੇ ਰਿਸ਼ਤਿਆਂ ਉੱਤੇ ਵਿਅੰਗ ਕੱਸਣ ਵਜੋਂ ਬੋਲਿਆ ਜਾਂਦਾ ਹੈ। ਇਸ ਦੇ ਨਾਲ-ਨਾਲ ਜਦੋਂ ਕਿਸੇ ਵਿਅਕਤੀ ਨੂੰ ਉਹ ਚੀਜਾਂ ਹਾਸਲ ਹੋ ਜਾਣ, ਜੋ ਉਸ ਦੀ ਔਕਾਤ ਨਾ ਹੋਵੇ ਤਾਂ ਵੀ ਇਹ ਅਖਾਣ ਬੋਲਿਆ ਜਾਂਦਾ ਹੈ।
- ਕਾਂ, ਕਰਾੜ, ਕੱਤੇ ਦਾ, ਵਸਾਹ ਨਾ ਖਾਈਏ ਸੁੱਤੇ ਦਾ। ਇਹ ਅਖਾਣ ਕਰਾੜ ਭਾਈਚਾਰੇ ਉੱਤੇ ਵਿਅੰਗ ਕੱਸਣ ਵਜੋਂ ਬੋਲਿਆ ਜਾਂਦਾ ਹੈ ਕਿ ਉਹ ਭਾਵੇਂ ਕਿੰਨਾ ਵੀ ਚੰਗਾ ਕਿਉਂ ਨਾ ਬਣ ਜਾਵੇ ਉਸ ਦਾ ਭਰੋਸਾ ਨਹੀਂ ਕੀਤਾ ਜਾ ਸਕਦਾ। ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਸੁੱਤੇ ਪਏ ਕੁੱਤੇ ਦਾ ਭਰੋਸਾ ਨਹੀਂ ਕੀਤਾ ਜਾ ਸਕਦਾ।
- ਕਾਉਣੀ ਨੂੰ ਕਾਊਂ ਪਿਆਰਾ, ਰਾਉਣੀ ਰਾਊਂ ਪਿਆਰਾ। ਇਹ ਅਖਾਣ ਹਾਸੇ ਠੱਠੇ ਵਜੋਂ ਅਤੇ ਇਹ ਦੱਸਣ ਲਈ ਬੋਲਿਆ ਜਾਂਦਾ ਹੈ ਕਿ ਹਰ ਜੋੜੇ ਨੂੰ ਆਪਣਾ ਸਾਥੀ ਪਿਆਰਾ ਲੱਗਦਾ ਹੈ। ਅਖਾਣ ਦਾ ਅਖਰੀ ਅਰਥ ਇਹ ਕਿ ਹਰ ਕਿਸੇ ਔਰਤ ਨੂੰ ਆਪਣਾ ਪਤੀ ਪਿਆਰਾ ਲੱਗਦਾ ਹੈ। ਲੋਕਾਂ ਦੀ ਨਜਰ ਵਿਚ ਉਹ ਭਾਵੇਂ ਉਹ ਕੋਝਾ ਅਤੇ ਆਮ ਜਿਹਾ ਵਿਅਕਤੀ ਹੀ ਕਿਉਂ ਨਾ ਹੋਵੇ।
- ਕਾਹਦੇ ਸ਼ਿਕਵੇ ਹੋਰਾਂ ਨਾਲ, ਕੁੱਤੀਆਂ ਰਲੀਆਂ ਚੋਰਾਂ ਨਾਲ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ, ਜਦੋਂ ਇਹ ਦੱਸਣਾ ਹੋਵੇ ਕਿ ਸਮੁੱਚਾ ਨਿਜਾਮ ਹੀ ਵਿਗੜ ਚੁੱਕਾ ਹੈ ਅਤੇ ਜਿਹੜੇ ਪਹਿਰੇਦਾਰਾਂ ਨੇ ਲੋਕਾਂ ਦੇ ਜਾਨ-ਮਾਲ ਦੀ ਰੱਖਿਆ ਕਰਨੀ ਸੀ ਉਹ ਸਾਰੇ ਖੁਦ ਹੀ ਚੋਰਾਂ ਨਾਲ ਰਲ਼ ਚੁੱਕੇ ਹਨ।
- ਕਾਹਲੀ ਦੀ ਘਾਣੀ, ਅੱਧਾ ਤੇਲ ਤੇ ਅੱਧਾ ਪਾਣੀ। ਇਹ ਅਖਾਣ ਕਾਹਲ ਵਿਚ ਕੰਮ ਨਾ ਕਰਨ ਦੀ ਸਲਾਹ ਦੇਣ ਵਜੋਂ ਬੋਲਿਆ ਜਾਂਦਾ ਹੈ। ਅਖਾਣ ਦਾ ਭਾਵ ਅਰਥ ਇਹ ਹੈ ਕਿ ਕਾਹਲ ਵਿਚ ਕੀਤਾ ਗਿਆ ਕੰਮ ਖਰਾਬ ਹੁੰਦਾ ਹੈ। ਅਖਾਣ ਦੇ ਅੱਖਰੀ ਅਰਥਾਂ ਅਨੁਸਾਰ ਕੋਹਲੂ ਉੱਤੇ ਸਰ੍ਹੋਂ ਦਾ ਤੇਲ ਕੱਢਣ ਲੱਗਿਆਂ ਜੇਕਰ ਕਾਹਲੀ ਕੀਤੀ ਜਾਵੇਗੀ ਤਾਂ ਤੇਲ ਵਿਚ ਅੱਧਾ ਪਾਣੀ ਹੀ ਰਲੇ਼ਗਾ।
- ਕਾਗ ਬਿਠਾਇਆ ਪੜ੍ਹਨੇ ਕੋ, ਪੜ੍ਹ ਗਿਆ ਚਾਰੇ ਵੇਦ, ਫਾਰਸੀ ਬੋਲੀ ਅਜੇ ਨਾ ਪੜ੍ਹਿਆ, ਰਿਹਾ ਢੇਡ ਦਾ ਢੇਡ। ਸਾਰੇ ਯਤਨ ਕਰਨ ਅਤੇ ਵਸੀਲੇ ਵਰਤਣ ਤੋਂ ਬਾਅਦ ਵੀ ਜੇਕਰ ਕੋਈ ਨਾ ਸਿੱਖ ਸਕੇ ਤਾਂ ਤਾਹਨਾ ਮਾਰਨ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਕਾਗਜਾਂ ਦੇ ਘੋੜੇ, ਕਦੋਂ ਤੱਕ ਦੌੜੇ। ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਕੋਰੀ ਕਾਗਜ਼ੀ ਕਾਰਵਾਈ ਕਿਸੇ ਕੰਮ ਦੀ ਨਹੀਂ, ਜੇਕਰ ਉਸ ਉੱਤੇ ਅਮਲ ਨਾ ਕੀਤਾ ਜਾ ਰਿਹਾ ਹੋਵੇ।
- ਕਾਠ ਦੀ ਹਾਂਡੀ ਗਈ, ਕੁੱਤੇ ਦੀ ਜਾਤ ਪਛਾਣੀ ਗਈ। ਜਦੋਂ ਥੋੜ੍ਹਾ-ਬਹੁਤਾ ਨੁਕਸਾਨ ਹੋਣ ਤੋਂ ਬਾਅਦ ਕਿਸੇ ਮਨੁੱਖ ਦੀ ਅਸਲੀ ਔਕਾਤ ਸਾਹਮਣੇ ਆ ਜਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਅਖਾਣ ਦਾ ਅਖਰੀ ਅਰਥ ਇਹ ਹੈ ਕਿ ਲੱਕੜ ਦੀ ਤੌੜੀ ਨੇ ਤਾਂ ਅੱਗ ਉੱਤੇ ਰੱਖਿਆਂ ਸੜਨਾ ਹੀ ਸੀ ਪਰ ਇਸ ਨੁਕਸਾਨ ਨਾਲ ਇਹ ਪਤਾ ਲੱਗ ਗਿਆ ਕਿ ਘਰ ਵਿਚ ਰੱਖਿਆ ਕੁੱਤਾ ਇਸ ਵਿਚ ਮੂੰਹ ਪਾਉਂਦਾ ਹੈ ਕਿ ਨਹੀਂ।
- ਕਾਠ ਦੀ ਹਾਂਡੀ, ਇੱਕੋ ਵਾਰ ਚੜ੍ਹਦੀ ਹੈ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਕਿ ਦੱਸਣਾ ਹੋਵੇ ਕਿ ਧੋਖਾ ਅਤੇ ਬੇਈਮਾਨੀ ਕੋਈ ਸ਼ਖਸ ਵਾਰ ਨਹੀਂ ਕਰ ਸਕਦਾ ਕਿਉਂਕਿ ਇਕ ਵਾਰ ਧੋਖਾ ਕਰਨ ਤੋਂ ਬਾਅਦ ਉਹ ਸ਼ਖਸ ਬੇਨਕਾਬ ਹੋ ਜਾਂਦਾ ਹੈ।
- ਕਾਠ ਦੀ ਬਿੱਲੀ ਬਣਾਈ, ਹੁਣ ਮਿਆਊਂ ਕੌਣ ਕਰੇ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ, ਜਦੋਂ ਦੱਸਣਾ ਹੋਵੇ ਕਿ ਨਕਲੀ ਚੀਜ਼, ਅਸਲੀ ਚੀਜ਼ ਦਾ ਮੁਕਬਲਾ ਨਹੀਂ ਕਰ ਸਕਦੀ।
- ਕਾਣਾਂ ਕਣਾਵੇ, ਤੇ ਲੰਙਾ ਲੰਙਾਵੇ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਕੋਈ ਵਿਅਕਤੀ ਉਹੀ ਕੁਝ ਪ੍ਰਗਟਾਵਾ ਕਰ ਸਕਦਾ ਹੈ ਜੋ ਉਸ ਵਿਚ ਗੁਣ ਮੌਜੂਦ ਹਨ, ਇਸ ਤੋਂ ਬਾਹਰ ਜਾ ਕੇ ਕੁਝ ਵੀ ਪ੍ਰਗਟ ਕਰਨ ਦੀ ਉਸ ਵਿਚ ਸਮਰੱਥਾ ਨਹੀਂ ਹੁੰਦੀ।
- ਕਾਣੀ ਨੂੰ ਕਾਣ ਪਿਆਰਾ, ਤੇ ਰਾਣੀ ਨੂੰ ਰਾਣ ਪਿਆਰਾ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਹਰ ਬੰਦੇ ਨੂੰ ਆਪਣਾ ਆਪ ਹੀ ਚੰਗਾ ਲੱਗਦਾ ਭਾਵੇ ਉਹ ਗੁਣ ਜਾਂ ਔਗੁਣ ਕਿਉਂ ਨਾ ਹੋਣ।
- ਕਾਣੇ ਦੀ ਇਕ ਰਗ ਵੱਧ। ਇਸ ਅਖਾਣ ਦੇ ਅਰਥਾਂ ਅਨੁਸਾਰ ਜੇਕਰ ਕੋਈ ਵਿਅਕਤੀ ਕਿਸੇ ਇਕ ਅੰਗ ਤੋਂ ਹੀਣਾ ਹੈ ਤਾਂ ਉਸਦੇ ਦੂਜੇ ਸਹੀ ਅੰਗਾਂ ਵਿਚ ਆਮ ਲੋਕਾਂ ਦੇ ਮੁਕਾਬਲੇ ਕਈ ਗੁਣਾ ਵੱਧ ਸਮਰੱਥਾ ਹੁੰਦੀ ਹੈ।
- ਕਾਣੇ ਨੂੰ ਕਾਣਾ ਆਖੀਏ, ਤੇ ਕਾਣਾ ਕਰਦਾ ਵੱਟ, ਉਹਨੂੰ ਕੋਲ ਬਹਾ ਕੇ ਪੁੱਛੀਏ, ਤੇਰੀ ਕਿੱਦਾਂ ਬਹਿ ਗਈ ਅੱਖ। ਇਹ ਅਖਾਣ ਹਾਸੇ-ਠੱਠੇ ਵਜੋਂ ਬੋਲਿਆ ਜਾਂਦਾ ਹੈ। ਅਖਾਂਣ ਦਾ ਭਾਵ ਅਰਥ ਇਹ ਹੈ ਕਿ ਕਿਸੇ ਵਿਅਕਤੀ ਨੂੰ ਉਸ ਦੇ ਔਗੁਣ ਜਾਂ ਕਮਜੋਰੀਆਂ ਬੜੇ ਪਿਆਰ ਅਤੇ ਢੰਗ ਨਾਲ ਦੱਸਣੀਆਂ ਚਾਹੀਦੀਆਂ ਹਨ।
- ਕਾਬਲ ਦੇ ਜੰਮਿਆ ਨਿੱਤ ਮੁਹਿੰਮਾ। ਇਸ ਅਖਾਣ ਦਾ ਭਾਵ ਅਰਥ ਪੰਜਾਬ ਦੇ ਇਤਿਹਾਸ ਅਤੇ ਪਿਛੋਕੜ ਨਾਲ ਜੁੜਦਾ ਹੈ। ਇਸ ਦੇ ਅਰਥ ਮੁਤਾਬਕ ਅਨੇਕਾਂ ਵਿਦੇਸ਼ੀ ਹਮਲਾਵਰ ਭਾਰਤ ਦੀ ਧਰਤੀ ਤੇ ਹਮਲਾ ਕਰਨ ਆਏ ਉਸ ਕਾਰਨ ਇਹ ਖੇਤਰ ਹਮੇਸ਼ਾ ਯੁੱਧ ਦਾ ਅਖਾੜਾ ਬਣਿਆ ਰਿਹਾ। ਇਸ ਲਈ ਕਾਬਲ ਵਿਚ ਜੰਮਣ ਵਾਲਿਆਂ ਨੂੰ ਨਿੱਤ ਨਵੀਂ ਮੁਹਿੰਮ ਵਿੱਢਣ ਦੀ ਜਰੂਰਤ ਪਈ ਰਹਿੰਦੀ ਸੀ।
- ਕਾਮਿਆਂ ਦੇ ਆਖੇ, ਢੱਗੇ ਨਹੀਂ ਮਰਦੇ। ਇਹ ਅਖਾਣ ਕਿਸੇ ਦਾ ਬੁਰਾ ਚਿਤਵਣ ਵਾਲੇ ਲੋਕਾਂ ਨੂੰ ਤਾਨਾ ਮਾਰਨ ਲਈ ਬੋਲਿਆ ਜਾਂਦਾ ਹੈ ਅਖਾਣ ਦਾ ਅਖਰੀ ਅਰਥ ਇਹ ਹੈ ਕਿ ਜੇਕਰ ਕਾਮੇ ਲੋਕ ਇਹ ਕਹਿਣ ਲੱਗ ਜਾਣ ਕਿ ਕਿਸਾਨ ਦੇ ਢੱਗੇ ਮਰ ਜਾਣ ਤਾਂ ਉਹਨਾਂ ਦੇ ਕਹਿਣ ਨਾਲ ਇਸ ਤਰਾਂ ਨਹੀਂ ਹੁੰਦਾ।
- ਕਾਮੇ ਲੜਨ ਬਖਤਵਰਾਂ ਦੇ, ਤੇ ਬਲ਼ਦ ਲੜਨ ਕੰਬਖਤਾਂ ਦੇ। – ਇਹ ਅਖਾਣ ਕਿਸੇ ਆਮ ਕਿਸਾਨ ਨੂੰ ਦੁਆ ਅਤੇ ਵੱਡੇ ਜਗੀਰਦਾਰਾਂ ਨੂੰ ਬਦ-ਦੁਆ ਦੇਣ ਵਜੋਂ ਬੋਲਿਆ ਜਾਂਦਾ ਹੈ। ਅਖਾਣ ਦਾ ਭਾਵ ਅਰਥ ਇਹ ਹੈ ਕਿ ਆਮ ਕਿਸਾਨ ਜੋ ਕਿ ਥੋੜੀ ਪੂੰਜੀ ਦਾ ਮਾਲਕ ਹੈ ਉਸ ਦੇ ਖੇਤ ਵਿੱਚ ਕੰਮ ਕਰਨ ਵਾਲੇ ਕਾਮੇ ਅਤੇ ਬਲਦ ਆਪਸ ਵਿੱਚ ਕਦੇ ਵੀ ਨਹੀਂ ਲੜਨੇ ਚਾਹੀਦੇ ਕਿਉਂਕਿ ਇਸ ਸਭ ਨਾਲ ਉਸ ਦਾ ਵੱਡਾ ਨੁਕਸਾਨ ਹੋਵੇਗਾ। ਇਸ ਤੇ ਉਲਟ ਜੇਕਰ ਉਹਨਾਂ ਨੇ ਲੜਨਾ ਹੀ ਹੈ ਤਾਂ ਉਹ ਵੱਡੇ ਅਤੇ ਬੁਰੇ ਲੋਕਾਂ ਦੇ ਭਾਵ ਬਖਤਾਵਰਾਂ ਦੇ ਕਾਮੇ ਲੜਨ ਅਤੇ ਕੰਮਬਖਤਾ ਦੇ ਬਲਦ ਆਪਸ ਵਿੱਚ ਲੜ ਕੇ ਮਰਨ।
- ਕਾਲ਼ ਦੇ ਹੱਥ ਕਮਾਨ, ਕੀ ਬੱਚੇ, ਬੁੱਢੇ, ਜਵਾਨ? ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਹਰ ਮਨੁੱਖ ਜਿਸਨੇ ਵੀ ਇਸ ਧਰਤੀ ਤੇ ਜਨਮ ਲਿਆ ਹੈ ਜਰੂਰ ਮਰਨਾ ਹੈ ਉਹ ਭਾਵੇਂ ਬੁੱਢਾ ਹੈ ਭਾਵੇਂ ਬੱਚਾ ਹੈ ਤੇ ਭਾਵੇਂ ਜਵਾਨ। ਉਸ ਦੀ ਡੋਰ ਕਾਲ ਭਾਵ ਸਮੇਂ ਦੇ ਹੱਥ ਵਿੱਚ ਹੈ।
- ਕਾਲਾ ਅੱਖਰ, ਭੈਂਸ ਬਰਾਬਰ। ਇਹ ਅਖਾਣ ਉਸ ਅਨਪੜ੍ਹ ਵਿਅਕਤੀ ਉੱਤੇ ਤਨਜ ਕੱਸਣ ਲਈ ਬੋਲਿਆ ਜਾਂਦਾ ਜੋ ਪੜ੍ਹਨਾ ਅਤੇ ਲਿਖਣਾ ਉਕਾ ਹੀ ਨਹੀਂ ਜਾਣਦਾ।
- ਕਾਲ਼ਾ ਬਾਹਮਣ, ਚਿੱਟਾ ਚੂਹੜਾ ਦੋਹਾਂ ਕੋਲੋਂ ਭਲਾ ਨਾ ਹੋਵੇ। ਇਹ ਅਖਾਣ ਜਾਤ-ਪਾਤ ਦੀ ਖਾਸ ਵੰਨਗੀ ਦਾ ਪ੍ਰਗਟਾਵਾ ਕਰਨ ਵਜੋਂ ਬੋਲਿਆ ਜਾਂਦਾ ਹੈ।
- ਕਾਲਾ ਮੂੰਹ ਨੀਲੇ ਪੈਰ। ਇਹ ਅਖਾਣ ਹਾਸੇ-ਠੱਠੇ ਅਤੇ ਵਿਅੰਗ ਵਜੋਂ ਕਿਸੇ ਦੀ ਕਰੂਪਤਾ ਨੂੰ ਚਿਤਾਰਨ ਲਈ ਬੋਲਿਆ ਜਾਂਦਾ ਹੈ।
- ਕਾਲ਼ੀ ਘਟਾ ਡਰਾਵਣੀ, ਤੇ ਚਿੱਟੀ ਮੀਂਹ ਵਰਸਾਵਣੀ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਕਾਲ਼ੇ ਬੱਦਲਾਂ ਤੋਂ ਮੀਹ ਪੈਣ ਦੀ ਓਨੀ ਆਸ ਨਹੀਂ ਹੁੰਦੀ ਜਿੰਨੀ ਆਸ ਚਿੱਟੇ ਬੱਦਲਾਂ ਤੋਂ ਹੁੰਦੀ ਹੈ।
- ਕਾਲ਼ੇ ਕਰਮਾਂ ਵਾਲ਼ੇ, ਗੋਰੇ ਗੂੰਹ ਦੇ ਬੋਰੇ। ਇਹ ਅਖਾਣ ਹਾਸੇ-ਠੱਠੇ ਅਤੇ ਛੇੜ-ਛਾੜ ਦੇ ਦੌਰਾਨ ਕਾਲੇ ਲੋਕਾਂ ਵੱਲੋਂ ਗੋਰਿਆਂ ਨੂੰ ਚਿੜਾਉਣ ਲਈ ਬੋਲਿਆ ਜਾਂਦਾ ਹੈ।
- ਕਾਲੇ ਕਾਂ ਨਾ ਹੁੰਦੇ ਬੱਗੇ, ਭਾਵੇਂ ਨੌ ਮਣ ਸਾਬਣ ਲੱਗੇ। ਇਹ ਉਦੋਂ ਬੋਲਿਆ ਜਾਂਦਾ ਹੈ ਜਦੋਂ ਇਹ ਕਹਿਣਾ ਹੋਵੇ ਕਿ ਜਨਮ ਜਾਤ ਬੁਰੇ ਲੋਕ ਨਹੀਂ ਸੁਧਰ ਸਕਦੇ ਭਾਵੇ ਲੱਖ ਕੋਸ਼ਿਸ਼ ਕੀਤਾ ਜਾਵੇ।
- ਕਾਲੋਂ ਬੱਧੀ ਨਾ ਮੰਗੇ, ਪਰ ਬਾਲੋਂ ਬੱਧੀ ਮੰਗੇ। ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਮਾਪੇ ਆਪਣੇ ਲਈ ਕਾਲ਼ ਵਰਗੀ ਸਥਿੱਤੀ ਵਿਚ ਵੀ ਕਿਸੇ ਦੇ ਅੱਗੇ ਹੱਥ ਨਹੀਂ ਅੱਡਦੇ ਪਰ ਬੱਚਿਆਂ ਦੀ ਖਾਤਰ ਉਹ ਭੀਖ ਮੰਗਣ ਲਈ ਵੀ ਤਿਆਰ ਹੋ ਜਾਂਦੇ ਹਨ।
- ਕਾਵਾਂ ਕੋਲੇ ਢੋਲ ਵਜਾਉਣਾ, ਭੂਤਾਂ ਕੋਲ ਮੰਗਣਾ। ਇਹ ਅਖਾਣ ਕਿਸੇ ਭੈੜੇ ਬੰਦੇ ’ਤੇ ਤਨਜ ਕੱਸਣ ਵਜੋਂ ਬੋਲਿਆ ਜਾਂਦਾ ਹੈ ਜਿਸ ਕੋਲੋਂ ਭਲੇ ਦੀ ਬਿਲਕੁਲ ਆਸ ਨਾ ਹੋਵੇ।
- ਕਾਂਵਾਂ ਟੋਲੀ ਇੱਕੋ ਬੋਲੀ। ਜਦੋਂ ਕਈ ਸਾਰੇ ਚਲਾਕ ਲੋਕ ਜਾਂ ਠੱਗ ਰਲ਼ ਕੇ ਇਕੋ ਤਰ੍ਹਾਂ ਦੀ ਬੋਲੀ ਬੋਲਣ ਲੱਗ ਜਾਣ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
- ਕਾਵਾਂ ਦੇ ਬੱਚੇ ਟਾਹਲੀਆਂ ਤੇ ਰਹਿਣ। ਅਰਥ ਬਾਕੀ ਹੈ।
- ਕਾਵਾਂ ਰੌਲ਼ੀ, ਮੂਰਖ ਸੰਗੇ। ਇਹ ਅਖਾਣ ਵਿਅੰਗ ਵਜੋਂ ਬੋਲਿਆ ਜਾਂਦਾ ਹੈ ਅਖਾਣ ਦਾ ਭਾਵ ਅਰਥ ਇਹ ਹੈ ਕਿ ਜਿੱਥੇ ਬਹੁਤ ਜਿਆਦਾ ਮੂਰਖ ਲੋਕ ਇਕੱਠੇ ਹੋਏ ਹੋਣ ਅਤੇ ਰੌਲਾ ਪਾ ਰਹੇ ਹੋਣ ਜੇਕਰ ਉਹਨਾਂ ਵਿੱਚ ਕੋਈ ਸਿਆਣਪ ਸਮਝਦੇ ਹੋਏ ਜਾਂ ਸੰਗਦਾ ਹੋਇਆ ਚੁੱਪ ਬੈਠਾ ਹੋਵੇ ਤਾਂ ਉਸ ਨੂੰ ਮੂਰਖ ਸਮਝਿਆ ਜਾਂਦਾ ਹੈ।
- ਕਿਆ ਪਿੱਦੀ, ਕਿਆ ਪਿੱਦੀ ਸ਼ੋਰਬਾ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਬਹੁਤ ਜਿਆਦਾ ਬੇਮੇਲਾ ਮੁਕਾਬਲਾ ਹੋ ਰਿਹਾ ਹੋਵੇ। ਇਸ ਅਖਾਣ ਦੇ ਨਾਲ ਰਲਦਾ ਮਿਲਦਾ ਇੱਕ ਅਖਾਣ ਕਹਾਂ ਰਾਜਾ ਭੋਜ ਕਹਾ ਗੰਗੂ ਤੇਲੀ ਵੀ ਹੈ।
- ਕਿਸਮਤ ਨਾਲ ਵਲੱਲੀ ਝਗੜੇ। ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਕਿਸਮਤ ਅਤੇ ਕੁਦਰਤ ਦੇ ਭਾਣੇ ਨੂੰ ਮੋੜਿਆ ਨਹੀਂ ਜਾ ਸਕਦਾ ਜੇਕਰ ਕੋਈ ਉਸ ਨੂੰ ਮੋੜਨ ਦਾ ਯਤਨ ਕਰਦਾ ਹੈ ਤਾਂ ਉਹ ਝੱਲ ਮਾਰ ਰਿਹਾ ਹੁੰਦਾ ਹੈ।
- ਕਿਸਮਤ ਮਿਹਰਬਾਨ ਤਾਂ ਖੋਤਾ ਭਲਵਾਨ। ਜਦੋਂ ਕਿਸੇ ਨਕਾਰਾ ਬੰਦੇ ਨੂੰ ਉਸ ਦੀ ਔਕਾਤ ਤੋਂ ਕਿਤੇ ਜਿਆਦਾ ਵੱਧ ਚੀਜ਼ ਪ੍ਰਾਪਤ ਹੋ ਜਾਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਕਿਸੇ ਦਾ ਟੱਬਰ ਵੱਡਾ, ਕਿਸੇ ਦਾ ਬੱਬਰ ਵੱਡਾ। ਜਦੋਂ ਕੋਈ ਬੰਦਾ ਬਹੁਤ ਜਿਆਦਾ ਰਾਸ਼ਨ ਖਾਂਦਾ ਹੋਵੇ ਉਸ ਦੇ ਰਾਸ਼ਨ ਖਾਣ ਦੀ ਮਿਕਦਾਰ ਪੂਰੇ ਟੱਬਰ ਦੇ ਬਰਾਬਰ ਹੋਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਕਿਸੇ ਦੀ ਕਬਰ ਚ ਥੋੜ੍ਹਾ ਪਿਆ ਜਾਂਦਾ। ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਕਿਸੇ ਦੇ ਨਾਲ ਮਰਿਆ ਨਹੀਂ ਜਾ ਸਕਦਾ ਅਤੇ ਆਪਣੀ ਜ਼ਿੰਦਗੀ ਹਰ ਕਿਸੇ ਨੂੰ ਪਿਆਰੀ ਹੁੰਦੀ ਹੈ।
- ਕਿਸੇ ਦੇ ਅੰਬ, ਤੇ ਕਿਸੇ ਦੀਆਂ ਅੰਬੀਆਂ। ਜਦੋਂ ਕਈ ਬੰਦੇ ਇੱਕੋ ਤਰ੍ਹਾਂ ਦਾ ਕਿੱਤਾ ਕਰ ਰਹੇ ਹੋਣ ਅਤੇ ਉਹਨਾਂ ਵਿੱਚੋਂ ਕਿਸੇ ਨੂੰ ਵੱਧ ਲਾਭ ਪ੍ਰਾਪਤ ਹੋਵੇ ਅਤੇ ਕਿਸੇ ਨੂੰ ਘੱਟ ਤਾਂ ਮਨ ਨੂੰ ਤਸੱਲੀ ਦੇਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਕਿਸੇ ਦੇ ਹੱਥ ਚੱਲਣ ਤੇ ਕਿਸੇ ਦੀ ਜੀਭ ਚੱਲੇ। ਜਦੋਂ ਇੱਕ ਬੰਦਾ ਕੰਮ ਵੱਧ ਕਰੇ ਅਤੇ ਜੁਬਾਨ ਘੱਟ ਚਲਾਵੇ ਪਰ ਇਸ ਦੇ ਉਲਟ ਦੂਜੇ ਕਿਸੇ ਬੰਦੇ ਦੀ ਜੁਬਾਨ ਕੈਂਚੀ ਵਾਂਗੂੰ ਚਲਦੀ ਹੋਵੇ ਪਰ ਡੱਕਾ ਤੋੜ ਕੇ ਦੂਹਰਾ ਨਾ ਕਰੇ ਤਾਂ ਉਸ ਉੱਤੇ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਕਿਸੇ ਨੂੰ ਮਾਂਹ ਬਾਦੀ, ਤੇ ਕਿਸੇ ਨੂੰ ਸਵਾਦੀ। ਜਦੋਂ ਬਹੁਤ ਸਾਰੇ ਬੰਦੇ ਇੱਕੋ ਤਰ੍ਹਾਂ ਦਾ ਕੰਮ ਕਰਦੇ ਹੋਣ ਕਿਸੇ ਨੂੰ ਉਹ ਕੰਮ ਰਾਸ ਆ ਜਾਵੇ ਅਤੇ ਕਿਸੇ ਨੂੰ ਉਸ ਕੰਮ ਵਿੱਚੋਂ ਘਾਟਾ ਪਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ ਇਸ ਅਖਾਣ ਨੂੰ ਖਾਣ ਪੀਣ ਦੇ ਸੰਦਰਭ ਵਿੱਚ ਵੀ ਬੋਲਿਆ ਜਾਂਦਾ ਹੈ ਕਿ ਕਿਸੇ ਨੂੰ ਮਾਂਹ ਦੀ ਦਾਲ ਮਾਫਕ ਹੁੰਦੀ ਹੈ ਅਤੇ ਕਿਸੇ ਨੂੰ ਮਾਫਕ ਨਹੀਂ ਹੁੰਦੀ।
- ਕਿੰਗ ਕੋਈ ਹੱਥਿਆਰ ਨਹੀਂ, ਕੰਬੋਅ ਕਿਸੇ ਦਾ ਯਾਰ ਨਹੀਂ। ਇਹ ਅਖਾਣ ਜਾਤ ਬਿਰਾਦਰੀ ਦੇ ਅਧਾਰ ‘ਤੇ ਇੱਕ ਦੂਜੇ ਦੇ ਪ੍ਰਤੀ ਬੇਭਰੋਸਗੀ ਦੇ ਪ੍ਰਗਟਾਵੇ ਨੂੰ ਦਰਸਾਉਂਦਾ ਹੈ। ਇਸ ਅਖਾਣ ਵਿੱਚ ਕੰਬੋਜ ਬਰਾਦਰੀ ਦੀ ਦੋਸਤੀ ਦੇ ਪ੍ਰਤੀ ਬੇਭਰੋਸਗੀ ਦਾ ਪ੍ਰਗਟਾਵਾ ਕੀਤਾ ਗਿਆ ਹੈ।
- ਕਿਤੋਂ ਦੀ ਲੀਰ, ਕਿਤੋਂ ਦਾ ਪਰਾਂਦਾ, ਜੂੜਾ ਮੇਰਾ ਮੜ੍ਹ ਮੜ੍ਹਾਂਦਾ। ਜਦੋਂ ਕੋਈ ਇਧਰੋਂ-ਉਧਰੋਂ ਚੀਜ਼ਾਂ ਮੰਗ ਕੇ ਟੌਹਰ-ਟੱਪਾ ਦਿਖਾਵੇ ਅਤੇ ਉਡੂੰ-ਉਡੂੰ ਕਰੇ ਤਾਂ ਉਸ ਉੱਤੇ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਕਿੱਥੇ ਚੱਲਿਆਂ ਲੌਂਗੋਵਾਲ, ਅਖੇ ਮੈਂ ਵੀ ਚੱਲੂੰ ਤੇਰੇ ਨਾਲ। ਜਦੋਂ ਕਿਸੇ ਦੇ ਨਾਲ ਜਾਣ ਲਈ ਕੋਈ ਧੱਕੇ ਨਾਲ ਤਿਆਰ ਹੋ ਜਾਵੇ ਤਾਂ ਉਸ ਉੱਤੇ ਵਿਅੰਗ ਕੱਸਣ ਲਈ ਇਹ ਅਖਾਣ ਬੋਲਿਆ ਜਾਂਦਾ ਹੈ।
- ਕਿੱਥੇ ਰਾਮ ਰਾਮ, ਕਿੱਥੇ ਟੈਂ ਟੈਂ। ਜਦੋਂ ਕੋਈ ਵਿਅਕਤੀ ਅਜਿਹੀਆਂ ਗੱਲਾਂ ਕਰੇ ਜਿਨਾਂ ਦਾ ਦੂਜੇ ਵਿਅਕਤੀ ਨਾਲ ਕੋਈ ਸਬੰਧ ਜਾਂ ਮੁਕਾਬਲਾ ਨਾ ਹੋਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਕਿੱਥੋਂ ਆਇਆ ਅਪਰਾਧੀ, ਜੀਨ੍ਹੇ ਸਾਉਣ ਖੀਰ ਨਾ ਖਾਧੀ, ਕਿੱਥੋਂ ਖਾਵਾਂ ਪਾਪਣੇਂ, ਜਦ ਘਰ ਨਾ ਹੋਈ ਆਪਣੇ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਜੇਕਰ ਮਨੁੱਖ ਨੂੰ ਕੋਈ ਸੁਖ ਮਿਲਣਾ ਹੈ ਤਾਂ ਉਹ ਆਪਣੇ ਘਰ ਵਿੱਚੋਂ ਹੀ ਮਿਲਣਾ ਹੈ ਬਾਹਰੋਂ ਨਹੀਂ।
- ਕਿੱਧਰ ਗਏ ਰਾਗ ਰਤਨ, ਕਿੱਧਰ ਗਈਆਂ ਜੱਕੜੀਆਂ, ਤਿੰਨੇ ਚੀਜ਼ਾਂ ਚੇਤੇ ਰਹੀਆਂ, ਲੂਣ, ਤੇਲ, ਤੇ ਲੱਕੜੀਆਂ। ਇਹ ਅਖਾਣ ਵਿਆਹੇ-ਵਰੇ ਜੋੜਿਆਂ ਅਤੇ ਗ੍ਰਹਿਸਤ ਵਿੱਚ ਫਸੇ ਲੋਕਾਂ ਦੀ ਤਰਸਯੋਗ ਹਾਲਤ ਨੂੰ ਬਿਆਨ ਕਰਨ ਵਜੋਂ ਬੋਲਿਆ ਜਾਂਦਾ ਹੈ। ਅਖਾਣ ਦਾ ਅੱਖਰੀ ਅਰਥ ਇਹ ਹੈ ਕਿ ਵਿਆਹ ਤੋਂ ਪਹਿਲਾਂ ਮਨੁੱਖ ਅਨੇਕਾਂ ਤਰ੍ਹਾਂ ਦੇ ਸ਼ੌਂਕ ਪਾਲਦਾ ਹੈ ਪਰ ਵਿਆਹ ਤੋਂ ਬਾਅਦ ਰੋਟੀ ਕੱਪੜਾ ਅਤੇ ਮਕਾਨ ਵਰਗੀਆਂ ਜਰੂਰਤਾਂ ਦੇ ਹੇਠਾਂ ਉਸ ਦੇ ਸਾਰੇ ਸ਼ੌਂਕ ਦੱਬ ਕੇ ਰਹਿ ਜਾਂਦੇ ਹਨ।
- ਕੀ ਬਣੂਗਾ ਛੱਪੜੀਏ ਤੇਰਾ, ਸੰਨ੍ਹ ਦਰਿਆਵਾਂ ਦੇ। ਜਦੋਂ ਬਹੁਤ ਵੱਡੇ ਲੋਕਾਂ ਦੇ ਵਿਚਕਾਰ ਕੋਈ ਮਨੁੱਖ ਆਪਣੇ ਆਪ ਨੂੰ ਛੋਟਾ,ਹੀਣਾ ਅਤੇ ਔਗੁਣਹਾਰਾ ਸਮਝੇ ਤਾਂ ਆਪਣੇ ਮਨ ਦੀ ਅਵਸਥਾ ਨੂੰ ਬਿਆਨ ਕਰਨ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। ਅਖਾਣ ਦਾ ਅੱਖਰੀ ਅਰਥ ਇਹ ਹੈ ਕਿ ਦਰਿਆਵਾਂ ਦੇ ਨਾਲ ਛੋਟੀ ਜਿਹੀ ਛੱਪੜੀ ਦਾ ਕੀ ਮੁਕਾਬਲਾ।
- ਕੀ ਸਾਂਢੂ ਦੀ ਦੋਸਤੀ, ਕੀ ਗਾਂਡੂ ਦਾ ਸਾਥ। ਇਹ ਅਖਾਣ ਸਾਂਢੂ ਦੀ ਦੋਸਤੀ ਦੇ ਪ੍ਰਤੀ ਬੇਭਰੋਸਗੀ ਦਾ ਪ੍ਰਗਟਾਵਾ ਕਰਨ ਵਜੋਂ ਬੋਲਿਆ ਜਾਂਦਾ ਹੈ। ਅਖਾਣ ਦਾ ਅੱਖਰੀ ਅਰਥ ਇਹ ਹੈ ਕਿ ਸਾਂਢੂ ਦੀ ਦੋਸਤੀ ਦਾ ਕੋਈ ਭਰੋਸਾ ਨਹੀਂ ਅਤੇ ਗਾਂਡੂ ਦੇ ਸਾਥ ਵੀ ਕੋਈ ਭਰੋਸੇ ਵਾਲਾ ਸਾਥ ਨਹੀਂ ਹੁੰਦਾ।
- ਕੀਤੀਆਂ ਲੱਧੀ ਦੀਆਂ, ਪੇਸ਼ ਦੁੱਲੇ ਦੇ ਆਈਆਂ। ਜਦੋਂ ਵੱਡਿਆਂ ਬਜ਼ੁਰਗਾਂ ਜਾਂ ਮੁੱਖ ਆਗੂਆਂ ਦੀਆਂ ਗਲਤੀਆਂ ਉਹਨਾਂ ਦੇ ਹੇਠਲੇ ਮੈਂਬਰਾਂ ਨੂੰ ਭੁਗਤਣੀਆਂ ਪੈਣ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
- ਕੀੜੀ ਦੇ ਘਰ ਨਾਰਾਇਣ। ਜਦੋਂ ਕਿਸੇ ਆਮ ਮਨੁੱਖ ਦੇ ਘਰੇ ਕੋਈ ਉੱਚੀ ਸ਼ਖਸੀਅਤ ਆਵੇ ਤਾਂ ਸਤਿਕਾਰ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। ਇਸ ਦੇ ਉਲਟ ਇਸ ਅਖਾਣ ਨੂੰ ਹਾਸੇ ਠੱਠੇ ਅਤੇ ਵਿਅੰਗ ਵਜੋਂ ਵੀ ਬੋਲਿਆ ਜਾਂਦਾ ਹੈ।
- ਕੀੜੀ ਨੂੰ ਠੂਠਾ ਹੀ ਦਰਿਆ। ਇਹ ਅਖਾਣ ਕਿਸੇ ਮਾੜੇ ਅਤੇ ਹੀਣੇ ਮਨੁੱਖ ਦੀ ਅਸਮਰੱਥਾ ਨੂੰ ਜਾਹਰ ਕਰਨ ਵਜੋਂ ਬੋਲਿਆ ਜਾਂਦਾ ਹੈ। ਅਖਾਣ ਦਾ ਅੱਖਰੀ ਅਰਥ ਇਹ ਹੈ ਕਿ ਇੱਕ ਕੀੜੀ ਲਈ ਪਾਣੀ ਦੇ ਟੂਟੇ ਨੂੰ ਤਰ ਕੇ ਪਾਰ ਕਰਨਾ ਦਰਿਆ ਦੇ ਬਰਾਬਰ ਹੈ।
- ਕੀੜੀ, ਮੱਖੀ, ਇਸਤਰੀ, ਤਿੰਨੇ ਜਾਤ–ਕੁਜਾਤ। ਇਹ ਅਖਾਣ ਔਰਤ, ਕੀੜੀ ਅਤੇ ਮੱਖੀ ਦੇ ਪ੍ਰਤੀ ਬੁਰਾ ਨਜ਼ਰੀਆ ਪ੍ਰਗਟਾਉਣ ਲਈ ਬੋਲਿਆ ਜਾਂਦਾ ਹੈ।
- ਕੁਆਰਾ ਰੁੱਸੇ ਤਾਂ ਰੰਨ ਲੋੜੇ, ਵਿਆਹਿਆ ਰੁੱਸੇ ਤਾਂ ਵੱਖਰੇਵਾਂ। ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਜੇਕਰ ਕੁਆਰਾ ਮਨੁੱਖ ਘਰ ਵਿੱਚ ਰੋਸਾ ਪ੍ਰਗਟ ਕਰਦਾ ਹੈ ਤਾਂ ਉਹ ਇਸ ਲਈ ਕਰਦਾ ਹੈ ਕਿ ਉਹ ਵਿਆਹ ਕਰਵਾਉਣਾ ਚਾਹੁੰਦਾ ਹੈ ਪਰ ਇਸ ਦੇ ਉਲਟ ਜੇਕਰ ਕੋਈ ਵਿਆਹਿਆ ਹੋਇਆ ਮਨੁੱਖ ਘਰ ਵਿੱਚ ਰੋਸਾ ਕਰਦਾ ਹੈ ਤਾਂ ਉਹ ਅੱਡ ਹੋਣਾ ਲੋਚਦਾ ਹੈ।
