PUNJABI AKHAAN,

PUNJABI AKHAAN KOSH/ਪੰਜਾਬੀ ਆਖਾਣ ਕੋਸ਼ ਭਾਗ-3

BEST AND BIGGEST COLLECTIONS OF AKHAAN BY JASBIR WATTAWALI

PUNJABI AKHAAN KOSH : ਇਸ ਭਾਗ ਵਿਚ ਤੁਸੀਂ ‘ਚ’ ਅੱਖਰ ਤੋਂ ਲੈ ਕੇ ‘ਝ’ ਅੱਖਰ ਤੱਕ ਪੰਜਾਬੀ ਦੇ ਅਨੇਕਾਂ ਅਖਾਣ ਪੜ੍ਹ ਸਕੋਗੇ, ਜੋ ਬੜੇ ਹੀ ਵਿਲੱਖਣ ਹਨ ਅਤੇ ਮੌਜੂਦਾ ਸਮੇਂ ਅਤੇ ਸੰਦਰਭ ਅਨੁਸਾਰ ਬਹੁਤ ਢੁਕਵੇਂ ਹਨ ਅਤੇ ਸੋਧ ਕੇ ਲਿਖੇ ਗਏ ਹਨ।

ਪਹਿਲਾ ਚੈਪਟਰ- ਇਸ ਵਿਚ ‘ਚ’ ਅੱਖਰ ਨਾਲ ਸ਼ੁਰੂ ਹੋਣ ਵਾਲੇ ਸਾਰੇ ਵਿਲੱਖਣ ਅਖਾਣ ਹਨ

‘ਚ’ ਅੱਖਰ ਤੋਂ ਲੈ ਕੇ ਝ ਅੱਖਰ ਤੱਕ ਅਖਾਣ

 

  1. ਚਕੋਰ ਨੂੰ ਚੰਨ ਮਿਲਿਆ, ਮਿਲਿਆ ਆ ਕੇ ਹੇਠ। ਜਦੋਂ ਕਿਸੇ ਵਿਅਕਤੀ ਨੂੰ ਉਸ ਦਾ ਜਾਨ ਤੋਂ ਪਿਆਰਾ ਖੁਦ ਮਿਲਣ ਲਈ ਆ ਜਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਜਸਬੀਰ ਵਾਟਾਂਵਾਲੀਆ
  2. ਚਸਕੋਰੀਆਂ, ਹੱਡ ਹਰਾਮਣਾ ਅੱਜ ਵੀ ਪੱਟੀਆਂ ਤੇ ਕੱਲ ਵੀ ਪੱਟੀਆਂ।    ਇਹ ਅਖਾਣ ਉਹਨਾਂ ਔਰਤਾਂ ਉੱਤੇ ਵਿਅੰਗ ਕੱਸਣ ਵਜੋਂ ਬੋਲਿਆ ਜਾਂਦਾ ਹੈ ਜਿਨਾਂ ਨੂੰ ਜੀਭ ਦੇ ਸਵਾਦ ਅਤੇ ਚਸਕੇ ਲੈਣ ਦੀ ਆਦਤ ਹੋਵੇ। ਅਖਾਣ ਦੇ ਭਾਵ ਅਰਥ ਅਨੁਸਾਰ ਅਜਿਹੀਆਂ ਔਰਤਾਂ ਘਰ ਨਹੀਂ ਵਸਾ ਸਕਦੀਆਂ ਅਤੇ ਅਕਸਰ ਹੀ ਉੱਜੜ-ਪੁੱਜੜ ਜਾਂਦੀਆਂ ਹਨ।
  3. ਚੰਗਾ ਬੀਜ ਤੇ ਚੋਖੀ ਖਾਦ, ਮਾਲਕ ਖੁਸ਼ ਤੇ ਮਜਾਰਾ ਨਾਸ਼ਾਦ।  ਇਹ ਅਖਾਣ ਕਿਸਾਨੀ ਖਿੱਤੇ ਵਿੱਚੋਂ ਨਿਕਲਿਆ ਹੈ। ਅਖਾਣ ਦੇ ਭਾਵ ਅਰਥ ਅਨੁਸਾਰ ਖੇਤੀ ਦੀ ਬਿਜਾਈ ਸਮੇਂ ਚੰਗਾ ਬੀਜ ਅਤੇ ਖੁੱਲ੍ਹੀ ਰੂੜੀ-ਖਾਦ ਪੈ ਜਾਵੇ ਤਾਂ ਫਸਲ ਵਧੀਆ ਹੁੰਦੀ ਹੈ ਅਤੇ ਕਿਸਾਨ ਖੁਸ਼ਹਾਲ ਹੁੰਦਾ ਹੈ।
  4. ਚੰਗਾ ਮੁੱਢ, ਤੇ ਕੰਮ ਸੁੱਧ।   ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜੇ ਕਿਸੇ ਚੀਜ਼ ਦੀ ਸ਼ੁਰੂਆਤ ਚੰਗੀ ਹੋ ਜਾਵੇ ਤਾਂ ਉਹ ਕੰਮ ਨੇਪਰੇ ਵੀ ਚੰਗੀ ਤਰਹਾਂ ਚੜ ਜਾਂਦਾ ਹੈ।
  5. ਚੰਗਿਆਂ ਨੂੰ ਚੰਗ, ਤੇ ਭੰਗੀਆਂ ਨੂੰ ਭੰਗ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਿਹੋ ਜਿਹਾ ਵਿਅਕਤੀ ਖੁਦ ਹੁੰਦਾ ਹੈ ਉਸ ਨੂੰ ਉਹੋ ਜਿਹੇ ਨਤੀਜੇ ਅਤੇ ਸੰਗੀ ਸਾਥੀ ਮਿਲ ਜਾਂਦੇ ਹਨ। ਜੇਕਰ ਵਿਅਕਤੀ ਚੰਗਾ ਹੋਵੇਗਾ ਤਾਂ ਚੰਗੇ ਕੰਮ ਕਰੇਗਾ ਉਸਨੂੰ ਚੰਗੇ ਲੋਕ ਮਿਲਣਗੇ ਅਤੇ ਨਤੀਜੇ ਵੀ ਚੰਗੇ ਹੀ ਨਿਕਲਣਗੇ ਇਸੇ ਤਰਹਾਂ ਜੇ ਕੋਈ ਵਿਅਕਤੀ ਵੈਲ ਐਬ ਜਾਂ ਬੁਰੇ ਕੰਮ ਕਰਦਾ ਹੈ ਤਾਂ ਉਸਨੂੰ ਬੁਰੇ ਲੋਕ ਮਿਲਦੇ ਹਨ ਅਤੇ ਉਸ ਦੇ ਨਤੀਜੇ ਵੀ ਬੁਰੇ ਹੀ ਨਿਕਲਦੇ ਹਨ। ਜਸਬੀਰ ਵਾਟਾਂਵਾਲੀਆ
  6. ਚੰਗਿਆਂ ਨੂੰ ਚੰਗੇ, ਤੇ ਪੰਗਿਆਂ ਨੂੰ ਪੰਗੇ। ਉਹੀ ਅਰਥ
  7. ਚੰਗੀ ਵਾਹ ਤੇ ਚੰਗਾ ਗਾਹ। ਇਹ ਅਖਾਣ ਕਿਸਾਨੀ ਖਿੱਤੇ ਵਿੱਚੋਂ ਨਿਕਲਿਆ ਹੈ ਅਤੇ ਅਖਾਣ ਦੇ ਭਾਵ ਅਰਥ ਅਨੁਸਾਰ ਜਮੀਨ ਦੀ ਚੰਗੀ ਤਰਾਂ ਕੀਤੀ ਵਹਾਈ ਹੀ ਚੰਗਾ ਝਾੜ ਦੇ ਸਕਦੀ ਹੈ।
  8. ਚੰਗੀ ਚਾਹ ਤੇ ਚੰਗੀ ਸਲਾਹ ਹਰ ਥਾਂ ’ਤੇ ਨਹੀਂ ਮਿਲਦੀ। ਅਰਥ ਸਪਸ਼ਟ।
  9. ਚੱਜ ਨਾ ਆਚਾਰ, ਤੇ ਅੰਮਾ ਘੁਲ਼ਨ ਨੂੰ ਤਿਆਰ। ਜਦੋਂ ਕਿਸੇ ਵਿਅਕਤੀ ਨੂੰ ਕੰਮ ਦਾ ਤਜਰਬਾ ਨਾ ਹੋਵੇ ਪਰ ਉਹ ਬਿਨਾਂ ਵਜ੍ਹਾ ਦੂਜੇ ਦੇ ਕੰਮ ਵਿੱਚ ਲੱਤਾਂ ਅੜਾਵੇ ਅਤੇ ਲੜਾਈ ਵਿੱਢ ਲਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  10. ਚੱਜ ਵਾਲੇ ਨਾਲੋਂ, ਡੱਕਾਰ ਵਾਲਾ ਚੰਗਾ। ਜਦੋਂ ਕਿਸੇ ਕੰਮ ਕਰਨ ਵਾਲੇ ਦੀ ਪੁੱਛਗਿੱਛ ਨਾ ਹੋਵੇ ਅਤੇ ਕੋਈ ਵਿਹਲੜ ਐਵੇਂ ਚੰਗਾ ਬਣਿਆ ਫਿਰੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  11. ਚਣਾ ਚੇਤ ਘਣਾ, ਕਣਕ ਘਣੀ ਵਿਸਾਖ , ਇਸਤਰੀ ਘਣੀ ਤਾਂ ਜਾਣੀਏ ਜੇ ਮੁੰਡਾ ਹੋਵੇ ਢਾਕ। ਇਹ ਅਖਾਣ ਔਰਤ ਦੀ ਗੋਦ ਵਿੱਚ ਮੁੰਡਾ ਹੋਣ ਦੀ ਅਹਿਮੀਅਤ ਨੂੰ ਦਰਸਾਉਂਦਾ ਹੈ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜੇਕਰ ਫਸਲ ਦੀ ਚੰਗੀ ਫੱਬਤ ਹੋਵੇ ਤਾਂ ਚੰਗੇ ਝਾੜ ਦੀ ਆਸ ਕੀਤੀ ਜਾਂਦੀ ਹੈ ਅਤੇ ਫਸਲ ਸੋਹਣੀ ਲੱਗਦੀ ਹੈ ਇਸੇ ਤਰ੍ਹਾਂ ਜੇਕਰ ਔਰਤ ਦੀ ਗੋਦ ਵਿੱਚ ਮੁੰਡਾ ਹੋਵੇ ਤਾਂ ਉਹ ਵੀ ਸੋਹਣੀ ਲੱਗਦੀ ਹੈ।
  12. ਚਣਾ ਭੁੱਜੂ, ਕਿਹੜਾ ਪਹਾੜ ਢਾਹ ਦੇਊ? ਜਦੋਂ ਕੋਈ ਵਿਅਕਤੀ ਬਿਨਾਂ ਵਜਾ ਗੁੱਸਾ ਕਰੇ ਅਤੇ ਉਸ ਦੇ ਗੁੱਸਾ ਕਰਨ ਨਾਲ ਕਿਸੇ ਨੂੰ ਕੋਈ ਫਰਕ ਨਾ ਪੈਂਦਾ ਹੋਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  13. ਚਤਰਾਂ ਸੰਗ ਝਗੜਾ ਭਲਾ, ਫਿੱਟ ਮੂਰਖ ਨਾਲ ਮੇਲ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਚਤਰ ਚਲਾਕ ਭਾਵ ਸਿਆਣੇ ਬੰਦੇ ਨਾਲ ਝਗੜਾ ਕਰ ਲੈਣਾ ਵੀ ਚੰਗਾ ਹੈ ਪਰ ਮੂਰਖ ਦੇ ਨਾਲ ਦੋਸਤੀ ਕਰਨੀ ਵੀ ਮਾੜੀ।
  14. ਚੰਦ ਚੜੂ ਤਾਂ ਸਾਰਿਆਂ ਨੂੰ ਦਿਸੂ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਕਿਸੇ ਵਿਅਕਤੀ ਦੇ ਗੁਣ ਅਤੇ ਰੂਪ ਗੁੱਝੇ ਨਹੀਂ ਰਹਿੰਦੇ ਉਹ ਸਭ ਨੂੰ ਦਿਸ ਪੈਂਦੇ ਹਨ। ਇਸ ਦੇ ਨਾਲ-ਨਾਲ ਕਿਸੇ ਦਾ ਕੀਤਾ ਹੋਇਆ ਕੰਮ ਵੀ ਸਭ ਨੂੰ ਦਿਸਦਾ ਹੈ ਉਹ ਭਾਵੇਂ ਚੰਗਾ ਹੋਵੇ ਜਾਂ ਮਾੜਾ।
  15. ਚੰਦਨ ਦੀ ਟੁਕੜੀ ਭਲੀ, ਗੱਡੀ ਭਲੀ ਨਾ ਭਾਰ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਮੁੱਲਵਾਨ ਚੀਜ ਥੋੜੀ ਵੀ ਚੰਗੀ ਹੁੰਦੀ ਹੈ ਅਤੇ ਇਸ ਦੇ ਉਲਟ ਬੇਕਾਰ ਚੀਜ ਜਿੰਨੀ ਮਰਜ਼ੀ ਹੋਵੇ ਉਸਦਾ ਕੋਈ ਫਾਇਦਾ ਨਹੀਂ।
  16. ਚੰਨ.. ਚੰਨਾ ਦੇ ਮਾਮਲੇ, ਚੜ੍ਹਨ, ਚੜ੍ਹਨ, ਨਾ ਚੜ੍ਹਨ ਤੇ ਨਾ ਹੀ ਚੜ੍ਹਨ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਵੱਡੇ ਅਤੇ ਦਾਨਸ਼ਵਰ ਲੋਕ ਕਦੇ ਵੀ ਮਿਹਰਬਾਨ ਹੋ ਸਕਦੇ ਹਨ ਉਹਨਾਂ ਦੀ ਆਪਣੀ ਮਰਜ਼ੀ ਹੁੰਦੀ ਹੈ।
  17. ਚੰਨ ਚੜ੍ਹਿਆ ਵੀ ਠੰਡਾ, ਤੇ ਚੰਨ ਛਿਪਿਆ ਵੀ ਠੰਡਾ। ਜਦੋਂ ਕਿਸੇ ਵਿਅਕਤੀ ਦੇ ਕੰਮ ਸ਼ੁਰੂ ਕਰਨ ਅਤੇ ਕੰਮ ਖਤਮ ਕਰਨ ਦਾ ਵਿੱਚ ਕੋਈ ਬਰਕਤ ਨਾ ਹੋਵੇ ਅਤੇ ਨਾ ਕੋਈ ਆਨੰਦ ਅਤੇ ਸਵਾਦ ਹੀ ਆਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। ਜਸਬੀਰ ਵਾਟਾਂਵਾਲੀਆ
  18. ਚੰਨ ਭਾਵੇਂ ਨਿੱਤ ਚੜ੍ਹਦਾ, ਸਾਨੂੰ ਸੱਜਣਾਂ ਬਾਝ ਹਨੇਰਾ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਆਪਣੇ ਪਿਆਰੇ ਦੀ ਘਾਟ ਕੋਈ ਨਹੀਂ ਪੂਰੀ ਕਰ ਸਕਦਾ।
  19. ਚੰਬੇ ਦੀ ਹਾਕ, ਗੁਲੇਰ ਦੀ ਫੱਕ, ਤੇ ਨੂਰਪੁਰ ਦੀ ਗੱਪ। ਇਹ ਅਖਾਣ ਵੱਖ-ਵੱਖ ਥਾਵਾਂ ਦੇ ਲੋਕਾਂ ਦੇ ਸੁਭਾਅ ਅਤੇ ਚੀਜ਼ਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਪ੍ਰਗਟਾਉਣ ਲਈ ਬੋਲਿਆ ਜਾਂਦਾ ਹੈ।
  20. ਚੰਮ ਚਮਿਆਰਾਂ ਦੇ ਮੱਥੇ। ਜਦੋਂ ਕਿਸੇ ਨੂੰ ਮੁੜ-ਮੁੜ ਕੇ ਕੋਈ ਨੀਵੇਂ ਪੱਧਰ ਦਾ ਕੰਮ ਜਾਂ ਹਾਲਾਤ ਦਾ ਸਾਹਮਣਾ ਕਰਨਾ ਪਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  21. ਚਮਗਿੱਦੜਾਂ ਘਰ ਆਏ ਪ੍ਰਾਹੁਣੇ, ਕਹਿੰਦੇ ਜਹਾਂ ਹਮ ਲਟਕੇ, ਵਹਾਂ ਤੁਮ ਲਟਕੋ। ਇਹ ਅਖਾਣ ਹਾਸੇ-ਠੱਠੇ ਅਤੇ ਵਿਅੰਗ ਵਜੋਂ ਬੋਲਿਆ ਜਾਂਦਾ ਹੈ। ਅਖਾਣ ਦੇ ਭਾਵ ਅਰਥ ਅਨੁਸਾਰ ਜਿੱਦਾਂ ਦਾ ਵਿਅਕਤੀ ਖੁਦ ਹੋਵੇਗਾ ਉਹ ਘਰ ਆਏ ਮਹਿਮਾਨਾਂ ਦੀ ਉਦਾਂ ਦੀ ਆਓ ਭਗਤ ਕਰੇਗਾ।
  22. ਚਮਿਆਰ ਗਿਆ ਪਰਿਵਾਰ, ਉਹਨੂੰ ਉੱਥੇ ਵੀ ਵਗਾਰ। ਜਦੋਂ ਕਿਸੇ ਵਿਅਕਤੀ ਨੂੰ ਬੇਵਜਹਾ ਵਗਾਰਾਂ ਭਰਨੀਆਂ ਪੈਣ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  23. ਚਮੂਣਾ ਟੱਪੂ, ਕਿਹੜਾ ਪਹਾੜ ਢਾਹ ਦੇਊ। ਜਦੋਂ ਕਿਸੇ ਵਿਅਕਤੀ ਦੇ ਗੁੱਸਾ ਕਰਨ ਨਾਲ ਕਿਸੇ ਨੂੰ ਕੋਈ ਫਰਕ ਨਾ ਪਵੇ ਪਰ ਉਹ ਗੁੱਸਾ ਕਰਦਾ ਰਹੇ ਤਾਂ ਤਨਜ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  24. ਚਰਖਾ ਰਾਜ, ਕਸੀਦਾ ਰਾਣੀ, ਚੱਕੀ ਪੀਠੇ ਦੋਜਕ ਜਾਣੀ। ਪੁਰਾਣੇ ਸਮੇਂ ਵਿੱਚ ਚਰਖਾ ਕੱਤਣ ਨੂੰ ਰਾਜ ਕਰਨ ਦੇ ਬਰਾਬਰ ਸਮਝਿਆ ਜਾਂਦਾ ਸੀ ਅਤੇ ਕਸੀਦਾ ਕੱਢਣ ਨੂੰ ਰਾਣੀ ਹੋਣ ਦੇ ਬਰਾਬਰ ਸਤਿਕਾਰ ਦਿੱਤਾ ਜਾਂਦਾ ਸੀ ਅਤੇ ਚੱਕੀ ਪੀਸਣ ਨੂੰ ਨਰਕ ਦੇ ਬਰਾਬਰ ਦੱਸਿਆ ਜਾਂਦਾ ਸੀ। ਇਹ ਅਖਾਣ ਪੁਰਾਣੇ ਸਮਿਆਂ ਵਿੱਚ ਕੰਮਾਂ ਦੀ ਅਹਿਮੀਅਤ ਅਤੇ ਮੁਸ਼ਕਲ ਨੂੰ ਦਰਸਾਉਣ ਲਈ ਬੋਲਿਆ ਜਾਂਦਾ ਸੀ।
  25. ਚੱਲ ਸੱਸੀਏ ਘਰ ਮੇਰਾ, ਤੂੰ ਸਾਂਭਿਆ ਬਥੇਰਾ। ਇਹ ਅਖਾਣ ਸੱਸ ਦੀ ਚੌਧਰ ਖਤਮ ਹੋਣ ਅਤੇ ਨੂੰਹ ਦੀ ਚੌਧਰ ਸ਼ੁਰੂ ਹੋਣ ਦੇ ਵੇਲੇ ਨੂੰ ਦਰਸਾਉਣ ਲਈ ਬੋਲਿਆ ਜਾਂਦਾ ਸੀ। ਇਸ ਅਖਾਣ ਨੂੰ ਹਾਸੇ-ਠੱਠੇ ਵਜੋਂ ਵੀ ਬੋਲਿਆ ਜਾਂਦਾ ਹੈ।।
  26. ਚੱਲਣ ਦੇ ਮਾਈ, ਸਣੇ ਮਲਾਈ, ਸਾਧਾਂ ਨੂੰ ਕੀ ਸਵਾਦਾਂ ਨਾਲ। ਇਹ ਅਖਾਣ ਹਾਸੇ-ਠੱਠੇ ਅਤੇ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਵਿਅਕਤੀ ਚੰਗਾ-ਚੋਸਾ ਖਾਈ ਵੀ ਜਾਵੇ ਅਤੇ ਉਪਰੋਂ-ਉਪਰੋਂ ਇਹ ਕਹੇ ਕਿ ਉਹ ਤਾਂ ਫਕੀਰ ਬਿਰਤੀ ਦਾ ਮਾਲਕ ਹੈ ਅਤੇ ਉਸ ਨੂੰ ਸਵਾਦਾਂ ਨਾਲ ਕੋਈ ਮਤਲਬ ਨਹੀਂ।
  27. ਚੱਲਦੀ ਦਾ ਨਾਂ ਗੱਡੀ । ਇਸ ਅਖਾਣ ਦੇ ਭਾਵ ਅਰਥ ਅਨੁਸਾਰ ਚਲਦਾ ਕਾਰੋਬਾਰ ਅਤੇ ਚੜਦੀ ਕਲਾ ਨੂੰ ਹੀ ਸਲਾਮਾਂ ਹੁੰਦੀਆਂ ਨੇ ਅਤੇ ਹਰ ਕਿਸੇ ਨੂੰ ਚੰਗੀ ਲੱਗਦੀ ਹੈ।
  28. ਚੱਲਦੀ-ਫਿਰਦੀ ਨਾ ਮਰੇ ਤੇ ਬੈਠੀ ਮਰੇ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਦੋਂ ਮਨੁੱਖ ਕਿਰਿਆਸ਼ੀਲ ਰਹਿੰਦਾ ਹੈ ਤਾਂ ਉਹ ਤੰਦਰੁਸਤ ਰਹਿੰਦਾ ਹੈ ਅਤੇ ਜਦੋਂ ਉਹ ਢੇਰੀ ਢਾਹ ਕੇ ਬੈਠ ਜਾਂਦਾ ਹੈ ਤਾਂ ਉਹ ਖੁਦ ਹੀ ਮੌਤ ਨੂੰ ਸੱਦਾ ਦਿੰਦਾ ਹੈ।
  29. ਚੱਲ੍ਹਾ ਅੱਗ ਨਾਲ ਨਹੀਂ ਭਰਦਾ ਅਤੇ ਮਾਂ ਪੁੱਤਾਂ ਨਾਲ ਨਹੀਂ ਰੱਜਦੀ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਔਰਤ ਦੇ ਅੰਦਰ ਪੁੱਤਾਂ ਦੀ ਭੁੱਖ ਕਦੇ ਪੂਰੀ ਨਹੀਂ ਹੁੰਦੀ ਭਾਵੇਂ ਉਸਦੇ ਕਿੰਨੇ ਵੀ ਪੁੱਤਰ ਕਿਉਂ ਨਾ ਹੋ ਜਾਣ।
  30. ਚੜ੍ਹ ਗਿਆ ਪੋਹ, ਤਵਾ ਲਾਹ ਤੇ ਤੌੜੀ ਧੋਹ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਪੋਹ ਮਹੀਨੇ ਦੇ ਵਿੱਚ ਦਿਨ ਬਹੁਤ ਛੋਟੇ ਹੋ ਜਾਂਦੇ ਹਨ ਇਕ ਵੇਲੇ ਦੀ ਰੋਟੀ-ਪਾਣੀ ਦਾ ਕੰਮ ਅਜੇ ਖਤਮ ਨਹੀਂ ਹੁੰਦਾ ਅਤੇ ਦੂਜੇ ਡੰਗ ਦੀ ਰੋਟੀ-ਪਾਣੀ ਦਾ ਕੰਮ ਸ਼ੁਰੂ ਹੋ ਜਾਂਦਾ ਹੈ।
  31. ਚੜ੍ਹ ਗਿਆ ਪੋਹ, ਬਚਣਗੇ ਉਹ, ਜਿਹੜੇ ਸੌਣਗੇ ਦੋ। ਇਹ ਅਖਾਣ ਕੁਆਰੇ ਬੰਦਿਆਂ ਉੱਤੇ ਵਿਅੰਗ ਕੱਸਣ ਵਜੋਂ ਬੋਲਿਆ ਜਾਂਦਾ ਹੈ। ਅਖਾਣ ਦੇ ਭਾਵ ਅਰਥ ਅਨੁਸਾਰ ਪੋਹ ਦੇ ਮਹੀਨੇ ਵਿੱਚ ਦੋ ਜਣੇ ਨਿੱਘੇ ਹੋ ਕੇ ਸੌਂ ਸਕਦੇ ਹਨ ਅਤੇ ਇਕੱਲਾ ਬੰਦਾ ਠੰਡ ਦੇ ਨਾਲ ਠੁਰ-ਠੁਰ ਕਰਦਾ ਰਹਿੰਦਾ ਹੈ।
  32. ਚੜ੍ਹਿਆ ਸੂਰਜ ਦੇਵਤਾ, ਨੌਂ ਖੰਡੈ ਧਾਰੀ, ਰਾਤੀਂ ਚੜ੍ਹਿਆ ਬੋਂਡੀ, ਉਹਨੇ ਪਾਲੇ ਮਾਰੀ। ਇਹ ਅਖਾਣ ਤਕੜੇ ਅਤੇ ਮਾੜੇ ਦਾ ਮੁਕਾਬਲਾ ਕਰਨ ਮੌਕੇ ਹਾਸੇ-ਠੱਠੇ ਅਤੇ ਵਿਅੰਗ ਵਜੋਂ ਬੋਲਿਆ ਜਾਂਦਾ।
  33. ਚੜ੍ਹਿਆ ਸੌ, ਤੇ ਲੱਥਾ ਭਉ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਵਿਅਕਤੀ ਨੂੰ ਕਰਜ਼ ਲੈ ਕੇ ਐਸ਼ ਕਰ ਰਿਹਾ ਹੋਵੇ ਅਤੇ ਕਰਜ਼ਾ ਮੋੜਨ ਬਾਰੇ ਉਸ ਨੂੰ ਕੋਈ ਚਿੰਤਾ ਨਾ ਹੋਵੇ।
  34. ਚੜ੍ਹਿਆ ਚੰਦ ਨਾ ਕੋਈ ਲਕੋਵੈ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਕੀਤਾ ਹੋਇਆ ਹਰ ਚੰਗਾ ਮਾੜਾ ਕਰਮ ਲੁਕਦਾ ਨਹੀਂ ਹੈ।
  35. ਚਾਓ ਕੁਹਾਰੋ ਡੋਲੀ, ਆਹ ਚੁੜੇਲ ਕਿੱਥੋਂ ਬੋਲੀ। ਜਦੋਂ ਕੋਈ ਵਿਅਕਤੀ ਸ਼ੁੱਭ ਕੰਮ ਕਰਦੇ ਸਮੇਂ ਭੈੜੀ ਅਤੇ ਅਸ਼ੁੱਭ ਗੱਲ ਕਰੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  36. ਚਾਹ, ਸੇਵੀਆਂ, ਮੰਡੇ, ਕੰਮ ਨਹੀਂ ਆਉਂਦੇ ਠੰਢੇ। ਇਸ ਅਖਾਣ ਦੇ ਭਾਵ ਅਰਥ ਅਨੁਸਾਰ, ਇਹ ਖਾਣ-ਪੀਣ ਵਾਲੀਆਂ ਚੀਜ਼ਾਂ ਠੰਢੀਆ ਹੋ ਜਾਣ ਤਾਂ ਸੁਵਾਦ ਨਹੀਂ ਦਿੰਦੀਆਂ।
  37. ਚਾਹੇ ਮਾਰੋ, ਚਾਹੇ ਛੱਡੋ, ਚਾਹੇ ਵਿੱਚ ਚੌਰਾਹੇ ਵੱਢੋ। ਜਦੋਂ ਕੋਈ ਵਿਅਕਤੀ ਆਪਣੀ ਸੱਚਾਈ ਨੂੰ ਪ੍ਰਗਟਾਉਣ ਲਈ ਅਟੱਲਤਾ ਅਤੇ ਦ੍ਰਿੜਤਾ ਨਾਲ ਖੜਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  38. ਚਾਚਾ ਆਖਿਆਂ, ਪੰਡ ਕੋਈ ਨਹੀਂ ਚੁੱਕਦਾ। ਜਦੋਂ ਕੋਈ ਵਿਅਕਤੀ ਚਲਾਕੀ ਨਾਲ ਕੰਮ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਤਾਂ ਇਹ ਅਖਾਣ ਵਿਅੰਗ ਵਜੋਂ ਵੀ ਬੋਲਿਆ ਜਾਂਦਾ ਹੈ।
  39. ਚਾਦਰ ਵੇਖ ਕੇ ਪੈਰ ਪਸਾਰੋ, ਚਾਦਰ ਵੇਖ ਲੱਤਾਂ ਲਮਿਆਰੋ। ਜਦੋਂ ਸਿੱਖਿਆ ਦੇਣੀ ਹੋਵੇ ਕਿ ਖਰਚਾ ਆਮਦਨ ਦੇ ਹਿਸਾਬ ਨਾਲ ਹੀ ਕਰਨਾ ਚਾਹੀਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  40. ਚਾਰ ਦਿਨ ਸ਼ੌਂਕ ਦੇ, ਤੇ ਪਿੱਛੋਂ ਕੁੱਤੇ ਭੌਂਕਦੇ। ਜਦੋਂ ਦੱਸਣਾ ਹੋਵੇ ਕਿ ਨਵੇਂ-ਨਵੇਂ ਰਿਸ਼ਤੇ ਦਾ ਜਾਂ ਚੀਜ਼ਾਂ ਦਾ ਹੀ ਚਾਅ ਚਾਰ ਕੁ ਦਿਨ ਹੀ ਹੁੰਦਾ ਹੈ ਪੁਰਾਣੀ ਹੋਣ ’ਤੇ ਹਰ ਚੀਜ਼ ਦੀ ਬੇਕਦਰੀ ਹੋ ਜਾਂਦੀ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  41. ਚਾਰ ਦਿਨਾਂ ਦੀ ਚਾਨਣੀ, ਫੇਰ ਹਨੇਰੀ ਰਾਤ। ਜਦੋਂ ਦੱਸਣਾ ਹੋਵੇ ਕਿ ਹੁਸਨ ਜਾਂ ਜਵਾਨੀ ਥੋੜ੍ਹਾ ਚਿਰ ਹੀ ਰਹਿੰਦੇ ਹਨ ਜਾਂ ਚੀਜ਼ਾਂ ਦੀ ਚਮਕ ਬਹੁਤੀ ਦੇਰ ਨਹੀਂ ਹੁੰਦੀ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  42. ਚਾਰ ਬੁਲਾਏ 14 ਆਏ, ਡਾਲ ਦਾਲ਼ ਮੇਂ ਪਾਣੀ , ਲੱਕੜੀ ਹੋਰ ਲਗਾਏ। ਜਦੋਂ ਕਿਸੇ ਨੇ ਆਪਣੇ ਘਰ ਬਲਾਵਾ ਤਾਂ ਥੋੜੇ ਲੋਕਾਂ ਨੂੰ ਦਿੱਤਾ ਹੋਵੇ ਪਰ ਘਰ ਬਹੁਤੇ ਮਹਿਮਾਨ ਆ ਜਾਣ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  43. ਚਾਰੇ ਚੱਕ ਜਗੀਰਾਂ। ਜਦੋਂ ਕਿਸੇ ਦੇ ਹਰ ਪਾਸੇ ਵਾਰੇ-ਨਿਆਰੇ ਹੋਣ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  44. ਚਾਰੇ ਮੁਠੀਆਂ ਖੇਹ। ਜਦੋਂ ਕਿਸੇ ਨੂੰ ਹਰ ਪਾਸਿਓ ਘਾਟਾ ਪਵੇ ਜਾਂ ਬਦਨਾਮੀ ਮਿਲੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  45. ਚਿਹਰਾ ਦਿਲ ਦਾ ਗਵਾਹ। ਜਦੋਂ ਦੱਸਣਾ ਹੋਵੇ ਕਿ ਮਨੁੱਖ ਦੇ ਮਨ ਦਾ ਭਾਵ ਉਸ ਦੇ ਚਿਹਰੇ ਤੋਂ ਝਲਕ ਪੈਂਦੈ ਹਨ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  46. ਚਿੱਟਿਆਂ ਦੰਦਾਂ ਦਾ ਹਾਸਾ, ਜਿਉਂ ਪਾਣੀ ਵਿੱਚ ਪਤਾਸਾ। ਇਹ ਅਖਾਣ ਦੇ ਭਾਵ ਅਰਥ ਅਨੁਸਾਰ ਹੁਸਨ ਅਤੇ ਜਵਾਨੀ ਛਲਾਵੇ ਵਾਂਗ ਹੁੰਦੇ ਹਨ ਇਨ੍ਹਾਂ ਦੇ ਖਤਮ ਹੁੰਦਿਆ ਸਮਾਂ ਨਹੀਂ ਲੱਗਦਾ।
  47. ਚਿੱਟੀਆਂ ਕਬਰਾਂ, ਫੁੱਲਾਂ ਨਾਲ ਭਰੀਆਂ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਵੱਡੇ ਲੋਕਾਂ ਦੀ ਕਦਰ ਮਰਨ ਤੋਂ ਬਾਅਦ ਵੀ ਹੁੰਦੀ ਹੈ।
  48. ਚਿੱਟੇ ਕੱਪੜੇ ਤੇ ਖੀਸਾ ਖਾਲੀ। ਜਦੋਂ ਕੋਈ ਵਿਅਕਤੀ ਭੇਸ ਸੋਹਣਾ ਬਣਾ ਕੇ ਪਰ ਨੀਅਤ ਦਾ ਨੰਗ ਹੋਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  49. ਚਿੱਟੇ ਜਿਨ੍ਹਾਂ ਕੇ ਕੱਪੜੇ, ਮੈਲੇ ਚਿੱਤ ਕਠੋਰ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜੋ ਲੋਕ ਬਾਹਰੀ ਭੇਖ ਸੋਹਣਾ ਬਣਾ ਕੇ ਰੱਖਦੇ ਹਨ, ਉਨ੍ਹਾ ਦੇ ਚਿੱਤ ਕਠੋਰ ਹੁੰਦੇ ਹਨ।
  50. ਚਿੱਟੇ ਵਾਲ, ਮੌਤ ਦਾ ਸੁਨੇਹਾ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਦੋਂ ਚਿੱਟੇ ਵਾਲ ਆ ਜਾਣ ਉਦੋਂ ਅੰਤਲਾ ਵੇਲਾ ਨੇੜੇ ਆ ਜਾਂਦਾ ਹੈ। ਇਸ ਨੂੰ ਬਿਆਨ ਕਰਦੇ ਹੋਏ ਬਾਬਾ ਫਰੀਦ ਲਿਖਦੇ ਹਨ ਕਿ – ਦੇਖ ਫਰੀਦਾ ਜੇ ਥੀਆ ਦਾੜ੍ਹੀ ਹੋਈ ਭੂਰ ਅੱਗਾ ਨੇੜੇ ਆਇਆ ਪਿੱਛਾ ਰਹਿਆ ਦੂਰ।
  51. ਚਿੰਤਾ ਚਿਖਾ ਬਰਾਬਰੀ, ਨਾ ਸਹਿ ਸਕੇ ਸਰੀਰ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਚਿੰਤਾ ਮਨੁੱਖ ਲਈ ਘਾਤਕ ਹੁੰਦੀ ਹੈ ਅਤੇ ਚਿੰਤਾ ਵਿਚ ਗ੍ਰੱਸਿਆ ਮਨੁੱਖ ਚਿਖਾ ’ਤੇ ਲਿਟੇ ਮਨੁੱਖ ਵਾਂਗ ਹੁੰਦਾ ਹੈ। ਚਿੰਤਾ ਮਨੁੱਖ ਨੂੰ ਉਵੇਂ ਹੀ ਲੀਰਾਂ-ਲੀਰਾਂ ਕਰ ਦਿੰਦੀ ਹੈ ਜਿਵੇ ਕੇਲੇ ਦੇ ਪੱਤਿਆਂ ਨੂੰ ਕਰੀਰ ਦਾ ਰੁੱਖ ਨੇੜੇ ਹੋਣ ਕਰਕੇ ਲੀਰੋ-ਲੀਰ ਕਰ ਦਿੰਦਾ ਹੈ। ਇਸ ਅਖਾਣ ਨੂੰ ਇੰਝ ਵੀ ਬੋਲਿਆ ਜਾਂਦਾ ਹੈ।
  52. ਚਿੰਤਾ ਚਿਖਾ ਬਰੋਬਰੀ, ਕੇਲੇ ਮੁੱਢ ਕਰੀਰ, ਉਹ ਝੂਲੇ ਉਹ ਪੱਛੀਏ, ਚੋਟਾਂ ਸਹੇ ਸਰੀਰ।
  53. ਚਿੜੀ ਵਿਚਾਰੀ ਕੀ ਕਰੇ? ਠੰਡਾ ਪਾਣੀ ਪੀ ਮਰੇ। ਜਦੋਂ ਕਿਸੇ ਵਿਚਾਰੇ ਮਨੁੱਖ ਦੀ ਕੋਈ ਵਾਹ-ਪੇਸ਼ ਨਾ ਜਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  54. ਚਿੜੀਆਂ ਦਾ ਮਰਨਾ, ਗਵਾਰਾਂ ਦਾ ਹਾਸਾ। ਜਦੋਂ ਕੋਈ ਮਜ਼ਬੂਰ ਮਨੁੱਖ ਕਿਸੇ ਗੰਭੀਰ ਸਮੱਸਿਆ ਵਿਚ ਫਸਿਆ ਹੋਵੇ ਪਰੰਤੂ ਕੋਈ ਮੂਰਖ ਮਨੁੱਖ ਉਸ ਦੀ ਸਥਿਤੀ ’ਤੇ ਹੱਸ ਰਿਹਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  55. ਚੀਚੀ ’ਤੇ ਨਰਾਇਣ। ਜਦੋਂ ਕਿਸੇ ਵਿਅਕਤੀ ਕੋਲ ਵਿਅਕਤੀ ਕੋਈ ਕੀਮਤੀ ਵਸਤੂ, ਗੁਣ ਜਾਂ ਤਾਕਤ ਆ ਜਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਇਹ ਅਖਾਣ ਵਿਅੰਗ ਵਜੋਂ ਵੀ ਬੋਲਿਆ ਜਾਂਦਾ ਹੈ।
  56. ਚੀਚੀ ਦਾ ਪਹਾੜ ਨਹੀਂ ਬਣਾਈਦਾ। ਜਦੋਂ ਕੋਈ ਵਿਅਕਤੀ ਕਿਸੇ ਮਾਮੂਲੀ ਗੱਲ ਨੂੰ ਵਧਾ-ਚੜ੍ਹਾ ਕੇ ਦੱਸੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  57. ਚੁਗਲਾਂ ਦਾ ਮੂੰਹ ਕਾਲਾ। ਚੁਗਲੀ ਕਰਨ ਵਾਲੇ ਵਿਅਕਤੀ ਨੂੰ ਨਹੋਰਾ ਮਾਰਨ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  58. ਚੁੱਪ ਸੁਨਹਿਰੀ ਤੇ ਬੋਲ ਦੁਪਹਿਰੀ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਚੁੱਪ ਰਹਿਣ ਦੇ ਅਨੇਕਾਂ ਫਾਇਦੇ ਹੁੰਦੇ ਹਨ ਅਤੇ ਬੇਵਕਤੀ ਬੋਲਣ ਦੇ ਨੁਕਸਾਨ।
  59. ਚੁੱਪ, ਅੱਧੀ ਹਾਂ। ਖਾਸ ਜਵਾਬਦੇਹੀ ਮੌਕੇ ਜਦੋਂ ਕੋਈ ਚੁੱਪ ਰਹੇ ਤਾਂ ਇਸ ਅਖਾਣ ਦੇ ਭਾਵ ਅਰਥ ਅਨੁਸਾਰ ਉਸ ਦੀ ਹਾਂ ਸਮਝੀ ਜਾਂਦੀ ਹੈ।
  60. ਚੁਪਾਏ ਦੀ ਰਾਖੀ ਹੋ ਸਕਦੀ ਹੈ, ਪਰ ਦੁਪਾਏ ਦੀ ਨਹੀਂ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਚਾਰ ਪੈਰਾਂ ਵਾਲੇ ਜਾਨਵਰ ਨੂੰ ਕਾਬੂ ਕੀਤਾ ਜਾ ਸਕਦਾ ਹੈ ਪਰ ਦੋ ਪੈਰਾਂ ਵਾਲੇ ਬੰਦੇ ਨੂੰ ਨਹੀਂ।
  61. ਚੁੱਲੇ ਦੀ ਗੂੰਜ 50 ਕੋਹ ਤੱਕ ਜਾਂਦੀ ਐ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਘਰ ਆਏ ਮਹਿਮਾਨ ਦੀ ਚੰਗੀ ਟਹਿਲ-ਸੇਵਾ ਅਤੇ ਖਵਾਏ ਗਏ ਸੋਹਣੇ ਰੋਟੀ-ਟੁੱਕ ਦੀ ਸੋਭਾ ਦੂਰ-ਦੂਰ ਤੱਕ ਪਹੁੰਚ ਜਾਂਦੀ ਹੈ।
  62. ਚੁੱਲੇ ਵਿੱਚੋਂ ਨਿਕਲੇ, ਤੇ ਭੱਠ ਵਿੱਚ ਪਏ। ਜਦੋਂ ਕਿਸੇ ਨਾਲ ਵਾਹ-ਵਾਸਤਾ ਨਾ ਰੱਖਣਾ ਹੋਵੇ ਅਤੇ ਉਸ ਨੂੰ ਭੈੜਾ ਨਹੋਰਾ ਮਾਰਨ ਲਈ ਇਹ ਅਖਾਣ ਬੋਲਿਆ ਜਾਂਦਾ ਹੈ।
  63. ਚੁੱਲ੍ਹੇ ਪਿੱਛੇ ਪਰਦੇਸ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਮਨੁੱਖ ਜਦੋਂ ਘਰ ਤੋਂ ਦੂਰ ਹੋ ਜਾਵੇ ਤਾਂ ਉਸ ਦਾ ਘਰ ਤੋਂ ਦੂਰ ਹੋਣਾ ਪਰਦੇਸ ਦੇ ਨਿਆਈਂ ਹੁੰਦਾ ਹੈ।
  64. ਚੂਹੜਾ 35 ਪੜ ਗਿਆ, ਮਿੱਸਾ ਟੁੱਕ ਨਾ ਖਾਇ। ਇਸ ਅਖਾਣ ਵਿੱਚ ਜਾਤ-ਪਾਤ ਦਾ ਪ੍ਰਗਟਾਵਾ ਮਿਲਦਾ ਹੈ ਅਤੇ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਨੀਵੇਂ ਪੱਧਰ ਦਾ ਮਨੁੱਖ ਥੋੜਾ ਜਿਹਾ ਗਿਆਨ ਹਾਸਲ ਕਰਕੇ ਹੰਕਾਰ ਵਿੱਚ ਆ ਜਾਵੇ।
  65. ਚੂਹੜਾ ਲਿੱਚ ਗੜਿਚੀਆਂ, ਨਾ ਧਰਤੀ ਨਾ ਅਸਮਾਨ। ਇਸ ਅਖਾਣ ਵਿੱਚ ਵੀ ਜਾਤ-ਪਾਤ ਦਾ ਪ੍ਰਗਟਾਵਾ ਮਿਲਦਾ ਹੈ ਅਤੇ ਅਖਾਣ ਦੇ ਭਾਵ ਅਰਥ ਅਨੁਸਾਰ ਖਾਸ ਜਾਤ ਦੀ ਵਿਅਕਤੀ ਖਾਸ ਬਿਰਤੀ ਅਤੇ ਬੁਰੀਆਂ ਆਦਤਾਂ ਦੇ ਮਾਲਕ ਹੁੰਦੇ ਹਨ।
  66. ਚੂਹੜਿਆਂ ਆਖੇ, ਢੋਰ ਨਹੀਂ ਮਰਦੇ। ਇਸ ਅਖਾਣ ਵਿੱਚ ਵੀ ਜਾਤ-ਪਾਤ ਦਾ ਪ੍ਰਗਟਾਵਾ ਮਿਲਦਾ ਹੈ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਨੂੰ ਦੱਸਣਾ ਹੋਵੇ ਕਿ ਕਿਸੇ ਦੇ ਭੈੜਾ ਸੋਚਿਆ ਕਿਸੇ ਦਾ ਕੁਝ ਨਹੀਂ ਵਿਗੜਦਾ।
  67. ਚੂਹੜਿਆਂ ਦੀ ਸ਼ਾਦੀ, ਤੇ ਜਾਂਝੀ ਕੁੱਤੇ। ਇਸ ਅਖਾਣ ਵਿੱਚ ਵੀ ਜਾਤ-ਪਾਤ ਦਾ ਪ੍ਰਗਟਾਵਾ ਮਿਲਦਾ ਹੈ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਭੈੜੇ ਬੰਦਿਆਂ ਨਾਲ ਹੋਰ ਵੀ ਭੈੜੇ ਬੰਦੇ ਇਕੱਠੇ ਹੋ ਕੇ ਤੁਰ ਪੈਣ।
  68. ਚੂਹੜਿਆਂ ਦੀ ਜੰਝ ਵਿੱਚ, ਸਭੇ ਸਾਊ। ਇਸੇ ਅਖਾਣ ਵਿੱਚ ਵੀ ਜਾਤ-ਪਾਤ ਦਾ ਪ੍ਰਗਟਾਵਾ ਮਿਲਦਾ ਹੈ ਅਤੇ ਇਹ ਅਖਾਣ ਵੀ ਭੈੜੇ ਬੰਦਿਆਂ ਉੱਤੇ ਵਿਅੰਗ ਕਰਨ ਦੇ ਲਈ ਬੋਲਿਆ ਜਾਂਦਾ ਹੈ।
  69. ਚੂਹੜਿਆਂ ਦੀ ਜੋਗ ਚਮਾਰ ਲੈ ਜਾਣ, ਸਾਨੂੰ ਕੀ। ਇਹ ਅਖਾਣ ਵੀ ਜਾਤ ਪਾਤ ਦੇ ਪ੍ਰਗਟਾਵੇ ਵਿੱਚੋਂ ਬੋਲਿਆ ਜਾਂਦਾ ਹੈ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਵਿਅਕਤੀ ਨਾਲ ਕੋਈ ਸਬੰਧ ਜਾਂ ਉਸਦੇ ਦੁਖ ਸੁਖ ਅਤੇ ਫਾਇਦੇ ਨੁਕਸਾਨ ਦੀ ਕੋਈ ਪਰਵਾਹ ਨਾ ਹੋਵੇ।
  70. ਚੂਹੜਿਆਂ ਦੇ ਪਠਾਣ ਵਗਾਰੀ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਚੜ੍ਹਦੇ ਨੂੰ ਚੜ੍ਹਦਾ ਟੱਕਰ ਜਾਵੇ ਇਸ ਅਖਾਣ ਵਿੱਚੋਂ ਵੀ ਜਾਤ-ਪਾਤ ਦਾ ਪ੍ਰਗਟਾਵਾ ਮਿਲਦਾ ਹੈ।
  71. ਚੂਹੜਿਆਂ ਦੇ ਵੇਹੜੇ ਚੜੇਲ ਆਈ, ਉਨ੍ਹਾਂ ਹੱਥ ਲਾ-ਲਾ ਮਾਰ ਮੁਕਾਈ। ਇਸ ਅਸਥਨ ਵਿੱਚੋਂ ਜਾਤ ਪਾਤ ਦੇ ਨਾਲ ਜੁੜੀ ਕਟਾਕਸ਼ ਦਾ ਪ੍ਰਗਟਾਵਾ ਮਿਲਦਾ ਹੈ। ਜਸਬੀਰ ਵਾਟਾਂਵਾਲੀਆ।
  72. ਚੂਹੜੇ ਦੀ ਜਾਤ ਕਲੱਲੀ, ਚੜਿਆ ਤਾਪ ਤੇ ਮੰਗੇ ਛੱਲੀ। ਜਦੋਂ ਕੋਈ ਵਿਅਕਤੀ ਬੇਵਕਤੀ ਚੀਜ਼ ਖਾਣ ਦੀ ਮੰਗ ਕਰੇ ਤਾਂ ਵਿਅੰਗ ਵਜੋਂ ਇਹ ਬੋਲਿਆ ਜਾਂਦਾ ਹੈ ਇਸ ਅਖਾਣ ਵਿੱਚੋਂ ਵੀ ਜਾਤ ਪਾਤ ਦਾ ਪ੍ਰਗਟਾਵਾ ਮਿਲਦਾ ਹੈ।