- ਕੁੱਕੜ ਅਤੇ ਬੱਕਰੀ, ਤੀਜਾ ਗੱਡੀਵਾਨ, ਤਿੰਨੇ ਮੀਂਹ ਨਾ ਮੰਗਦੇ, ਭਾਵੇਂ ਉਜੜ ਜਾਏ ਜਹਾਨ। ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਕੁੱਕੜ ਬੱਕਰੀ ਅਤੇ ਗੱਡੀ ਲੁਹਾਰ ਕਦੇ ਵੀ ਮੀਂਹ ਨਹੀਂ ਮੰਗਦੇ ਕਿਉਂਕਿ ਮੀਂਹ ਦੇ ਵਿੱਚ ਉਹਨਾਂ ਦਾ ਜੀਵਨ ਕਾਫੀ ਔਖਾ ਹੋ ਜਾਂਦਾ ਹੈ।
- ਕੁੱਕੜ ਖੇਹ ਉਡਾਈ, ਆਪਣੇ ਸਿਰ ਪਾਈ। ਜਦੋਂ ਕੋਈ ਮਨੁੱਖ ਅਜਿਹੀਆਂ ਗੱਲਾਂ ਕਰੇ ਜਿਸ ਨਾਲ਼ ਉਸਦੀ ਆਪਣੀ ਹੀ ਮਿੱਟੀ ਪਲੀਤ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
- ਕੁੱਕੜ ਨੇ ਪੈਰ ਮਿੱਧਿਆ, ਅਖੇ ਅੱਜ ਮੈਂ ਠੀਕ ਨਹੀਂ। ਜਦੋਂ ਕੋਈ ਮਨੁੱਖ ਮਾਮੂਲੀ ਮਮੂਲੀ ਜਿਹਾ ਬਹਾਨਾ ਬਣਾ ਕੇ ਇਹ ਕਹੇ ਕਿ ਉਹ ਬਿਮਾਰ ਹੈ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਕੁੱਕੜ ਬਾਂਗ ਨਹੀਂ ਦੇਵੇਗਾ ਤਾਂ ਕੀ ਦਿਨ ਨਹੀਂ ਚੜ੍ਹੇਗਾ। ਇਹ ਅਖਾਣ ਉਸ ਵਿਅਕਤੀ ਉੱਤੇ ਵਿਅੰਗ ਕੱਸਣ ਲਈ ਜੋ ਬੋਲਿਆ ਜਾਂਦਾ ਹੈ ਜੋ ਇਹ ਸਮਝਦਾ ਹੋਵੇ ਕਿ ਉਸ ਬਿਨਾ ਬਿਲਕੁਲ ਨਹੀਂ ਸਰੇਗਾ। ਅਖਾਣ ਦਾ ਅੱਖਰੀ ਅਰਥ ਇਹ ਹੈ ਕਿ ਜੇਕਰ ਕੁੱਕੜ ਬਾਂਗ ਨਹੀਂ ਨਹੀਂ ਦਿੰਦਾ ਤਾਂ ਦਿਨ ਫਿਰ ਵੀ ਚੜ ਜਾਂਦਾ ਹੈ
- ਕੁੱਕੜ, ਕਾਂ, ਕੰਬੋਜ, ਕਬੀਲਾ ਪਾਲਦੇ, ਜੱਟ, ਝੋਟਾ, ਸੰਸਾਰ ਕਬੀਲਾ ਗਾਲ਼ਦੇ। ਇਸ ਅਖਾਣ ਦੇ ਅਰਥ ਅਨੁਸਾਰ ਕੁਝ ਜੀਵ ਜੰਤੂ ਅਤੇ ਮਨੁੱਖ ਜਾਤਾਂ ਦੇ ਆਧਾਰ ‘ਤੇ ਸੁਭਾਅ ਤੋਂ ਵੱਖਰੀਆਂ ਵੱਖਰੀਆਂ ਹੁੰਦੀਆਂ ਹਨ। ਇਸ ਅਖਾਣ ਦੇ ਅਰਥ ਅਨੁਸਾਰ ਕੁੱਕੜ ਕਾਂ ਅਤੇ ਕੰਬੋਜ ਜਾਤੀ ਦੇ ਲੋਕ ਹਮੇਸ਼ਾ ਆਪਣੇ ਕਬੀਲੇ ਦਾ ਫਾਇਦਾ ਕਰਦੇ ਹਨ ਅਤੇ ਇਸ ਦੇ ਉਲਟ ਜੱਟ, ਝੋਟਾ ਅਤੇ ਸੰਸਾਰ ਭਾਵ (ਘੜਿਆਲ) ਆਦਿ ਜੀ ਆਪਣੀ ਜਾਤੀ ਦਾ ਵਿਨਾਸ਼ ਕਰਨ ਲਈ ਤੁਲੇ ਰਹਿੰਦੇ ਹਨ।
- ਕੁੱਕੜ, ਕੁੱਤਾ, ਕੋਹਲੀ, ਤਿੰਨੇ ਜਾਤ-ਕੁਜਾਤ ਉਹ ਭੌਂਕੇ ਉਹ ਭਿੜ ਮਰੇ ਉਹ ਬੋਲੇ ਪ੍ਰਭਾਤ। ਇਸ ਅਖਾਣ ਦੇ ਅਰਥ ਅਨੁਸਾਰ ਵੀ ਕੁਝ ਜੀਵ ਜੰਤੂ ਅਤੇ ਮਨੁੱਖ ਜਾਤਾਂ ਦੇ ਆਧਾਰ ਤੇ ਭੈੜੇ ਜਾਂ ਚੰਗੇ ਸੁਭਾਅ ਦੇ ਮਾਲਕ ਹੁੰਦੇ ਹਨ। ਇਸ ਅਖਾਣ ਦੇ ਅਰਥਾਂ ਅਨੁਸਾਰ ਕੁੱਕੜ, ਕੁੱਤਾ ਅਤੇ ਕੋਹਲੀ ਜਾਤ ਦੇ ਵਿਅਕਤੀ ਭੈੜੇ ਹੁੰਦੇ ਹਨ। ਅਖਾਣ ਦੇ ਅੱਖਰੀ ਅਰਥਾਂ ਅਨੁਸਾਰ ਕੁੱਕੜ ਲੋਕਾਂ ਨੂੰ ਸੌਣ ਨਹੀਂ ਦਿੰਦਾ ਅਤੇ ਬੇਹਿਸਾਬੀਆਂ ਬਾਗਾਂ ਦਿੰਦਾ ਰਹਿੰਦਾ ਹੈ। ਕੁੱਤਾ ਵੀ ਸਾਰੀ ਰਾਤ ਭੌਂਕਦਾ ਰਹਿੰਦਾ ਹੈ ਅਤੇ ਕੋਹਲੀ ਜਾਤ ਦਾ ਵਿਅਕਤੀ ਵੀ ਬਿਨਾਂ ਵਜਾ ਲੜ ਕੇ ਮਰਦਾ ਹੈ।
- ਕੁੱਕੜਾਂ ਵਾਲੀ ਲੜਾਈ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਵਿਅਕਤੀ ਬਿਨਾਂ ਉਹਦਾ ਆਪਸ ਵਿੱਚ ਲੜਦੇ ਰਹਿੰਦੇ ਹੋਣ।
- ਕੁੱਕੜੀ ਦੀ ਬਾਂਗ, ਕਦੇ ਰਵਾਂ ਨਹੀਂ ਹੁੰਦੀ। ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਔਰਤ ਭਾਵੇਂ ਕਿੰਨੀ ਵੀ ਸਮਰੱਥ ਕਿਉਂ ਨਾ ਹੋ ਜਾਵੇ ਪਰ ਉਹ ਮਰਦ ਦਾ ਮੁਕਾਬਲਾ ਨਹੀਂ ਕਰ ਸਕਦੀ, ਜਿਵੇਂ ਇਕ ਇਕ ਕੁੱਕੜੀ ਭਾਵੇਂ ਜਿੰਨੀਆਂ ਮਰਜ਼ੀ ਬਾਂਗਾਂ ਦੇਵੇ ਪਰ ਉਹ ਕੁੱਕੜ ਦਾ ਮੁਕਾਬਲਾ ਨਹੀਂ ਕਰ ਸਕਦੀ।
- ਕੁੱਕੜੀ ਨਾਈ ਦੀ, ਮੁਕੱਦਮ ਨੰਬਰਦਾਰ। ਜਦੋਂ ਦੋ ਬੁਰੇ ਵਿਅਕਤੀ ਬੁਰੀ ਮਨ ਸ਼ਾਹ ਨੂੰ ਲੈ ਕੇ ਇੱਕ ਦੂਜੇ ਦੇ ਹੱਕ ਵਿੱਚ ਖੜੇ ਹੋਣ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਕੁਛ ਅੰਨ ਦੇ, ਕੁਛ ਧੰਨ ਦੇ, ਕੁਛ ਪਹਾੜਾਂ ਵਾਲੀ ਮਾਈ ਦਾ, ਕੁਛ ਢੋਲ ਢਮੱਕਾ ਸਰਵਰ ਦਾ, ਬਾਕੀ ਹਿੜਬਸ ਬਾਬੇ ਨਾਨਕ ਦਾ। ਅਰਥ ਬਾਕੀ ਹੈ।
- ਕੁੱਛੜ ਕੁੜੀ, ਸ਼ਹਿਰ ਢੰਡੋਰਾ। ਜਦੋਂ ਕੋਈ ਚੀਜ਼ ਕਿਸੇ ਵਿਅਕਤੀ ਦੇ ਬਿਲਕੁਲ ਕੋਲ ਪਈ ਹੋਵੇ ਪਰ ਉਸ ਚੀਜ਼ ਨੂੰ ਉਹ ਕਿਤੇ ਹੋਰ ਲੱਭਦਾ ਫਿਰੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ । ਅਖਾਣ ਦਾ ਅੱਖਰੀ ਅਰਥ ਇਹ ਹੈ ਕਿ ਕੁੜੀ ਆਪਣੇ ਕੁੱਛੜ ਚੁੱਕੀ ਹੋਈ ਹੈ ਪਰ ਮਾਪੇ ਸ਼ਹਿਰ ਵਿੱਚ ਜਾ ਕੇ ਢੰਡੋਰਾ ਪਿੱਟ ਰਹੇ ਹਨ ਕਿ ਉਹਨਾਂ ਦੀ ਕੁੜੀ ਨਹੀਂ ਲੱਭ ਰਹੀ।
- ਕੁੱਛੜ ਚੁੱਕਿਆ, ਭੁੰਜੇ ਪਵੇ। ਜਦੋਂ ਕੋਈ ਵਿਅਕਤੀ ਖਾਸ ਅਹੁਦਾ ਜਾਂ ਇੱਜਤ ਮਾਣ ਲੈਣ ਤੋਂ ਬਾਅਦ ਵੀ ਖੁਸ਼ ਨਾ ਹੋਵੇ ਤਾਂ ਉਸ ਨੂੰ ਨਹੋਰਾ ਮਾਰਨ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। ਅਖਾਣ ਦਾ ਅਖਰੀ ਅਰਥ ਇਹ ਹੈ ਕਿ ਜੇਕਰ ਸਾਹਮਣੇ ਵਾਲਾ ਕੁੱਛੜ ਚੁੱਕੇ ਤੋਂ ਖੁਸ਼ ਨਹੀਂ ਹੈ ਤਾਂ ਫਿਰ ਉਹ ਭੁੰਜੇ ਪੈ ਜਾਵੇ।
- ਕੁਝ ਸੋਨਾ ਖੋਟਾ, ਕੁਝ ਸੁਨਿਆਰਾ ਖੋਟਾ । ਜਦੋਂ ਕੋਈ ਵੀ ਵਿਅਕਤੀ ਬੁਰਾ ਹੋਵੇ ਅਤੇ ਉਸ ਨੂੰ ਸਿੱਖਿਆ ਦੇਣ ਵਾਲਾ ਹੋਰ ਵੀ ਬੁਰਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
- ਕੁਝ ਹਾਲੀਂ ਢਿੱਲਾ, ਕੁਝ ਜੋਤਰੇ ਢਿੱਲੇ। ਜਦੋਂ ਦੋਵੇਂ ਧਿਰਾਂ ਕੰਮ ਵਿੱਚ ਢਿੱਲ-ਮੱਠ ਵਰਤ ਰਹੀਆਂ ਹੋਣ ਤਾਂ ਵਿਅੰਗ ਵਜੋਂ ਇਹ ਖਾਣ ਬੋਲਿਆ ਜਾਂਦਾ ਹੈ ਅਖਾਣ ਦਾ ਅੱਖਰੀ ਅਰਥ ਇਹ ਹੈ ਕਿ ਇਕ ਤਾਂ ਹਲ਼ ਵਾਹੁਣ ਵਾਲਾ ਵਿਅਕਤੀ ਖੁਦ ਢਿਲਾ ਹੈ ਅਤੇ ਦੂਜਾ ਉਸਦੇ ਬਲਦ ਵੀ ਨਿਕੰਮੇ ਹਨ।
- ਕੁਝ ਗੁੜ ਢਿੱਲਾ, ਕੁਝ ਬਾਣੀਆਂ ਢਿੱਲਾ। ਇਸ ਅਖਾਣ ਦਾ ਭਾਵ ਅਰਥ ਵੀ ਉਹੀ ਹੈ ਪਰ ਅੱਖਰੀ ਅਰਥ ਕੁਝ ਵੱਖਰੇ ਹਨ।
- ਕੁਝ ਦੁਧੋਂ, ਕੁਝ ਦਹੀਓਂ, ਕੁਝ ਤੁਧੋਂ, ਕੁਝ ਮਹੀਓਂ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਮਨੁੱਖ ਦੀ ਸਮਾਜ ਵਿੱਚ ਇੱਜਤ ਉਸ ਦੀ ਧਨ ਦੌਲਤ ਅਤੇ ਸਹੀ ਵਰਤਾਅ ਕਾਰਨ ਹੁੰਦੀ ਹੈ।
- ਕੁਝ ਬਤਾਊਂਂ ਤੱਤੇ, ਕੁਝ ਲਾਲਾ ਜੀ ਤੱਤੇ। ਜਦੋਂ ਦੋ ਵਿਅਕਤੀ ਇੱਕ ਦੂਜੇ ਤੋਂ ਵੱਧ ਗੁੱਸੇ ਵਿੱਚ ਹੋਣ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਕੁੱਟੀ ਚਿੜੀ, ਕਪੂਰੀ ਨਾਂ। ਜਦੋਂ ਕਿਸੇ ਵਿਅਕਤੀ ਦੇ ਕਾਰਨਾਮੇ ਤਾਂ ਮਮੂਲੀ ਜਿਹੇ ਹੋਣ ਪਰ ਵਿਖਾਵਾ ਉਹ ਵੱਡਾ ਕਰ ਰਿਹਾ ਹੋਵੇ ਤਾਂ ਵਿਅੰਗ ਵਜੋਂ ਇਹ ਅਖਾਣ ਖਾਣ ਬੋਲਿਆ ਜਾਂਦਾ ਹੈ।
- ਕੁੱਤਾ ਸੋ, ਜੋ ਕੁੱਤਾ ਪਾਲੇ, ਕੁੱਤਾ, ਦੋਹਤਾ ਘਰ ਨਾ ਨਿਹਾਲੇ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਕੁੱਤਾ ਪਾਲਣ ਵਾਲਾ ਵਿਅਕਤੀ ਖੁਦ ਵੀ ਕੁੱਤੇ ਦੇ ਸਮਾਨ ਹੀ ਹੁੰਦਾ ਹੈ ਅਤੇ ਕੁੱਤਾ ਕਦੇ ਵੀ ਘਰ ਦੇ ਲਈ ਫਾਇਦੇਮੰਦ ਨਹੀਂ ਹੁੰਦਾ। ਜਦੋਂ ਵੀ ਮੌਕਾ ਲੱਗੇਗਾ ਉਹ ਭਾਂਡੇ ਵਿੱਚ ਜਰੂਰ ਮੂੰਹ ਪਾਵੇਗਾ। ਉਸੇ ਤਰ੍ਹਾਂ ਦੋਹਤਾ ਵੀ ਘਰ ਦੇ ਲਈ ਫਾਇਦੇਮੰਦ ਨਹੀਂ ਹੁੰਦਾ।
- ਕੁੱਤਾ ਭੌਂਕਦਾ ਚੰਗਾ, ਬਾਣੀਆਂ ਬੋਲਦਾ ਚੰਗਾ। ਇਹ ਅਖਾਣ ਬਾਣੀਏ ਲੋਕਾਂ ਉੱਤੇ ਹਾਸੇ-ਠੱਠੇ ਅਤੇ ਵਿਅੰਗ ਵਜੋਂ ਬੋਲਿਆ ਜਾਂਦਾ ਹੈ। ਅਖਾਣ ਦੇ ਅਰਥਾਂ ਅਨੁਸਾਰ ਜੇਕਰ ਬਾਣੀਆਂ ਰੌਲਾ ਪਾਵੇਗਾ ਤਾਂ ਹੀ ਸੌਦਾ ਵਿਕੇਗਾ ਅਤੇ ਜੇਕਰ ਕੁੱਤਾ ਭੌਂਕੇਗਾ ਤਾਂ ਹੀ ਚੋਰ ਭੱਜਣਗੇ।
- ਕੁੱਤਾ ਭੌਂਕਦਾ, ਚੰਦਰਮਾ ਨੂੰ ਥੋੜ੍ਹੀ ਫੜ੍ਹ ਲੈਂਦਾ। ਜਦੋਂ ਇਹ ਦੱਸਣਾ ਹੋਵੇ ਕਿ ਸਾਹਮਣੇ ਵਾਲਾ ਵਿਅਕਤੀ ਉਸ ਦੇ ਮੁਕਾਬਲੇ ਬਹੁਤ ਛੋਟਾ ਹੈ ਅਤੇ ਉਹ ਉਸਦਾ ਕੁਝ ਵੀ ਨਹੀਂ ਵਿਗਾੜ ਸਕਦਾ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
- ਕੁੱਤਾ ਭੌਂਕੇ ਚੰਦ ਨੂੰ ਕੀ? ਉਹੀ ਅਰਥ।
- ਕੁੱਤਾ ਰਾਜ ਬਹਾਲਿਆ, ਮੁੜ ਚੱਕੀ ਚੱਟੇ। ਜਦੋਂ ਕੋਈ ਵਿਅਕਤੀ ਉੱਚੇ ਅਹੁਦੇ ਤੇ ਬੈਠ ਕੇ ਨੀਵੇਂ ਅਤੇ ਘਟੀਆ ਕੰਮ ਕਰੇ ਤਾਂ ਉਸ ਉੱਤੇ ਤਨਜ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਕੁੱਤਾ ਵੀ ਖਾਧਾ ਤੇ ਢਿੱਡ ਵੀ ਨਾ ਭਰਿਆ। ਜਦੋਂ ਕੋਈ ਕੰਮ ਬਹੁਤ ਜਿਆਦਾ ਔਖੇ ਹੋ ਕੇ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਅਤੇ ਕੰਮ ਫਿਰ ਵੀ ਠੀਕ ਢੰਗ ਨਾਲ ਨਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
- ਕੁੱਤੀ ਗੋਲਾਂ ਖਾਣ ਗਈ, ਅੱਗੋਂ ਹਵਾ ਨਾ ਵਗੀ, ਪਿੱਛੋਂ ਰੋਟੀ ਵਾਲਾ ਖੁੰਝ ਗਿਆ। ਜਦੋਂ ਕੋਈ ਵਿਅਕਤੀ ਬਹੁਤਾ ਕੁਝ ਪ੍ਰਪਤ ਕਰਨ ਦੇ ਲਾਲਚ ਵਿੱਚ ਆ ਕੇ ਭੱਜ-ਨੱਠ ਕਰੇ ਅਤੇ ਇਸ ਚੱਕਰ ਵਿਚ ਆਪਣੇ ਹੱਥਾਂ ਵਾਲੀ ਚੀਜ ਵੀ ਗਵਾ ਬੈਠੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਕੁੱਤੇ ਸੰਦੀ ਪੂਛਲੀ, ਕਦੇ ਨਾ ਸਿੱਧੀ ਹੋਏ। ਜਦੋਂ ਕਿਸੇ ਦੇ ਬਿਗੜੈਲ ਵਿਅਕਤੀ ਦੇ ਸੁਧਰਨ ਦੀ ਕੋਈ ਉਮੀਦ ਨਾ ਹੋਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਕੁੱਤੇ ਖਾਣ ਜਲੇਬੀਆਂ ਤੇ ਪ੍ਰੋਹਿਤ ਭੁੱਖੇ। ਜਦੋਂ ਗੁਣਵਾਨ ਅਤੇ ਹੱਕੀ ਵਿਅਕਤੀਆਂ ਦੀ ਤਾਂ ਪੁੱਛ-ਗਿੱਛ ਨਾ ਹੋਵੇ ਪਰ ਇਸ ਦੇ ਉਲਟ ਨਿਕੰਮੇ ਵਿਅਕਤੀ ਮੌਜਾਂ ਮਾਣ ਰਹੇ ਹੋਣ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਕੁੱਤੇ ਚੰਦਨ ਲਾਇਆ, ਭੀ ਸੋ ਕੁੱਤਾ। ਇਸ ਅਖਾਣ ਦੇ ਅਰਥਾਂ ਅਨੁਸਾਰ ਭੈੜੇ ਵਿਅਕਤੀ ਨੂੰ ਜਿੰਨਾ ਮਰਜ਼ੀ ਇੱਜਤ ਮਾਣ ਅਤੇ ਅਹੁਦੇ ਦਿੱਤੇ ਜਾਣ ਉਹ ਭੈੜਾ ਹੀ ਰਹੇਗਾ।
- ਕੁੱਤੇ ਦੀ ਪੂਛ 12 ਵਰ੍ਹੇ ਵੰਝਲੀ ਚ ਪਾ ਰੱਖੀ, ਫਿਰ ਵੀ ਡਿੰਗੀ ਦੀ ਡਿੰਗੀ। ਇਹ ਅਖਾਣ ਵੀ ਭੈੜੇ ਵਿਅਕਤੀਆਂ ਦੇ ਨਾ ਸੁਧਰਨ ਬਾਰੇ ਵਿਅੰਗ ਵਜੋਂ ਬੋਲਿਆ ਜਾਂਦਾ ਹੈ।
- ਕੁੱਤੇ ਦੇ ਮੂੰਹ ਹੱਡੀ, ਨਾ ਖਾਧੀ ਤੇ ਨਾ ਛੱਡੀ। ਜਦੋਂ ਕੋਈ ਭੈੜਾ ਵਿਅਕਤੀ ਨਾ ਤਾਂ ਖੁਦ ਕੋਈ ਕੰਮ ਕਰੇ ਅਤੇ ਨਾ ਹੀ ਦੂਜੇ ਨੂੰ ਕਰਨ ਦੇਵੇ ਤਾਂ ਵਿਅੰਗ ਵਜੋਂ ਇਹ ਖਾਣ ਬੋਲਿਆ ਜਾਂਦਾ ਹੈ। ਜਸਬੀਰ ਵਾਟਾਂਵਾਲੀਆ
- ਕੁੱਤੇ ਦੇ ਲੱਕਿਆਂ, ਦਰਿਆ ਪਲੀਤ ਨਹੀਂ ਹੁੰਦਾ। ਇਸ ਅਖਾਣ ਦੇ ਅਰਥਾਂ ਅਨੁਸਾਰ ਕਿਸੇ ਭੈੜੇ ਵਿਅਕਤੀ ਵੱਲੋਂ ਚੰਗੇ ਵਿਅਕਤੀ ਨਾਲ ਕੀਤੀ ਗਈ ਬਦਸਲੂਕੀ ਦੇ ਕਾਰਨ ਵੀ ਚੰਗੇ ਵਿਅਕਤੀ ਦਾ ਕੁਝ ਨਹੀਂ ਵਿਗੜਦਾ।
- ਕੁੱਤੇ ਨੂੰ ਖੀਰ ਨਹੀਂ ਪਚਦੀ। ਜਦੋਂ ਕਿਸੇ ਬੁਰੇ ਕਿਰਦਾਰ ਦੇ ਵਿਅਕਤੀ ਨੂੰ ਚੰਗੀਆਂ ਚੀਜ਼ਾਂ ਵੀ ਰਾਸ ਨਾ ਆਉਣ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
- ਕੁਦਰਤ ਤੇਰੀ ਕਾਦਰਾ, ਬੀਜੀ ਕਣਕ ਤੇ ਉੱਗਿਆ ਬਾਜਰਾ। ਜਦੋਂ ਕੋਸ਼ਿਸ਼ ਕੁਝ ਹੋਰ ਕੀਤੀ ਹੋਵੇ ਅਤੇ ਕੁਦਰਤੀ ਕਾਰਨਾਂ ਕਰਕੇ ਨਤੀਜਾ ਕੋਈ ਹੋਰ ਨਿਕਲੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
- ਕੁੱਪੀ ਦੇ ਵਿੱਚ, ਖੜਕੇ ਰੋੜ। ਇਸ ਅਖਾਣ ਦੇ ਅਰਥਾਂ ਅਨੁਸਾਰ ਨਿਕੰਮਾ ਅਤੇ ਔਗੁਣਹਾਰਾ ਵਿਅਕਤੀ ਵਧੇਰੇ ਰੌਲਾ ਪਾਉਂਦਾ ਹੈ।
- ਕੁੱਬੇ ਨੂੰ ਲੱਤ ਵੱਜੀ, ਉਹਦਾ ਕੁੱਬ ਨਿਕਲ ਗਿਆ। ਜਦੋਂ ਕਿਸੇ ਆਦਮੀ ਨੂੰ ਛੋਟਾ-ਮੋਟਾ ਧੱਕਾ ਲੱਗੇ ਜਾਂ ਕੋਈ ਮਾਮੂਲੀ ਨੁਕਸਾਨ ਹੋਵੇ ਪਰ ਉਸ ਨੁਕਸਾਨ ਦੇ ਪਿੱਛੋਂ ਉਸਦਾ ਵੱਡਾ ਫਾਇਦਾ ਹੋਇਆ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
- ਕੁੱਬੇ ਬੂਟੇ ਤੇ ਹਰ ਕੋਈ ਚੜ ਜਾਂਦਾ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਿਹੜਾ ਆਦਮੀ ਲੋਕਾਂ ਦੇ ਸਾਹਮਣੇ ਵਧੇਰੇ ਲਿਫ ਕੇ ਰਹਿੰਦਾ ਹੈ, ਉਸ ਉੱਤੇ ਸਾਰੇ ਹੀ ਰੋਹਬ ਜਮਾਉਂਦੇ ਹਨ ਅਤੇ ਉਸ ਕੋਲੋਂ ਆਪਣਾ ਕੰਮ ਲੈਣ ਦਾ ਯਤਨ ਕਰਦੇ ਹਨ।
- ਕੁੜ–ਕੁੜ ਕਿਤੇ, ਤੇ ਆਂਡਾ ਕਿਤੇ। ਜਦੋਂ ਕੋਈ ਵਿਅਕਤੀ ਮੇਲ-ਜੋਲ ਕਿਸੇ ਹੋਰ ਨਾਲ ਰੱਖੇ ਪਰ ਫਾਇਦਾ ਕਿਸੇ ਹੋਰ ਨੂੰ ਪਹੁੰਚਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
- ਕੁੜਮ ਕੁਪੱਤੇ ਹੋਈਏ, ਪਰ ਗਵਾਂਢ ਕੁਪੱਤੇ ਨਾ ਹੋਈਏ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਸਾਨੂੰ ਆਪਣੇ ਗੁਆਂਢ ਨਾਲ ਕਦੇ ਵੀ ਨਹੀਂ ਵਿਗਾੜਨੀ ਚਾਹੀਦੀ ਕਿਉਂਕਿ ਗੁਆਂਢ ਨੇ ਹਮੇਸ਼ਾ ਕੰਮ ਆਉਣਾ ਹੁੰਦਾ ਹੈ। ਅਖਾਣ ਦੇ ਅੱਖਰੀ ਅਰਥ ਅਨੁਸਾਰ ਜੇਕਰ ਅਸੀਂ ਆਪਣੇ ਕੁੜਮਾਂ ਨਾਲ ਵਿਗਾੜ ਲੈਂਦੇ ਹਾਂ ਤਾਂ ਕੋਈ ਗੱਲ ਨਹੀਂ ਪਰ ਜੇਕਰ ਗੁਾਣ ਨਾਲ ਵਿਗਾੜਦੇ ਹਾਂ ਤਾਂ ਇਹ ਚੰਗੀ ਗੱਲ ਨਹੀਂ।
- ਕੁੜਮ ਵਿਗੁੱਤਾ ਚੰਗਾ, ਤੇ ਗੁਆਂਢ ਵਿਗੁੱਤਾ ਮੰਦਾ। ਉਹੀ ਅਰਥ।
- ਕੁੜਮਾਈ ਦਾ ਸਵਾਦ ਵਿਆਹ ਤੱਕ, ਤੇ ਵਿਆਹ ਦਾ ਸਵਾਦ ਉਮਰਾਂ ਤੱਕ। ਇਹ ਅਖਾਣ ਹਾਸੇ ਚੱਠੇ ਦੌਰਾਨ ਵਿਆਹ ਕਰਵਾਉਣ ਦਾ ਫਾਇਦਾ ਅਤੇ ਨੁਕਸਾਨ ਦੱਸਣ ਲਈ ਬੋਲਿਆ ਜਾਂਦਾ ਹੈ।
- ਕੁੜਮੋਂ–ਕੁੜਮੀਂ ਰਲ਼ੇ , ਵਿਚੋਲੇ ਦੇਖਣ ਖਲੇ। ਇਹ ਅਖਾਣ ਵਿਆਹ ਸਮੇਂ ਹਾਸੇ ਠੱਠੇ ਦੌਰਾਨ ਵਿਚੋਲੇ ਨੂੰ ਚੋਭਾਂ ਮਾਰਨ ਵਜੋਂ ਬੋਲਿਆ ਜਾਂਦਾ ਹੈ।
- ਕੁੜਮੋਂ–ਕੁੜਮੀਂ ਵਰਤਣਗੇ, ਵਿਚੋਲੇ ਬੈਠੇ ਤਰਸਣਗੇ। ਉਹੀ ਅਰਥ।
- ਕੁੜੀ ਜੰਮੀ, ਹੱਡ ਛੁੱਟੇ। ਜਦੋਂ ਕੋਈ ਕੰਮ ਲੰਮੇ ਸਮੇਂ ਬਾਅਦ ਪੂਰਾ ਹੋਵੇ ਅਤੇ ਕੰਮ ਕਰਨ ਵਾਲੇ ਦੀ ਜਾਨ ਮਸਾਂ ਹੀ ਛੁੱਟੀ ਹੋਵੇ ਅਤੇ ਉਸ ਕੰਮ ਦੇ ਹੋਣ ਦੀ ਕੋਈ ਬਹੁਤੀ ਖੁਸ਼ੀ ਵੀ ਨਾ ਰਹੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
- ਕੁੜੀ ਪੇਕੇ ਤੇ ਜਵਾਈ ਮੱਥਾ ਟੇਕੇ, ਕੁੜੀ ਸਹੁਰੇ ਤੇ ਜਵਾਈ ਨਾ ਬਹੁੜੇ। ਇਹ ਅਖਾਣ ਜਵਾਈ ਨੂੰ ਮਜ਼ਾਕ ਕਰਨ ਦੇ ਤੌਰ ‘ਤੇ ਬੋਲਿਆ ਜਾਂਦਾ ਹੈ।
- ਕੁੜੀ ਪੇਟ, ਕਣਕ ਖੇਤ, ਲੈ ਜਵਾਈਆ ਮੰਡੇ ਖਾਹ। ਇਹ ਅਖਾਣ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਵਿਅਕਤੀ ਕੋਲ ਕੁਝ ਵੀ ਨਾ ਹੋਵੇ ਪਰ ਉਹ ਗੱਲਾਂ ਨਾਲ ਹੀ ਸਾਹਮਣੇ ਵਾਲੇ ਦਾ ਢਿੱਡ ਭਰਨ ਦਾ ਯਤਨ ਕਰੇ।
- ਕੁੜੀ ਭਾਵੇ ਤਾਂ ਹਰ ਕੋਈ ਆਵੇ, ਮੁੰਡਾ ਭਾਵੇ ਤਾਂ ਕੋਈ ਨਾ ਆਵੇ। ਇਸ ਅਖਾਣ ਦੇ ਅਰਥ ਅਨੁਸਾਰ ਜੇਕਰ ਔਰਤ ਚਾਹਵੇ ਜਾਂ ਸਹਿਮਤ ਹੋਵੇ ਤਾਂ ਅਨੇਕਾਂ ਮਰਦ ਉਸ ਵੱਲ ਖਿੱਚੇ ਜਾਂਦੇ ਹਨ ਪਰ ਮਰਦ ਦੇ ਚਾਹੁੰਣ ਨਾਲ ਕੋਈ ਔਰਤ ਉਸ ਵੱਲ ਨਹੀਂ ਖਿੱਚੀ ਜਾਂਦੀ।
- ਕੁੜੀਆਂ, ਚਿੜੀਆਂ, ਬੱਕਰੀਆਂ, ਤਿੰਨੇ ਚੀਜ਼ਾਂ ਅੱਥਰੀਆਂ। ਇਹ ਅਖਾਣ ਕੁੜੀਆਂ ਦੇ ਅੱਥਰੇਪਣ ਨੂੰ ਪ੍ਰਗਟਾਉਣ ਲਈ ਬੋਲਿਆ ਜਾਂਦਾ ਹੈ।
- ਕੂੰਜੀਂ ਕਣਕਾਂ ਮੇਹਣਾ, ਜੇਕਰ ਰਹਿਣ ਵੈਸਾਖ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਵਿਦੇਸ਼ਾਂ ਤੋਂ ਚੋਗ ਚੁਗਣ ਆਈਆਂ ਕੂੰਜਾਂ ਵਿਸਾਖ ਵਿੱਚ ਵਾਪਸ ਚਲੀਆਂ ਜਾਂਦੀਆਂ ਹਨ ਅਤੇ ਕਣਕ ਦੀ ਫਸਲ ਵੀ ਵਿਸਾਖ ਦੇ ਮਹੀਨੇ ਤੱਕ ਪੂਰੀ ਤਰਹਾਂ ਵੱਡੀ ਜਾਂਦੀ ਹੈ। ਜੇਕਰ ਇਹ ਦੋਵੇਂ ਵਿਸਾਖ ਦੇ ਮਹੀਨ ਖਤਮ ਹੋਣ ਤੱਕ ਰਹਿ ਜਾਣ ਤਾਂ ਇਹ ਮੇਹਣੇ ਵਾਲੀ ਗੱਲ ਹੁੰਦੀ ਹੈ।
- ਕੂੜ ਫਕੀਰੀਓਂ, ਚੋਰੀ ਚੰਗੀ। ਇਸ ਅਖਾਣ ਦੇ ਅਰਥ ਅਨੁਸਾਰ ਝੂਠੀ ਫਕੀਰੀ ਧਾਰਨ ਕਰਨ ਨਾਲੋਂ ਚੋਰ ਬਣ ਜਾਣਾ ਚੰਗਾ ਹੈ।
- ਕੂੜ, ਸੱਚ, ਜਿਉਂ ਵਟ ਘੜੋਟਾ। ਅਰਥ ਬਾਕੀ ਹਨ।
- ਕੇਸਰ ਦੀ ਕਿਆਰੀ, ਵਿੱਚ ਕਸੁੰਬੇ ਦਾ ਬੂਟਾ। ਜਦੋਂ ਕਿਸੇ ਚੰਗੇ ਪਰਿਵਾਰ ਵਿੱਚ ਕੋਈ ਇੱਕ ਬੁਰਾ ਜੀਅ ਪੈਦਾ ਹੋ ਜਾਵੇ ਜਾਂ ਕਿਸੇ ਇੱਕ ਚੰਗੇ ਧੜੇ ਵਿੱਚ ਕੋਈ ਬੁਰਾ ਮੈਂਬਰ ਆ ਜਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
- ਕੇਰਾਂ ਜਿਹੜਾ ਪਾਣੀ ਵੱਗ ਗਿਆ, ਉਹ ਨਹੀਂ ਮੁੜਦਾ। ਜਦੋਂ ਦੱਸਣਾ ਹੋਵੇ ਕਿ ਲੰਘ ਗਿਆ ਸਮਾਂ ਵਾਪਸ ਨਹੀਂ ਮੁੜਦਾ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
- ਕੋਇਲਾਂ ਤਾਂ ਕਦੇ–ਕਦੇ ਕੂਕਦੀਆਂ ਨੇ, ਕਾਵਾਂ ਤਾਂ ਰੋਜ਼ ਹੀ ਰੌਲਾ ਪਾਉਣਾ ਹੁੰਦਾ। ਜਦੋਂ ਦੱਸਣਾ ਹੋਵੇ ਕਿ ਚੰਗੀ ਅਤੇ ਅਣਮੁੱਲੀ ਚੀਜ਼ ਥੋੜੀ ਮਾਤਰਾ ਵਿੱਚ ਹੁੰਦੀ ਹੈ ਜਦਕਿ ਨਿਕੰਮੀਆਂ ਅਤੇ ਬੇਗੁਣੀਆਂ ਚੀਜ਼ਾਂ ਬਹੁਤ ਮਾਤਰਾ ਵਿੱਚ ਹੁੰਦੀਆਂ ਹਨ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।ਜਸਬੀਰ ਵਾਟਾਂਵਾਲੀਆ
- ਕੋਈ ਅੰਨ ਖਾਵੇ, ਕੋਈ ਛੱਜ ਵਜਾਵੇ। ਇਹ ਅਖਾਣ ਹਾਸੇ-ਠੱਠੇ ਅਤੇ ਛੇੜ-ਛਾੜ ਦੌਰਾਨ ਉਦੋਂ ਵਰਤਿਆ ਜਾਂਦਾ ਹੈ ਜਦੋਂ ਇਕ ਵਿਅਕਤੀ ਕਿਸੇ ਚੀਜ਼ ਨੂੰ ਮਜੇ ਲੈ-ਲੈ ਕੇ ਖਾ ਰਿਹਾ ਹੋਵੇ ਅਤੇ ਦੂਜੇ ਬੈਠੇ ਦੇਖ ਰਹੇ ਹੋਣ।
- ਕੋਈ ਸੂਈ ਜੋਗਾ, ਤੇ ਕੋਈ ਸਿਲਾਈ ਜੋਗਾ। ਇਹ ਅਖਾਣ ਉਦੋਂ ਵਰਤਿਆ ਜਾਂਦਾ ਹੈ ਜਦੋਂ ਕੋਈ ਮੇਲ਼ ਦੀ ਰਕਮ ਇਕੱਠੀ ਕੀਤੀ ਜਾ ਰਹੀ ਅਤੇ ਇਹ ਦੱਸਣਾ ਹੋਵੇ ਕਿ ਕਿ ਸਮਾਜ ਵਿਚ ਸਾਰੇ ਲੋਕਾਂ ਦੀ ਆਰਥਿਕ ਸਥਿਤੀ ਇੱਕੋ ਜਹੀ ਨਹੀਂ ਹੁੰਦੀ। ਕੋਈ ਥੋੜ੍ਹਾ ਹਿੱਸਾ ਪਾ ਸਕਦਾ ਹੈ ਅਤੇ ਕੋਈ ਬਹੁਤਾ।
- ਕੋਈ ਹਰਿਆ ਬੂਟ ਰਹਿਓ ਰੀ। ਇਹ ਅਖਾਣ ਉਦੋਂ ਵਰਤਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਭਾਵੇ ਕਿ ਸਭ ਪਾਸੇ ਨਿਘਾਰ ਆ ਚੁੱਕਾ ਪਰ ਆਸ ਦੀ ਕਿਰਨ ਅਜੇ ਵੀ ਬਾਕੀ ਹੈ।
- ਕੋਈ ਹਾਲ ਮਸਤ, ਕੋਈ ਚਾਲ ਮਸਤ, ਕੋਈ ਖਾ ਕੇ ਰੋਟੀ ਦਾਲ਼ ਮਸਤ। ਇਹ ਅਖਾਣ ਉਦੋਂ ਵਰਤਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਮਸਤੀ ਅਤੇ ਅਨੰਦ ਆਦਮੀ ਦੇ ਮਨ ਦੀ ਸਥਿੱਤੀ ਉੱਪਰ ਨਿਰਭਰ ਕਰਦੀ ਹੈ। ਕੋਈ ਚੰਗੇ ਹਾਲਾਤ ਵਿਚ ਖੁਸ਼ ਰਹਿੰਦਾ ਅਤੇ ਕੋਈ ਬੁਰੇ ਹਾਲਾਤ ਵਿਚ ਵੀ ਖੁਸ਼ ਰਹਿਣਾ ਜਾਣਦਾ ਹੈ।
- ਕੋਈ ਖੋਤੀ ਵਾਹ ਕੇ ਖਾਵੇ, ਤੇ ਕੋਈ ਪੋਥੀ ਵਾਹ ਕੇ ਖਾਵੇ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਹਰ ਕੋਈ ਆਪਣੇ ਹੁਨਰ ਅਨੁਸਾਰ ਵੱਖੋ-ਵੱਖਰੀ ਕਿਰਤ ਕਮਾਈ ਕਰਕੇ ਆਪਣਾ ਪਰਿਵਾਰ ਪਾਲਦਾ ਹੈ।
- ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ਼ ਪਤਾਸੇ ਪੀਵੇ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਵਿਅਕਤੀ ਐਨਾ ਬੇਪਵਾਹ ਅਤੇ ਮਸਤ ਹੋਵੇ ਕਿ ਉਸ ਨੂੰ ਕਿਸੇ ਦੇ ਜੀਣ ਅਤੇ ਮਰਨ ਨਾਲ ਕੋਈ ਫਰਕ ਨਾ ਪੈਂਦਾ ਹੋਵੇ।
- ਕੋਈ ਮਾਵਾਂ ਨੂੰ ਰੋਂਦਾ, ਤੇ ਕੋਈ ਮਾਸੀਆਂ ਨੂੰ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਨੇੜਲੇ ਰਿਸ਼ਤਿਆਂ ਦੇ ਪ੍ਰਤੀ ਬੇਪਰਵਾਹ ਪਰ ਦੂਰ ਰਿਸ਼ਤਿਆਂ ਲਈ ਫਿਕਰਮੰਦੀ ਦਿਖਾਵੇ।
- ਕੋਈ ਲਾਵੇ ਲੱਗੀ ਲਾਣੇ, ਕੋਈ ਲਾਵੇ ਮਨ ਦੇ ਭਾਣੇ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਹਰ ਬੰਦਾ ਦੂਜੇ ਤੋਂ ਵੱਖਰਾ ਹੁੰਦਾ ਹੈ। ਕਿਸੇ ਨੂੰ ਚੜ੍ਹੀ-ਲੱਥੀ ਦਾ ਕੋਈ ਅਸਰ ਨਹੀਂ ਹੁੰਦਾ ਪਰ ਕੋਈ ਬੰਦਾ ਹਰ ਗੱਲ ਨੂੰ ਦਿਲ ’ਤੇ ਲੈਂਦਾ ਹੈ।
- ਕੋਸੇ ਜੀਣ, ਅਸੀਸੇ ਮਰਨ। ਇਹ ਅਖਾਣ ਹਾਸੇ-ਠੱਠੇ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾਂ ਹੋਵੇ ਕਿ ਜਿਹੜੇ ਵਿਅਕਤੀ ਜਾਂ ਚੀਜ਼ ਦੀ ਜ਼ਿਆਦਾ ਸੰਭਾਲ ਕੀਤੀ ਜਾਂਦੀ ਉਹ ਵਧੇਰੇ ਵਿਟਰਦੀ ਹੈ ਅਤੇ ਜਿਸ ਦੀ ਬਿਲਕੁਲ ਵੀ ਸੰਭਾਲ ਨਾ ਕੀਤੀ ਜਾਵੇ ਉਸ ਨੂੰ ਕੁਝ ਵੀ ਨਹੀਂ ਹੁੰਦਾ। ਅਖਾਣ ਦੇ ਅਖਰੀ ਅਰਥਾਂ ਅਨੁਸਾਰ ਜਿਨ੍ਹਾਂ ਨੂੰ ਲਾਹਣਤਾਂ ਮਿਲਦੀਆਂ ਹਨ ਉਹ ਹਮੇਸ਼ਾਂ ਜਿਊਂਦੇ ਰਹਿੰਦੇ ਹਨ ਅਤੇ ਜਿੰਨਾ ਨੂੰ ਅਸੀਸਾਂ ਮਿਲਦੀਆਂ ਹਨ ਉਹ ਜਲਦੀ ਮਰ ਜਾਂਦੇ ਹਨ।
- ਕੋਹ ਨਾ ਚਲੀ ਤੇ ਬਾਬਾ ਧਿਆਈ। ਇਹ ਅਖਾਣ ਹਾਸੇ-ਠੱਠੇ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਥੋੜ੍ਹਾ ਜਿਹਾ ਕੰਮ ਕਰਨ ਤੋਂ ਬਾਅਦ ਥੱਕ ਜਾਵੇ ਜਾਂ ਖਾਣ ਪੀਣ ਦੀ ਗੱਲ ਕਰਨ ਲੱਗ ਜਾਵੇ।
- ਕੋਹੜੀ ਦੇ ਭਾਂਡੇ ਦੀ ਖੀਰ, ਜਿੱਥੇ ਅੱਗ ਦਾ ਨਾ ਸੀਰ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਭੈੜੇ ਵਿਅਕਤੀ ਕੋਲ ਕੋਈ ਕੀਮਤੀ ਹੋਵੇ ਪਰ ਕਿਸੇ ਨੂੰ ਵੀ ਉਸ ਦੇ ਕੋਲੋਂ ਚੀਜ਼ ਲੈਣ ਸਕਣ ਦੀ ਕੋਈ ਉਮੀਦ ਨਾ ਹੋਵੇ।
- ਕੋਹੜੀਆ ਟੱਬਰਾ, ਮੇਰੀ ਹਿੱਕ ‘ਤੇ ਬੇਰ ਪਿਆ, ਮੇਰੇ ਮੂੰਹ ‘ਚ ਨਹੀਂ ਪਾ ਸਕਦੇ। ਇਹ ਅਖਾਣ ਹਾਸੇ-ਠੱਠੇ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਵਿਅਕਤੀ ਬਹੁਤ ਜਿਆਦਾ ਆਲਸੀ ਹੋਵੇ।
- ਕੋਹਾਂ ਪਰ੍ਹੇ ਦਰਿਆ, ਸੁੱਥਣ ਮੋਢੇ ’ਤੇ। ਇਹ ਅਖਾਣ ਹਾਸੇ-ਠੱਠੇ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਵਿਅਕਤੀ ਖਤਰਾ ਆਉਣ ਤੋਂ ਪਹਿਲਾਂ ਹੀ ਵੱਡੇ ਪ੍ਰਬੰਧ ਸ਼ੁਰੂ ਕਰ ਦੇਵੇ।
- ਕੋਟ ਖਾਣੇ, ਕਿੰਗਰੇ ਸੰਭਾਲਣੇ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਵੱਡੀਆਂ ਅਤੇ ਕੀਮਤੀ ਚੀਜ਼ਾਂ ਤਾਂ ਗੁਆ ਲਵੇ ਪਰ ਛੋਟੀਆਂ ਅਤੇ ਨਕਾਰੀਆਂ ਚੀਜ਼ਾਂ ਸੰਭਾਲ-ਸੰਭਾਲ ਰੱਖੇ।
- ਕੋਠਾ ਉਸਰਿਆ, ਤਰਖਾਣ ਵਿਸਰਿਆ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾਂ ਹੋਵੇ ਕਿ ਮਤਲਭ ਨਿਕਲਣ ਤੋਂ ਬਾਅਦ ਕੋਈ ਤੁਹਾਨੂੰ ਯਾਦ ਨਹੀਂ ਰੱਖਦਾ। ਅਖਾਣ ਦੇ ਅਖਰੀ ਅਰਥਾਂ ਅਨੁਸਾਰ ਮਕਾਨ ਬਣ ਜਾਣ ਤੋਂ ਬਾਅਦ ਤਰਖਾਣ ਨੂੰ ਹਰ ਕੋਈ ਭੁਲ ਜਾਂਦਾ ਹੈ।
- ਕੋਠਿਓਂ ਡਿੱਗੀ, ਤੇ ਵੇਹੜੇ ਨਾਲ ਰੁੱਸੀ। ਇਹ ਅਖਾਣ ਹਾਸੇ-ਠੱਠੇ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਵਿਅਕਤੀ ਦਾ ਨੁਕਸਾਨ ਕਿਸੇ ਹੋਰ ਨੇ ਕੀਤਾ ਹੋਵੇ ਪਰ ਉਹ ਗੁੱਸਾ ਕਿਸੇ ਹੋਰ ਨਾਲ ਦਿਖਾਵੇ।
- ਕੋਠੇ ਚਾੜ੍ਹ ,ਪੌੜੀ ਖਿੱਚਣੀ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਵਿਅਕਤੀ ਪਹਿਲਾਂ ਤਾਂ ਕਿਸੇ ਦੀ ਮਦਦ ਕਰੇ ਪਰ ਬਾਅਦ ਵਿਚ ਉਲਟਾਂ ਉਸ ਨੂੰ ਸੁੱਟਣ ਦੀ ਕੋਸ਼ਿਸ਼ ਕਰੇ।
- ਕੋਠੇ ਤੇ ਚੜ੍ਹ ਬੋਕਦੀ, ਰੰਨ ਸਾਰੇ ਲੋਕ ਦੀ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਮਸਲੇ ਉੱਤੇ ਬਹੁਤਾ ਬੋਲਣ ਵਾਲੀ ਮੂੰਹ-ਫੱਟ ਔਰਤ ਨੂੰ ਨਹੋਰਾ ਮਾਰਨਾ ਹੋਵੇ।
- ਕੋਠੇ ਵਾਲਾ ਰੋਵੇ, ਤੇ ਛੱਪਰ ਵਾਲਾ ਸੋਵੇ। ਇਸ ਅਖਾਣ ਦੇ ਅਰਥਾਂ ਅਨੁਸਾਰ ਵਧੇਰੇ ਮਾਇਆਧਾਰੀ ਲੋਕ ਸੁਖ-ਚੈਨ ਦੀ ਨਹੀਂ ਨਹੀਂ ਸੌਂਦੇ, ਇਸ ਦੇ ਉਲਟ ਗਰੀਬ ਅਤੇ ਛੱਪਰਾਂ ਵਿਚ ਰਹਿਣ ਵਾਲੇ ਲੋਕ ਸੁੱਖ ਚੈਨ ਦੀ ਨੀਂਦ ਸੌਂਦੇ ਹਨ।
- ਕੋਰੜ ਮੋਠ ਨਾ ਰਿੱਝਦੇ, ਲੱਖ ਅਗਨੀ ਡਾਹੇ। ਇਸ ਅਖਾਣ ਦੇ ਅਰਥਾਂ ਅਨੁਸਾਰ ਮੂਲ ਤੋਂ ਵਿਗੜੇ ਹੋਏ ਲੋਕਾਂ ਨੂੰ ਲੱਖ ਕੋਸ਼ਿਸ਼ਾਂ ਤੋਂ ਬਾਅਦ ਵੀ ਸੁਧਾਰਿਆ ਨਹੀਂ ਜਾ ਸਕਦਾ। ਜਸਬੀਰ ਵਾਟਾਂਵਾਲੀਆ
- ਕੋਲ ਖੜ੍ਹਾ ਭਾਵੇ ਨਾ, ਤੇ ਕੁੱਛੜ ਚੜ੍ਹੇ ਬਲੱਜ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਇੱਕ ਵਿਅਕਤੀ ਦੂਜੇ ਨੂੰ ਭੋਰਾ ਵੀ ਪਸੰਦ ਨਾ ਕਰੇ ਪਰ ਦੂਜਾ ਬਿਨਾਂ ਵਜ੍ਹਾ ਉਸਦੇ ਉੱਪਰ ਚੜ ਕੇ ਬੈਠੇ।
- ਕੋਲ਼ਿਆਂ ਦੀ ਦਲਾਲੀ ਵਿੱਚ ਮੂੰਹ ਕਾਲ਼ਾ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਵਿਅਕਤੀ ਨੂੰ ਉਹ ਕੰਮ ਕਰਨਾ ਪਵੇ ਜਿਸ ਵਿੱਚ ਨਫਾ ਹੋਣ ਦੀ ਕੋਈ ਆਸ ਨਾ ਹੋਵੇ ਪਰ ਇਸ ਦੇ ਉਲਟ ਉਸ ਕੰਮ ਤੋਂ ਬਦਨਾਮੀ ਮਿਲਣ ਦਾ ਡਰ ਜ਼ਰੂਰ ਹੋਵੇ। ਅਖਾਣ ਦੇ ਅਖਰੀ ਅਰਥਾਂ ਅਨੁਸਾਰ ਕੋਲਿਆਂ ਦੇ ਵਪਾਰ ਵਿੱਚੋਂ ਕੀ ਲੱਭਣਾ ਹੈ ਮੂੰਹ ਹੀ ਕਾਲਾ ਹੋਣਾ ਹੈ।
- ਕੌਡੀ ਨਾ ਹੋਵੇ ਪਾਸ, ਤਾਂ ਮੇਲਾ ਦਿਸੇ ਉਦਾਸ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ, ਜਦੋਂ ਦੱਸਣਾ ਹੋਵੇ ਕਿ ਜੇਕਰ ਜੇਬ ਵਿੱਚ ਪੈਸੇ ਨਾ ਹੋਣ ਤਾਂ ਦੁਨੀਆਂ ਦਾ ਕੋਈ ਵੀ ਮੇਲਾ ਚੰਗਾ ਨਹੀਂ ਲੱਗਦਾ।
- ਕੌਡੀ ਲੱਭੀ ਦੇਂਵਦੇ, ਬੁਝਕੇ ਲੈਣ ਲਕੋ। ਇਹ ਅਖਾਣ ਉਸ ਵਿਅਕਤੀ ਉੱਤੇ ਵਿਅੰਗ ਕਸਣ ਲਈ ਬੋਲਿਆ ਜਾਂਦਾ ਹੈ ਜੋ ਮਮੂਲੀ ਗੱਲਾਂ ਉੱਤੇ ਤਾਂ ਇਮਾਨਦਾਰੀ ਵਰਤੇ ਪਰ ਵੱਡੇ ਵੱਡੇ ਘਪਲੇ ਕਰਨ ਲੱਗਿਆਂ ਭੋਰਾ ਵੀ ਨਾ ਸੋਚੇ। ਅਖਾਣ ਦੇ ਅੱਖਰੀ ਅਰਥਾਂ ਅਨੁਸਾਰ ਪੁਰਾਤਨ ਸਮੇਂ ਵਿੱਚ ਕੌਡੀ ਕਰੰਸੀ ਦਾ ਇਕ ਖਾਸ ਰੂਪ ਸੀ। ਉਸ ਨੂੰ ਵਾਪਸ ਕਰਨ ਲੱਗਿਆਂ ਪਲ ਨਹੀਂ ਲਾਉਂਦਾ ਪਰ ਜੇਕਰ ਮਾਇਆ ਦਾ ਭਰਿਆ ਕੋਈ ਬੁਝ ਮਿਲਦਾ ਹੈ ਤਾਂ ਉਸਨੂੰ ਝੱਟ ਲਕੋ ਲੈਂਦਾ ਹੈ।
- ਕੌਡੀ-ਕੌਡੀ ਜੋੜ ਕੇ, ਬਣਦਾ, ਬਣਦਿਆਂ ਲੱਖ। ਇਹ ਅਖਾਣ ਪੈਸਾ ਜੋੜਨ ਦੀ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ ਅਖਾਣ ਦਾ ਭਾਵ ਅਰਥ ਇਹ ਹੈ ਕਿ ਜੇਕਰ ਇਕ ਇਕ ਪੈਸਾ ਵੀ ਜੋੜਿਆ ਹੋਵੇ ਤਾਂ ਇਕ ਦਿਨ ਲੱਖ ਬਣ ਜਾਂਦਾ ਹੈ।
- ਕੌਣ ਕਹੇ ਰਾਣੀਏ, ਅੱਗਾ ਢੱਕ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਵੱਡੇ ਅਤੇ ਤਕੜੇ ਬੰਦੇ ਵਿੱਚ ਕੋਈ ਵੀ ਨੁਕਸ ਨਹੀਂ ਕੱਢਦਾ। ਅਖਾਣ ਦੇ ਅੱਖਰੀ ਅਰਥਾਂ ਅਨੁਸਾਰ ਰਾਣੀ ਨੂੰ ਕੌਣ ਕਹਿ ਸਕਦਾ ਹੈ ਕਿ ਉਸ ਦਾ ਅੱਗਾ ਨੰਗਾ ਹੈ ਅਤੇ ਉਸਨੂੰ ਢੱਕ ਲੈ।
- ਕੌਣ ਕਿਸੇ ਦੇ ਆਵੇ-ਜਾਵੇ, ਦਾਣਾ-ਪਾਣੀ ਖਿੱਚੇ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਮਨੁੱਖ ਜਿੱਥੇ ਕਿਤੇ ਵੀ ਜਾਂਦਾ ਹੈ ਉਹ ਉਸ ਦੀ ਆਪਣੀ ਮਰਜ਼ੀ ਨਹੀਂ ਹੁੰਦੀ ਬਲਕਿ ਸਾਰੀ ਖੇਡ ਦਾਣੇ-ਪਾਣੀ ਦੀ ਹੁੰਦੀ ਹੈ। ਗੁਰਬਾਣੀ ਵਿੱਚ ਇਸ ਕਥਨ ਨੂੰ ਪੂਰਾ ਕਰਦੀ ਇਕ ਤੁਕ ਮੌਜੂਦ ਹੈ ਕਿ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਚ ਹੇ।
- ਕੌੜਾ ਬੋਲੇ, ਬੇੜੀ ਡੋਲੇ। ਇਹ ਅਖਾਣ ਮਿੱਠਾ ਬੋਲਣ ਦੀ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ। ਅਖਾਣ ਦਾ ਭਾਵ ਅਰਥ ਇਹ ਹੈ ਕਿ ਕੌੜਾ ਬੋਲਣ ਵਾਲਾ ਆਦਮੀ ਹਮੇਸ਼ਾ ਘਾਟਾ ਖਾਂਦਾ ਹੈ।
‘ਖ’ ਅੱਖਰ ਵਾਲੇ ਅਖਾਣ ਮੁਹਾਵਰੇ
ਇਸ ਚੈਪਟਰ ਵਿਚ ਤੁਸੀਂ ਪੜ੍ਹੋਗੇ ‘ਖ’ ਅੱਖਰ ਵਾਲੇ ਪੰਜਾਬੀ ਅਖਾਣਾਂ ਦੇ ਅਰਥ ਅਤੇ ਉਨ੍ਹਾਂ ਦੀ ਵਰਤੋਂ ਸਬੰਧੀ।
- ਖਸਮ ਕਰ ਵਿਗੁੱਤੀ, ਨਾ ਸਿਰ ਪਰਾਂਦਾ ਨਾ ਪੈਰ ਜੁੱਤੀ। ਇਹ ਅਖਾਣ ਮਨ ਦੀ ਵੇਦਨਾ ਨੂੰ ਪ੍ਰਗਟਾਉਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਸਿਰ ਦਾ ਸਾਈ, ਮਾਲਕ ਜਾਂ ਖਸਮ ਕਿਸੇ ਕੰਮ ਦਾ ਨਾ ਹੋਵੇ। ਅਖਾਣ ਦੇ ਅੱਖਰੀ ਅਰਥਾਂ ਅਨੁਸਾਰ ਔਰਤ ਕਹਿ ਰਹੀ ਹੈ ਕਿ ਉਸਨੇ ਖਸਮ ਕਰਕੇ ਗਲਤੀ ਕੀਤੀ ਹੈ ਨਾ ਗੁੱਤ ‘ਤੇ ਪਾਉਣ ਨੂੰ ਪਰਾਂਦਾ ਮਿਲ ਰਿਹਾ ਹੈ ਅਤੇ ਨਾ ਪੈਰਾਂ ਵਿੱਚ ਪਾਉਣ ਨੂੰ ਜੁੱਤੀ ਮਿਲ ਰਹੀ ਹੈ।
- ਖਸਮ ਕੀਤਾ ਫੱਤਾ, ਉਹੀ ਚੱਕੀ ਤੇ ਉਹੀ ਹੱਥਾ। ਇਹ ਅਖਾਣ ਵੀ ਭੈੜੇ ਖਸਮ, ਮਾਲਕ ਜਾਂ ਸਾਈਂ ਨੂੰ ਨਹੋਰਾ ਮਾਰਨ ਵਜੋਂ ਬੋਲਿਆ ਜਾਂਦਾ ਹੈ ਅਖਾਣ ਦੇ ਭਾਵ ਅਰਥ ਅਨੁਸਾਰ ਸਾਹਮਣੇ ਵਾਲੇ ਨੇ ਆਪਣੇ ਵੱਲੋਂ ਚੰਗਾ ਖਸਮ ਮਾਲਕ ਜਾਂ ਸਾਈ ਬਣਾਇਆ ਸੀ ਪਰ ਉਸ ਦੀ ਹਾਲਤ ਬਦ ਤੋਂ ਬਦਤਰ ਹੀ ਰਹੀ।
- ਖਸਮ ਦਾ ਕੁੱਤਾ, ਸਿਰ੍ਹਾਣੇ ਸੁੱਤਾ। ਇਹ ਅਖਾਣ ਵੀ ਭੈੜੇ ਮਾਲਕ ਨੂੰ ਨਹੋਰਾ ਮਾਰਨ ਵਜੋਂ ਬੋਲਿਆ ਜਾਂਦਾ ਹੈ।
- ਖਸਮ ਦੀਆਂ ਸਵਾਰੀਆਂ, ਕਦੇ ਨਾ ਦਿੰਦੀਆਂ ਵਾਰੀਆਂ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਿਸ ਨਾਲ ਮਾਲਕ ਸਿੱਧਾ ਹੈ ਉਸ ਦੀਆਂ ਹਮੇਸ਼ਾ ਪੌਂ 12 ਹੁੰਦੀਆਂ ਹਨ ਅਤੇ ਉਸਨੂੰ ਕਦੇ ਵੀ ਚੱਟੀਆਂ ਨਹੀਂ ਭਰਨੀਆਂ ਪੈਂਦੀਆਂ।
- ਖਸਮ ਨਾ ਪੁਛੈ ਬਾਤੜੀ, ਫਿੱਟ ਸੁਹਾਗਣ ਨਾਰ। ਇਹ ਅਖਾਣ ਉਸ ਔਰਤ ਨੂੰ ਨਹੋਰਾ ਮਾਰਨ ਵਜੋਂ ਬੋਲਿਆ ਜਾਂਦਾ ਹੈ ਜਿਸ ਦਾ ਪਤੀ ਉਸ ਦੀ ਬਾਤ ਨਾ ਪੁੱਛਦਾ ਹੋਵੇ ਪਰ ਉਹ ਆਪਣੇ ਆਪ ਨੂੰ ਸੁਹਾਗਣ ਨਾਰ ਸਮਝਦੀ ਹੋਵੇ।
- ਖਸਮ ਭਾਣਾ, ਖਰਾ ਸਿਆਣਾ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜੋ ਵਿਅਕਤੀ ਆਪਣੇ ਖਸਮ ਨੂੰ ਭਾਉਂਦਾ ਹੈ ਉਹ ਹਮੇਸ਼ਾ ਸਿਆਣਾ ਹੁੰਦਾ ਹੈ।
- ਖੱਖੇ, ਤੱਤੇ, ਰਾਰਿਓਂ, ਪੱਤ ਰੱਖੇ ਕਰਤਾਰ, ਸੂਈ ਹੋ ਕੇ ਸਿੰਜਰੇ, ਬਣ ਜਾਏ ਤਲਵਾਰ। ਅਰਥ ਬਾਕੀ ਹੈ।
- ਖਜੂਰ ‘ਤੇ ਚੜ੍ਹੇ ਨੂੰ, ਦੋ–ਦੋ ਦੀਹਦੇ ਨੇ। ਇਹ ਅਖਾਣ ਉਸ ਵਿਅਕਤੀ ਉੱਤੇ ਵਿਅੰਗ ਕਸਣ ਲਈ ਬੋਲਿਆ ਜਾਂਦਾ ਹੈ ਜਿਸ ਦੀ ਸਥਿਤੀ ਆਮ ਲੋਕਾਂ ਨਾਲੋਂ ਉੱਚੀ ਹੋ ਜਾਵੇ ਅਤੇ ਉਹ ਵੱਡੀਆਂ-ਵੱਡੀਆਂ ਫੜ੍ਹਾਂ ਮਾਰਨ ਲੱਗ ਪਵੇ।
- ਖਜੂਰਾਂ ਦੀ ਸੀਰਨੀ, ਬਣੇ–ਬਣਾਏ ਗਿਰਾਹ। ਜਦੋਂ ਕਿਸੇ ਵਿਅਕਤੀ ਦੀ ਬਿਨਾਂ ਵਜਹਾ ਕੋਈ ਲਾਟਰੀ ਲੱਗ ਜਾਵੇ ਤਾਂ ਉਸ ਉੱਤੇ ਵਿਅੰਗ ਕਸਣ ਲਈ ਇਹ ਅਖਾਣ ਬੋਲਿਆ ਜਾਂਦਾ ਹੈ।
- ਖੱਟਣ ਗਏ ਖਟਾਊ, ਘਰ ਕੀ ਖੱਟ ਲਿਆਏ ਸ਼ੁਕਰ ਕਰੋ ਸਿਰ ਮੁਨੀਓਂ, ਘਰ ਜਿਉਂਦੇ ਤਾਂ ਆਏ। ਇਹ ਅਖਾਣ ਉਸ ਵਿਅਕਤੀ ਉੱਤੇ ਵਿਅੰਗ ਕਰਨ ਲਈ ਬੋਲਿਆ ਜਾਂਦਾ ਹੈ ਜੋ ਘਰ ਤੋਂ ਖੱਟਣ ਕਮਾਉਣ ਲਈ ਨਿਕਲਿਆ ਹੋਵੇ ਪਰ ਖੱਟ ਕਮਾ ਕੇ ਕੁਝ ਨਾ ਲਿਆਵੇ ਅਤੇ ਖੁਦ ਵੀ ਮਸਾਂ ਹੀ ਜਿਉਂਦਾ ਵਾਪਸ ਆਵੇ।
- ਖੱਟਣ ਗਿਆ ਨਖੱਟੂ, ਘੋੜੇ ਵੇਚ ਲਿਆਇਆ ਟੱਟੂ। ਇਹ ਅਖਾਣ ਵੀ ਉਸ ਨਖੱਟੂ ਵਿਅਕਤੀ ਉੱਤੇ ਵਿਅੰਗ ਕਸਣ ਵਜੋਂ ਬੋਲਿਆ ਜਾਂਦਾ ਹੈ ਜੋ ਘਰੋਂ ਤਾਂ ਫਾਇਦਾ ਕਮਾਉਣ ਲਈ ਨਿਕਲਿਆ ਹੋਵੇ ਪਰ ਘਾਟਾ ਖਾ ਕੇ ਘਰ ਵਾਪਸ ਆ ਜਾਵੇ।
- ਖੱਟਰ, ਮਟਰ, ਹਰਿਆਲ, ਭਾਂਡਾ ਭੰਨ ਦੀ ਸਿਰਾਂ ਦੇ ਨਾਲ। ਇਹ ਅਖਾਣ ਉਸ ਵਿਅਕਤੀ ਉੱਤੇ ਵਿਅੰਗ ਕੱਸਣ ਵਜੋਂ ਬੋਲਿਆ ਜਾਂਦਾ ਹੈ ਜੋ ਕਿਸੇ ਪਾਸੇ ਵੀ ਵਾਰੇ ਨਾ ਆਉਂਦਾ ਹੋਵੇ।
- ਖੱਟਾ ਖਾਵੇ ਮਿੱਠੇ ਨੂੰ। ਅਰਥ ਬਾਕੀ ਹੈ
- ਖੱਟੂ ਆਵੇ ਡਰਦਾ, ਨਖੱਟੂ ਆਵੇ ਲੜਦਾ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜੋ ਮਨੁੱਖ ਕਮਾਈ ਕਰਦਾ ਹੈ ਉਹ ਡਰ ਕੇ ਰਹਿੰਦਾ ਹੈ ਅਤੇ ਜਿਹੜਾ ਨਖੱਟੂ ਉਹ ਕਿਸੇ ਨਾਲ ਵੀ ਲੜਨ ਤੋਂ ਨਹੀਂ ਡਰਦਾ।
- ਖੱਟੂ ਗਿਆ ਖੱਟਣ ਨੂੰ, ਨਿਖੱਟੂ ਗਿਆ ਪੱਟਣ। ਇਹ ਅਖਾਣ ਨਖੱਟੂ ਵਿਅਕਤੀ ਉੱਤੇ ਵਿਅੰਗ ਕਸਣ ਵਜੋਂ ਬੋਲਿਆ ਜਾਂਦਾ ਹੈ ਅਖਾਣ ਦਾ ਭਾਵ ਅਰਥ ਇਹ ਹੈ ਕਿ ਖੱਟੂ ਵਿਅਕਤੀ ਹਮੇਸ਼ਾ ਕੁਝ ਖੱਟ ਕੇ ਲਿਆਉਂਦਾ ਹੈ ਅਤੇ ਹਮੇਸ਼ਾ ਕੁਝ ਗਵਾ ਕੇ ਆਉਂਦਾ ਹੈ।
- ਖੰਡ, ਘਿਓ, ਮੈਦਾ, ਤੇਰਾ, ਜਲ, ਫੂਕ, ਬਸੰਤਰ ਮੇਰਾ। ਇਹ ਅਖਾਣ ਉਸ ਵਿਅਕਤੀ ਉੱਤੇ ਵਿਅੰਗ ਕਸਣ ਵਜੋਂ ਬੋਲਿਆ ਜਾਂਦਾ ਹੈ ਜੋ ਚਲਾਕੀਆਂ ਜਾਂ ਚਾਲਬਾਜੀਆਂ ਕਰਕੇ ਅਗਲੇ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਅਖਾਣ ਦੇ ਭਾਵ ਅਰਥ ਅਨੁਸਾਰ ਚਲਾਕ ਵਿਅਕਤੀ ਦੂਜੇ ਨੂੰ ਕਹਿ ਰਿਹਾ ਹੈ ਕਿ ਖੰਡ, ਘਿਓ ਅਤੇ ਮੈਦਾ ਤੇਰਾ ਹੋਵੇਗਾ। ਪਾਣੀ, ਫੂਕਾਂ ਅਤੇ ਅੱਗ ਮੇਰੀ ਹੋਵੇਗੀ।
- ਖੱਡ, ਵੱਢ, ਤੇ ਗੱਡ ਭਰੇ ਹੀ ਸੋਭਦੇ ਨੇ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਖੱਡਾਂ ਅਤੇ ਟੋਏ ਭਰੇ ਹੋਏ ਹੀ ਠੀਕ ਲੱਗਦੇ ਹਨ ਅਤੇ ਖੇਤ ਦਾ ਵੱਢ ਵੀ ਭਰਿਆ ਹੋਇਆ ਹੀ ਚੰਗਾ ਲੱਗਦਾ ਹੈ। ਇਸੇ ਤਰ੍ਹਾਂ ਗੱਡੇ ਵੀ ਭਰੇ ਹੋਏ ਹੀ ਸੋਭਦੇ ਹਨ।
- ਖੰਡ–ਖੰਡ ਆਖਿਆ, ਮੂੰਹ ਨਹੀਂ ਮਿੱਠਾ ਹੁੰਦਾ। ਇਹ ਅਖਾਣ ਉਸ ਵਿਅਕਤੀ ਉੱਤੇ ਵਿਅੰਗ ਕਸਣ ਵਜੋਂ ਬੋਲਿਆ ਜਾਂਦਾ ਹੈ ਜੋ ਫੋਕੀ ਹਮਦਰਦੀ ਅਤੇ ਮਿੱਠੇ ਸੁਪਨੇ ਦਿਖਾ ਕੇ ਸਾਹਮਣੇ ਵਾਲੇ ਨੂੰ ਭਰਮਾਉਣ ਦਾ ਯਤਨ ਕਰ ਰਿਹਾ ਹੋਵੇ।
- ਖੰਡਾ, ਘੋੜਾ, ਇਸਤਰੀ, ਤਿੰਨੇ ਜਾਤ ਕੁਜਾਤ। ਇਹ ਅਖਾਣ ਇਸਤਰੀ ਜਾਤ ਉੱਤੇ ਵਿਅੰਗ ਕੱਸਣ ਵਜੋਂ ਬੋਲਿਆ ਜਾਂਦਾ ਹੈ। ਅਖਾਣ ਦੇ ਅੱਖਰੀ ਅਰਥਾਂ ਅਨੁਸਾਰ ਖੰਡਾ, ਘੋੜਾ ਅਤੇ ਇਸਤਰੀ ਦਾ ਕੋਈ ਯਕੀਨ ਨਹੀਂ ਹੁੰਦਾ। ਇਹ ਜਿਸ ਦੇ ਹੱਥ ਹੋਣ ਜਾਂ ਜਿਸ ਦੇ ਥੱਲੇ ਹੋਣ ਤੇ ਉਸਦੇ ਹੀ ਹੁੰਦੇ ਹਨ।
- ਖੱਤਰੀ ਸਿਣੀ ਹੈ ਤੇ ਜੱਟ ਵਾਣ। ਅਰਥ ਬਾਕੀ ਹੈ
- ਖੱਤਰੀ ਸੋ, ਜੋ ਕਰਮਾ ਕਾ ਸੂਰ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਕੋਈ ਵਿਅਕਤੀ ਜਾਤ ਅਧਾਰਤ ਖੱਤਰੀ ਜਾਂ ਸੂਰਮਾ ਨਹੀਂ ਹੁੰਦਾ ਬਲਕਿ ਕਰਮਾਂ ਦੇ ਮੁਤਾਬਕ ਖੱਤਰੀ ਜਾਂ ਸੂਰਮਾ ਹੁੰਦਾ ਹੈ।
- ਖੱਤਰੀ ਦਾ ਫੋੜਾ, ਤੇ ਸੁਦਾਗਰ ਦਾ ਘੋੜਾ, ਹੱਥ ਫੇਰਿਆ ਵਧਣ। ਇਹ ਅਖਾਣ ਹਾਸੇ-ਠੱਠੇ ਠੱਠੇ ਵਜੋਂ, ਖੱਤਰੀ ਜਾਤ ਦੇ ਵਿਅਕਤੀਆਂ ਉੱਤੇ ਵਿਅੰਗ ਕੱਸਣ ਲਈ ਬੋਲਿਆ ਜਾਂਦਾ ਹੈ।
- ਖੱਤਰੀ, ਖੰਡ ਵਲੇਟਿਆ ਮੌਹਰਾ। ਇਹ ਅਖਾਣ ਖੱਤਰੀ ਜਾਤ ਦੇ ਸੁਭਾਅ ਉੱਤੇ ਨਹੋਰਾ ਮਾਰਨ ਵਜੋਂ ਬੋਲਿਆ ਜਾਂਦਾ ਹੈ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਖੱਤਰੀ ਮੂੰਹ ਦਾ ਮਿੱਠਾ ਹੁੰਦਾ ਹੈ ਪਰ ਅੰਦਰੋਂ ਉਹ ਜਹਿਰ ਵਾਂਗ ਮਾਰਨ ਦਾ ਯਤਨ ਕਰ ਰਿਹਾ ਹੁੰਦਾ ਹੈ।
- ਖ਼ਰਬੂਜੇ ਨੂੰ ਦੇਖ ਕੇ ਖ਼ਰਬੂਜਾ ਰੰਗ ਫੜਦਾ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਸੰਗਤ ਦਾ ਅਸਰ ਹਰ ਵਿਅਕਤੀ ਉੱਤੇ ਜ਼ਰੂਰ ਹੁੰਦਾ ਹੈ। ਅਖਾਣ ਦੇ ਅੱਖਰੀ ਅਰਥਾਂ ਅਨੁਸਾਰ ਇਕ ਖ਼ਰਬੂਜੇ ਨੂੰ ਦੇਖ ਕੇ ਦੂਜਾ ਖ਼ਰਬੂਜਾ ਵੀ ਪੱਕ ਜਾਂਦਾ ਹੈ।
- ਖਰੀ ਅਸਾਮੀ, ਚੋਖਾ ਮਾਲ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜੇਕਰ ਅਸਾਮੀ ਵਧੀਆ ਹੋਵੇਗੀ ਤਾਂ ਵਪਾਰ ਵਿਚੋ ਮੁਨਾਫਾ ਵੀ ਚੋਖਾ ਹੁੰਦਾ ਹੈ।
- ਖਰੀ ਮਜ਼ਦੂਰੀ, ਚੰਗਾ ਕੰਮ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜੇਕਰ ਕੰਮ ਕਰਨ ਵਾਲੇ ਵਿਅਕਤੀ ਨੂੰ ਮਜ਼ਦੂਰੀ ਸਹੀ ਦਿੱਤੀ ਜਾਵੇ ਤਾਂ ਕੰਮ ਹਮੇਸ਼ਾ ਵਧੀਆ ਹੁੰਦਾ ਹੈ।
- ਖਰੇ ਨਾਲ ਖੋਟਾ, ਦਰਗਾਹ ਹੋਣਾ ਟੋਟਾ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜੇ ਕੋਈ ਵਿਅਕਤੀ ਖਰੇ ਆਦਮੀ ਨਾਲ ਖੋਟ ਰੱਖਦਾ ਹੈ ਦਰਗਾਹ ਵਿਚ ਉਸ ਨੂੰ ਲੇਖਾ ਦੇਣਾ ਪੈਂਦਾ ਹੈ।
- ਖਲ਼ ਤੇ ਗੁੜ ਇੱਕੋ ਭਾਅ। ਜਦੋਂ ਕਿਸੇ ਥਾਂ ਉੱਤੇ ਚੰਗੇ ਅਤੇ ਮੰਦੇ ਦਾ ਇੱਕੋ ਮੁੱਲ ਹੋਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਖਲ਼ ਨਾ ਖਾਵੇ, ਤੇ ਭੜੂਆ ਕੋਹਲੂ ਚੱਟਣ ਜਾਵੇ। ਜਦੋਂ ਕੋਈ ਵਿਅਕਤੀ ਚੰਗੀ ਭਲੀ ਚੀਜ਼ ਨੂੰ ਛੱਡ ਕੇ ਕਿਸੇ ਛਲਾਵੇ ਵੱਲ ਦੌੜੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਖਵਾਓ ਜਵਾਈਆਂ ਵਾਂਗ, ਕੰਮ ਲਓ ਕਸਾਈਆਂ ਵਾਂਗ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਕੋਲੋਂ ਦੱਬ ਕੇ ਕੰਮ ਲੈਣਾ ਹੋਵੇ ਅਤੇ ਕੰਮ ਲੈਣ ਤੋਂ ਪਹਿਲਾਂ ਉਸ ਦੀ ਖੂਬ ਸੇਵਾ ਕੀਤੀ ਜਾ ਰਹੀ ਹੋਵੇ।