  73. ਚੂਹੜੇ ਦੀ ਧੀ, ਚਮਿਆਰ ਦੇ ਵੱਸੇ ਸਾਨੂੰ ਕੀ? ਇਸ ਅਖਾਣ ਵਿੱਚ ਵੀ ਜਾਤ-ਪਾਤ ਦਾ ਪ੍ਰਗਟਾਵਾ ਮਿਲਦਾ ਹੈ। ਜਦੋਂ ਕਿਸੇ ਨਾਲ ਕੋਈ ਮਤਲਬ ਨਾ ਹੋਵੇ ਅਤੇ ਕਿਸੇ ਵਿਅਕਤੀ ਦੀ ਸਮਾਜਿਕ ਮਾਨ ਮਰਿਆਦਾ ਦੇ ਨੁਕਸਾਨ ਹੋਣ ਦਾ ਕਿਸੇ ਨੂੰ ਕੋਈ ਫਰਕ ਨਾ ਪਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  74. ਚੂਹੜੇ ਨਾਲ, ਖੱਤਰੀ ਦਾ ਘੋਲ਼। ਇਸ ਅਸਥਾਨ ਵਿੱਚ ਵੀ ਜਾਤ-ਪਾਤ ਦਾ ਪ੍ਰਗਟਾਵਾ ਮਿਲਦਾ ਹੈ, ਅਤੇ ਜਦੋਂ ਦੋ ਭੈੜੇ ਅਤੇ ਵਿਰੋਧੀ ਵਿਅਕਤੀ ਆਪਸ ਵਿੱਚ ਭਿੜ ਰਹੇ ਹੋਣ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।———————————————————————————————————————————————-
    (ਨੋਟ- ਇਸ ਚੈਪਟਰ ਵਿਚ ਮੌਜੂਦ ਅਨੇਕਾਂ ਅਖਾਣਾ ਵਿਚ ਜਾਤ-ਪਾਤ ਦਾ ਪ੍ਰਗਟਾਵਾ ਕੀਤਾ ਗਿਆ ਹੈ। ਜਾਤ-ਪਾਤ ਦਾ ਇਹ ਪਗਟਾਵਾ ਪੰਜਾਬੀ ਲੋਕ ਧਾਰਾ ਦੇ ਪਿਛੋਕੜ ਨੂੰ ਦਰਸਾਉਣ ਅਤੇ ਪੁਰਾਣੇ ਸਮੇ ਦੇ ਲੋਕਾਂ ਦੀ ਮਾਨਸਿਕਤਾ ਅਤੇ ਉਨ੍ਹਾਂ ਵੱਲੋਂ ਇਕ-ਦੂਜੇ ਨਾਲ ਕੀਤੇ ਜਾਂਦੇ ਹਾਸੇ-ਠੱਠੇ ਨੂੰ ਸਮਝਣ ਲਈ ਕੀਤਾ ਗਿਆ ਹੈ। ਅਸੀਂਂ ਕਿਸੇ ਤਰ੍ਹਾਂ ਦੀ ਜਾਤ-ਪਾਤ ਹਾਮੀ ਨਹੀਂ ਹਾਂ ਅਤੇ ਨਾ ਹੀ ਇਹ ਪ੍ਰਗਟਾਵਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕੀਤਾ ਹੈ) – ਜਸਬੀਰ ਵਾਟਾਂਵਾਲੀਆ
    ————————————————————————————————————————————————————-
  75. ਚੂਹੇ ਤੋਂ ਡਰੇ, ਨਾ ਲੱਠ-ਮਾਰ। ਜਦੋਂ ਕੋਈ ਵਿਅਕਤੀ ਉੰਝ ਡਰਪੋਕ ਹੋਵੇ ਪਰ ਫੜ੍ਹ ਵੱਡੀ ਮਾਰ ਰਿਹਾ ਹੋਵੇ ਤਾਂ ਵਿਅੰਗ ਵਜੋਂ ਇਹ ਅੱਖਾਂਣ ਬੋਲਿਆ ਜਾਂਦਾ ਹੈ।
  76. ਚੂਹੇ ਨੂੰ ਹਲਦੀ ਦੀ ਗੰਢੀ ਲੱਭ ਗਈ, ਕਹਿੰਦਾ ਯਾਰ ਪੰਸਾਰੀ ਹੁੰਦੇ ਆ। ਜਦੋਂ ਕੋਈ ਨਕਾਰਾ ਵਿਅਕਤੀ ਕਿਸੇ ਮਮੂਲੀ ਚੀਜ਼ ਦੇ ਲੱਭਣ ਤੋਂ ਬਾਅਦ ਵੱਡਾ ਨਖਰਾ ਦਿਖਾਉਣ ਲੱਗ ਜਾਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  77. ਚੂੰ-ਚੜਾਕ ਕੀਤੀ ਤਾਂ ਸੂਲੀ। ਜਦੋਂ ਕਿਤੇ ਆਵਾਜ਼ ਚੁੱਕਣ ਦੀ ਜਾਂ ਸਿਰ ਚੁੱਕਣ ਦੀ ਆਜ਼ਾਦੀ ਨਾ ਹੋਵੇ ਅਤੇ ਅਜਿਹਾ ਕਰਨ ਉੱਤੇ ਕੋਈ ਵੱਡੀ ਸਜ਼ਾ ਮਿਲਦੀ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  78. ਚੂਨੇ ਗੱਚ ਕਬਰ, ਮੁਰਦਾ ਬੇਈਮਾਨ। ਜਦੋਂ ਕੋਈ ਵਿਅਕਤੀ ਮਰਨ ਕਿਨਾਰੇ ਹੋਵੇ ਪਰ ਠੱਗੀ-ਠੋਰੀ ਅਤੇ ਬੇਈਮਾਨੀ ਫਿਰ ਵੀ ਨਾ ਛੱਡੇ ਤਾਂ ਤਾਂ ਵਿਅੰਗ ਵਜੋਂ ਇਹ ਅੱਖਾਂ ਬੋਲਿਆ ਜਾਂਦਾ ਹੈ।
  79. ਚੂੜਿਓਂ ਮੁਸੱਲੀ ਕੀਤਾ, ਪਰ ਆਕੜ ਉਹਦੀ ਉਹਾ। ਇਸ ਅਖਾਣ ਵਿੱਚ ਵੀ ਜਾਤ ਪਾਤ ਦਾ ਪ੍ਰਗਟਾਵਾ ਮਿਲਦਾ ਹੈ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਵਿਅਕਤੀ ਚੰਗੇ ਦੀ ਭਾਲ ਵਿੱਚ ਪਹਿਲਾਂ ਵਾਲਾ ਵੀ ਗਵਾ ਬੈਠੇ।
  80. ਚੂੜੇ ਵਾਲੀ ਦੀ, ਚੂੜੇ ਵਾਲਾ ਹੀ ਬਾਂਹ ਫੜ੍ਹਦਾ। ਜਦੋਂ ਦੱਸਣਾ ਹੋਵੇ ਰਿਸ਼ਤੇ ਬਰਾਬਰ ਦਾ ਘਰ ਜਾਂ ਮਨੁੱਖ ਦੇਖ ਕੇ ਹੀ ਕੀਤੇ ਜਾਂਦੇ ਹਨ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  81. ਚੇਤ ਦੀ ਉਦਾਸੀ, ਤੇ ਕਵਾਰੀ ਨਿਕਲ ਜਾਸੀ। ਅਰਥ ਬਾਕੀ ਹੈ।
  82. ਚੇਤ ਵਿਸਾਖ ਭਾਉਣਾ ਚੰਗਾ, ਜੇਠ ਹਾੜ ਸਾਉਣਾ ਚੰਗਾ, ਅੱਸੂ ਕੱਤੇ ਥੋੜਾ ਖਾਈਏ, ਵੈਦਾਂ ਕੋਲੇ ਕਦੇ ਨਾ ਜਾਈਏ। ਇਹ ਅਖਾਣ ਤੰਦਰੁਸਤੀ ਦੀ ਨਸੀਹਤ ਦੇਣ ਵਜੋਂ ਬੋਲਿਆ ਜਾਂਦਾ ਹੈ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਚੇਤ ਅਤੇ ਵੈਸਾਖ ਦੇ ਮਹੀਨੇ ਵਿੱਚ ਖੂਬ ਘੁੰਮਣਾ ਫਿਰਨਾ ਅਤੇ ਸੈਰ ਕਰਨੀ ਚਾਹੀਦੀ ਹੈ। ਇਸੇ ਤਰਾਂ ਜੇਠ ਅਤੇ ਹਾੜ੍ਹ ਦੇ ਮਹੀਨੇ ਵਿੱਚ ਜਿਆਦਾ ਸੌਣਾ ਚੰਗਾ ਹੁੰਦਾ ਹੈ ਅਤੇ ਅੱਸੂ-ਕੱਤੇ ਦੇ ਮਹੀਨੇ ਵਿੱਚ ਥੋੜਾ ਖਾਣ ਦੀ ਨਸੀਹਤ ਦਿੱਤੀ ਜਾਂਦੀ ਹੈ।
  83. ਚੇਤਰ ਚਿੜੀ, ਵਿਸਾਖ ਲੁਗਾਈ, ਕੱਤਕ ਕੁੱਤੀ, ਮਾਘ ਬਿਲਾਈ। ਅਰਥ ਬਾਕੀ ਹੈ।
  84. ਚੇਲੇ, ਚਾੜ੍ਹਦੇ ਨਿੰਮ ‘ਤੇ ਕਰੇਲੇ। ਜਦੋਂ ਕਿਸੇ ਸਿੱਖਾਂਦਰੂ ਵਿਅਕਤੀ ਨੂੰ ਹੱਲਾਸ਼ੇਰੀ ਦੇਣੀ ਹੋਵੇ ਤਾਂ ਇਹ ਅਖਾਣ ਹਾਸੇ-ਠਠੇ ਅਤੇ ਵਿਅੰਗ ਵਜੋਂ ਬੋਲਿਆ ਜਾਂਦਾ ਹੈ।
  85. ਚੋਰ ਸਿ ਚੋਰਾ ਚੋਰ। ਇਹ ਅਖਾਣ ਗੁਰਬਾਣੀ ਦੀ ਪੰਕਤੀ ਹੈ, ਇਸ ਅਖਾਣ ਦੇ ਭਾਵ ਅਰਥ ਅਨੁਸਾਰ ਚੋਰ ਭਾਵੇਂ ਕਿਤੇ ਵੀ ਨਹਾ ਲੈਣ ਜਾ ਕੁਝ ਵੀ ਕਰ ਲੈਣ ਉਹਨਾਂ ਦੀ ਆਦਤ ਨਹੀਂ ਜਾਂਦੀ।
  86. ਚੋਰ ਕੀ ਹਾਮਾ ਭਰੇ ਨਾ ਕੋਇ। ਇਹ ਅਖਾਣ ਵੀ ਗੁਰਬਾਣੀ ਦੀ ਪੰਕਤੀ ਹੈ ਅਤੇ ਅਖਾਣ ਦੇ ਭਾਵ ਅਰਥ ਅਨੁਸਾਰ ਚੋਰ ਵਿਅਕਤੀ ਭਾਵ ਗੁਨਾਹਗਾਰ ਵਿਅਕਤੀ ਦੀ ਹਾਮੀ ਕੋਈ ਨਹੀਂ ਭਰਦਾ।
  87. ਚੋਰ ਖਿੜਕੀ, ਘਰ ਦਾ ਨਾਸ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਦੋਂ ਕੋਈ ਘਰ ਦਾ ਮੈਂਬਰ ਹੀ ਘਰ ਵਿੱਚੋਂ ਚੋਰੀ ਕਰਨ ਲੱਗ ਜਾਵੇ ਤਾਂ ਘਰ ਦਾ ਸੱਤਿਆਨਾਸ ਹੋ ਜਾਂਦਾ ਹੈ।
  88. ਚੋਰ ਜਾਂਞੀ, ਚੋਰ ਮਾਂਞੀ, ਚੋਰ ਵਿਆਹਵਣ ਆਏ। ਜਦੋਂ ਕਿਸੇ ਬੁਰੇ ਵਿਅਕਤੀ ਨੂੰ ਅੱਗੋਂ ਹੋਰ ਬੁਰੇ ਰਿਸ਼ਤੇਦਾਰ ਜਾਂ ਮਿੱਤਰ ਟੱਕਰ ਪੈਣ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  89. ਚੋਰ ਜਾਣੇ ਚੋਰ ਦੀ ਸਾਰ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਚੋਰਾਂ ਨੂੰ ਹੀ ਚੋਰਾਂ ਦੇ ਭੇਦ ਹੁੰਦੇ ਹਨ।
  90. ਚੋਰ ਤੇ ਲਾਠੀ ਦੋ ਜਾਣੇ, ਮੈਂ ਤੇ ਬਾਪੂ ਇਕੱਲੇ। ਇਹ ਅਖਾਣ ਹਾਸੇ-ਠਠੇ ਅਤੇ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਵਿਅਕਤੀ ਦੋ-ਚਾਰ ਜਾਣੇ ਹੋ ਕੇ ਵੀ ਇਕੱਲੇ-ਦੁਕੱਲੇ ਕੋਲੋਂ ਡਰਨ।
  91. ਚੋਰ ਦੀ ਦਾੜ੍ਹੀ ਵਿੱਚ ਤਿਣਕਾ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਚੋਰ ਦੇ ਹਾਵ-ਭਾਵ ਦੱਸ ਦਿੰਦੇ ਹਨ ਕਿ ਉਹ ਚੋਰ ਹੈ।
  92. ਚੋਰ ਦੀ ਮਾਂ ਕਦੋਂ ਤੱਕ ਖੈਰ ਮਨਾਊ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਚੋਰ ਨੇ ਇੱਕ ਨਾ ਇੱਕ ਦਿਨ ਜਰੂਰ ਫੜੇ ਜਾਣਾ ਹੁੰਦਾ ਹੈ ਭਾਵੇਂ ਉਹ ਕਿੰਨੇ ਵੀ ਪਾਪੜ ਕਿਉਂ ਨਾ ਵੇਲ ਲਵੇ ਅਤੇ ਉਸਦੀ ਮਾਂ ਕਿੰਨਾ ਵੀ ਉਸ ਦਾ ਬਚਾਅ ਕਰ ਲਵੇ।
  93. ਚੋਰ ਦੀ ਮਾਂ ਤੇ ਕੋਠੀ ਚ ਮੂੰਹ। ਜਦੋਂ ਕਿਸੇ ਦੀ ਔਲਾਦ ਗਲਤ ਕੰਮਾਂ ਵਿਚ ਪੈ ਜਾਵੇ ਅਤੇ ਮਾਂ-ਪਿਓ ਨੂੰ ਲੁਕ-ਲੁਕ ਕੇ ਦਿਨ ਕੱਢਣੇ ਪੈਣ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  94. ਚੋਰ ਦੇ ਪੈਰ ਨਹੀਂ ਹੁੰਦੇ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਚੋਰ ਵਿਅਕਤੀ ਜਲਦੀ ਡਰ ਜਾਂਦਾ ਹੈ ਅਤੇ ਥੋੜੇ ਜਿਹੇ ਦਬਕੇ ਨਾਲ ਹੀ ਠਠੰਬਰ ਜਾਂਦਾ ਹੈ।
  95. ਚੋਰ ਨਾਲੋਂ ਪੰਡ ਕਾਹਲੀ। ਇਹ ਅਖਾਣ ਹਾਸੇ-ਠੱਠੇ ਅਤੇ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਮੁੱਖ ਵਿਅਕਤੀ ਨੂੰ ਤਾਂ ਜਾਣ ਦੀ ਕੋਈ ਕਾਹਲੀ ਨਾ ਹੋਵੇ ਪਰ ਉਸ ਦੇ ਨਾਲ ਦਾ ਜਾਣ ਲਈ ਤੱਤਾ ਹੋਇਆ ਫਿਰੇ।
  96. ਚੋਰ ਨੂੰ ਆਪਣਾ ਪਾਲ਼ਾ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਗੱਲ ਭਾਵੇਂ ਕਿਸੇ ਦੀ ਹੋ ਰਹੀ ਹੋਵੇ ਪਰ ਚੋਰ ਨੂੰ ਖੁਦ ਦੇ ਫੜੇ ਜਾਣ ਦਾ ਡਰ ਹੁੰਦਾ ਹੈ।
  97. ਚੋਰ ਨੂੰ ਚੋਰੀ ਕਰਦੇ ਨੂੰ ਨਾ ਦੇਖੋ, ਉਹਦੇ ਛਿੱਤਰ ਪੈਂਦੇ ਦੇਖੋ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਚੋਰ ਨੂੰ ਚੋਰੀ ਕਰਕੇ ਨਜ਼ਾਰੇ ਲੈਂਦੇ ਨੂੰ ਨਾ ਦੇਖੋ ਬਲਕਿ ਫੜ੍ਹੇ ਜਾਣ ਤੋਂ ਬਾਅਦ ਉਸ ਨੂੰ ਸਜਾ ਕੱਟਦੇ ਹੋਏ ਨੂੰ ਦੇਖੋ। ਇਹ ਅਖਾਣ ਬੁਰੇ ਕੰਮਾ ਤੋਂ ਬਚਣ ਦੀ ਨਸੀਹਤ ਦੇਣ ਵਜੋਂ ਬੋਲਿਆ ਜਾਦਾ ਹੈ।
  98. ਚੋਰ ਨੂੰ ਨਹੀਂ, ਉਹਦੀ ਮਾਂ ਨੂੰ ਫੜ੍ਹੋ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਚੋਰ ਜਾਂ ਗਲਤ ਵਿਅਕਤੀ ਨੂੰ ਫੜਨ ਦੀ ਬਜਾਏ ਉਸ ਕਾਰਨ ਨੂੰ ਫੜੋ ਜਿਸ ਕਾਰਨ ਵਾਰ-ਵਾਰ ਚੋਰੀ, ਨੁਕਸਾਨ ਜਾਂ ਗਲਤੀ ਹੋ ਰਹੀ ਹੈ।
  99. ਚੋਰ, ਚੋਰੀ ਤੋਂ ਜਾਵੇ, ਪਰ ਹੇਰਾ ਫੇਰੀ ਤੋਂ ਨਾ ਜਾਵੇ। ਇਸ ਅਖਾਣ ਵਿੱਚੋਂ ਸਾਨੂੰ ਨਸੀਹਤ ਮਿਲਦੀ ਹੈ ਕਿ ਮਨੁੱਖ ਆਪਣੀਆਂ ਬੁਰੀਆਂ ਆਦਤਾਂ ਨਹੀਂ ਛੱਡ ਸਕਦਾ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਕੋਈ ਚੋਰ ਚੋਰੀ ਕਰਨੀ ਛੱਡ ਵੀ ਦੇਵੇ ਤਾਂ ਉਹ ਆਪਣੀ ਆਦਤ ਅਨੁਸਾਰ ਹੇਰਾਫੇਰੀ ਕਰਨੀ ਨਹੀਂ ਛੱਡ ਸਕਦਾ।
  100. ਚੋਰ-ਚੋਰ, ਮਸੇਰ ਭਰਾ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਦੋ ਗਲਤ ਵਿਅਕਤੀ ਹਮੇਸ਼ਾ ਇੱਕ ਦੂਜੇ ਦਾ ਪੱਖ ਇਸ ਤਰਾਂ ਪੂਰਦੇ ਹਨ ਜਿਵੇਂ ਉਹ ਮਾਸੀ ਦੇ ਪੁੱਤ ਹੋਣ।
  101. ਚੋਰਾਂ ਟੋਲੀ ਇੱਕੋ ਬੋਲੀ। ਜਦੋਂ ਬਹੁਤ ਸਾਰੇ ਠੱਗ ਵਿਅਕਤੀ ਇੱਕੋ ਬੋਲੀ ਬੋਲਣ ਲੱਗ ਜਾਣ ਅਤੇ ਕਿਸੇ ਭੋਲੇ ਬੰਦੇ ਨੂੰ ਠੱਗਣ ਦਾ ਯਤਨ ਕਰ ਰਹੇ ਹੋਣ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  102. ਚੋਰਾਂ ਦੇ ਘਰ ਦੀਵਾ ਨਹੀਂ ਜਗਦਾ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਠੱਗੀ ਅਤੇ ਚੋਰੀ ਵਰਗੇ ਕੰਮਾਂ ਵਿੱਚ ਬਰਕਤ ਨਹੀਂ ਹੁੰਦੀ ਅਤੇ ਕਦੇ ਘਰ ਵਿੱਚ ਦੀਵਾ ਵੀ ਨਹੀਂ ਜਗਦਾ ਭਾਵ ਰਜਵੀਂ ਰੋਟੀ ਵੀ ਨਹੀਂ ਮਿਲਦੀ। ਘਰ ਵਿੱਚ ਅਸਲ ਬਰਕਤ ਮਿਹਨਤ ਮੁਸ਼ੱਕਤ ਨਾਲ ਹੀ ਆਉਂਦੀ ਹੈ।
  103. ਚੋਰਾਂ ਦੇ ਭਾਈ, ਜੇਬ ਕਤਰੇ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਚੋਰਾਂ ਦੇ ਸਾਥੀ ਵੀ ਚੋਰ ਹੀ ਹੁੰਦੇ ਹਨ ਭਾਵੇਂ ਉਹ ਛੋਟੇ ਚੋਰ ਹੀ ਹੋਣ।
  104. ਚੋਰਾਂ ਦੇ ਯਾਰ, ਜੇਬ ਕਤਰੇ। ਉਹੀ ਅਰਥ।
  105. ਚੋਰਾਂ ਨੂੰ ਮੋਰ, ਤੇ ਮੋਰਾਂ ਨੂੰ ਕਸਾਈ। ਇਹ ਅਖਾਣ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਚੋਰਾਂ ਨੂੰ ਹੋਰ ਵੀ ਵੱਡੇ ਠੱਗ ਟੱਕਰ ਜਾਣ ਅਤੇ ਠੱਗਾਂ ਨੂੰ ਉਸ ਤੋਂ ਵੀ ਵੱਡੇ ਧਾੜਵੀ ਟੱਕਰ ਜਾਣ।
  106. ਚੋਰਾਂ, ਯਾਰਾਂ, ਲਪਰਾਂ, ਸੁਗੰਧ ਨਾ ਬੁੱਢੇ ਖਪਰਾਂ। ਅਰਥ ਬਾਕੀ
  107. ਚੋਰੀ ਕੱਖ ਦੀ ਵੀ ਮਾੜੀ, ਚੋਰੀ ਲੱਖ ਦੀ ਵੀ ਮਾੜੀ। ਇਹ ਅਖਾਣ ਨਸੀਹਤ ਦੇਣ ਵਜੋਂ ਬੋਲਿਆ ਜਾਂਦਾ ਹੈ ਕਿ ਚੋਰੀ ਕਰਨੀ ਹਰ ਹਾਲ ਮਾੜੀ ਹੁੰਦੀ ਹੈ, ਭਾਵੇਂ ਉਹ ਚੋਰੀ ਛੋਟੀ ਹੋਵੇ ਜਾਂ ਵੱਡੀ ਹੋਵੇ।
  108. ਚੋਰੀ ਦਾ ਮਾਲ, ਮੋਰੀ ਵਿਚ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਚੋਰੀ ਦੇ ਮਾਲ ਦਾ ਕਦੇ ਵੀ ਸਹੀ ਮੁੱਲ ਨਹੀਂ ਮਿਲਦਾ ਅਤੇ ਚੋਰੀ ਕਰਕੇ ਕਮਾਇਆ ਹੋਇਆ ਧਨ ਵਿਅਰਥ ਚਲਾ ਜਾਂਦਾ ਹੈ ਅਤੇ ਉਸ ਨਾਲ ਕੋਈ ਸੁੱਖ ਨਹੀਂ ਮਿਲਦਾ।
  109. ਚੋਰੀ ਦੇ ਕੱਪੜੇ, ਲਾਠੀਆਂ ਦੇ ਗਜ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਚੋਰ ਜਦੋਂ ਚੋਰੀ ਕੀਤੇ ਹੋਏ ਮਾਲ ਲਈ ਵੇਚਣ ਜਾਂਦਾ ਹੈ ਤਾਂ ਉਸ ਨੂੰ ਕਦੇ ਵੀ ਮਾਲ ਦਾ ਮੁੱਲ ਪੂਰਾ ਨਹੀਂ ਮਿਲਦਾ ਕਿਉਂਕਿ ਸਾਹਮਣੇ ਵਾਲੇ ਨੂੰ ਵੀ ਪਤਾ ਹੁੰਦਾ ਹੈ ਕਿ ਚੋਰੀ ਦਾ ਕੱਪੜਾ ਲੈ ਕੇ ਆਇਆ ਹੈ ਅਤੇ ਉਹ ਲਾਠੀ ਨੂੰ ਹੀ ਗਜ ਬਣਾ ਲੈਂਦਾ ਹੈ।
  110. ਚੋਰੀ ਦੇ ਪੁੱਤ ਗੱਭਰੂ ਨਹੀਂ ਹੁੰਦੇ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਚੋਰੀ ਕਦੇ ਵੀ ਲੁਕੀ ਨਹੀਂ ਰਹਿੰਦੀ ਅਤੇ ਉਸ ਵਿੱਚ ਕਦੇ ਵੀ ਬਰਕਤ ਨਹੀਂ ਪੈਂਦੀ।
  111. ਚੋਰੀ, ਯਾਰੀ, ਚਾਕਰੀ, ਬਾਝ ਵਸੀਲੇ ਨਾਹੀ। ਇਹ ਅਖਾਣ ਹੀਲਾ-ਵਸੀਲਾ ਕਰਨ ਦੀ ਨਸੀਹਤ ਦੇਣ ਵਜੋਂ ਬੋਲਿਆ ਜਾਂਦਾ ਹੈ । ਅਖਾਣ ਦੇ ਭਾਵ ਅਰਥ ਅਨੁਸਾਰ ਹੀਲੇ-ਵਸੀਲੇ ਬਿਨਾ ਕੁਝ ਵੀ ਨਹੀਂ ਹੁੰਦਾ ਭਾਵੇਂ ਉਹ ਚੋਰੀ ਕਰਨੀ ਹੋਵੇ, ਯਾਰੀ ਲਾਉਣੀ ਹੋਵੇ ਜਾਂ ਨੌਕਰੀ ਕਰਨੀ ਹੋਵੇ।
  112. ਚੌਥੇ ਹਿੱਸੇ ਦੀ ਭਿਆਲੀ, ਤੇ ਠੂਠਾ ਦਾਣੇ ਅੱਧ। ਜਦੋਂ ਕਿਸੇ ਵਿਅਕਤੀ ਦਾ ਯੋਗਦਾਨ ਘੱਟ ਹੋਵੇ ਪਰ ਪ੍ਰਾਪਤ ਕੀਤੀ ਗਈ ਚੀਜ਼ ਉੱਤੇ ਹੱਕ ਉਹ ਵੱਧ ਜਤਾਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। ਇਹ ਅਖਾਣ ਪੁਰਾਣੇ ਸਮਿਆਂ ਦੇ ਖੇਤੀ ਕਿੱਤੇ ਵਿੱਚੋਂ ਨਿਕਲਿਆ ਹੈ, ਜਦੋਂ ਭਿਆਲੀ ਦੇ ਹਿਸਾਬ ਨਾਲ ਖੇਤੀ ਕੀਤੀ ਜਾਂਦੀ ਸੀ ਅਤੇ ਉਸ ਹਿਸਾਬ ਨਾਲ ਹੀ ਫਸਲ ਵਿੱਚੋਂ ਹਿੱਸਾ ਦਿੱਤਾ ਜਾਂਦਾ ਸੀ।
  113. ਚੌਲ ਘਸ ਕੇ ਹੀ ਚਿੱਟੇ ਹੁੰਦੇ ਨੇ। ਜਦੋਂ ਕਿਸੇ ਨੂੰ ਮਿਹਨਤ-ਮੁਸ਼ੱਕਤ ਕਰਨ ਦੀ ਨਸੀਹਤ ਦੇਣੀ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਅਖਾਣ ਦੇ ਅੱਖਰੀ ਅਰਥਾਂ ਮੁਤਾਬਕ ਚੌਲ ਜਦੋਂ ਸੈਲਰ ਵਿੱਚ ਘਸਦੇ ਹਨ ਤਾਂ ਉਹਨਾਂ ਦਾ ਰੰਗ ਚਿੱਟਾ ਹੁੰਦਾ ਹੈ।

‘ਛ’ ਅੱਖਰ ਵਾਲੇ ਅਖਾਣ

  1. ਛੱਕਾਂ ਪੂਰਦੇ ਅੰਮਾਂ ਦੇ ਜਾਏ, ਤਾਏ ਚਾਚੇ ਮਤਲਬ ਦੇ। ਇਹ ਅਖਾਣ ਸਕੇ ਭਰਾਵਾਂ ਦੀ ਮਹੱਤਤਾ ਨੂੰ ਦਰਸਾਉਣ ਵਜੋਂ ਬੋਲਿਆ ਜਾਂਦਾ ਹੈ । ਅਖਾਣ ਦੇ ਭਾਵ ਅਰਥ ਅਨੁਸਾਰ ਔਖੇ-ਸੌਖੇ ਵੇਲੇ ਆਪਣੇ ਸਕੇ ਭਰਾ ਹੀ ਨਾਲ ਖੜਦੇ ਹਨ ਅਤੇ ਵਿਆਹ ਸ਼ਾਦੀਆਂ ਮੌਕੇ ਵੀ ਸਕੇ ਭਰਾ ਹੀ ਨਾਨਕੀ ਛੱਕ ਲੈ ਕੇ ਆਉਂਦੇ ਹਨ। ਇਸ ਦੇ ਉਲਟ ਮਤਰੇਅ ਰਿਸ਼ਤੇ ਸਿਰਫ ਮਤਲਬ ਹੀ ਨਾਲ ਨਿਭਦੇ ਹਨ।
  2. ਛਛੂੰਦਰ ਦੇ ਸਿਰ, ਚੰਬੇਲੀ ਦਾ ਤੇਲ। ਜਦੋਂ ਕਿਸੇ ਮਾਮੂਲੀ ਅਤੇ ਨਕਾਰਾ ਬੰਦੇ ਨੂੰ ਚੰਗੀ ਕੀਮਤੀ ਚੀਜ਼ ਦੇ ਦਿੱਤੀ ਜਾਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  3. ਛੱਜ ਨਾ ਬਾਰ੍ਹੀ, ਤੇ ਕਾਹਦੀ ਭਣਿਆਰੀ। ਇਹ ਅਖਾਣ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਵਿਅਕਤੀ ਮਾਹਰ ਹੋਣ ਦਾ ਦਾਅਵਾ ਕਰੇ ਪਰ ਉਸ ਦੀ ਮਹਾਰਤ ਅਨੁਸਾਰ ਉਸ ਕੋਲ ਔਜਾਰ ਜਾਂ ਹਥਿਆਰ ਨਾ ਹੋਣ। ਅਖਾਣ ਦੇ ਅੱਖਰੀ ਅਰਥ ਅਨੁਸਾਰ ਜਿਸ ਦਾਣੇ ਭੁੰਨਣ ਵਾਲੀ ਕੋਲ ਛੱਜ ਜਾਂ ਬੌਕਰ ਨਹੀਂ ਉਹ ਕਾਹਦੀ ਭੁਨਿਆਰੀ ਹੈ।
  4. ਛੱਡ ਵੰਜਲੀ ਦਾ ਕੀ ਵਜਾਉਣਾ ? ਐਵੇਂ ਮੂੰਹ ਨੀ ਵਿੰਗਾ ਕਰਨਾ। ਜਦੋਂ ਕਿਸੇ ਕੋਲ ਕੋਈ ਕੰਮ ਕਰ ਸਕਣ ਦੀ ਸਮਰੱਥਾ ਨਾ ਹੋਵੇ ਪਰ ਉਹ ਬਹਾਨੇ ਮਾਰ ਰਿਹਾ ਹੋਵੇ ਤਾਂ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  5. ਛੱਡਣਾ ਮੱਝ ਥੱਲੇ, ਜਾਣਾ ਝੋਟੇ ਥੱਲੇ। ਜਦੋਂ ਕਿਸੇ ਵਿਅਕਤੀ ਨੂੰ ਕਿਹਾ ਕੁਝ ਹੋਰ ਹੋਵੇ ਪਰ ਕੰਮ ਉਸਦੇ ਉਲਟ ਕਰੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  6. ਛੱਡਿਆ ਪੀਰ ਬਾਬਾ, ਤੇ ਕਰਿਆ ਜੁੰਮਾਂ ਜਲਾਹਾ। ਜਦੋਂ ਕੋਈ ਵਿਅਕਤੀ ਚੰਗਾ-ਭਲਾ ਸਾਥ ਜਾਂ ਚੰਗੀ-ਭਲੀ ਚੀਜ਼ ਛੱਡ ਕੇ ਮਾੜੇ ਸਾਥ ਜਾਂ ਚੀਜ਼ ਨੂੰ ਆਪਣਾ ਲਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  7. ਛੱਡੇ ਭਰਾ, ਸਹੇੜੇ ਗੁਰ ਭਾਈ, ਟੱਪਣਾ ਸੀ ਟੋਇਆ, ਡੁੱਬ ਮੋਏ ਵਿੱਚ ਖਾਈ। ਉਹੀ ਅਰਥ।
  8. ਛੱਪੜ ਚੋਂ ਮੱਝ, ਤੇ ਪੇਕਿਓਂ ਤੀਵੀਂ , ਔਖੇ ਹੀ ਨਿਕਲਦੇ ਆ। ਇਹ ਅਖਾਣ ਹਾਸੇ-ਠਠੇ ਅਤੇ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਇਹ ਦੱਸਣਾ ਹੋਵੇ ਕਿ ਔਰਤਾਂ ਨੂੰ ਪੇਕੇ ਘਰ ਵਿੱਚੋਂ ਕੱਢਣਾ ਔਖਾ ਹੁੰਦਾ ਹੈ।
  9. ਛੜੇ ਜੇਠ ਨੂੰ ਲੱਸੀ ਨਹੀਂ ਦੇਣੀ, ਦਿਓਰ ਭਾਵੇਂ ਮੱਝ ਚੁੰਘ ਜਾਏ। ਜਦੋਂ ਕੋਈ ਵਿਅਕਤੀ ਇੱਕ ਜਾਣੇ ਲਈ ਤਾਂ ਦਰਿਆ ਦਿਲ ਹੋਵੇ ਪਰ ਦੂਜੇ ਲਈ ਤੰਗਦਿਲੀ ਦਿਖਾਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  10. ਛਾਂ ਬੱਦਲਾਂ ਦੀ ਬੰਦਿਆ ਉਮਰ ਤੇਰੀ। ਇਹ ਅਖਾਣ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ ਕਿ ਮਨੁੱਖ ਦੀ ਉਮਰ ਬਦਲਾਂ ਦੀ ਛਾਂ ਵਾਂਗ ਹੈ ਇਸ ਦਾ ਕੋਈ ਭਰੋਸਾ ਨਹੀਂ।
  11. ਛਿੱਕਾ ਟੁੱਟਾ ਬਿੱਲੀ ਭਾਗੀਂ, ਘਰ ਪਾਟਾ ਲੋਕਾਂ ਭਾਗੀਂ। ਇਹ ਅਖਾਣ ਨਸੀਹਤ ਦੇਣ ਵਜੋਂ ਬੋਲਿਆ ਜਾਂਦਾ ਹੈ ਅਖਾਣ ਦੇ ਭਾਵ ਅਰਥ ਅਨੁਸਾਰ ਜੇਕਰ ਦੁੱਧ ਵਾਲੀ ਕਾੜ੍ਹਨੀ ਉੱਤੇ ਰੱਖਿਆ ਹੋਇਆ ਛਕਾਲਾ ਟੁੱਟ ਜਾਵੇ ਤਾਂ ਬਿੱਲੀ ਨੂੰ ਮੌਜਾਂ ਲੱਗ ਜਾਂਦੀਆਂ ਹਨ ਅਤੇ ਇਸੇ ਤਰਾਂ ਜੇਕਰ ਘਰ ਪਾਟ ਜਾਵੇ ਤਾਂ ਲੋਕਾਂ ਨੂੰ ਮੌਜਾਂ ਲੱਗ ਜਾਂਦੀਆਂ ਹਨ।
  12. ਛਿੱਤਰਾਂ ਦੀ ਮਾਰੀ ਨੌਂ ਮਣ ਝੜਦੀ ਆ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕੇ ਡਰ ਦੇ ਮੂਹਰੇ ਸਾਰੇ ਹੀ ਵੱਧ ਤੋਂ ਵੱਧ ਕੰਮ ਕਰਦੇ ਹਨ।
  13. ਛਿੰਦੀ ਲੇਲੀ ਡੂੰਮ੍ਹਾਂ ਦੀ, ਨਗੰਦੇ ਤੋੜੇ ਜੁੱਲੀ ਦੇ। ਇਹ ਅਖਾਣ ਹਾਸੇ ਠੱਠੇ ਅਤੇ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਲਾਡ-ਪਿਆਰ ਨਾਲ ਪਾਲਿਆ ਹੋਇਆ ਵਿਅਕਤੀ ਘਰ ਵਿਹਲਾ ਬੈਠਾ ਰਹੇ।
  14. ਛਿੰਦੋ ਛੜਦੀ ਪੇਕੇ ਗਈ, ਉੱਥੇ ਪਿਆ ਹੋਰ ਵੀ ਛੜਨਾ। ਇਹ ਅਖਾਣ ਹਾਸੇ-ਠੱਠੇ ਅਤੇ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਵਿਅਕਤੀ ਕੰਮ ਤੋਂ ਬਚਣ ਲਈ ਦੂਜੀ ਥਾਂ ’ਤੇ ਜਾਵੇ ਅਤੇ ਅੱਗੇ ਜਾ ਕੇ ਉਸਨੂੰ ਉਸ ਤੋਂ ਵੀ ਵੱਧ ਕੰਮ ਕਰਨਾ ਪਵੇ।
  15. ਛੁੱਟੜ ਰੰਨ, ਘਰਦੀ ਨਾ ਬਾਹਰ ਦੀ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਕੋਈ ਔਰਤ ਜਦੋਂ ਆਪਣੇ ਘਰ ਵਾਲੇ ਨੂੰ ਛੱਡ ਦਿੰਦੀ ਹੈ ਤਾਂ ਉਹ ਨਾ ਬਾਹਰ ਜੋਗੀ ਰਹਿੰਦੀ ਹੈ ਨਾ ਘਰ ਜੋਗੀ। ਇਹ ਅਖਾਣ ਮੇਹਣਾ ਮਾਰਨ ਵਜੋਂ ਬੋਲਿਆ ਜਾਂਦਾ ਹੈ।
  16. ਛੁਪਦਾ ਨਹੀਂ ਛੁਪਾਇਆ ਚੜ੍ਹਿਆ, ਸੂਰਜ ਜੱਗ ਰੁਸ਼ਨਾਈ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਚੰਗੇ ਕੰਮਾਂ ਦੀ ਸੋਭਾ ਦੂਰ ਦੂਰ ਤੱਕ ਹੁੰਦੀ ਹੈ ਅਤੇ ਉਹ ਲੁਕੇ ਨਹੀਂ ਰਹਿੰਦੇ। ਉਵੇਂ ਹੀ ਜਿਵੇਂ ਸੂਰਜ ਚੜਦਾ ਹੈ ਅਤੇ ਜੱਗ ਵਿੱਚ ਉਸਦਾ ਚਾਨਣ ਹੁੰਦਾ ਹੈ।
  17. ਛੇਈਂ ਮਹੀਨੀਂ ਮਕਾਣ ਆਈ, ਹੱਸਦਿਆਂ ਨੂੰ ਰਵਾਣ ਆਈ। ਇਹ ਅਖਾਣ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਕੰਮ ਨੂੰ ਬਹੁਤ ਜਿਆਦਾ ਦੇਰੀ ਨਾਲ ਜਾਂ ਉਦੋਂ ਕਰੇ ਜਦੋਂ ਉਸ ਕੰਮ ਦਾ ਫਾਇਦਾ ਹੋਣ ਦੀ ਬਜਾਏ ਨੁਕਸਾਨ ਹੋ ਰਿਹਾ ਹੋਵੇ। ਅਖਾਣ ਦੇ ਅੱਖਰੀ ਅਰਥਾਂ ਅਨੁਸਾਰ ਜੇਕਰ ਛੇ ਮਹੀਨਿਆਂ ਬਾਅਦ ਕੋਈ ਮਕਾਣ ਲੈ ਕੇ ਆਵੇਗਾ ਤਾਂ ਉਹ ਹੱਸਦਿਆਂ ਨੂੰ ਰਵਾ ਕੇ ਹੀ ਜਾਵੇਗਾ।
  18. ਛੋਟਾ ਟੱਬਰ, ਤੇ ਕਿੱਲੇ ਪੱਟ ਮਾਲ, ਔਖਾ ਹੀ ਕਰਦੇ ਆ। ਇਹ ਅਖਾਣ ਹਾਸੇ-ਠੱਠੇ ਅਤੇ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਛੋਟੇ ਟੱਬਰ ਵਾਲੇ ਥੋੜੇ ਜੀਅ ਵੀ ਜਿਆਦਾ ਤੰਗ ਕਰ ਰਹੇ ਹੋਣ।
  19. ਛੋਟਾ ਟੱਬਰ, ਵੱਡਾ ਬੱਬਰ। ਇਹ ਅਖਾਣ ਦੀ ਹਾਸੇ-ਠੱਠੇ ਅਤੇ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਛੋਟਾ ਟੱਬਰ ਬਹੁਤਾ ਖਰਚਾ ਕਰਨ ਲੱਗ ਜਾਵੇ।
  20. ਛੋਟਾ ਪਾਣੀ ਵੇਖ ਕੇ, ਵੱਡਾ ਟੱਪ। ਜਦੋਂ ਕੋਈ ਵਿਅਕਤੀ ਸਾਹਮਣੇ ਖੜੀ ਕਮਜ਼ੋਰ ਧਿਰ ਨੂੰ ਦੇਖ ਕੇ ਵੱਧ ਹੌਸਲਾ ਦਿਖਾਵੇ ਜਾਂ ਵੱਧ ਵਲਾਵੇਂ ਵਲ਼ੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  21. ਛੋਟਾ ਮੂੰਹ ਵੱਡੀ ਗੱਲ। ਅਰਥ ਸਪਸ਼ਟ ਹਨ। ਜਦੋਂ ਕੋਈ ਨਿਮਾਣਾ ਵਿਅਕਤੀ ਵੱਡੇ ਮਾਣ ਵਾਲੀ ਗੱਲ ਕਰੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  22. ਛੋਟਾ ਵਾਸ, ਕੁੱਲ ਦਾ ਨਾਸ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਛੋਟਾ ਘਰ ਪਰਿਵਾਰ ਦੇ ਚੰਗੇ ਵਸੇਬੇ ਵਿੱਚ ਵੱਡੀ ਰੁਕਾਵਟ ਬਣਦਾ ਹੈ।
  23. ਛੋਡਹਿ ਅੰਨ ਕਰੇ ਪਖੰਡ, ਨਾ ਉਹ ਸੁਹਾਗਣ, ਨਾ ਉਹ ਰੰਡ। ਇਸ ਅਖਾਣ ਵਿੱਚ ਧਾਰਮਿਕ ਪੁਰਖ ਅਖਵਾਉਣ ਲਈ ਕੀਤੇ ਜਾਂਦੇ ਕਰਮਕਾਂਡਾਂ ਦਾ ਖੰਡਨ ਕੀਤਾ ਗਿਆ ਹੈ ਜਿਨਾਂ ਵਿੱਚ ਵਰਤ ਰੱਖਣਾ ਭਾਵ ਭੁੱਖੇ ਰਹਿ ਕੇ ਰੱਬ ਨੂੰ ਪਾਉਣ ਦੀ ਗੱਲ ਕਹੀ ਗਈ ਹੈ। ਇਹ ਅਖਾਣ ਗੁਰਬਾਣੀ ਦੀ ਇਕ ਪੰਕਤੀ ਹੈ । ਇਸ ਅਖਾਣ ਦੇ ਭਾਵ ਅਨੁਸਾਰ ਅੰਨ ਛੱਡ ਕੇ ਰੱਬ ਨੂੰ ਪਾਉਣ ਦੀਆਂ ਗੱਲਾਂ ਕਰਨ ਵਾਲਾ ਮਨੁੱਖ ਕਿਸੇ ਤਣ-ਪੱਤਣ ਨਹੀਂ ਲੱਗਦਾ ਨਾ ਉਹ ਪਰਮਾਤਮਾ ਨੂੰ ਪਾ ਸਕਦਾ ਹੈ ਤੇ ਨਾ ਉਹ ਚੰਗੀ ਸਿਹਤ ਹਾਸਲ ਕਰ ਸਕਦਾ ਹੈ। ਉਸ ਦੀ ਹਾਲਤ ਉਸ ਔਰਤ ਵਰਗੀ ਹੁੰਦੀ ਹੈ ਜੋ ਨਾ ਸੁਹਾਗਣ ਹੁੰਦੀ ਹੈ ਅਤੇ ਨਾ ਹੀ ਵਿਧਵਾ ਹੁੰਦੀ ਹੈ।
  24. ਛੋਲਿਆਂ ਦਾ ਬੋਹਲ ਤੇ ਰਾਖੀ ਖੋਤਾ। ਜਦੋਂ ਕਿਸੇ ਕੀਮਤੀ ਚੀਜ਼ ਦਾ ਰਖਵਾਲਾ ਕਿਸੇ ਮੂਰਖ ਜਾਂ ਲਾਲਚੀ ਵਿਅਕਤੀ ਨੂੰ ਬਣਾ ਦਿੱਤਾ ਜਾਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  25. ਛੋਲੇ ਕੀ ਜਾਨਣ ਵਾਹ ਨੂੰ, ਤੇ ਸੰਢਾ ਕੀ ਜਾਣੇ ਗਾਹ ਨੂੰ। ਇਹ ਅਖਾਣ ਖੇਤੀਬਾੜੀ ਕਿੱਤੇ ਵਿੱਚੋਂ ਨਿਕਲਿਆ ਹੈ। ਅਖਾਣ ਦੇ ਭਾਵ ਅਰਥ ਅਨੁਸਾਰ ਛੋਲਿਆਂ ਦੀ ਫਸਲ ਨੂੰ ਜਿਆਦਾ ਵਹਾਈ ਦਾ ਕੋਈ ਲਾਭ ਨਹੀਂ ਹੁੰਦਾ ਜਿਵੇਂ ਕਿ ਸੰਡੇ ਨੂੰ ਗਾਹ ਦੇ ਵਿੱਚ ਛੱਡਣ ਨਾਲ ਕੋਈ ਫਰਕ ਨਹੀਂ ਪੈਂਦਾ। ਪੁਰਾਣੇ ਸਮਿਆਂ ਵਿੱਚ ਜਦੋਂ ਕਿਸੇ ਫਸਲ ਨੂੰ ਦਾਣਿਆਂ ਤੋਂ ਵੱਖ ਕੀਤਾ ਜਾਂਦਾ ਸੀ ਤਾਂ ਉਸ ਵਿੱਚ ਪਸ਼ੂਆਂ ਨੂੰ ਛੱਡ ਦਿੱਤਾ ਜਾਂਦਾ ਸੀ ਜਿਸ ਨੂੰ ਗਾਹ ਪਾਉਣਾ ਕਿਹਾ ਜਾਂਦਾ ਹੈ। ਜਦੋ ਕੋਈ ਵਿਅਕਤੀ ਕਿਸੇ ਦੀ ਮਿਹਨਤ ਨੂੰ ਨਾ ਜਾਣੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  26. ਛੋਲੇ ਝੰਭ ਕੇ ਹੀ ਕੱਢਣੇ ਪੈਂਦੇ ਨੇ। ਜਦੋਂ ਇਹ ਦੱਸਣਾ ਹੋਵੇ ਕਿ ਸਾਹਮਣੇ ਵਾਲਾ ਵਿਅਕਤੀ ਸਖਤੀ ਅਤੇ ਕੁੱਟਮਾਰ ਤੋਂ ਬਿਨਾਂ ਸੂਤ ਨਹੀਂ ਆਵੇਗਾ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।

‘ਜ’ ਅੱਖਰ ਵਾਲੇ ਆਖਾਣ ਮੁਹਾਵਰੇ

  1. ਜਸ ਜਿਉਣਾ, ਅਪਜੱਸ ਮਰਨਾ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਇੱਜਤ ਦੀ ਜਿੰਦਗੀ ਵਰਗੀ ਕੋਈ ਰੀਸ ਨਹੀਂ ਅਤੇ ਬਦਨਾਮੀ ਭਰੀ ਜਿੰਦਗੀ ਵਰਗਾ ਕੋਈ ਗੁਨਾਹ ਨਹੀਂ।
  2. ਜਹਾਂ ਉਪਜਿਆ, ਤਹਾਂ ਸਮਾਵੈ। ਇਸ ਅਖਾਣ ਦੇ ਭਾਵ ਅਰਥ ਵਿੱਚੋਂ ਅਟੱਲ ਸੱਚਾਈ ਦਾ ਪ੍ਰਗਟਾਵਾ ਮਿਲਦਾ ਹੈ ਅਖਾਣ ਦੇ ਭਾਵ ਅਰਥ ਅਨੁਸਾਰ ਜੋ ਕੋਈ ਚੀਜ ਜਾਂ ਮਨੁੱਖ ਜਿੱਥੋਂ ਵੀ ਉਪਜਦਾ ਹੈ ਅੰਤ ਨੂੰ ਉਹ ਉਥੇ ਹੀ ਸਮਾ ਜਾਂਦੀ ਹੈ।