- ਖ਼ਵਾਜੇ ਦਾ ਗਵਾਹ ਡੱਡੂ। ਇਹ ਅਖਾਣ ਵਿਅੰਗ ਕੱਸਣ ਵਜੋਂ ਉਦੋਂ ਬੋਲਿਆ ਜਾਂਦਾ ਹੈ ਇਕੋ ਜਹੀ ਬਿਰਤੀ ਦੇ ਦੋ ਵਿਅਕਤੀ ਇਕ ਦੂਜੇ ਦੀ ਚੰਗੀ-ਮਾੜੀ ਗੱਲ ਦਾ ਪੱਖ ਪੂਰ ਰਹੇ ਹੋਣ। ਅਖਾਣ ਦੇ ਅੱਖਰੀ ਅਰਥਾਂ ਅਨੁਸਾਰ ਪਾਣੀ ਦੇ ਦੇਵਤੇ ਖਵਾਜੇ ਦੀ ਗਵਾਹੀ ਕੌਣ ਦੇਵੇਗਾ ਡੱਡੂ।
- ਖੜੀ ਮਾਲੀ, ਖਰੀ ਸੁਖਾਲੀ। ਅਰਥ ਬਾਕੀ ਹੈ।
- ਖੜੇ ਦਾ ਖਾਲਸਾ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਸਫਲਤਾ ਅਤੇ ਫਤਿਹ ਉਸ ਵਿਅਕਤੀ ਨੂੰ ਨਸੀਬ ਹੁੰਦੀ ਹੈ ਜੋ ਹਮੇਸ਼ਾ ਆਪਣੇ ਕੰਮ ਅਤੇ ਮੈਦਾਨ ਵਿੱਚ ਡਟ ਕੇ ਰਹਿੰਦਾ ਹੈ।
- ਖੜ੍ਹੇ ਪਾਣੀ ਹੀ ਤਰੱਕਦੇ ਨੇ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜੋ ਵਿਅਕਤੀ ਜਾਂ ਵਸਤੂ ਕਿਰਿਆਸ਼ੀਲ ਅਤੇ ਕਰਮਸ਼ੀਲ ਨਹੀਂ ਹੈ ਉਸਨੇ ਖਰਾਬ ਹੋ ਜਾਣਾ ਹੈ। ਅਖਾਣ ਦੇ ਅੱਖਰੀ ਅਰਥਾਂ ਅਨੁਸਾਰ ਚਲਦਾ ਪਾਣੀ ਸ਼ੁੱਧ ਰਹਿੰਦਾ ਹੈ ਅਤੇ ਜਦੋਂ ਉਹ ਪਾਣੀ ਖੜਾ ਹੋ ਜਾਂਦਾ ਹੈ ਉਹ ਮੁਸ਼ਕ ਜਾਂਦਾ ਹੈ।
- ਖੜ੍ਹੇ ਪਿੰਡੋਂ ਆਉਣਾ। ਇਹ ਅਖਾਣ ਉਸ ਵਿਅਕਤੀ ਉੱਤੇ ਵਿਅੰਗ ਕੱਸਣ ਲਈ ਬੋਲਿਆ ਜਾਂਦਾ ਹੈ ਜੋ ਕਿਸੇ ਮਹਿਫਲ ਜਾਂ ਘਰ ਵਿੱਚ ਜਾ ਕੇ ਬੈਠਣ ਦੀ ਬਜਾਏ ਖੜਾ ਰਹੇ।
- ਖਾ ਕੇ ਪਛਤਾਵੇ, ਨਹਾ ਕੇ ਨਾ ਪਛਤਾਵੇ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਿਆਦਾ ਨਹਾਉਣ ਨਾਲ ਮਨੁੱਖ ਦਾ ਕੋਈ ਨੁਕਸਾਨ ਨਹੀਂ ਹੁੰਦਾ ਪਰ ਜਿਆਦਾ ਖਾਣ ਨਾਲ ਉਸ ਦਾ ਬਹੁਤ ਨੁਕਸਾਨ ਹੁੰਦਾ ਹੈ ਅਤੇ ਉਸ ਨੂੰ ਪਛਤਾਉਣਾ ਪੈਂਦਾ ਹੈ।
- ਖਾ ਗਈ ਲੁਕਾਈ, ਤੇ ਸਿਰ ਬੰਦੀ ਦੇ ਆਈ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਨੁਕਸਾਨ ਕੋਈ ਹੋਰ ਲੋਕ ਕਰ ਜਾਣ ਪਰ ਜਿੰਮੇ ਕਿਸੇ ਹੋਰ ਦੇ ਲੱਗ ਜਾਵੇ।
- ਖਾ ਗਏ ਘਰ ਵਾਲ਼ੇ, ਨਾ ਪ੍ਰਾਹੁਣੇ ਦਾ। ਇਹ ਅਖਾਣ ਘਰ ਵਿੱਚ ਪਰਾਹੁਣੇ ਆਉਣ ਮੌਕੇ ਹਾਸੇ-ਠੱਠੇ ਵਜੋਂ ਬੋਲਿਆ ਜਾਂਦਾ ਹੈ ਕਿ ਪ੍ਰਾਹੁਣੇ ਦੇ ਬਹਾਨੇ ਘਰ ਵਿੱਚ ਬਣਾਏ ਗਏ ਚੰਗੇ-ਚੋਸੇ ਪਦਾਰਥ ਘਰ ਵਾਲੇ ਖਾ ਜਾਂਦੇ ਹਨ ਪਰ ਨਾਂ ਪਰਾਣੇ ਦਾ ਲੱਗਦਾ ਹੈ।
- ਖਾਊ, ਸੋ ਕਮਾਉ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜੋ ਖਾਵੇਗਾ ਉਹੀ ਕਮਾਵੇਗਾ। ਜੋ ਵਿਅਕਤੀ ਸਹੀ ਖੁਰਾਕ ਨਹੀਂ ਖਾਂਦਾ ਉਹ ਕਮਾਈ ਕਿਸ ਤਰ੍ਹਾਂ ਕਰ ਸਕੇਗਾ।
- ਖਾਓ-ਪੀਓ ਆਪਣਾ, ਤੇ ਜਸ ਗਾਓ ਹਮਾਰਾ। ਇਹ ਅਖਾਣ ਉਸ ਵਿਅਕਤੀ ਉੱਤੇ ਵਿਅੰਗ ਕੱਸਣ ਲਈ ਬੋਲਿਆ ਜਾਂਦਾ ਹੈ ਜੋ ਦੂਜੇ ਦੇ ਸਾਹਮਣੇ ਚਤੁਰਾਈ ਕਰ ਰਿਹਾ ਹੋਵੇ ਕਿ ਤੁਸੀਂ ਖਾਣਾ-ਪੀਣਾ ਆਪਣੇ ਕੋਲੋਂ ਖਾਓ ਪਰ ਸੋਭਾ ਸਾਡੀ ਕਰੋ। ਇਸ ਅਖਾਣ ਨੂੰ ਹਾਸੇ ਠੱਠੇ ਅਤੇ ਵਿਅੰਗ ਵਜੋਂ ਵੀ ਬੋਲਿਆ ਜਾਂਦਾ ਹੈ।
- ਖਾਓ–ਪੀਓ ਰੱਜ ਕੇ, ਕੰਮ ਕਰੋ ਭੱਜ ਕੇ। ਜਦੋਂ ਕਿਸੇ ਨੂੰ ਕੰਮ ਕਰਨ ਦੇ ਪ੍ਰਤੀ ਹੱਲਾਸ਼ੇਰੀ ਦੇਣੀ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
- ਖਾਈ ਭਲੀ, ਤੇ ਜਾਈ ਨਾ ਭਲੀ। ਇਹ ਅਖਾਣ ਉਸ ਵਿਅਕਤੀ ਉੱਤੇ ਵਿਅੰਗ ਕੱਸਣ ਵਜੋਂ ਬੋਲਿਆ ਜਾਂਦਾ ਹੈ ਜੋ ਖਾਣ ਦੇ ਲਾਲਚ ਵਿੱਚ ਆਪਣੇ ਸਕੇ-ਸਬੰਧੀਆਂ ਅਤੇ ਜੰਮਣ ਵਾਲਿਆਂ ਦੀ ਵੀ ਪਰਵਾਹ ਨਾ ਕਰੇ।
- ਖਾਈਂ ਭਾਈਆਂ ਦੇ ਕੇ, ਤੇ ਸੌਵੀਂ ਭਰਾਈਆਂ ਦੇ ਕੇ। ਇਹ ਅਖਾਣ ਖਾਣ ਪੀਣ ਅਤੇ ਸੌਣ ਦੀ ਵਿਸ਼ੇਸ਼ ਤਾਕੀਦ ਕਰਨ ਵਜੋਂ ਬੋਲਿਆ ਜਾਂਦਾ।
- ਖਾਈਏ ਕਣਕ, ਭਾਵੇਂ ਹੋਵੇ ਜ਼ਹਿਰ, ਵਸੀਏ ਸ਼ਹਿਰ ਭਾਵੇਂ ਹੋਵੇ ਕਹਿਰ। ਇਹ ਅਖਾਣ ਕਣਕ ਖਾਣ ਅਤੇ ਸ਼ਹਿਰ ਵਿੱਚ ਵੱਸਣ ਦੀ ਵਡਿਆਈ ਕਰਨ ਵਜੋਂ ਬੋਲਿਆ ਜਾਂਦਾ ਹੈ। ਅਖਾਣ ਦੇ ਅੱਖਰੀ ਅਰਥਾਂ ਅਨੁਸਾਰ ਕਣਕ ਦਾ ਅਨਾਜ ਖਾਣ ਲਈ ਸਭ ਤੋਂ ਚੰਗਾ ਹੈ ਅਤੇ ਰਹਿਣਾ ਸ਼ਹਿਰ ਦਾ ਸਭ ਤੋਂ ਵਧੀਆ ਹੁੰਦਾ ਹੈ।
- ਖਾਈਏ ਮਨ ਭਾਉਂਦਾ ਤੇ ਪਹਿਨੀਏ ਜੱਗ ਭਾਉਂਦਾ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਸਾਨੂੰ ਖਾਣਾ ਆਪਣੇ ਮਨ ਭਾਉਂਦਾ ਖਾਣਾ ਚਾਹੀਦਾ ਹੈ ਪਰ ਪਹਿਰਾਵਾ ਦੁਨੀਆਦਾਰੀ ਨੂੰ ਦੇਖਦੇ ਹੋਏ ਜੱਗ ਦੇ ਹਿਸਾਬ ਨਾਲ ਪਹਿਨਣਾ ਚਾਹੀਦਾ ਹੈ।
- ਖਾਏ ਔਂਤਰਿਆਂ ਦਾ ਮਾਲ, ਅਗਲੇ ਨੂੰ ਵੀ ਗਾਲ਼। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਔਂਤ ਵਿਅਕਤੀਆਂ ਦੀ ਕਮਾਈ ਅਤੇ ਜਾਇਦਾਦ ਨੂੰ ਸਾਂਭਣ ਵਾਲਾ ਵਿਅਕਤੀ ਆਪਣੇ ਪੁਰਖਿਆਂ ਨੂੰ ਵੀ ਲਾਹਣਤਾਂ ਪਵਾਉਂਦਾ ਹੈ।
- ਖਾਣ ਦਾ ਹੀ ਖਵਾਉਣ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਿਸ ਤਰ੍ਹਾਂ ਦੀ ਆਓ ਭਗਤ ਤੁਸੀਂ ਦੂਜਿਆਂ ਦੀ ਕਰਦੇ ਹੋ ਉਸੇ ਤਰ੍ਹਾਂ ਦੀ ਆਓ ਭਗਤ ਤੁਹਾਡੀ ਦੂਜੇ ਕਰਦੇ ਹਨ।
- ਖਾਣ–ਪੀਣ ਨੂੰ ਗੱਲਾ, ਤੇ ਮਾਰ ਖਾਣ ਨੂੰ ‘ਕੱਲਾ। ਇਹ ਅਖਾਣ ਹਾਸੇ-ਠੱਠੇ ਅਤੇ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਮੁਸੀਬਤ ਤਾਂ ਕਿਸੇ ਹੋਰ ਵਿਅਕਤੀ ਨੂੰ ਝੱਲਣੀ ਪੈ ਰਹੀ ਹੋਵੇ ਪਰ ਖਾਣ-ਪੀਣ ਨੂੰ ਕੋਈ ਹੋਰ ਵਿਅਕਤੀ ਮੂਹਰੇ ਹੋ ਰਹੇ ਹੋਣ।
- ਖਾਣ–ਪੀਣ ਨੂੰ ਚੰਗੀ ਭਲੀ ਰਾਮ ਜਪਣ ਨੂੰ ਡੌਰੀ। ਇਹ ਅਖਾਣ ਉਸ ਵਿਅਕਤੀ ਉੱਤੇ ਵਿਅੰਗ ਕੱਸਣ ਵਜੋਂ ਬੋਲਿਆ ਜਾਂਦਾ ਹੈ ਜੋ ਖਾਣ ਪੀਣ ਦੇ ਮਾਮਲੇ ਵਿੱਚ ਤਾਂ ਵੱਧ ਚੜ੍ਹ ਕੇ ਸਾਹਮਣੇ ਆਵੇ ਪਰ ਕੰਮ ਕਰਨ ਵੇਲੇ ਜਾਂ ਰੱਬ ਦੀ ਭਗਤੀ ਕਰਨ ਵੇਲੇ ਉਹ ਘੇਸਲ ਮਾਰ ਲਵੇ।
- ਖਾਣ-ਪੀਣ ਨੂੰ ਚੰਗੀ ਭਲੀ, ਤੇ ਕੰਮ ਕਰਨ ਨੂੰ ਬੀਬੀ ਰਲ਼ੀ। ਇਹ ਅਖਾਣ ਵੀ ਉਸ ਵਿਅਕਤੀ ਉੱਤੇ ਵਿਅੰਗ ਕੱਸਣ ਵਜੋਂ ਬੋਲਿਆ ਜਾਂਦਾ ਹੈ ਜੋ ਖਾਣ-ਪੀਣ ਦੇ ਮਾਮਲੇ ਵਿੱਚ ਮੂਹਰੇ ਰਹੇ ਪਰ ਕੰਮ ਕਰਨ ਵੇਲੇ ਸਭ ਤੋਂ ਪਿੱਛੇ ਹੋਵੇ। ਜਸਬੀਰ ਵਾਟਾਂਵਾਲੀਆ
- ਖਾਣ–ਪੀਣ ਨੂੰ ਨੌਂ–ਨੌਂ ਮੰਨੀਆਂ, ਤੇ ਕੰਮ ਕਰਨ ਨੂੰ ਬਾਂਹਾਂ ਭੰਨੀਆਂ। ਇਹ ਅਖਾਣ ਵੀ ਉਸ ਵਿਅਕਤੀ ਉੱਤੇ ਵਿਅੰਗ ਕੱਸਣ ਵਜੋਂ ਬੋਲਿਆ ਜਾਂਦਾ ਹੈ ਜੋ ਉਂਝ ਤਾਂ ਖੁੱਲ੍ਹਾ ਖਾਂਦਾ ਹੋਵੇ ਪਰ ਕੰਮ ਕਰਨ ਵੇਲੇ ਬਹਾਨੇ ਮਾਰਦਾ ਹੋਵੇ ਕਿ ਉਸ ਦਾ ਸਰੀਰ ਦੁਖਦਾ ਹੈ।
- ਖਾਣ–ਪੀਣ ਨੂੰ ਬਾਹਮਣੀ, ਤੇ ਜੁੱਤੀਆਂ ਖਾਏ ਪੁਰਬਾਣੀ। ਇਹ ਅਖਾਣ ਵੀ ਵਿਅੰਗ ਉਦੋਂ ਬੋਲਿਆ ਜਾਂਦਾ ਹੈ ਜਦੋਂ ਮਲਾਈ ਕੋਈ ਹੋਰ ਖਾਂਦਾ ਹੋਵੇ ਅਤੇ ਮੁਸੀਬਤਾਂ ਕੋਈ ਹੋਰ ਝਲਦਾ ਹੋਵੇ।
- ਖਾਣ–ਪੀਣ ਨੂੰ ਬਾਂਦਰੀ, ਤੇ ਡੰਡੇ ਖਾਣ ਨੂੰ ਰਿੱਛ। ਉਹੀ ਅਰਥ।
- ਖਾਣ–ਪੀਣ ਨੂੰ ਬਾਂਦਰੀ, ਤੇ ਧੌਣ ਭਨਾਉਣ ਨੂੰ ਕੱਟਾ। ਉਹੀ ਅਰਥ।
- ਖਾਣ-ਪੀਣ ਨੂੰ ਭੋਜਕੀ ਤੇ ਦੁੱਖ ਸਹਿਣ ਨੂੰ ਦੋਜਕੀ। ਉਹੀ ਅਰਥ।
- ਖਾਣਾ ਹਲਵਾਈਆਂ ਦੇ ਤੇ ਭੌਂਕਣਾ ਕਸਾਈਆਂ ਦੇ। ਇਹ ਅਖਾਣ ਉਸ ਵਿਅਕਤੀ ਉੱਤੇ ਵਿਅੰਗ ਕੱਸਣ ਵਜੋਂ ਬੋਲਿਆ ਜਾਂਦਾ ਹੈ ਜੋ ਮਾਲ-ਪੱਤਾ ਅਤੇ ਮਲਾਈ ਕਿਸੇ ਦੀ ਖਾਂਦਾ ਹੋਵੇ ਪਰ ਕੰਮਕਾਰ ਅਤੇ ਰਾਖੀ ਕਿਸੇ ਹੋਰ ਦੀ ਕਰਦਾ ਹੋਵੇ।
- ਖਾਣਾ ਖਾਧਾ, ਤੇ ਪੱਤਲ ਪਾਟੀ। ਜਦੋਂ ਕੋਈ ਵਿਅਕਤੀ ਖਾ-ਪੀ ਕੇ ਭੁੱਲ ਜਾਵੇ ਅਤੇ ਖਵਾਉਣ ਵਾਲੇ ਦੀ ਹੀ ਬੁਰਾਈ ਕਰਨ ਲੱਗ ਜਾਵੇ ਤਾਂ ਵਿਅੰਗ ਕਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਖਾਣਾ ਛਾਣ, ਤੇ ਫੂਸੀਆਂ ਮੈਦੇ ਦੀਆਂ। ਜਦੋਂ ਕੋਈ ਵਿਅਕਤੀ ਵੱਡੀਆਂ ਫੜਾ ਮਾਰੇ ਪਰ ਪੱਲੇ ਕੱਖ ਵੀ ਨਾ ਹੋਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਖਾਣਾ, ਪੀਣਾ, ਹੱਗਣਾ, ਫਿਰ ਉਸੇ ਧੰਦੇ ਲੱਗਣਾ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਸਾਡੀ ਦਿਨਚਰਿਆ ਵਿਚ ਕੋਈ ਅੰਤਰ ਨਹੀਂ ਆਉਂਦਾ ਹਰ ਦਿਨ ਉਹੀ ਖਾਣਾ-ਪੀਣਾ, ਜੰਗਲ-ਪਾਣੀ ਜਾਣਾ ਅਤੇ ਅਤੇ ਫਿਰ ਦੁਬਾਰਾ ਕੰਮ ਕਾਰ ਤੇ ਲੱਗ ਜਾਣਾ ਇਹੀ ਜੀਵਨ ਹੈ।
- ਖਾਣਾ-ਪੀਣਾ ਆਪਣਾ, ਸਿਰਫ਼ ਸਲਾਮਾਂਲੇਕਮ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਹਰ ਕਿਸੇ ਨੇ ਆਪਣਾ ਖਾਣਾ ਹੁੰਦਾ ਹੈ ਪਰ ਬੋਲ ਚਾਲ ਸਭ ਨਾਲ ਰੱਖਣੀ ਪੈਂਦੀ ਹੈ। ਇਸ ਅਖਾਣ ਨੂੰ ਯਾਰਾਂ-ਦੋਸਤਾਂ ਵਿੱਚ ਵਿਅੰਗ ਵਜ਼ੋਂ ਵੀ ਬੋਲਿਆ ਜਾਂਦਾ ਹੈ ਕਿ ਉਸ ਨੇ ਕਦੇ ਕੁਝ ਖਵਾਇਆ-ਪਿਆਇਆ ਤਾਂ ਹੈ ਨਹੀਂ ਸਿਰਫ ਸਤਿ ਸ੍ਰੀ ਅਕਾਲ ਬੋਲ-ਬੋਲ ਕੇ ਹੀ ਯਾਰੀ ਨਿਭਾਈ ਜਾਂਦਾ ਹੈ।
- ਖਾਣੇ ਛੋਲੇ, ਤੇ ਡਕਾਰ ਬਦਾਮਾਂ ਦੇ। ਜਦੋਂ ਕਿਸੇ ਇਨਸਾਨ ਦੇ ਪੱਲੇ ਕੁਝ ਨਾ ਹੋਵੇ ਪਰ ਫੜ੍ਹਾਂ ਵੱਡੀਆਂ-ਵੱਡੀਆਂ ਮਾਰੇ ਤਾਂ ਵੈਂਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਖਾਣੀ ਘੱਟ ਤੇ ਮੁਧਾਉਣੀ ਵੱਧ। ਇਹ ਅਖਾਣ ਉਦੋਂ ਵਰਤਿਆ ਜਾਂਦਾ ਹੈ ਜਦੋਂ ਕੋਈ ਖਾਣ-ਪੀਣ ਦੇ ਮੌਕੇ ਚੀਜ਼ ਡੋਲ ਦੇਵੇ। ਇਸ ਤੋਂ ਇਲਾਵਾ ਜਦੋਂ ਕੋਈ ਚੀਜ਼ਾਂ ਸੰਭਾਲਿਆ ਘੱਟ ਅਤੇ ਖਰਾਬ ਵੱਧ ਕਰੇ ਉਦੋਂ ਵੀ ਇਹ ਅਖਾਣ ਬੋਲਿਆ ਜਾਂਦਾ ਹੈ।
- ਖਾਂਦਿਆਂ ਤਾਂ ਖੂਹ ਵੀ ਮੁੱਕ ਜਾਂਦੇ ਨੇ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਕੋਈ ਵੀ ਸਰੋਤ ਜੇਕਰ ਉਸਨੂੰ ਲੰਮੇ ਸਮੇਂ ਤੱਕ ਵਰਤਿਆ ਜਾਵੇ ਉਹ ਮੁੱਕ ਜਾਂਦਾ ਹੈ। ਉਹ ਸਰੋਤ ਭਾਵੇਂ ਕਿੰਨਾ ਹੀ ਵਿਸ਼ਾਲ ਕਿਉਂ ਨਾ ਹੋਵੇ। ਅਖਾਣ ਦੇ ਅੱਖਰੀ ਅਰਥ ਅਨੁਸਾਰ ਜੇਕਰ ਖਾਣ ਵਾਲੇ ਲਗਾਤਾਰ ਪਦਾਰਥਾਂ ਦੇ ਭਰੇ ਖੂਹ ਨੂੰ ਵੀ ਖਾਈ ਜਾਣ ਤਾਂ ਉਹ ਵੀ ਇਕ ਦਿਨ ਮੁੱਕ ਜਾਵੇਗਾ।
- ਖਾਂਦੇ ਨੂੰ ਖਾਣ ਨਹੀਂ ਦੇਣਾ, ਤੇ ਲੈਂਦੇ ਨੂੰ ਲੈਣ ਨਹੀਂ ਦੇਣਾ। ਜਦੋਂ ਕੋਈ ਵਿਅਕਤੀ ਖਾਣ-ਪੀਣ ਦੇ ਦੌਰਾਨ ਅੜਿਕਾ ਬਣੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
- ਖਾਧਾ–ਪੀਤਾ ਲਾਹ, ਸੁਥਰਿਆ ਦਮ ਦਾ ਕੀ ਵਸਾਹ। ਇਹ ਅਖਾਣ ਜੀਵਨ ਦੀ ਨਾਸ਼ਮਾਨਤਾ ਨੂੰ ਦਰਸਾਉਣ ਅਤੇ ਜਿੰਦਗੀ ਨੂੰ ਖੁੱਲ ਕੇ ਮਾਨਣ ਅਤੇ ਖੁੱਲ ਕੇ ਖਾਣ ਪੀਣ ਦੀ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ।
- ਖਾਧਾ–ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹੇ ਦਾ। ਇਸ ਅਖਾਣ ਦਾ ਪਿਛੋਕੜ ਸਾਡੇ ਇਤਿਹਾਸ ਨਾਲ ਜੁੜਦਾ ਹੈ। ਇਤਿਹਾਸ ਵਿੱਚ ਜਦੋਂ ਅਹਿਮਦ ਸ਼ਾਹ ਅਬਦਾਲੀ ਭਾਰਤ ਉੱਤੇ ਹਮਲਾ ਕਰਦਾ ਸੀ ਤਾਂ ਸਭ ਕੁਝ ਲੁੱਟ ਕੇ ਲੈ ਜਾਂਦਾ ਸੀ। ਉਸ ਸਮੇਂ ਦੌਰਾਨ ਇਹ ਅਖਾਣ ਪ੍ਰਚਲਤ ਹੋਇਆ ਕਿ ਖਾਧਾ ਪੀਤਾ ਲਾਹੇ ਦਾ ਅਤੇ ਬਾਕੀ ਅਹਿਮਦ ਸ਼ਾਹੇ ਦਾ। ਭਾਵ ਕਿ ਜੋ ਖਾ ਪੀ ਲਿਆ ਉਹੀ ਆਪਣਾ ਹੈ ਬਾਕੀ ਤਾਂ ਅਹਿਮਦ ਸ਼ਾਹ ਲੁੱਟ ਕੇ ਲੈ ਜਾਵੇਗਾ।
- ਖਾਧੀ ਤਾਂ ਕਣਕ, ਨਹੀਂ ਤਾ ਕੂੜਾ। ਇਹ ਅਖਾਣ ਕਣਕ ਦੇ ਵਿੱਚ ਸੁਸਰੀ ਪੈਣ ਅਤੇ ਉਸ ਦੇ ਕੂੜਾ ਬਣ ਜਾਣ ਦੀ ਸਮੱਸਿਆ ਨੂੰ ਦਰਸਾਉਂਦਾ ਹੈ। ਅਖਾਣ ਦੇ ਅੱਖਰੀ ਅਰਥਾਂ ਅਨੁਸਾਰ ਜੇਕਰ ਸਮੇਂ ਸਿਰ ਖਾ ਲਈ ਜਾਵੇ ਤਾਂ ਕਣਕ ਹੈ ਨਹੀਂ ਤਾਂ ਉਹ ਕੂੜਾ ਬਣ ਜਾਂਦੀ ਹੈ।
- ਖਾਧੇ ਉਪਰ ਖਾਣਾ, ਲਾਹਣਤੀਆਂ ਦਾ ਕੰਮ। ਇਹ ਅਖਾਣ ਨਾਪ ਤੋਲ ਕੇ ਖਾਣ ਦੀ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ ਅਖਾਣ ਦਾ ਅੱਖਰੀ ਅਰਥ ਇਹ ਹੈ ਕਿ ਜੇਕਰ ਭਰੇ ਢਿੱਡ ਉੱਤੋਂ ਦੀ ਹੋਰ ਖਾਧਾ ਜਾਵੇ ਤਾਂ ਉਹ ਲਾਹਣਤ ਭਰਿਆ ਕਾਰਜ ਹੈ।
- ਖਾਧੇ ਦਾ ਕੀ ਖਾਣ। ਉਹੀ ਅਰਥ।
- ਖਾਨਾ ਦੇ ਖਾਨ ਪ੍ਰਾਹੁਣੇ, ਰੋਜ ਹੀ ਜਾਣੇ, ਰੋਜ ਹੀ ਆਉਣੇ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਵੱਡੇ ਲੋਕਾਂ ਦੇ ਪਰਾਹੁਣੇ ਵੀ ਵੱਡੇ ਲੋਕ ਹੀ ਹੁੰਦੇ ਹਨ ਅਤੇ ਇਹਨਾਂ ਦੀ ਇੱਕ ਦੂਜੇ ਦੇ ਘਰ ਆਉਣੀ ਜਾਣੀ ਬਣੀ ਰਹਿੰਦੀ ਹੈ।
- ਖਾਲੀ ਸੰਖ, ਵਜਾਵੇ ਮੋਤੀ। ਜਦੋਂ ਕਿਸੇ ਘਰ ਜਾਂ ਸਾਂਝੀ ਥਾਂ ਦੇ ਅਸਲ ਵਾਰਸ ਮੌਜੂਦ ਨਾ ਹੋਣ ਅਤੇ ਉਸ ਥਾਂ ਤੇ ਕਿਸੇ ਨਕਾਰੇ ਵਿਅਕਤੀ ਦਾ ਬੋਲ-ਬਾਲਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
- ਖਾਲੀ ਖੜਕਦਾ, ਤੇ ਭਰਿਆ ਛਲਕਦਾ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਥੋਥਾ ਅਤੇ ਗੁਣਵਿਹੂਣਾ ਮਨੁੱਖ ਵਧੇਰੇ ਰੌਲਾ ਪਾਉਂਦਾ ਹੈ। ਇਸ ਦੀ ਉਲਟ ਗੁਣਵਾਨ ਮਨੁੱਖ ਹਮੇਸ਼ਾ ਸਹਿਜ ਅਤੇ ਸ਼ਾਂਤ ਰਹਿੰਦਾ ਹੈ। ਜੇਕਰ ਉਹ ਕੋਈ ਆਵਾਜ਼ ਵੀ ਉਠਾਉਂਦਾ ਹੈ ਤਾਂ ਉਹ ਵੀ ਸਰਬੱਤ ਦੇ ਭਲੇ ਲਈ ਹੁੰਦੀ ਹੈ। ਜਸਬੀਰ ਵਾਟਾਂਵਾਲੀਆ
- ਖਾਲੀ ਘੜਾ, ਵੱਧ ਟਣਕੇ। ਇਸ ਅਖਾਣ ਦਾ ਵੀ ਉਹੀ ਅਰਥ ਹੈ ਕਿ ਥੋਥਾ ਮਨੁੱਖ ਵਧੇਰੇ ਰੌਲਾ ਪਾਉਂਦਾ ਹੈ ਅਤੇ ਵਿਖਾਵਾ ਕਰਦਾ ਹੈ। ਇਸ ਦੇ ਨਾਲ ਰਲਦਾ ਮਿਲਦਾ ਇੱਕ ਹੋਰ ਅਖਾਣ ਥੋਥਾ ਚਣਾ ਬਾਜੇ ਘਣਾ ਵੀ ਬੋਲਿਆ ਜਾਂਦਾ ਹੈ।
- ਖਾਲੀ ਬਾਣੀਆਂ ਕੀ ਕਰੇ, ਏਧਰਲਾ ਸੌਦਾ ਓਧਰ ਧਰੇ। ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਵਿਹਲਾ ਮਨੁੱਖ ਊਲ ਜਲੂਲ ਅਤੇ ਫਾਲਤੂ ਦੇ ਕੰਮ ਕਰਨ ਲੱਗ ਜਾਂਦਾ ਹੈ।
- ਖਾਲੀ ਮੂੰਹ ਨਾਲੋਂ, ਹੋਲਾਂ ਹੀ ਚੰਗੀਆਂ। ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿਸੇ ਚੀਜ਼ ਦੇ ਬਿਲਕੁਲ ਵੀ ਵੀ ਨਾ ਹੋਣ ਦੇ ਨਾਲੋਂ ਉਸ ਥੋੜੀ ਮਾਤਰਾ ਵਿਚ ਹੋਣਾ ਚੰਗਾ ਹੁੰਦਾ ਹੈ। ਇਸ ਦੇ ਨਾਲ ਰਲਦਾ ਮਿਲਦਾ ਇਕ ਅਖਾਣ ਬਹੁਤੇ ਨਾਲ ਥੋੜਾ ਚੰਗਾ ਵੀ ਬੋਲਿਆ ਜਾਂਦਾ ਹੈ। ਇਸ ਅਖਾਣ ਦੇ ਨਾਲ ਬਿਲਕੁਲ ਰਲਦੀ ਮਿਲਦੀ ਇੱਕ ਅੰਗਰੇਜ਼ੀ ਦੀ ਕਹਾਵਤ ਹੈ ਕਿ Something better than nothing. ਵੀ ਹੈ।
PUNJABI AKHAAN: BEST AND BIGGEST COLLECTIONS, PART-2 - ਖਾਵੇ ਚੰਗਾ–ਚੋਸਾ, ਉਹਦਾ ਕੀ ਭਰੋਸਾ। ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਬਹੁਤਾ ਖੁੱਲਾ-ਡੁੱਲ੍ਹਾ ਅਤੇ ਬੇਹਿਸਾਬਾ ਖਾਣ ਵਾਲੇ ਵਿਅਕਤੀ ਦਾ ਕੋਈ ਭਰੋਸਾ ਨਹੀਂ ਹੁੰਦਾ। ਜਸਬੀਰ ਵਾਟਾਂਵਾਲੀਆ
- ਖਾਵੇ ਤਾਂ ਅੰਨਾ, ਉਗਲੱਛੇ ਤਾਂ ਕੋਹੜੀ। ਜਦੋਂ ਸਥਿਤੀ ਅਜਿਹੀ ਕਿ ਆਦਮੀ ਦੋਵੇਂ ਪਾਸੇ ਫਸਿਆ ਹੋਵੇ ਅਤੇ ਨਿਕਲਣ ਨੂੰ ਕੋਈ ਰਾਹ ਨਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
- ਖਾਵੇ ਬੱਕਰੀ ਵਾਂਗ, ਸੁੱਕੇ ਲੱਕੜੀ ਵਾਂਗ। ਜਦੋਂ ਕੋਈ ਖਾਂਦਾ-ਪੀਂਦਾ ਵੀ ਸੁੱਕਦਾ ਜਾਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਖਾਵੇ ਮਾਸ, ਹੋਵੇ ਨਾਸ। ਜਦੋਂ ਕਿਸੇ ਨੂੰ ਮਾਸ ਨਾ ਖਾਣ ਦੀ ਨਸੀਹਤ ਦੇਣੀ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
- ਖਾਵੇ-ਪੀਵੇ ਹੋਵੇ ਮੋਟਾ, ਅੰਤ ਅਖਾਵੇ ਦਾਦੇ ਦਾ ਪੋਤਾ। ਨਾਨਕਿਆਂ ਵੱਲੋਂ ਆਪਣੇ ਦੋਹਤੇ ਉੱਤੇ ਵਿਅੰਗ ਕੱਸਣ ਵਜੋਂ ਅਕਸਰ ਇਹ ਅਖਾਣ ਬੋਲਿਆ ਜਾਂਦਾ ਹੈ।
- ਖਿਆਲੀ ਪਲਾਓ ਨਾਲ ਭੁੱਖ ਨਹੀਂ ਮਿੱਟਦੀ। ਜਦੋਂ ਗੱਲਾਂ-ਬਾਤਾਂ ਨਾਲ ਢਿੱਡ ਭਰਨ ਦਾ ਯਤਨ ਕਰੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਖੀਸਾ ਖਾਲੀ ਤੇ ਰੱਬ ਵਾਲੀ। ਜਦੋਂ ਕਿਸੇ ਆਰਥਿਕ ਹਾਲਾਤ ਚੰਗੇ ਨਾ ਹੋਣ ਅਤੇ ਉਹ ਰੱਬ ਆਸਰੇ ਦਿਨ ਕੱਟ ਰਿਹਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
- ਖੀਰ ਕਲੰਦਰਾਂ, ਤੇ ਹੁੱਝਾਂ ਬਾਂਦਰਾਂ। ਜਦੋਂ ਮਿਹਨਤ ਮੁਸ਼ੱਕਤ ਕਰਨ ਵਾਲਿਆਂ ਦੇ ਪੱਲੇ ਕੁਝ ਨਾ ਪਵੇ ਪਰ ਉਨ੍ਹਾਂ ਨੂੰ ਕੰਮ ’ਤੇ ਰੱਖਣ ਵਾਲਾ ਠੇਕੇਦਾਰ ਜਾਂ ਚੌਧਰੀ ਸਾਰੀ ਮਲਾਈ ਖਾਈ ਜਾਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। ਅਖਾਣ ਦੇ ਅੱਖਰੀ ਅਰਥਾਂ ਅਨੁਸਾਰ ਬਾਂਦਰ ਨੂੰ ਨਚਾਉਣ ਵਾਲਾ ਕਲੰਦਰ ਸਾਰੀ ਖੀਰ ਖਾ ਜਾਂਦਾ ਅਤੇ ਬਾਂਦਰਾਂ ਦੇ ਹਿੱਸੇ ਸਿਰਫ ਹੁੱਝਾਂ ਹੀ ਆਉਂਦੀਆ ਹਨ।
- ਖੁਸਰਿਆਂ ਦੇ ਘਰ ਮੁੰਡਾ ਜੰਮਿਆ, ਚੁੰਮ–ਚੁੰਮ ਕੇ ਮਾਰਿਆ। ਜਦੋਂ ਕਿਸੇ ਅਜਿਹੇ ਵਿਅਕਤੀ ਨੂੰ ਉਹ ਚੀਜ਼ ਮਿਲੇ ਜਿਸ ਦੀ ਉਹਨੂੰ ਭੋਰਾ-ਮਾਸਾ ਵੀ ਕਦਰ ਨਾ ਹੋਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਖੁੱਸੇ ਨਾ ਖੁਸਾਵੇ, ਲੰਡੂ ਉੱਘਰ–ਉੱਘਰ ਆਵੇ। ਜਦੋਂ ਕੋਈ ਲੰਡੂ ਬੰਦਾ ਹੋਰ ਕੋਈ ਕੰਮ ਤਾਂ ਕਰ ਨਾ ਸਕੇ ਪਰ ਲੜਨ ਨੂੰ ਤਿਆਰ ਰਹੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਖੁੱਡ ਚੋਂ ਨਿਕਲੇ ਢੱਕ–ਮਕੌੜੇ, ਆਪੋ–ਆਪਣੇ ਰਾਹੀਂ ਦੌੜੇ। ਇਹ ਅਖਾਣ ਮਨੁੱਖ ਦੀ ਪਦਾਇਸ਼ ਅਤੇ ਜੀਵਨ ਭਰ ਕੰਮ-ਕਾਰ ਲਈ ਉਸ ਦੀ ਦੌੜ-ਭੱਜ ਨੂੰ ਦਰਸਾਉਣ ਲਈ ਬੋਲਿਆ ਜਾਂਦਾ ਹੈ।
- ਖੁਦਾ ਦੀ ਖੁਦਾਈ ਇੱਕ ਪਾਸੇ, ਤੇ ਰੰਨ ਦਾ ਭਾਈ ਇੱਕ ਪਾਸੇ। ਇਹ ਅਖਾਣ ਨੂੰਹ ਦੇ ਭਰਾ ਉੱਤੇ ਵਿਅੰਗ ਕੱਸਣ ਵਜੋਂ ਬੋਲਿਆ ਜਾਂਦਾ ਹੈ।