  3. ਜਹਾਂ ਹਮ ਲਟਕੇ, ਵਹਾਂ ਤੁਮ ਲਟਕੇ। ਜਦੋਂ ਸਾਹਮਣੇ ਵਾਲੇ ਨੂੰ ਦੱਸਣਾ ਹੋਵੇ ਕਿ ਜੇਹੋ ਜਿਹੀ ਸਥਿਤੀ ਸਾਡੀ ਹੈ, ਤੁਹਾਨੂੰ ਵੀ ਉਹ ਜਿਹੀ ਸਥਿਤੀ ਵਿੱਚ ਹੀ ਰਹਿਣਾ ਪਵੇਗਾ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਇਸ ਅਖਾਣ ਦੇ ਨਾਲ ਜੁੜੀ ਹੋਈ ਇਕ ਲੋਕ ਕਹਾਣੀ ਹੈ, ਜਿਸ ਅਨੁਸਾਰ ਚਮਗਿੱਦੜਾਂ ਦੇ ਘਰੇ ਪ੍ਰਾਹੁਣੇ ਆ ਜਾਂਦੇ ਹਨ ਅਤੇ ਆਏ ਹੋਏ ਪਰਾਹੁਣੇ ਪੁੱਛਦੇ ਹਨ ਕਿ ਉਹਨਾਂ ਨੇ ਕਿੱਥੇ ਸੌਣਾ ਹੈ ਜਾਂ ਆਰਾਮ ਕਰਨੀ ਹੈ, ਤਾਂ ਚਗਿੱਦੜ ਜਵਾਬ ਦਿੰਦੇ ਹਨ ਕਿ ਜਹਾਂ ਹਮ ਲਟਕੇ ਵਹਾਂ ਤੁਮ ਲਟਕੇ।
  4. ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ। ਇਹ ਅਖਾਣ ਗੁਰਬਾਣੀ ਦੀ ਇੱਕ ਪੰਕਤੀ ਹੈ। ਅਖਾਣ ਦੇ ਭਾਵ ਅਰਥ ਅਨੁਸਾਰ ਮਨੁੱਖ ਨੂੰ ਆਪਣੇ ਪਹਿਲਾਂ ਤੋਂ ਨਿਰਧਾਰਤ ਕਰਮਾਂ ਅਨੁਸਾਰ ਜਾਂ ਲਿਖੇ ਅਨੁਸਾਰ ਚੋਗ ਚੁਗਣਾ ਪੈਂਦਾ ਹੈ।
  5. ਜਹਿਮਤ ਜਾਇ ਦਵਾਈ ਨਾਲ਼, ਪਰ ਆਦਤ ਸਿਰਾਂ ਦੇ ਨਾਲ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਮਨੁੱਖ ਦੀਆਂ ਆਦਤਾਂ ਕਦੇ ਵੀ ਨਹੀਂ ਬਦਲਦੀਆਂ। ਅਖਾਣ ਦੇ ਅੱਖਰੀ ਅਰਥਾਂ ਅਨੁਸਾਰ ਬਿਮਾਰੀ ਦਵਾਈ ਨਾਲ ਠੀਕ ਹੋ ਜਾਂਦੀ ਹੈ ਪਰ ਆਦਤ ਕਿਸੇ ਦਵਾਈ ਨਾਲ ਜਾਂ ਕਿਸੇ ਚੀਜ਼ ਨਾਲ ਠੀਕ ਨਹੀਂ ਹੁੰਦੀ ਉਹ ਮੌਤ ਤੱਕ ਬੰਦੇ ਦੇ ਨਾਲ ਰਹਿੰਦੀ ਹੈ।
  6. ਜੱਗ ਇਹ ਸ਼ੀਸ਼ਾ ਆਰਸੀ, ਜੋ ਦੇਖੇ ਸੋ ਦੇਖ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਿਹੋ ਜਿਹਾ ਮਨੁੱਖ ਖੁਦ ਹੈ ਉਸਨੂੰ ਉਹੋ ਜਿਹਾ ਸੰਸਾਰ ਦਿਖਾਈ ਦਿੰਦਾ ਹੈ ਅਤੇ ਜਿਹੋ ਜਿਹਾ ਸੰਸਾਰ ਖੁਦ ਹੈ ਉਸਨੂੰ ਉਹੋ ਜਿਹੇ ਮਨੁੱਖ ਦਿਖਾਈ ਦਿੰਦੇ ਹਨ।
  7. ਜੱਗ ਜਹਾਨੋਂ ਬਾਹਰੀ, ਸਭ ਖਲਕਤ ਟੱਕਰ ਹਾਰੀ। ਜਦੋਂ ਮੌਤ ਵਰਗੀਆਂ ਅਣਕਿਆਸੀਆਂ ਅਤੇ ਅਟੱਲ ਸਥਿਤੀਆਂ ਉੱਤੇ ਮਨੁੱਖ ਦਾ ਕੋਈ ਜੋਰ ਨਾ ਚੱਲੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  8. ਜੱਗ ਜਿਉਂਦਿਆਂ ਦੇ ਮੇਲੇ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਮਨੁੱਖ ਦੀ ਜ਼ਿੰਦਗੀ ਨਾਲ ਹੀ ਦੁਨੀਆਦਾਰੀ ਅਤੇ ਦੁਨੀਆ ਦੇ ਮੇਲੇ-ਗੇਲੇ ਹਨ ਜ਼ਿੰਦਗੀ ਖਤਮ ਹੋਣ ਤੋਂ ਬਾਅਦ ਸਭ ਕੁਝ ਖਤਮ ਹੋ ਜਾਂਦਾ ਹੈ।
  9. ਜੱਗ ਬੀਤੀ ਨਾ ਕਰੀਏ, ਤੇ ਹੱਡ ਬੀਤੀ ਕਰੀਏ। ਜਦੋਂ ਕਿਸੇ ਨੂੰ ਇਹ ਸਿੱਖਿਆ ਦੇਣੀ ਹੋਵੇ ਕਿ ਸੁਣੀਆਂ-ਸੁਣਾਈਆਂ ਗੱਲਾਂ ਨਹੀਂ ਕਰਦੀਆਂ ਬਲਕਿ ਹੱਡੀਂ ਹੰਢਾਈਆਂ ਅਤੇ ਅਨੁਭਵ ਦੇ ਵਿੱਚੋਂ ਨਿਕਲੀਆਂ ਗੱਲਾਂ ਹੀ ਕਰਨੀਆਂ ਚਾਹੀਦੀਆਂ ਹਨ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  10. ਜੱਗ ਲੱਗੀਆਂ ਨਾ ਵੇਖੇ, ਬੱਸ ਟੁੱਟੀਆਂ ਵੇਖੇ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਲੋਕ ਸਿਰਫ ਲੜਦਿਆਂ ਨੂੰ ਦੇਖਦੇ ਹਨ ਅਤੇ ਉਹਨਾਂ ਦੀਆਂ ਗੱਲਾਂ ਉਡਾਉਂਦੇ ਹਨ। ਇਸ ਦੇ ਉਲਟ ਰਲ-ਮਿਲ ਕੇ ਰਹਿਣ ਵਾਲਿਆਂ ਵੱਲ ਕੋਈ ਨਹੀਂ ਦੇਖਦਾ ਅਤੇ ਉਹਨਾਂ ਦੀ ਗੱਲ ਕੋਈ ਨਹੀਂ ਕਰਦਾ।
  11. ਜੰਗਲ ਗਏ ਨਾ ਬਹੁੜਦੇ ਜੋਗੀ ਤੇ ਦਰਵੇਸ਼। ਇਹ ਅਖਾਣ ਜੋਗੀਆ ਅਤੇ ਦਰਵੇਸ਼ ਬੰਦਿਆਂ ਦੀ ਬਿਰਤੀ ਨੂੰ ਦਰਸਾਉਣ ਵਜੋਂ ਬੋਲਿਆ ਜਾਂਦਾ ਹੈ। ਅਖਾਣ ਦੇ ਭਾਵ ਅਰਥ ਅਨੁਸਾਰ ਜੋਗੀ ਅਤੇ ਦਰਵੇਸ਼ ਲੋਕਾਂ ਦਾ ਦੁਨੀਆਂਦਾਰੀ ਅਤੇ ਪਰਿਵਾਰ ਨਾਲ ਕੋਈ ਬਹੁਤਾ ਮੋਹ ਨਹੀਂ ਹੁੰਦਾ ਜਦੋਂ ਉਹ ਇਹਨਾਂ ਨੂੰ ਛੱਡ ਕੇ ਜੰਗਲਾਂ ਵਿੱਚ ਭਾਵ ਭਗਤੀ ਕਰਨ ਤੁਰ ਜਾਂਦੇ ਹਨ ਤਾਂ ਵਾਪਸ ਨਹੀਂ ਮੁੜਦੇ।
  12. ਜੰਗਲ ਗਏ ਨਾ ਬਹੁੜਦੇ, ਜੋਗੀ ਨਾ ਕਿਸੇ ਦੇ ਮਿੱਤ। ਉਹੀ ਅਰਥ।
  13. ਜੰਗਲ ਵਿੱਚ ਮੰਗਲ। ਜਦੋਂ ਕੋਈ ਵਿਅਕਤੀ ਉਜਾੜਾਂ ਵਿੱਚ ਰੌਣਕ ਲਗਾ ਦੇਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  14. ਜੰਝ ਕੁਪੱਤੀ , ਸੁਥਰਾ ਵਿਚਾਰਾ। ਜਦੋਂ ਕੋਈ ਵਿਅਕਤੀ ਬਹੁਤ ਸਾਰੇ ਵਿਅਕਤੀਆਂ ਨੂੰ ਕੁਪੱਤੇ ਦੱਸੇ ਪਰ ਖੁਦ ਨੂੰ ਭਲਾ ਮਾਣਸ ਅਤੇ ਵਿਚਾਰ ਦਰਸਾਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  15. ਜੰਝ ਪਰਾਈ, ਅੰਨ੍ਹੇ ਨੂੰ ਵੇਖ ਭੁਆਂਟੀ ਆਈ। ਜਦੋਂ ਕੋਈ ਨਕਾਰਾ ਵਿਅਕਤੀ ਕਿਸੇ ਦਾ ਚੰਗਾ ਵੇਖ ਕੇ ਦੁਖੀ ਹੋਵੇ ਤਾਂ ਹਾਸੇ-ਠੱਠੇ ਅਤੇ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  16. ਜੰਞ ਬਿਗਾਨੀ, ਮੂਰਖ ਨਚੇ। ਜਦੋਂ ਕੋਈ ਮੂਰਖ ਮਨੁੱਖ ਅਜਿਹੀ ਥਾਂ ਉੱਤੇ ਜਾ ਕੇ ਚਾਂਭਲਿਆ ਫਿਰੇ ਜਿੱਥੇ ਉਸ ਦਾ ਕੋਈ ਲੈਣਾ-ਦੇਣਾ ਨਾ ਹੋਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  17. ਜੰਮਿਆ ਲਾਲ ਤੇ ਵੰਡੇ ਕੋਲ਼ੇ , ਜਿੰਨੇ ਵੰਡੇ ਉਨੇ ਹੀ ਥੋੜ੍ਹੇ। ਜਦੋਂ ਕੋਈ ਆਸ ਦੇ ਉਲਟ ਪੁੱਠੇ ਕੰਮ ਕਰੇ ਤਾਂ ਹਾਸੇ-ਠੱਠੇ ਅਤੇ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  18. ਜੱਟ ਸੋਨੇ ਦਾ, ਤੇ ਥੱਲਾ ਪਿੱਤਲ ਦਾ। ਇਸ ਅਖਾਣ ਵਿੱਚੋਂ ਜਾਤ-ਪਾਤ ਦਾ ਪ੍ਰਗਟਾਵਾ ਮਿਲਦਾ ਹੈ। ਅਖਾਣ ਦੇ ਭਾਵ ਅਰਥ ਅਨੁਸਾਰ ਜੱਟ ਦਿਖਾਵੇ ਵਜੋਂ ਤਾਂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਨ ਪਰ ਅੰਦਰੋਂ ਬਿਲਕੁਲ ਥੋਥੇ ਹੁੰਦੇ ਹਨ।
  19. ਜੱਟ ਸੌਦੇ ਖੱਟੀ ਤੇ ਕਿਰਾੜ ਕਰਨ ਰਾਜ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜੱਟਾਂ ਦੇ ਖਰਚ ਅਤੇ ਖਪਤ ਉੱਤੇ ਹੀ ਬਾਣੀਆਂ ਦਾ ਸਾਰਾ ਕਾਰੋਬਾਰ ਚਲਦਾ ਹੈ।
  20. ਜੱਟ ਹੇਠਾਂ ਪਿਆ ਵੀ ਮਾਰੇ, ਤੇ ਉੱਤੇ ਪਿਆ ਵੀ ਮਾਰੇ। ਇਹ ਅਖਾਣ ਵੀ ਹਾਸੇ-ਠੱਠੇ ਅਤੇ ਵਿਅੰਗ ਵਜੋਂ ਬੋਲਿਆ ਜਾਂਦਾ ਹੈ ਕਿ ਜੱਟ ਕਿਸੇ ਪਾਸੇ ਵੀ ਵਫਾ ਨਹੀਂ ਕਰਦਾ।
  21. ਜੱਟ ਹੋਇਆ ਫੁਕਰਾ, ਕਮਾਈ ਕੀਤੀ ਕੁਤਰਾ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜੱਟ ਫੁਕਰਪਣਤੀ ਵਿੱਚ ਹੀ ਮਾਰਿਆ ਜਾਂਦਾ ਹੈ ਅਤੇ ਆਪਣੀ ਕਮਾਈ ਨੂੰ ਗਵਾ ਬੈਠਦਾ ਹੈ। ਜਸਬੀਰ ਵਾਟਾਂਵਾਲੀਆ
  22. ਜੱਟ ਹੋਇਆ ਮਚਲਾ, ਖੁਦਾ ਨੂੰ ਲੈ ਗਏ ਚੋਰ। ਜਦੋਂ ਕਿਸੇ ਥਾਂ ’ਤੇ ਅਜਿਹੀ ਬੇਨਿਯਮੀ ਜਾਂ ਧੱਕੇਸ਼ਾਹੀ ਹੋ ਰਹੀ ਹੋਵੇ ਜਿਸ ਨੂੰ ਉਹ ਲੋਕ ਵੀ ਨਾ ਰੋਕਣ ਜਿਨਾ ਨੂੰ ਰੋਕਣਾ ਚਾਹੀਦਾ ਸੀ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  23. ਜੱਟ ਕੀ ਜਾਣੇ ਕੋਕਲੇ, ਭੱਦ ਬਹੇੜੇ ਖਾ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜੱਟਾਂ ਦੀ ਬਹੁਤੀ ਬੁੱਧੀ ਨਹੀਂ ਹੁੰਦੀ ਅਤੇ ਉਨਾਂ ਨੂੰ ਕੀਮਤੀ ਅਤੇ ਗੁਣਕਾਰੀ ਵਸਤੂਆਂ ਦਾ ਵੀ ਬਹੁਤਾ ਗਿਆਨ ਨਹੀਂ ਹੁੰਦਾ।
  24. ਜੱਟ ਕੀ ਜਾਣੇ, ਲੌਂਗਾਂ ਦਾ ਭਾਅ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜੱਟਾਂ ਨੂੰ ਵਪਾਰ ਦੀਆਂ ਬਰੀਕੀਆਂ ਅਤੇ ਵਪਾਰ ਕੀਤੇ ਜਾਣ ਵਾਲੀਆਂ ਕੀਮਤੀ ਵਸਤੂਆਂ ਦੇ ਬਾਰੇ ਕੋਈ ਗਿਆਨ ਨਹੀਂ ਹੁੰਦਾ। ਇਹ ਅਖਾਣ ਹਾਸੇ-ਠੱਠੇ ਅਤੇ ਵਿਅੰਗ ਵਜੋਂ ਵੀ ਬੋਲਿਆ ਜਾਂਦਾ ਹੈ।
  25. ਜੱਟ ਗੰਨਾ ਨਹੀਂ ਦਿੰਦਾ, ਪਰ ਭੇਲੀ ਦੇ ਦਿੰਦਾ। ਇਸ ਅਖਾਣ ਵਿੱਚੋਂ ਜੱਟ ਦੀ ਬੁੱਧੀ ਅਤੇ ਮਾਨਸਿਕਤਾ ਦਾ ਪ੍ਰਗਟਾਵਾ ਮਿਲਦਾ ਹੈ ਕਿ ਉਹ ਵਾਧੇ ਘਾਟੇ ਨੂੰ ਨਹੀਂ ਸਮਝਦਾ। ਉਹ ਕਿਸੇ ਨੂੰ ਮੰਗਵਾਂ ਗੰਨਾ ਦੇਣਾ ਵਾਜਿਬ ਨਹੀਂ ਸਮਝਦਾ ਪਰ ਗੁੜ ਦੀ ਭੇਲੀ ਕਿਸੇ ਨੂੰ ਵੀ ਦੇ ਦਿੰਦਾ ਹੈ।
  26. ਜੱਟ ਘੜੇ ਦਾ ਮੱਟ, ਕੰਬੋਅ ਦੁੱਕੀ ਦੇ ਦੋ। ਇਹ ਅਖਾਣ ਜੱਟ ਅਤੇ ਕੰਬੋਜ ਬਰਾਦਰੀ ਵੱਲੋਂ ਇੱਕ ਦੂਜੇ ਉੱਤੇ ਵਿਅੰਗ ਕੱਸਣ ਵਜੋਂ ਜਾਂ ਹਾਸੇ-ਠੱਠੇ ਵਜੋਂ ਬੋਲਿਆ ਜਾਂਦਾ ਹੈ।
  27. ਜੱਟ ਚੌਧਰੀ, ਪਠਾਣ ਮੇਰਾ ਕੰਮੀ, ਕੁਤਰਾ ਕੌਣ ਕਰੇ। ਜਦੋਂ ਕੋਈ ਜੱਟ ਫੁਕਰਪੁਣੇ ਜਾਂ ਆਪਣੇ ਜੱਟਪੁਣੇ ਵਿੱਚ ਕਿਰਤ ਕਰਨੀ ਛੱਡ ਦੇਵੇ ਅਤੇ ਉਹੋ ਜਿਹੇ ਫੁਕਰਿਆ ਨੂੰ ਨਾਲ ਰੱਖੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  28. ਜੱਟ ਜੱਟਾਂ ਦੇ ਸਾਲ਼ੇ , ਤੇ ਵਿੱਚੇ ਹੀ ਘਾਲ਼ੇ ਮਾਲੇ਼। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜੱਟਾਂ ਦੀਆਂ ਜੱਟਾਂ ਨਾਲ ਵਿੱਚੇ ਵਿੱਚ ਰਿਸ਼ਤੇਦਾਰੀਆਂ ਹੁੰਦੀਆਂ ਹਨ।
  29. ਜੱਟ ਤੇ ਸੰਢਾ ਵੈਰ ਨਾ ਛੱਡੇ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜੱਟਾਂ ਦਾ ਵੈਰ ਸੰਡੇ ਦੇ ਵੈਰ ਵਾਂਗ ਬੁਰਾ ਹੁੰਦਾ ਹੈ।
  30. ਜੱਟ ਤੋਂ ਰਾਜ ਨਹੀਂ , ਤੇ ਮੋਠੋਂ ਕਾਜ ਨਹੀਂ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜੱਟ ਰਾਜ ਕਰਨ ਅਤੇ ਸੰਭਾਲਣ ਦੇ ਦੇ ਲਾਇਕ ਨਹੀਂ ਹੁੰਦੇ।
  31. ਜੱਟ ਦੀ ਤੇ ਊਠ ਦੀ ਅਤਬਾਰੀ ਨਹੀਂ ਹੁੰਦੀ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜੱਟ ਸੁਭਾਅ ਤੋਂ ਹੀ ਇਤਬਾਰ ਕਰਨ ਦੇ ਯੋਗ ਨਹੀਂ ਹੁੰਦੇ। ਉਵੇਂ ਹੀ ਜਿਵੇਂ ਊਠ ਉੱਤੇ ਇਤਬਾਰ ਨਹੀਂ ਕੀਤਾ ਜਾ ਸਕਦਾ ਤਿਵੇਂ ਹੀ ਜੱਟਾਂ ’ਤੇ ਵੀ ਇਤਬਾਰ ਨਹੀਂ ਕੀਤਾ ਜਾ ਸਕਦਾ। ਉਹ ਊਠ ਵਾਂਗ ਕਿਸੇ ਵੇਲੇ ਵੀ ਨੁਕਸਾਨ ਪਹੁੰਚਾ ਸਕਦੇ ਹਨ।
  32. ਜੱਟ ਦੇ ਜੌਂ ਪੱਕੇ ਤੇ ਮਾਂ ਨੂੰ ਮਾਰੇ ਧੱਕੇ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜੱਟ ਕੋਲ ਜਦੋਂ ਪੈਸਾ ਹੁੰਦਾ ਹੈ ਜਾਂ ਉਸ ਦਾ ਕੰਮ ਥੋੜਾ ਚਲ ਜਾਂਦਾ ਹੈ ਤਾਂ ਉਹ ਹੰਕਾਰ ਵਿੱਚ ਆ ਜਾਂਦਾ ਹੈ। ਹੰਕਾਰ ਵਿੱਚ ਆ ਕੇ ਉਹ ਆਪਣੀ ਮਾਂ ਨੂੰ ਵੀ ਧੱਕੇ ਮਾਰਨੇ ਸ਼ੁਰੂ ਕਰ ਦਿੰਦਾ ਹੈ।
  33. ਜੱਟ ਨਾ ਜਾਨਣ ਗੁਣਾਂ ਨੂੰ, ਛੋਲੇ ਨਾ ਜਾਨਣ ਵਾਹ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜੱਟਾਂ ਨਾਲ ਜਿੰਨੇ ਮਰਜ਼ੀ ਗੁਣ ਕਰ ਲਵੋ ਉਹ ਗੁਣ ਨੂੰ ਨਹੀਂ ਜਾਣਦੇ ਉਵੇਂ ਹੀ ਜਿਵੇਂ ਛੋਲਿਆਂ ਦੀ ਫਸਲ ਨੂੰ ਵਹਾਈ ਨਾਲ ਕੋਈ ਮਤਲਬ ਨਹੀਂ ਹੁੰਦਾ।
  34. ਜੱਟ ਨੇ ਪਿਆਈ ਲੱਸੀ , ਤੇ ਪਾ ਲਈ ਗਲ ਵਿੱਚ ਰੱਸੀ, ਜੱਟ ਨੇ ਪਿਆਈ ਚਾਹ, ਤੇ ਪਾਇਆ ਗਲ ਵਿੱਚ ਫਾਹ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜੱਟ ਮਤਲਬ ਤੋਂ ਬਿਨਾਂ ਕਿਸੇ ਨੂੰ ਚਾਹ ਪਾਣੀ ਵੀ ਨਹੀਂ ਪੁੱਛਦਾ ਜੇਕਰ ਉਸਨੇ ਚਾਹ ਪਾਣੀ ਪੁੱਛਿਆ ਹੈ ਤਾਂ ਉਹ ਉਸਦੇ ਇਵਜ ਵਿੱਚ ਸਾਹਮਣੇ ਵਾਲੇ ਕੋਲੋਂ ਕੋਈ ਹੋਰ ਮਤਲਬ ਲੈਣ ਦੀ ਕੋਸ਼ਿਸ਼ ਕਰੇਗਾ।
  35. ਜੱਟ ਮਲੂਕ, ਤਲਰੂਆ ਰੁਮਾਲ। ਜਦੋਂ ਕਿਸੇ ਵਿਅਕਤੀ ਦਾ ਬਾਹਰੀ ਵਿਖਾਵਾ ਤਾਂ ਸ਼ਾਹੀ ਠਾਠ ਵਾਲਾ ਹੋਵੇ ਪਰ ਅੰਦਰੂਨੀ ਹਾਲਤ ਫਟੇਹਾਲ ਹੋਵੇ ਤਾਂ ਵਿਅੰਗ ਵਜੋਂ ਇਹ ਅੱਖਾਂਣ ਬੋਲਿਆ ਜਾਂਦਾ ਹੈ।
  36. ਜੱਟ ਮੂਰਖ ਦਾ ਹਾਸਾ, ਤੇ ਭੰਨ ਗਵਾਇਆ ਪਾਸਾ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜੱਟਾਂ ਦਾ ਹਾਸਾ ਵੀ ਸਾਹਮਣੇ ਵਾਲੇ ਦਾ ਮੜਾਸਾ ਬਣਾ ਦਿੰਦਾ ਹੈ।
  37. ਜੱਟ ਮੋਆ ਜਾਣੀਏ, ਜਾ ਦਿਨ ਹੋਣ ਸਤਾਰਾਂ । ਇਸ ਅਖਾਣ ਵਿੱਚੋਂ ਜੱਟਾਂ ਦਾ ਖੌਫਨਾਕ ਝਲਕਦਾ ਹੈ ਅਖਾਣ ਦੇ ਭਾਵ ਅਰਥ ਅਨੁਸਾਰ ਜੱਟ ਨੂੰ ਉਦੋਂ ਤੱਕ ਮਰਿਆ ਨਾ ਸਮਝੀਏ ਜਦੋਂ ਤੱਕ ਉਸਦਾ ਸਤਾਰੀਆ ਨਾ ਹੋ ਜਾਵੇ।
  38. ਜੱਟ ਯਮਲਾ ਖ਼ੁਦਾ ਨੂੰ ਲੈ ਗਏ ਚੋਰ। ਜਦੋਂ ਕਿਸੇ ਥਾਂ ’ਤੇ ਅਜਿਹੀ ਬੇਨਿਯਮੀ ਜਾਂ ਧੱਕੇਸ਼ਾਹੀ ਹੋ ਰਹੀ ਹੋਵੇ ਜਿਸ ਨੂੰ ਉਹ ਲੋਕ ਵੀ ਨਾ ਰੋਕਣ ਜਿਨਾ ਨੂੰ ਰੋਕਣਾ ਚਾਹੀਦਾ ਸੀ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  39. ਜੱਟ ਵਜਾਵੇ ਤੁਰ੍ਹਾ, ਉਹ ਵੀ ਬੁਰਾ, ਬਾਹਮਣ ਦੇ ਹੱਥ ਛੁਰਾ, ਉਹ ਵੀ ਬੁਰਾ, ਚੇਤ ਮਹੀਨੇ ਪੁਰਾ, ਉਹ ਵੀ ਬੁਰਾ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਮਸਤਿਆ ਹੋਇਆ ਜੱਟ ਬੁਰਾ ਹੁੰਦਾ ਹੈ, ਬ੍ਰਾਹਮਣ ਦੇ ਹੱਥ ਵਿਚ ਛੁਰਾ ਬੁਰਾ ਹੁੰਦਾ ਹੈ ਅਤੇ ਚੇਤ ਵਿੱਚ ਵਗਦਾ ਪੁਰਾ ਮਾੜਾ ਹੁੰਦਾ ਹੈ।
  40. ਜੱਟ ਵਿਗੜਿਆ ਮੁਰਸ਼ਦ ਨਾਲ, ਜਦ ਬੋਲੇ ਤਦ ਕੱਢੇ ਗਾਲ਼। ਇਸ ਅਖਾਣ ਵਿੱਚ ਜੱਟਾਂ ਦੇ ਸੁਭਾਅ ਦੀ ਗੱਲ ਕੀਤੀ ਗਈ ਹੈ ਕਿ ਜਦੋਂ ਉਹ ਕਿਸੇ ਨਾਲ ਵਿਗੜ ਜਾਂਦੇ ਹਨ ਤਾਂ ਉਹ ਮੰਦਾ ਬੋਲਣਾ ਸ਼ੁਰੂ ਕਰ ਦਿੰਦੇ ਹਨ। ਭਾਵੇਂ ਉਹ ਉਹਨਾਂ ਦਾ ਮੁਰਸ਼ਦ ਅਤੇ ਗੁਰੂ ਹੀ ਕਿਉਂ ਨਾ ਹੋਵੇ।
  41. ਜੱਟ, ਪੱਟ ਤੇ ਫੱਟ, ਬੱਧੇ ਹੀ ਕਾਬੂ ਆਉਂਦੇ ਨੇ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜੱਟ ਕਰੜੀ ਬੰਦਸ਼ ਅਧੀਨ ਹੀ ਕਾਬੂ ਆਉਂਦੇ ਹਨ।
  42. ਜੱਟ…ਜੱਟ… ਜੱਟੜਾ ਤੇਰੇ ਮਗਰ ਬੱਧਾ ਪੱਟੜਾ, ਤੇਲੀ…ਤੇਲੀ…ਤੇਲੀ, ਤੇਰੇ ਮਗਰ ਬੱਧਾ ਕੋਹਲੂ। ਇਹ ਅਖਾਣ ਹਾਸ ਵਿਅੰਗ ਦੀਆਂ ਕਹਾਣੀਆਂ ਸੁਣਾਉਣ ਅਤੇ ਜੱਟ ਦੀ ਭੋਲੀ ਮੱਤ ਨੂੰ ਦਰਸਾਉਣ ਵਜੋਂ ਵਰਤਿਆ ਜਾਂਦਾ ਹੈ। ਇਸ ਅਖਾਣ ਦੀ ਪਿੱਠ ਭੂਮੀ ਵਿੱਚ ਕਹਾਣੀ ਇਹ ਹੈ ਕਿ ਜੱਟ ਤੇ ਤੇਲੀ ਆਪਸ ਵਿੱਚ ਮਿਹਣੇ ਦੇਣ ਲੱਗ ਪੈਂਦੇ ਹਨ। ਤੇਲੀ ਬੜੇ ਕਾਵਿਕ ਅੰਦਾਜ਼ ਵਿੱਚ ਜੱਟ ਨੂੰ ਕਹਿੰਦਾ ਹੈ ਕਿ ਜੱਟ.. ਜੱਟ …ਜਟੜਾ ਤੇਰੇ ਮਗਰ ਬੱਧਾ ਪੱਟੜਾ… ਜੱਟ ਨੂੰ ਕਵਿਤਾ ਜਾਂ ਕਾਵਿਕ ਅੰਦਾਜ਼ ਤਾਂ ਆਉਂਦਾ ਨਹੀਂ ਸੀ ਪਰ ਉਹ ਕਹਿੰਦਾ ਹੈ ਕਿ ਤੇਲੀ… ਤੇਲੀ… ਤੇਲੀ …ਤੇਰੇ ਪਿੱਛੇ ਬੱਧਾ ਕੋਹਲੂ । …ਸਾਰੇ ਹੱਸ ਪੈਂਦੇ ਹਨ… ਕਹਿੰਦੇ ਕਾਵਿਕ ਵਿਅੰਗ ਤਾਂ ਬਣਿਆ ਨਹੀਂ… ਜੱਟ ਕਹਿੰਦਾ ਕਾਵਿ ਵਿਅੰਗ ਬਣੇ ਜਾਂ ਨਾ ਬਣੇ ਪਰ ਸਾਲਾ ਭਾਰ ਨਾਲ ਤਾਂ ਮਰੂ।
  43. ਜੱਟ-ਜੱਟਾਂ ਦੇ ਸਾਲੇ, ਤੇ ਵਿੱਚੇ ਘਾਲ਼ੇ ਮਾਲ਼ੇ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜੱਟਾਂ ਦੀਆਂ ਜੱਟਾਂ ਨਾਲ ਸਾਂਝੀਆਂ ਰਿਸ਼ਤੇਦਾਰੀਆਂ ਹੁੰਦੀਆਂ ਹਨ।
  44. ਜੱਟ-ਜੱਟਾਂ ਦੇ, ਤੇ ਭੋਲੂ ਨਰਾਇਣ ਦਾ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜੱਟ ਅਖੀਰ ਜੱਟਾਂ ਨਾਲ ਰਲ਼ ਜਾਂਦੇ ਹਨ ਅਤੇ ਹਮਾਤੜ ਬੰਦੇ ਨੂੰ ਧੋਖਾ ਦੇ ਜਾਂਦੇ ਹਨ। ਹਮਹਾਤ ਬੰਦੇ ਦਾ ਤਾਂ ਰੱਬ ਹੀ ਰਾਖਾ ਹੁੰਦਾ ਹੈ।
  45. ਜੱਟਾ ਤੇਰੀ ਜੂਨ ਬੁਰੀ, ਹਲ਼ ਵਾਹ ਪੱਠਿਆਂ ਨੂੰ ਜਾਣਾ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜੱਟਾਂ ਦੇ ਕੰਮ ਕਦੇ ਨਹੀਂ ਮੁੱਕਦੇ। ਉਹ ਇਕ ਕੰਮ ਮੁਕਾ ਕੇ ਹਟਦੇ ਹਨ ਅਤੇ ਦੂਜਾ ਕੰਮ ਅੱਗੋਂ ਤਿਆਰ ਹੁੰਦਾ ਹੈ।
  46. ਜੱਟਾਂ ਤੇਰੇ ਨਾਲ ਬੁਰੀ ਹੋਈ, ਬਾਹਰ ਛੋਲੇ ਭਿੱਜ ਗਏ, ਤੇ ਘਰ ਕੁੜੀ ਹੋਈ। ਜਦੋਂ ਕਿਸੇ ਵਿਅਕਤੀ ਨਾਲ ਹਰ ਪਾਸਿਓਂ ਬੁਰਾ ਵਰਤਾਰਾ ਵਾਪਰੇ ਤਾਂ ਉਸ ਨੂੰ ਹੌਸਲਾ ਦੇਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। ਇਹ ਅਖਾਣ ਹਾਸੇ ਠੱਠੇ ਅਤੇ ਵਿਅੰਗ ਵਜੋਂ ਵੀ ਬੋਲਿਆ ਜਾਂਦਾ ਹੈ।
  47. ਜੱਟਾਂ ਦੀਆਂ ਸੌ ਮਾਵਾਂ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜੱਟ ਕਿਸੇ ਦੇ ਵੀ ਸਕੇ ਪੁੱਤ ਨਹੀਂ ਹੁੰਦੇ। ਉਹ ਆਪਣੀ ਮਾਂ ਦੇ ਵੀ ਸਕੇ ਨਹੀਂ ਹੁੰਦੇ। ਉਹਨਾਂ ਦੀਆਂ ਦੀਆਂ ਸੌ ਮਾਵਾਂ ਹੁੰਦੀਆਂ ਹਨ। ਭਾਵ ਕਿ ਉਹ ਮਤਲਬ ਲਈ ਕਿਸੇ ਨੂੰ ਵੀ ਮਾਂ ਬਣਾ ਲੈਂਦੇ ਹਨ।
  48. ਜੱਟੀ ਫਸਾਈ ਅੱਟੀ, ਤੇ ਕਰਾੜ ਫਸਾਈ ਵੱਟੀ। ਜਦੋਂ ਦੋਵੇਂ ਵਿਅਕਤੀ ਚਲਾਕੀ ਅਤੇ ਬੇਈਮਾਨੀ ਨਾਲ ਇੱਕ ਦੂਜੇ ਨੂੰ ਠੱਗਣ ਦੀ ਕੋਸ਼ਿਸ਼ ਕਰਨ ਤਾਂ ਹਾਸੇ ਠੱਠੇ ਅਤੇ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। ਇਸ ਅਖਾਣ ਦੇ ਪਿੱਛੇ ਕਹਾਣੀ ਇਹ ਹੈ ਕਿ ਇਕ ਜੱਟੀ ਜਦੋਂ ਦੁਕਾਨ ‘ਤੇ ਸੌਦਾ ਲੈਣ ਗਈ ਤਾਂ ਉਸ ਨੇ ਤਕੜੀ ਦੇ ਛਾਬੇ ਵਿੱਚ ਅੱਟੀ ਫਸਾ ਦਿੱਤੀ ਭਾਵ ਕਿ ਲਾਲੇ ਨੂੰ ਠੱਗ ਨੂੰ ਠੱਗ ਸਕੇ ਅਤੇ ਵੱਧ ਸੌਦਾ ਤੁਲਵਾ ਸਕੇ। ਦੂਜੇ ਪਾਸੇ ਲਾਲਾ ਵੀ ਚਲਾਕ ਸੀ ਉਸਨੇ ਛਾਬੇ ਦੇ ਵਿੱਚ ਵੱਟੀ ਫਸਾ ਦਿੱਤੀ। ਇਸ ਤਰਾਂ ਜਦੋਂ ਦੋਵੇਂ ਬੰਦੇ ਇੱਕ ਦੂਜੇ ਨੂੰ ਠੱਗਣ ਦੀ ਕੋਸ਼ਿਸ਼ ਕਰ ਰਹੇ ਹੋਣ ਤਾਂ ਵੇਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  49. ਜੱਟ ਦੇ ਫ਼ੁੱਟੀ ਵਿਆਈ, ਕਿਸੇ ਨੂੰ ਭੂਆ ਤੇ ਕਿਸੇ ਨੂੰ ਤਾਈ.., ਜਦੋਂ ਜੱਟ ਦੇ ਡੱਡੇ ਪੱਕੇ, ਤੇ ਸਕੀ ਮਾਂ ਨੂੰ ਵੀ ਮਾਰੇ ਧੱਕੇ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਦੋਂ ਜੱਟ ਉੱਤੇ ਮੁਸੀਬਤ ਹੁੰਦੀ ਹੈ ਤਾਂ ਉਹ ਸਾਰਿਆਂ ਨਾਲ ਨੇੜ ਕਰ ਲੈਂਦਾ ਹੈ ਪਰ ਜਦੋਂ ਉਹਦੇ ਕੋਲ ਚਾਰ ਛਿੱਲੜ ਆ ਜਾਂਦੇ ਹਨ, ਭਾਵ ਉਹਦੇ ਘਰੇ ਦਾਣੇ ਪੱਕ ਜਾਂਦੇ ਹਨ ਤਾਂ ਉਹ ਸਕੀ ਮਾਂ ਨੂੰ ਵੀ ਧੱਕੇ ਮਾਰਨੇ ਸ਼ੁਰੂ ਕਰ ਦਿੰਦਾ ਹੈ।
  50. ਜਣੇ-ਜਣੇ ਦੀ ਲੱਕੜੀ, ਤੇ ਇੱਕੋ ਜਣੇ ਦਾ ਬੋਝ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਵੰਡ ਕੇ ਕੀਤਾ ਹੋਇਆ ਕੰਮ ਸੌਖਾ ਲੱਗਣ ਲੱਗ ਪੈਂਦਾ ਹੈ ਜਦਕਿ ਉਹੀ ਕੰਮ ਜਦੋਂ ਇੱਕੋ ਬੰਦੇ ਨੂੰ ਕਰਨਾ ਪੈਂਦਾ ਹੈ ਤਾਂ ਉਸਦੇ ਲਈ ਬੋਝ ਬਣ ਜਾਂਦਾ ਹੈ।
  51. ਜਦ ਉਖਲੀ ਚ ਸਿਰ ਦਿੱਤਾ, ਫਿਰ ਮੋਹਲਿਆਂ ਤੋਂ ਕੀ ਡਰਨਾ। ਜਦੋਂ ਕੋਈ ਵਿਅਕਤੀ ਕਿਸੇ ਸਥਿਤੀ ਵਿੱਚ ਬੁਰੀ ਤਰ੍ਹਾਂ ਫਸ ਜਾਵੇ ਅਤੇ ਨਿਕਲਣ ਲਈ ਕੋਈ ਰਸਤਾ ਨਾ ਬਚੇ ਤਾਂ ਖੁਦ ਨੂੰ ਹੌਸਲਾ ਦੇਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  52. ਜਦ ਆਉਣ ਪਰਾਈਆਂ ਜਾਈਆਂ, ਤਾਂ ਵਿਛੋੜਨ ਸਕਿਆਂ ਭਾਈਆਂ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਘਰ ਵਿੱਚ ਜਦੋਂ ਬੇਗਾਨੀਆਂ ਔਰਤਾਂ ਵਿਆਹ ਕੇ ਘਰ ਆ ਜਾਂਦੀਆਂ ਹਨ ਤਾਂ ਉਹ ਭਾਈਆਂ ਵਿੱਚ ਪਾਟਕ ਪਾ ਦਿੰਦੀਆਂ ਹਨ ਅਤੇ ਸਕੇ ਭਰਾ ਇੱਕ ਦੂਜੇ ਤੋਂ ਵਿਛੜਨ ਲਈ ਮਜਬੂਰ ਹੋ ਜਾਂਦੇ ਹਨ।
  53. ਜਦ ਆਇਆ ਬੀਬੀ ਦਾ ਵਾਰਾ ਤਾਂ ਉੱਜੜ ਗਿਆ ਸਭ ਤਖਤ ਹਜਾਰਾ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਚੀਜ਼ ਦੀ ਬਰਾਬਰ ਵੰਡ ਹੋ ਰਹੀ ਹੋਵੇ ਅਤੇ ਇੱਕ ਬੰਦੇ ਦੀ ਵਾਰੀ ਆਉਣ ਤੋਂ ਪਹਿਲਾਂ ਹੀ ਸਾਰਾ ਮਾਲ-ਮੱਤਾ ਖਤਮ ਹੋ ਜਾਵੇ ਜਾਂ ਜਦੋਂ ਵਿਅਕਤੀ ਦੀ ਉਮੀਦ ਟੁੱਟਦੀ ਹੈ ਅਤੇ ਖਾਲੀ ਹੱਥੀ ਮੁੜਨਾ ਪਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  54. ਜਦ ਹੋਵੇ ਵਕਤ ਸਵੱਲੜਾ, ਤਾਂ ਭੁੱਜੇ ਉੱਗਣ ਮੋਠ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਦੋਂ ਇਨਸਾਨ ਦਾ ਵਕਤ ਚੰਗਾ ਹੋਵੇ ਤਾਂ ਉਸ ਦੀਆਂ ਹਰ ਪਾਸੇ ਪੌਂ 12 ਹੁੰਦੀਆਂ ਹਨ।
  55. ਜਦ ਜੌਂ ਸਾਵੇ, ਤਾਂ ਕੋਈ ਨਾ ਆਵੈ, ਜਦ ਜੌਂ ਪੱਕੇ ਤਾਂ ਮਿਲਦੇ ਸਕੇ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਬੁਰੇ ਸਮੇਂ ਵਿੱਚ ਜਾਂ ਜਦੋ-ਜਹਿਦ ਦੇ ਸਮੇਂ ਵਿੱਚ ਕੋਈ ਵਿਅਕਤੀ ਸਾਥ ਨਹੀਂ ਦਿੰਦਾ ਅਤੇ ਨਾ ਹੀ ਹਾਲ-ਚਾਲ ਪੁੱਛਦਾ ਹੈ ਪਰ ਜਦੋਂ ਬੰਦਾ ਮਾਲੋ-ਮਾਲ ਹੋ ਜਾਂਦਾ ਹੈ ਤਾਂ ਸਾਰੇ ਰਿਸ਼ਤੇਦਾਰ ਅਤੇ ਯਾਰ ਮਿੱਤਰ ਨੇੜ ਕਰਨਾ ਸ਼ੁਰੂ ਕਰ ਦਿੰਦੇ ਹਨ।
  56. ਜਦ ਤੱਕ ਸਵਾਸ, ਤਦ ਤੱਕ ਆਸ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਮਨੁੱਖ ਦੇ ਸਰੀਰ ਵਿੱਚ ਜਦੋਂ ਤੱਕ ਸਾਹ ਚਲਦੇ ਹਨ ਉਦੋਂ ਤੱਕ ਉਸਦੀ ਆਸ ਅਤੇ ਤਮ੍ਹਾਂ ਖਤਮ ਨਹੀਂ ਹੁੰਦੀ।
  57. ਜਦੋਂ ਦੇ ਜੰਮੇ, ਬੋਧੀਓਂ ਲੰਮੇ।…. ਜਦੋ ਕੋਈ ਵਿਅਕਤੀ ਛੋਟੀ ਉਮਰੇ ਬਜੁਰਗਾਂ ਵਰਗੀਆਂ ਗੱਲਾਂ ਕਰੇ ਜਾਂ ਜਿੰਮੇਵਾਰੀ ਸੰਭਾਲ ਲਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਬੋਧੀ ਤੋਂ ਭਾਵ ਬੋਹੜ ਦੇ ਰੁੱਖ ਦੀ ਜੜ੍ਹਾਂ ਵਾਂਗ ਲੰਮੇ ਹੋਣਾ ਹੈ।
  58. ਜਦ ਪੇਟ ਨਾ ਪਈਆਂ ਰੋਟੀਆਂ, ਤਾਂ ਸਭੇ ਗੱਲਾਂ ਖੋਟੀਆਂ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜੇ ਢਿੱਡ ਖਾਲੀ ਹੋਵੇ ਤਾਂ ਕੋਈ ਵੀ ਗੱਲ ਚੰਗੀ ਅਤੇ ਮਤਲਬ ਦੀ ਨਹੀਂ ਲੱਗਦੀ ਭਾਵੇਂ ਉਹ ਕਿੰਨੀ ਹੀ ਕੀਮਤੀ ਕਿਉਂ ਨਾ ਹੋਵੇ।
  59. ਜਦੋਂ ਆਵਦਾ ਸਿੱਕਾ ਖੋਟਾ ਹੋਵੇ, ਤਾਂ ਲਾਲੇ ਦਾ ਕੀ ਦੋਸ਼? ਜਦੋਂ ਘਰ ਦਾ ਕੋਈ ਜੀ ਅ ਜਾਂ ਸੰਗੀ ਸਾਥੀ ਨਿਕੰਮਾ ਨਿਕਲ ਆਵੇ ਤਾਂ ਵਿਅੰਗ ਕਸਣ ਵਜੋਂ ਜਾਂ ਸਿੱਖਿਆ ਦੇਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  60. ਜਦੋਂ ਸੱਪ ਦੀ ਮੌਤ ਆਉਂਦੀ ਹੈ ਚੌਰਾਹੇ ਆ ਕੇ ਸੌਂਦਾ। ਜਦੋਂ ਕੋਈ ਬੁਰਾ ਵਿਅਕਤੀ ਅਜਿਹੇ ਕੰਮ ਕਰਨੇ ਸ਼ੁਰੂ ਕਰ ਦੇਵੇ ਜਿਸ ਨਾਲ ਉਸਦਾ ਖਾਤਮਾ ਨਿਸ਼ਚਿਤ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  61. ਜਦੋਂ ਕਿਸੇ ਦੀ ਮੌਤ ਆਉਂਦੀ ਆ, ਕਿਸੇ ਨੂੰ ਪੁੱਛ ਕੇ ਥੋੜ੍ਹੀ ਆਉਂਦੀ ਆ। ਇਹ ਅਖਾਣ ਮੌਤ ਦੀ ਅਟੱਲ ਸੱਚਾਈ ਨੂੰ ਦਰਸਾਉਣ ਵਜੋਂ ਬੋਲਿਆ ਜਾਂਦਾ ਹੈ। ਜਦੋਂ ਕੋਈ ਵਿਅਕਤੀ ਜਾਣ ਬੁੱਝ ਕੇ ਅਜਿਹੇ ਕੰਮ ਕਰੇ ਜਿਸ ਨਾਲ ਉਸ ਦਾ ਭਾਰੀ ਜਾਨੀ-ਮਾਲੀ ਨੁਕਸਾਨ ਹੋਣ ਦਾ ਡਰ ਹੋਵੇ ਤਾਂ  ਇਸ ਅਖਾਣ ਨੂੰ ਹਾਸੇ-ਠੱਠੇ ਅਤੇ ਵਿਅੰਗ ਵਜੋਂ ਵੀ ਬੋਲਿਆ ਜਾਂਦਾ ਹੈ।
  62. ਜਦੋਂ ਕੀੜੇ ਦੀ ਮੌਤ ਆਉਂਦੀ ਹੈ ਉਹਨੂੰ ਖੰਭ ਨਿਕਲ ਆਉਂਦੇ ਨੇ। ਜਦੋਂ ਕੋਈ ਨਕਾਰਾ ਵਿਅਕਤੀ ਬਹੁਤ ਜਿਆਦਾ ਹਵਾ ਕਰਨ ਲੱਗ ਪਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  63. ਜਦੋਂ ਕੁੱਤੇ ਦੀ ਮੌਤ ਆਉਂਦੀ ਹੈ, ਉਹ ਮਸੀਤੇ ਜਾ ਕੇ ਹੱਗਦਾ। ਜਦੋਂ ਕੋਈ ਕੁਲਹਿਣਾ ਵਿਅਕਤੀ ਅਜਿਹੇ ਕਰਮ ਕਰਨ ਲੱਗ ਪਵੇ ਜੋ ਕਿਸੇ ਵੱਡੀ ਸੱਤਾ ਨੂੰ ਵੰਗਾਰਨ ਵਾਂਗ ਹੋਵੇ ਅਤੇ ਉਸ ਦੀ ਮੌਤ ਜਾਂ ਨੁਕਸਾਨ ਨਿਸ਼ਚਿਤ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  64. ਜਦੋਂ ਖਿਆਲੀਂ ਅੰਬ ਤੋੜਨੇ, ਫਿਰ ਟੋਕਰੀ ਕਾਹਤੋਂ ਊਣੀ ਰੱਖਣੀ। ਇਹ ਅਖਾਣ ਹਾਸੇ-ਠੱਠੇ ਅਤੇ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਕਲਪਨਾਵਾਂ ਜਾਂ ਖਿਆਲਾਂ ਵਿੱਚ ਜਿੰਨੇ ਮਰਜ਼ੀ ਵੱਡੇ ਮਹਿਲ ਬਣਾ ਲਵੋ ਕੋਈ ਫਰਕ ਨਹੀਂ ਪੈਂਦਾ। ਜਸਬੀਰ ਵਾਟਾਂਵਾਲੀਆ.
  65. ਜਦੋਂ ਖਿਆਲੀਂ ਖੀਰ ਬਣਾਉਣੀ, ਫਿਰ ਗੁੜ ਕਾਹਤੋਂ ਘੱਟ ਪਾਉਣਾ। ਉਹੀ ਅਰਥ।
  66. ਜਦੋਂ ਗਿੱਦੜ ਦੀ ਮੌਤ ਆਉਂਦੀ ਹੈ, ਉਹ ਪਿੰਡ ਵੱਲੋਂ ਭੱਜਦਾ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਵਿਅਕਤੀ ਜਾਣ ਬੁੱਝ ਕੇ ਅਜਿਹੇ ਕੰਮ ਕਰਨ ਲੱਗ ਪਵੇ ਜਿਸ ਨਾਲ ਉਸ ਦਾ ਅੰਤ ਨਿਸ਼ਚਿਤ ਹੋਵੇ।
  67. ਜਦੋਂ ਗੋਲ੍ਹਾਂ ਡਿੱਗੀਆਂ, ਉਦੋਂ ਕੁੱਤੀ ਨੂੰ ਝਾੜਾ ਆ ਗਿਆ। ਜਦੋਂ ਕੋਈ ਵਿਅਕਤੀ ਐਨ ਮੌਕੇ ਉੱਤੇ ਕੋਈ ਬਹਾਨਾ ਬਣਾ ਕੇ ਕੰਮ ਤੋਂ ਬਚਣ ਦੀ ਕੋਸ਼ਿਸ਼ ਕਰੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। ਇਸ ਅਖਾਣ ਦੇ ਪਿੱਛੇ ਕਹਾਣੀ ਇਹ ਹੈ ਕਿ ਤੂਤ ਉੱਤੇ ਗੋਲ੍ਹਾਂ ਪੱਕੀਆਂ ਹੋਈਆਂ ਸਨ ਅਤੇ ਕੁੱਤੀ ਦਾ ਗੋਲਾਂ ਖਾਣ ਨੂੰ ਦਿਲ ਕਰ ਰਿਹਾ ਸੀ। ਉਹ ਬਹੁਤ ਦੇਰ ਤੱਕ ਬੈਠੀ ਉਡੀਕਦੀ ਰਹੀ ਕਿ ਗੋਲਾ ਡਿੱਗਣਗੀਆਂ ਪਰ ਜਦੋਂ ਗੋਲਾਂ ਡਿੱਗੀਆਂ ਤਾਂ ਐਨ ਉਸੇ ਮੌਕੇ ਉਹ ਟੱਟੀ-ਪਿਸ਼ਾਬ ਕਰਨ ਚਲੀ ਗਈ।
  68. ਜਦੋਂ ਜਾਗੋ, ਉਦੋਂ ਹੀ ਸਵੇਰਾ ਹੁੰਦਾ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ, ਜਦੋਂ ਦੱਸਣਾ ਹੋਵੇ ਕਿ ਸਮਝ ਜਾਂ ਗਿਆਨ ਹਾਸਲ ਕਰਨ ਦੀ ਕੋਈ ਉਮਰ ਜਾਂ ਵੇਲਾ ਨਹੀਂ ਹੁੰਦਾ, ਉਹ ਜਦੋਂ ਵੀ ਸਮਝ ਆ ਜਾਵੇ ਚੰਗਾ ਹੁੰਦਾ ਹੈ। ਇਸ ਅਖਾਣ ਨੂੰ ਵਿਅੰਗ ਵਜੋਂ ਵੀ ਬੋਲਿਆ ਜਾਂਦਾ ਹੈ।
  69. ਜਦੋਂ ਦੇ ਜੰਮੇ ਚੰਦ-ਭਾਨ, ਚੁੱਲੇ ਅੱਗ ਨਾ ਮੰਜੇ ਵਾਣ। ਇਹ ਅਖਾਣ ਨਵੀਂ ਪੀੜੀ ਜਾਂ ਕਿਸੇ ਧੜੇ ਵਿੱਚ ਨਵੇਂ ਉੱਠੇ ਆਗੂਆਂ ਉੱਤੇ ਵਿਅੰਗ ਕੱਸਣ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਨਵੀਂ ਪੀੜ੍ਹੀ ਜਾਂ ਆਗੂ ਪੁਰਾਣੀ ਕੀਤੀ ਕਤਰੀ ਖੂਹ ਵਿੱਚ ਪਾ ਦੇਣ।
  70. ਜਦੋਂ ਨੱਚਣ ਹੀ ਲੱਗ ਗਈ, ਤਾਂ ਘੁੰਡ ਕਾਹਦਾ। ਜਦੋਂ ਇਹ ਸਿੱਖਿਆ ਦੇਣੀ ਹੋਵੇ ਕਿ ਕੋਈ ਵੀ ਕੰਮ ਸ਼ੁਰੂ ਕਰ ਲਈਏ ਤਾਂ ਫਿਰ ਉਸ ਕੰਮ ਦੇ ਕਰਨ ਵਿੱਚ ਸ਼ਰਮ ਨਹੀਂ ਮਹਿਸੂਸ ਕਰਨੀ ਚਾਹੀਦੀ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  71. ਜਦੋਂ ਬਿਜਲੀ ਕੜਕਦੀ ਹੈ, ਪਹਿਲਾਂ ਬੁਲਬੁਲ ਦੇ ਆਲਣੇ ਤੇ ਪੈਂਦੀ ਐ। ਜਦੋਂ ਕਿਸੇ ਵਿਅਕਤੀ ਦੇ ਮਨ ਵਿੱਚੋਂ ਡਰ ਕੱਢਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਅਖਾਣ ਦੇ ਭਾਵ ਅਰਥ ਨੂੰ ਦੇਖੀਏ ਤਾਂ ਬੁਲਬੁਲ ਅਜਿਹਾ ਜੀਵ ਹੈ, ਜੋ ਬਹੁਤ ਉੱਚੇ ਥਾਵਾਂ ਤੇ ਆਲ੍ਹਣਾ ਬਣਾਉਂਦਾ ਹੈ ਕਿਉਂਕਿ ਉੱਚੇ ਟਾਵਰ ਜਾਂ ਉੱਚੀਆਂ ਥਾਵਾਂ ਉੱਤੇ ਬਿਜਲੀ ਭਾਵੇਂ ਪਹਿਲਾਂ ਪਹੁੰਚਦੀ ਹੈ ਪਰ ਮਾਰ ਕਰਨ ਦਾ ਖਤਰਾ ਘੱਟ ਹੁੰਦਾ ਹੈ।
  72. ਜਦੋਂ ਮੀਆਂ-ਬੀਵੀ ਰਾਜੀ, ਤਾਂ ਕੀ ਕਰੂਗਾ ਕਾਜੀ ? ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਦੋਂ ਦੋ ਮੁੱਖ ਧਿਰਾਂ ਆਪਸ ਵਿੱਚ ਸਹਿਮਤ ਹੋ ਜਾਣ ਤਾਂ ਤੀਜੀ ਧਿਰ ਦਾ ਫਿਰ ਕੋਈ ਜੋਰ ਨਹੀਂ ਚਲਦਾ।
  73. ਜਦੋਂ ਲੱਜ ਲਈ ਲਾਹ, ਫਿਰ ਪੰਚਾਂ ਦੀ ਕੀ ਪਰਵਾਹ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਦੋਂ ਕੋਈ ਮਨੁੱਖ ਨਿਸੰਗ ਹੋ ਜਾਂਦਾ ਹੈ ਤਾਂ ਫਿਰ ਉਸਨੂੰ ਕਿਸੇ ਦੀ ਪਰਵਾਹ ਨਹੀਂ ਰਹਿੰਦੀ।
  74. ਜਦੋਂ ਲੱਥ ਗਈ ਲੋਈ, ਕੀ ਕਰੂਗਾ ਕੋਈ ? ਜਦੋਂ ਕਿਸੇ ਦੀ ਬੇਸ਼ਰਮੀ ਦੀ ਹੱਦ ਨਾ ਰਹੇ ਤਾਂ ਉਸ ਉੱਤੇ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  75. ਜੰਨ ਚੜ੍ਹੇ ਨਹੀਂ !..ਤੇ ਚੜ੍ਹਦੇ ਵੀ ਨਹੀਂ ਦੇਖੇ! ਜਦੋਂ ਕੋਈ ਵਿਅਕਤੀ ਨਵਾਂ ਕੰਮ ਸ਼ੁਰੂ ਕਰੇ ਅਤੇ ਆਲੇ-ਦੁਆਲਿਓ ਉਸ ਦੇ ਸੰਗੀ ਸਾਥੀ ਉਸ ਨੂੰ ਰੋਕ-ਟੋਕ ਕਰਨ ਅਤੇ ਮੱਤਾਂ ਦੇਣ ਤਾਂ ਨਵਾਂ ਵਿਅਕਤੀ ਉਹਨਾਂ ਉੱਤੇ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਦਾ ਹੈ ਕਿ, ਬੇਸ਼ੱਕ ਉਸ ਨੇ ਪਹਿਲਾਂ ਕਦੇ ਇਹ ਕੰਮ ਨਹੀਂ ਕੀਤਾ ਪਰ ਕੰਮ ਕਰਦੇ ਲੋਕਾਂ ਨੂੰ ਦੇਖਿਆ ਜਰੂਰ ਹੈ।
  76. ਜਨਮ ਨਾ ਕੰਘੀ ਵਾਹੀ, ਸਿਰ ਬੁੱਕ-ਬੁੱਕ ਲੀਖਾਂ। ਜਦੋਂ ਕਿਸੇ ਦਲਿਦਰੀ ਵਿਅਕਤੀ ਦੇ ਬੁਰੇ ਹਾਲਾਤ, ਘਰ ਜਾਂ ਕੰਮ ਕਾਰ ਜਾਂ ਉਸ ਦੇ ਘਰ ਵਿੱਚ ਪਈ ਗੰਦਗੀ ਉੱਤੇ ਵਿਅੰਗ ਕੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  77. ਜਨਾਨੀ ਦਾ ਗੁੱਸਾ, ਅਤੇ ਦੁੱਧ ਦਾ ਉਬਾਲ ਇੱਕੋ ਜਹੇ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਨਾਨੀਆਂ ਦਾ ਗੁੱਸਾ ਬਹੁਤਾ ਚਿਰ ਨਹੀਂ ਹੁੰਦਾ। ਐਵੇਂ ਥੋੜ੍ਹੇ ਚਿਰ ਲਈ ਹੀ ਉਹ ਅੱਗ ਬਬੂਲਾ ਹੁੰਦੀਆਂ ਹਨ।
  78. ਜਨਾਨੀ ਦੀ ਮੱਤ ਖੁਰੀ ਪਿੱਛੇ। ਜਦੋਂ ਇਹ ਦੱਸਣਾ ਹੋਵੇ ਕਿ ਔਰਤਾਂ ਵਿਚ ਦੂਰ ਦ੍ਰਿਸ਼ਟੀ ਦੀ ਘਾਟ ਹੁੰਦੀ ਹੈ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  79. ਜਨਾਨੀ ਦੀ ਮੱਤ ਗੁੱਤ ਪਿੱਛੇ। ਉਹੀ ਅਰਥ।
  80. ਜਨਾਨੀ ਦੇ ਗੋਰ ‘ਚ ਵੀ ਤਿੰਨ ਦਿਨ ਭਾਰੀ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਔਰਤ ਨੂੰ ਸਰੀਰਕ ਸ਼ੋਸ਼ਣ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਹੈ, ਭਾਵੇਂ ਉਹ ਮਰ ਹੀ ਕਿਉਂ ਨਾ ਜਾਵੇ। ਕਬਰ ਵਿੱਚ ਪਈ ਉਸ ਦੀ ਦੇਹ ਨਾਲ ਵੀ ਬਦਕਾਰਾ ਕੀਤਾ ਜਾ ਸਕਦਾ ਹੈ।
  81. ਜਬ ਲਗ ਮੇਰੀ-ਮੇਰੀ ਕਰੇ, ਤਬ ਲਗ ਕਾਜ ਏਕ ਨਾ ਸਰੈ। ਜਦੋਂ ਕਿਸੇ ਮਨੁੱਖ ਨੂੰ ਮੋਹ-ਮਾਇਆ ਅਤੇ ਲੋਭ ਤੋਂ ਦੂਰ ਰਹਿਣ ਦੀ ਸਿੱਖਿਆ ਦੇਣੀ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  82. ਜਬੇ ਬਾਣ ਲਾਗਿਓ, ਤਬੇ ਰੋਸ ਜਾਗਿਓ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਦੋਂ ਕਿਸੇ ਦੇ ਖੁਦ ਉੱਤੇ ਪੈਂਦੀ ਹੈ ਤਾਂ ਦੁੱਖ ਲੱਗਦਾ ਹੈ ਅਤੇ ਦੂਜੇ ਦੇ ਦੁੱਖ ਦਾ ਕਿਸੇ ਨੂੰ ਕਦੇ ਵੀ ਅਹਿਸਾਸ ਨਹੀਂ ਹੁੰਦਾ।
  83. ਜੱਭਲ ਪੁੱਤ ਨਾ ਜੰਮਦੇ, ਧੀ ਅੰਨ੍ਹੀ ਚੰਗੀ। ਇਹ ਅਖਾਣ ਲੋਲ੍ਹੇ ਮੁੰਡਿਆਂ ਉੱਤੇ ਵਿਅੰਗ ਕੱਸਣ ਵੇਲੇ ਹਾਸੇ ਠੱਠੇ ਵਜੋਂ ਬੋਲਿਆ ਜਾਂਦਾ ਹੈ ਕਿ ਜੱਬਲ੍ਹ ਪੁੱਤਾਂ ਨਾਲੋਂ ਅੰਨ੍ਹੀ ਧੀ ਵੀ ਚੰਗੀ ਹੁੰਦੀ ਹੈ।
  84. ਜੰਮ ਮੁੱਕਿਆ ਨਹੀਂ, ਤੇ ਨਖਰੇ ਦੇਖੋ। ਜਦੋਂ ਕੋਈ ਛੋਟੀ ਉਮਰੇ ਵੱਡੇ ਨਖਰੇ ਕਰਨ ਲੱਗ ਜਾਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  85. ਜੰਮਣ ਵਾਲੇ ਛੁੱਟ ਗਏ, ਤੇ ਸਹੇੜਨ ਵਾਲੇ ਰੁੰਨੇ। ਜਦੋਂ ਕਿਸੇ ਦੇ ਪੱਲੇ ਮੂਰਖ ਜਾਂ ਮਾੜੀ ਤੀਵੀਂ ਜਾਂ ਕੋਈ ਘਟੀਆ ਚੀਜ਼ ਪੈ ਜਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਅਖਾਣ ਦੇ ਭਾਵ ਅਰਥ ਅਨੁਸਾਰ ਜਿਨਾਂ ਨੇ ਜੰਮਿਆ ਸੀ ਉਹ ਤਾਂ ਛੁੱਟ ਗਏ ਪਰ ਜਿਨਾਂ ਨੇ ਵਿਆਹ ਕੇ ਲਿਆਂਦੀ ਉਹ ਫਸ ਗਏ।
  86. ਜਮਾਤ, ਕਰਾਮਾਤ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਧੜੇ ਦਾ ਬਹੁਤ ਵੱਡਾ ਮੁੱਲ ਅਤੇ ਸ਼ਕਤੀ ਹੁੰਦੀ ਹੈ ਅਤੇ ਮਨੁੱਖ ਦਾ ਮੁੱਲ ਵੀ ਧੜੇ ਵਿੱਚ ਰਹਿ ਕੇ ਹੀ ਪੈਂਦਾ ਹੈ।
  87. ਜੰਮਿਆ ਲਾਲ, ਪਰ ਉਹੋ ਹਾਲ। ਜਦੋਂ ਕਿਸੇ ਦੇ ਪੁੱਤਰ ਹੋਣ ਤੇ ਵੀ ਘਰਦੀ ਹਾਲਤ ਬਦਤਰ ਰਹੇ ਤਾਂ ਇਹ ਅਖਾਣ ਵਿਅੰਗ ਵਜੋਂ ਬੋਲਿਆ ਜਾਂਦਾ ਹੈ।
  88. ਜੰਮਿਆ ਪੁੱਤ, ਤੇ ਵੰਡੇ ਕੋਲੇ। ਜਦੋਂ ਕੋਈ ਚੇਲਾ ਬਾਲਕਾ ਜਾਂ ਸਿਖਾਂਦਰੂ ਵਿਅਕਤੀ ਗਲਤੀ ਕਰੇ ਤਾਂ ਉਸਤਾਦਾਂ ਵੱਲੋਂ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  89. ਜੰਮੇ ਨਾ ਜਾਏ, ਤੇ ਮਾਂ-ਮਾਂ ਕਰੇਂਦੇ ਆਏ। ਜਦੋਂ ਕੋਈ ਵਿਅਕਤੀ ਬੇਵਜਾ ਅਤੇ ਨਾਹੱਕ ਹੀ ਹੱਕ ਜਤਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  90. ਜਰ ਆਈ, ਜੋਬਨ ਹਾਰਿਆ। ਇਹ ਅਖਾਣ ਜਵਾਨੀ ਦੇ ਬੀਤ ਜਾਣ ਅਤੇ ਬੁਢਾਪੇ ਦੇ ਆਉਣ ਦੇ ਸਬੰਧ ਵਿੱਚ ਬੋਲਿਆ ਜਾਂਦਾ ਹੈ। ਅਖਾਣ ਦਾ ਭਾਵ ਅਰਥ ਇਹ ਹੈ ਕਿ ਜਦੋਂ ਬੁਢਾਪਾ ਜੰਗਾਲ ਵਾਂਗ ਲੱਗ ਜਾਂਦਾ ਹੈ ਤਾਂ ਜੋਬਨ ਹਾਰ ਜਾਂਦਾ ਹੈ।
  91. ਜਰ ਤੇ ਜੋਰੂ ਕਦੇ ਨਾ ਮਹਿੰਗੇ, ਲੈ ਕੇ ਨਾ ਪਛਤਾਵਾ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਮੀਨ ਅਤੇ ਔਰਤ (ਭਾਵ ਵਹੁਟੀ) ਕਿਸੇ ਭਾਅ ਵੀ ਮਹਿੰਗੇ ਨਹੀਂ ਹੁੰਦੇ।
  92. ਜਰ, ਜੋਰੂ, ਜ਼ਮੀਨ, ਤਿੰਨੇ ਆਪਤਾ ਦੇ ਮੁੱਲ। ਉਹੀ ਅਰਥ।
  93. ਜ਼ਰ ਬਿਨਾਂ, ਇਸ਼ਕ ਟੈਂ-ਟੈਂ। ਇਸ ਅਖਾਣ ਦਾ ਭਾਵ ਅਰਥ ਮੁਤਾਬਕ ਜੇ ਕੋਲ ਜਾਇਦਾਦ ਅਤੇ ਜੇਬ ਵਿੱਚ ਦਮੜੇ ਨਾ ਹੋਣ ਤਾਂ ਇਸ਼ਕ ਕਿੰਨਾ ਵੀ ਸੁੱਚਾ ਕਿਉਂ ਨਾ ਹੋਵੇ, ਉਹ ਟੈਂ-ਟੈ ਹੀ ਜਪਦਾ ਹੈ। ਇਸ ਅਖਾਣ ਨੂੰ ਹਾਸੇ-ਠੱਠੇ ਤੇ ਵਿਅੰਗ ਵਜੋਂ ਲਿਆ ਜਾਂਦਾ।
  94. ਜਰਿਆ-ਧਰਿਆ ਹੀ ਕੰਮ ਆਉਂਦਾ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਰਾਂਦ ਭਰਿਆ ਵਤੀਰਾ ਅਤੇ ਸੰਭਾਲ ਕੇ ਰੱਖੀ ਹੋਈ ਚੀਜ਼ ਹਮੇਸ਼ਾ ਕੰਮ ਆਉਂਦੇ ਹਨ।
  95. ਜਲ ਮਿਲਿਆ, ਪਰਮੇਸ਼ਰ ਮਿਲਿਆ। ਇਹ ਅਖਾਣ ਪਾਣੀ ਦਾ ਮਹੱਤਵ ਦਰਸਾਉਣ ਲਈ ਬੋਲਿਆ ਜਾਂਦਾ ਹੈ ਸਾਡੇ ਸਮਾਜ ਵਿੱਚ ਪਾਣੀ ਨੂੰ ਪਰਮਾਤਮਾ ਦੇ ਬਰਾਬਰ ਮੰਨਿਆ ਜਾਂਦਾ ਹੈ।
  96. ਜਲ੍ਹਣ ਜੱਟ, ਗਲ਼ ਗੰਢਿਆਂ ਦੀ ਮਾਲਾ, ਜਪੂ-ਜਪੂ ਨਹੀਂ ਤਾਂ ਖਾਊ ਸੁਖਾਲਾ। ਇਹ ਅਖਾਣ ਜਲ੍ਹਣ ਜੱਟ ਦੇ ਟੋਟਕਿਆਂ ਵਿੱਚੋਂ ਪ੍ਰਚਲਿਤ ਹੋਇਆ ਹੈ। ਇਹ ਅਖਾਣ ਜੱਟ ਦੀ ਭੋਲੀ ਬੁੱਧੀ ਉੱਤੇ ਜਾਂ ਅਕਸਪ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਵਿਅਕਤੀ ਦੇ ਦੋਹੀਂ ਹੱਥੀਂ ਲੱਡੂ ਹੋਣ।
  97. ਜਵਾਂ ਦਾ ਬੋਹਲ਼ , ਕਬੂਤਰ ਰਖਵਾਲਾ। ਜਦੋਂ ਕਿਸੇ ਕੀਮਤੀ ਚੀਜ਼ ਦਾ ਰਾਖਾ ਅਜਿਹੇ ਵਿਅਕਤੀ ਨੂੰ ਬਣਾ ਦਿੱਤਾ ਜਾਵੇ, ਜੋ ਉਸ ਚੀਜ਼ ਦਾ ਹੱਦ ਤੱਕ ਭੁੱਖਾ ਹੋਵੇ ਅਤੇ ਉਸਨੂੰ ਖਰਾਬ ਕੀਤੇ ਬਿਨਾਂ ਜਾਂ ਖਾਧੇ ਬਿਨਾ ਰਹਿ ਨਾ ਸਕੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  98. ਜਵਾਈ, ਜੁਆਂਹੇ ਦੀ ਛਾਂ, ਨਾ ਕੁੱਤਾ ਬਹੇ ਨਾ ਕਾਂ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਵਾਈ ਕੋਲੋਂ ਸੁਖ ਦੀ ਆਸ ਨਹੀਂ ਰੱਖੀ ਜਾ ਸਕਦੀ, ਜਿਵੇਂ ਕਿ ਜਵਾਂਹੇ ਦੇ ਛੋਟੇ ਅਤੇ ਵਿਰਲੇ ਜਹੇ ਬੂਟੇ ਕੋਲੋਂ ਛਾਂ ਦੀ ਆਸ ਨਹੀਂ ਰੱਖੀ ਜਾ ਸਕਦੀ।
  99. ਜਵਾਨੀ ਵੇਲੇ ਰੋੜਾਂ ਤੇ ਵੀ ਨੀਂਦ ਆ ਜਾਂਦੀ ਹੈ। ਇਹ ਅਖਾਣ ਜਵਾਨੀ ਦੇ ਨਸ਼ੇ ਅਤੇ ਬੇਪਰਵਾਹੀ ਨੂੰ ਦਰਸਾਉਣ ਲਈ ਬੋਲਿਆ ਜਾਂਦਾ ਹੈ।
  100. ਜੜੀ-ਬੂਟੀ ਜੇ ਜੀਵਿਆ, ਕਿਉਂ ਮਰੇ ਧਨੰਤਰ ਵੈਦ? ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜੜੀਆਂ-ਬੂਟੀਆਂ ਭਾਵੇਂ ਲੱਖ ਕਾਰਗਰ ਹੁੰਦੀਆਂ ਹਨ ਪਰ ਮਨੁੱਖ ਨੂੰ ਹਮੇਸ਼ਾ ਲਈ ਜਿਉਂਦਾ ਨਹੀਂ ਰੱਖ ਸਕਦੀਆਂ।
  101. ਜਾ ਸਾਹੁਰਿਆਂ ਦੇ ਟੁੱਕਰ ਖਾਧੇ, ਭੁੱਲੇ ਬੀਬੀ ਨੂੰ ਪੇਕੇ। ਜਦੋਂ ਕੋਈ ਵਿਅਕਤੀ ਕਿਸੇ ਨਵੇਂ ਥਾਂ ’ਤੇ ਜਾ ਕੇ ਪੁਰਾਣੇ ਸਕੇ-ਸਬੰਧੀਆਂ ਨੂੰ ਭੁੱਲ ਜਾਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  102. ਜਾਂ ਕਮਲੀ ਨੱਚਦੀ ਨਹੀਂ , ਜਾਂ ਨੱਚ-ਨੱਚ ਵੇਹੜਾ ਪੱਟ ਦਿੰਦੀ ਆ। ਜਦੋਂ ਕੋਈ ਸਿਧਰਾ ਵਿਅਕਤੀ ਪਹਿਲਾਂ ਤਾਂ ਬਹੁਤ ਵਾਰ ਕਹੇ ਜਾਣ ਤੇ ਵੀ ਕੰਮ ਨਾ ਕਰੇ ਪਰ ਜਦੋਂ ਕਰਨ ਲੱਗ ਜਾਵੇ ਅਤੇ ਉੱਧੜ-ਧੁੰਮੀ ਚੁੱਕ ਲਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  103. ਜਾਂ ਗਿਆਂ ਸਵਾਦ, ਜਾਂ ਮੋਇਆਂ ਸਵਾਦ। ਇਹ ਅਖਾਣ ਅਗਲੇ ਜਹਾਨ ਭਾਵ ਸਵਰਗ-ਨਰਕ ਉੱਤੇ ਸ਼ੱਕ ਪ੍ਰਗਟ ਕਰਨ ਦੇ ਲਈ ਬੋਲਿਆ ਜਾਂਦਾ ਹੈ।
  104. ਜਾਂ ਤਖ਼ਤ, ਜਾਂ ਤਖ਼ਤਾ। ਜਦੋਂ ਕਿਸੇ ਕੰਮ ਵਿੱਚ ਇੱਕ ਪਾਸੇ ਤਾਂ ਜਾਨ ਜਾਣ ਦਾ ਰਿਸਕ ਹੋਵੇ ਅਤੇ ਦੂਜੇ ਪਾਸੇ ਰਾਜ ਮਿਲਣ ਵਰਗਾ ਫਾਇਦਾ ਹੋ ਰਿਹਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  105. ਜਾਂ ਤਿੰਨੇ ਕਾਣੇ, ਜਾਂ ਪੌਂ ਬਾਰਾਂ। ਜਦੋਂ ਕਿਸੇ ਸਥਿਤੀ ਵਿੱਚ ਜਾਂ ਤਾਂ ਬਿਲਕੁਲ ਘਾਟਾ ਪੈਣ ਦੀ ਉਮੀਦ ਹੋਵੇ ਅਤੇ ਜਾਂ ਬਹੁਤ ਜਿਆਦਾ ਨਫਾ ਹੋਣ ਦੀ ਉਮੀਦ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  106. ਜਾ ਪਈਆਂ ਤਰਕਾਲਾਂ ਤਾਂ ਕੁਚੱਜੀ ਮਾਰੇ ਛਾਲਾ। ਜਦੋਂ ਕੋਈ ਵਿਅਕਤੀ ਵੇਲਾ ਲੰਘ ਜਾਣ ’ਤੇ ਦਲੇਰੀ ਫੜ੍ਹ ਲਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  107. ਜਾਂ ਪੌਂ ਬਾਰਾਂ, ਜਾਂ ਤੜੱਕ ਫਾਕਾ। ਜਦੋਂ ਕਿਸੇ ਸਥਿਤੀ ਵਿੱਚ ਬਹੁਤ ਜਿਆਦਾ ਲਾਭ ਹੋਣ ਦੀ ਆਸ ਹੋਵੇ ਜਾਂ ਫਿਰ ਭੁੱਖੇ ਮਰਨ ਦਾ ਰਿਸਕ ਹੋਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  108. ਜਾਂ ਰੱਬ ਦਾ ਆਸਰਾ, ਜਾਂ ਆਸਰੇ ਦਾ ਆਸਰਾ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਮਨੁੱਖ ਨੂੰ ਲਈ ਦੋ ਆਸਰੇ ਹਮੇਸ਼ਾ ਸਹਾਈ ਹੁੰਦੇ ਹਨ। ਇਕ ਤਾਂ ਪਰਮਾਤਮਾ ਦਾ ਆਸਰਾ ਅਤੇ ਦੂਜਾ ਮਨੁੱਖ ਦਾ ਆਸਰਾ।
  109. ਜਾ ਲੇਖਾ ਕਰਕੇ ਦੱਸਿਆ, ਤਾਂ ਮੂਰਖ ਮੂਸਾ ਹੱਸਿਆ। ਜਦੋਂ ਕੋਈ ਵਿਅਕਤੀ ਸਥਿਤੀ ਸਪਸ਼ਟ ਹੋਣ ਤੋਂ ਬਾਅਦ ਬੇਵਜਹਾ ਹੱਸਣ ਲੱਗ ਪਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  110. ਜਾਂ ਵਾਹ ਪਿਆ ਜਾਣੇ, ਜਾਂ ਰਾਹ ਪਿਆ ਜਾਣੇ। ਜਦੋਂ ਕਿਸੇ ਨਾਲ ਬੁਰਾ ਵਾਹ ਪਵੇ ਅਤੇ ਮਾੜਾ ਤਜਰਬਾ ਹਾਸਲ ਹੋਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  111. ਜਾਏ ਸੁਕੇਤ, ਹੋਇ ਪ੍ਰੇਤ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਿਹੜਾ ਮਨੁੱਖ ਸੱਚੇ-ਸੁੱਚੇ ਅਤੇ ਨੇਕ ਜੀਵਨ ਤੋਂ ਭਟਕ ਜਾਂਦਾ ਹੈ ਉਸ ਦੀ ਹਾਲਤ ਭੂਤ-ਪ੍ਰੇਤਾਂ ਵਰਗੀ ਹੋ ਜਾਂਦੀ ਹੈ।
  112. ਜਾਏ ਕੁੱਲੂ ਹਾਏ ਉੱਲੂ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜੋ ਮਨੁੱਖ ਵਿਅਰਥ ਦੀਆਂ ਵਾਸ਼ਨਾਵਾਂ ਪਿੱਛੇ ਭਟਕਦਾ ਹੈ ਉਸ ਦੀ ਹਾਲਤ ਉਲੂ ਵਰਗੀ ਹੋ ਜਾਂਦੀ ਹੈ ਅਤੇ ਉਸਨੂੰ ਕਿਤੇ ਵੀ ਚੈਨ ਨਹੀਂ ਮਿਲਦਾ।
  113. ਜਾਏ ਨਦੌਣ ਤਾ ਆਏਗਾ ਕੌਣ? ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਦੋਂ ਘਰ ਵਿੱਚੋਂ ਬੱਚੇ ਚਲੇ ਜਾਂਦੇ ਹਨ ਤਾਂ ਘਰ ਸੁੰਨਾ ਹੋ ਜਾਂਦਾ ਹੈ ਅਤੇ ਕੋਈ ਵੀ ਮਿਲਣ-ਗਿਲਣ ਨਹੀਂ ਆਉਂਦਾ।
  114. ਜਾਏ ਲਾਖ, ਰਹੇ ਸਾਖ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਮਨੁੱਖ ਦੀ ਇੱਜਤ ਅਤੇ ਵੱਕਾਰ ਦਾ ਬਹੁਤ ਵੱਡਾ ਮੁੱਲ ਹੈ, ਉਸਦੇ ਮੁਕਾਬਲੇ ਭਾਵੇਂ ਲੱਖਾਂ ਰੁਪਏ ਚਲੇ ਜਾਣ ਦੁੱਖ ਨਹੀਂ ਕਰਨਾ ਚਾਹੀਦਾ।
  115. ਜਾਹ ਨੀ ਧੀਏ ਰਾਵੀ, ਨਾ ਕੋਈ ਆਵੀ, ਤੇ ਨਾ ਕੋਈ ਜਾਵੀ। ਜਦੋਂ ਕੋਈ ਆਪਣਾ ਖਾਸ ਜਾਂ ਪਿਆਰਾ ਕਿਤੇ ਦੂਰ ਜਾ ਰਿਹਾ ਹੋਵੇ, ਜਿੱਥੇ ਆਉਣਾ-ਜਾਣਾ ਅਸੰਭਵ ਹੋਵੇ ਤਾਂ ਅਸੀਸ ਦੇਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  116. ਜਾਗਦਿਆਂ ਦਾ ਲੱਖ, ਤੇ ਸੁੱਤਿਆਂ ਦਾ ਕੱਖ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਿਹੜਾ ਮਨੁੱਖ ਸੁਚੇਤ ਅਤੇ ਜਾਗਰੂਕ ਹੈ ਉਹ ਲੱਖਾਂ ਦਾ ਮਾਲਕ ਹੈ ਅਤੇ ਜਿਹੜਾ ਮਨੁੱਖ ਮੂਰਖ ਅਤੇ ਅਗਿਆਨੀ ਹੈ ਉਸ ਦੇ ਕੋਲ ਭਾਵੇਂ ਲੱਖਾਂ ਹੋਣ ਉਹ ਕਦੇ ਵੀ ਬਰਬਾਦ ਹੋ ਸਕਦਾ ਹੈ।
  117. ਜਾਣਾ ਆਪਣੇ ਵੱਸ, ਆਉਣਾ ਪਰਾਏ ਵੱਸ। ਇਹ ਅਖਾਣ ਘਰ ਆਏ ਹੋਏ ਰਿਸ਼ਤੇਦਾਰਾਂ ਨੂੰ ਵਾਪਸ ਜਾਣ ਤੋਂ ਰੋਕਣ ਲਈ ਹਾਸੇ-ਠੱਠੇ ਅਤੇ ਵਿਅੰਗ ਵਜੋਂ ਬੋਲਿਆ ਜਾਂਦਾ ਹੈ।
  118. ਜਾਤ ਦੀ ਕੋਹੜ ਕਿਰਲੀ, ਛਤੀਰਾਂ ਨਾਲ ਜੱਫੇ। ਜਦੋਂ ਕੋਈ ਵਿਅਕਤੀ ਆਪਣੀ ਔਕਾਤ ਤੋਂ ਕਿਤੇ ਵੱਡੇ ਬੰਦੇ ਨਾਲ ਜਾਂ ਚੀਜ਼ ਨਾਲ ਪੰਗਾ ਲੈ ਲਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  119. ਜਾਦੂ ਉਹੀ ਜੋ ਸਿਰ ਚੜ ਬੋਲੇ। ਇਹ ਅਖਾਣ ਕਲਾ ਖੇਤਰ ਜਾਂ ਪੇਸ਼ੇਵਰ ਖੇਤਰਾਂ ਵਿੱਚ ਅਕਸਰ ਬੋਲਿਆ ਜਾਂਦਾ ਹੈ। ਅਖਾਣ ਦਾ ਭਾਵ ਅਰਥ ਇਹੀ ਹੈ ਕਿ, ਕਲਾ ਜਾਂ ਪੇਸ਼ਾ ਉਹੀ ਸਫਲ ਹੁੰਦਾ ਜੋ ਲੋਕਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ ਭਾਵ ਜਿਸ ਦੇ ਲੋਕ ਦੀਵਾਨੇ ਹੋ ਜਾਂਦੇ ਹਨ।
  120. ਜਾਂਦੇ ਚੋਰ ਦੀ ਲੰਗੋਟੀ ਹੀ ਸਹੀ। ਜਦੋਂ ਕੋਈ ਵਿਅਕਤੀ ਕਿਸੇ ਦਾ ਵੱਡਾ ਨੁਕਸਾਨ ਕਰਕੇ ਜਾ ਰਿਹਾ ਹੋਵੇ ਅਤੇ ਉਸ ਨੁਕਸਾਨ ਦੀ ਪੂਰਤੀ ਵਜੋਂ ਉਸ ਵਿਅਕਤੀ ਦਾ ਕੁਝ ਨਾ ਕੁਝ ਮਾਲ ਹੱਥ ਵਿੱਚ ਆ ਜਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  121. ਜਾਨ ਨਾਲੋਂ ਪੱਤ ਚੰਗੀ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਇੱਜਤ ਜਾਨ ਨਾਲੋਂ ਵੀ ਕੀਮਤੀ ਹੁੰਦੀ ਹੈ।
  122. ਜਾਨ ਬਚੀ, ਸੋ ਲਾਖੋਂ ਪਾਇ। ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਜਾਨ ਤੋਂ ਕੀਮਤੀ ਕੁਝ ਨਹੀਂ ਜੇਕਰ ਜਾਨ ਸਲਾਮਤ ਹੈ ਤਾਂ ਮਨੁੱਖ ਜਿੰਦਗੀ ਵਿੱਚ ਲੱਖਾਂ-ਕਰੋੜਾਂ ਰੁਪਏ ਵੀ ਕਮਾ ਸਕਦਾ ਹੈ। ਇਹ ਅਖਾਣ ਸਿਆਣਪ ਦੇਣ ਵਜੋਂ ਬੋਲਿਆ ਜਾਂਦਾ ਹੈ ਕਿ ਜੇਕਰ ਜਾਨ ਬਚਾਉਣ ਲਈ ਕੁਝ ਦਾਅ ਤੇ ਵੀ ਲਾਉਣਾ ਪਵੇ ਤਾਂ ਲਾ ਦੇਣਾ ਚਾਹੀਦਾ ਹੈ, ਕਿਉਂਕਿ ਉਸ ਦੀ ਪੂਰਤੀ ਸੰਭਵ ਹੈ।
  123. ਜਿਉਂ ਜਿਉਂ ਭਿਜੇ ਕੰਬਲੀ ਤਿਉਂ ਤਿਉਂ ਭਾਰੀ ਹੋਏ। ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਮਨੁੱਖ ਜਿਵੇਂ ਜਿਵੇਂ ਵੱਡਾ ਹੁੰਦਾ ਹੈ ਤਿਵੇਂ-ਤਿਵੇਂ ਉਸਦੀਆਂ ਜਿੰਮੇਵਾਰੀਆਂ ਵੱਧਦੀਆਂ ਹਨ।
  124. ਜਿਉ ਲਾਈ, ਤਿਉਂ ਤੋੜ ਨਿਭਾਈ। ਜਦੋਂ ਕੋਈ ਬੰਦਾ ਆਪਣੀ ਯਾਰੀ ਜਾਂ ਬੋਲ ਪੁਗਾ ਦੇਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  125. ਜਿਉਂਦਿਆਂ ਦੀਆਂ ਸਿਆਣ੍ਹਾਂ, ਤੇ ਮੋਇਆ ਦੀਆਂ ਮਕਾਣਾਂ। ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਜਿਉਂਦੇ ਜੀਅ ਮਨੁੱਖ ਦਾ ਸਰਕਲ ਹਮੇਸ਼ਾ ਵਧਦਾ-ਫੁੱਲਦਾ ਰਹਿੰਦਾ ਹੈ ਪਰ ਮੌਤ ਤੋਂ ਬਾਅਦ ਉਸ ਦਾ ਭਾਈਚਾਰਾ ਮਕਾਣ ਦੇ ਰੂਪ ਵਿੱਚ ਇਕੱਠਾ ਹੁੰਦਾ ਹੈ ਅਤੇ ਉਸ ਤੋਂ ਬਾਅਦ ਸਭ ਕੁਝ ਖਤਮ ਹੋ ਜਾਂਦਾ ਹੈ। ਅਖਾਣ ਦਾ ਫਲਸਫਾਨਾ ਭਾਵ ਅਰਥ ਇਹ ਹੈ ਕਿ ਜੀਵਨ ਹੀ ਸਭ ਕੁਝ ਹੈ ਅਤੇ ਮੌਤ ਤੋਂ ਬਾਅਦ ਕੁਝ ਵੀ ਨਹੀਂ।
  126. ਜਿਉਂ ਜੰਮੇਂ ਬੋਧੀਓਂ ਲੰਮੇ। ਜਦੋਂ ਕੋਈ ਵਿਅਕਤੀ ਛੋਟੀ ਉਮਰੇ ਹੀ ਸਿਆਣਾ ਹੋ ਜਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਬੁੱਧੀ ਤੋਂ ਭਾਵ ਅਰਥ ਪਿੱਪਲ ਦੇ ਰੁੱਖ ਵਰਗਾ ਵਿਸ਼ਾਲ ਅਤੇ ਗੁਣਵਾਨ ਹੋ ਜਾਣਾ ਹੈ। ਜਦੋਂ ਕੋਈ ਛੋਟੀ ਉਮਰ ਦਾ ਬੱਚਾ ਜਿਆਦਾ ਸਿਆਣਪਾਂ ਘੋਟੇ ਅਤੇ ਆਪਣੇ ਤੋਂ ਵੱਡਿਆਂ ਨੂੰ ਕੁਝ ਨਾ ਸਮਝੇ ਤਾਂ ਇਸ ਅਖਾਣ ਨੂੰ ਵਿਅੰਗ ਕੱਸਣ ਵਜੋਂ ਵੀ ਬੋਲਿਆ ਜਾਂਦਾ ਹੈ।
  127. ਜਿਉਂਦੇ ਪਿੱਤਰ ਨਾ ਮਾਨੀਏ, ਤੇ ਮੋਏ ਤੜਾਫੀ ਪਿੱਟੇ। ਜਦੋਂ ਕੋਈ ਵਿਅਕਤੀ ਜਿਉਂਦੇ ਜੀਅ ਆਪਣੇ ਮਾਪਿਆਂ ਦੀ ਸੇਵਾ ਜਾਂ ਪੁੱਛ-ਗਿੱਛ ਨਾ ਕਰੇ ਪਰ ਮਰਨ ਤੋਂ ਬਾਅਦ, ਰੋ-ਪਿੱਟ ਕੇ ਦਿਖਾਵੇ ਤਾਂ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  128. ਜਿਸ ਤਨ ਲੱਗੇ, ਸੋਈ ਜਾਣੈ, ਕੌਣ ਜਾਣੇ ਪੀੜ ਪਰਾਈ। ਇਸ ਅਖਾਣ ਦੇ ਭਾਵ ਅਰਥ ਅਨੁਸਾਰ, ਜਿਸ ਵਿਅਕਤੀ ਉੱਤੇ ਵਾਪਰਦੀ ਹੈ ਉਸੇ ਨੂੰ ਹੀ ਦੁੱਖ ਹੁੰਦਾ ਹੈ ਦੂਜੇ ਨੂੰ ਕਿਸੇ ਦੇ ਦੁੱਖ ਦਾ ਕੋਈ ਪਤਾ ਨਹੀਂ ਹੁੰਦਾ।
  129. ਜਿਸ ਦੀ ਲਾਠੀ ਉਸਦੀ ਮੱਝ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਿਸ ਕੋਲ ਜੋਰ ਜਾਂ ਪ੍ਰਭਾਵ ਹੁੰਦਾ ਹੈ ਉਹੀ ਸਾਰੇ ਸਾਧਨਾਂ ਦਾ ਮਾਲਕ ਬਣ ਜਾਂਦਾ ਹੈ।