- ਖੁਧਿਆਵੰਤ ਨਾ ਜਾਣਈ, ਲਾਜ, ਕੁਲਾਜ ਕਬੋਲ। ਇਹ ਅਖਾਣ ਗੁਰਬਾਣੀ ਦੀ ਇਕ ਪੰਕਤੀ ਹੈ ਅਖਾਣ ਦਾ ਭਾਵ ਅਰਥ ਇਹ ਹੈ ਕਿ ਭੁੱਖਾ ਮਨੁੱਖ ਇੱਜਤ ਅਤੇ ਬੇਜਤੀ ਨੂੰ ਨਹੀਂ ਸਮਝਦਾ ਉਸ ਨੂੰ ਸਿਰਫ ਆਪਣੀ ਭੁੱਖ ਮਿਟਾਉਣ ਨਾਲ ਮਤਲਬ ਹੁੰਦਾ ਹੈ।
- ਖੁੱਲ੍ਹਾ ਬੋਲਣ, ਬੜਾ ਵਿਕਾਰ। ਜਦੋਂ ਕੋਈ ਮਨੁੱਖ ਵੱਧ ਅਤੇ ਬੇਕਾਰ ਬੋਲਦਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
- ਖੂਹ ਖਾਰਾ, ਜਮੀਨ ਦਾ ਉਜਾੜਾ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਖਾਰੇ ਪਾਣੀ ਵਾਲਾ ਖੂਹ ਜ਼ਮੀਨ ਦਾ ਉਪਜਾਊ ਸ਼ਕਤੀ ਬਰਬਾਦ ਕਰ ਦਿੰਦਾ ਹੈ।
- ਖੂਹ ਗਿੜਦਿਆਂ ਦੇ, ਰਾਹ ਵਗਦਿਆਂ ਦੇ ਤੇ ਸਾਕ ਮਿਲਦਿਆਂ ਦੇ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਰਿਸ਼ਤੇ-ਨਾਤੇ ਅਤੇ ਹਰ ਚੀਜ਼ ਮਿਲਣ ਵਰਤਣ ਕਾਰਨ ਹੀ ਜਿਉਂਦੀ ਰਹਿੰਦੀ ਹੈ।
- ਖੂਹ ‘ਚ ਡਿੱਗਾ ਵੈਕੜਕਾ ਕਹਿੰਦੇ ਖੱਸੀ ਹੀ ਕਰ ਦਿਓ। ਜਦੋਂ ਕੋਈ ਵਿਅਕਤੀ ਕਿਸੇ ਮਾਮਲੇ ਵਿਚ ਬੁਰਾ ਫਸਿਆ ਹੋਵੇ ਅਤੇ ਉਸ ਨੂੰ ਫਸਿਆ ਦੇਖ ਕੋਈ ਉਸ ਵਿਚ ਹੋਰ ਨਵਾਂ ਸੁਧਾਰ ਕਰਨ ਦੀ ਗੱਲ ਕਰੇ ਤਾਂ ਵਿਅੰਗ ਕੱਸਣ ਵਜੋਂ ਬੋਲਿਆ ਜਾਂਦਾ ਹੈ।
- ਖੂਹ ‘ਚ ਡਿੱਗੀ ਇੱਟ, ਸੁੱਕੀ ਨਹੀਂ ਮੁੜਦੀ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਹਰ ਚੰਗੀ ਅਤੇ ਮਾੜੀ ਸੰਗਤ ਦੀ ਇਕ ਵਿਸ਼ੇਸ਼ ਰੰਗਤ ਹੁੰਦੀ ਹੈ ਜੋ ਹਰ ਹਾਲ ਚੜ੍ਹਦੀ ਹੈ।
- ਖੂਹ ਤਾਂ ਨਹੀਂ ਖਲੋ ਜਾਣਗੇ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਇਹ ਦੱਸਣਾ ਹੋਵੇ ਕਿ ਅਨੰਤ ਵਿਸ਼ਾਲਤਾ ਵਾਲੇ ਲੋਕ ਚੀਜ਼ਾਂ ਕਦੇ ਨਹੀਂ ਰੁਕਦੀਆਂ।
- ਖੂਹ ਦੀ ਮਿੱਟੀ, ਖੂਹ ਚ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਵਪਾਰ ਜਾਂ ਕੰਮਕਾਰ ਵਿਚੋਂ ਕਿਸੇ ਨੂੰ ਕੋਈ ਮੁਨਾਫਾ ਹੋਵੇ ਅਤੇ ਮੂਲ ਵੀ ਮੁਸ਼ਕਿਲ ਨਾਲ ਪੂਰਾ ਹੋਵੇ।
- ਖੂਹ ਪਿਆ ਬਾਲ, ਨਾ ਮਿਹਣਾ ਨਾ ਗਾਲ਼। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਮੁਸੀਬਤ ਵਿਚ ਪਏ ਵਿਅਕਤੀ ਦੇ ਔਗੁਣ ਨਹੀਂ ਚਿਤਾਰਨੇ ਚਾਹੀਦੇ।
- ਖੂਹ ਪੁੱਟਦੇ ਨੂੰ ਖਾਤਾ ਤਿਆਰ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜੇਕਰ ਕੋਈ ਕਿਸੇ ਨਾਲ ਬੁਰਾ ਕਰਨ ਦੀ ਕੋਸ਼ਿਸ਼ ਕਰਦਾ ਹੈ ਉਸ ਨਾਲ ਉਸ ਤੋਂ ਵੀ ਪਹਿਲਾ ਬੁਰਾ ਹੋ ਜਾਂਦਾ ਹੈ।
- ਖੂਹ ਵਿੱਚ ਚਾਲੀਆਂ, ਹਿੱਸਾ ਜੁੱਤੀਆਂ ਅੱਧ। ਜਦੋਂ ਕਿਸੇ ਵਪਾਰ ਜਾਂ ਕਾਰੋਬਾਰ ਵਿਚ ਕਿਸੇ ਹਿੱਸਾ ਥੋੜ੍ਹਾ ਹੋਵੇ ਪਰ ਸਿਰ ਦਰਦੀ ਅਤੇ ਸਮੱਸਿਆ ਬਰਾਬਰ ਦੀਆਂ ਹੋਣ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
- ਖੇਡਾਂ ਤੇ ਮਾਵਾਂ ਮੁੱਕਣ ‘ਤੇ ਹੀ ਚੇਤੇ ਆਉਂਦੀਆਂ ਨੇ। ਇਹ ਅਖਾਣ ਜੀਵਨ ਦੀਆਂ ਅਟੱਲ ਸੱਚਾਈਆਂ ਨੂੰ ਪ੍ਰਗਟਾਉਣ ਲਈ ਬੋਲਿਆ ਜਾਂਦਾ ਹੈ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਮੁੱਕਣ ਤੋਂ ਬਾਅਦ ਮਾਂ ਦੀ ਘਾਟ ਬਹੁਤ ਰੜਕਦੀ ਹੈ।
- ਖੇਤ ਜੱਟਾਂ ਦਾ ਤੇ ਆਕੜ ਚੂਹੜਿਆਂ ਦੀ। ਜਦੋਂ ਕਿਸੇ ਵੱਡੇ ਬੰਦੇ ਦੇ ਸਾਧਨਾਂ ਉੱਤੇ ਬੈਠ ਕੇ ਕੋਈ ਮਾਮੂਲੀ ਵਿਅਕਤੀ ਰੋਹਬ ਦਿਖਾ ਰਿਹਾ ਹੋਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਖੇਤੀ ਉਹਦੀ, ਜੀਹਦੇ ਘਰ ਦੇ ਕਾਮੇ। ਇਹ ਅਖਾਣ ਖੇਤੀ ਧੰਦੇ ਵਿੱਚ ਕਿਵੇਂ ਕਾਮਯਾਬੀ ਹਾਸਲ ਕੀਤੀ ਸਕਦੀ ਹੈ ਨੂੰ ਦਰਸਾਉਣ ਲਈ ਬੋਲਿਆ ਜਾਂਦਾ ਹੈ।
- ਖੇਤੀ ਜੱਟ ਦੀ, ਤੇ ਬਾਜ਼ੀ ਨੱਟ ਦੀ। ਇਸ ਅਖਾਣ ਦੇ ਅਰਥਾਂ ਮੁਤਾਬਕ ਖੇਤੀ ਧੰਦੇ ਦਾ ਕੋਈ ਭਰੋਸਾ ਨਹੀਂ ਹੁੰਦਾ ਕਦੋਂ ਪੌਂਡ ਬਾਰਾਂ ਹੋ ਜਾਵੇ ਅਤੇ ਕਦੋਂ ਚੌੜ-ਚਪਾਟ ਇਹ ਧੰਦਾ ਬਾਜੀਗਰ ਦੀ ਬਾਜੀ ਵਾਂਗ ਹੁੰਦਾ ਹੈ ਜਿਸ ਵਿੱਚ ਰਿਸਕ ਬਹੁਤ ਜਿਆਦਾ ਹੁੰਦਾ ਹੈ।
- ਖੇਤੀ ਜਿਨ੍ਹਾਂ ਦੀ ਉੱਜੜੇ, ਖਲਵਾੜੇ ਖਾਲੀ ਰਹਿਣ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਦੀ ਖੜੀ ਖੜੋਤੀ ਖੇਤੀ ਬਰਬਾਦ ਹੋ ਜਾਵੇ ਅਤੇ ਉਸਦੇ ਖਲਵਾੜਿਆਂ ਵਿੱਚ ਕੋਈ ਫਸਲ ਨਾ ਪਹੁੰਚੇ।
- ਖੇਤੀ, ਖਸਮਾਂ ਸੇਤੀ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਖੇਤੀ ਮਿਹਨਤੀ ਅਤੇ ਤਕੜੇ ਆਦਮੀ ਦੀ ਹੁੰਦੀ ਹੈ। ਜੇਕਰ ਖੇਤ ਦੇ ਸਿਰ ਉੱਤੇ ਖਸਮ ਚੰਗਾ ਹੋਵੇਗਾ ਤਾਂ ਖੇਤੀ ਚੰਗੀ ਹੁੰਦੀ ਹੈ ਜੇਕਰ ਖੇਤ ਦਾ ਖਸਮ ਹੀ ਮਾੜਾ ਹੋਵੇ ਤਾਂ ਖੇਤੀ ਚੰਗੀ ਨਹੀਂ ਹੋ ਸਕਦੀ।
- ਖੋਹਣ ਨਾ ਖੁਸੇ, ਤੇ ਦੰਦੀਕੜਾ ਵੱਟੇ। ਜਦੋਂ ਕੋਈ ਵਿਅਕਤੀ ਉੰਝ ਤਾਂ ਕਿਸੇ ਦਾ ਕੁਝ ਨਾ ਵਿਗਾੜ ਸਕੇ ਪਰ ਦੇਖ ਕੇ ਦੰਦੀਆਂ ਪੀਹਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
- ਖੋਜੀ ਉਪਜੇ, ਤੇ ਵਾਦੀ ਬਿਨਸੈ। ਇਸ ਅਖਾਣ ਨੂੰ ਅਕਸਰ ਪਰਮਾਤਮਾ ਦੀ ਖੋਜ ਦੇ ਸਬੰਧ ਵਿੱਚ ਬੋਲਿਆ ਜਾਂਦਾ ਹੈ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਿਹੜਾ ਵਿਅਕਤੀ ਪਰਮਾਤਮਾ ਦੀ ਖੋਜ ਕਰਦਾ ਹੈ ਉਹ ਜਰੂਰ ਕਾਮਯਾਬ ਹੁੰਦਾ ਹੈ ਅਤੇ ਜਿਹੜਾ ਵਿਅਕਤੀ ਵਾਦ ਵਿਵਾਦ ਵਿਚ ਪੈ ਜਾਂਦਾ ਹੈ ਉਹ ਹਮੇਸ਼ਾ ਅਸਫਲ ਹੁੰਦਾ ਹੈ।
- ਖੋਟਾ ਸ਼ਰੀਕ, ਮਿੱਤ ਨਾ ਬਣਦਾ। ਇਹ ਅਖਾਣ ਮਾੜੇ ਸ਼ਰੀਕ ਦੇ ਮਾੜੇ ਸੁਭਾਅ ਨੂੰ ਪ੍ਰਗਟਾਉਣ ਲਈ ਅਕਸਰ ਬੋਲਿਆ ਜਾਂਦਾ ਹੈ।
- ਖੋਟੇ ਦਿਲ ਨਾਲ ਭਲਾ ਕਮਾਵੇ, ਉਹ ਅਹਿਸਾਨ ਵੀ ਬਿਰਥਾ ਜਾਵੇ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਖੋਟੇ ਮਨ ਨਾਲ ਕੀਤਾ ਗਿਆ ਕੋਈ ਵੀ ਕਾਰਜ ਸਫਲਾ ਨਹੀਂ ਹੁੰਦਾ।
- ਖੋਟੇ ਵਣਜ ਨੂੰ ਵਣਜਿਆ, ਮਨੁ-ਤਨੁ ਖੋਟਾ ਹੋਇ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਬੁਰੇ ਕਰਮ ਜਾਂ ਵਪਾਰ ਦਾ ਬੁਰਾ ਨਤੀਜਾ ਹੁੰਦਾ ਹੈ।
- ਖੋਤੀ ਨੂੰ 12 ਕੋਹ, ਅਤੇ ਘੁਮਿਆਰ ਨੂੰ 18 ਕੋਹ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਕੰਮ ਕਰਨ ਵਾਲੇ ਵਿਅਕਤੀ ਨਾਲੋਂ ਕੰਮ ਕਰਵਾਉਣ ਵਾਲੇ ਵਿਅਕਤੀ ਨੂੰ ਵੱਧ ਖੇਚਲ ਪੈਂਦੀ ਹੈ। ਅਖਾਣ ਦੇ ਅੱਖਰੀ ਅਰਥਾਂ ਅਨੁਸਾਰ ਜਦੋਂ ਘੁਮਿਆਰ ਖੋਤੀਆਂ ਚਾਰਦਾ ਹੈ ਤਾਂ ਉਸ ਨੂੰ ਕਦੇ ਇਸ ਖੋਤੀ ਨੂੰ ਮੋੜਨਾ ਪੈਂਦਾ ਹੈ, ਕਦੇ ਉਸ ਖੋਤੀ ਨੂੰ ਮੋੜਨਾ ਪੈਂਦਾ ਹੈ ਜਿਸ ਕਾਰਨ ਉਸ ਨੂੰ ਖੋਤੀਆਂ ਨਾਲੋਂ ਕਈ ਗੁਣਾ ਵੱਧ ਪੈਂਡਾ ਸਰ ਕਰਨਾ ਪੈਂਦਾ ਹੈ।
- ਖੋਤੇ ਚੜ੍ਹੀ, ਪਰ ਕੁੜਮਾਂ ਦੇ ਮੁਹੱਲੇ ਤਾਂ ਨਹੀਂ ਗਈ। ਇਹ ਅਖਾਣ ਉਸ ਵਿਅਕਤੀ ਉੱਤੇ ਵਿਅੰਗ ਕੱਸਣ ਵਜੋਂ ਬੋਲਿਆ ਜਾਂਦਾ ਹੈ ਜਿਸ ਦੀ ਸਮੁੱਚੇ ਇਲਾਕੇ ਵਿੱਚ ਬੇਇਜਤੀ ਹੋ ਜਾਵੇ ਪਰ ਉਹ ਇਹ ਕਹੇ ਕਿ ਕੋਈ ਗੱਲ ਨਹੀਂ ਉਸਦੇ ਖਾਸ ਸੱਜਣਾਂ ਜਾਂ ਕੁੜਮਾ ਸਾਹਮਣੇ ਤਾਂ ਉਸ ਦੀ ਬੇਇਜਤੀ ਨਹੀਂ ਹੋਈ।
- ਖੋਤੇ ਚੜ੍ਹੀ, ਲੱਤਾਂ ਲਮਕਦੀਆਂ। ਇਸ ਅਖਾਣ ਦੇ ਭਾਵ ਅਰਥਾਂ ਅਨੁਸਾਰ ਬੁਰੇ ਹਾਲਾਤ ਵਿੱਚ ਮਨੁੱਖ ਦਾ ਸਮੁੱਚਾ ਵਿਅਕਤੀਤਵ ਹੀ ਡਾਵਾਂਡੋਲ ਹੁੰਦਾ ਹੈ।
- ਖੋਤੇ ਦੀ ਸਵਾਰੀ, ਤੇ ਖਲ੍ਹੀਆਂ ਦਾ ਮੁਕਟ। ਜਦੋਂ ਕਿਸੇ ਵਿਅਕਤੀ ਦੇ ਅਸਲ ਹਾਲਾਤ ਬੁਰੇ ਹੋਣ ਪਰ ਵਿਖਾਵਾ ਉਹ ਰਾਜੇ-ਮਹਾਰਾਜਿਆਂ ਵਾਲਾ ਕਰੇ ਤਾ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਖੋਤੇ ਦੀ ਮੌਜ, ਟੀਟਣੇ। ਜਦੋਂ ਕੋਈ ਵਿਅਕਤੀ ਪੁੱਠੇ ਸਿੱਧੇ ਕੰਮਾਂ ਵਿੱਚ ਮਸਤ ਹੋਵੇ ਅਤੇ ਖੂਬ ਆਨੰਦ ਮਾਣ ਰਿਹਾ ਹੋਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਖੋਤੇ ਦੇ ਪੜਛੰਡਿਓ, ਤੇ ਪੁਲਿਸ ਦੇ ਡੰਡਿਓਂ, ਬਚ ਕੇ ਰਹੀਏ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਖੋਤੇ ਦਾ ਪੜਛੰਡਾ ਭਾਵ ਦੁਲੱਤਾ ਅਤੇ ਪੁਲਿਸ ਦਾ ਡੰਡਾ ਦੋਵੇਂ ਹੀ ਖਤਰਨਾਕ ਹੁੰਦੇ ਹਨ ਅਤੇ ਵਿਅਕਤੀ ਨੂੰ ਇਹਨਾਂ ਤੋਂ ਬਚਣਾ ਚਾਹੀਦਾ ਹੈ। ਜਸਬੀਰ ਵਾਟਾਂਵਾਲੀਆ
- ਖੋਤੇ ਨੂੰ ਘਿਓ ਦਿਓ, ਕਹਿੰਦਾ ਮੇਰੇ ਕੰਨ ਕਿਉਂ ਪੁੱਟਦੇ ਆਂ ? ਜਦੋਂ ਕਿਸੇ ਵਿਅਕਤੀ ਦਾ ਭਲਾ ਕੀਤਾ ਜਾ ਰਿਹਾ ਹੋਵੇ ਪਰ ਉਹ ਸਮਝੇ ਕਿ ਉਸ ਨੂੰ ਤਕਲੀਫ ਦਿੱਤੀ ਜਾ ਰਹੀ ਹੈ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
‘ਗ’ ਅੱਖਰ ਵਾਲੇ ਅਖਾਣ
ਇਸ ਚੈਪਟਰ ਵਿੱਚ ਤੁਸੀਂ ‘ਗ’ ਅੱਖਰ ਤੋਂ ਸ਼ੁਰੂ ਹੋਣ ਵਾਲੇ ਸਾਰੇ ਪੰਜਾਬੀ ਅਖਾਣਾਂ ਦੇ ਅਰਥ ਅਤੇ ਉਨ੍ਹਾਂ ਦੀ ਵਰਤੋਂ ਸਬੰਧੀ ਪੜ੍ਹੋਗੇ।
- ਗਊ ਜੇ ਮਾਣਕ ਨਿਗਲਿਆ, ਪੇਟ ਪਾੜ ਨਾ ਮਾਰੇ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਭਲੇ ਅਤੇ ਗੁਣਵਾਨ ਕੋਲੋਂ ਜੇਕਰ ਕੋਈ ਗੁਨਾਹ ਵੀ ਹੋ ਜਾਵੇ ਉਸ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ।
- ਗਏ ਸਰਾਧ, ਆਏ ਨਰਾਤੇ, ਬਾਹਮਣ ਬਹਿ ਗਏ ਚੁੱਪ ਚੁਪਾਤੇ। ਇਹ ਅਖਾਣ ਬ੍ਰਾਹਮਣ ਉੱਤੇ ਵਿਅੰਗ ਕੱਸਣ ਵਜੋਂ ਬੋਲਿਆ ਜਾਂਦਾ ਹੈ, ਜੋ ਨਰਾਤਿਆਂ ਤੋਂ ਬਾਅਦ ਅਕਸਰ ਸ਼ਾਂਤ ਹੋ ਕੇ ਘਰ ਬੈਠ ਜਾਂਦੇ ਹਨ।
- ਗਏ ਵਿਚਾਰੇ ਰੋਜ਼ੜੇ, ਰਹਿ ਗਏ ਨੌਂ ਤੇ ਵੀਹ। ਇਹ ਅਖਾਣ ਉਸ ਵਿਅਕਤੀ ਉੱਤੇ ਵਿਅੰਗ ਕੱਸਣ ਵਜੋਂ ਬੋਲਿਆ ਜਾਂਦਾ ਹੈ ਜੋ ਵੱਡੇ ਕੰਮ ਨੂੰ ਹੱਥ ਪਾ ਲਵੇ ਅਤੇ ਮਮੂਲੀ ਜਿਹਾ ਕੰਮ ਨੇਪਰੇ ਚਾੜ ਕੇ ਇਹ ਕਹਿਣ ਲੱਗ ਜਾਵੇ ਕਿ ਬੱਸ ਕੰਮ ਥੋੜਾ ਹੀ ਰਹਿ ਗਿਆ ਹੈ। ਇਸ ਅਖਾਣ ਦੇ ਪਿੱਛੇ ਇਕ ਲੋਕ ਕਹਾਣੀ ਜੁੜੀ ਹੋਈ ਹੈ। ਇਕ ਵਾਰ ਕਿਸੇ ਮਰਾਸੀ ਨੇ ਪਹਿਲੀ ਵਾਰ ਰੋਜੇ ਰੱਖੇ ਸਨ। ਪਹਿਲੇ ਦਿਨ ਜਦੋਂ ਉਹ ਸਾਰਾ ਦਿਨ ਭੁੱਖਾ ਰਿਹਾ ਅਤੇ ਦਿਨ ਉਸਨੇ ਮੁਸ਼ਕਲ ਨਾਲ ਪੂਰਾ ਕੀਤਾ ਤਾਂ ਸ਼ਾਮ ਵੇਲੇ ਰੋਜਾ ਖੋਲਣ ਤੋਂ ਬਾਅਦ ਉਸਨੇ ਆਪਣੇ ਮਨ ਨੂੰ ਤਸੱਲੀ ਦੇਣ ਲਈ ਕਿਹਾ, ਕਿ ਗਏ ਵਿਚਾਰੇ ਰੋਜੜੇ ਰਹਿ ਗਏ 9 ਤੇ 20। ਭਾਵ ਕਿ ਇਕ ਰੋਜਾ ਅੱਜ ਖਤਮ ਹੋ ਗਿਆ ਸਿਰਫ 29 ਰਹਿ ਗਏ।
- ਗਹਿਣੇ ਦਾ ਸ਼ਾਹ ਕਾਹਦਾ, ਵੱਟੇ ਦੀ ਕੁੜਮਾਈ ਕਾਹਦੀ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਗਹਿਣੇ ਗਿਰਵੀ ਰੱਖ ਕੇ ਲਏ ਕਰਜੇ ਦਾ ਕਾਹਦਾ ਮਾਣ। ਉਸੇ ਤਰ੍ਹਾਂ ਵੱਟੇ-ਸੱਟੇ ਦੀ ਕੁੜਮਾਈ ਦਾ ਵੀ ਕੋਈ ਮਾਣ ਨਹੀਂ। ਵੱਟੇ-ਸੱਟੇ ਦਾ ਵਿਆਹ ਪੰਜਾਬ ਦੇ ਕਈ ਕਬੀਲਿਆਂ ਵਿੱਚ ਆਮ ਕੀਤਾ ਜਾਂਦਾ ਸੀ। ਇਹਨਾਂ ਕਬੀਲਿਆਂ ਵਿੱਚੋਂ ਕੰਬੋਜ ਬਰਾਦਰੀ ਦੇ ਵਿੱਚ ਇਹ ਪ੍ਰਥਾ ਆਮ ਪ੍ਰਚਲਤ ਸੀ। ਇਸ ਵਿਆਹ ਦੀਆਂ ਸ਼ਰਤਾਂ ਅਨੁਸਾਰ ਜਿਹੜੇ ਘਰ ਵਿੱਚੋਂ ਨੂੰਹ ਵਿਆਹ ਕੇ ਲਿਆਂਦੀ ਜਾਂਦੀ ਸੀ ਉਸੇ ਘਰ ਵਿੱਚ ਹੀ ਆਪਣੀ ਧੀ ਨੂੰ ਵਿਆਹ ਕੇ ਤੋਰ ਦਿੱਤਾ ਜਾਂਦਾ ਸੀ। ਵੱਡੇ ਸੱਟੇ ਦੇ ਵਿਆਹ ਦੀ ਪ੍ਰਥਾ ਅੱਜ ਕੱਲ ਲਗਭਗ ਬੰਦ ਹੋ ਚੁੱਕੀ ਹੈ।
- ਗੰਗਾ ਗਈਆਂ ਹੱਡੀਆਂ, ਮੁੜ ਨਹੀਂ ਆਉਂਦੀਆਂ। ਜਦੋਂ ਕਿਸੇ ਭੈੜੇ ਜਾਂ ਕਮੀਨੇ ਵਿਅਕਤੀ ਦੇ ਹੱਥ ਵਿੱਚ ਕੋਈ ਕੀਮਤੀ ਚੀਜ਼ ਚਲੀ ਜਾਵੇ ਅਤੇ ਉਸਦੇ ਆਉਣ ਦੀ ਕੋਈ ਆਸ ਨਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਅਖਾਣ ਦੇ ਅੱਖਰੀ ਅਰਥਾਂ ਅਨੁਸਾਰ ਗੰਗਾ ਵਿੱਚ ਤਾਰੀਆਂ ਹੋਈਆਂ ਹੱਡੀਆਂ ਵਾਪਸ ਨਹੀਂ ਮੁੜਦੀਆਂ।
- ਗੰਗਾ ਗਏ, ਗੰਗਾ ਰਾਮ, ਜਮਨਾ ਗਏ, ਜਮਨਾ ਦਾਸ। ਇਹ ਅਖਾਣ ਇਹ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ ਕਿ ਜੈਸਾ ਦੇਸ ਹੋਵੇ ਆਦਮੀ ਨੂੰ ਵੈਸਾ ਹੀ ਭੇਖ ਧਾਰਨ ਕਰ ਲੈਣਾ ਚਾਹੀਦਾ ਹੈ। ਇਸ ਅਖਾਣ ਨੂੰ ਵਿਅੰਗ ਵਜੋਂ ਵੀ ਬੋਲਿਆ ਜਾਂਦਾ ਹੈ।
- ਗੰਗਾ ਮੇਰਾ ਸ਼ਾਹ ਕੁੜੇ, ਮੈਂ ਨਿਤ ਕਰਾਂ ਕੜਾਹ ਕੁੜੇ, ਜਦ ਗੰਗੇ ਕੱਢੀ ਵਹੀ ਮੈਂ ਉੱਧਲ਼–ਪੁੱਦਲ਼ ਗਈ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਉਧਾਰ ਲੈ ਲੈ ਕੇ ਬੇਹਿਸਾਬਾ ਖਾਣ ਪੀਣ ਵਾਲਾ ਵਿਅਕਤੀ ਪਹਿਲਾਂ ਤਾਂ ਖੂਬ ਮੌਜਾ ਮਾਣਦਾ ਹੈ ਪਰ ਉਸ ਵੇਲੇ ਉਸ ਨਾਲ ਬੁਰੀ ਹੁੰਦੀ ਹੈ ਜਦੋਂ ਸ਼ਾਹ ਆਪਣੀ ਵਹੀ ਕੱਢ ਕੇ ਲੇਖਾ ਦਿਖਾਉਂਦਾ ਹੈ। ਜਸਬੀਰ ਵਾਟਾਂਵਾਲੀਆ
- ਗੰਜਾ, ਕਾਣਾ, ਕਰਕਰਾ, ਛਾਤੀ ਵਾਲ ਨਾ ਹੋ, ਨੀਵੀ ਥਾਂ ਬਹਾਲ ਕੇ ਗਿਣੀਏ ਪੂਰਾ ਸੌ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਵੱਖਰੇ ਤੌਰ ਤਰੀਕੇ ਅਤੇ ਸਰੀਰਕ ਬਣਤਰ ਵਾਲੀਆਂ ਮਨੁੱਖ ਦੀਆਂ ਇਹਨਾਂ ਨਸਲਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।
- ਗੰਜੀ ਗਈ ਪੇਕੇ, ਲੈ ਆਈ ਜੂੰਆਂ। ਜਦੋਂ ਕੋਈ ਨਿਕੰਮਾ ਮਨੁੱਖ ਕਿਸੇ ਪਾਸਿਓਂ ਵੀ ਕੋਈ ਫਾਇਦਾ ਨਾ ਦੇਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਗੰਜੇ ਨੂੰ ਰੱਬ ਨਹੁੰ ਨਾ ਦੇਵੇ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਮੂਰਖ ਵਿਅਕਤੀ ਕੋਲ ਕੋਈ ਕੀਮਤੀ ਚੀਜ਼, ਕੋਈ ਪਾਵਰ ਜਾਂ ਹਥਿਆਰ ਨਹੀਂ ਹੋਣਾ ਚਾਹੀਦਾ।
- ਗੱਡਾ ਰਲ਼ੇ ਨਾ ਗੱਡਿਆਂ ਨਾਲ, ਨੂੰਹ ਸੱਸ ਦੀ ਇੱਕੋ ਚਾਲ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਨੌ ਸਸ ਦਾ ਆਪਸ ਵਿੱਚ ਕਦੇ ਵੀ ਤਾਲਮੇਲ ਨਹੀਂ ਹੋ ਸਕਦਾ ਉਵੇਂ ਹੀ ਜਿਵੇਂ ਤੁਰੇ ਜਾਂਦੇ ਗੱਡੇ ਇੱਕ ਦੂਜੇ ਦੇ ਨਾਲ ਨਹੀਂ ਰਲ ਸਕਦੇ।
- ਗੱਡੀ ਚੱਲੇ ਰਾਹਾਂ ‘ਤੇ …ਤੇ ਬੰਦਾ ਚੱਲੇ ਸਾਹਾਂ ਤੇ। ਇਹ ਅਖਾਣ ਜੀਵਨ ਦੀ ਅਟੱਲ ਸੱਚਾਈ ਨੂੰ ਬਿਆਨ ਕਰਨ ਵਜੋਂ ਬੋਲਿਆ ਜਾਂਦਾ ਹੈ। ਅਖਾਣ ਦਾ ਭਾਵ ਅਰਥ ਇਹ ਹੈ ਕਿ ਮਨੁੱਖ ਦਾ ਜੀਵਨ ਸਾਹਾਂ ਤੋਂ ਬਗੈਰ ਇੱਕ ਮਿੰਟ ਵੀ ਨਹੀਂ ਚੱਲ ਸਕਦਾ, ਉਵੇਂ ਹੀ ਜਿਵੇਂ ਕੋਈ ਗੱਡੀ ਰਾਹਾਂ ਤੋਂ ਬਗੈਰ ਨਹੀਂ ਚੱਲ ਸਕਦੀ। ਜਸਬੀਰ ਵਾਟਾਂਵਾਲੀਆ
- ਗੱਡੇ ਗਾਹ, ਤੇ ਗੱਡੀਰੇ ਰਾਹ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਹਰ ਵਿਅਕਤੀ ਜਾਂ ਵਸਤੂ ਨੂੰ ਉਸ ਦੀ ਸਮਰੱਥਾ ਅਨੁਸਾਰ ਉਸ ਦੇ ਮਾਰਗ ਤੇ ਚੱਲਣਾ ਪੈਂਦਾ ਹੈ।
- ਗੱਡੇ ਨੂੰ ਵੇਖ ਕੇ ਪੈਰ ਭਾਰੇ। ਜਦੋਂ ਕੋਈ ਵਿਅਕਤੀ ਆਪਣੇ ਖਾਸ ਸਰਪਰਸਤ ਜਾਂ ਦੋਸਤ ਨੂੰ ਦੇਖ ਕੇ ਖੁਦ ਉਦਮ ਕਰਨਾ ਬੰਦ ਕਰ ਦੇਵੇ ਅਤੇ ਉਸ ਤੇ ਨਿਰਭਰ ਹੋਣ ਲਈ ਸੋਚਣ ਲੱਗ ਪਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਗੰਢ ਦਾ ਪੂਰਾ ਅਕਲ ਦਾ ਊਰਾ। ਜਦੋਂ ਕੋਈ ਵਿਅਕਤੀ ਉੰਝ ਤਾਂ ਕਮਅਕਲ ਹੋਵੇ ਪਰ ਆਪਣੇ ਹਿੱਤ ਦਾ ਪੂਰਾ ਖਿਆਲ ਰੱਖਦਾ ਹੋਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਗੰਢ ਪ੍ਰੀਤੀ, ਮਿੱਠੇ ਬੋਲ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਮਿੱਠਾ ਬੋਲਣ ਵਾਲਾ ਵਿਅਕਤੀ ਸਮਾਜ ਵਿੱਚ ਚੰਗੇ ਸਬੰਧ ਸਥਾਪਿਤ ਕਰਨ ਵਿੱਚ ਕਾਮਯਾਬ ਹੁੰਦਾ ਹੈ।
- ਗਤ ਕਰਾੜੇ ਦੇ, ਹੇਠ ਜੱਟੀ ਆਵੇ ਜਾਵੇ। ਇਹ ਅਖਾਣ ਕਰਾੜਾਂ ਅਤੇ ਜੱਟੀਆਂ ਦੇ ਵਿਹਾਰਿਕ ਲੈਣ-ਦੇਣ ਅਤੇ ਲੁਕਵੇਂ ਸਬੰਧਾਂ ਦੇ ਪ੍ਰਤੀ ਨੋਕ-ਝੋਕ ਦੇ ਦੌਰਾਨ ਬੋਲਿਆ ਜਾਂਦਾ ਹੈ।
- ਗੰਦੀ ਉਂਗਲੀ ਵੱਢਣੀ ਚੰਗੀ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਉਸ ਸਬੰਧ ਨੂੰ ਤੋੜ ਦੇਣਾ ਚੰਗਾ ਹੁੰਦਾ ਹੈ ਜੋ ਬੁਰੀ ਤਰਾਂ ਖਰਾਬ ਹੋ ਚੁੱਕਾ ਹੋਵੇ।
- ਗੰਦੇ ਪਾਣੀ ਦੀ ਗਵਾਹੀ ਡੱਡੂ ਦੇ ਸਕਦਾ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਬੁਰੇ ਵਿਅਕਤੀ ਦੀ ਗਵਾਹੀ ਉਸਦੀ ਸਰਪਰਸਤੀ ਵਿੱਚ ਰਹਿਣ ਵਾਲਾ ਉਸ ਦਾ ਕੋਈ ਬੁਰਾ ਸਾਥੀ ਹੀ ਦੇ ਸਕਦਾ ਹੈ।
- ਗੱਦੋਂ ਖੜੀ, ਗੁਆਰੇ ਦੀ ਰਾਖੀ। ਜਦੋਂ ਕਿਸੇ ਵਸਤੂ ਦੀ ਰਾਖੀ ਉਸ ਵਿਅਕਤੀ ਨੂੰ ਬਿਠਾ ਦਿੱਤਾ ਜਾਵੇ ਜਿਸ ਨੂੰ ਉਹ ਖੁਦ ਹੀ ਖਾਣਾ ਚਾਹੁੰਦਾ ਹੋਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। ਇਸ ਅਖਾਣ ਦਾ ਅੱਖਰੀ ਅਰਥ ਇਹ ਹੈ ਕਿ ਖੋਤੀ ਗੁਆਰੇ ਦੀ ਰਾਖੀ ਲਈ ਖੜ੍ਹੀ ਹੈ। ਇਸ ਦੇ ਲਈ ਇੱਕ ਅਖਾਣ ਦੁੱਧ ਦੀ ਰਾਖੀ ਬਿੱਲਾ ਬੈਠਾ ਵੀ ਬੋਲਿਆ ਜਾਂਦਾ ਹੈ।
- ਗੱਦੋਂ ਛੋੜ ਤਬੇਲੇ ਬੱਧੀ, ਘਾਹ ਪਈ ਢੋਹਵੇ ਘੋੜੀ। ਜਦੋਂ ਹੋਣਹਾਰ ਅਤੇ ਹੁਨਰਮੰਦ ਵਿਅਕਤੀ ਭਾਰ ਢੋਅ ਰਹੇ ਹੋਣ ਅਤੇ ਨਿਕੰਮੇ ਵਿਅਕਤੀ ਐਸ਼ੋ ਆਰਾਮ ਨਾਲ ਘੁੰਮ ਰਹੇ ਹੋਣ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ ਅਖਾਣ ਦੇ ਅੱਖਰੀ ਅਰਥ ਅਨੁਸਾਰ ਖੋਤੀ ਰਾਮ ਨਾਲ ਤਬੇਲੇ ਵਿੱਚ ਬੱਧੀ ਹੋਈ ਹੈ ਅਤੇ ਘੋੜੀ ਘਾਹ ਢੋਹ ਰਹੀ ਹੈ।
- ਗੱਦੋਂ ਤੋਂ ਬੋਹਲ ਲੁਟਾਇਆ। ਜਦੋਂ ਖਾਊ ਬਿਰਤੀ ਦੇ ਲੁਟੇਰੇ ਲੋਕਾਂ ਕੋਲੋਂ ਘਰ ਜਾਂ ਜਾਇਦਾਦ ਲੁਟਵਾਈ ਜਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ ਅਖਾਣ ਦੇ ਅੱਖਰੀ ਅਰਥ ਅਨੁਸਾਰ ਖੋਤੀ ਕੋਲੋਂ ਦਾਣਿਆਂ ਦਾ ਬੋਹਲ ਲੁਟਵਾ ਦਿੱਤਾ।