  130. ਜਿਹਨੂੰ ਚੋਰੀ ਦੀ ਆਦਤ, ਉਹਨੂੰ ਯਾਰੀ ਦੀ ਵੀ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਦੋਂ ਕਿਸੇ ਮਨੁੱਖ ਨੂੰ ਇੱਕ ਐਬ ਲੱਗ ਜਾਵੇ ਤਾਂ ਉਸ ਦੇ ਨਾਲ ਦੂਜੇ ਐਬ ਲੱਗਣ ਦੀ ਵੀ ਸੰਭਾਵਨਾ ਹੁੰਦੀ ਹੈ।
  131. ਜਿਹਨੇ ਪੀਠਾ, ਉਹਨੇ ਕੀ ਕੀਤਾ, ਜੀਹਨੇ ਛਾਣਿਆ, ਉਸੇ ਨੇ ਜਾਣਿਆ। ਜਦੋਂ ਕਿਸੇ ਮੁੱਖ ਕੰਮ ਕਰਨ ਵਾਲੇ ਨੂੰ ਪਿਛਾਂਹ ਧੱਕ ਕੇ ਮਮੂਲੀ ਕੰਮ ਕਰਨ ਵਾਲਾ ਅੱਗੇ ਹੋਣ ਦਾ ਯਤਨ ਕਰੇ ਤਾਂ ਉਸ ਉੱਤੇ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। ਅਖਾਣ ਦੇ ਅੱਖਰੀ ਅਰਥਾਂ ਮੁਤਾਬਕ ਪੁਰਾਣੇ ਸਮੇਂ ਵਿੱਚ ਜਦੋਂ ਹੱਥ ਨਾਲ ਚੱਕੀ ਪੀਸੀ ਜਾਂਦੀ ਸੀ ਤਾਂ ਚੱਕੀ ਪੀਸਣ ਵਾਲੇ ਦਾ ਬਹੁਤ ਜ਼ੋਰ ਲੱਗਦਾ ਸੀ ਅਤੇ ਉਸਨੂੰ ਵੱਧ ਮਸ਼ੱਕਤ ਕਰਨੀ ਪੈਂਦੀ ਸੀ। ਦੂਜੇ ਪਾਸੇ ਪੀਸੇ ਹੋਏ ਆਟੇ ਨੂੰ ਛਾਨਣ ਵਾਲੇ ਨੂੰ ਕੋਈ ਬਹੁਤੀ ਖੇਚਲ ਨਹੀਂ ਸੀ ਕਰਨੀ ਪੈਂਦੀ ਪਰ ਜੇ ਕੋਈ ਆਟਾ ਪੀਸਣ ਵਾਲੇ ਦੇ ਕੰਮ ਨੂੰ ਛੋਟਾ ਦੱਸੇ ਅਤੇ ਛਾਨਣ ਵਾਲਾ ਕਹੇ ਕਿ ਉਸਨੇ ਬਹੁਤ ਮਿਹਨਤ ਕੀਤੀ ਹੈ ਤਾਂ ਇਹ ਅਖਾਣ ਅਜਿਹੀ ਸਥਿਤੀ ਨੂੰ ਦਰਸਾਉਂਦਾ ਹੈ।
  132. ਜਿਹਨੇ ਲਾਈ ਗੱਲੀਂ , ਉਸੇ ਦੀ ਹੋ ਚੱਲੀ। ਜਦੋਂ ਕਿਸੇ ਮਨੁੱਖ ਨੂੰ ਗੱਲਾਂ ਦਾ ਚਸਕਾ ਹੋਵੇ ਅਤੇ ਗੱਲਾਂ ਦੇ ਚੱਕਰ ਵਿੱਚ ਉਹ ਆਪਣੇ ਵਿਸ਼ੇਸ਼ ਕੰਮ ਨੂੰ ਵੀ ਵਿਸਾਰ ਦੇਵੇ ਤਾਂ ਉਸ ਉੱਤੇ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  133. ਜਿਹੜਾ ਆੜ ਨਾ ਟੱਪੇ, ਉਹ ਦਰਿਆ ਕਿਵੇਂ ਤਰੂ। ਜਦੋਂ ਕਿਸੇ ਮਨੁੱਖ ਮਮੂਲੀ ਕੰਮਾ ਦੇ ਵੀ ਯੋਗ ਨਾ ਹੋਵੇ ਅਤੇ ਉਸਦੀ ਸਮਰੱਥਾ ਉੱਤੇ ਬੇਭਰੋਸਗੀ ਹੋਵੇ ਤਾਂ ਉਸ ਉੱਤੇ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  134. ਜਿਹੜਾ ਕੰਡੇ ਬੀਜੇਗਾ, ਉਹੀ ਵੱਢੇਗਾ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਿਹੜਾ ਮਨੁੱਖ ਕਿਸੇ ਨਾਲ ਬੁਰਾ ਕਰੇਗਾ ਉਸ ਨੂੰ ਉਹੋ ਜਿਹਾ ਫਲ ਮਿਲੇਗਾ।
  135. ਜਿਹੜਾ ਗੁੜ ਦਿੱਤਿਆ ਮਰ ਜਾਏ, ਉਹਨੂੰ ਜ਼ਹਿਰ ਦੇਣ ਦੀ ਕੀ ਲੋੜ ਐ ? ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਦੋਂ ਕੋਈ ਵਿਅਕਤੀ ਪਿਆਰ ਨਾਲ ਮੰਨ ਸਕਦਾ ਹੈ ਤਾਂ ਉਸ ਉੱਤੇ ਗੁੱਸਾ ਕਰਨ ਦੀ ਕੀ ਲੋੜ ਹੈ। ਇਹ ਅਖਾਣ ਸਿਆਣਪ ਦੇਣ ਵਜੋਂ ਬੋਲਿਆ ਜਾਂਦਾ ਹੈ ਕਿ ਜਿਹੜੇ ਕੰਮ ਪਿਆਰ ਨਾਲ ਹੋ ਸਕਦੇ ਹਨ ਉਹਨਾਂ ਕੰਮਾਂ ਨੂੰ ਕਰਵਾਉਣ ਲਈ ਗੁੱਸਾ ਜਾਂ ਜੋਰਾ-ਜ਼ਰਬੀ ਨਹੀਂ ਕਰਨਾ ਚਾਹੀਦੀ।
  136. ਜਿਹੜਾ ਘਰ ਫਿੱਟੇ, ਉਹੀ ਲੁੱਟੇ। ਇਹ ਅਖਾਣ ਸਿਆਣਪ ਦੇਣ ਵਜੋਂ ਬੋਲਿਆ ਜਾਂਦਾ ਹੈ ਕਿ ਘਰ ਦਾ ਪਾਟ ਜਾਣਾ ਉਸ ਦੇ ਬਹੁਤ ਵੱਡੇ ਨੁਕਸਾਨ ਦਾ ਕਾਰਨ ਬਣਦਾ ਹੈ।
  137. ਜਿਹੜਾ ਜਾਣੇ ਆਪ ਨੂੰ, ਉਹਦੇ ਜਾਣੇ ਬਾਪ ਨੂੰ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਿਹੜਾ ਵਿਅਕਤੀ ਤੁਹਾਡਾ ਸਤਿਕਾਰ ਕਰਦਾ ਹੈ ਅਤੇ ਤੁਹਾਨੂੰ ਮੰਨਦਾ ਹੈ ਉਸਦਾ ਕਈ ਗੁਣਾ ਵੱਧ ਸਤਿਕਾਰ ਕਰਨਾ ਚਾਹੀਦਾ ਹੈ।
  138. ਜਿਹੜਾ ਝਾਲ ਝੱਲੇ, ਉਸੇ ਤੇ ਪਵੇ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਸਾਡਾ ਸਮਾਜ ਉਸ ਬੰਦੇ ਤੇ ਵਧੇਰੇ ਬੋਝ ਪਾਉਂਦਾ ਹੈ, ਜੋ ਜਿੰਮੇਵਾਰੀ ਵਧੇਰੇ ਲੈਂਦਾ ਹੈ ਅਤੇ ਬੋਝ ਨੂੰ ਝੱਲ ਸਕਦਾ ਹੈ।
  139. ਜਿਹੜਾ ਡੱਡਾ ਪਿਆ, ਉਹ ਚਿੜੀਆਂ ਚੁਗਿਆ। ਜਦੋਂ ਕਿਸੇ ਚੀਜ਼ ਵਿੱਚੋਂ ਪਹਿਲਾਂ ਹੀ ਮਾਮੂਲੀ ਫਾਇਦਾ ਹੋ ਰਿਹਾ ਹੋਵੇ ਅਤੇ ਉਸ ਫਾਇਦੇ ਨੂੰ ਵੀ ਕੋਈ ਹੋਰ ਚਟਮ ਕਰ ਜਾਵੇ ਇਹ ਅਖਾਣ ਬੋਲਿਆ ਜਾਂਦਾ ਹੈ।
  140. ਜਿਹੜਾ ਢੋਲ ਵੱਜਣਾ ਸੀ, ਵੱਜ ਗਿਆ। ਜਦੋਂ ਕਿਸੇ ਗੱਲ ਦਾ ਦੂਰ ਤੱਕ ਰੌਲਾ ਪੈ ਜਾਵੇ ਤਾਂ ਸਾਹਮਣੇ ਵਾਲੇ ਨੂੰ ਹੌਸਲਾ ਦੇਣ ਲਈ ਇਹ ਅਖਾਣ ਬੋਲਿਆ ਜਾਂਦਾ ਹੈ।
  141. ਜਿਹੜਾ ਬੋਲੇ, ਉਹੀ ਕੁੰਡਾ ਖੋਲ੍ਹੇ। ਜਦੋਂ ਕੋਈ ਵਿਅਕਤੀ ਕਿਸੇ ਕੰਮ ਜਾਂ ਜਿੰਮੇਵਾਰੀ ਦੇ ਪ੍ਰਤੀ ਸਾਹਮਣੇ ਵਾਲੇ ਨੂੰ ਯਾਦ ਕਰਵਾਵੇ ਅਤੇ ਸਾਹਮਣੇ ਵਾਲਾ ਉਲਟਾ ਉਸੇ ਨੂੰ ਹੀ ਉਹ ਜਿੰਮੇਵਾਰੀ ਨਿਭਾਉਣ ਲਈ ਜਾਂ ਕੰਮ ਕਰਨ ਲਈ ਕਹੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  142. ਜਿਹੜਾ ਭਾਂਡਾ ਸੱਖਣਾ, ਉਹੀ ਖੜਕੇ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਿਹੜਾ ਬੰਦਾ ਨਿਗੁਣਾ ਹੁੰਦਾ ਹੈ ਉਹ ਵੱਧ ਰੌਲਾ ਰੱਪਾ ਪਾਉਂਦਾ ਹੈ। ਅੰਗਰੇਜ਼ੀ ਵਿੱਚ ਇਸ ਦਾ ਸਮਾਨ ਅਰਥੀ ਅਖਾਣ ਹੈ An empty vessel make a much noise.
  143. ਜਿਹੜੀ ਕੁੜੀ ਦਾ ਵਿਆਹ ਉਹਨੂੰ ਗੋਹੇ ਚੁਗਣ ਘੱਲਿਆ। ਜਦੋਂ ਕਿਸੇ ਖਾਸ ਮੌਕੇ ਉੱਤੇ ਕਿਸੇ ਮੋਹਰੀ ਬੰਦੇ ਨੂੰ ਨਿਗੁਣੇ ਕੰਮ ਕਰਨ ਲਾ ਦਿੱਤਾ ਜਾਵੇ ਅਤੇ ਐਵੇਂ-ਘੈਵੇਂ ਬੰਦੇ ਨੂੰ ਮੋਹਰੇ ਲੱਗ ਕੇ ਤੁਰੇ ਫਿਰਨ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  144. ਜਿਹੜੀ ਗਈ ਬੀਤ, ਉਹਦੀ ਕੀ ਰੀਸ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਮਨੁੱਖ ਨੂੰ ਬੀਤ ਗਿਆ ਵੇਲਾ ਹਰ ਸਮੇਂ ਚੰਗਾ ਲੱਗਦਾ ਹੈ ਅਤੇ ਉਸ ਵੇਲੇ ਨੂੰ ਉਹ ਹਰ ਸਮੇਂ ਯਾਦ ਕਰਦਾ ਹੈ। ਇਹ ਸੱਚ ਹੈ ਕਿ ਵਰਤਮਾਨ ਜਾਂ ਮੌਜੂਦਾ ਸਮੇਂ ਤੋਂ ਅਨੇਕਾਂ ਮਨੁੱਖ ਖੁਸ਼ ਨਹੀਂ ਹੁੰਦੇ।
  145. ਜਿਹੜੀ ਪੰਡਿਤਾਂ ਨੇ ਕਰਨੀ, ਉਹ ਕਾਜ਼ੀਆਂ ਨਹੀਂ ਕਰਨੀ। ਜਦੋਂ ਦੋ ਧੜੇ ਬਿਨਾਂ ਵਜਹਾ ਤੋਂ ਇਕ ਦੂਜੇ ਦੇ ਵਿਰੋਧ ਵਿੱਚ ਖੜੇ ਹੋਣ ਜਾਂ ਇੱਕ ਦੂਜੇ ਦੀ ਗੱਲ ਨੂੰ ਕੱਟਣ ਲਈ ਤਿਆਰ ਰਹਿਣ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  146. ਜਿਹੜੀਆਂ ਤੇਰੇ ਢਿੱਡ ਚ ਐ, ਉਹ ਸਾਡੇ ਨੌਹਾਂ ਚ ਆ। ਜਦੋਂ ਕਿਸੇ ਵਿਅਕਤੀ ਨੂੰ ਇਹ ਅਹਿਸਾਸ ਕਰਵਾਉਣਾ ਹੋਵੇ ਕਿ ਸਾਹਮਣੇ ਵਾਲਾ ਉਸਦੀ ਰਗ-ਰਗ ਤੋਂ ਵਾਕਫ ਹੈ ਅਤੇ ਜਿਹੜਾ ਕੰਮ ਉਸਨੇ ਅਜੇ ਸੋਚਣਾ ਹੈ ਉਸ ਨੂੰ ਪਹਿਲਾਂ ਹੀ ਪਤਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  147. ਜਿਹੜੇ ਇਥੇ ਕੋਹੜੇ, ਲਾਹੌਰ ਵੀ ਕੋਹੜੇ। ਜਦੋਂ ਕਿਸੇ ਬੇਕਾਰ ਅਤੇ ਨਿਕੰਮੇ ਵਿਅਕਤੀ ਬਾਰੇ ਦੱਸਣਾ ਹੋਵੇ ਕਿ ਉਹ ਭਾਵੇਂ ਕਿਤੇ ਵੀ ਚਲਿਆ ਜਾਵੇ… ਉਹ ਬੇਕਾਰ ਹੀ ਰਹੇਗਾ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  148. ਜਿਹੜੇ ਖਾਣਗੇ ਗਾਜਰਾਂ, ਢਿੱਡੀਂ ਉਹਨਾਂ ਦੇ ਪੀੜ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਿਹੜਾ ਵਿਅਕਤੀ ਬੁਰਾ ਕੰਮ ਕਰੇਗਾ, ਉਸ ਨੂੰ ਉਸਦਾ ਬੁਰਾ ਨਤੀਜਾ ਹਰ ਹਾਲ ਭੁਗਤਣਾ ਪਵੇਗਾ। ਇਹ ਅਖਾਣ ਕਰਮ ਸਿਧਾਂਤ ਨੂੰ ਅਟੱਲ ਦੱਸਣ ਲਈ ਬੋਲਿਆ ਜਾਂਦਾ ਹੈ। ਅਖਾਣ ਦੇ ਅੱਖਰੀ ਅਰਥਾਂ ਅਨੁਸਾਰ ਜਿਹੜਾ ਵਿਅਕਤੀ ਗਾਜਰਾਂ ਖਾਵੇਗਾ ਉਸੇ ਦਾ ਹੀ ਢਿੱਡ ਦੁਖੇਗਾ ਦੂਜੇ ਦਾ ਨਹੀਂ।
  149. ਜਿਹੜੇ ਗੱਜਦੇ ਹਨ ਉਹ ਵਰਦੇ ਨਹੀਂ। ਜਦੋਂ ਇਹ ਦੱਸਣਾ ਹੋਵੇ ਕਿ ਬਹੁਤੀਆਂ ਗੱਲਾਂ ਕਰਨ ਵਾਲੇ ਜਾਂ ਰੌਲਾ ਪਾਉਣ ਵਾਲੇ ਲੋਕ ਮੈਦਾਨ ਵਿੱਚ ਕਦੇ ਵੀ ਪ੍ਰਦਰਸ਼ਨ ਨਹੀਂ ਦਿਖਾਉਂਦੇ ਤਾਂ ਵਿਅੰਗ ਕਰਨ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  150. ਜਿਹੜੇ ਭੌਂਕਦੇ ਹਨ ਉਹ ਵੱਢਦੇ ਨਹੀਂ। ਜਦੋਂ ਕਿਸੇ ਭੌਕੜ ਵਿਅਕਤੀ ਬਾਰੇ ਦੱਸਣਾ ਹੋਵੇ ਕਿ ਉਹ ਸਿਰਫ ਮੂੰਹ ਨਾਲ ਹੀ ਲੜਾਈ ਕਰ ਸਕਦਾ ਹੈ ਪਰ ਉਦਾਂ ਕਿਸੇ ਦਾ ਕੁਝ ਨਹੀਂ ਵਿਗਾੜ ਸਕਦਾ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  151. ਜਿਹੜੇ ਰਾਹ ਨਾ ਵੰਝੇ, ਉਹਦਾ ਪੰਧ ਨਾ ਪੁੱਛੇ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਆਪਣੇ ਮਕਸਦ ਦੇ ਅਨੁਸਾਰ ਹੀ ਸਵਾਲ ਜਵਾਬ ਕਰਨੇ ਚਾਹੀਦੇ ਹਨ, ਜਿਸ ਗੱਲ ਨਾਲ ਕੋਈ ਮਤਲਬ ਜਾਂ ਮਕਸਦ ਨਾ ਹੋਵੇ ਉਸ ਬਾਰੇ ਐਵੇਂ ਸਵਾਲ-ਜਵਾਬ ਨਹੀਂ ਕਰਨੀ ਚਾਹੀਦੈ।
  152. ਜਿਹੜੇ ਰੁੱਖ ਦੀ ਛਾਵੇਂ ਬੈਠਣਾ, ਉਸੇ ਦੀਆਂ ਜੜ੍ਹਾਂ ਵੱਢਣੀਆਂ। ਜਦੋਂ ਕੋਈ ਵਿਅਕਤੀ ਆਪਣੇ ਪਾਲਣਹਾਰ ਦਾ ਹੀ ਨੁਕਸਾਨ ਕਰਨ ਲੱਗ ਜਾਵੇ ਤਾਂ ਉਸ ਉੱਤੇ ਕਟਾਕਸ਼ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  153. ਜਿਹੜੇ ਰੋਗ ਨਾਲ ਬੱਕਰੀ ਮਰ ਗਈ, ਉਹੀ ਰੋਗ ਪਠੋਰੇ ਨੂੰ। ਜਦੋਂ ਕੋਈ ਦੋ ਵਿਅਕਤੀ ਇੱਕੋ ਗੱਲ ਦੀ ਰਟ ਲੈ ਲੈਣ ਅਤੇ ਇੱਕੋ ਗੱਲ ਦੇ ਮੁਰੀਦ ਹੋਣ ਤਾਂ ਵਿਅੰਗ ਕੱਸਣ ਵਜੋਂ ਅਤੇ ਹਾਸੇ-ਠੱਠੇ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  154. ਜਿਹੋ ਜਹੀ ਕੋਕੋ, ਉਹੋ ਜਿਹੇ ਬੱਚੇ। ਜਦੋਂ ਕਿਸੇ ਦੇ ਧੀਆਂ-ਪੁੱਤਰ ਆਪਣੇ ਮਾਂ ਪਿਓ ਵਰਗੇ ਹੋਣ ਜਾਂ ਕੋਈ ਚੇਲਾ ਆਪਣੇ ਗੁਰੂ ਵਰਗਾ ਹੀ ਨਿਕਲੇ ਤਾਂ ਵਿਅੰਗ ਕੱਸਣ ਵਜੋਂ ਅਤੇ ਹਾਸੇ-ਠੱਠੇ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  155. ਜਿਹੋ ਜਹੀ ਫੱਤੋ , ਉਹੋ ਜਿਹੇ ਫੱਤੋ ਦੇ ਯਾਰ। ਜਦੋਂ ਕੋਈ ਵਿਅਕਤੀ ਖੁਦ ਵੀ ਨਿਕੰਮਾ ਹੋਵੇ ਅਤੇ ਉਸਦੇ ਯਾਰ ਵੀ ਨਿਕੰਮੇ ਹੋਣ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  156. ਜਿਹੋ ਜਿਹੇ ਨੌਂਗੇ ਦੇਈਏ, ਉਹੋ ਜਿਹੇ ਮੁਰਗੇ ਵਾਪਸ ਆਉਂਦੇ ਆ। ਅਰਥ ਬਾਕੀ ਹੈ।
  157. ਜਿਹੋ ਜਿਹਾ ਕਿੱਲੇ ਬੱਧਾ, ਉਹੋ ਜਿਹਾ ਚੋਰਾਂ ਖੜਿਆ। ਜਦੋਂ ਕਿਸੇ ਵਿਅਕਤੀ ਦੇ ਚਲੇ ਜਾਣ ਨਾਲ ਕੋਈ ਨਫਾ, ਨੁਕਸਾਨ ਨਾ ਹੁੰਦਾ ਹੋਵੇ ਤਾਂ ਵਿਅੰਗ ਕੱਸਣ ਵਜੋਂ ਬੋਲਿਆ ਜਾਂਦਾ ਹੈ । ਅਖਾਣ ਦੇ ਅੱਖਰੀ ਅਰਥਾਂ ਅਨੁਸਾਰ ਕੋਈ ਨਿਕੰਮਾ ਪਸ਼ੂ ਭਾਵੇਂ ਕਿੱਲੇ ਤੇ ਬੱਧਾ ਰਹੇ ਤੇ ਭਾਵੇਂ ਚੋਰ ਲੈ ਜਾਣ ਕੋਈ ਫਰਕ ਨਹੀਂ ਪੈਂਦਾ।
  158. ਜਿਹੋ ਜਿਹਾ ਗੰਡੀਵਿੰਡ, ਉਹੋ ਜਿਹਾ ਅਗਲਾ ਪਿੰਡ। ਜਦੋਂ ਦੋਵੇਂ ਵਿਅਕਤੀ ਇੱਕ ਤੋਂ ਵੱਧ ਕੇ ਬੂਝੜ ਹੋਣ ਤਾਂ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  159. ਜਿਹੋ ਜਿਹਾ ਤੇਰਾ ਲੂਣ ਪਾਣੀ, ਉਹੋ ਜਿਹਾ ਮੇਰਾ ਕੰਮ ਜਾਣੀ। ਇਹ ਅਖਾਣ ਕੰਮ ਕਰਵਾਉਣ ਦੇ ਬਦਲੇ ਘੱਟ ਮਿਹਨਤਾਨਾ ਦੇਣ ਵਾਲੇ ਵਿਅਕਤੀ ਉੱਤੇ ਵਿਅੰਗ ਕੱਸਣ ਵਜੋਂ ਬੋਲਿਆ ਜਾਂਦਾ ਹੈ। ਅਖਾਣ ਦੇ ਅੱਖਰੀ ਅਰਥਾਂ ਅਨੁਸਾਰ ਜਿਹੋ-ਜਿਹੀ ਕੋਈ ਸੇਵਾ-ਪਾਣੀ ਕਰੇਗਾ ਉਹੋ ਜਿਹਾ ਕੰਮ ਕਰਵਾ ਲਵੇਗਾ।
  160. ਜਿਹੋ ਜਿਹਾ ਪਿਓ ਉਹੋ ਜਿਹਾ ਪੁੱਤਰ। ਜਦੋਂ ਦੋਵੇਂ ਪਿਓ ਪੁੱਤਰ ਇਕ ਤੋਂ ਵੱਧ ਕੇ ਇੱਕ ਹੋਣ ਤਾਂ ਹਾਸੇ-ਠੱਠੇ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  161. ਜਿਹੋ ਜਿਹਾ ਭਾਂਡਾ ਹੋਵੇ, ਉਹੋ ਜਿਹੀ ਆਵਾਜ਼ ਆਉਂਦੀ ਐ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਮਨੁੱਖ ਜਿਹੋ-ਜਹੀ ਮਾਨਸਿਕਤਾ ਵਾਲਾ ਹੁੰਦਾ ਹੈ ਉਹੋ ਜਿਹੀਆਂ ਹੀ ਉਹ ਗੱਲਾਂ ਕਰਦਾ ਹੈ, ਉਵੇਂ ਹੀ ਜਿਵੇਂ ਜਿਹੋ ਜਿਹਾ ਭਾਂਡਾ ਹੁੰਦਾ ਹੈ ਉਹੋ ਜਿਹੀ ਉਸ ਵਿੱਚੋਂ ਆਵਾਜ਼ ਆਉਂਦੀ ਹੈ।
  162. ਜਿਹੋ ਜਿਹੀ ਪੱਗ, ਉਹੋ ਜਿਹਾ ਪ੍ਰਸ਼ਾਦ। ਜਦੋਂ ਸਾਹਮਣੇ ਵਾਲੇ ਦੀ ਸ਼ਕਲ ਅਤੇ ਸ਼ਖਸੀਅਤ ਦੇਖ ਕੇ ਉਸ ਨਾਲ ਵਿਹਾਰ ਕੀਤਾ ਜਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਇਸ ਅਖਾਣ ਨੂੰ ਵਿਅੰਗ ਵਜੋਂ ਵੀ ਬੋਲਿਆ ਜਾਂਦਾ ਹੈ।
  163. ਜਿਹੋ ਜਿਹੀ ਬੀਬੀ ਫਾਤਮਾ, ਉਹੋ ਜਹੇ ਘੁੱਦੂ ਯਾਰ। ਜਦੋਂ ਕਿਸੇ ਮੂਰਖ ਵਿਅਕਤੀ ਦਾ ਸੰਗ ਵੀ ਮੂਰਖ ਨਾਲ ਹੋਵੇ ਤਾਂ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
    ਜਿਹੋ ਜਿਹੀਆਂ ਗੱਡੀਆਂ, ਉਹੋ ਜਿਹੇ ਚੜ੍ਹਾਊ। ਜਦੋਂ ਕਿਸੇ ਵਿਅਕਤੀ ਨੂੰ ਉਸ ਦੀ ਔਕਾਤ ਦੇ ਮੁਤਾਬਕ ਕਿਸੇ ਘਟੀਆ ਸਾਧਨ ਵਿੱਚ ਬੈਠਣਾ ਪਵੇ ਜਾਂ ਘਟੀਆ ਵਿਹਾਰ ਸਹਿਣਾ ਪਵੇ ਤਾਂ ਹਾਸੇ-ਠਠੇ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  164. ਜਿਹੋ ਜਿਹੇ ਆਲ਼ੇ, ਉਹੋ ਜਿਹੇ ਕੁੱਜੇ। ਜਦੋਂ ਦੋਵੇਂ ਧਿਰਾਂ ਇਕ ਤੋਂ ਵੱਧ ਕੇ ਨਿਕੰਮੀਆਂ ਹੋਣ ਤਾਂ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  165. ਜਿਹੋ ਜਿਹੇ ਟਾਂਡੇ, ਉਹੋ ਜਿਹੀਆਂ ਛੱਲੀਆਂ, ਜਿਹੋ ਜਿਹੇ ਚੌਲ਼ , ਉਹੋ ਜਿਹੀਆਂ ਫੁੱਲੀਆਂ। ਉਹੀ ਅਰਥ।
  166. ਜਿਹੋ ਜਿਹੇ ਨੋਨ੍ਹੇ ਕੇ, ਉਹੋ ਜਿਹੇ ਘੋਨੇ ਕੇ। ਜਸਬੀਰ ਵਾਟਾਂਵਾਲੀਆ
  167. ਜਿਹੋ ਜਿਹੇ ਭੋਲੇ ਕੇ, ਉਹੋ ਜਿਹੇ ਟਿੱਡੇ ਕੇ। ਉਹੀ ਅਰਥ
  168. ਜਿੱਡਾ ਕੱਦ, ਓਡਾ ਈ ਪੱਦ। ਜਦੋਂ ਇਹ ਦੱਸਣਾ ਹੋਵੇ ਕਿ ਵੱਡੇ ਲੋਕਾਂ ਦੀਆਂ ਗੱਲਾਂ-ਬਾਤਾਂ ਵੀ ਵੱਡੀਆਂ ਹੁੰਦੀਆਂ ਹਨ ਤਾਂ ਹਾਸੇ ਠੱਠੇ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  169. ਜਿੱਡੀ ਕੁੱਤੀ ਹੋਵੇ, ਓਡਾ ਹੱਡ ਚੁੱਕਣਾ ਚਾਹੀਦਾ। ਜਦੋਂ ਕਿਸੇ ਨੂੰ ਸਮਝਾਉਣਾ ਹੋਵੇ ਕਿ ਆਪਣੀ ਔਕਾਤ ਦੇ ਮੁਤਾਬਕ ਹੀ ਪੰਗਾ ਲੈਣਾ ਚਾਹੀਦਾ ਹੈ ਤਾਂ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  170. ਜਿੱਡੇ ਸਿਰ , ਓਡੀਆਂ ਦਰਦਾਂ। ਜਦੋਂ ਇਹ ਦੱਸਣਾ ਹੋਵੇ ਕਿ ਜਿੰਨਾ ਵੱਡਾ ਕਿਸੇ ਦਾ ਕਾਰੋਬਾਰ ਹੋਵੇਗਾ, ਉਨੀਆਂ ਹੀ ਜਿਆਦਾ ਉਸਦੀਆਂ ਦਿੱਕਤਾਂ ਅਤੇ ਪਰੇਸ਼ਾਨੀਆਂ ਵੀ ਹੁੰਦੀਆਂ ਹਨ।
  171. ਜਿਤ ਵੱਲ ਯਾਰ ਉਤ ਵੱਲ ਅੱਖੀਆਂ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਮਨੁੱਖ ਜਦੋਂ ਪ੍ਰੇਮ ਵਿੱਚ ਪੈ ਜਾਂਦਾ ਹੈ ਤਾਂ ਉਹ ਆਪਣੇ ਪਿਆਰੇ ਤੋਂ ਬਿਨਾਂ ਨਹੀਂ ਰਹਿ ਸਕਦਾ ਅਤੇ ਜਿੱਧਰ ਵੀ ਉਸਦਾ ਪ੍ਰੇਮੀ ਜਾਂਦਾ ਹੈ ਉਸਦੀਆਂ ਅੱਖਾਂ ਅਤੇ ਰੂਹ ਆਪਣੇ ਆਪ ਹੀ ਆਪਣੇ ਪਿਆਰੇ ਦੇ ਮਗਰ ਤੁਰ ਜਾਂਦੀ ਹੈ।
  172. ਜਿੱਥੇ ਆਸਾ ਤਿਥੈ ਵਾਸਾ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਆਸ ਨਾਲ ਹੀ ਦੁਨੀਆਂ ਦਾਰੀ ਅਤੇ ਜੀਵਨ ਚੱਲਦਾ ਹੈ। ਜਿੱਥੇ ਆਸ ਹੁੰਦੀ ਹੈ ਉੱਥੇ ਹਰ ਅਨਮੋਲ ਚੀਜ਼ ਦਾ ਹੋਣਾ ਸੰਭਵ ਹੁੰਦਾ ਹੈ।
  173. ਜਿੱਥੇ ਆਵੇ ਤੱਤ ਭੜੱਤੀ, ਉਥੇ ਈ ਮੂਹਰੇ ਚਰਖਾ ਚੱਕੀ। ਇਹ ਅਖਾਣ ਹਾਸੇ-ਠੱਠੇ ਅਤੇ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ, ਜਦੋਂ ਕੋਈ ਵਿਅਕਤੀ ਨੂੰ ਕਿਸੇ ਇਕ ਕੰਮ ਤੋਂ ਛੁਟਕਾਰਾ ਨਾ ਮਿਲੇ ਅਤੇ ਉਹ ਜਿੱਧਰ ਵੀ ਜਾਵੇ ਉਹਦੇ ਮੂਹਰੇ ਉਹੀ ਕੰਮ ਪਿਆ ਹੋਵੇ।
  174. ਜਿੱਥੇ ਸਾਡੀ ਭਾਗੋ ਜਾਵੇ, ਉਥੇ ਭਾਗ ਪਰੇਰੇ। ਜਦੋਂ ਕਿਸੇ ਵਿਅਕਤੀ ਦੇ ਨਾਲ ਹੀ ਉਸ ਦੇ ਕੰਮ-ਧੰਦੇ ਅਤੇ ਰੌਣਕ ਚਲੀ ਜਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਇਸ ਅਖਾਣ ਨੂੰ ਹਾਸੇ-ਠੱਠੇ ਅਤੇ ਵਿਅੰਗ ਵਜੋਂ ਵੀ ਬੋਲਿਆ ਜਾਂਦਾ ਹੈ।
  175. ਜਿੱਥੇ ਸੌ, ਉੱਥੇ ਇਕੱਤਰ ਸੌ। ਜਦੋਂ ਕੋਈ ਚੀਜ਼ ਦੇ ਮੁੱਲ ਵਿਚ ਬਹੁਤ ਜਿਆਦਾ ਫਰਕ ਹੋਵੇ ਪਰ ਖਰੀਦਣ ਵਾਲਾ ਖਰੀਦਣ ਦੀ ਠਾਣ ਲਾਵੇ ਤਾਂ ਇਸ ਅਖਾਣ ਨੂੰ ਹਾਸੇ-ਠੱਠੇ ਅਤੇ ਵਿਅੰਗ ਵਜੋਂ ਵੀ ਬੋਲਿਆ ਜਾਂਦਾ ਹੈ।
  176. ਜਿੱਥੇ ਸੌ, ਉੱਥੇ ਸਵਾਇਆ।  ਖਰੀਦੋ-ਫਰੋਖਤ ਦੌਰਾਨ ਜਦੋਂ ਕੋਈ ਚੀਜ਼ ਦਾ ਮੁੱਲ ਵੱਧ ਭਰਨਾ ਪਵੇ ਤਾਂ ਖੁਦ ਨੂੰ ਧਰਵਾਸ ਦੇਣ ਵਜੋਂ ਜਾਂ ਦੂਜੇ ਨੂੰ ਤਰਵਾਸ ਦੇਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  177. ਜਿੱਥੇ ਕੱਟੀਆਂ ਦੇ ਲੇਖੇ, ਉਥੇ ਵੱਛੀਆਂ ਦੇ। ਜਦੋਂ ਕਿਸੇ ਵਿਅਕਤੀ ਨੂੰ ਕਿਸੇ ਪਾਸਿਓਂ ਵੱਡਾ ਕਸਾਰਾ ਝੱਲਣਾ ਪਵੇ ਅਤੇ ਕੋਈ ਛੋਟੇ ਮੋਟੇ਼ ਕਸਾਰੇ ਨੂੰ ਰੋਕਣ ਦੀ ਗੱਲ ਕਰੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  178. ਜਿੱਥੇ ਚੱਲ ਗਿਆ ਤਮੇਸਰ, ਉਥੇ ਕੀ ਕਰੂ ਪਰਮੇਸ਼ਰ। ਜਦੋਂ ਅਜਿਹੀ ਸਥਿਤੀ ਦਾ ਪ੍ਰਗਟਾਵਾ ਕਰਨਾ ਹੋਵੇ ਜਿੱਥੇ ਚਲਾਕੀ ਅਤੇ ਸ਼ਾਮ-ਦਾਮ ਦੇ ਕਾਰਨ ਸਥਿਤੀ ਵੱਸੋਂ ਬਾਹਰ ਹੋ ਜਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  179. ਜਿੱਥੇ ਚੱਲੇਂਗਾ, ਚੱਲੂੰਗੀ ਨਾਲ ਤੇਰੇ, ਟਿਕਟਾਂ ਦੋ ਲੈ ਲਈਂ। ਜਦੋਂ ਕੋਈ ਵਿਅਕਤੀ ਹਰ ਵੇਲੇ ਕਿਸੇ ਦੇ ਨਾਲ ਬੱਝ ਕੇ ਤੁਰੇ ਅਤੇ ਉਸਦੇ ਬਿਨਾ ਪਲ ਵੀ ਨਾ ਰਹੇ ਤਾਂ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  180. ਜਿੱਥੇ ਜਾਏ ਪਰੀਤੋ ਰਾਣੀ, ਸੂਈ-ਕਸੀਦਾ ਨਾਲੋਂ ਨਾਲ। ਜਦੋਂ ਕੋਈ ਔਰਤ ਹਰ ਵੇਲੇ ਆਪਣੇ ਨਾਲ-ਨਾਲ ਆਪਣੇ ਸਿਲਾਈ-ਕਢਾਈ ਜਾਂ ਸੂਈ ਧਾਗੇ ਦੇ ਕੰਮ ਨੂੰ ਰੱਖੇ ਤਾਂ ਉਸ ਉੱਤੇ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਕੋਈ ਵਿਅਕਤੀ ਆਪਣਾ ਛੋਟਾ-ਮੋਟਾ ਕੰਮ ਕਾਰ ਜਾਂ ਲੁੰਗਲਾਣਾ ਹਰ ਵੇਲੇ ਨਾਲ ਲਈ ਫਿਰੇ ਤਾਂ ਉਸ ਉੱਤੇ ਵਿਅੰਗ ਕੱਸਣ ਵਜੋਂ ਵੀ ਇਹ ਅਖਾਣ ਬੋਲਿਆ ਜਾਂਦਾ ਹੈ।
  181. ਜਿੱਥੇ ਜਾਵੇ ਤੱਥ-ਪੜੱਥੀ, ਉਸੇ ਹੱਟੀ ਤਾਂਦਲਾ। ਜਦੋਂ ਦੋ ਵਿਅਕਤੀ ਜਾਂ ਦੋ ਧਿਰਾਂ ਹਰ ਵੇਲੇ ਇਕ-ਦੂਜੇ ਦੇ ਮੂਹਰੇ ਰਹਿਣ ਤਾਂ ਹਾਸੇ ਠੱਠੇ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
    ਜਿੱਥੇ ਦੇਖਾਂ ਤਵਾ-ਪਰਾਤ, ਉੱਥੇ ਗਾਵਾਂ ਸਾਰੀ ਰਾਤ। ਜਦੋਂ ਕੋਈ ਵਿਅਕਤੀ, ਜਿੱਥੇ ਵੀ ਲੰਗਰ-ਪਾਣੀ ਬਣਿਆ ਦੇਖੇ ਅਤੇ ਉਥੇ ਹੀ ਡੇਰੇ ਲਾ ਲਵੇ ਤਾਂ ਉਸ ਉੱਤੇ ਵੀ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  182. ਜਿੱਥੇ ਦੋ ਭਾਂਡੇ ਹੋਣ, ਖੜਕਦੇ ਜਰੂਰ ਐ। ਜਦੋਂ ਇਹ ਦੱਸਣਾ ਹੋਵੇ ਕਿ ਘਰ ਪਰਿਵਾਰ ਜਾਂ ਗਰੁੱਪ ਵਿੱਚ ਅਕਸਰ ਮਾੜੀ-ਮੋਟੀ ਤੂੰ-ਤੂੰ, ਮੈਂ-ਮੈਂ ਹੋਣਾ ਸੁਭਾਵਿਕ ਗੱਲ ਹੁੰਦੀ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  183. ਜਿੱਥੇ ਪੈ ਜਾਏ ਫੁੱਟ , ਉੱਥੇ ਪਵੇ ਲੁੱਟ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਿਸ ਘਰ ਜਾਂ ਕਿਸੇ ਸੰਸਥਾ ਵਿੱਚ ਜੇਕਰ ਫੁੱਟ ਪੈ ਜਾਵੇ ਤਾਂ ਉੱਥੇ ਅਪੋਧਾਪੀ ਅਤੇ ਲੁੱਟਖੋਹ ਸ਼ੁਰੂ ਹੋ ਜਾਂਦੀ ਹੈ। ਭਾਵ ਕਿ ਉਸ ਘਰ ਜਾਂ ਸੰਸਥਾ ਦਾ ਬਰਬਾਦ ਹੋਣਾ ਨਿਸ਼ਚਿਤ ਹੁੰਦਾ ਹੈ।
  184. ਜਿੱਥੇ ਫੁੱਲ ਉੱਥੇ ਕੰਡੇ। ਜਦੋਂ ਇਹ ਸਿੱਖਿਆ ਦੇਣੀ ਹੋਵੇ ਕਿ ਸੁੱਖਾਂ ਦੇ ਨਾਲ ਦੁੱਖ ਵੀ ਹੁੰਦੇ ਹਨ ਅਤੇ ਚੰਗਿਆਈ ਦੇ ਨਾਲ ਬੁਰਾਈ ਵੀ ਹਮੇਸ਼ਾ ਮੌਜੂਦ ਰਹਿੰਦੀ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  185. ਜਿੱਥੇ ਬਹਿਣਾ, ਉਥੇ ਹੱਗਣਾ। ਜਦੋਂ ਕੋਈ ਵਿਅਕਤੀ ਉਹਨਾਂ ਲੋਕਾਂ ਦਾ ਹੀ ਬੁਰਾ ਕਰੇ ਜਿੰਨਾ ਵਿੱਚ ਉਹ ਹਰ ਵੇਲੇ ਬਹਿੰਦਾ-ਉਠਦਾ ਹੋਵੇ ਤਾਂ ਕਟਾਕਸ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  186. ਜਿੱਥੇ ਬੋਲਣ ਹਾਰੀਐ, ਤਿੱਥੇ ਚੰਗੀ ਚੁੱਪ। ਇਹ ਅਖਾਣ ਗੁਰਬਾਣੀ ਦੀ ਇੱਕ ਪੰਗਤੀ ਹੈ ਜਿਸ ਦੇ ਭਾਵ ਅਰਥ ਅਨੁਸਾਰ ਜਿਨਾਂ ਲੋਕਾਂ ਨੂੰ ਸਿਆਣਪ ਜਾਂ ਤਰਕ ਨਾਲ ਸਮਝਾਇਆ ਨਹੀਂ ਜਾ ਸਕਦਾ ਉਹਨਾਂ ਦੇ ਸਾਹਮਣੇ ਚੁੱਪ ਰਹਿਣਾ ਹੀ ਠੀਕ ਹੈ ਅਤੇ ਉਹਨਾਂ ਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ।
  187. ਜਿੱਥੇ ਮਣਾ ਦਾ ਘਾਟਾ, ਉਥੇ ਕਿਣਕਾ ਕੀ ਕਰੂ ਕਾਕਾ? ਜਦੋਂ ਕਿਸੇ ਕੰਮ ਜਾਂ ਵਸਤੂ ਵਿੱਚ ਵੱਡਾ ਘਾਟਾ ਪੈ ਜਾਵੇ ਅਤੇ ਕੋਈ ਵਿਅਕਤੀ ਮਮੂਲੀ ਜਿਹੇ ਘਾਟੇ ਤੋਂ ਬਚਣ ਲਈ ਸੁਚੇਤ ਕਰ ਰਿਹਾ ਹੋਵੇ ਤਾਂ ਉਸ ਨੂੰ ਸਮਝਾਉਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  188. ਜਿੱਥੋਂ ਦੀ ਖੋਤੀ, ਉਥੇ ਖਲੋਤੀ। ਜਦੋਂ ਕੋਈ ਵਿਅਕਤੀ ਆਪਣੀ ਔਕਾਤ ਅਨੁਸਾਰ ਫਿਰ ਉਸੇ ਥਾਂ ’ਤੇ ਮੁੜ ਆਵੇ ਤਾਂ ਵਿਅੰਗ ਕਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  189. ਜਿੰਦੇ ਸਾਧਾਂ ਲਈ ਹੁੰਦੇ ਆ, ਚੋਰਾਂ ਲਈ ਨਹੀਂ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਚੋਰਾਂ ਸਾਹਮਣੇ ਜਿੰਦਰੇ ਦੀ ਸੁਰੱਖਿਆ ਵੀ ਨਹੀਂ ਰਹਿੰਦੀ ਅਤੇ ਉਹ ਜਿੰਦਰੇ ਵੀ ਭੰਨ ਲੈਂਦੇ ਹਨ। ਜਿੰਦਰੇ ਸਿਰਫ ਆਮ ਲੋਕਾਂ ਤੋਂ ਹੀ ਸੁਰੱਖਿਆ ਪ੍ਰਦਾਨ ਕਰ ਸਕਦੇ ਹਨ।
  190. ਜਿੱਧਰ ਰੱਬ ਉਧਰ ਸਭ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਸਮੁੱਚੀ ਖਲਕਤ ਉਸ ਰੱਬ ਦੇ ਹੁਕਮ ਵਿੱਚ ਬੱਝੀ ਹੋਈ ਹੈ ਅਤੇ ਜੋ ਉਸ ਦਾ ਹੁਕਮ ਹੁੰਦਾ ਹੈ ਉਹੀ ਭਾਣਾ ਵਾਪਰਦਾ ਹੈ।
  191. ਜਿੰਨਾ ਖਾਧੀ ਚੋਪੜੀ, ਘਣੇ ਸਹਿਣਗੇ ਦੁੱਖ। ਇਹ ਅਖਾਣ ਬਾਬਾ ਫਰੀਦ ਜੀ ਦੀ ਬਾਣੀ ਦੀ ਇਕ ਪੰਕਤੀ ਹੈ। ਪੂਰੀ ਪੰਕਤੀ ਇਸ ਪ੍ਰਕਾਰ ਹੈ ਕਿ-ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ ॥  ਜਿਨਾ ਖਾਧੀ ਚੋਪੜੀ ਘਣੇ ਸਹਨਿਗੇ ਦੁਖ ॥੨੮॥ਜਦੋਂ ਕਿਸੇ ਨੂੰ ਸਾਦਾ ਜੀਵਨ ਸਾਦੀ ਖੁਰਾਕ ਬਾਰੇ ਸਿੱਖਿਆ ਦੇਣੀ ਹੋਵੇ ਤਾਂ ਇਹ ਅਖਾਣ ਅਕਸਰ ਬੋਲਿਆ ਜਾਂਦਾ ਹੈ।
  192. ਜਿੰਨਾ ਗੁੜ ਪਾਉਣਾ, ਓਨਾ ਹੀ ਮਿੱਠਾ ਹੋਣਾ। ਜਦੋਂ ਕੋਈ ਵਿਅਕਤੀ ਸਸਤੀ ਚੀਜ਼ ਖਰੀਦ ਲਿਆਵੇ ਅਤੇ ਉਹ ਚੀਜ਼ ਚੰਗੀ ਨਾ ਨਿਕਲੇ ਤਾਂ ਉਸ ਵਿਅਕਤੀ ਦੀ ਗਲਤੀ ਨੂੰ ਚਿਤਾਰਨ ਲਈ ਇਹ ਅਖਾਣ ਬੋਲਿਆ ਜਾਂਦਾ ਹੈ।
  193. ਜਿੰਨਾ ਛੋਟਾ ਉਨਾ ਖੋਟਾ। ਜਦੋਂ ਕੋਈ ਛੋਟੇ ਕੱਦ ਦਾ ਵਿਅਕਤੀ ਕਮੀਨਗੀ ਦਿਖਾਵੇ ਤਾਂ ਉਸ ਦੇ ਕੱਦ ਅਤੇ ਉਸ ਦੀ ਮਾਨਸਿਕਤਾ ਉੱਤੇ ਸਾਂਝਾ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  194. ਜਿੰਨਾ ਨਿੱਕਾ, ਓਨਾ ਤਿੱਖਾ। ਜਦੋਂ ਕੋਈ ਨਿੱਕੇ ਕੱਦ ਦਾ ਵਿਅਕਤੀ ਬਹੁਤ ਜਿਆਦਾ ਚਲਾਕ ਹੋਵੇ ਅਤੇ ਤੇਜ ਤਰਾਰ ਹੋਵੇ ਤਾਂ ਉਸ ਉੱਤੇ ਵਿਅੰਗ ਕੱਸਣ ਵਜੋਂ ਹਾਸੇ-ਠੱਠੇ ਦੌਰਾਨ ਇਹ ਅਖਾਣ ਬੋਲਿਆ ਜਾਂਦਾ ਹੈ।
  195. ਜਿਨਾਂ ਨੂੰ ਮੈਂ ਚਿੱਤ ਨਾ ਭਾਵਾਂ, ਉਹਨਾਂ ਦੀ ਮੈਂ ਅੰਤਾਂਦਾਰ। ਜਦੋਂ ਕਿਸੇ ਪਰਿਵਾਰ ਜਾਂ ਧੜੇ ਦਾ ਕੋਈ ਵਿਅਕਤੀ ਵਿਰੋਧੀਆਂ ਨਾਲ ਸਾਂਝ ਪਾਵੇ ਅਤੇ ਉਹਨਾਂ ਨਾਲ ਦਿਲ ਦੀਆਂ ਗੱਲਾਂ ਕਰੇ ਤਾਂ ਉਸ ਨੂੰ ਨਹੋਰਾ ਮਾਰਨ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  196. ਜਿਨਾਂ ਨੇ ਸੁੱਥਣਾ ਸਵਾਈਆਂ, ਉਹਨਾਂ ਹੱਗਣ ਨੂੰ ਵੀ ਰਾਹ ਰੱਖਿਆ। ਜਦੋਂ ਕਿਸੇ ਵਿਅਕਤੀ ਨੇ ਕੋਈ ਗੁੰਝਲਦਾਰ ਕੰਮ ਨੂੰ ਹੱਥ ਪੱਕੇ ਪੈਰੀਂ ਪਾਇਆ ਹੋਵੇ ਪਰ ਉਸ ਦੇ ਸੰਗੀ-ਸਾਥੀ ਉਸਦਾ ਹੌਸਲਾ ਤੋੜਨ ਦੀ ਕੋਸ਼ਿਸ਼ ਕਰਨ, ਕਿ ਉਹ ਇਸ ਕੰਮ ਨੂੰ ਕਰਕੇ ਫਸ ਗਿਆ ਹੈ, ਤਾਂ ਸਾਹਮਣੇ ਵਾਲਾ ਇਹ ਅਖਾਣ ਬੋਲਦਾ ਹੈ ਕਿ ਉਸ ਨੇ ਇਹ ਕੰਮ ਐਵੇਂ ਨਹੀਂ, ਬਲਕਿ ਪੱਕੀ ਪਲੈਨਿੰਗ ਨਾਲ ਕੀਤਾ ਹੈ। ਅਖਾਣ ਦੇ ਅੱਖਰੀ ਅਰਥਾਂ ਅਨੁਸਾਰ ਪੁਰਾਣੇ ਸਮੇਂ ਵਿੱਚ ਜਦੋਂ ਛੋਟੇ ਬੱਚੇ ਦੇ ਪਜਾਮੀ ਸਿਉਂ ਕੇ ਪਾਈ ਜਾਂਦੀ ਸੀ ਤਾਂ ਉਸ ਦੇ ਥੱਲੇ ਮਿਆਨੀ ਵਾਲੀ ਥਾਂ ਤੋਂ ਪਜਾਮੀ ਨੂੰ ਖੁੱਲ੍ਹਾ ਛੱਡ ਦਿੱਤਾ ਜਾਂਦਾ ਸੀ ਤਾਂ ਕਿ ਬੱਚਾ ਆਸਾਨੀ ਨਾਲ ਹੱਗ-ਮੂਤ ਸਕੇ ਅਤੇ ਪਜਾਮੀ ਵੀ ਖਰਾਬ ਨਾ ਹੋਵੇ।
  197. ਜਿਨਾਂ ਨੇ ਖਾਣਾ ਲੱਪ-ਗੜੱਪੇ, ਉਹਨਾਂ ਦਾ ਕੀ ਬਣਨਾ ਉਗਲਾਂ ਚੱਟੇ ? ਜਦੋਂ ਇਹ ਦੱਸਣਾ ਹੋਵੇ ਕਿ ਬਹੁਤ ਜਿਆਦਾ ਖਾਣਾ, ਖਾਣ ਵਾਲੇ ਲੋਕਾਂ ਦਾ ਥੋੜੇ ਖਾਣੇ ਨਾਲ ਕੁਝ ਨਹੀਂ ਬਣਦਾ ਤਾਂ ਵਿਅੰਗ ਕਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  198. ਜਿਨਾਂ ਨੇ ਜਣੀਆਂ, ਉਹਨਾਂ ਨੂੰ ਬਣੀਆਂ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਿਹੜਾ ਵਿਅਕਤੀ ਔਲਾਦ ਪੈਦਾ ਕਰਦਾ ਹੈ, ਉਹੀ ਉਸ ਦੇ ਸੁੱਖ-ਦੁੱਖ ਦਾ ਜਿੰਮੇਵਾਰ ਹੁੰਦਾ ਹੈ। ਜਾਂ ਫਿਰ ਜਿਹੜਾ ਵਿਅਕਤੀ ਕੋਈ ਨਵਾਂ ਸਹੇੜਾ ਸਹੇੜਦਾ ਹੈ, ਉਸੇ ਨੂੰ ਹੀ ਉਸ ਨਾਲ ਜੁੜੇ ਹੋਏ ਸਿੜੀ-ਸਿਆਪੇ ਵੀ ਭਗਤਾਉਣੇ ਪੈਂਦੇ ਹਨ।
  199. ਜਿਨਾਂ ਨੇੜ, ਉਨਾ ਸੇਕ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਿੰਨਾ ਕਿਸੇ ਨਾਲ ਸਾਡਾ ਖੂਨ ਦਾ ਰਿਸ਼ਤਾ ਗੂੜਾ ਹੁੰਦਾ ਹੈ, ਉਨੀ ਕੁ ਹੀ ਸਾਨੂੰ ਉਸ ਵਿਅਕਤੀ ਦੇ ਦੁੱਖ ਦੀ ਤਕਲੀਫ ਹੁੰਦੀ ਹੈ।
  200. ਜਿੰਨਾ ਫਲ਼ੇ, ਉਨਾ ਝੁਕੇ। ਇਸ ਅਖਾਣ ਦੇ ਭਾਵ-ਅਰਥ ਅਨੁਸਾਰ ਜਿੰਨਾ ਕੋਈ ਵਿਅਕਤੀ ਗੁਣਵਾਨ ਹੋ ਜਾਂਦਾ ਹੈ ਉਹ ਉਨਾ ਹੀ ਜਿਆਦਾ ਨਿਮਰ ਹੋ ਜਾਂਦਾ ਹੈ। ਉਵੇਂ ਹੀ ਜਿਵੇਂ ਇੱਕ ਰੁੱਖ ਨੂੰ ਜਦੋਂ ਫਲ ਲੱਗ ਜਾਂਦਾ ਹੈ ਤੇ ਉਹ ਰੁੱਖ ਹੇਠਾਂ ਵੱਲ ਨੂੰ ਝੁਕ ਜਾਂਦਾ ਹੈ।
  201. ਜਿੰਨੀ ਸਾਕੀਂ ਸਾਕ, ਸੋਈ ਸਿਆਲਾਂ ਦੇ ਚਾਕ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਜਿੰਨਾ ਲੋਕਾਂ ਨਾਲ ਵਰਤੋਂ-ਵਿਹਾਰ, ਲੈਣ-ਦੇਣ ਅਤੇ ਗਲ਼-ਘਸਾਵਾ ਹੋਵੇ ਉਹੀ ਲੋਕ ਪਿਆਰੇ ਲੱਗਦੇ ਹਨ।
  202. ਜਿੰਨੀ ਗੋਡੀ, ਉਨੀ ਡੋਡੀ। ਜਦੋਂ ਇਹ ਸਿੱਖਿਆ ਦੇਣੀ ਹੋਵੇ ਕਿ ਫਸਲ ਨੂੰ ਜਿੰਨੀ ਜਿਆਦਾ ਗੋਡੀ ਦਿੱਤੀ ਜਾਵੇਗੀ ਫ਼ਲ ਉਨਾ ਜਿਆਦਾ ਪਵੇਗਾ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  203. ਜਿੰਨੀ ਮਿਹਨਤ, ਓਨਾ ਫ਼ਲ। ਜਦੋਂ ਮਿਹਨਤ ਕਰਨ ਦਾ ਉਪਦੇਸ਼ ਦੇਣਾ ਹੋਵੇ ਅਤੇ ਦੱਸਣਾ ਹੋਵੇ ਕਿ ਜਿਆਦਾ ਮਿਹਨਤ, ਜਿਆਦਾ ਫਲ ਲੈ ਕੇ ਆਉਂਦੀ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  204. ਜਿੰਨੇ ਮੂੰਹ ਓਨੀਆਂ ਗੱਲਾਂ। ਜਦੋਂ ਇਹ ਦੱਸਣਾ ਹੋਵੇ ਕਿ ਲੋਕ ਕਿਸੇ ਦੀ ਵੀ ਬੁਰਾਈ ਬਿਨਾਂ ਸੋਚੇ ਸਮਝੇ ਅਤੇ ਆਪਣੇ ਦਿਮਾਗ ਦੀ ਬਣਤਰ ਅਨੁਸਾਰ ਕਰਦੇ ਹਨ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  205. ਜਿੰਨ੍ਹ ਨਿਕਲ ਜਾਂਦਾ ਪਰ ਜਨ ਨਹੀਂ ਨਿਕਲਦਾ। ਜਦੋਂ ਇਹ ਦੱਸਣਾ ਹੋਵੇ ਕਿ ਵਹਿਮ-ਭਰਮ ਆਦਿ ਮਾਨਸਿਕ ਬਿਮਾਰੀਆਂ ਨੂੰ ਟੂਣੇ ਟੋਟਕੇ ਜਾਂ ਇਲਾਜ ਨਾਲ ਠੀਕ ਕੀਤਾ ਜਾ ਸਕਦਾ ਹੈ ਪਰ ਪੱਕ ਚੁੱਕੀਆਂ ਬੁਰੀਆਂ ਆਦਤਾਂ ਨੂੰ ਠੀਕ ਨਹੀਂ ਕੀਤਾ ਜਾ ਸਕਦਾ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  206. ਜਿਨ੍ਹਾਂ ਦੀਆਂ ਅੱਖਾਂ ਦੁਖਣਗੀਆਂ, ਆਪੇ ਪੱਟੀਆਂ ਬੰਨਣਗੇ। ਜਦੋਂ ਇਹ ਦੱਸਣਾ ਹੋਵੇ ਕਿ ਜਿਹੜਾ ਵਿਅਕਤੀ ਗਲਤ ਕੰਮ ਕਰੇਗਾ ਜਾਂ ਖੁਦ ਹੀ ਮੁਸੀਬਤਾਂ ਨੂੰ ਸਹੇੜੇਗਾ ਉਹ ਇੱਕ ਨਾ ਇੱਕ ਦਿਨ ਜਰੂਰ ਤੰਗ ਹੋਵੇਗਾ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  207. ਜਿਨ੍ਹਾਂ ਨੇ ਖਾਧੀਆਂ ਗਾਜਰਾਂ ਟਿੱਡੀਂ ਉਹਨਾਂ ਦੇ ਪੀੜ। ਜਦੋਂ ਇਹ ਦੱਸਣਾ ਹੋਵੇ ਕਿ ਜਿਹੜਾ ਵੀ ਵਿਅਕਤੀ ਬੁਰਾ ਕੰਮ ਕਰੇਗਾ, ਉਸੇ ਨੂੰ ਹੀ ਉਸਦਾ ਬੁਰਾ ਫਲ ਵੀ ਭੁਗਤਣਾ ਪਵੇਗਾ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਜਿਵੇਂ ਕਿ ਜਿਹੜਾ ਗਾਜਰਾਂ ਖਾਵੇਗਾ ਉਸੇ ਦੇ ਹੀ ਪੇਟ ਵਿੱਚ ਤਕਲੀਫ ਹੋਵੇਗੀ।
  208. ਜੀ ਕਹਿਣਾ ਜੀ, ਕਹਾਉਣਾ। ਜਦੋਂ ਇਹ ਸਿੱਖਿਆ ਦੇਣੀ ਹੋਵੇ ਕਿ ਇੱਜਤ ਕੀਤਿਆਂ ਹੀ ਇੱਜਤ ਮਿਲਦੀ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  209. ਜੀਅ ਓਏ ਢਿੱਡਾ ਜੀਅ, ਤੂਹੀਓਂ ਪੁੱਤ ਤੇ ਤੂੰਹੀਓ ਧੀ। ਜਦੋਂ ਕੋਈ ਵਿਅਕਤੀ ਸਿਰਫ ਆਪਣੇ ਢਿੱਡ ਬਾਰੇ ਹੀ ਸੋਚੇ ਅਤੇ ਹੋਰ ਕਿਸੇ ਵੀ ਰਿਸ਼ਤੇ-ਨਾਤੇ ਦੀ ਪਰਵਾਹ ਨਾ ਕਰੇ ਤਾਂ ਉਸ ਉੱਤੇ ਵਿਅੰਗ ਕਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  210. ਜੀਅ ਸੁਖੀ, ਜਹਾਨ ਸੁਖੀ। ਜਦੋਂ ਇਹ ਦੱਸਣਾ ਹੋਵੇ ਕਿ ਜੇ ਆਪਣੀ ਜਾਨ ਸੌਖੀ ਹੋਵੇ ਤਾਂ ਹੀ ਦੁਨੀਆ ਚੰਗੀ ਅਤੇ ਸੋਹਣੀ ਲੱਗਦੀ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  211. ਜੀਅ ਦਾ ਦਾਤਾ ਰਾਮ। ਜਦੋਂ ਇਹ ਸਿੱਖਿਆ ਦੇਣੀ ਹੋਵੇ ਕਿ ਪਰਮਾਤਮਾ ਹਰ ਜੀਵ ਜੰਤੂ ਦਾ ਰਖਵਾਲਾ ਅਤੇ ਦੇਵਣਹਾਰ ਹੈ ਅਤੇ ਉਹ ਹਰ ਵੇਲੇ ਸਹਾਈ ਹੁੰਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  212. ਜੀਹਦਾ ਹੱਥ ਖੁੱਲਾ, ਉਹਦੀ ਖੈਰ ਸੱਲਾ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਇਹ ਦੁਨੀਆ, ਸਿਰਫ ਉਸੇ ਨੂੰ ਹੀ ਚੰਗਾ ਕਹਿੰਦੀ ਹੈ ਜੋ ਖੁੱਲੇ ਦਿਲ ਨਾਲ ਚੱਲਦਾ ਹੈ ਅਤੇ ਆਪਣਾ ਆਪ ਲੁਟਾਉਣ ਤੋਂ ਵੀ ਗੁਰੇਜ਼ ਨਹੀਂ ਕਰਦਾ।
  213. ਜੀਹਦਾ ਖਾਈਏ ਉਸੇ ਦਾ ਕੱਤੀਏ। ਜਦੋਂ ਇਹ ਦੱਸਣਾ ਹੋਵੇ ਕਿ ਜਿਸ ਦੀ ਰੋਜ਼ੀ-ਰੋਟੀ ਖਾਈਏ, ਉਸੇ ਦਾ ਹੀ ਫਾਇਦਾ ਕਰਨਾ ਚਾਹੀਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    ਜੀਹਦਾ ਦੁੱਧ ਵਿਕਦਾ, ਉਹ ਮੱਖਣ ਕਾਹਨੂੰ ਕੱਢੇ। ਜਦੋਂ ਕਿਸੇ ਵਿਅਕਤੀ ਨੂੰ ਥੋੜੀ ਮਸ਼ੱਕਤ ਕੀਤਿਆਂ ਬਹੁਤਾ ਲਾਭ ਹੁੰਦਾ ਹੋਵੇ ਅਤੇ ਭਾਰੀ ਮੁਸ਼ੱਕਤ ਕਰਨ ਨਾਲ ਕੋਈ ਬਹੁਤਾ ਫਾਇਦਾ ਨਾ ਹੁੰਦਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  214. ਜੀਹਦਾ ਪਿੰਡ-ਗਰਾਂ, ਉਹਨੂੰ ਬਹਿਣ ਨੂੰ ਨਾ ਥਾਂ। ਜਦੋਂ ਕਿਸੇ ਅਜਿਹੇ ਵੱਡੇ ਵਿਅਕਤੀ ਦਾ ਤਿਰਸਕਾਰ ਕੀਤਾ ਜਾਵੇ, ਜੋ ਪੂਰੇ ਇਲਾਕੇ ਦਾ ਜਾਂ ਪਿੰਡ ਦਾ ਮਾਲਕ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  215. ਜੀਹਦਾ ਬਾਂਦਰ, ਉਹੀ ਨਚਾਵੇ। ਜਦੋਂ ਕੋਈ ਵਿਅਕਤੀ ਨੇ ਇਕ ਤਾਂ ਕਿਸੇ ਖਾਸ ਜਿੰਮੇਵਾਰੀ ਨੂੰ ਸੰਭਾਲਿਆ ਹੋਵੇ ਪਰ ਉਸ ਦੇ ਨਾਲ ਦੇ ਸਾਥੀ ਉਸ ਦੀ ਸਪੋਰਟ ਕਰਨ ਦੀ ਬਜਾਏ ਉਸ ਕੰਮ ਨਾਲ ਜੁੜੀ ਹੋਈ ਹਰ ਛੋਟੀ-ਮੋਟੀ ਜ਼ਿੰਮੇਵਾਰੀ ਨੂੰ ਉਹਦੇ ਉੱਤੇ ਲੱਦਣ ਦੀ ਕੋਸ਼ਿਸ਼ ਕਰਨ ਤਾਂ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  216. ਜੀਹਦਾ ਭਰਮ ਚੱਲੇ, ਉਹਦੇ ਲੱਖ ਪੱਲੇ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਿਸ ਵਿਅਕਤੀ ਦਾ ਨਾਮ ਬਣ ਜਾਵੇ, ਉਸ ਵਿਅਕਤੀ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ।
  217. ਜੀਹਦਾ ਮੂੰਹ ਨਹੀਂ ਵੇਖਣਾ, ਉਹਦੀ ਬੁੰ** ਵੇਖਣੀ ਪੈਂਦੀ ਐ। ਜਦੋਂ ਇਹ ਦੱਸਣਾ ਹੋਵੇ ਕਿ ਫਸੇ ਬੰਦੇ ਨੂੰ ਹਰ ਕਿਸੇ ਦੇ ਤਰਲੇ ਕੱਢਣੇ ਪੈਂਦੇ ਹਨ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  218. ਜੀਹਦਾ ਲੂਣ ਖਾਈਏ, ਉਹਦੇ ਗੁਣ ਗਾਈਏ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਿਸ ਬੰਦੇ ਦੇ ਸਿਰੋਂ ਰੋਜ਼ੀ-ਰੋਟੀ ਚਲਦੀ ਹੋਵੇ ਉਸਦੇ ਗੁਣ ਗਾਉਣਾ ਮਨੁੱਖ ਦਾ ਪਹਿਲਾ ਫਰਜ਼ ਹੁੰਦਾ ਹੈ।
  219. ਜੀਹਦਾ ਵਿਆਹ, ਉਹਦੀ ਪੱਤਲ ਵੀ ਨਹੀਂ! ਜਦੋਂ ਕਿਸੇ ਮੁੱਖ ਆਗੂ ਨੂੰ ਪਿੱਛੇ ਧੱਕਿਆ ਜਾਵੇ ਅਤੇ ਉਸਦੀ ਕੋਈ ਪੁੱਛਗਿਛ ਨਾ ਹੋਵੇ ਅਤੇ ਉਸਦੀ ਥਾਂ ‘ਤੇ ਐਵੇਂ-ਘੈਵੇਂ ਲੋਕ ਚੌਧਰੀ ਬਣਨ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਪੁਰਾਣੇ ਸਮੇਂ ਵਿਚ ਪੱਤਲ ਭਾਵ ਪੱਤੇ ਉੱਤੇ ਭੋਜਨ ਪਾ ਕੇ ਛਕਿਆ ਜਾਂਦਾ ਸੀ ਜੋ ਅੱਜ ਵੀ ਕਈ ਥਾਵਾਂ ’ਤੇ ਪ੍ਰਚਲਿਤ ਹੈ।
  220. ਜੀਹਦੀ ਕੋਠੀ ਦਾਣੇ, ਉਹਦੇ ਕਮਲੇ ਵੀ ਸਿਆਣੇ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਸਾਡੇ ਸਮਾਜ ਵਿੱਚ ਧਨੀ ਮਨੁੱਖ ਦੀ ਹਰ ਕਮਲੀ ਗੱਲ ਵੀ ਸਿਆਣੀ ਜਾਣ ਕੇ ਮੰਨੀ ਜਾਂਦੀ ਹੈ। ਇਸ ਦੇ ਨਾਲ-ਨਾਲ ਧਨੀ ਮਨੁੱਖ ਦੇ ਮੂਰਖ ਬੱਚਿਆਂ ਨੂੰ ਵੀ ਲੋਕ ਬੜਾ ਸਤਿਕਾਰ ਦਿੰਦੇ ਹਨ ਅਤੇ ਸਿਆਣਾ ਕਹਿੰਦੇ ਹਨ।
  221. ਜੀਹਦੀ ਖਾਈਏ ਬਾਜਰੀ, ਉਹਦੀ ਭਰੀਏ ਹਾਜ਼ਰੀ। ਇਸ ਅਖਾਣ ਦੇ ਭਾਵ ਅਰਥ ਅਨੁਸਾਰ, ਜਿਸ ਘਰੋਂ ਮਨੁੱਖ ਰੋਟੀ-ਪਾਣੀ ਖਾਂਦਾ ਹੈ ਉਸ ਦੇ ਨਾਲ ਵਫਾ ਕਰਨਾ ਉਸ ਦਾ ਫਰਜ਼ ਹੁੰਦਾ ਹੈ।
  222. ਜੀਹਦੀ ਜੁਬਾਨ ਚਲਦੀ, ਉਹਦੇ ਸੱਤ ਹਲ਼ ਚਲਦੇ ਨੇ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜੁਬਾਨ ਜੋਰ ਵਾਲਾ ਬੰਦਾ ਅਨੇਕਾਂ ਥਾਂਵਾਂ ਉੱਤੇ ਭਾਰੂ ਹੁੰਦਾ ਹੈ, ਕਿਉਂਕਿ ਬਹੁਤੇ ਲੋਕ ਉਸ ਦੀ ਜ਼ੁਬਾਨ ਤੋਂ ਡਰਦੇ ਹੀ ਚੁੱਪ ਹੋ ਜਾਂਦੇ ਹਨ। ਇਸ ਦੇ ਨਾਲ-ਨਾਲ ਜੁਬਾਨ ਜ਼ੋਰ ਵਾਲਾ ਬੰਦਾ ਕੁਝ ਵੀ ਝੂਠ ਸੱਚ ਬੋਲਣ ਤੋਂ ਗੁਰੇਜ਼ ਨਹੀਂ ਕਰਦਾ।
  223. ਜੀਹਦੀ ਤੇਗ, ਉਸੇ ਦੀ ਦੇਗ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਿਸ ਦੇ ਹੱਥ ਵਿੱਚ ਸ਼ਕਤੀ ਹੁੰਦੀ ਹੈ, ਉਹੀ ਦੁਨੀਆ ਉੱਤੇ ਰਾਜ ਕਰਦਾ ਹੈ ਅਤੇ ਕੀਮਤੀ ਪਦਾਰਥਾਂ ਦਾ ਮਾਲਕ ਹੁੰਦਾ ਹੈ।
  224. ਜੀਹਦੀ ਨਾ ਫੁੱਟੀ ਵਿਆਈ, ਉਹ ਕੀ ਜਾਣੇ ਪੀੜ ਪਰਾਈ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਿਸ ਬੰਦੇ ਨੇ ਖੁਦ ਕਦੇ ਕੋਈ ਦੁੱਖ ਨਾ ਦੇਖਿਆ ਹੋਵੇ ਉਸਨੂੰ ਦੂਜੇ ਦੇ ਦੁੱਖ ਦਾ ਅਹਿਸਾਸ ਨਹੀਂ ਹੁੰਦਾ।
  225. ਜੀਹਦੇ ਹੱਥ ਡੋਈ, ਭੁੱਖਾ ਮਰੇ ਸੋਈ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਲੰਗਰ-ਪਾਣੀ ਵਰਤਾਉਣ ਵਾਲਾ ਵਰਤਾਵਾ ਅਕਸਰ ਭੁੱਖਾ ਰਹਿ ਜਾਂਦਾ ਹੈ।
  226. ਜੀਹਦੇ ਗਲ਼ ਪੱਲਾ ਉਹਨੂੰ ਸੌ ਖਲਾ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਨਿਮਰਤਾ ਨਾਲ ਸੈਂਕੜੇ ਕੰਮ ਸਵਾਰੇ ਜਾ ਸਕਦੇ ਹਨ।
  227. ਜੀਹਦੇ ਪੱਲੇ ਹੋ ਗਏ ਉਹ 32 ਸੁਲੱਖਣਾ ਜੀਹਦੇ ਪੱਲੇ ਪਵੇ ਉਹ 33 ਸੁਲੱਖਣਾ। ਅਰਥ ਬਾਕੀ ਹੈ।
  228. ਜੀਹਨੇ ਕੀਤੀ ਸ਼ਰਮ, ਉਹਦੇ ਫੁੱਟੇ ਕਰਮ। ਇਹ ਅਖਾਣ ਅਕਸਰ ਖਾਣ-ਪੀਣ ਮੌਕੇ ਸੰਗ ਕਰਨ ਵਾਲੇ ਲੋਕਾਂ ਉੱਤੇ ਵਿਅੰਗ ਕੱਸਣ ਵਜੋਂ ਬੋਲਿਆ ਜਾਂਦਾ ਹੈ।
  229. ਜੀਹਨੇ ਖਾਧੀ ਸਗਲੇ ਦਾਲ਼, ਉਹਨੂੰ ਕੀ ਲੱਗੇ ਘਰਦਿਆਂ ਨਾਲ਼। ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਜਿਹੜਾ ਵਿਅਕਤੀ ਘਰ-ਬਾਹਰ ਨੂੰ ਤਿਆਗ ਕੇ ਬਾਹਰ ਚਲਾ ਜਾਂਦਾ ਹੈ ਉਸਨੂੰ ਘਰਦਿਆਂ ਦੀ ਕੋਈ ਪਰਵਾਹ ਨਹੀਂ ਰਹਿੰਦੀ।
  230. ਜੀਹਨੇ ਜਿੰਦ ਦਿੱਤੀ, ਉਹ ਰੋਜੀ ਵੀ ਦੇਊ। ਇਹ ਅਖਾਣ ਉਸ ਪਰਮਾਤਮਾ ਉੱਤੇ ਵਿਸ਼ਵਾਸ ਰੱਖਣ ਅਤੇ ਸਬਰ ਨਾਲ ਜੀਣ ਦੀ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ। ਅਖਾਣ ਦਾ ਅੱਖਰੀ ਅਰਥ ਇਹ ਹੈ ਕਿ ਜਿਸ ਪਰਮਾਤਮਾ ਨੇ ਪੈਦਾ ਕੀਤਾ ਹੈ ਉਹ ਰੋਜੀ ਰੋਟੀ ਦਾ ਵੀ ਬੰਦੋਬਸਤ ਖੁਦ ਹੀ ਕਰੇਗਾ।
  231. ਜੀਹਨੇ ਫਨੀਅਰ ਸੱਪਾਂ ਦੇ ਫੁੰਕਾਰੇ ਦੇਖੇ ਹੋਣ, ਉਹਨੂੰ ਡੱਡੂ ਖਾਣੇ ਸੱਪਾਂ ਦੀ ਪਰਵਾਹ ਨਹੀਂ ਹੁੰਦੀ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਿਹੜਾ ਵਿਅਕਤੀ ਵੱਡੇ-ਵੱਡੇ ਖਤਰਿਆਂ ਨਾਲ ਖੇਡ ਚੁੱਕਾ ਹੋਵੇ, ਉਸਨੂੰ ਛੋਟੇ ਮੋਟੇ ਖਤਰਿਆਂ ਤੋਂ ਡਰ ਨਹੀਂ ਲੱਗਦਾ। ਜਸਬੀਰ ਵਾਟਾਂਵਾਲੀਆ
  232. ਜੀਂਵਦਿਆਂ ਮਿੱਤਰ ਨਾ ਮਿੱਤਰਆ, ਤੇ ਮੋਇਆਂ ਤ੍ਰੈ ਤ੍ਰੈ ਪਿੱਟੜਿਆ। ਜਦੋਂ ਕੋਈ ਮਿੱਤਰ ਕਿਸੇ ਦੇ ਜਿਉਂਦੇ ਜੀਅ ਤਾਂ  ਸਾਰ ਨਾ ਲਵੇ ਪਰ ਮਰਨ ਤੋਂ ਬਾਅਦ ਰੋ ਪਿੱਟ ਕੇ ਦਿਖਾਵੇ ਤਾਂ ਉਸ ਉੱਤੇ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  233. ਜੀਵਨ ਤੋਂ ਜੀਵਨ ਬਣੇ। ਇਹ ਅਖਾਣ ਜੀਵ-ਜੰਤੂ ਅਤੇ ਸ੍ਰਿਸ਼ਟੀ ਦੀ ਰਚਨਾ ਦੇ ਅਜਬ ਖੇਲ ਅਤੇ ਵਰਤਾਰੇ ਨੂੰ ਦਰਸਾਉਣ ਲਈ ਬੋਲਿਆ ਜਾਂਦਾ ਹੈ।
  234. ਜੁਗ ਜੀਣ ਵੱਡੀਆਂ ਭਰਜਾਈਆਂ, ਪਾਣੀ ਮੰਗੇ ਦੁੱਧ ਦਿੰਦੀਆਂ। ਇਹ ਅਖਾਣ ਉਹਨਾਂ ਭਰਜਾਈਆਂ ਦੀ ਉਸਤਤ ਵਿੱਚ ਬੋਲਿਆ ਜਾਂਦਾ ਹੈ, ਜੋ ਆਪਣੇ ਦਿਉਰ ਨੂੰ ਬਹੁਤ ਜਿਆਦਾ ਮੋਹ ਕਰਦੀਆਂ ਹੋਣ।
  235. ਜੁਗਤ ਨਾਲ ਚੱਲੇ ਤਾਂ ਸਭ ਕੁਝ ਪੱਲੇ। ਇਹ ਅਖਾਣ ਸਿਆਣਪ ਨਾਲ ਚੱਲਣ ਦੀ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ। ਅਖਾਣ ਦੇ ਭਾਵ ਅਰਥ ਅਨੁਸਾਰ ਜਿਹੜਾ ਵਿਅਕਤੀ ਸਿਆਣਪ ਅਤੇ ਜੁਗਤ ਨਾਲ ਚਲਦਾ ਹੈ ਉਹ ਕਦੇ ਵੀ ਘਾਟਾ ਨਹੀਂ ਖਾਂਦਾ ਤੇ ਉਸ ਦੇ ਪੱਲੇ ਸਭ ਕੁਝ ਪੈ ਜਾਂਦਾ ਹੈ।
  236. ਜੁਗਤ ਵਿਹੂਣਾ ਆਦਮੀ, ਓੜਕ ਬਿਖੜ ਜਾਏ। ਇਸ ਅਖਾਣ ਦੇ ਭਾਵ-ਅਰਥ ਅਨੁਸਾਰ ਜੁਗਤ ਅਤੇ ਸਿਆਣਪ ਤੋਂ ਬਿਨਾਂ ਮਨੁੱਖ ਦਾ ਜੀਵਨ ਕਾਫੀ ਔਖਾ ਬੀਤਦਾ ਹੈ।
  237. ਜੁੱਤੀ ਸੌੜੀ ਪੈਂਡਾ ਖੋਟਾ, ਰੰਨ ਭੈੜੀ ਜਿਉਣਾ ਔਖਾ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਤੰਗ ਜੁੱਤੀ ਨਾਲ ਤੁਰਨਾ ਔਖਾ ਹੁੰਦਾ ਹੈ ਅਤੇ ਭੈੜੀ ਔਰਤ ਨਾਲ ਜੀਵਨ ਜਿਉਣਾ ਔਖਾ ਹੁੰਦਾ ਹੈ।
  238. ਜੁੱਤੀ ਤੰਗ, ਤੇ ਜਵਾਈ ਨੰਗ, ਦੁੱਖ ਹੀ ਦਿੰਦੇ ਆ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਤੰਗ ਜੁੱਤੀ ਮਨੁੱਖ ਨੂੰ ਤੁਰਨ ਵਿੱਚ ਅਖਿਆਈ ਪੈਦਾ ਕਰਦੀ ਹੈ ਅਤੇ ਨੰਗ ਜਵਾਈ ਵੀ ਸਾਰੀ ਉਮਰ ਵੱਢ-ਵੱਢ ਕੇ ਖਾਂਦਾ ਰਹਿੰਦਾ ਹੈ।
  239. ਜੁੱਤੀ ਧੌੜੀ ਦੀ, ਤੇ ਦਾਲ ਤੌੜੀ ਦੀ, ਫੁਲਕਾ ਤਵੇ ਦਾ ਤੇ ਵੱਗ ਰਵੇ ਦਾ। ਇਸ ਅਖਾਣ ਵਿੱਚ ਵੱਖ-ਵੱਖ ਗੁਣਕਾਰੀ ਵਸਤਾਂ ਦੀ ਤਾਰੀਫ ਕੀਤੀ ਗਈ ਹੈ। ਅਖਾਣ ਵਿੱਚ ਦੱਸਿਆ ਗਿਆ ਹੈ ਕਿ ਧੌੜੀ ਦੀ ਜੁੱਤੀ ਚੰਗੀ ਹੁੰਦੀ ਹੈ ਅਤੇ ਤੌੜੀ ਦੀ ਦਾਲ ਸਵਾਦ ਹੁੰਦੀ ਹੈ। ਫੁਲਕਾ ਤਵੇ ਦਾ ਗੁਣਕਾਰੀ ਹੁੰਦਾ ਹੈ ਅਤੇ ਮਾਲ ਡੰਗਰ ਰਵੇ ਦਾ ਚੰਗਾ ਹੁੰਦਾ ਹੈ।     ਜਸਬੀਰ ਵਾਟਾਂਵਾਲੀਆ
  240. ਜੁੱਤੀ, ਸੋਟੀ ਬਿਨਾ ਨਾ ਚੱਲੀਏ ਰਾਤ ਨੂੰ, ਟਿੱਚਰ ਨਾ ਕਰੀਏ ਮਰਾਸੀ ਜਾਤ ਨੂੰ। ਇਹ ਅਖਾਣ ਸਿਆਣਪ ਦੇਣ ਵਜੋਂ ਬੋਲਿਆ ਜਾਂਦਾ ਹੈ। ਅਖਾਣ ਦੇ ਭਾਵ ਅਰਥ ਅਨੁਸਾਰ ਰਾਤ-ਬਰਾਤੇ ਜੁੱਤੀ ਪਾ ਕੇ ਅਤੇ ਹੱਥ ਵਿੱਚ ਸੋਟੀ ਫੜ੍ਹ ਕੇ ਹੀ ਘਰੋਂ ਨਿਕਲਣਾ ਚਾਹੀਦਾ ਹੈ। ਇਸ ਦੇ ਨਾਲ ਨਾਲ ਅਖਾਣ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਮਰਾਸੀਆਂ ਨੂੰ ਕਦੇ ਵੀ ਟਿੱਚਰ ਨਹੀਂ ਕਰਨੀ ਚਾਹੀਦੀ ਕਿਉਂਕਿ ਮਰਾਸੀ ਨੂੰ ਟਿੱਚਰ ਕੀਤੀ ਮਹਿੰਗੀ ਪੈ ਸਕਦੀ ਹੈ, ਉਹ ਤੁਹਾਨੂੰ ਇੱਕ ਟਿਚਰ ਦੇ ਜਵਾਬ ਵਿੱਚ 100 ਟਿੱਚਰਾਂ ਕਰ ਸਕਦਾ ਹੈ।
  241. ਜੁਬਾਨ ਰਾਜ ਵੀ ਕਰਵਾਉਂਦੀ ਹੈ, ਅਤੇ ਜੁਬਾਨ ਛਿੱਤਰ ਵੀ ਪਵਾ ਦਿੰਦੀ ਹੈ। ਇਸ ਅਖਾਣ ਦੇ ਭਾਵ ਅਰਥ  ਮਨੁੱਖ ਦੀ ਤਰੱਕੀ ਅਤੇ ਸਮਾਜਿਕ ਇੱਜਤ ਮਾਣ ਵਧਾਉਣ ਅਤੇ ਘਟਾਉਣ ਵਿੱਚ ਜੁਬਾਨ ਦਾ ਬਹੁਤ ਵੱਡਾ ਰੋਲ ਹੁੰਦਾ ਹੈ।
  242. ਜੁਲ ਖਦੂਲੀ, ਮੌਜਾਂ ਮਾਣੇ। ਜਿਹੜਾ ਬੰਦਾ ਗੰਭੀਰਤਾ ਨਾਲ ਕੰਮ ਨਾ ਕਰਦਾ ਹੋਵੇ ਅਤੇ ਹਰ ਵੇਲੇ ਮਸਤ ਮਲੰਗ ਬਣ ਕੇ ਘੁੰਮਦਾ ਹੋਵੇ, ਉਸ ਉੱਤੇ ਵਿਅੰਗ ਕਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  243. ਜੂੰ ਬਿਨਾ ਖਾਜ ਨਹੀਂ, ਤੇ ਧੀ ਬਿਨਾਂ ਲਾਜ ਨਹੀਂ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜੇਕਰ ਘਰ ਵਿੱਚ ਧੀ ਨਾ ਹੋਵੇ ਤਾਂ ਮਨੁੱਖ ਨੂੰ ਸ਼ਰਮ ਅਤੇ ਲੱਜ ਦਾ ਕੋਈ ਪਤਾ ਨਹੀਂ ਹੁੰਦਾ ਅਤੇ ਜੇਕਰ ਸਿਰ ਵਿੱਚ ਜੂਆਂ ਨਾ ਹੋਣ ਤਾਂ ਕਦੇ ਖਾਜ ਨਹੀਂ ਆਉਂਦੀ।
  244. ਜੂਆ ਕਿਸੇ ਨਾ ਜਿੱਤਿਆ, ਸਭ ਜੂਏ ਜਿੱਤੇ। ਇਹ ਅਖਾਣ ਜੂਏ ਵਰਗੀ ਬੁਰਾਈ ਤੋਂ ਦੂਰ ਰਹਿਣ ਦੀ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ। ਅਖਾਣ ਦੇ ਅੱਖਰੀ ਅਰਥਾਂ ਅਨੁਸਾਰ ਜੂਆ ਅਜਿਹੀ ਖੇਡ ਹੈ, ਜਿਸ ਨੂੰ ਅੱਜ ਤੱਕ ਕੋਈ ਨਹੀਂ ਜਿੱਤ ਸਕਿਆ ਬਲਕਿ ਜੂਏ ਨੇ ਵੱਡੇ-ਵੱਡੇ ਜੁਆਰੀ ਵੀ ਹਰਾ ਦਿੱਤੇ।
  245. ਜੂਠ-ਝੂਠ ਤੇ ਪੱਲੇ ਕੁਪੱਤ। ਜਦੋਂ ਕਿਸੇ ਵਿਅਕਤੀ ਦਾ ਕਿਰਦਾਰ ਚੰਗਾ ਨਾ ਹੋਵੇ ਹਰ ਵੇਲੇ ਝੂਠ ਬੋਲਦਾ ਹੋਵੇ ਅਤੇ ਸੁਭਾਅ ਦਾ ਕਪੱਤਾ ਹੋਵੇ ਤਾਂ ਉਸ ਉੱਤੇ ਬੇਅੰਤ ਘਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  246. ਜੂਠਾ ਖਾਵੇ, ਮਿੱਠੇ ਦੇ ਤਾਣ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਲਾਲਚ ਵਸ ਆ ਕੇ ਮਨੁੱਖ ਕੁਝ ਵੀ ਕਰ ਲੈਂਦਾ ਹੈ ਜਿਵੇਂ ਮਿੱਠਾ ਖਾਣ ਦੇ ਚੱਕਰ ਵਿੱਚ ਅਨੇਕਾਂ ਵਾਰ ਮਨੁੱਖ ਕਿਸੇ ਦਾ ਝੂਠਾ ਵੀ ਖਾ ਲੈਂਦਾ ਹੈ।
  247. ਜੇ ਅਸੀਂ ਨਾ ਵਿਆਹੇ, ਤਾਂ ਕਾਹਦੇ ਸਾਹੇ। ਇਹ ਅਖਾਣ ਅਕਸਰ ਛੜੇ ਬੰਦੇ ਨਾਲ ਹਾਸਾ ਠਠਾ ਕਰਨ ਵਜੋਂ ਬੋਲਿਆ ਜਾਂਦਾ ਹੈ। ਇਸ ਦੇ ਉਲਟ ਇਹ ਅਖਾਣ ਛੜਾ ਵੀ ਬੋਲਦਾ ਹੈ ਜਦੋਂ ਹੋ ਸਕੇ ਸਬੰਧੀਆਂ ਕੋਲੋਂ ਰਿਸ਼ਤੇ ਦੀ ਆਸ ਰੱਖਣ ਲਈ ਉਹਨਾਂ ਨਾਲ ਗੱਲਬਾਤ ਕਰ ਰਿਹਾ ਹੋਵੇ।