- ਗੱਦੋਂ ਦੀ ਅੱਖ ਤੇ ਪਾਉਲਾ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਹੀਣੇ ਅਤੇ ਮੂਰਖ ਵਿਅਕਤੀ ਨਾਲ ਵਿਹਾਰ ਵੀ ਉਸੇ ਤਰ੍ਹਾਂ ਦਾ ਹੀ ਕੀਤਾ ਜਾਂਦਾ ਹੈ।
- ਗਧਿਆਂ ਦੇ ਗਲ਼ ਹੀਰੇ। ਜਦੋਂ ਮੂਰਖ ਅਤੇ ਨਿਕੰਮੇ ਲੋਕਾਂ ਨੂੰ ਕੀਮਤੀ ਸੁਗਾਤਾਂ ਦਿੱਤੀਆਂ ਜਾਣ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਗਧਿਆਂ ਨੂੰ ਗੁਲਕੰਦ। ਜਦੋਂ ਮੂਰਖ ਅਤੇ ਨਾਹੱਕ ਵਿਅਕਤੀ ਚੰਗੀਆਂ ਅਤੇ ਬੇਸ਼ਕੀਮਤੀ ਚੀਜ਼ਾਂ ਉੱਤੇ ਮੱਲ ਮਾਰੀ ਬੈਠੇ ਹੋਣ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਗਧੇ ਘੋੜੇ ਦਾ ਇੱਕੋ ਮੁੱਲ। ਜਦੋਂ ਗੁਣਵਾਨ ਅਤੇ ਮੂਰਖ ਵਿਅਕਤੀਆਂ ਨਾਲ ਇੱਕੋ ਤਰ੍ਹਾਂ ਦਾ ਵਰਤਾਅ ਕੀਤਾ ਜਾਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਗਧੇ ਦਾ ਪੈਖਣ ਲਦੀਣ ਵੇਲੇ ਹੀ ਲਾਈਏ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਮੂਰਖ ਵਿਅਕਤੀਆਂ ਨੂੰ ਜਿਆਦਾ ਢਿੱਲ ਦੇਣੀ ਠੀਕ ਨਹੀਂ ਹੁੰਦੀ। ਅਖਾਣ ਦੇ ਅਖਰੀ ਅਰਥਾਂ ਅਨੁਸਾਰ ਗਧੇ ਦਾ ਪੈਖਣ ਸਿਰਫ ਲੱਦਣ ਵੇਲੇ ਹੀ ਲਾਹੁਣਾ ਚਾਹੀਦਾ ਹੈ।
- ਗਧੇ ਦੇ ਸਿਰ ਤੇ ਕਿਹੜਾ ਸਿੰਗ ਹੁੰਦੇ ਆ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਮੂਰਖ ਵਿਅਕਤੀ ਵੀ ਦੇਖਣ ਨੂੰ ਸਿਆਣੇ ਵਿਅਕਤੀਆਂ ਵਰਗੇ ਹੀ ਲੱਗਦੇ ਹੁੰਦੇ ਹਨ, ਉਹਨਾਂ ਵਿੱਚ ਕੋਈ ਫਰਕ ਨਹੀਂ ਹੁੰਦਾ।
- ਗਧੇ ਨੂੰ ਸੋਟਾ, ਇਰਾਕੀ ਨੂੰ ਜੋਟਾ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਮੂਰਖ ਵਿਅਕਤੀ ਨੂੰ ਸੋਟੇ ਨਾਲ ਸਮਝਾਉਣਾ ਪੈਂਦਾ ਹੈ ਜਦਕਿ ਸਿਆਣੇ ਵਿਅਕਤੀ ਨੂੰ ਇੱਕ ਦੋ ਇਸ਼ਾਰੇ ਹੀ ਕਾਫੀ ਹੁੰਦੇ ਹਨ।
- ਗਧੇ ਨੂੰ ਖਵਾਇਆ ਨਾ ਪਾਪ ਨਾ ਪੁੰਨ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਮੂਰਖ ਨੂੰ ਖਵਾਉਣ ਦਾ ਕੋਈ ਲਾਭ ਨਹੀਂ।
- ਗੰਨਾ ਤੇ ਗੰਗਾਲ ਹੈ ਪਰ ਛਿੱਲੜ ਨਾਲੋਂ ਨਾਲ ਹੈ। ਜਦੋਂ ਕਿਸੇ ਵਿਅਕਤੀ ਵਿੱਚ ਕਾਫੀ ਗੁਣ ਹੋਣ ਅਤੇ ਕੁਝ ਕੁ ਔਗੁਣ ਵੀ ਹੋਣ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਇਸ ਅਖਾਣ ਨੂੰ ਵਿਅੰਗ ਵਜੋਂ ਵੀ ਬੋਲਿਆ ਜਾਂਦਾ ਹੈ।
- ਗੰਨਿਆਂ ਵਾਲੇ ਨਿਕਲ ਜਾਂਦੇ ਨੇ, ਤੇ ਛਿੱਲੜਾਂ ਵਾਲੇ ਫਸ ਜਾਂਦੇ ਆ। ਜਦੋਂ ਵੱਡਾ ਕਾਂਡ ਜਾਂ ਗੁਨਾਹ ਕਰਨ ਵਾਲੇ ਵਿਅਕਤੀ ਬਚ ਕੇ ਨਿਕਲ ਜਾਣ ਅਤੇ ਮਮੂਲੀ ਸ਼ਮੂਲੀਅਤ ਵਾਲਾ ਆਦਮੀ ਉਸ ਗੁਨਾਹ ਵਿੱਚ ਫਸ ਜਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
- ਗੱਪ ਗਰੀਬ ਦਾ ਪੜਦਾ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਮਾੜਾ ਅਤੇ ਗਰੀਬ ਵਿਅਕਤੀ ਨੂੰ ਆਪਣੇ ਪਰਦੇ ਢੱਕਣ ਲਈ ਕਈ ਤਰ੍ਹਾਂ ਦੇ ਝੂਠ ਬੋਲਣੇ ਪੈਂਦੇ ਹਨ ਅਤੇ ਗੱਪ ਹੀ ਉਸਦੇ ਪੜਦੇ ਢਕਣ ਦਾ ਸਹਾਰਾ ਬਣਦੀ ਹੈ।
- ਗਰਜ ਅੰਨ੍ਹੀ, ਹਿਰਸ ਕਾਣੀ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਗਰਜ ਅਤੇ ਹਿਰਸ ਮਨੁੱਖ ਨੂੰ ਡੋਲਣ ਲਈ ਮਜਬੂਰ ਕਰ ਦਿੰਦੀਆਂ ਹਨ ਗਰਜ ਵਿੱਚ ਗ੍ਰਸਿਆ ਬੰਦਾ ਅੰਨਾ ਹੋ ਜਾਂਦਾ ਹੈ ਅਤੇ ਹਿਰਸ ਦਾ ਮਾਰਿਆ ਬੰਦਾ ਕਾਣਾ। ਜਸਬੀਰ ਵਾਟਾਂਵਾਲੀਆ
- ਗਰੀਬ ਦਾ ਖਰਾ ਰੁਪਈਆ ਵੀ 12 ਆਨੇ ਦਾ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਗਰੀਬ ਅਤੇ ਮਾੜੇ ਵਿਅਕਤੀ ਨਾਲ ਹਰ ਥਾਂ ਤੇ ਧੱਕਾ ਹੁੰਦਾ ਹੈ ਉਸ ਦਾ ਖਰਾ ਰੁਪਈਆ ਦੀ ਪੌਣੇ ਰੁਪਏ ਵਿੱਚ ਚਲਦਾ ਹੈ।
- ਗਰੀਬ ਦਾ ਰਾਖਾ ਰੱਬ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਗਰੀਬ ਲੋਕਾਂ ਦਾ ਆਸਰਾ ਪਰਮਾਤਮਾ ਦੇ ਵਿਸ਼ਵਾਸ ਵਿੱਚ ਹੁੰਦਾ ਹੈ।
- ਗਰੀਬ ਦੀ ਆਹ, ਤੇ ਲੋਹਾ ਭਸਮ ਹੋ ਜਾ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਗਰੀਬ ਬੰਦੇ ਦੀ ਬਦ-ਦੁਆ ਲੋਹੇ ਨੂੰ ਵੀ ਭਸਮ ਕਰ ਦਿੰਦੀ ਹੈ।
- ਗਰੀਬ ਦੀ ਜਵਾਨੀ, ਤੇ ਪੋਹ ਦੀ ਚਾਨਣੀ ਐਵੇਂ ਹੀ ਜਾਣ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਗਰੀਬ ਬੰਦਾ ਬੇਕਦਰੀ ਦਾ ਸ਼ਿਕਾਰ ਹੁੰਦਾ ਹੈ ਉਸ ਦੀ ਚੰਗੀ ਭਲੀ ਜਵਾਨੀ ਵੀ ਮਿੱਟੀ ਵਿੱਚ ਰੁਲ਼ ਕੇ ਰਹਿ ਜਾਂਦੀ ਹੈ।
- ਗਰੀਬ ਨੂੰ ਰੱਬ ਦੀ ਮਾਰ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਗਰੀਬਾਂ ਉੱਤੇ ਰੱਬ ਵੀ ਮੇਹਰ ਨਹੀਂ ਕਰਦਾ ਉਲਟਾ ਉਹਨਾਂ ਨੂੰ ਮਾਰਦਾ ਹੀ ਹੈ।
- ਗਰੀਬਾਂ ਦਾ ਰੱਬ ਮਰ ਤਾਂ ਨਹੀਂ ਗਿਆ। ਜਦੋਂ ਕਿਸੇ ਗਰੀਬ ਵਿਅਕਤੀ ਨਾਲ ਧੱਕਾ ਹੁੰਦਾ ਹੈ ਤਾਂ ਉਹ ਆਪਣੇ ਮਨ ਨੂੰ ਤਸੱਲੀ ਦੇਣ ਲਈ ਅਤੇ ਸਾਹਮਣੇ ਵਾਲੇ ਨੂੰ ਡਰਾਉਣ ਲਈ ਇਹ ਅਖਾਣ ਬੋਲਦਾ ਹੈ।
- ਗਰੀਬਾਂ ਨੂੰ, ਕੁੱਕੜ ਹੀ ਕੜ੍ਹੀ। ਇਹ ਅਖਾਣ ਹਾਸੇ ਠੱਠੇ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਬਹੁਤ ਵਧੀਆ ਪਦਾਰਥ ਖਾ ਰਿਹਾ ਹੋਵੇ ਪਰ ਟਾਂਚ ਕਰਕੇ ਕਹੇ ਕਿ ਇਹ ਤਾਂ ਮਾਮੂਲੀ ਜਿਹੀ ਚੀਜ਼ ਹੈ।
- ਗਰੀਬਾਂ ਨੂੰ, ਖੰਡ ਦਾ ਕੜਾਹ ਹੀ ਚੰਗਾ, ਨਾ ਲੰਘੂ ਤਾਂ ਘਿਓ ਦੇ ਘੁੱਟ ਨਾਲ ਲੰਘਾ ਲਵਾਂਗੇ। ਇਹ ਅਖਾਣ ਵੀ ਉਸੇ ਤਰ੍ਹਾਂ ਹਾਸੇ ਠੱਠੇ ਵਜੋਂ ਵਰਤਿਆ ਜਾਂਦਾ ਹੈ।
- ਗਰੀਬਾਂ ਰੱਖੇ ਰੋਜੜੇ, ਦਿਨ ਵੱਡੇ ਹੋਏ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਗਰੀਬ ਵਿਅਕਤੀ ਕੋਈ ਕੰਮ ਸ਼ੁਰੂ ਕਰੇ ਜਾਂ ਕੋਈ ਟੀਚਾ ਮਿਥੇ ਪਰ ਵੱਡੀਆਂ ਸਮੱਸਿਆਵਾਂ ਖੜੀਆਂ ਹੋ ਜਾਣ।
- ਗਰੀਬੀ, ਬੜੀ ਬੀਬੀ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਗਰੀਬੀ ਆਦਮੀ ਨੂੰ ਸਿਆਣਾ ਬਣਾ ਦਿੰਦੀ ਹੈ।
- ਗੱਲ ਹੋਈ ਪੁਰਾਣੀ, ਤੇ ਬੀਬੀ ਹੋਈ ਸਿਆਣੀ। ਜਦੋਂ ਕੋਈ ਵਿਅਕਤੀ ਆਪਣੀਆਂ ਭੈੜੀਆਂ ਕਰਤੂਤਾਂ ਕਰਕੇ ਸਮਾਜਿਕ ਪੱਧਰ ਉੱਤੇ ਆਪਣੀ ਇੱਜਤ ਗਵਾ ਲਵੇ ਪਰ ਬਾਅਦ ਵਿੱਚ, ਸਿਆਣਪਾਂ ਘੋਟਣ ਲੱਗ ਜਾਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਗੱਲ ਕਹਿੰਦੀ ਤੂੰ ਮੂੰਹੋਂ ਕੱਢ, ਮੈਂ ਤੈਨੂੰ ਪਿੰਡੋਂ ਕੱਢਵਾਉਨੀਂ ਆਂ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜੇਕਰ ਕੋਈ ਵੀ ਅਣਹੋਣੀ ਗੱਲ ਮੂੰਹੋਂ ਕੱਢੀਏ ਤਾਂ ਸਮਾਜ ਵਿੱਚ ਤੁਹਾਨੂੰ ਉਸ ਦਾ ਹਿਸਾਬ-ਕਿਤਾਬ ਦੇਣਾ ਪੈਂਦਾ ਹੈ।
- ਗੱਲ ਕਰਾਂ ਵੱਲ ਨਾਲ, ਨੱਕ ਵੱਢਾਂ ਗਲ ਨਾਲ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਸਿਆਣਪ ਨਾਲ ਕੀਤੀ ਹੋਈ ਗੱਲ ਵੱਡੀ ਤੋਂ ਵੱਡੀ ਤੋਹਮਤ ਦਾ ਵੀ ਮੋੜਵਾਂ ਜਵਾਬ ਦੇ ਸਕਦੀ ਹੈ।
- ਗਲ਼ ਗਲ਼ਾਵਾਂ ਤੇ ਪਈਆਂ ਬਲਾਵਾਂ। ਜਦੋਂ ਕੋਈ ਵਿਅਕਤੀ ਧੱਕੇ ਨਾਲ ਗਲਾਵੇਂ ਲੱਗ ਚੁੰਬੜ ਜਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
- ਗੱਲ ਜ਼ੁਬਾਨੋਂ, ਤੇ ਤਲਵਾਰ ਮਿਆਨੋਂ, ਕੱਢਣ ਲੱਗੇ 100 ਵਾਰ ਸੋਚੀਏ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਮੂੰਹ ਚੋਂ ਗੱਲ ਕੱਢਣ ਲੱਗਿਆਂ ਅਤੇ ਮਿਆਨ ਚੋਂ ਤਲਵਾਰ ਕੱਢਣ ਲੱਗਿਆਂ 100 ਵਾਰ ਸੋਚਣਾ ਚਾਹੀਦਾ ਹੈ।
- ਗਲ਼ ਪਿਆ ਢੋਲ ਵਜਾਉਣਾ ਹੀ ਪੈਂਦਾ। ਜਦੋਂ ਗਲ ਪਈਆਂ ਸਮੱਸਿਆਵਾਂ ਨੂੰ ਮਜਬੂਰਨ ਢੋਹਣਾ ਪਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
- ਗੱਲ ਲਾਵਾਂ ਗਿੱਟੇ, ਕੋਈ ਰੋਵੇ ਕੋਈ ਪਿੱਟੇ। ਇਹ ਅਖਾਣ ਹਾਸੇ ਠੱਠੇ ਦੌਰਾਨ ਬੋਲਿਆ ਜਾਂਦਾ ਹੈ। ਅਖਾਣ ਦਾ ਭਾਵ ਅਰਥ ਇਹ ਹੈ ਕਿ ਸਾਹਮਣੇ ਵਾਲਾ ਭਾਵੇਂ ਰੋਵੇ ਅਤੇ ਪਿੱਟੇ ਪਰ ਗੱਲ ਠੋਕ-ਵਜਾ ਕੇ ਉਸ ਦੇ ਗਿੱਟਿਆਂ ਤੇ ਮਾਰਨੀ ਚਾਹੀਦੀ ਹੈ।
- ਗਲਤੀ ਦਾ ਮੰਨਣਾ, ਚੰਨਣਾਂ ਵੇ ਚੰਨਣਾ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਗਲਤੀ ਮੰਨ ਲੈਣ ਵਾਲਾ ਮਨੁੱਖ ਵੱਡਾ ਹੁੰਦਾ ਹੈ।
- ਗੱਲਾਂ ਦਾ ਖੱਟਿਆ ਖਾਵੇ ਬੰਤੂ, ਕੰਮ ਨੂੰ ਹੱਥ ਨਾ ਲਾਵੇ ਬੰਤੂ। ਜਦੋਂ ਕੋਈ ਕੰਮ ਕਾਰ ਦੇ ਮਾਮਲੇ ਵਿੱਚ ਬਹੁਤ ਜਿਆਦਾ ਢਿੱਲਾ ਹੋਵੇ ਅਤੇ ਗੱਲਾਂ ਨਾਲ ਹੀ ਮਸਲੇ ਹੱਲ ਕਰਦਾ ਹੋਵੇ ਤਾਂ ਤਨਜ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। ਜਸਬੀਰ ਵਾਟਾਂਵਾਲੀਆ
- ਗੱਲਾਂ ਦਾ ਗਲਾਦੜੀ, ਤੇ ਬੁੱਸੀ ਦਾਲ ਸੁਆਦੜੀ। ਜਦੋਂ ਕੋਈ ਗੱਲਾਂ ਬਾਤਾਂ ਨਾਲ ਹੀ ਝੂਠ ਨੂੰ ਸੱਚ ਬਣਾਉਣ ਦੀ ਕੋਸ਼ਿਸ਼ ਕਰੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਜਸਬੀਰ ਵਾਟਾਂਵਾਲੀਆ
- ਗੱਲਾਂ ਦੀ ਗਾਲੜੀ, ਤੇ ਚਾਮਲ ਪਾਏ ਚਮਾਲੜੀ। ਜਦੋਂ ਕੋਈ ਵਧੇਰੇ ਗੱਲਾਂ ਕਰੇ ਅਤੇ ਖੱਪ ਪਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਜਸਬੀਰ ਵਾਟਾਂਵਾਲੀਆ
- ਗੱਲਾਂ ਦੀ ਪ੍ਰਧਾਨ, ਚਲਾਕੋ ਬਾਹਮਣੀ। ਜਦੋਂ ਕੋਈ ਵਿਅਕਤੀ ਗੱਲਾਂ ਬਾਤਾਂ ਅਤੇ ਚਲਾਕੀਆਂ ਨਾਲ ਆਪਣੀ ਚੌਧਰ ਸਿੱਧ ਕਰਨ ਦਾ ਯਤਨ ਕਰੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਗੱਲਾਂ ਦੇ ਗਲਾਦੜ ਤੇ ਟਕਿਆਂ ਦੇ ਮਣ। ਜਦੋਂ ਕੋਈ ਗਾਲੜੀ ਗੱਲਾਂ ਨਾਲ ਰਾਈ ਦਾ ਪਹਾੜ ਬਣਾਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਗੱਲਾਂ ਦੇ ਗਲੈਣ ਤੇ ਪੁੰਝੇ ਨਾ ਪੈਣ। ਜਦੋਂ ਕੋਈ ਗਾਲੜੀ ਗੱਲਾਂ ਨਾਲ ਹੀ ਅਸਮਾਨ ਥੱਲੇ ਲਾਹੁਣ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। ਜਸਬੀਰ ਵਾਟਾਂਵਾਲੀਆ
- ਗੱਲਾਂ ਦੇ ਗਲੋਟ ਤੇ ਬਾਬੇ ਦੀ ਓਟ। ਜਦੋਂ ਕੋਈ ਗੱਲੀ ਬਾਤੀ ਆਪਣੇ ਆਪ ਨੂੰ ਨਾਢੂ ਖਾਂ ਸਮਝੇ ਪਰ ਪੱਲੇ ਕੁਝ ਨਾ ਹੋਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। ਜਸਬੀਰ ਵਾਟਾਂਵਾਲੀਆ
- ਗੱਲੀਂ ਜੋਗੁ ਨ ਹੋਈ। ਇਹ ਅਖਾਣ ਗੁਰਬਾਣੀ ਦੀ ਪੰਕਤੀ ਹੈ ਗੁਰੂ ਸਾਹਿਬ ਫਰਮਾਨ ਕਰਦੇ ਹਨ ਕਿ ਗੱਲਾਂ ਨਾਲ ਪਰਮਾਤਮਾ ਨਾਲ ਮੇਲ ਨਹੀਂ ਹੋ ਸਕਦਾ।
- ਗੱਲੀਂ–ਬਾਤੀ ਮੈਂ ਵੱਡੀ, ਕਰਤੂਤੀਂ ਵੱਡੀ, ਜਿਠਾਣੀ। ਜਦੋਂ ਕੋਈ ਗੱਲੀ ਬਾਤੀਂ ਆਪਣੇ ਆਪ ਨੂੰ ਵੱਡਾ ਦਿਖਾਉਂਦਾ ਹੋਵੇ ਪਰ ਕੰਮਾਂ ਦੇ ਮਾਮਲੇ ਦੇ ਵਿੱਚ ਉਸਦੇ ਸੰਗੀ ਸਾਥੀ ਜਾਂ ਪਰਿਵਾਰਿਕ ਮੈਂਬਰ ਉਸ ਤੋਂ ਕਈ ਗੁਣਾ ਵੱਡੇ ਹੋਣ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਗੱਲੋਂ ਹਿਚਕਿਚਾਵੇ, ਪਰ ਲੜਨੋਂ ਨਾ ਸ਼ਰਮਾਵੇ। ਜਦੋਂ ਕੋਈ ਵਿਅਕਤੀ ਗੱਲਬਾਤ ਕਰਨ ਲੱਗਿਆਂ ਤਾਂ ਹਿਚਕਚਾਵੇ ਪਰ ਲੜਨ ਲੱਗਿਆਂ ਭੋਰਾ ਵੀ ਨਾ ਸ਼ਰਮਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
- ਗੱਲੋਂ ਗਲੈਣ, ਤੇ ਅੱਗੋਂ ਅਗੈਣ। ਜਦੋਂ ਕਿਸੇ ਦੀ ਉਂਝ ਤਾਂ ਕੋਈ ਇੱਜਤ ਨਾ ਹੋਵੇ ਪਰ ਗੱਲਾਂ ਨਾਲ ਅਸਮਾਨ ਥੱਲੇ ਲਾਹੁੰਦਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
- ਗੱਲੋ-ਗੱਲੀ ਵਾਟ ਨਬੇੜਾਂ। ਜਦੋਂ ਕੋਈ ਗੱਲਾਂ ਨਾਲ ਹੀ ਸਾਰਾ ਕੰਮ ਕਰ ਦਿਖਾਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਗੜਿਆਂ ਨੇ ਖੇਤ ਮਾਰ ਕੇ, ਆਪ ਕਿਹੜੀ ਮਾਂ ਕੋਲ ਜਾਣਾ? ਜਦੋਂ ਕੋਈ ਕਿਸੇ ਦਾ ਨੁਕਸਾਨ ਕਰ ਦੇਵੇ ਅਤੇ ਸਾਹਮਣੇ ਵਾਲਾ ਹੋਏ ਨੁਕਸਾਨ ਦਾ ਬਦਲਾ ਲੈਣ ਦੇ ਸਮਰੱਥ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
- ਗਾਂ ਚੋਈ ਕੁੱਜੜੇ, ਨਾ ਵੱਸੇ ਨਾ ਉਜੜੇ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਗਾਂ ਰੱਖਣ ਦਾ ਕੋਈ ਬਹੁਤਾ ਲਾਭ ਨਹੀਂ ਕਿਉਂਕਿ ਦੁੱਧ ਥੋੜ੍ਹਾ ਅਤੇ ਛੜਾਂ ਬਹੁਤੀਆਂ ਖਾਣੀਆਂ ਪੈਂਦੀਆ ਹਨ।
- ਗਾਉਣਾ ਜੋਟੀ ਦਾ, ਤੇ ਚੋਣਾ ਝੋਟੀ ਦਾ। ਇਸ ਅਖਾਣ ਦੇ ਭਾਵਅਰਥ ਅਨੁਸਾਰ ਗਾਉਣ ਵੇਲੇ ਜੇਕਰ 2 ਜਾਣੇ ਹੋਣ ਤਾਂ ਚੰਗਾ ਹੁੰਦਾ ਹੈ ਅਤੇ ਜੇਕਰ ਦੁਧਾਰੂ ਪਸ਼ੂ ਰੱਖਣੇ ਹੋਣ ਤਾਂ ਮੱਝਾਂ ਚੰਗੀਆਂ ਹੁੰਦੀਆਂ ਹਨ।
- ਗਾਈਂ, ਵੱਛਿਆਂ ਤਾਈਂ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਮਾਂ ਦਾ ਬੱਚਿਆ ਨਾਲ ਅਥਾਹ ਮੋਹ ਹੁੰਦਾ ਹੈ।
- ਗਿਆ ਊਠ, ਇੱਜੜ ਰਲ਼ੇ। ਅਰਥ ਬਾਕੀ ਹੈ।
- ਗਿਆਨੀ ਸੋਹੇ ਗਿਆਨ ਕਰ, ਮੂਰਖ ਸੋਹਿ ਚੁੱਪ ਕਰ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਗਿਆਨਵਾਨ ਵਿਅਕਤੀ ਗਿਆਨ ਵੰਡਦਾ ਸੋਭਦਾ ਹੈ ਅਤੇ ਮੂਰਖ ਵਿਅਕਤੀ ਚੁੱਪ ਕੀਤਾ ਸੋਭਦਾ ਹੈ।
- ਗਿੱਝੀ–ਗਿੱਝੀ ਲੂੰਬੜੀ, ਤੇ ਪੱਦਾਂ ਦਾ ਸਵਾਦ। ਇਹ ਅਖਾਣ ਹਾਸੇ-ਠੱਠੇ ਅਤੇ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਵਾਰ-ਵਾਰ ਨੁਕਸਾਨ ਕਰ ਰਿਹਾ ਅਤੇ ਇਕ ਸਮੇਂ ਉਸ ਨੂੰ ਮੂੰਹ ਦੀ ਖਾਣੀ ਪੈ ਜਾਵੇ।
- ਗਿਣਵੀਆਂ ਹੱਡੀਆਂ, ਤੇ ਮਿਣਵਾਂ ਸ਼ੋਰਵਾ। ਇਹ ਅਖਾਣ ਹਾਸੇ-ਠੱਠੇ ਅਤੇ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਮੀਟ ਥੋੜ੍ਹਾ ਹੋਵੇ ਅਤੇ ਤਰੀ ਬਹੁਤੀ ਹੋਵੇ।
- ਗਿੱਦੜ ਦਾਖ ਨਾ ਅੱਪੜੇ, ਆਖੇ ਥੂਹ ਕੌੜੀ। ਇਹ ਅਖਾਣ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ਵੀ ਦਰਜ ਹੈ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਦੋਂ ਕਿਸੇ ਵਿਅਕਤੀ ਦੀ ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਦੀ ਔਕਾਤ ਨਹੀਂ ਹੁੰਦੀ ਤਾਂ ਉਹ ਉਸ ਚੀਜ਼ ਨੂੰ ਮਾੜਾ ਕਹਿਣਾ ਸ਼ੁਰੂ ਕਰ ਦਿੰਦਾ ਹੈ। ਜਿਵੇਂ ਗਿੱਦੜ ਦਾਖਾਂ ਨੂੰ ਖਾਣ ਲਈ ਛਾਲਾਂ ਮਾਰਦਾ ਹੈ ਪਰ ਜਦੋਂ ਦਾਖਾਂ ਤੱਕ ਪਹੁੰਚਿਆ ਨਹੀਂ ਜਾਂਦਾ ਤਾਂ ਕਹਿੰਦਾ ਹੈ ਕਿ ਦਾਖਾਂ ਕੌੜੀਆਂ ਹਨ।
- ਗੁਜ਼ਰ ਗੋਰਖ ਵੇਚਕੇ, ਖਲ਼, ਸੂੜੀ ਖੱਟੇ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਕੀਮਤੀ ਚੀਜ਼ ਵੇਚ ਕੇ ਉਸਦੇ ਬਦਲੇ ਮਾਮੂਲੀ ਵੱਟ ਰਿਹਾ ਹੋਵੇ। ਉਵੇਂ ਹੀ ਜਿਵੇਂ ਇੱਕ ਗੁੱਜਰ ਦੁੱਧ ਵੇਚ ਕੇ ਖਲ, ਸੂੜ੍ਹੀ ਆਦਿ ਪਦਾਰਥ ਖਰੀਦਦਾ ਹੈ।
- ਗੁੱਜਰ ਦੇ ਵੱਡੇ ਭਰਾ ਨਾ ਹੋਈਏ, ਤੇ ਕਰਾੜ ਦੇ ਛੋਟੇ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਵੱਡੇ ਜਾਂ ਛੋਟੇ ਭਰਾ ਹੋਣ ਦਾ ਦੁੱਖ ਹੰਡਾਉਣਾ ਪੈਂਦਾ ਹੈ। ਇਸ ਅਖਾਣ ਦੇ ਅੱਖਰੀ ਅਰਥਾਂ ਅਨੁਸਾਰ ਜੇਕਰ ਗੁਜਰ ਸਮਾਜ ਵਿੱਚ ਪੈਦਾ ਹੋਇਆ ਵਿਅਕਤੀ ਘਰ ਵਿੱਚ ਵੱਡਾ ਹੋਵੇਗਾ ਤਾਂ ਉਸ ਨੂੰ ਬਹੁਤ ਜਿੰਮੇਵਾਰੀਆਂ ਨਿਭਾਉਣੀਆਂ ਪੈਣਗੀਆਂ ਅਤੇ ਜੇਕਰ ਕਰਾੜਾਂ ਦੇ ਘਰ ਛੋਟਾ ਹੋਵੇਗਾ ਤਾਂ ਉਹ ਵਪਾਰ ਦੇ ਵਿੱਚ ਵੱਡਾ ਰੁਤਬਾ ਹਾਸਲ ਨਹੀਂ ਕਰ ਸਕੇਗਾ।
- ਗੁਜਰਾਤ ਮਸ਼ਕਰੀ ਤੇ ਦੌਲਾ ਸ਼ਾਹ ਫਕੀਰ। ਜਦੋਂ ਕੋਈ ਵਿਅਕਤੀ ਗੁਮਰਾਹਕੁਨ ਫ਼ਰਜ਼ੀਵਾੜੇ ਵਾਲਾ ਪ੍ਰਬੰਧ ਚਲਾ ਰਿਹਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਇਸ ਅਖਾਣ ਦਾ ਇਤਿਹਾਸਿਕ ਪਿਛੋਕੜ ਹੈ ਜਿਸ ਅਨੁਸਾਰ ਪਾਕਿਸਤਾਨ ਗੁਜਰਾਤ ਦੇ ਇਲਾਕੇ ਵਿੱਚ ਦੌਲਾ ਸ਼ਾਹ ਫਕੀਰ ਦਾ ਡੇਰਾ ਸੀ। ਦੌਲਾ ਸ਼ਾਹ ਫਕੀਰ ਨੇ ਇਹ ਪ੍ਰਚਾਰ ਕੀਤਾ ਹੋਇਆ ਸੀ ਕਿ ਉਹ ਬਾਂਝ ਔਰਤਾਂ ਨੂੰ ਔਲਾਦ ਦੀ ਬਖਸ਼ਿਸ਼ ਕਰਦਾ ਹੈ। ਉਸ ਦੀ ਸ਼ਰਤ ਇਹ ਸੀ ਕਿ ਜਿਸ ਔਰਤ ਨੂੰ ਵੀ ਬੱਚਾ ਹੋਵੇਗਾ ਉਹ ਪਹਿਲਾ ਬੱਚਾ ਦੋਲੇ ਸ਼ਾਹ ਫਕੀਰ ਦੇ ਚੜਾਵੇਗੀ ਜੇਕਰ ਮਾਪੇ ਇਸ ਤਰ੍ਹਾਂ ਨਹੀਂ ਕਰਨਗੇ ਤਾਂ ਬੱਚੇ ਅਪੰਗ ਪੈਦਾ ਹੋਣਗੇ। ਕਿਹਾ ਜਾਂਦਾ ਹੈ ਕਿ ਇਸ ਜਗ੍ਹਾ ਉੱਤੇ ਬੱਚਿਆਂ ਦੇ ਸਿਰ ਉੱਤੇ ਲੋਹੇ ਦਾ ਟੋਪ ਚੜਾ ਦਿੱਤਾ ਜਾਂਦਾ ਸੀ ਅਤੇ ਉਹਨਾਂ ਨੂੰ ਜਬਰੀ ਅਪੰਗ ਬਣਾ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਇਸ ਜਗ੍ਹਾ ਉੱਤੇ ਵੱਡੀ ਗਿਣਤੀ ਵਿੱਚ ਅਪੰਗ ਬੱਚੇ ਇਕੱਠੇ ਹੋ ਗਏ।
- ਗੋਹੇ ਵਾਲੇ ਪਿੰਡਾਂ ਦਾ, ਗੁਹਾਰਿਆਂ ਤੋਂ ਪਤਾ ਲੱਗ ਜਾਂਦਾ। ਇਸ ਅਖਾਣ ਦੇ ਅਰਥ ਅਨੁਸਾਰ ਕਿਸੇ ਵੀ ਮਨੁੱਖ ਦੇ ਰੱਜੇ ਪੁੱਜੇ ਹੋਣ ਦਾ ਉਸ ਦੀਆਂ ਆਦਤਾਂ ਜਾਂ ਹੋਰ ਆਹਰਾਂ-ਪਾਹਰਾਂ ਤੋਂ ਪਤਾ ਲੱਗ ਜਾਂਦਾ ਹੈ।
- ਗੁੰਡੀ ਰੰਨ, ਕਪੱਤਾ ਗੁਆਂਡ ਨਾ ਮਰੇ ਨਾ ਮਗਰੋਂ ਲੱਥੇ। ਜਦੋਂ ਕਿਸੇ ਦੇ ਕੋਈ ਭੈੜੇ ਵਿਅਕਤੀ ਪੇਸ਼ ਪਏ ਹੋਣ ਤਾਂ ਅੱਕਿਆ ਬੰਦਾ ਇਹ ਅਖਾਣ ਬੋਲਦਾ ਹੈ।
- ਗੁਪਤ ਖੇਡ, ਨਾਥਾਂ ਦੇ ਚੇਲੇ। ਜਦੋਂ ਕੋਈ ਵਿਅਕਤੀ ਗੁਪਤ ਚਾਲਾਂ ਚੱਲੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਗੁਰ–ਗੁਰ ਵਿੱਦਿਆ, ਸਿਰ–ਸਿਰ ਮੱਤ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਹਰ ਮਨੁੱਖ ਕੋਲ ਵੱਖਰੇ ਗੁਣ ਅਤੇ ਗਿਆਨ ਦਾ ਭੰਡਾਰ ਹੁੰਦਾ ਹੈ ਅਤੇ ਹਰ ਮਨੁੱਖ ਦਾ ਇੱਕੋ ਜਿਹਾ ਦਿਮਾਗ ਅਤੇ ਬੁੱਧੀ ਨਹੀਂ ਹੁੰਦੀ।