  248. ਜੇ ਅੰਨਿਆਂ ਨੂੰ ਅੰਨਾ ਰਾਹ ਪਾਏ ਤਾਂ ਉਨ੍ਹਾਂ ਨੂੰ ਕੌਣ ਬਚਾਏ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਅਗਿਆਨੀ ਮਨੁੱਖ ਦੇ ਦੱਸੇ ਹੋਏ ਰਸਤੇ ਤੇ ਚੱਲ ਕੇ ਕਿਸੇ ਦਾ ਵੀ ਭਲਾ ਨਹੀਂ ਹੋ ਸਕਦਾ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਦਾ ਡੁਬਣਾ ਤੈਅ ਹੈ। ‌ ਜਸਬੀਰ ਵਾਟਾਂਵਾਲੀਆ
  249. ਜੇ ਲਾਠੀ ਹੋਵੇ ਤਕੜੀ ਤੇ ਕਾਹਨੂੰ ਵੱਜੇ ਫੱਕੜੀ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜੇ ਹੱਥ ਵਿੱਚ ਚੰਗਾ ਹਥਿਆਰ ਹੋਵੇ ਤਾਂ ਮਨੁੱਖ ਨੂੰ ਮਾਰ ਨਹੀਂ ਪੈ ਸਕਦੀ।
  250. ਜੇ ਸਿਆਣਾ ਬੰਦਾ ਨਾਲ ਹੋਵੇ, ਤਾਂ ਮੇਰਾ ਪੁੱਤ ਮਾਲ ਚਾਰ ਲਿਆਉਂਦਾ। ਇਹ ਅਖਾਣ ਸਿਖਾਂਦਰੂ ਵਿਅਕਤੀ ਉੱਤੇ ਵਿਅੰਗ ਕੱਸਣ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਉਹ ਥੋੜਾ ਜਿਹਾ ਸਿੱਖ ਕੇ ਆਪਣੇ ਆਪ ਨੂੰ ਮਾਹਰ ਅਖਵਾਉਣ ਲੱਗ ਪਵੇ। ਅਖਾਣ ਦੇ ਅੱਖਰੀ ਅਰਥਾਂ ਅਨੁਸਾਰ ਇੱਕ ਅਣਜਾਣ ਬੱਚੇ ਦੀ ਮਾਂ ਇਹ ਦਾਅਵਾ ਕਰ ਰਹੀ ਹੈ ਕਿ ਜੇਕਰ ਸਿਆਣਾ ਬੰਦਾ ਨਾਲ ਹੋਵੇ ਤਾਂ ਮੇਰਾ ਪੁੱਤ ਮਾਲ ਡੰਗਰ ਦਾ ਚੰਗਾ ਚਰਵਾਹਾ ਹੈ।
  251. ਜੇ ਸੁਖ ਚਾਹਵੇਂ ਜੀਅ, ਤਾਂ ਪਾਣੀ ਮੰਗ ਨਾ ਪੀ। ਇਹ ਅਖਾਣ ਆਪਣਾ ਕੰਮ ਆਪ ਕਰਨ ਦੀ ਨਸੀਹਤ ਦੇਣ ਵਜੋਂ ਬੋਲਿਆ ਜਾਂਦਾ ਹੈ। ਅਖਾਣ ਦੇ ਅੱਖਰੀ ਅਰਥਾਂ ਅਨੁਸਾਰ ਜੇਕਰ ਦੁਨੀਆਦਾਰੀ ਵਿੱਚ ਇੱਜਤ ਚਾਹੁੰਦਾ ਹੈ ਤਾਂ ਕਦੇ ਵੀ ਕਿਸੇ ਉੱਤੇ ਨਿਰਭਰ ਨਾ ਹੋਵੀਂ।
  252. ਜੇ ਹਵਾ ਵਗੂ, ਤਾਂ ਚੂਹੇ ਦੀ ਖੁੱਡ ਵਿੱਚ ਵੀ ਲੱਗੂ। ਇਹ ਅਖਾਣ ਅਕਸਰ ਉਦੋਂ ਬੋਲਿਆ ਜਾਂਦਾ ਹੈ ਜਦੋਂ ਮੌਸਮ ਗੁਮ-ਸੁਮ ਅਤੇ ਹੁਸੜ ਭਰਿਆ ਹੋਵੇ ਪਰ ਅਚਾਨਕ ਥੋੜੀ ਹਵਾ ਚੱਲ ਪਵੇ। ਅਖਾਣ ਦੇ ਅੱਖਰੀ ਅਰਥਾਂ ਅਨੁਸਾਰ ਜੇਕਰ ਹਵਾ ਚਲਦੀ ਹੋਵੇ ਤਾਂ ਉਹ ਚੂਹੇ ਦੀ ਖੁੱਡ ਵਿੱਚ ਵੀ ਲੱਗਦੀ ਹੈ।
  253. ਜੇ ਹਾਲੀਆਂ ਨੇ ਛੱਡ ਦਿੱਤੇ ਪਾਲ਼ੀਆਂ ਤਾਂ ਨਹੀਂ ਛੱਡ ਦੇਣੇ। ਇਹ ਅਖਾਣ ਅਕਸਰ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਗੌਣ ਬੰਦਾ ਕਿਸੇ ਖਾਸ ਚੀਜ਼ ਦੀ ਪਰਵਾਹ ਅਤੇ ਸੰਭਾਲ ਨਾ ਕਰੇ ਪਰ ਮੁੱਖ ਮਾਲਕ ਨੂੰ ੱਉਸ ਚੀਜ਼ ਦੀ ਸੰਭਾਲ ਬਦਲੇ ਹਿੱਕ ਥਾਪੜਨੀ ਪਵੇ। ਇਹ ਅਖਾਣ ਪੰਜਾਬੀ ਕਿਸਾਨੀ ਦੇ ਵਿੱਚੋਂ ਨਿਕਲਿਆ ਹੈ। ਅਖਾਣ ਦੇ ਅੱਖਰੀ ਅਰਥਾਂ ਅਨੁਸਾਰ ਪੁਰਾਣੇ ਸਮੇਂ ਵਿੱਚ ਜਦੋਂ ਬਲਦਾਂ ਨਾਲ ਹਲ ਵਾਹੇ ਜਾਂਦੇ ਸਨ ਤਾਂ ਮਿਹਨਤ ਮਜ਼ਦੂਰੀ ਕਰਨ ਆਏ ਜਾਂ ਮੰਗ ਖਾਣ ਆਏ, ਹਲ ਵਾਹਕ ਅਕਸਰ ਬਲਦਾਂ ਨੂੰ ਧੁੱਪੇ ਛੱਡ ਕੇ ਆਰਾਮ ਕਰਨ ਚਲੇ ਜਾਂਦੇ ਸਨ। ਉਸ ਮੌਕੇ ਬਲਦਾਂ ਦਾ ਮੁੱਖ ਮਾਲਕ ਉਨਾਂ ਦੀ ਤਕਲੀਫ ਮਹਿਸੂਸ ਕਰਦਾ ਹੋਇਆ ਬੋਲਦਾ ਹੈ ਕਿ ਹਲ ਵਾਹੁਣ ਵਾਲੇ ਤਾਂ ਬਲਦਾਂ ਨੂੰ ਇਸ ਹਾਲ ਵਿੱਚ ਛੱਡ ਸਕਦੇ ਹਨ ਪਰ ਉਹਨਾਂ ਦਾ ਪਾਲਣ ਵਾਲਾ ਉਹਨਾਂ ਨੂੰ ਨਹੀਂ ਛੱਡ ਸਕਦਾ।
  254. ਜੇ ਕਰੀਏ ਤਾਂ ਵੀ ਡਰੀਏ, ਜੇ ਨਾ ਕਰੀਏ ਤਾਂ ਵੀ ਡਰੀਏ। ਇਹ ਅਖਾਣ ਡਰ ਕੇ ਜਾਂ ਨੀਵੇਂ ਰਹਿਣ ਦੀ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ।
  255. ਜੇ ਕੁੱਤਾ ਕਪਾਹ ਵਿੱਚੋਂ ਲੰਘਜੂ, ਕਿਹੜਾ ਰਜਾਈ ਭਰਾ ਕੇ ਲੈ ਜਾਊ। ਜਦੋਂ ਕਿਸੇ ਘਟੀਆ ਬੰਦੇ ਦੇ ਨੁਕਸਾਨ ਕਰਨ ਨਾਲ ਕਿਸੇ ਚੀਜ਼ ਨੂੰ ਕੋਈ ਵੀ ਫਰਕ ਨਾ ਪੈਂਦਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਇਹ ਅਖਾਣ ਅਕਸਰ ਔਰਤਾਂ ਨਾਲ ਸਰੀਰਕ ਸਬੰਧ ਬਣਾਉਣ ਦੇ ਸੰਦਰਭ ਵਿੱਚ ਵੀ ਬੋਲਿਆ ਜਾਂਦਾ ਹੈ।
  256. ਜੇ ਖਸਮ ਹੋਵੇ ਵੱਲ, ਤਾਂ ਮੈਂ ਵੇਹੜਾ ਦੇਵਾਂ ਥੱਲ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਦੋਂ ਖਸਮ ਜਾਂ ਮਾਲਕ ਨਾਲ ਹੋਵੇ ਤਾਂ ਮਨੁੱਖ ਨੂੰ ਕਿਸੇ ਦੀ ਵੀ ਪਰਵਾਹ ਨਹੀਂ ਹੁੰਦੀ। ਇਹ ਅਖਾਣ ਹਾਸੇ ਠੱਠੇ ਦੌਰਾਨ ਅਕਸਰ ਔਰਤਾਂ ਵੱਲੋਂ ਵੀ ਬੋਲਿਆ ਜਾਂਦਾ ਹੈ, ਜਦੋਂ ਉਹਨਾਂ ਦਾ ਮਰਦ ਉਹਨਾਂ ਦੇ ਨਾਲ ਇੱਕ-ਮਿਕ ਹੁੰਦਾ ਹੈ।
  257. ਜੇ ਖਾਂਦੇ ਦੇ ਮੂੰਹ ਚੋਂ ਭੋਰਾ ਡਿੱਗੂ, ਤਾਂ ਉਹ ਵੀ ਅਰਥ ਆਊ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਸ੍ਰਿਸ਼ਟੀ ਦੇ ਵਿੱਚ ਕੋਈ ਵੀ ਚੀਜ਼ ਵਿਅਰਥ ਨਹੀਂ ਜਾਂਦੀ ਭਾਵੇਂ ਉਹ ਧਰਤੀ ਤੇ ਹੀ ਕਿਉਂ ਨਾ ਡਿੱਗ ਜਾਵੇ ਜਾਂ ਖਿੰਡਰ ਗਈ ਹੋਵੇ ਅਖਾਣ ਦੇ ਅੱਖਰੀ ਅਰਥਾਂ ਅਨੁਸਾਰ ਖਾਣਾ ਖਾਂਦਿਆਂ ਜਦੋਂ ਮੂੰਹ ਵਿੱਚੋਂ ਰੋਟੀ ਦਾ ਭੋਰਾ ਧਰਤੀ ਤੇ ਡਿੱਗ ਪੈਂਦਾ ਹੈ ਤਾਂ ਉਸ ਨੂੰ ਵੀ ਕੀੜੀਆਂ ਆਦਿ ਅਨੇਕਾਂ ਜੀਵ ਜੰਤੂ ਖਾਣ ਲਈ ਬੈਠੇ ਹਨ।
  258. ਜੇ ਖੋਤੀ ਸਰਕਾਰੋ ਹੋ ਆਵੇ, ਤਾਂ ਦੂਜੀਆਂ ਖੋਤੀਆਂ ‘ਚ ਨਹੀਂ ਰਲ਼ਦੀ। ਇਹ ਅਖਾਣ ਹਾਸੇ-ਠੱਠੇ ਅਤੇ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਆਮ ਵਿਅਕਤੀ ਕਿਸੇ ਉੱਚੇ ਲੋਕਾਂ ਦੀ ਬੈਠਕ ਵਿਚੋਂ ਹੋ ਆਵੇ ਅਤੇ ਆਣ ਕੇ ਆਪਣੇ ਸਾਥੀਆਂ ਕੋਲ ਹਵਾ ਕਰਨੀ ਸ਼ੁਰੂ ਕਰ ਦੇਵੇ।
  259. ਗਾਂ ਹਾਲੀ ਨਿਕਲ ਆਵੇ ਤਾਂ ਵੈਹੜਕਿਆਂ ਦੇ ਪੈਰ ਨਹੀਂ ਲੱਗਣ ਦਿੰਦੀ। ਇਹ ਅਖਾਣ ਅਕਸਰ ਛੰਡੀ ਹੋਈ ਔਰਤ ਉੱਤੇ ਵਿਅੰਗ ਕੱਸਣ ਵਜੋਂ ਬੋਲਿਆ ਜਾਂਦਾ ਹੈ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜੇਕਰ ਛੰਡੀ ਹੋਈ ਔਰਤ ਆਗੂ ਬਣ ਕੇ ਅਗਵਾਈ ਕਰਨ ਜਾਵੇ ਤਾਂ ਉਹ ਮਰਦਾਂ ਦੇ ਪੈਰ ਨਹੀਂ ਲੱਗਣ ਦਿੰਦੀ। ਇਹ ਅਖਾਣ ਪੰਜਾਬੀ ਕਿਸਾਨੀ ਦੇ ਵਿੱਚੋਂ ਨਿਕਲਿਆ ਹੈ ਪੁਰਾਣੇ ਸਮੇਂ ਵਿੱਚ ਅਕਸਰ ਨਵੇਂ ਵੈੜਕਿਆਂ ਦੇ ਨਾਲ ਗਾਵਾਂ ਨੂੰ ਵੀ ਜੋੜ ਦਿੱਤਾ ਜਾਂਦਾ ਸੀ ਅਤੇ ਗਾਵਾਂ ਬੇਢੰਗੇ ਤਰੀਕੇ ਨਾਲ ਵਗਦੀਆਂ ਸਨ ਅਤੇ ਵਹਿੜਕਿਆਂ ਦੇ ਪੈਰ ਨਹੀਂ ਸਨ ਲੱਗਣ ਦਿੰਦੀਆਂ।
  260. ਜੇ ਗੁੱਡੀਆਂ ਸਹੁਰੇ ਜਾਣ ਲੱਗ ਜਾਣ, ਤਾਂ ਰੰਨਾ ਨੂੰ ਕੋਈ ਨਾ ਪੁੱਛੇ। ਜਦੋਂ ਇਹ ਦੱਸਣਾ ਹੋਵੇ ਕਿ ਐਵੇਂ-ਘੈਵੇਂ ਬੰਦੇ ਅਤੇ ਨਿਕੰਮੀਆਂ ਚੀਜ਼ਾਂ ਖਾਸ ਅਤੇ ਪ੍ਰਮੁੱਖ ਚੀਜ਼ਾਂ ਦੀ ਥਾਂ ਨਹੀਂ ਲੈ ਸਕਦੀਆਂ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਇਹ ਅਖਾਣ ਔਰਤਾਂ ਆਪਣੇ ਔਰਤ ਹੋਣ ਅਤੇ ਔਰਤ ਦੀ ਪ੍ਰਮੁੱਖ ਜਰੂਰਤ ਹੋਣ ਦੇ ਮਾਣ ਵਿੱਚ ਵੀ ਬੋਲਦੀਆਂ ਹਨ।
  261. ਜੇ ਗੁੜ ਖਾਣਾ, ਫਿਰ ਗੁਲਗੁਲਿਆਂ ਤੋਂ ਕੀ ਪ੍ਰਹੇਜ ਕਰਨਾ। ਜਦੋਂ ਕੋਈ ਵੱਡੀ ਉਲੰਘਣਾ ਕਰ ਲਵੇ ਪਰ ਛੋਟੀ ਉਲੰਘਣਾ ਤੋਂ ਪਰਹੇਜ਼ ਕਰੇ ਤਾਂ ਉਸ ਉੱਤੇ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  262. ਜੇ ਗੁੜ ਦਿੱਤਿਆਂ ਦੁਸ਼ਮਣ ਮਰੇ ਤਾਂ ਮੋਹਰਾ ਕਿਉਂ ਦਈਏ? ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜੇਕਰ ਕੋਈ ਦੁਸ਼ਮਣ ਜਾਂ ਤੁਹਾਡਾ ਵਿਰੋਧੀ ਪਿਆਰ ਸਤਿਕਾਰ ਨਾਲ ਮੰਨ ਸਕਦਾ ਹੈ ਤਾਂ ਉਸ ਨਾਲ ਲੜਨ ਦੀ ਜਰੂਰਤ ਨਹੀਂ ਹੁੰਦੀ।
  263. ਜੇ ਗੂੰਹ ਖਾਣੀਆਂ ਕੁੱਤੀਆਂ ਸ਼ਿਕਾਰ ਮਾਰ ਲੈਣ, ਤਾਂ ਸ਼ਿਕਾਰੀਆਂ ਨੂੰ ਕੌਣ ਪੁੱਛੇ ? ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜੇਕਰ ਨਕਾਰਾ ਲੋਕ ਗੁਣਵਾਨ ਲੋਕਾਂ ਦਾ ਮੁਕਾਬਲਾ ਕਰ ਲੈਣ ਤਾਂ ਗੁਣਵਾਨ ਲੋਕਾਂ ਦੀ ਕੋਈ ਪੁੱਛ ਪ੍ਰਤੀਤ ਨਹੀਂ ਹੋਵੇਗੀ।
  264. ਜੇ ਘਰ ਭੰਨਣ ਪਾਹਰੂ, ਤਾਂ ਕੌਣ ਰਾਖਣਹਾਰ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜੇਕਰ ਘਰ ਦੇ ਰਖਵਾਲੇ ਹੀ ਘਰ ਲੁੱਟਣ ਲੱਗ ਜਾਣ ਤਾਂ ਘਰ ਨਹੀਂ ਬਚ ਸਕਦਾ। ਇਹ ਅਖਾਣ ਅਕਸਰ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਘਰ, ਗਰੁੱਪ ਜਾਂ ਸੰਸਥਾ ਦੇ ਵਿੱਚੋਂ ਹੀ ਕੁਝ ਮੈਂਬਰ ਉਸ ਨੂੰ ਬਰਬਾਦ ਕਰਨ ਲੱਗ ਜਾਣ।
  265. ਜੇ ਘੋੜੇ ਦੀ ਪੂਛ ਲੰਮੀ ਹੋਵੇਗੀ, ਤਾਂ ਆਪਣਾ ਪਿੱਛਾ ਹੀ ਕੱਜੇਗੀ। ਇਹ ਅਖਾਣ ਭਲੇ ਕਾਰਜ ਕਰਨ ਅਤੇ ਚੰਗਾ ਕਿਰਦਾਰ ਬਣ ਕੇ ਰਹਿਣ ਦੀ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਆਪਣੇ ਅਕਸ ਅਤੇ ਬਣੀ ਹੋਈ ਇੱਜਤ ਦਾ ਖੁਦ ਨੂੰ ਹੀ ਫਾਇਦਾ ਹੁੰਦਾ ਹੈ ਕਿਸੇ ਹੋਰ ਨੂੰ ਨਹੀਂ।
  266. ਜੇ ਚੜ੍ਹਦਾ ਨਹੀਂ ਤਪਿਆ, ਤਾਂ ਲਹਿੰਦਾ ਕੀ ਕਰ ਲਊ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਦੋਂ ਕੋਈ ਵਿਅਕਤੀ ਆਪਣੀ ਪੂਰੀ ਚੜ੍ਹਾਈ ਦੌਰਾਨ ਕੁਝ ਕਰਕੇ ਨਾ ਵਿਖਾਵੇ ਅਤੇ ਉਸ ਦੀ ਢਹਿੰਦੀ ਕਲਾ ਦੌਰਾਨ ਉਸ ਤੋਂ ਕੀ ਆਸ ਕੀਤੀ ਜਾ ਸਕਦੀ ਹੈ।
  267. ਜੇ ਛੋਹਰੀਆਂ ਘਰ ਵਸੇ, ਬਾਬਾ ਬੁੱਢੜੀ ਨਾ ਰੱਖੇ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜੇਕਰ ਨਵਾਂ ਜਾਂ ਸਿਖਾਂਦਰੂ ਵਿਅਕਤੀ ਤਜਰਬੇਕਾਰ ਦਾ ਮੁਕਾਬਲਾ ਕਰ ਲਵੇ ਤਾਂ ਪੁਰਾਣੇ ਜਾਂ ਤਜਰਬੇਕਾਰ ਲੋਕਾਂ ਨੂੰ ਕੌਣ ਪੁੱਛੇਗਾ?
  268. ਜੇ ਛੋਲਿਆਂ ਦਾ ਦਾਣਾ ਭੁੜਕੂ, ਤਾਂ ਭੱਠੀ ਤਾਂ ਨਾ ਢਾਹ ਦੇਊ। ਜਦੋਂ ਕੋਈ ਵਿਅਕਤੀ ਬਿਨਾਂ ਵਜ੍ਹਾ ਗੁੱਸਾ ਕਰਕੇ ਆਪਣਾ ਨੁਕਸਾਨ ਆਪ ਕਰ ਰਿਹਾ ਹੋਵੇ ਤਾਂ ਉਸ ਉੱਤੇ ਵਿਅੰਗ ਕਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। ਅਖਾਣ ਦੇ ਅੱਖਰੀ ਅਰਥਾਂ ਅਨੁਸਾਰ ਜੇਕਰ ਛੋਲਿਆਂ ਦਾ ਦਾਣਾ ਕੜਾਹੀ ਵਿੱਚ ਭੁੜਕ ਭੁੜਕ ਕੇ ਦਿਖਾਵੇਗਾ ਉਹ ਕਿਹੜਾ ਭੱਠੀ ਨੂੰ ਢਾਹ ਦੇਵੇਗਾ।
  269. ਜੇ ਜੱਟ ਹੋਵੇ ਪੱਧਰਾ, ਤਾਂ ਖੇਤ ਪੱਧਰਾ ਹੋਣਾ ਨਹੀਂ ਰਹਿੰਦਾ। ਇਹ ਅਖਾਣ ਅਕਸਰ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੰਮ ਕਰਨ ਵਾਲੇ ਪ੍ਰਮੁੱਖ ਬੰਦੇ ਨੂੰ ਚੇਤਾਵਨੀ, ਸਿੱਖਿਆ ਅਤੇ ਹੱਲਾਸ਼ੇਰੀ ਦੇਣੀ ਹੋਵੇ ਕਿ ਜੇਕਰ ਉਸ ਦੀ ਮਰਜ਼ੀ ਹੋਵੇ ਤਾਂ ਕੰਮ ਜਰੂਰ ਸਫਲ ਹੋਵੇਗਾ।
  270. ਜੇ ਡੇਲਿਆਂ ਚ ਬਰਕਤ ਹੋਵੇ, ਤਾਂ ਰੋਟੀਆਂ ਤੋਂ ਕਿਉਂ ਰੁੜਨ ? ਜਦੋਂ ਕੋਈ ਵਿਅਕਤੀ ਆਪਣੀਆਂ ਮੂਰਖਤਾਈਆਂ ਜਾਂ ਗਲਤ ਹਰਕਤਾਂ ਕਰਕੇ ਆਪਣੀ ਸਾਖ ਖਰਾਬ ਕਰ ਲਵੇ ਤਾਂ ਉਸ ਉੱਤੇ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। ਅਖਾਣ ਦੇ ਅੱਖਰੀ ਅਰਥਾਂ ਅਨੁਸਾਰ ਰੋਟੀ ਤੇ ਪਏ ਆਚਾਰ ਭਾਵ ਡੇਲੇ ਜੇਕਰ ਇੰਨ ਗੋਲ ਨਾ ਹੋਣ ਤਾਂ ਰੋਟੀ ਤੋਂ ਕਿਉਂ ਰੁੜ੍ਹਨ?
  271. ਜੇ ਤਰਖਾਣ ਸਿੱਧਾ ਹੋਵੇ, ਤਾਂ ਲੱਕੜ ਸਿੱਧੀ ਹੋਣੋ ਨੀ ਰਹਿੰਦੀ। ਇਹ ਅਖਾਣ ਵੀ ਅਕਸਰ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੰਮ ਕਰਨ ਵਾਲੇ ਪ੍ਰਮੁੱਖ ਬੰਦੇ ਨੂੰ ਚੇਤਾਵਨੀ, ਸਿੱਖਿਆ ਅਤੇ ਹੱਲਾਸ਼ੇਰੀ ਦੇਣੀ ਹੋਵੇ ਕਿ ਜੇਕਰ ਉਸ ਦੀ ਮਰਜ਼ੀ ਹੋਵੇ ਤਾਂ ਗਲਤ ਕੰਮ ਵੀ ਸਹੀ ਹੋ ਸਕਦਾ ਹੈ।
  272. ਜੇ ਤੂੰ ਮੇਰਾ ਮੀਆਂ, ਤਾਂ ਲੇਖਾ ਕਾਹਦਾ। ਇਹ ਅਖਾਣ ਆਪਣੇ ਖਾਸ ਸੱਜਣ ਜਾਂ ਪਿਆਰੇ ਨੂੰ ਐਵੇਂ ਝੱਜੂ ਪਾਉਣ ਅਤੇ ਵਿਅਰਥ ਦਾ ਲੇਖਾ-ਜੋਖਾ ਕਰਨ ਤੋਂ ਰੋਕਣ ਲਈ ਬੋਲਿਆ ਜਾਂਦਾ ਹੈ।
  273. ਜੇ ਤੌੜੀ ਉਬਲੂ, ਤਾਂ ਆਪਣੇ ਹੀ ਕੰਢੇ ਲੂਸੂ। ਇਹ ਅਖਾਣ ਅਕਸਰ ਵਿਅੰਗ ਕੱਸਣ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਅਜਿਹਾ ਵਿਅਕਤੀ ਗੁੱਸਾ ਕਰ ਰਿਹਾ ਹੋਵੇ ਜਿਸ ਦੇ ਗੁੱਸੇ ਕਰਨ ਨਾਲ ਕਿਸੇ ਨੂੰ ਕੋਈ ਫਰਕ ਨਾ ਪੈਂਦਾ ਹੋਵੇ ਅਤੇ ਗੁੱਸਾ ਕਰਨ ਵਾਲੇ ਵਿਅਕਤੀ ਦਾ ਆਪਣਾ ਹੀ ਨੁਕਸਾਨ ਹੋ ਰਿਹਾ ਹੋਵੇ।
  274. ਜੇ ਪੱਤ ਲੋੜੇਂ ਆਪਣੀ, ਛੱਡ ਬੁਰੇ ਦਾ ਸਾਥ। ਇਹ ਅਖਾਣ ਬੁਰੇ ਵਿਅਕਤੀ ਤੋਂ ਦੂਰ ਰਹਿਣ ਦੀ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ।
  275. ਜੇ ਪੱਥਰ ਐਨੇ ਕੂਲ਼ੇ ਹੋਣ, ਤਾਂ ਗਿੱਦੜ ਨਾ ਚੱਟ ਜਾਣ। ਜਦੋਂ ਕਿਸੇ ਨੂੰ ਆਪਣੀ ਸਥਿਰਤਾ, ਦ੍ਰਿੜਤਾ, ਮਜਬੂਤੀ ਅਤੇ ਸ਼ਕਤੀ ਦਾ ਅਹਿਸਾਸ ਕਰਾਉਣਾ ਹੋਵੇ ਅਤੇ ਦੱਸਣਾ ਹੋਵੇ ਕਿ ਉਹ ਉਸ ਦਾ ਕੁਝ ਨਹੀਂ ਵਿਗਾੜ ਸਕਦੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਅਖਾਣ ਦੇ ਅੱਖਰੀ ਅਰਥਾਂ ਅਨੁਸਾਰ ਜੇ ਪਹਾੜ ਕੂਲੇ ਹੋਣ ਤਾਂ ਗਿੱਦੜ ਹੀ ਉਹਨਾਂ ਨੂੰ ਖਾ ਜਾਣ।
  276. ਜੇ ਪੇਠਾ ਵਧੂ ਨਾ! ਤਾਂ ਪੱਕੂ ਵੀ ਨਾ! ਜਦੋਂ ਕਿਸੇ ਬੱਚੇ ਦਾ ਵਿਕਾਸ ਉਮਰ ਦੇ ਹਿਸਾਬ ਨਾਲ ਮੱਠਾ ਹੋ ਰਿਹਾ ਹੋਵੇ ਪਰ ਉਹ ਬੱਚਾ ਸ਼ਰਾਰਤ ਅਤੇ ਚਲਾਕੀ ਵਿੱਚ ਪੂਰਾ ਤੇਜ ਹੋਵੇ ਤਾਂ ਉਸ ਉੱਤੇ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। ਅਖਾਣ ਦੇ ਖਰੀ ਅਰਥਾਂ ਅਨੁਸਾਰ ਪੇਠਾ-ਕੱਦੂ ਜੇਕਰ ਵਧੇਗਾ ਨਾ ਤਾਂ ਪੱਕ ਜਰੂਰ ਜਾਵੇਗਾ।
  277. ਜੇ ਬੱਲ੍ਹੇ ਦਾ ਬੱਲ੍ਹਾ ਨਾ ਹੋਊ, ਤਾਂ ਮੱਥੇ ਫੁੱਲੀ ਜਰੂਰ ਹੋਊ। ਜਦੋਂ ਕਿਸੇ ਗੁਣਵਾਨ ਵਿਅਕਤੀ ਨਵ ਜੰਮੇ ਬੱਚਿਆਂ ਦੀ ਉਸ ਵਰਗੇ ਹੀ ਹੋਣ ਬਾਰੇ ਤਰੀਫ ਕਰਨੀ ਹੋਵੇ ਜਾਂ ਕਿਸੇ ਗੁਣਵਾਨ ਉਸਤਾਦ ਦੇ ਨਵੇਂ ਚੇਲੇ ਦੀ ਤਾਰੀਫ ਕਰਨੀ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਬੱਲ੍ਹੀ ਮੱਝ ਜਾਂ ਬੱਲ੍ਹੇ ਸੰਢੇ ਦੇ ਬੱਚੇ ਦੇ ਮੱਥੇ ਉੱਤੇ ਜੇਕਰ ਉਸ ਵਾਂਗ ਵੱਡਾ ਬੱਲ੍ਹ ਨਹੀਂ ਹੋਵੇਗਾ ਤਾਂ ਮੱਥੇ ਉੱਤੇ ਛੋਟਾ ਜਿਹਾ ਨਿਸ਼ਾਨ ਭਾਵ ਫੁੱਲੀ ਜਰੂਰ ਹੋਵੇਗੀ।
  278. ਜੇ ਭਾਂਡੇ ਦਾ ਮੂੰਹ ਖੁੱਲਾ ਹੋਵੇ, ਤਾਂ ਕੁੱਤਿਆਂ ਨੂੰ ਸ਼ਰਮ ਚਾਹੀਦੀ ਹੈ। ਜਦੋਂ ਕਿਸੇ ਘਰ ਜਾਂ ਸੰਸਥਾ ਵੱਲੋਂ ਆਪਣੇ ਆਲੇ ਦੁਆਲੇ ਨੂੰ ਪੂਰੀ ਖੁੱਲ੍ਹ ਦਿੱਤੀ ਹੋਈ ਹੋਵੇ ਅਤੇ ਉਸ ਦਾ ਆਲਾ ਦੁਆਲਾ, ਉਸ ਘਰ ਜਾ ਸੰਸਥਾ ਨੂੰ ਬਰਬਾਦ ਕਰਨ ਲੱਗ ਪਵੇ ਤਾਂ ਉਨ੍ਹਾਂ ਉੱਤੇ ਚੋਟ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  279. ਜੇ ਭੁੰਜੇ ਸੌਣਾ, ਤਾਂ ਦਰੇਡੇ ਕੀ ਅਖਵਾਉਣਾ। ਜਦੋਂ ਕੋਈ ਮਨੁੱਖ ਖਾਸ ਉੱਚੀ ਸਥਿਤੀ ਤੋਂ ਹੇਠਾਂ ਵੱਲ ਡਿੱਗ ਪਵੇ ਅਤੇ ਉਸ ਨੂੰ ਹਾਲਾਤ ਨਾਲ ਸਮਝੌਤਾ ਕਰਨਾ ਪਵੇ ਤਾਂ ਅਜਿਹੀ ਸਥਿਤੀ ਵਿੱਚ ਵੱਧਦੇ ਘਾਟਿਆਂ ਤੋਂ ਬੇਪਰਵਾਹ ਹੋ ਕਿ ਜੀਣ ਦੀ ਸਿੱਖਿਆ ਦੇਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  280. ਜੇ ਮਾਂ ਹੋਵੇ ਯਾਰਨੀ, ਤਾਂ ਪੁੱਤਾਂ ਤੇ ਨਹੀਂ ਚਿਤਾਰਨੀ ! ਇਸ ਅਖਾਣ ਦੇ ਭਾਵ ਅਰਥ ਅਨੁਸਾਰ ਮਾਂ ਵਿਚ ਭਾਵੇਂ ਲੱਖ ਔਗੁਣ ਹੋਣ ਅਤੇ ਉਹ ਕਿਰਦਾਰ ਦੀ ਵੀ ਭਾਵੇਂ ਮਾੜੀ ਹੋਵੇ ਪਰ ਪੁੱਤਾਂ ਦਾ ਫਰਜ ਬਣਦਾ ਹੈ ਕਿ ਉਸ ਦੇ ਪਰਦੇ ਨਾ ਫਰੋਲਣ।
  281. ਜੇ ਮੁੰਡਾ ਨਹੀਂ, ਕੁੜੀ ਤਾਂ ਵੱਟ ਤੇ ਹੀ ਹੈ। ਇਹ ਅਖਾਣ ਹਾਸੇ ਠਠੇ ਅਤੇ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਹਿਣਾ ਹੋਵੇ ਕਿ ਜੇ ਜਿੱਤ ਨਹੀਂ ਤਾਂ ਹਾਰ ਪੱਕੀ ਹੈ।
  282. ਜੇ ਮੁੰਡਾ ਰੁੱਸੂ ਤਾਂ ਅੱਡ ਹੋਊ, ਜੇ ਕੁੜੀ ਰੁੱਸੂ ਤਾਂ ਵਿਆਹੀ ਜਾਊ। ਇਹ ਅਖਾਣ ਵੀ ਹਾਸੇ ਠੱਠੇ ਦੌਰਾਨ ਬੋਲਿਆ ਜਾਂਦਾ ਹੈ। ਇਸ ਅਖਾਣ ਵਿੱਚ ਮੁੰਡੇ ਅਤੇ ਕੁੜੀ ਦੀ ਮਾਨਸਿਕਤਾ ਦੇ ਨਾਲ ਨਾਲ ਸਾਡੇ ਸਮਾਜ ਦੀ ਮਾਨਸਿਕਤਾ ਦਾ ਪ੍ਰਗਟਾਵਾ ਵੀ ਮਿਲਦਾ ਹੈ।
  283. ਜੇ ਮੁਰਗਾ ਬਾਂਗ ਨਾ ਦੇਊ, ਤੇ ਕੀ ਦਿਨ ਨਾ ਚੜੂ ? ਜਦੋਂ ਕੋਈ ਵਿਅਕਤੀ ਆਕੜ ਵਿੱਚ ਆ ਕੇ ਉਹ ਕੰਮ ਕਰਨ ਤੋਂ ਜਵਾਬ ਦੇ ਦੇਵੇ ਜੋ ਉਹ ਹਮੇਸ਼ਾ ਤੋਂ ਕਰਦਾ ਆ ਰਿਹਾ ਸੀ ਤਾਂ ਉਸ ਦੀ ਆਕੜ ਨੂੰ ਚੋਟ ਪਹੁੰਚਾਉਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। ਅਖਾਣ ਦੇ ਅਖਰੀ ਅਰਥ ਅਨੁਸਾਰ ਜੇਕਰ ਮੁਰਗਾ ਬਾਂਗ ਨਹੀਂ ਦੇਵੇਗਾ ਤਾਂ ਸੂਰਜ ਤਾਂ ਫਿਰ ਵੀ ਚੜ ਜਾਵੇਗਾ। ਇਸੇ ਤਰ੍ਹਾਂ ਇਸ ਅਖਾਣ ਦੇ ਜਰੀਏ ਉਸ ਵਿਅਕਤੀ ਦੀ ਹਉਮੈ ਨੂੰ ਚੋਟ ਮਾਰੀ ਜਾਂਦੀ ਹੈ ਕਿ ਜੇ ਉਹ ਇਹ ਕੰਮ ਨਹੀਂ ਕਰੇਗਾ ਤਾਂ ਕੰਮ ਨਹੀਂ ਰੁਕਣ ਲੱਗਾ।
  284. ਜੇ ਰੁੱਖ ਬੇਥਵੇ ਵਧਣ, ਤਾਂ ਅਸਮਾਨ ਨੂੰ ਨਾ ਲੱਗਣ। ਜਦੋਂ ਦੱਸਣਾ ਹੋਵੇ ਕਿ ਹਰ ਚੀਜ਼ ਦੀ ਇੱਕ ਹੱਦ ਹੁੰਦੀ ਹੈ ਅਤੇ ਹੱਦ ਤੋਂ ਬਾਅਦ ਉਸ ਚੀਜ਼ ਦਾ ਫੈਲਾਅ ਅਤੇ ਵਾਧਾ ਰੁਕਣਾ ਨਿਸ਼ਚਿਤ ਹੁੰਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  285. ਜੇ ਲੱਜ ਛੋਟੀ ਹੈ ਤਾਂ ਕੀ ਹੋਇਆ ? ਭੇਡਾਂ ਤਾਂ ਪਿਆਉਣੀਆਂ ਹੀ ਆਂ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਸਾਧਨਾ ਦੀ ਘਾਟ ਹੋਵੇ ਪਰੰਤੂ ਇਸ ਦੇ ਬਾਵਜੂਦ ਆਪਣੇ ਜੀਆ-ਜੰਤ ਅਤੇ ਕੁੜਮ-ਕਬੀਲੇ ਦਾ ਨਿਰਬਾਹ ਕਰਨਾ ਜ਼ਰੂਰੀ ਹੋਵੇ।
  286. ਜੇ ਵਾਗੀਆਂ ਨੇ ਤਾਅਤੀ, ਹੁਣ ਸਾਈਆਂ ਤਾਂ ਨਹੀਂ ਤਾਅ ਦੇਣੀ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਕਾਮੇ ਅਤੇ ਕਰਿੰਦੇ ਕਿਸੇ ਚੀਜ਼ ਦੇ ਪ੍ਰਤੀ ਅਣਗਹਿਲੀ ਕਰ ਸਕਦੇ ਹਨ ਪਰ ਮਾਲਕ ਖੁਦ ਅਣਗਹਿਲੀ ਨਹੀਂ ਕਰ ਸਕਦਾ। ਇਹ ਅਖਾਣ ਪੰਜਾਬ ਦੇ ਪਸ਼ੂ ਪਾਲਕ ਕਿੱਤੇ ਵਿੱਚੋਂ ਨਿਕਲਿਆ ਹੈ। ਅਖਾਣ ਦੇ ਅੱਖਰੀ ਅਰਥਾਂ ਅਨੁਸਾਰ ਪੁਰਾਣੇ ਸਮੇਂ ਵਿੱਚ ਜਦੋਂ ਵੱਗ ਚਾਰਨ ਦੇ ਦੌਰਾਨ ਵਾਗੀ ਪਸ਼ੂਆਂ ਦੀ ਧੁੱਪ-ਛਾਂ ਬਾਰੇ ਪਰਵਾਹ ਨਹੀਂ ਸਨ ਕਰਦੇ ਤਾਂ ਮੁੱਖ ਮਾਲਕ ਉਨਾਂ ਲਈ ਚੇਤਾਵਨੀ ਬਣ ਕੇ ਬੋਲਦਾ ਸੀ ਕਿ ਤੁਸੀਂ ਪਸ਼ੂਆਂ ਨੂੰ ਧੁੱਪੇ ਤਾਅ ਸਕਦੇ ਹੋ ਪਰ ਮਾਲਕ ਨਹੀਂ ਤਾਅ ਸਕਦਾ।
  287. ਜੇਹਾ ਅੰਨ, ਤੇਹਾ ਮਨ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਮਨੁੱਖ ਜਿਹੋ ਜਿਹਾ ਅੰਨ ਖਾਂਦਾ ਹੈ ਉਹੋ ਜਿਹਾ ਉਸਦਾ ਮਨ ਹੁੰਦਾ ਹੈ।
  288. ਜੇਹਾ ਸੇਵੇ, ਤੇਹਾ ਹੋਵੈ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਿਹੋ ਜਿਹੇ ਅਸੀਂ ਖਿਆਲ ਪਾਲ਼ ਲੈਂਦੇ ਹਾਂ ਉਹੋ ਜਿਹੀ ਸਾਡੀ ਸ਼ਖਸੀਅਤ ਬਣ ਜਾਂਦੀ ਹੈ।
  289. ਜੇਹਾ ਕੋਈ ਕਰੂ, ਤੇਹਾ ਭਰੂ। ਇਹ ਅਖਾਣ ਕਰਮ ਸਿਧਾਂਤ ਦੀ ਅਟੱਲਤਾ ਨੂੰ ਦਰਸਾਉਣ ਲਈ ਬੋਲਿਆ ਜਾਂਦਾ ਹੈ ਅਖਾਣ ਦੇ ਭਾਵ ਅਰਥ ਅਨੁਸਾਰ ਜਿਹੋ ਜਿਹਾ ਕੋਈ ਕਰਮ ਕਰਦਾ ਹੈ ਉਹੋ ਜਿਹਾ ਉਸ ਨੂੰ ਫਲ ਮਿਲਦਾ ਹੈ ਅਤੇ ਦੁੱਖ ਸੁੱਖ ਭੋਗਣਾ ਪੈਂਦਾ ਹੈ।
  290. ਜੇਹਾ ਦੁੱਧ, ਤੇਹੀ ਬੁੱਧ। ਜਦੋਂ ਦੱਸਣਾ ਹੋਵੇ ਕਿ ਜਿਹੋ ਜਿਹੀ ਮਾਪੇ ਆਪ ਹੁੰਦੇ ਹਨ ਉਹੋ ਜਿਹੇ ਉਹਨਾਂ ਦੇ ਬੱਚੇ ਹੁੰਦੇ ਹਨ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਭਾਵ ਕਿ ਜਿਹੋ ਜਿਹੀ ਮਾਂ ਦਾ ਬੱਚਾ ਦੁੱਧ ਚੁੰਘਦਾ ਹੈ ਉਹੋ ਜਿਹੀ ਉਸਦੀ ਬੁੱਧੀ ਹੁੰਦੀ ਹੈ।
  291. ਜੇਹਾ ਦੇਸ, ਤੇਹਾ ਭੇਸ। ਜਦੋਂ ਇਹ ਸਿੱਖਿਆ ਦੇਣੀ ਹੋਵੇ ਕਿ ਜਿਹੋ ਜਿਹੇ ਦੇਸ਼ ਵਿੱਚ ਵਿਚਰੀਏ ਉਹੋ ਜਿਹਾ ਭੇਸ ਧਾਰਨ ਕਰ ਲੈਣਾ ਚਾਹੀਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।‌
  292. ਜੇਹਾ ਬੀਜੈਂ, ਤੇਹਾ ਵੱਡੇਂ। ਇਹ ਅਖਾਣ ਵੀ ਕਰਮ ਸਿਧਾਂਤ ਦੀ ਅਟੱਲਤਾ ਨੂੰ ਦਰਸਾਉਣ ਵਜੋਂ ਬੋਲਿਆ ਜਾਂਦਾ ਹੈ ਭਾਵ ਕਿ ਜਿਹੋ ਜਿਹਾ ਅਸੀਂ ਕਰਮ ਕਰਦੇ ਹਾਂ ਉਹੋ ਜਿਹਾ ਸਾਨੂੰ ਫਲ ਮਿਲਦਾ ਹੈ।
  293. ਜੇਹਾ ਭਾਅ ਆਟੇ ਦਾ, ਤੇਹਾ ਲਾਚੀ ਦਾਣੇ ਦਾ। ਜਦੋਂ ਕੋਈ ਵਿਅਕਤੀ ਠੱਗੀ ਦੀ ਮਨਸ਼ਾ ਨਾਲ ਕਿਸੇ ਨੂੰ ਗੁਮਰਾਹ ਕਰਨ ਦਾ ਯਤਨ ਕਰ ਰਿਹਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।ਜਦੋਂ ਕੋਈ ਵਿਅਕਤੀ ਅਣਹੋਈ ਗੱਲ ਕਰੇ ਤਾਂ ਵੀ ਉਸ ਸਥਿਤੀ ਦੇ ਸਬੰਧੀ ਚਾਨਣ ਕਰਵਾਉਣ ਲਈ ਇਹ ਅਖਾਣ ਬੋਲਿਆ ਜਾਂਦਾ ਹੈ।
  294. ਜੇਹਾ ਮਨ ਆਪਣਾ, ਪਰਾਇਆ ਮਨ ਤੇਹਾ। ਇਹ ਅਖਾਣ ਮਨੁੱਖੀ ਮਾਨਸਿਕਤਾ ਦਾ ਇੱਕੋ ਜਿਹਾ ਹੋਣ ਸਬੰਧੀ ਪ੍ਰਗਟਾਵਾ ਕਰਦਾ ਹੈ ਅਖਾਣ ਦੇ ਭਾਵ ਅਰਥ ਅਨੁਸਾਰ ਹਰ ਮਨੁੱਖ ਦੀ ਮਾਨਸਿਕ ਬਣਤਰ ਲਗਭਗ ਇੱਕੋ ਜਿਹੀ ਹੁੰਦੀ ਹੈ।
  295. ਜੇਹਾ ਰਾਜਾ, ਤੇਹੀ ਪਰਜਾ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਿਹੋ ਜਿਹਾ ਲੋਕਾਂ ਦਾ ਮੁਖੀ ਭਾਵ ਰਾਜਾ ਹੋਵੇਗਾ ਉਹੋ ਜਿਹੇ ਲੋਕ ਹੋ ਜਾਂਦੇ ਹਨ। ਆਗੂ ਅਤੇ ਮੁਖੀ ਦਾ ਕਿਰਦਾਰ ਹਮੇਸ਼ਾ ਲੋਕਾਂ ਦੀ ਸ਼ਖਸੀਅਤ ਵਿੱਚੋਂ ਝਲਕਦਾ ਹੈ।