- ਗੁਰੂ ਜਿੰਨਾ ਕਾ ਅੰਧਲਾ, ਚੇਲੇ ਨਾਹੀ ਠਾਓ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਿਨਾਂ ਦਾ ਗੁਰੂ ਅੰਨ੍ਹਾ ਅਤੇ ਪਾਖੰਡੀ ਹੋਵੇਗਾ ਉਸਦੇ ਚੇਲਿਆਂ ਨੂੰ ਕਿਤੇ ਵੀ ਢੋਈ ਨਹੀਂ ਮਿਲੇਗੀ।
- ਗੁਰੂ ਜਿਨ੍ਹਾਂ ਦੇ ਟਪਣੇ, ਚੇਲੇ ਜਾਣ ਛੜੱਪ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਿਹੜੇ ਗੁਰੂ ਖੁਦ ਕਰਾਮਾਤੀ ਹੁੰਦੇ ਹਨ ਉਹਨਾਂ ਦੇ ਚੇਲੇ ਉਹਨਾਂ ਤੋਂ ਵੀ ਵੱਡੇ ਕਰਾਮਾਤੀ ਹੋ ਗੁਜਰਦੇ ਹਨ। ਇਸ ਅਖਾਣ ਨੂੰ ਵਿਅੰਗ ਵਜੋਂ ਵੀ ਬੋਲਿਆ ਜਾਂਦਾ ਹੈ।
- ਗੁਰੂ ਬਿਨਾਂ ਗਤ ਨਹੀਂ, ਤੇ ਸ਼ਾਹ ਬਿਨਾ ਪੱਤ ਨਹੀਂ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਗੁਰੂ ਬਿਨਾ ਗਿਆਨ ਪਾਉਣਾ ਸੰਭਵ ਨਹੀਂ ਅਤੇ ਸ਼ਾਹ ਬਿਨਾਂ ਇੱਜਤ ਅਤੇ ਪੱਤ ਬਚਾਉਣਾ ਸੰਭਵ ਨਹੀਂ।
- ਗੁਲਾਬਾਂ ਨਾਲ ਕੰਡੇ ਵੀ ਹੁੰਦੇ ਆ। ਜਦੋਂ ਦੱਸਣਾ ਹੋਵੇ ਕਿ ਸੋਹਣੇ ਬੰਦਿਆਂ ਵਿੱਚ ਔਗੁਣ ਵੀ ਹੁੰਦੇ ਹਨ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
- ਗੁਲਾਮਾਂ ਦੀ ਦੋਸਤੀ ਕੱਖਾਂ ਦੇ ਭਾਅ। ਜਦੋਂ ਦੱਸਣਾ ਹੋਵੇ ਕਿ ਮਾੜੇ ਅਤੇ ਗੁਲਾਮ ਵਿਅਕਤੀ ਦੀ ਦੋਸਤੀ ਦਾ ਕੋਈ ਮੁੱਲ ਨਹੀਂ ਹੁੰਦਾ ਤਾਂ ਇਹ ਖਾਣ ਬੋਲਿਆ ਜਾਂਦਾ ਹੈ।
- ਗੁੱਲੀ, ਕੁੱਲੀ, ਜੁੱਲੀ, ਸਾਰੀ ਖ਼ਲਕਤ ਭੁੱਲੀ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਰੋਟੀ, ਕੱਪੜਾ ਅਤੇ ਮਕਾਨ ਵਰਗੀਆਂ ਮਜਬੂਰੀਆਂ ਨੇ ਸਮੁੱਚੀ ਖਲਕਤ ਨੂੰ ਉਲਝਾ ਰੱਖਿਆ ਹੈ।
- ਗੁੜ ਹੋਊ ਤਾਂ ਮੱਖੀਆਂ ਆਉਣਗੀਆਂ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਬੇਸ਼ਕੀਮਤੀ ਚੀਜ਼ਾਂ ਦੇ ਦੁਆਲੇ ਉਹਨਾਂ ਚੀਜ਼ਾਂ ਨੂੰ ਪ੍ਰਾਪਤ ਕਰਨ ਵਾਲਿਆਂ ਜਾਂ ਖਾ ਜਾਣ ਵਾਲਿਆਂ ਦੀ ਭੀੜ ਇਕੱਠੀ ਹੋਣੀ ਸੁਭਾਵਿਕ ਹੁੰਦੀ ਹੈ।
- ਗੁੜ ਗਿੱਝੀ ਰੰਨ ਵਿਗੋਏ, ਛੱਲੀ, ਪੂਣੀ, ਹੱਟੀ ਢੋਏ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਿਸ ਮਨੁੱਖ ਨੂੰ ਜੀਭ ਦਾ ਸਵਾਦ ਜਾਂ ਹੋਰ ਚਟਕਾਰੇ ਲਾਉਣ ਦਾ ਲਾਲਚ ਪੈ ਜਾਂਦਾ ਹੈ ਉਹ ਘਰ ਗਵਾਉਣ ਤੋਂ ਵੀ ਗਰੇਜ ਨਹੀਂ ਕਰਦਾ। ਅਖਾਣ ਦੇ ਅੱਖਰੀ ਅਰਥਾਂ ਅਨੁਸਾਰ ਗੁੜ ਖਾਣ ਦੀ ਸ਼ੌਕੀਨ ਰੰਨ, ਛਲੀਆਂ ਅਤੇ ਪੂਣੀਆਂ ਵੀ ਹੱਟੀ ਤੇ ਵੇਚਣ ਤੋਂ ਗੁਰੇਜ਼ ਨਹੀਂ ਕਰਦੀ।
- ਗੁੜ ਭਾਵੇਂ ਆਪਣਾ ਹੀ ਹੋਵੇ, ਪਰ ਖਾਈਏ ਸ਼ਰੀਕੇ ਤਾਂ ਚੋਰੀ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਸਾਨੂੰ ਕੋਈ ਵੀ ਕੰਮ ਦੁਨੀਆਂ ਤੋਂ ਉਹਲਾ ਰੱਖ ਕੇ ਕਰਨਾ ਚਾਹੀਦਾ ਹੈ ਕਿਉਂਕਿ ਉਸ ਕੰਮ ਨੂੰ ਦੇਖ ਕੇ ਸੜਨ ਵਾਲੇ ਜਾਂ ਉਸ ਨੂੰ ਖਰਾਬ ਕਰਨ ਵਾਲੇ ਲੋਕਾਂ ਦਾ ਕੋਈ ਭਰੋਸਾ ਨਹੀਂ ਹੁੰਦਾ। ਫਿਰ ਉਹ ਲੋਕ ਭਾਵੇਂ ਆਪਣੇ ਹੀ ਕਿਉਂ ਨਾ ਹੋਣ।
- ਗੁੜੀਂ ਮੂੰਹ ਮਿੱਠੇ, ਤੇ ਨਿੰਮੀਂ ਕੌੜੇ। ਇਸ ਅਖਾਣ ਦੇ ਅਰਥ ਅਨੁਸਾਰ ਮਿੱਠੇ ਬੋਲਾਂ ਜਾਂ ਕੰਮਾਂ ਦਾ ਅਸਰ ਵੀ ਮਿੱਠਾ ਹੀ ਹੁੰਦਾ ਹੈ ਅਤੇ ਕੌੜੇ ਬੋਲਾਂ ਅਤੇ ਕੰਮਾਂ ਦਾ ਅਸਰ ਵੀ ਕੌੜਾ ਹੀ ਹੁੰਦਾ ਹੈ।
- ਗੂੰਹ ਖਾਧਾ ਲੱਸੀ ਪੀਤੀ, ਤੇ ਵਾੜ ਰਹੀ ਅਣ–ਕੀਤੀ। ਜਦੋਂ ਕੋਈ ਵਿਅਕਤੀ ਇੱਜਤ ਮਾਣ ਅਤੇ ਜੋਰਦਾਰ ਤਾਕੀਦ ਕਰਨ ਦੇ ਬਾਵਜੂਦ ਕੋਈ ਕੰਮ ਨਾ ਕਰੇ ਪਰ ਫਿਰ ਉਹੀ ਕੰਮ ਉਹ ਬੇਇਜਤੀ ਕਰਵਾ ਕੇ ਕਰੇ ਤਾਂ ਵਿਅੰਗ ਵਜੋ ਇਹ ਅਖਾਣ ਬੋਲਿਆ ਜਾਂਦਾ ਹੈ।
- ਗੂੰਹ ਖਾਧਿਆਂ ਕਾਲ਼ ਹੀ ਨਿਕਲਦਾ। ਜਦੋਂ ਦੱਸਣਾ ਹੋਵੇ ਕਿ ਬੇਈਮਾਨੀ ਜਾਂ ਠੱਗੀ ਠੋਰੀ ਨਾਲ ਕਮਾਏ ਹੋਏ ਧਨ ਨਾਲ ਪੂਰੀ ਨਹੀਂ ਪੈਂਦੀ ਅਤੇ ਨਾ ਹੀ ਸਬਰ ਆਉਂਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
- ਗੂੰਹ ਨਹੀਂ, ਨਾਨੀ ਦਾ ਹੱਗਿਆ। ਜਦੋਂ ਕੋਈ ਵਿਅਕਤੀ ਸਾਹਮਣੇ ਵਾਲੇ ਨੂੰ ਮੂਰਖ ਬਣਾਉਣ ਦੇ ਮਕਸਦ ਨਾਲ ਕਿਸੇ ਖਾਸ ਗੱਲ ਨੂੰ ਘਮਾਉਣ ਦਾ ਯਤਨ ਕਰ ਰਿਹਾ ਹੋਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਗੂੰਗੀ ਪੇਕੇ ਗਈ, ਨਾ ਗਈ, ਇੱਕੋ ਗੱਲ। ਜਦੋਂ ਕਿਸੇ ਵਿਅਕਤੀ ਦੇ ਆਉਣ-ਜਾਣ ਅਤੇ ਹੋਣ ਜਾਂ ਨਾ ਹੋਣ ਨਾਲ ਕੋਈ ਫਰਕ ਨਾ ਪੈਂਦਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
- ਗੂੰਗੇ ਊਠ ਦਾ ਕੀ ਭਰੋਸਾ, ਕਦੋਂ ਚੱਕ ਮਾਰ ਲਵੇ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਅੜਬ ਅਤੇ ਮੂਰਖ ਵਿਅਕਤੀ ਦਾ ਕੋਈ ਭਰੋਸਾ ਨਹੀਂ ਹੁੰਦਾ ਉਹ ਕਦੋਂ ਨੁਕਸਾਨ ਕਰ ਦੇਵੇ।
- ਗੂੰਗੇ ਹੱਥ ਸੁਨੇਹਾ, ਘੱਲ ਭਾਵੇਂ ਨਾ ਘੱਲ। ਇਹ ਅਖਾਣ ਗੂੰਗੇ ਜਾਂ ਘੱਟ ਬੋਲਣ ਵਾਲੇ ਵਿਅਕਤੀ ਉੱਤੇ ਵਿਅੰਗ ਕਸਣ ਵਜੋਂ ਬੋਲਿਆ ਜਾਂਦਾ ਹੈ।
- ਗੂੰਗੇ ਦੀਆਂ ਰਮਜ਼ਾਂ ਜਾਂ ਗੂੰਗਾ ਜਾਣੇ ਜਾਂ ਗੂੰਗੇ ਦੀ ਮਾਂ। ਜਦੋਂ ਕਿਸੇ ਲੋਲ੍ਹੇ ਵਿਅਕਤੀ ਦੀ ਹੋਰ ਸਾਰੇ ਲੋਕਾਂ ਨੂੰ ਸਮਝ ਨਾ ਆਉਂਦੀ ਹੋਵੇ ਅਤੇ ਉਸ ਵਿਅਕਤੀ ਦੀ ਕਿਸੇ ਇਕ ਬੰਦੇ ਨੂੰ ਹੀ ਸਮਝ ਆਉਂਦੀ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
- ਗੋਸ਼ਤ ਸੜਿਆ ਵੀ ਦਾਲ ਨਾਲ ਚੰਗਾ। ਜਦੋਂ ਗੋਸ਼ਤ ਅਤੇ ਦਾਲ ਦਾ ਮੁਕਾਬਲਾ ਕਰਨਾ ਹੋਵੇ ਜਾਂ ਚੰਗੀ ਅਤੇ ਮਾੜੀ ਚੀਜ਼ ਦਾ ਮੁਕਾਬਲਾ ਕਰਨਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
- ਗੋਡਾ ਚਾਇਆ, ਤੇ ਸਿੱਖ ਮਿਟਾਇਆ। ਅਰਥ ਬਾਕੀ ਹੈ।
- ਗੋਦੀ ਬਾਲ, ਢੰਡੋਰਾ ਜਗ। ਜਦੋਂ ਕੋਈ ਵਿਅਕਤੀ ਗਵਾਚੀ ਚੀਜ਼ ਨੂੰ ਬਾਹਰ ਲੱਭਦਾ ਫਿਰੇ ਪਰ ਚੀਜ਼ ਉਸ ਦੇ ਕੋਲ ਜਾਂ ਉਸਦੀ ਗੋਦ ਵਿੱਚ ਹੀ ਪਈ ਹੋਵੇ ਤਾਂ ਵਿਅੰਗ ਵਜੋਂ ਇਹ ਅੱਖਾਂ ਬੋਲਿਆ ਜਾਂਦਾ ਹੈ।
- ਗੋਰਾ ਸਲਾਹੀਏ, ਕਿ ਬੱਗਾ, ਅਖੇ ਹਰਦੂ ਲਾਹਣਤ। ਜਦੋਂ ਦੋਵੇਂ ਧਿਰਾਂ ਇਕ ਤੋਂ ਵੱਧ ਨਿਕੰਮੀਆਂ ਤਾਂ ਤਾਹਨਾ ਮਾਰਨ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਗੋਰੀ ਦਾ ਮਾਸ, ਚੂੰਡੀਆਂ ਜੋਗਾ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਸੋਹਣੀ ਸੁਨੱਖੀ ਅਤੇ ਗੋਰੀ ਔਰਤ ਨੂੰ ਉਮਰ ਭਰ ਛੇੜ ਛਾੜ ਝੱਲਣੀ ਪੈਂਦੀ ਹੈ।
- ਗੋਲਾ ਥੀਣਾ, ਤੇ ਅੱਧਾ ਜੀਣਾ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਗੁਲਾਮ ਦੀ ਕੋਈ ਜ਼ਿੰਦਗੀ ਨਹੀਂ ਹੁੰਦੀ ਅਤੇ ਗੁਲਾਮ ਹੋ ਕੇ ਜਿਉਣਾ ਅੱਧੀ ਜਿੰਦਗੀ ਘਟਾ ਲੈਣ ਦੇ ਬਰਾਬਰ ਹੁੰਦਾ ਹੈ।
- ਗੋਲ਼ੀ ਅੰਦਰ, ਤੇ ਦਮ ਬਾਹਰ। ਇਹ ਅਖਾਣ ਦਵਾਈ ਬੂਟੀ ਦੇ ਪ੍ਰਤੀ ਟਿੱਚਰ ਕਰਨ ਵਜੋਂ ਜਾਂ ਇਹ ਅਖਾਣ ਹਾਸੇ ਠੱਠੇ ਦੌਰਾਨ ਵੀ ਵਰਤਿਆ ਜਾਂਦਾ ਹੈ।
- ਗੋਲੀ ਕੀਹਦੀ? ਤੇ ਗਹਿਣੇ ਕੀਹਦੇ? ਜਦੋਂ ਕੋਈ ਵਿਅਕਤੀ ਕਿਸੇ ਦੀ ਅਧੀਨਗੀ ਲਈ ਮਜਬੂਰ ਹੋਵੇ ਅਤੇ ਉਸ ਨੂੰ ਹਰ ਹਾਲ ਉਸ ਦਾ ਕਹਿਣਾ ਮੰਨਣਾ ਪਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ ।
- ਗੋਲ਼ੀ ਨਾਲੋਂ, ਬੋਲੀ ਬੁਰੀ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਮੇਹਣੇ ਅਤੇ ਬੋਲੀ ਦਾ ਅਸਰ ਗੋਲ਼ੀ ਨਾਲੋਂ ਵੀ ਜਿਆਦਾ ਹੁੰਦਾ ਹੈ।
- ਗੋਲੇ ਬਣ–ਬਣ ਕਮਾਈਏ, ਤੇ ਵਿਹਲੇ ਹੋ–ਹੋ ਖਾਈਏ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਦੋਂ ਕੰਮ ਦਾ ਵੇਲ਼ਾ ਹੋਵੇ ਤਾਂ ਗੁਲਾਮਾਂ ਵਾਂਗ ਮਿਹਨਤ ਕਰਨੀ ਚਾਹੀਦੀ ਹੈ ਅਤੇ ਫਿਰ ਵਿਹਲੇ ਹੋ ਕੇ ਐਸ਼-ਆਰਾਮ ਦੀ ਜ਼ਿੰਦਗੀ ਨਸੀਬ ਹੁੰਦੀ ਹੈ।
- ਗੌਂ ਕੱਢ ਘੁਮਿਆਰੀਏ, ਤੇ ਥੱਥੂਆ ਮੂਧਾ ਮਾਰੀਏ। ਜਦੋਂ ਕੋਈ ਵਿਅਕਤੀ ਆਪਣਾ ਮਤਲਬ ਕੱਢ ਕੇ ਮੂੰਹ ਘੁਮਾ ਲਵੇ ਤਾਂ ਵਿੰਅਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। ਅਖਾਣ ਦੇ ਅੱਖਰੀ ਅਰਥਾਂ ਅਨੁਸਾਰ ਜਦੋਂ ਘੁਮਿਆਰੀ ਦਾ ਭਾਂਡਾ ਤਿਆਰ ਹੋ ਜਾਂਦਾ ਹੈ ਤਾਂ ਉਹ ਥੱਥੂਏ ਨੂੰ ਮੁੱਧਾ ਮਾਰ ਦਿੰਦੀ ਹੈ।
- ਗੌਂ ਨਿਕਲਿਆ, ਅੱਖਾਂ ਬਦਲੀਆਂ। ਜਦੋਂ ਕੋਈ ਵਿਅਕਤੀ ਮਤਲਬ ਕੱਢ ਕੇ ਅੱਖਾਂ ਫੇਰ ਲਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
- ਗੌਂ ਭੁਨਾਵੇ ਜੌਂ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਦੋਂ ਕਿਸੇ ਵਿਅਕਤੀ ਨੂੰ ਤੁਹਾਡੇ ਤੱਕ ਮਤਲਬ ਹੋਵੇ ਤਾਂ ਉਹ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦਾ ਹੈ। ਅਖਾਣ ਦੇ ਅੱਖਰੀ ਅਰਥਾਂ ਅਨੁਸਾਰ ਮਤਲਬ ਦੇ ਸਮੇਂ ਕਿਸੇ ਨੂੰ ਜੌਂ ਭੁੰਨਣ ਲਈ ਕਿਹਾ ਜਾਵੇ ਤਾਂ ਉਹ ਵੀ ਭੁੰਨ ਦੇਵੇਗਾ।
‘ਘ’ ਅੱਖਰ ਵਾਲੇ ਅਖਾਣ
ਇਸ ਚੈਪਟਰ ਵਿੱਚ ਤੁਸੀਂ ‘ਘ’ ਅੱਖਰ ਤੋਂ ਸ਼ੁਰੂ ਹੋਣ ਵਾਲੇ ਸਾਰੇ ਪੰਜਾਬੀ ਅਖਾਣਾਂ ਦੇ ਅਰਥ ਅਤੇ ਉਨ੍ਹਾਂ ਦੀ ਵਰਤੋਂ ਸਬੰਧੀ ਪੜ੍ਹੋਗੇ।
- ਘੱਗਰੀ ਦਾ ਸਾਕ ਅੱਗੇ, ਤੇ ਪੱਗੜੀ ਦਾ ਸਾਕ ਪਿੱਛੇ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਔਰਤਾਂ ਹਮੇਸ਼ਾ ਆਪਣੇ ਪੇਕਿਆਂ ਵਾਲੇ ਪਾਸੇ ਦੇ ਸਕੇ-ਸਬੰਧੀਆਂ ਨੂੰ ਅੱਗੇ ਰੱਖਦੀਆਂ ਹਨ ਅਤੇ ਸਹੁਰਿਆਂ ਵਾਲੇ ਪਾਸੇ ਦੇ ਸਕੇ ਸਬੰਧੀਆਂ ਨੂੰ ਪਿੱਛੇ ਪਿੱਛੇ ਰੱਖਦੀਆਂ ਹਨ। ਇਸ ਅਖਾਣ ਨੂੰ ਹਾਸੇ-ਠੱਠੇ ਅਤੇ ਵਿਅੰਗ ਵਜੋਂ ਵੀ ਬੋਲਿਆ ਜਾਂਦਾ ਹੈ।
- ਘੰਟ ਬਣਾਇਆ ਚੂਹਿਆਂ, ਗਲ਼ ਪਾਵੇ ਕਿਹੜਾ? ਜਦੋਂ ਤਕੜੇ ਅਤੇ ਜ਼ੋਰਾਵਰ ਨੂੰ ਕਾਬੂ ਕਰਨ ਦੀਆਂ ਸਕੀਮਾਂ ਤਾਂ ਸਾਰੇ ਬਣਾਉਣ ਪਰ ਕਾਬੂ ਕਰਨ ਦਾ ਹੌਸਲਾ ਕੋਈ ਨਾ ਕਰ ਸਕੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਘੁਮਿਆਰ ਹੋਵੇ ਤਾਂ ਘਾਹ ਹੋਵੇ, ਜਿਸ ਵੱਲ ਪਿੰਡ ਹੋਵੇ ਉਸ ਵੱਲ ਰਾਹ ਹੋਵੇ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਪਿੰਡ ਅਤੇ ਭਾਈਚਾਰੇ ਦੇ ਹੀ ਮਗਰ ਚੱਲਣਾ ਪੈਂਦਾ ਹੈ।
- ਘਰ ’ਚੋਂ ਸੜਿਆ ਵਣ ਗਿਆ, ਤੇ ਵਣਾਂ ਨੂੰ ਅੱਗੋਂ ਅੱਗ। ਜਦੋਂ ਕੋਈ ਵਿਅਕਤੀ ਮੁਸੀਬਤ ਤੋਂ ਡਰਦਾ ਕਿਤੇ ਹੋਰ ਜਾ ਕੇ ਪਨਾਹ ਲਵੇ ਪਰ ਉਥੇ ਜਾ ਕੇ ਪਹਿਲਾਂ ਨਾਲੋਂ ਵੀ ਵੱਧ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇ ਤਾਂ ਵਿਅੰਗ ਵਜੋ ਇਹ ਅਖਾਣ ਬੋਲਿਆ ਜਾਂਦਾ ਹੈ।
- ਘਰ ਆਇਆ ਅੰਮਾਂ ਜਾਇਆ, ਬਾਹਰ ਫਿਰੇ ਸੋ ਲੋਕ ਪਰਾਇਆ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਿਹੜਾ ਵਿਅਕਤੀ ਘਰ ਚੱਲ ਕੇ ਆ ਜਾਵੇ ਉਸ ਨਾਲ ਸਕੇ ਭੈਣ ਭਾਈਆਂ ਵਾਲਾ ਵਿਹਾਰ ਕਰਨਾ ਚਾਹੀਦਾ ਹੈ ਅਤੇ ਜਿਹੜਾ ਵਿਅਕਤੀ ਦੂਰੀ ਬਣਾ ਕੇ ਰੱਖਦਾ ਹੈ ਉਸ ਨਾਲ ਉਪਰਿਆਂ ਵਾਲਾ ਵਿਹਾਰ ਕਰਨਾ ਚਾਹੀਦਾ ਹੈ।
- ਘਰ ਆਏ ਪ੍ਰਾਹੁਣੇ, ਤੇ ਬੀਬੀ ਗਈ ਗੜੌਂਦੇ ਖਾਣ। ਜਦੋਂ ਕਿਸੇ ਖਾਸ ਮੌਕੇ ਉੱਤੇ ਕੋਈ ਵਿਅਕਤੀ ਗੈਰ ਹਾਜ਼ਰ ਹੋ ਜਾਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਘਰ ਆਪਣਾ ਰੱਖੀਏ, ਤੇ ਚੋਰ ਨਾ ਕਿਸੇ ਨੂੰ ਦੱਸੀਏ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਕਿਸੇ ਨੂੰ ਚੋਰ ਕਹਿਣ ਤੋਂ ਪਹਿਲਾਂ ਸਾਨੂੰ ਆਪਣੇ ਮਾਲ ਧਨ ਦਾ ਖੁਦ ਖਿਆਲ ਰੱਖਣਾ ਚਾਹੀਦਾ ਹੈ।
- ਘਰ ਸਹੇ ਸੋ ਦਾਨ, ਸਰੀਰ ਸਹੇ, ਸੋ ਇਸ਼ਨਾਨ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਸਮਰੱਥਾ ਅਨੁਸਾਰ ਹੀ ਦਾਨ ਕੀਤਾ ਜਾ ਸਕਦਾ ਹੈ ਅਤੇ ਸਰੀਰਕ ਤੰਦਰੁਸਤੀ ਮੁਤਾਬਕ ਹੀ ਇਸ਼ਨਾਨ ਕੀਤਾ ਜਾ ਸਕਦਾ ਹੈ।
- ਘਰ ਸਭ ਤੋਂ ਉੱਤਮ, ਭਾਵੇਂ ਪੂਰਬ ਭਾਵੇਂ ਪੱਛਮ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਘਰ ਵਰਗਾ ਆਸਰਾ ਕਿਸੇ ਚੀਜ਼ ਦਾ ਨਹੀਂ ਹੁੰਦਾ। ਉਸ ਘਰ ਦਾ ਮੂੰਹ ਭਾਵੇਂ ਪੂਰਬ ਵੱਲ ਹੋਵੇ ਤੇ ਭਾਵੇਂ ਪੱਛਮ ਵੱਲ, ਇਸ ਨਾਲ ਕੋਈ ਫਰਕ ਨਹੀਂ ਪੈਂਦਾ।
- ਘਰ ਸ਼ਾਹ, ਤਾਂ ਬਾਹਰ ਵੀ ਸ਼ਾਹ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਿਸ ਵਿਅਕਤੀ ਦੀ ਘਰ ਵਿੱਚ ਵੁਕਤ ਹੈ ਉਸ ਦੀ ਬਾਹਰ ਵੀ ਵਕਤ ਹੁੰਦੀ ਹੈ।
- ਘਰ ਹੋਵੇ ਵੱਸਣ ਨੂੰ, ਤੇ ਮਰਦ ਹੋਵੇ ਹੱਸਣ ਨੂੰ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਔਰਤ ਨੂੰ ਇਹ ਦੋ ਚੀਜ਼ਾਂ ਜਰੂਰ ਚਾਹੀਦੀਆਂ ਹਨ ਇੱਕ ਤਾਂ ਵਸਣ ਲਈ ਸੋਹਣਾ ਜਿਹਾ ਘਰ ਹੋਵੇ ਅਤੇ ਹੱਸਣ ਖੇਡਣ ਲਈ ਮਰਦ ਦਾ ਸਾਥ ਹੋਵੇ।
- ਘਰ ਕਲਾ ਕਲੰਦਰ ਵੱਸੇ, ਤੇ ਘੜਿਓਂ ਪਾਣੀ ਨੱਸੇ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਘਰ ਵਿੱਚ ਕਲੇਸ਼ ਬਹੁਤ ਮਾੜਾ ਹੁੰਦਾ ਹੈ ਇਸ ਨਾਲ ਘਰ ਦੇ ਵਿੱਚੋਂ ਸਾਰੀ ਸੁਖ ਸ਼ਾਂਤੀ ਅਤੇ ਧਨ ਦੌਲਤ ਵੀ ਉੱਡ ਪੁੱਡ ਜਾਂਦੀ ਹੈ।
- ਘਰ ਕੁਝ ਖਾਣ ਨੂੰ ਨਹੀਂ, ਤੇ ਮਾਂ ਪਰੀਹਣੀ। ਜਦੋਂ ਕਿਸੇ ਵਿਅਕਤੀ ਦੇ ਖੁਦ ਦੇ ਹਾਲਾਤ ਤਾਂ ਚੰਗੇ ਨਾ ਹੋਣ ਪਰ ਉਹ ਦੂਜਿਆਂ ਲਈ ਲਈ ਦਾਨੀ ਹੋਣ ਦਾ ਦਿਖਾਵਾ ਕਰੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਘਰ ਕੋਠਾ ਤੇ ਮਾਲ ਊਠਾ, ਪੁੱਤਰ ਜੇਠਾ, ਤੇ ਫ਼ਲ ਪੇਠਾ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਘਰ ਮਕਾਨ ਬਣਿਆ ਚੰਗਾ ਹੁੰਦਾ ਹੈ, ਊਠ ਰੱਖਣਾ ਲਾਹੇਵੰਦ ਹੁੰਦਾ ਹੈ, ਪੁੱਤ ਜੇਠਾ ਚੰਗਾ ਹੁੰਦਾ ਹੈ ਅਤੇ ਫਲਾਂ ਵਿਚੋਂ ਫਲ਼ ਪੇਠੇ ਦਾ ਚੰਗਾ ਹੁੰਦਾ ਹੈ।
- ਘਰ ਖੱਫ਼ਣ ਨਹੀਂ, ਤੇ ਰੀਝਾਂ ਮਰਨ ਦੀਆਂ। ਜਦੋਂ ਕਿਸੇ ਵਿਅਕਤੀ ਦੇ ਆਰਥਿਕ ਹਾਲਾਤ ਚੰਗੇ ਨਾ ਹੁਣ ਪਰ ਉਹ ਰੀਝ ਉੱਚੀਆਂ ਰੱਖੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਘਰ ਖੀਰ ਤਾਂ ਬਾਹਰ ਵੀ ਖੀਰਾਂ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਿਸ ਵਿਅਕਤੀ ਦੀ ਘਰ ਵਿਚ ਆਓ ਭਗਤ ਅਤੇ ਪੁੱਛ ਪਰਤੀਤ ਹੁੰਦੀ ਹੈ ਉਸ ਦੀ ਬਾਹਰ ਵੀ ਇੱਜਤ ਹੁੰਦੀ ਹੈ।
- ਘਰ ਚੂਹੇ ਨਹੀਂ ਮੰਨਦੇ, ਤੇ ਬਾਹਰ ਖੜਪੈਂਚ। ਜਦੋਂ ਕਿਸੇ ਵਿਅਕਤੀ ਦੀ ਘਰ ਵਿਚ ਭੋਰਾ ਵੀ ਨਾ ਚੱਲਦੀ ਹੋਵੇ ਪਰ ਬਾਹਰ ਲੋਕਾਂ ਵਿਚ ਜਾ ਕੇ ਉਹ ਚੌਧਰੀ ਬਣਨ ਦਾ ਯਤਨ ਕਰੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਘਰ ਦਾ ਕੰਮ ਤੇ ਟੁੱਟ ਮੋਈ ਰੰਨ। ਇਹ ਅਖਾਣ ਉਸ ਔਰਤ ’ਤੇ ਵਿਅੰਗ ਕਰਨ ਵਜੋਂ ਬੋਲਿਆ ਜਾਂਦਾ ਹੈ, ਜੋ ਘਰ ਦਾ ਕੰਮ ਕਰਦਿਆਂ ਹੀ ਥੱਕ ਜਾਂਦੀ ਹੋਵੇ।
- ਘਰ ਦਾ ਜਾਣ ਤੇ ਜੱਗ ਦੀ ਸੋਭਾ। ਜਦੋਂ ਵਿਅਕਤੀ ਆਪਣਾ ਘਰ ਗਵਾ ਕੇ ਬਾਹਰ ਵਾਹਵਾਈ ਖੱਟ ਰਿਹਾ ਹੋਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਘਰ ਦਾ ਜਾਣ, ਜੱਗ ਦੀ ਮਸ਼ਕਰੀ। ਜਦੋਂ ਕਿਸੇ ਘਰ ਦਾ ਵੱਡਾ ਨੁਕਸਾਨ ਹੁੰਦਾ ਦੇਖ ਦੁਨੀਆ ਹੱਸਦੀ ਦਿਸੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
- ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਘਰ ਜਾਂ ਆਪਣੇ ਇਲਾਕੇ ਦਾ ਕੋਈ ਵਿਅਕਤੀ ਕਿੰਨਾ ਵੀ ਵਿਦਵਾਨ ਅਤੇ ਸਿਆਣਾ ਕਿਉਂ ਨਾ ਹੋਵੇ ਉਸ ਨੂੰ ਵਿਦਵਾਨ ਨਹੀਂ ਮੰਨਿਆ ਜਾਂਦਾ। ਇਸ ਦੇ ਉੱਲਟ ਬਾਹਰ ਵਾਲੇ ਵਿਅਕਤੀ ਨੂੰ ਵੱਡਾ ਵਿਦਵਾਨ ਮੰਨ ਲਿਆ ਜਾਂਦਾ ਹੈ ਭਾਵੇ ਕਿ ਉਹ ਪਹੁੰਚਿਆ ਹੋਇਆ ਵਿਦਵਾਨ ਨਾ ਵੀ ਹੋਵੇ।
- ਘਰ ਦਾ ਦੀਵਾ ਬਾਲ ਕੇ ਹੀ ਮਸੀਤਾਂ ਵਿੱਚ ਚਾਨਣ ਹੁੰਦਾ ਏ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਆਪਣੇ ਅੰਦਰ ਨੂੰ ਰੁਸ਼ਨਾਅ ਕੇ ਹੀ ਦੁਨੀਆ ਨੂੰ ਚਾਨਣ ਵੰਡਿਆ ਜਾ ਸਕਦਾ ਹੈ।
- ਘਰ ਦਾ ਨਹੀਂ ਖਾਣਕਾ, ਤੇ ਕੁੱਤੇ ਦਾ ਨਾਂ ਮਾਣਕਾ। ਜਦੋਂ ਕਿਸੇ ਵਿਅਕਤੀ ਦੇ ਘਰ ਤਾਂ ਭੰਗ ਭੁੱਜਦੀ ਹੋਵੇ ਪਰ ਬਾਹਰ ਉਹ ਵਿਅਕਤੀ ਵੱਡਾ ਹੋਣ ਦਾ ਵਿਖਾਵਾ ਕਰੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਘਰ ਦਾ ਭੇਤੀ ਲੰਕਾ ਢਾਹੇ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਨੇੜਲਾ ਅਤੇ ਭੇਤੀ ਵਿਅਕਤੀ ਹੀ ਤੁਹਾਨੂੰ ਸੁੱਟਣ ਵਿਚ ਮੁੱਖ ਰੋਲ ਅਦਾ ਕਰਦਾ ਹੈ। ਇਸ ਅਖਾਣ ਦਾ ਪਿਛੋਕੜ ਮਿਥਿਹਾਸਕ ਗਾਥਾ ਰਾਮਾਇਣ ਨਾਲ ਜੁੜਦਾ ਹੈ ਜਿਸ ਵਿਚ ਰਾਵਣ ਦਾ ਭਰਾ ਭਵੀਸ਼ਣ ਰਾਮ ਚੰਦਰ ਨੂੰ ਸਾਰਾ ਭੇਤ ਦੇ ਕੇ ਲੰਕਾ ਵਾਸੀ ਰਾਵਣ ਨੂੰ ਹਰਾਉਣ ਵਿਚ ਅਹਿਮ ਰੋਲ ਅਦਾ ਕਰਦਾ ਹੈ।
- ਘਰ ਦੀ ਅੱਧੀ ਬਾਹਰ ਦੀ ਸਾਰੀ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਪ੍ਰਦੇਸ ਜਾ ਕੀਤੀ ਦੁੱਗਣੀ ਕਮਾਈ ਨਾਲੋਂ ਘਰ ਰਹਿ ਕੇ ਕੀਤੀ ਅੱਧ ਕਮਾਈ ਵੀ ਚੰਗੀ ਹੈ।
- ਘਰ ਦੀ ਖੰਡ ਕਿਰਕਰੀ, ਤੇ ਬਾਹਰ ਦਾ ਗੁੜ ਮਿੱਠਾ। ਜਦੋਂ ਕੋਈ ਵਿਅਕਤੀ ਘਰ ਦੀ ਚੀਜ਼ ਜਾਂ ਆਪਣੀ ਔਰਤ ਨੂੰ ਨਾ ਪਸੰਦ ਕਰਕੇ ਬਾਹਰ ਦੀ ਚੀਜ਼ ਜਾਂ ਬੇਗਾਨੀ ਔਰਤ ਨੂੰ ਪਸੰਦ ਕਰੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
- ਘਰ ਦੀ ਮੁਰਗੀ ਦਾਲ ਬਰਾਬਰ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਆਪਣੇ ਘਰ ਦੀ ਚੀਜ਼ ਹਰ ਕਿਸੇ ਨੂੰ ਮਾਮੂਲੀ ਜਾਪਦੀ ਹੈ।
- ਘਰ ਦੁੱਧ ਤਾਂ ਬਾਹਰ ਦਹੀਂ, ਜੇ ਘਰ ਨਹੀਂ , ਤਾਂ ਬਾਹਰ ਵੀ ਨਹੀਂ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜੇਕਰ ਤੁਸੀਂ ਘਰ ਵਿਚ ਸਮਰੱਥ ਹੋ ਤਾਂ ਤੁਹਾਨੂੰ ਬਾਹਰ ਵਾਲੇ ਮਦਦ ਦੇਣ ਲਈ ਹਮੇਸ਼ਾਂ ਤਿਆਰ ਰਹਿੰਦੇ ਹਨ ਪਰ ਜੇਕਰ ਤੁਸੀ ਘਰੋਂ ਸਰਦੇ ਨਹੀਂ ਹੋ ਤਾਂ ਤੁਹਾਨੂੰ ਬਾਹਰੋਂ ਵੀ ਕੋਈ ਮਦਦ ਨਹੀਂ ਮਿਲਦੀ।
- ਘਰ ਦੇ ਪੀਰਾਂ ਨੂੰ ਤੇਲ ਦੇ ਮਰੂੰਡੇ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਘਰ ਜਾਂ ਆਪਣੇ ਇਲਾਕੇ ਦਾ ਕੋਈ ਵਿਅਕਤੀ ਕਿੰਨਾ ਵੀ ਵਿਦਵਾਨ ਅਤੇ ਸਿਆਣਾ ਕਿਉਂ ਨਾ ਹੋਵੇ ਉਸ ਨੂੰ ਵਿਦਵਾਨ ਨਹੀਂ ਮੰਨਿਆ ਜਾਂਦਾ ਅਤੇ ਨਾ ਹੀ ਉਸ ਦਾ ਸੇਵਾ-ਪਾਣੀ ਢੰਗ ਨਾਲ ਕੀਤਾ ਜਾਂਦਾ ਹੈ।
- ਘਰ ਦੇ ਮਾਹਣੂ ਭੁੱਖੇ ਮਰਦੇ, ਬਾਹਰ ਸਦਕੇ ਵੰਡੀਏ। ਜਦੋਂ ਕੋਈ ਵਿਅਕਤੀ ਘਰ ਵਾਲਿਆਂ ਦੀ ਤਾਂ ਸਾਰ ਨਾ ਲੈਂਦਾ ਹੋਵੇ ਪਰ ਬਾਹਰ ਵਾਲਿਆਂ ਲਈ ਦਿਲ ਖੁੱਲ੍ਹਾ ਰੱਖੇ ਤਾਂ ਤਾਹਨਾ ਮਾਹਨ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਘਰ ਫਕੀਰੀ, ਤੇ ਦੁੱਖ ਅਮੀਰੀ। ਜਦੋਂ ਕਿਸੇ ਵਿਅਕਤੀ ਦੇ ਘਰ ਦੇ ਹਾਲਾਤ ਚੰਗੇ ਨਾ ਹੋਣ ਅਤੇ ਉਪਰੋਂ ਉਸ ਨੂੰ ਦੁੱਖ ਵੀ ਕੋਈ ਅਮੀਰਾਂ ਵਾਲਾ ਲੱਗ ਜਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
- ਘਰ ਫੂਕ ਤਮਾਸ਼ਾ ਵੇਖਣਾ। ਜਦੋਂ ਕੋਈ ਵਿਅਕਤੀ ਸ਼ੌਹਰਤ ਪਾਉਣ ਜਾਂ ਆਪਣੀ ਜਿੱਦ ਪੁਗਾਉਣ ਦੀ ਖਾਤਰ ਆਪਣਾ ਆਰਥਿਕ ਨੁਕਸਾਨ ਕਰੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
- ਘਰ ਬੁੜੀਆਂ ਦੇ , ਨਾਂ ਮਰਦਾਂ ਦੇ। ਇਸ ਅਖਾਣ ਦੇ ਅਰਥ ਅਨੁਸਾਰ ਘਰ ਦੀ ਮਾਲਕ ਔਰਤ ਹੁੰਦੀ ਹੈ ਅਤੇ ਉਸੇ ਦੀ ਬਾਦਸ਼ਾਹੀ ਚੱਲਦੀ ਹੁੰਦੀ ਹੈ ਪਰ ਘਰ ਦਾ ਮਾਲਕ ਮਰਦ ਵੱਜਦਾ ਹੈ।
- ਘਰ ਮੱਢਲ਼ ਦੀ ਰੋਟੀ, ਤੇ ਬਾਹਰ ਲੰਮੀ ਧੋਤੀ। ਜਦੋਂ ਕਿਸੇ ਵਿਅਕਤੀ ਦੇ ਘਰ ਖਾਣ ਨੂੰ ਤਾਂ ਰੁੱਖਾ ਸੁੱਖਾ ਹੀ ਹੋਵੇ ਪਰ ਬਾਹਰ ਜਾਣ ਲੱਗਿਆਂ ਉਹ ਸੋਹਣਾ ਲੀੜਾ-ਲਤਾ ਪਾ ਕੇ ਅਤੇ ਟੌਹਰ ਕੱਢ ਕੇ ਜਾਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਘਰ ਵੱਲ ਢੂਆ, ਤੇ ਉਜਾੜ ਵੱਲ ਬੂਹਾ। ਜਦੋਂ ਕੋਈ ਵਿਅਕਤੀ ਆਪਣੇ ਘਰ ਵੱਲ ਪਿੱਠ ਕਰਕੇ ਘਰ ਨੂੰ ਹੀ ਉਜਾੜਨਾ ਸ਼ੁਰੂ ਕਰ ਦੇਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
- ਘਰ ਵਾਜਾ, ਤੇ ਬਾਹਰ ਰਾਜਾ। ਜਦੋਂ ਕਿਸੇ ਵਿਅਕਤੀ ਦੇ ਘਰ ਵਿੱਚ ਤਾਂ ਹਾਲਾਤ ਬਦ-ਤੋਂ-ਬਦਤਰ ਹੋਣ ਅਤੇ ਬਾਹਰ ਉਹ ਰਾਜਿਆ ਮਹਾਰਾਜਿਆਂ ਵਾਂਗੂੰ ਵਿਚਰੇ ਜਾਂ ਵਿਖਾਵਾ ਕਰੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਘਰ ਵਾਲਿਓ ਨਿਕਲੋ, ਬਾਹਰ ਵਾਲੇ ਆਏ। ਜਦੋਂ ਕੋਈ ਨਾਹੱਕ ਵਿਅਕਤੀ ਮੁੱਖ ਹੱਕਦਾਰ ਨੂੰ ਉਸਦੇ ਹੀ ਘਰ ਜਾਂ ਅਹੁਦੇ ਤੋਂ ਨਿਕਲਣ ਲਈ ਆਖੇ ਤਾਂ ਵਿਅੰਗ ਵਜੋ ਇਹ ਅਖਾਣ ਬੋਲਿਆ ਜਾਂਦਾ ਹੈ।
- ਘਰ ਵਾਲਿਆਂ ਦੀ ਸਲਾਹ ਨਹੀਂ, ਤੇ ਪਰਾਹੁਣੇ ਕਹਿੰਦੇ ਦੋ–ਦੋ ਬਹਿ ਜਾਓ। ਜਦੋਂ ਕਿਸੇ ਦੇ ਘਰ ਵਿੱਚ ਕੋਈ ਪਰਾਹੁਣਾ ਆਇਆ ਹੋਵੇ ਅਤੇ ਉਹ ਘਰ ਦਾ ਮਾਲਕ ਵਾਂਗ ਹੁਕਮ ਚਲਾਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। ਇਸ ਅਖਾਣ ਨੂੰ ਹਾਸੇ ਠੱਠੇ ਦੌਰਾਨ ਵੀ ਬੋਲਿਆ ਜਾਂਦਾ ਹੈ।
- ਘਰ ਵਿੱਚ ਸਿਆਣਾ ਤੇ ਬਾਹਰ ਇਆਣਾ। ਜਦੋਂ ਕੋਈ ਵਿਅਕਤੀ ਘਰ ਵਿੱਚ ਤਾਂ ਬਹੁਤ ਸਿਆਣਾ ਹੋਵੇ ਪਰ ਬਾਹਰ ਉਸਨੂੰ ਟਿਚ ਸਮਝਿਆ ਜਾਂਦਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਇਸ ਦੇ ਉਲਟ ਜਦੋਂ ਕੋਈ ਵਿਅਕਤੀ ਘਰ ਵਿੱਚ ਸਿਆਣਾ ਬਣਨ ਦੀ ਕੋਸ਼ਿਸ਼ ਕਰ ਰਿਹਾ ਹੋਵੇ ਅਤੇ ਬਾਹਰ ਉਸ ਨੂੰ ਕੋਈ ਪੁੱਛਦਾ ਨਾ ਹੋਵੇ ਤਾਂ ਇਸ ਅਖਾਣ ਨੂੰ ਵਿਅੰਗ ਵਜੋਂ ਵੀ ਬੋਲਿਆ ਜਾਂਦਾ ਹੈ।
- ਘਰ ਵੀਹ, ਤੇ ਕੁੱਤੇ ਦੀ ਤੀਹ। ਜਦੋਂ ਦੇਣ ਵਾਲੇ ਥੋੜੇ ਹੋਣ ਅਤੇ ਮੰਗਤੇ ਬਹੁਤੇ ਹੋਣ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
- ਘਰਦਾ ਢੋਲ, ਘਰ ਦੀ ਦਾਦੀ, ਵਜਾ ਦਾਦੀ ਵਜਾ। ਜਦੋਂ ਘਰ ਵਿੱਚ ਕੋਈ ਬੱਚਾ ਜਾਂ ਅਣਭੋਲ ਵਿਅਕਤੀ ਵੱਡਿਆਂ ਤੋਂ ਇੱਕੋ ਕੰਮ ਵਾਰ ਵਾਰ ਕਰਵਾਉਣ ਦੀ ਜ਼ਿੱਦ ਕਰੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਘਰ–ਬਾਹਰ ਤੇਰਾ, ਪਰ ਕੋਠੀ ਨੂੰ ਹੱਥ ਨਾ ਲਾਈਂ। ਇਹ ਅਖਾਣ ਉਸ ਵਿਅਕਤੀ ਉੱਤੇ ਵਿਅੰਗ ਕੱਸਣ ਵਜੋਂ ਬੋਲਿਆ ਜਾਂਦਾ ਹੈ, ਜੋ ਉੰਝ ਤਾਂ ਇਹ ਵਿਖਾਵਾ ਕਰੇ ਕਿ ਤੁਸੀਂ ਘਰ ਦੇ ਮਾਲਕ ਹੋ ਅਤੇ ਆਪਣੇ ਬੰਦੇ ਹੋ ਪਰ ਹੱਥ ਕਿਸੇ ਚੀਜ਼ ਨੂੰ ਨਾ ਲਾਉਣ ਦੇਵੇ।
- ਘਰੇ ਆਟਾ ਨਹੀਂ, ਕਿਸੇ ਗੱਲ ਦਾ ਘਾਟਾ ਨਹੀਂ। ਜਦੋਂ ਮਨੁੱਖ ਤੰਗੀਆਂ ਤੁਰਸ਼ੀਆਂ ਵਿੱਚੋਂ ਗੁਜ਼ਰ ਰਿਹਾ ਹੋਵੇ ਤਾਂ ਹਾਸੇ-ਠੱਠੇ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਘਰੇ ਨਬੇੜਾ ਸਭ ਤੋਂ ਚੰਗੇਰਾ। ਇਹ ਅਖਾਣ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ। ਅਖਾਣ ਦਾ ਭਾਵ ਅਰਥ ਇਹ ਹੈ ਕਿ ਹਰ ਮਸਲੇ ਅਤੇ ਝਗੜੇ ਨੂੰ ਘਰੇ ਹੀ ਨਿਬੇੜ ਲੈਣਾ ਚਾਹੀਦਾ ਹੈ ਅਤੇ ਬਾਹਰ ਲੋਕਾਂ ਵਿੱਚ ਨਹੀਂ ਲੈ ਕੇ ਜਾਣਾ ਚਾਹੀਦਾ।
- ਘਰੇ ਲੜਾਕੀ, ਬਾਹਰ ਸੰਗਾਊ, ਮੇਲੋ ਮੇਰਾ ਨਾਂ। ਜਿਹੜਾ ਵਿਅਕਤੀ ਘਰ ਵਿੱਚ ਮੂੰਹ ਪਾੜ ਪਾੜ ਕੇ ਗੱਲਾਂ ਕਰਦਾ ਹੋਵੇ ਅਤੇ ਹਰ ਕਿਸੇ ਨਾਲ ਲੜਦਾ ਹੋਵੇ ਪਰ ਬਾਹਰ ਭੋਰਾ ਵੀ ਮੂੰਹ ਨਾ ਖੋਲਦਾ ਹੋਵੇ ਤਾਂ ਉਸ ਉੱਤੇ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਘਰੋਂ ਖਾ ਕੇ ਕੋਈ ਨਹੀਂ ਮੱਤ ਦਿੰਦਾ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਮੁਫਤ ਵਿੱਚ ਕੁਝ ਵੀ ਨਹੀਂ ਮਿਲਦਾ ਹਰ ਚੀਜ਼ ਦੇ ਲਈ ਕੁਝ ਨਾ ਕੁਝ ਅਦਾ ਕਰਨਾ ਪੈਂਦਾ ਹੈ।
- ਘਰੋਂ ਜਾਈਏ ਖਾ ਕੇ, ਤਾਂ ਅੱਗੋਂ ਮਿਲਣ ਪਕਾ ਕੇ। ਇਹ ਅਖਾਣ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ ਕਿ ਹਮੇਸ਼ਾ ਘਰੋਂ ਰੱਜ ਪੁੱਜ ਕੇ ਤੁਰਨਾ ਚਾਹੀਦਾ ਹੈ।
- ਘਰੋਂ ਭੁੱਖੇ ਨੰਗੇ ਤੇ ਮੀਆਂ ਮੁਹੱਲੇਦਾਰ। ਇਹ ਅਖਾਣ ਉਸ ਵਿਅਕਤੀ ਉੱਤੇ ਵਿਅੰਗ ਕਸਣ ਵਜੋਂ ਬੋਲਿਆ ਜਾਂਦਾ ਹੈ ਜੋ ਘਰ ਵਿੱਚ ਤਾਂ ਭੁੱਖ ਨਾਲ ਘੁਲਦਾ ਹੋਵੇ ਪਰ ਬਾਹਰ ਲੋਕਾਂ ਵਿੱਚ ਚੌਧਰੀ ਬਣਿਆ ਫਿਰਦਾ ਹੋਵੇ।
- ਘਰੋਂ–ਘਰ ਗਵਾਓ, ਤੇ ਬਾਹਰੋਂ ਭੜੂਆ ਅਖਵਾਓ। ਜਦੋਂ ਕੋਈ ਵਿਅਕਤੀ ਆਪਣਾ ਨੁਕਸਾਨ ਕਰਕੇ ਬਾਹਰ ਲੋਕਾਂ ਦਾ ਫਾਇਦਾ ਕਰ ਰਿਹਾ ਹੋਵੇ ਪਰ ਲੋਕ ਉਸ ਨੂੰ ਉਲਟਾ ਬਦਨਾਮ ਕਰਨ ਤਾਂ ਅੱਕਿਆ ਹੋਇਆ ਵਿਅਕਤੀ ਇਹ ਅਖਾਣ ਬੋਲਦਾ ਹੈ।
- ਘੜਿਆ–ਘੜਾਇਆ, ਆਖ ਸੁਣਾਇਆ। ਜਦੋਂ ਕੋਈ ਵਿਅਕਤੀ ਬਿਨਾਂ ਗੱਲਬਾਤ ਦੇ ਸਮਝੇ ਤੱਤ-ਫੜੱਤ ਹੀ ਜਵਾਬ ਦੇ ਦੇਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
- ਘੜੀ ਦਾ ਖੁੰਝਿਆ ਕੋਹਾਂ ’ਤੇ ਜਾ ਪੈਂਦਾ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਲੰਘਿਆ ਵੇਲਾ ਅਤੇ ਉਸ ਸਮੇਂ ਹੋਈ ਮਮੂਲੀ ਗਲਤੀ ਕਈ ਵਾਰ ਬਹੁਤ ਭਾਰੀ ਪੈ ਜਾਂਦੀ ਹੈ। ਅਖਾਣ ਦੇ ਭਾਵ ਅਰਥ ਅਨੁਸਾਰ ਜਦੋਂ ਕਦੇ ਸਹੀ ਮੌਕਾ ਲੰਘ ਜਾਂਦਾ ਹੈ ਤਾਂ ਮਨੁੱਖ ਕਈ ਗੁਣਾ ਪਿੱਛੇ ਰਹਿ ਜਾਂਦਾ ਹੈ।
- ਘੜੇ ਵੱਟੇ ਦਾ ਨਿਆ ਕੌਣ ਕਰਵਾਵੇ ? ਲੜਾਈ ਝਗੜੇ ਦੌਰਾਨ ਜਦੋਂ ਇੱਕ ਧਿਰ ਬਹੁਤ ਜਿਆਦਾ ਝਗੜਾਲੂ ਅਤੇ ਅੜਬ ਹੋਵੇ ਤਾਂ ਫੈਸਲਾ ਕਰਵਾਉਣ ਵਾਲੇ ਅਕਸਰ ਇਹ ਅਖਾਣ ਬੋਲਦੇ ਹਨ। ਅਖਾਣ ਦੇ ਅਖਰੀ ਅਰਥਾਂ ਅਨੁਸਾਰ ਘੜੇ ਨੂੰ ਤਾਂ ਵੱਟੇ ਨੇ ਤੋੜਨਾ ਹੀ ਹੁੰਦਾ ਹੈ ਫਿਰ ਉਹਨਾਂ ਦੋਹਾਂ ਦੇ ਝਗੜੇ ਦਾ ਨਿਆ ਕੌਣ ਕਰਵਾ ਸਕਦਾ ਹੈ।
- ਘਾਹ ਫੁੱਲੇ ਤੇ ਮੀਂਹ ਭੁੱਲੇ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਦੋਂ ਜਰੂਰਤ ਪੂਰੀ ਹੋ ਜਾਂਦੀ ਹੈ ਤਾਂ ਆਦਮੀ ਜਰੂਰਤ ਦੇ ਸਮੇਂ ਕੰਮ ਆਉਣ ਵਾਲੇ ਨੂੰ ਭੁੱਲ ਜਾਂਦਾ ਹੈ। ਉਵੇਂ ਹੀ ਜਿਵੇਂ ਘਾਹ-ਪੱਠਾ ਹਰਾ ਹੋਣ ਤੋਂ ਬਾਅਦ ਲੋਕ ਮੀਂਹ ਮੰਗਣਾ ਭੁੱਲ ਜਾਂਦੇ ਹਨ।
- ਘਿਉ ਡੁੱਲਿਆ ਥਾਲੀ, ਨਾ ਮੇਹਣਾ ਨਾ ਗਾਲੀ। ਇਹ ਅਖਾਣ ਪੰਜਾਬੀ ਸੱਭਿਆਚਾਰ ਵਿੱਚ ਔਰਤ ਦਾ ਘਰ ਦੇ ਹੋਰ ਮਰਦਾਂ ਨਾਲ ਸਬੰਧ ਰੱਖਣ ਨੂੰ ਦਰਸਾਉਂਦਾ ਹੈ। ਅਖਾਣ ਦੇ ਭਾਵ ਅਰਥ ਅਨੁਸਾਰ ਘਰ ਦੀ ਔਰਤ ਜੇਕਰ ਘਰ ਦੇ ਦੂਜੇ ਮਰਦਾਂ ਨਾਲ ਸਬੰਧ ਰੱਖਦੀ ਹੈ ਤਾਂ ਇਸ ਵਿੱਚ ਕੋਈ ਗਲਤ ਨਹੀਂ। ਉਵੇਂ ਹੀ ਜਿਵੇਂ ਕੌਲੀ ਦਾ ਘਿਓ ਥਾਲੀ ਵਿੱਚ ਡੁੱਲ ਜਾਵੇ ਅਤੇ ਉਸ ਦਾ ਕੁਝ ਨਹੀਂ ਵਿਗੜਦਾ।
- ਘਿਉ ਵਿੱਚ ਰੰਬਾ, ਬੜਾ ਅਚੰਭਾ। ਜਦੋਂ ਕੋਈ ਵਿਅਕਤੀ ਚੰਗੀ ਅਤੇ ਕੀਮਤੀ ਚੀਜ਼ ਦੀ ਦੁਰਵਰਤੋਂ ਕਰ ਰਿਹਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
- ਘਿਓ ਬਣਾਵੇ ਸੇਵੀਆਂ, ਵੱਡੀ ਭਾਬੀ ਦਾ ਨਾਂ। ਇਹ ਅਖਾਣ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਵਿਅਕਤੀ ਬਹੁਤਾ ਖੁੱਲਾ ਖਰਚਾ ਕਰਕੇ ਕੋਈ ਚੀਜ਼ ਬਣਾ ਦੇਵੇ ਅਤੇ ਆਪਣੀ ਬੱਲੇ ਬੱਲੇ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ।
- ਘਿਓ ਮੱਲਾਂ ਨੂੰ, ਤੇ ਸ਼ਰਾਬ ਗੱਲਾਂ ਨੂੰ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਘਿਓ ਖਾਣਾ ਪਹਿਲਵਾਨ ਦੀ ਜਰੂਰਤ ਹੁੰਦੀ ਹੈ ਅਤੇ ਸ਼ਰਾਬ ਪੀ ਕੇ ਮਨੁੱਖ ਹਰ ਗੱਲ ਕੇ ਕਰਦਾ ਹੈ ਅਤੇ ਤੋਤੇ ਵਾਂਗ ਬੋਲਣ ਲੱਗ ਜਾਂਦਾ ਹੈ।
- ਘੁੱਗੀ ਕੀ ਜਾਣੇ, ਸਤਿਗੁਰ ਦੀਆਂ ਬਾਤਾਂ। ਜਦੋਂ ਨਿਮਾਣਾ ਅਤੇ ਅਣਭੋਲ ਵਿਅਕਤੀ ਵੱਡੇ ਅਤੇ ਵਿਦਵਾਨ ਲੋਕਾਂ ਦੀਆਂ ਗੱਲਾਂ ਨਾ ਸਮਝ ਸਕੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
- ਘੁੱਗੀ ਯਾਰਨੀ, ਤੇ ਕਾਂ ਬਦਨਾਮ। ਜਦੋਂ ਗੁਨਾਹ ਕੋਈ ਹੋਰ ਵਿਅਕਤੀ ਕਰ ਰਿਹਾ ਹੋਵੇ ਅਤੇ ਬਦਨਾਮੀ ਕਿਸੇ ਹੋਰ ਨੂੰ ਮਿਲ ਰਹੀ ਹੋਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਘੁੰਡ ਵੇਖ ਕੇ ਹੁੱਬਿਆ, ਮੂੰਹ ਵੇਖ ਕੇ ਡੁੱਬਿਆ। ਜਦੋਂ ਕੋਈ ਵਿਅਕਤੀ ਕਿਸੇ ਦੀ ਬਾਹਰੀ ਦਿੱਖ ਨੂੰ ਵੇਖ ਕੇ ਡੁੱਲ ਜਾਵੇ ਪਰ ਜਦੋਂ ਉਸਦਾ ਅਸਲੀ ਭੈੜਾ ਰੂਪ ਸਾਹਮਣੇ ਆਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
- ਘੁਮਿਆਰੀ ਆਪਣਾ ਭਾਂਡਾ ਹੀ ਸਲਾਹੁੰਦੀ ਹੈ। ਜਦੋਂ ਕੋਈ ਵਿਅਕਤੀ ਸਿਰਫ ਆਪਣੀ ਚੀਜ਼ ਦੀ ਹੀ ਸਲਾਹੁਤ ਕਰੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਘੋਗਾ ਪੰਸਾਰੀ, ਤੇ ਚੋਗਾ ਹਲਵਾਈ, ਇਹਨਾਂ ਦੋਹਾਂ ਦੇ ਵੱਸ ਨਾ ਪਾਈਂ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਕੱਚ-ਘਰੜ ਪੰਸਾਰੀ ਅਤੇ ਖਾਣ ਦਾ ਭੁੱਖਾ ਹਲਵਾਈ ਦੋਵੇਂ ਹੀ ਲੈ ਡੁੱਬਦੇ ਹਨ।
- ਘੋੜਾ ਘਾਹ ਨਾਲ ਯਾਰੀ ਲਾਊ ਤਾਂ ਖਾਊ ਕੀ? ਇਹ ਅਖਾਣ ਵਪਾਰ ਦੌਰਾਨ ਅਕਸਰ ਬੋਲਿਆ ਜਾਂਦਾ ਹੈ ਕਿ ਵਪਾਰ ਵਿੱਚ ਨਫਾ ਕਮਾਉਣ ਦੇ ਮਾਮਲੇ ਨੂੰ ਲੈ ਕੇ ਕਿਸੇ ਨਾਲ ਲਿਹਾਜ ਨਹੀਂ ਕੀਤਾ ਜਾ ਸਕਦਾ। ਉਵੇਂ ਹੀ ਜਿਵੇਂ ਇੱਕ ਘੋੜਾ ਘਾ ਨਾਲ ਯਾਰੀ ਨਹੀਂ ਲਾ ਸਕਦਾ।
- ਘੋੜਾ ਫਿਰੇ ਗਰਾਂ-ਗਰਾਂ, ਜੀਹਦਾ ਘੋੜਾ ਉਹਦਾ ਨਾਂ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਹੇਠਾਂ ਕੰਮ ਕਰਨ ਵਾਲੇ ਲੋਕਾਂ ਦੀ ਮਿਹਨਤ ਨੂੰ ਕੋਈ ਨਹੀਂ ਜਾਣਦਾ ਅਤੇ ਸ਼ੋਹਰਤ ਸਾਰੀ ਮੁੱਖ ਵਿਅਕਤੀ ਖੱਟ ਜਾਂਦਾ ਹੈ।
- ਘੋੜਿਆਂ ਦੇ ਦਲੱਤੇ, ਵੀ ਘੋੜੇ ਹੀ ਸਹਿ ਸਕਦੇ ਨੇ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਵੱਡੇ ਅਤੇ ਵਿਗੜੇ ਹੋਏ ਲੋਕਾਂ ਨਾਲ ਪੰਗਾ ਵੀ ਵੱਡੇ ਅਤੇ ਵਿਗੜੇ ਹੋਏ ਲੋਕ ਹੀ ਲੈ ਸਕਦੇ ਹਨ।
- ਘੋੜੇ ਹਮੇਸ਼ਾ ਆਵਦੀ ਸ਼ਰਮ ਹੀ ਨੂੰ ਦੌੜਦੇ ਨੇ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਮਨੁੱਖ ਹਮੇਸ਼ਾ ਆਪਣੀ ਹੋਂਦ ਨੂੰ ਬਚਾਉਣ ਖਾਤਰ ਹੀ ਦੌੜਦਾ ਹੈ।
- ਘੋੜੇ ਠਾਨੀਂ, ਮਰਦ ਮੁਕਾਮੀ, ਦੂਣਾ ਮੁੱਲ ਪਵਾਉਂਦੇ, ਫੇਰ ਇਹਨਾਂ ਦੀ ਕੀਮਤ ਘੱਟਦੀ, ਜਦ ਵਿਕਣ ਬਜ਼ਾਰੀਂ ਜਾਂਦੇ। ਅਰਥ ਬਾਕੀ ਹੈ
- ਘੋੜੇ ਦੀ ਪਛਾੜੀ ਤੇ ਬਲਦ ਦੀ ਅਗਾੜੀ ਕਦੇ ਨਾ ਲੰਘੀਏ। ਇਹ ਅਖਾਣ ਸਿੱਖਿਆ ਦੇਣ ਵਜੋਂ ਜਾਂ ਹਾਸੇ-ਠੱਠੇ ਵਜੋਂ ਅਕਸਰ ਬੋਲਿਆ ਜਾਂਦਾ ਹੈ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਘੋੜੇ ਦੇ ਪਿਛਲੇ ਪਾਸਿਓਂ ਕਦੇ ਨਹੀਂ ਲੰਘਣਾ ਚਾਹੀਦਾ ਕਿਉਂਕਿ ਉਹ ਕਿਸੇ ਵੇਲੇ ਵੀ ਦਲੱਤਾ ਮਾਰ ਸਕਦਾ ਹੈ ਅਤੇ ਬਲਦ ਦੇ ਅੱਗਿਓਂ ਕਦੇ ਵੀ ਨਹੀਂ ਲੰਘਣਾ ਚਾਹੀਦਾ ਕਿਉਂਕਿ ਉਹ ਕਿਸੇ ਵੇਲੇ ਵੀ ਸਿੰਗ ਮਾਰ ਸਕਦਾ ਹੈ।
ੳ ਤੋਂ ਹ ਅੱਖਰ ਤੱਕ ਅਖਾਣ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ
ਕ ਤੋ ਘ ਅੱਖਰ ਤੱਕ ਅਖਾਣ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ
ਚ ਤੋਂ ਝ ਅੱਖਰ ਤੱਕ ਅਖਾਣ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ
ਟ ਤੋਂ ਢ ਅੱਖਰ ਤੱਕ ਅਖਾਣ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ
ਤ ਤੋਂ ਨ ਅੱਖਰ ਤੱਕ ਅਖਾਣ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ
ਪ ਤੋਂ ਮ ਅੱਖਰ ਤੱਕ ਅਖਾਣ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ
ਯ ਤੋਂ ਵ ਅੱਖਰ ਤੱਕ ਅਖਾਣ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ
ਅਖਾਣਾ ਬਾਰੇ ਵਿਸਥਾਰ ਜਾਣਕਾਰੀ ਹਾਸਲ ਕਰਨ ਲਈ ਇਸ ਲਿੰਕ ’ਤੇ ਕਲਿੱਕ ਕਰੋ
ਨੋਟ – ਕੁਝ ਅਖਾਣ ਮੁਹਾਵਰਿਆਂ ਵਿਚ ਜਾਤ-ਪਾਤ ਦਾ ਪ੍ਰਗਟਾਵਾ ਕੀਤਾ ਗਿਆ ਹੈ। ਜਾਤ-ਪਾਤ ਦਾ ਇਹ ਪਗਟਾਵਾ ਪੰਜਾਬੀ ਲੋਕਧਾਰਾ ਦੇ ਪਿਛੋਕੜ ਨੂੰ ਦਰਸਾਉਣ ਅਤੇ ਪੁਰਾਣੇ ਸਮੇ ਦੇ ਲੋਕਾਂ ਦੀ ਮਾਨਸਿਕਤਾ ਸਮਝਣ ਲਈ ਕੀਤਾ ਗਿਆ ਹੈ, ਕਿਉਂਕਿ ਪੁਰਾਣੇ ਸਮਿਆਂ ਵਿਚ ਹਾਸੇ-ਠੱਠ, ਟਿੱਚਰ-ਮਜਾਕ ਅਤੇ ਕਿਸੇ ਨੂੰ ਨਹੋਰਾ ਮਾਰਨ ਸਮੇਂ ਅਕਸਰ ਹੀ ਜਾਤ-ਪਾਤ ਦੇ ਨਾਂ ਤੇ ਵਿਅੰਗ ਕੀਤਾ ਜਾਂਦਾ ਸੀ। ਅਸੀਂਂ ਕਿਸੇ ਤਰ੍ਹਾਂ ਦੀ ਜਾਤ-ਪਾਤ ਹਾਮੀ ਨਹੀਂ ਹਾਂ ਅਤੇ ਨਾ ਹੀ ਇਹ ਪ੍ਰਗਟਾਵਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕੀਤਾ ਹੈ।
ਜਸਬੀਰ ਵਾਟਾਂਵਾਲੀਆ
ਜਸਬੀਰ ਵਾਟਾਂਵਾਲੀਆ
“Dear Readers,
I am delighted to present this comprehensive collection of Punjabi Akhan and proverbs, carefully curated and available on (link available). Notably, this repository is the culmination of 15 years of diligent research and intellectual endeavor.
Throughout my journey, I have had the privilege of collecting these Akhan and proverbs from esteemed family members, neighbors, and community elders. Whenever an elder shared a proverb, I would meticulously note it down. Furthermore, I have drawn from reputable Akhankosh universities to further enrich this collection. Consequently, this repository has become a treasure trove of Punjabi wisdom.
Meanwhile, I am committed to continually expanding and refining this collection. In addition to the existing proverbs, I plan to include more Akhan to make it even more comprehensive. Please forgive any errors or omissions that may have occurred during the compilation of Punjabi Akhaan.
In conclusion, I would like to thank all those who have contributed to this collection. Ultimately, it is their wisdom and insights that have made this repository possible. Thank you for exploring this treasure trove of Punjabi wisdom.
Sincerely,”