  296. ਜੇਹੀ ਸੀਤਲਾ ਦੇਵੀ, ਤੇਹਾ ਖੋਤੇ ਦਾ ਵਾਹਨ। ਜਦੋਂ ਕਿਸੇ ਦੀ ਭੱਦੀ ਸਵਾਰੀ ਉੱਤੇ ਵਿਅੰਗ ਕਸਨਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਇਸ ਅਖਾਣ ਵਿੱਚ ਖੋਤੇ ਨੂੰ ਹੀਣਤਾ ਦੇ ਪ੍ਰਤੀਕ ਵਜੋਂ ਵਰਤਿਆ ਗਿਆ ਹੈ ਕਿਉਂਕਿ ਖੋਤੇ ‘ਤੇ ਬੈਠਣਾ ਪੰਜਾਬੀ ਸਮਾਜ ਵਿੱਚ ਹੀਣਤਾ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ।
  297. ਜੇਹੀ ਹਵਾ, ਤੇਹਾ ਉਹਲਾ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਮਨੁੱਖ ਦਾ ਜਿਹੋ ਜਿਹੀ ਸਮੱਸਿਆ ਨਾਲ ਵਾਹ ਪਵੇ ਉਸ ਨੂੰ ਉਹੋ ਜਿਹੇ ਬੰਦੋਬਸਤ ਕਰ ਲੈਣੇ ਚਾਹੀਦੇ ਹਨ ਜੇਕਰ ਮੁਸੀਬਤ ਵੱਡੀ ਹੋਵੇ ਤਾਂ ਬੰਦੋਬਸਤ ਵੀ ਤਕੜੇ ਹੋਣੇ ਜਰੂਰੀ ਹੁੰਦੇ ਹਨ। ਅਖਾਣ ਦੇ ਅਖਰੀ ਅਰਥਾਂ ਅਨੁਸਾਰ ਜਿੰਨੇ ਜਿਆਦਾ ਜ਼ੋਰ ਦੀ ਹਵਾ ਵਗੇ ਉਨੇ ਜਿਆਦਾ ਪੁਖਤਾ ਬੰਦੋਬਸਤ ਜਾਂ ਉਹਲਾ ਕਰਨਾ ਜਰੂਰੀ ਹੁੰਦਾ ਹੈ।
  298. ਜੇਹੀ ਕਾਲ਼ੀ, ਤੇਹੀ ਧੌਲ਼ੀ। ਇਹ ਅਖਾਣ ਮਨੁੱਖ ਨੂੰ ਨੈਤਿਕ ਸਿੱਖਿਆ ਦੇਣ ਵਜੋਂ ਅਤੇ ਹਰ ਉਮਰ ਵਿੱਚ ਪਰਮਾਤਮਾ ਦੇ ਹਾਸਲ ਹੋਣ ਦੀ ਸਿੱਖਿਆ ਦੇਣ ਵਜੋਂ ਅਕਸਰ ਵਰਤਿਆ ਜਾਂਦਾ ਹੈ।ਇਸ ਤੋਂ ਇਲਾਵਾ ਇਹ ਅਖਾਣ ਹੋਰ ਅਨੇਕਾਂ ਸੰਦਰਭਾਂ ਵਿੱਚ ਵਰਤਿਆ ਜਾਂਦਾ ਹੈ। ਕਾਲੀ ਅਤੇ ਚਿੱਟੀ ਦਾੜੀ ਦੇ ਸਬੰਧ ਵਿੱਚ ਗੁਰਬਾਣੀ ਵਿੱਚ ਵੀ ਸੋਹਣਾ ਵਿਖਿਆਨ ਮਿਲਦਾ ਹੈ। ਬਾਬਾ ਫਰੀਦ ਜੀ ਬਾਣੀ ਵਿੱਚ ਫਰਮਾਉਂਦੇ ਹਨ ਕਿ ਫਰੀਦਾ ਕਾਲੀ ਜਿਨੀ ਨ ਰਾਵਿਆ ਧਉਲੀ ਰਾਵੈ ਕੋਇ।। ਕਰ ਸਾਂਈ ਸਿਉ ਪਿਰਹੜੀ ਰੰਗ ਨਵੇਲਾ ਹੋਇ।। ਭਾਵ ਕਿ ਜਿਹੜੇ ਮਨੁੱਖ ਨੇ ਜਵਾਨੀ ਵਿੱਚ ਜਦੋਂ ਉਨ੍ਹਾਂ ਦੇ ਕੇਸ ਕਾਲੇ ਹੁੰਦੇ ਹਨ ਉਦੋਂ ਭਗਤੀ ਨਾ ਕਰਨ ਤਾਂ ਬੁਢਾਪੇ ਵਿੱਚ ਕੋਈ ਵਿਰਲਾ ਹੀ ਹੁੰਦਾ ਹੈ ਜੋ ਭਗਤੀ ਕਰਦਾ ਹੈ ਅਤੇ ਪਰਮਾਤਮਾ ਨੂੰ ਪਾਉਂਦਾ ਹੈ। ਬਾਬਾ ਫਰੀਦ ਜੀ ਦੀ ਪੰਕਤੀ ਦੇ ਜਵਾਬ ਵਿੱਚ ਤੀਸਰੇ ਗੁਰੂ ਸ੍ਰੀ ਅਮਰਦਾਸ ਜੀ ਫਰਮਾਉਂਦੇ ਹਨ ਕਿ —ਫਰੀਦਾ ਧਾਉਲੀ ਸਾਹਿਬੁ ਸਦਾ ਹੈ ਜੇ ਕੋ ਚਿਤਿ ਕਰੇ।। ਆਪਣਾ ਲਾਇਆ ਪਿਰਮੁ ਨ ਲਗਈ ਜੇ ਲੋਚੇ ਸਭੁ ਕੋਇ।। ਏਹੁ ਪਿਰਮੁ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ।। ਜਿਸ ਦੇ ਭਾਵ ਅਰਥ ਇਹ ਹਨ ਕਿ ਹੇ ਫਰੀਦ ਜੀ ਕਾਲੀ ਅਤੇ ਚਿੱਟੀ ਦਾੜੀ ਸਭ ਪਰਮਾਤਮਾ ਦੀ ਬਣਾਈ ਹੋਈ ਰਚਨਾ ਹੈ ਅਤੇ ਜਿਸ ਉਮਰ ਵਿੱਚ ਵੀ ਮਨੁੱਖ ਉੱਤੇ ਪਰਮਾਤਮਾ ਦੀ ਬਖਸ਼ਿਸ਼ ਹੋ ਜਾਵੇ ਉਹ ਪ੍ਰਭੂ ਭਗਤੀ ਵਿੱਚ ਲੱਗ ਜਾਂਦਾ ਹੈ ਅਤੇ ਉਸਨੂੰ ਪਾ ਲੈਂਦਾ ਹੈ। ਇਸ ਅਖਾਣ ਦੇ ਹੋਰ ਭਾਵ ਅਰਥਾਂ ਅਨੁਸਾਰ ਦਾੜੀ ਕਾਲੀ ਜਾਂ ਚਿੱਟੀ ਹੋਣ ਨਾਲ ਮਨੁੱਖ ਦੇ ਵਿੱਚ ਕੋਈ ਬਦਲਾਅ ਨਹੀਂ ਆਉਂਦਾ ਬਲਕਿ ਉਹ ਉਹੋ ਜਿਹਾ ਰਹਿੰਦਾ ਹੈ ਜਿਹੋ ਜਹੀ ਉਸ ਦੀ ਪਹਿਲਾ ਮਾਨਸਿਕਤਾ ਸੀ।
  299. ਜੇਹੀ ਕਿੱਲੇ ਬੱਧੀ, ਤੇਹੀ ਚੋਰਾਂ ਖੜੀ। ਜਦੋਂ ਕਿਸੇ ਵਿਅਕਤੀ ਦੇ ਹੋਣ ਜਾਂ ਨਾ ਹੋਣ ਦਾ ਕੋਈ ਲਾਭ ਨਾ ਹੋਵੇ ਤਾਂ ਉਸ ਉੱਤੇ ਵਿਅੰਗ ਕਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। ਇਹ ਅਖਾਣ ਫੰਡਰ ਮਝ ਜਾਂ ਗਾਂ ਦੇ ਸੰਬੰਧ ਵਿੱਚ ਵੀ ਬੋਲਿਆ ਜਾਂਦਾ ਹੈ ਕਿ ਉਹ ਕਿੱਲੇ ਤੇ ਬੱਜੀ ਵੀ ਉਹੋ ਜਿਹੀ ਹੈ ਅਤੇ ਜੇਕਰ ਚੋਰ ਲੈ ਜਾਣ ਤਾਂ ਵੀ ਕੋਈ ਫਰਕ ਨਹੀਂ ਪਵੇਗਾ।
  300. ਜੇਹੀ ਗੱਠੜੀ ਆਪਣੀ, ਤੇਹਾ ਮਿੱਤ ਨਾ ਕੋਇ, ਜਿੱਥੇ ਬਹਿ ਕੇ ਖੋਲੀਏ, ਉੱਥੇ ਚਾਨਣ ਹੋਏ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜੋ ਵੀ ਗਿਆਨ ਜਾਂ ਧਨ ਪਦਾਰਥ ਸਾਡੇ ਆਪਣੇ ਕੋਲ ਹਨ ਉਹੀ ਕੰਮ ਆਉਂਦੇ ਹਨ ਬਲਕਿ ਦੂਸਰੇ ਦਾ ਗਿਆਨ ਅਤੇ ਧਨ ਪਦਾਰਥ ਸਾਡੇ ਕਿਸੇ ਕੰਮ ਦੇ ਨਹੀਂ ਹੁੰਦੇ।
  301. ਜੇਹੀ ਗਰੀਬਣੀ ਬਾਹਮਣੀ, ਤੇਹੀ ਮਸ਼ੈਹਰੀ ਚੂਪ। ਅਰਥ ਬਾਕੀ ਹਨ।
  302. ਜੇਹੀ ਚੋਰੀ ਲੱਖ ਦੀ, ਤੇਹੀ ਚੋਰੀ ਕੱਖ ਦੀ। ਇਹ ਅਖਾਣ ਚੋਰੀ ਵਰਗੀ ਭੈੜੀ ਆਦਤ ਤੋਂ ਬਚਣ ਦੀ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ। ਅਖਾਣ ਦੇ ਭਾਵ ਅਰਥ ਅਨੁਸਾਰ ਚੋਰੀ ਭਾਵੇਂ ਛੋਟੀ ਹੋਵੇ, ਭਾਵੇਂ ਵੱਡੀ, ਚੋਰੀ, ਚੋਰੀ ਹੁੰਦੀ ਹੈ ਅਤੇ ਇਹ ਆਦਤ ਮਾੜੀ ਹੈ।
  303. ਜੇਹੀ ਨੀਤ, ਤੇਹੀ ਮੁਰਾਦ। ਇਹ ਅਖਾਣ law of attraction ਦੇ ਸਿਧਾਂਤ ਦੀ ਅਟਲਤਾ ਬਾਰੇ ਹੈ। ਇਹ ਅਖਾਣ ਪੋਜੀਟਿਵ ਸੋਚ ਅਤੇ ਚੰਗੀ ਨੀਅਤ ਰੱਖਣ ਦੀ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ। ਅਖਾਣ ਦੇ ਭਾਵ ਅਰਥ ਅਨੁਸਾਰ ਜਿਹੋ ਜਿਹੀ ਸਾਡੀ ਨੀਤ ਭਾਵ ਸੋਚਾਂ ਦਾ ਪੈਟਰਨ ਹੋਵੇਗਾ ਉਹੋ ਜਿਹਾ ਹੀ ਸਾਨੂੰ ਫਲ ਪ੍ਰਾਪਤ ਹੋ ਜਾਂਦਾ ਹੈ।
  304. ਜੇਹੀ ਮਾਂ, ਤੇਹੇ ਬੱਚੇ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਬੱਚੇ ਹਮੇਸ਼ਾ ਮਾਂ ਵਰਗੇ ਹੀ ਹੁੰਦੇ ਹਨ।
  305. ਜੇਹੀ ਮੂਹੋਂ ਮੰਨੀ, ਤੇਹੀ ਭਰ ਦਿੱਤੀ। ਜਦੋਂ ਕੋਈ ਵਿਅਕਤੀ ਮੂੰਹ ਕਹੇ ਬੋਲ ਪੁਗਾ ਦੇਵੇ ਭਾਵੇਂ ਉਸ ਨੂੰ ਉਹਨਾਂ ਦੀ ਵੱਡੀ ਕੀਮਤ ਹੀ ਕਿਉਂ ਨਾ ਤਾਰਨੀ ਪਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  306. ਜੇਹੀਆਂ ਰੂਹਾਂ ਤੇਹੇ ਫਰਿਸ਼ਤੇ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਿਹੋ ਜਿਹਾ ਮਨੁੱਖ ਖੁਦ ਹੁੰਦਾ ਹੈ ਉਸ ਨੂੰ ਉਹੋ ਜਿਹਾ ਆਲਾਦ ਵਾਲਾ ਟੱਕਰ ਜਾਂਦਾ ਹੈ। ਅਖਾਣ ਦੇ ਅਖਰੀ ਅਰਥਾਂ ਨੂੰ ਘੋਖੀਏ ਤਾਂ ਭਾਰਤੀ ਸਮਾਜ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਮਨੁੱਖ ਦੀ ਮੌਤ ਤੋਂ ਬਾਅਦ ਉਸ ਦੀ ਰੂਹ ਨੂੰ ਲੈਣ ਲਈ ਫਰਿਸ਼ਤੇ ਧਰਤੀ ਤੇ ਆਉਂਦੇ ਹਨ। ਅਖਾਣ ਦੱਸਦਾ ਹੈ ਕਿ ਜੇਹੋ ਜਿਹੀ ਕਿਸੇ ਦੀ ਰੂਹ ਹੁੰਦੀ ਹੈ ਉਹੋ ਜਿਹੇ ਹੀ ਉਸਨੂੰ ਫਰਿਸ਼ਤੇ ਲੈਣ ਆਉਂਦੇ ਹਨ। ਇਹ ਅਖਾਣ ਅਕਸਰ ਹਾਸੇ ਠੱਠੇ ਅਤੇ ਵਿਅੰਗ ਵਜੋਂ ਵੀ ਬੋਲਿਆ ਜਾਂਦਾ ਹੈ।
  307. ਜਿਹੋ ਜਹੇ ਸਿਰ, ਉਹੋ ਜਹੀਆਂ ਪੀੜਾਂ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਿਹੋ ਜਿਹਾ ਮਨੁੱਖ ਦਾ ਸੁਭਾਅ, ਆਚਾਰ-ਵਿਹਾਰ ਅਤੇ ਕਾਰੋਬਾਰ ਹੋਵੇਗਾ ਉਹੋ ਜਿਹੀਆਂ ਹੀ ਉਸ ਨੂੰ ਦਿੱਕਤਾਂ ਅਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ।
  308. ਜੇਹੇ ਚੋਰ, ਤੇਹੀ ਚੋਟੀ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਿਹੋ ਜਿਹਾ ਕੋਈ ਕੰਮ ਕਾਰ ਕਰਦਾ ਹੈ ਉਹੋ ਜਿਹਾ ਹੀ ਉਸ ਦਾ ਔਰਾ ਹੁੰਦਾ ਹੈ। ਇਹ ਅਖਾਣ ਚੋਰਾਂ ਦੀ ਲੁਕਵੀਂ ਪਛਾਣ ਨੂੰ ਉਜਾਗਰ ਕਰਨ ਲਈ ਵੀ ਵਰਤਿਆ ਜਾਂਦਾ ਹੈ।
  309. ਜੇਹੇ ਦੇਵਤੇ, ਤੇਹੀ ਪੂਜਾ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਿਹੋ ਜਹੀ ਕਿਸੇ ਦੀ ਸ਼ਖਸੀਅਤ ਹੁੰਦੀ ਹੈ ਉਹਨਾਂ ਨੂੰ ਉਹੋ ਜਿਹਾ ਸਤਿਕਾਰ ਮਿਲਦਾ ਹੈ।
  310. ਜੇਹੇ ਪੀਰ, ਤੇਹੇ ਮੁਰੀਦ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜੇਹੋ ਜਹੇ ਆਗੂ ਅਤੇ ਰਾਹ ਦਸੇਰੇ ਖੁਦ ਹੁੰਦੇ ਹਨ ਉਹੋ ਜਿਹੇ ਹੀ ਉਹਨਾਂ ਦੇ ਪੈਰੋਕਾਰ ਅਤੇ ਪਿਛਲੱਗ ਹੁੰਦੇ ਹਨ।
  311. ਜੇਹੇ ਰਾਜੇ, ਤੇਹੇ ਦੀਵਾਨ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਿਹੋ ਜਿਹੇ ਸੁਭਾਅ ਦੇ ਮਾਲਕ ਰਾਜੇ ਮਹਾਰਾਜੇ ਆਪ ਹੋਣਗੇ ਉਹੋ ਜਿਹੇ ਹੀ ਉਨਾਂ ਦੇ ਅਹਿਲਕਾਰ ਅਤੇ ਮੰਤਰੀ ਹੋਣਗੇ।
    ਇਹ ਅਖਾਣ ਅਕਸਰ ਵਿਅੰਗ ਕਸਣ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਕਾਰਜ ਨੂੰ ਕਰਨ ਲਈ ਥੱਲੇ ਅਤੇ ਉੱਤੇ ਵਾਲੇ ਦੋਵੇਂ ਹੀ ਨਿਕੰਮੇ ਹੋਣ ਜਾਂ ਹੱਦ ਤੋਂ ਵੱਧ ਚੰਗੇ ਹੋਣ।
  312. ਜੇਹੇ ਲਾਲ ਘਰ ਰਹੇ, ਤੇਹੇ ਗਏ ਪਰਦੇਸ। ਜਦੋਂ ਕਿਸੇ ਦੇ ਘਰ ਰਹਿਣ ਨਾਲ ਜਾਂ ਪਰਦੇਸ ਜਾਣ ਨਾਲ ਕੋਈ ਲਾਭ ਜਾਂ ਨੁਕਸਾਨ ਨਾ ਹੁੰਦਾ ਹੋਵੇ ਤਾਂ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  313. ਜੇਕਰ ਸ਼ਹਿਰ ਢਹੂ, ਤਾਂ ਪਿੰਡ ਜਿੱਡਾ ਤਾਂ ਰਹੂ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਵੱਡੀਆਂ ਚੀਜ਼ਾਂ ਅਤੇ ਵੱਡੀਆਂ ਸ਼ਖਸੀਅਤਾਂ ਨੂੰ ਜੇਕਰ ਨੁਕਸਾਨ ਵੀ ਝੱਲਣਾ ਪੈ ਜਾਵੇ ਤਾਂ ਉਹਨਾਂ ਨੂੰ ਬਹੁਤਾ ਫਰਕ ਨਹੀਂ ਪੈਂਦਾ। ਇਹ ਉਵੇਂ ਹੀ ਹੈ ਜਿਵੇਂ ਕੋਈ ਸ਼ਹਿਰ ਢਹਿ ਜਾਵੇ ਪਰ ਢਹਿਣ ਤੋਂ ਬਾਅਦ ਵੀ ਉਹ ਪਿੰਡ ਜਿੱਡਾ ਤਾਂ ਰਹਿ ਹੀ ਜਾਂਦਾ ਹੈ।
  314. ਜੇਠ ਹਾੜ ਕੁੱਖੀਂ, ਸਾਉਣ ਭਾਦੋਂ ਰੁੱਖੀਂ। ਅਰਥ ਬਾਕੀ ਹੈ।
  315. ਜੇਠ ਹਾੜ ਤਪੇ, ਤੇ ਸਾਉਣ ਭਾਦੋਂ ਵਸੇ। ਇਹ ਅਖਾਣ ਗਰਮੀ ਵਿੱਚ ਜੇਠ ਅਤੇ ਹਾੜ ਦੇ ਮਹੀਨੇ ਦੀ ਤਪਸ਼ ਸਬੰਧੀ ਦੱਸਣ ਬਾਰੇ ਬੋਲਿਆ ਜਾਂਦਾ ਹੈ।
  316. ਜੇਠ ‘ਚ ਕਰੇਲੇ ‘ਤੇ ਸਾਉਣ ‘ਚ ਕੜ੍ਹੀ, ਹੈ ਤਾਂ ਮੌਤ , ਨਹੀਂ ਤੇ ਜੈਹਮਤ ਤਾਂ ਖੜ੍ਹੀ ਹੀ ਖੜ੍ਹੀ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜੇਠ ਮਹੀਨੇ ਵਿੱਚ ਕਰੇਲੇ ਖਾਣੇ ਅਤੇ ਸਾਉਣ ਦੇ ਮਹੀਨੇ ਵਿੱਚ ਕੜ੍ਹੀ ਖਾਣੀ ਸਿਹਤ ਲਈ ਨੁਕਸਾਨਦਾਇਕ ਹੋ ਸਕਦੀ ਹੈ।
  317. ਜੇਰਾਂ ਤੋਂ ਹੀ ਸ਼ੇਰ ਹੁੰਦੇ ਆ। ਇਹ ਅਖਾਣ ਅਕਸਰ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਨਵ ਜੰਮਿਆ ਬੱਚਾ ਵੀ ਇੱਕ ਦਿਨ ਜਵਾਨ ਹੋ ਕੇ ਸ਼ੇਰ ਵਰਗਾ ਬਣ ਜਾਂਦਾ ਹੈ।
  318. ਜੈਸੀ ਮਨਸਾ, ਤੈਸੀ ਦਸ਼ਾ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਿਹੋ ਜਿਹੀ ਸਾਡੀ ਮਾਨਸਿਕ ਸਥਿਤੀ ਹੁੰਦੀ ਹੈ ਤੇਹੋ ਜਿਹੀ ਸਾਡੀ ਬਾਹਰੀ ਦਸ਼ਾ ਹੋ ਜਾਂਦੀ ਹੈ।
  319. ਜੋ ਅੜੇ, ਸੋ ਝੜੇ। ਇਹ ਅਖਾਣ ਸਿੱਖ ਧਰਮ ਵਿੱਚ ਅਰਦਾਸ ਦੀ ਇੱਕ ਪੰਕਤੀ ਹੈ ਜੋ ਕਿ ਇਸ ਪ੍ਰਕਾਰ ਹੈ …ਅੜੇ ਸੋ ਝੜੇ ਸ਼ਰਨ ਪਰੇ ਸੋ ਤਰੇ… ਇਹ ਅਖਾਣ ਪੰਜਾਬ ਦੇ ਸਿੰਘ ਸੂਰਮਿਆਂ ਵੱਲੋਂ ਆਪਣੀ ਤਾਕਤ ਅਤੇ ਅਸੂਲਾਂ ਨੂੰ ਦੱਸਣ ਵਜੋਂ ਬੋਲਿਆ ਜਾਂਦਾ ਸੀ, ਕਿ ਜਿਹੜਾ ਵੀ ਉਹਨਾਂ ਦੇ ਮੂਹਰੇ ਅੜਦਾ ਹੈ, ਉਹ ਝੜ ਜਾਂਦਾ ਹੈ। ਉਸੇ ਤਰ੍ਹਾਂ ਜਿਵੇਂ ਹਵਾ ਦੇ ਮੂਹਰੇ ਜਿਹੜਾ ਰੁੱਖ ਲਿਫਦਾ ਨਹੀਂ ਅਤੇ ਅੜਦਾ ਹੈ ਉਸਦਾ ਟੁੱਟ ਜਾਣਾ ਸੰਭਵ ਹੁੰਦਾ ਹੈ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਰੱਬੀ ਨਿਯਮ ਵੀ ਇਸੇ ਤਰ੍ਹਾਂ ਹੀ ਕੰਮ ਕਰਦਾ ਹੈ ਜਿਹੜਾ ਵੀ ਵਿਅਕਤੀ ਬਿਨਾਂ ਵਜਹਾ ਅੜਦਾ ਹੈ ਉਸ ਦਾ ਝੜ ਜਾਣਾ ਸੁਭਾਵਿਕ ਹੁੰਦਾ ਹੈ।
  320. ਜੋ ਸੁਖ ਬਲਖ ਨਾ ਬੁਖਾਰੇ, ਉਹ ਸੁੱਖ ਛੱਜੂ ਦੇ ਚੁਬਾਰੇ। ਜਦੋਂ ਕਿਸੇ ਛੋਟੀ ਚੀਜ਼ ਦੇ ਵੱਡੇ ਸੁਖ ਬਾਰੇ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਇਸ ਅਖਾਣ ਦੇ ਨਾਲ ਜੁੜੇ ਹੋਏ ਹਵਾਲੇ ਵੀ ਹਨ। ਕਿਹਾ ਜਾਂਦਾ ਹੈ ਕਿ ਛੱਜੂ ਭਾਟੀਆ (ਸੋਨਾਰ/ਸਾਹੂਕਾਰ) ਲਾਹੌਰ ਦੇ ਅਨਾਰਕਲੀ ਬਾਜ਼ਾਰ ਵਿੱਚ 17ਵੀਂ-18ਵੀਂ ਸਦੀ ਵਿੱਚ ਰਹਿੰਦਾ ਸੀ, ਜਿਸ ਦੇ ਚੁਬਾਰੇ ਨੇ ਲੋਕਾਂ ਨੂੰ ਇੰਨਾ ਪ੍ਰਭਾਵਿਤ ਕੀਤਾ ਕਿ ਇਹ ਕਹਾਵਤ ਬਣ ਗਈ। ਇਹ ਵੀ ਕਿਹਾ ਜਾਂਦਾ ਸੀ ਕਿ ਇਸ ਚੁਬਾਰੇ ਵਿੱਚ ਸੂਫ਼ੀ ਫਕੀਰਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਸੀ ਅਤੇ ਇਹ ਚੁਬਾਰਾ ਹਮੇਸ਼ਾ ਆਨੰਦ ਮਈ ਟਿਕਾਣੇ ਵਜੋਂ ਜਾਣਿਆ ਜਾਂਦਾ ਸੀ, ਜਿਸ ਕਰਕੇ ਇਹ ਕਹਾਵਤ ਪ੍ਰਚਲਤ ਹੋ ਗਈ ਕਿ ਜੋ ਸੁਖ ਛੱਜੂ ਦੇ ਚੁਬਾਰੇ ਵਿੱਚ ਹੈ ਉਹ ਪ੍ਰਾਚੀਨ ਸ਼ਹਿਰ ਬਲਖ ਬੁਖਾਰੇ ਵਿੱਚ ਵੀ ਨਹੀਂ ਮਿਲਦਾ।
  321. ਜੋ ਹੱਲਿਆ, ਸੋ ਸੱਲਿਆ। ਇਹ ਅਖਾਣ ਅਡੋਲਤਾ ਅਤੇ ਦ੍ਰਿੜਤਾ ਨਾਲ ਡਟ ਕੇ ਰਹਿਣ ਦੀ ਤਕੀਦ ਕਰਨ ਵਜੋਂ ਬੋਲਿਆ ਜਾਂਦਾ ਹੈ। ਅਖਾਣ ਦੇ ਭਾਵ ਅਰਥ ਅਨੁਸਾਰ ਜਿਹੜਾ ਮਨੁੱਖ ਡਾਵਾਂ-ਡੋਲ ਹੁੰਦਾ ਹੈ ਉਹ ਮਾਰਿਆ ਜਾਂਦਾ ਹੈ ਅਤੇ ਜਿਹੜਾ ਅਡੋਲ ਰਹਿੰਦਾ ਹੈ ਉਹ ਇੱਕ ਨਾ ਇੱਕ ਦਿਨ ਸਥਾਪਤੀ ਵੱਲ ਵੱਧ ਜਾਂਦਾ ਹੈ।
  322. ਜੋ ਹੋਣਾ ਸੋ ਹੋ ਗਿਆ, ਜੋ ਹੋਵੇ, ਸੋ ਹੋ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜੋ ਹੋਣਾ ਸੀ ਉਹ ਹੋ ਗਿਆ ਅਤੇ ਜੋ ਹੋਣਾ ਹੈ ਉਹ ਹੋ ਕੇ ਰਹੇਗਾ। ਇਸ ਲਈ ਜਿਆਦਾ ਚਿੰਤਾ ਕਰਨ ਦੀ ਲੋੜ ਨਹੀਂ। ਇਹ ਅਖਾਣ ਅਟੱਲ ਵਾਪਰ ਰਹੇ ਭਾਣੇ ਨੂੰ ਦਰਸਾਉਣ ਵਜੋਂ ਬੋਲਿਆ ਜਾਂਦਾ ਹੈ।
  323. ਜੋ ਕੱਤ ਨਾ ਜਾਣੇ ਉਹ ਮਾਈ, ਜੋ ਖੱਟ ਨਾ ਜਾਣੇ ਉਹ ਭਾਈ। ਇਹ ਅਖਾਣ ਹਾਸੇ-ਠੱਠੇ ਅਤੇ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਸੀ ਜਦੋਂ ਕਿਸੇ ਨਿਕੰਮੇ ਵਿਅਕਤੀ ਨੂੰ ਉੱਚਾ ਅਹੁਦਾ ਦੇ ਦਿੱਤਾ ਜਾਂਦਾ ਸੀ। ਅਖਾਣ ਬੋਲਣ ਵਾਲਾ ਵਿਅਕਤੀ ਟਿੱਚਰ ਵਿੱਚ ਕਹਿੰਦਾ ਹੈ ਕਿ ਜਿਸ ਨੂੰ ਕੱਤਣਾ ਨਹੀਂ ਆਉਂਦਾ ਉਹਨੂੰ ਮਾਂ ਬਣਾ ਦਿੱਤਾ ਹੈ ਅਤੇ ਜੋ ਕਮਾਈ ਨਹੀਂ ਕਰਦਾ ਉਹ ਭਰਾ ਬਣ ਬੈਠਾ ਹੈ।
  324. ਜੋ ਕਰੇ ਘਿਓ, ਨਾ ਮਾਂ ਕਰੇ ਨਾ ਪਿਓ। ਇਹ ਅਖਾਣ ਘਿਓ ਖਾਣ ਦੇ ਅਥਾਹ ਫਾਇਦੇ ਬਾਰੇ ਬੋਲਿਆ ਜਾਂਦਾ ਹੈ। ਅਖਾਣ ਦੇ ਅੱਖਰੀ ਅਰਥਾਂ ਅਨੁਸਾਰ ਸਿਹਤ ਨੂੰ ਜੋ ਫਾਇਦਾ ਘਿਓ ਖਾਣ ਨਾਲ ਹੋ ਸਕਦਾ ਹੈ ਉਹ ਫਾਇਦਾ ਬੰਦੇ ਦੇ ਮਾਂ ਪਿਓ ਵੀ ਨਹੀਂ ਕਰ ਸਕਦੇ।
  325. ਜੋ ਕਰੇ ਪਿਓ , ਉਹ ਨਾ ਕਰੇ ਘਿਓ। ਇਹ ਅਖਾਣ ਉਪਰਲੇ ਅਖਾਣ ਦੇ ਐਨ ਉਲਟ ਹੈ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਮਨੁੱਖ ਨੂੰ ਜਿੰਨਾ ਵੱਡਾ ਆਸਰਾ ਮਾਂ ਪਿਉ ਦਾ ਹੈ, ਉਨਾ ਵੱਡਾ ਆਸਰਾ ਘਿਓ ਖਾਣ ਦਾ ਵੀ ਨਹੀਂ ਹੋ ਸਕਦਾ।
  326. ਜੋ ਕਰੇਗਾ, ਸੋ ਭਰੇਗਾ। ਇਹ ਅਖਾਣ ਕਰਮ ਸਿਧਾਂਤ ਦੀ ਅਟੱਲਤਾ ਨੂੰ ਦਰਸਾਉਣ ਬਾਰੇ ਬੋਲਿਆ ਜਾਂਦਾ ਹੈ ਅਖਾਣ ਦੇ ਭਾਵ ਅਰਥ ਅਨੁਸਾਰ ਜੋ ਕੋਈ ਜਿਹੋ ਜਿਹਾ ਕਰਮ ਕਰੇਗਾ ਉਹੋ ਜਿਹਾ ਉਸਨੂੰ ਫਲ ਭੁਗਤਣਾ ਪਵੇਗਾ।
  327. ਜੋ ਕੀਤਾ ਸੋ ਪਾਇਆ। ਜਦੋਂ ਕਿਸੇ ਵਿਅਕਤੀ ਨੂੰ ਆਪਣੇ ਕੀਤੇ ਚੰਗੇ ਜਾਂ ਮਾੜੇ ਕਰਮਾਂ ਦਾ ਫਲ ਮਿਲ ਜਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  328. ਜੋ ਖੋਜੇ, ਸੋ ਪਾਵੇ। ਇਹ ਅਖਾਣ ਗੁਰਬਾਣੀ ਦੀ ਇੱਕ ਪੰਕਤੀ ਹੈ। ਪੂਰੀ ਪੰਕਤੀ ਇਸ ਪ੍ਰਕਾਰ ਹੈ …ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ.. ਇਸ ਅਖਾਣ ਦੇ ਭਾਵ ਅਰਥ ਅਨੁਸਾਰ ਮਨੁੱਖ ਜਿਹੜੀ ਵੀ ਚੀਜ਼ ਦੀ ਖੋਜ ਵਿੱਚ ਲੱਗ ਜਾਂਦਾ ਹੈ ਇਕ ਨਾ ਇਕ ਦਿਨ ਉਹ ਚੀਜ਼ ਉਸਨੂੰ ਜਰੂਰ ਪ੍ਰਾਪਤ ਹੁੰਦੀ ਹੈ ਉਹ ਭਾਵੇਂ ਕਿੰਨੀ ਹੀ ਦੁਰਲਭ ਕਿਉਂ ਨਾ ਹੋਵੇ।
  329. ਜੋ ਘੜਿਆ, ਸੋ ਭੱਜਸੀ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਇਸ ਸ੍ਰਿਸ਼ਟੀ ਵਿੱਚ ਜੋ ਵੀ ਚੀਜ਼ ਪੈਦਾ ਹੋਈ ਹੈ ਉਸ ਦਾ ਇੱਕ ਨਾ ਇੱਕ ਦਿਨ ਜਰੂਰ ਮਿਟਣਾ ਹੈ। ਇਹ ਅਖਾਣ ਅਕਸਰ ਕਿਸੇ ਦੀ ਮੌਤ ਮੌਕੇ ਬੋਲਿਆ ਜਾਂਦਾ ਹੈ।
  330. ਜੋ ਛੇਤੀ ਪੱਕਿਆ, ਸੋ ਛੇਤੀ ਸੜਿਆ। ਇਹ ਅਖਾਣ ਸਹਜ ਅਵਸਥਾ ਨਾਲ ਰਹਿਣ ਦੀ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ । ਇਹ ਅਖਾਣ ਕੁਦਰਤੀ ਨਿਯਮਾਂ ਦੀ ਸੱਚਾਈ ਨੂੰ ਬਿਆਨ ਕਰਦਾ ਹੈ। ਅਖਾਣ ਦੇ ਭਾਵ ਅਰਥ ਅਨੁਸਾਰ ਜਿਹੜੀ ਚੀਜ਼ ਛੇਤੀ ਪੱਕਦੀ ਹੈ ਉਹ ਛੇਤੀ ਖਰਾਬ ਹੋ ਜਾਂਦੀ ਹੈ।
  331. ਜੋ ਜਿੱਤਿਆ, ਉਹੀ ਖਿਡਾਰੀ। ਇਹ ਅਖਾਣ ਸਾਡੇ ਸਮਾਜ ਦੀ ਮਾਨਸਿਕਤਾ ਨੂੰ ਦਰਸਾਉਣ ਲਈ ਬੋਲਿਆ ਜਾਂਦਾ ਹੈ। ਸਾਡੇ ਸਮਾਜ ਦੀ ਮਾਨਸਿਕਤਾ ਹੈ ਕਿ ਜੋ ਜਿੱਤ ਜਾਂਦਾ ਹੈ ਉਸੇ ਨੂੰ ਹੀ ਵੱਡਾ ਖਿਡਾਰੀ ਮੰਨਿਆ ਜਾਂਦਾ ਹੈ ਅਤੇ ਜੋ ਹਾਰ ਜਾਂਦਾ ਹੈ ਉਸ ਨੂੰ ਖਿਡਾਰੀ ਨਹੀਂ ਮੰਨਿਆ ਜਾਂਦਾ।
  332. ਜੋ ਡਿੱਠਾ, ਸੋ ਨਾਹੀ ਮਿੱਠਾ। ਮਨੁੱਖ ਦਾ ਸੁਭਾਅ ਹੈ ਕਿ ਉਸ ਨੂੰ ਜਿਹੜੀ ਚੀਜ਼ ਪ੍ਰਾਪਤ ਹੋ ਜਾਂਦੀ ਹੈ ਉਸ ਵਿੱਚ ਉਸਦਾ ਰਸ ਨਹੀਂ ਰਹਿੰਦਾ। ਇਸ ਅਖਾਣ ਵਿੱਚ ਦਾਰਸ਼ਨਿਕਤਾ ਅਤੇ ਮਨੁੱਖੀ ਮਨ ਦੀ ਸੱਚਾਈ ਦਾ ਜ਼ਿਕਰ ਹੈ। ਇਹ ਅਖਾਣ ਅਕਸਰ ਮਨੁੱਖੀ ਸੁਭਾਅ ਨੂੰ ਪ੍ਰਗਟਾਉਣ ਵਜੋਂ ਬੋਲਿਆ ਜਾਂਦਾ ਹੈ।
  333. ਜੋ ਪੱਟੀਆਂ, ਸੋ ਸਵਾਦੀਂ ਪੱਟੀਆਂ। ਜਦੋਂ ਇਹ ਦੱਸਣਾ ਹੋਵੇ ਕਿ ਅਕਸਰ ਮਨੁੱਖ ਸਵਾਦਾਂ ਦਾ ਮਾਰਿਆ ਹੀ ਬਰਬਾਦ ਹੋ ਜਾਂਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  334. ਜੋ ਬੀਤੀ, ਸੋ ਬੀਤੀ। ਇਹ ਅਖਾਣ ਭੂਤਕਾਲ ਵਿੱਚ ਵਾਪਰੀਆਂ ਚੰਗੀਆਂ ਮਾੜੀਆਂ ਘਟਨਾਵਾਂ ਨੂੰ ਚੇਤੇ ਕਰਨ ਅਤੇ ਜਿਉਂ ਦਾ ਤਿਉ ਸਵੀਕਾਰ ਕਰਨ ਦੇ ਸਬੰਧ ਵਿੱਚ ਬੋਲਿਆ ਜਾਂਦਾ ਹੈ।
  335. ਜੋ ਮਰਜ਼ੀ ਕਰੋ ਰੰਗ ਤਾਂ ਬੈਂਗਣੀ ਨੂੰ ਚੜ੍ਹਨਾ। ਜਦੋਂ ਇਹ ਦੱਸਣਾ ਹੋਵੇ ਕਿ ਜਿਤ ਤਾਂ ਆਖਰਕਾਰ ਸੱਚ ਦੀ ਹੋਣੀ ਹੈ, ਜਾਂ ਨਿੱਤਰਨਾ ਤਾਂ ਆਖਰ ਖਰੇ ਨੇ ਹੀ ਹੈ।
  336. ਜੋ ਰੰਨ ਕਰੇ ਸੋ ਹੋ, ਜੋ ਰੱਬ ਕਰੇ ਸੋ ਹੋ। ਜਦੋਂ ਦੱਸਣਾ ਹੋਵੇ ਕਿ ਔਰਤ ਜੋ ਚਾਹੇ ਉਹ ਕਰ ਸਕਦੀ ਹੈ ਅਤੇ ਰੱਬ ਜੋ ਚਾਹੇ ਉਹ ਕਰ ਸਕਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਔਰਤ ਆਪਣੀ ਮਰਜ਼ੀ ਦੀ ਮਾਲਕ ਹੁੰਦੀ ਹੈ ਅਤੇ ਉਹ ਜੋ ਚਾਹੁੰਦੀ ਹੈ ਉਹੀ ਕਰਵਾ ਲੈਂਦੀ ਹੈ।
  337. ਜੋ ਰਾਤੀਂ ਜਾਗਣ ਕਾਲੀਆਂ, ਸੋਈ ਖਾਣ ਸੁਖਾਲੀਆਂ। ਇਹ ਅਖਾਣ ਅੰਮ੍ਰਿਤ ਵੇਲੇ ਦੀ ਬੰਦਗੀ ਕਰਨ ਵਾਲਿਆਂ ਲਈ ਜਾਂ ਦਿਨ-ਰਾਤ ਮਿਹਨਤ ਕਰਨ ਵਾਲਿਆਂ ਲਈ ਬੋਲਿਆ ਜਾਂਦਾ ਹੈ। ਅਖਾਣ ਦੇ ਭਾਵ ਅਰਥ ਅਨੁਸਾਰ ਜੋ ਸੁਖ ਅਰਾਮ ਨੂੰ ਤਿਆਗ ਕੇ ਰਾਤ ਨੂੰ ਜਾਗ ਜਾਗ ਕੇ ਮਿਹਨਤ ਕਰਦਾ ਹੈ ਜਾਂ ਬੰਦਗੀ ਕਰਦਾ ਹੈ ਜਰੂਰ ਸਫਲ ਹੁੰਦਾ ਹੈ।
  338. ਜੋਸ਼ , ਗਵਾਵੇ ਹੋਸ਼। ਜਦੋਂ ਕਿਸੇ ਨੂੰ ਇਹ ਸਮਝਾਉਣਾ ਹੋਵੇ ਕਿ ਜੋਸ਼ ਵਿੱਚ ਅਕਸਰ ਹੀ ਹੋਸ਼ ਗਵਾਚ ਜਾਂਦੀ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  339. ਜੋਗਣ ਗਈ, ਤੇ ਭੋਗਣ ਆਈ। ਇਹ ਅਖਾਣ ਮਨੁੱਖ ਦੀ ਬਿਰਤੀ ਦੇ ਸਬੰਧ ਵਿੱਚ ਬੋਲਿਆ ਜਾਂਦਾ ਹੈ ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜੇਕਰ ਮਨੁੱਖ ਜੋਗ ਬਿਰਤੀ ਨਾਲ ਜੁੜਿਆ ਹੋਇਆ ਹੈ ਤਾਂ ਭੋਗ ਬਿਰਤੀ ਕਦੇ ਭਾਰੂ ਨਹੀਂ ਹੁੰਦੀ ਪਰ ਜੇਕਰ ਮਨੁੱਖ ਦੀ ਯੋਗ ਬਿਰਤੀ ਗਵਾਚ ਜਾਵੇ ਤਾਂ ਭੋਗ ਬਿਰਤੀ ਉਸ ਉੱਤੇ ਹਾਵੀ ਹੋ ਜਾਂਦੀ ਹੈ।
  340. ਜੋਗੀ-ਜੋਗੀ ਲੜ ਮੂਏ, ਖੱਪਰ ਦਾ ਨੁਕਸਾਨ। ਇਹ ਅਖਾਣ ਜੋਗੀਆਂ ਦੇ ਕ੍ਰੋਧ ਉੱਤੇ ਵਿਅੰਗ ਕਸਣ ਵਜੋਂ ਬੋਲਿਆ ਜਾਂਦਾ ਹੈ। ਅਖਾਣ ਦੇ ਡੂੰਘੇ ਅਰਥ ਇਹ ਹਨ ਕਿ ਉਹ ਜੋਗੀ ਅਸਲ ਵਿੱਚ ਜੋਗੀ ਨਹੀਂ ਹੁੰਦੇ, ਜੋ ਆਪਸ ਵਿੱਚ ਲੜ ਕੇ ਮਰ ਜਾਂਦੇ ਹਨ। ਉਨਾਂ ਦਾ ਮਰਨਾ ਬਿਲਕੁਲ ਵਿਅਰਥ ਹੁੰਦਾ ਹੈ। ਉਲਟਾ ਜਿਸ ਹੱਡੀ ਨਾਲ ਉਹ ਲੜ ਰਹੇ ਹੁੰਦੇ ਹਨ ਉਸ ਹੱਡੀ ਦਾ ਨੁਕਸਾਨਿਆ ਜਾਣਾ ਨੁਕਸਾਨ ਮੰਨਿਆ ਜਾ ਸਕਦਾ ਹੈ।
  341. ਜੋਰ ਥੋੜ੍ਹਾ, ਹੁੱਬ ਬਹੁਤੀ। ਜਦੋਂ ਕਿਸੇ ਦੀ ਅਸਲ ਤਾਕਤ ਘੱਟ ਹੋਵੇ ਪਰ ਰੌਲਾ ਰੱਪਾ ਪਾ ਕੇ ਉਹ ਦਿਖਾਵਾ ਵੱਧ ਕਰੇ ਤਾਂ ਵਿਅੰਗ ਕਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
    ਜੋਰਾਵਰ ਦੀ ਜੁੱਤੀ, ਸਿਰ ‘ਤੇ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜੋਰਾਵਰ ਹਮੇਸ਼ਾ ਧੱਕਾ ਕਰਦੇ ਹਨ ਅਤੇ ਸਹੀ ਗਲਤ ਦੀ ਪਰਵਾਹ ਨਹੀਂ ਕਰਦੇ।
  342. ਜੋੜੇ, ਸੋ ਰੋਹੜੇ, ਖਾਵੇ, ਸੋ ਰੰਗ ਲਾਵੇ। ਇਹ ਅਖਾਣ ਖੁੱਲ੍ਹਾ ਖਾਣ-ਪੀਣ ਅਤੇ ਜ਼ਿੰਦਗੀ ਨੂੰ ਭਰਪੂਰ ਤਰੀਕੇ ਨਾਲ ਮਾਨਣ ਦੀ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ।ਅਖਾਣ ਦੇ ਭਾਵ ਅਰਥ ਅਨੁਸਾਰ ਜਿਹੜਾ ਮਨੁੱਖ ਸਾਰੀ ਉਮਰ ਪੈਸੇ ਜੋੜਦਾ ਮਰ ਜਾਂਦਾ ਹੈ ਪਰ ਪੈਸੇ ਉਸਦੇ ਕੰਮ ਨਹੀਂ ਆਉਂਦੇ। ਉਹਦੇ ਮਰਨ ਤੋਂ ਬਾਅਦ ਜੋੜੇ ਹੋਏ ਪੈਸੇ ਪਤਾ ਨਹੀਂ ਕੀਹਦੇ-ਕੀਹਦੇ ਹੱਥਾਂ ਵਿੱਚ ਚਲੇ ਜਾਂਦੇ ਹਨ।
  343. ਜੋੜ-ਜੋੜ ਕੇ ਮਰ ਗਏ, ਮਾਲ ਜਵਾਈ ਖਾਣ। ਉਹੀ ਅਰਥ।
  344. ਜੋੜੀਆਂ ਜੱਗ ਥੋੜ੍ਹੀਆਂ, ਨਰੜ ਬਥੇਰੇ। ਜਦੋਂ ਇਹ ਦੱਸਣਾ ਹੋਵੇ ਕਿ ਦੁਨੀਆ ਉੱਤੇ ਬਹੁਤ ਘੱਟ ਵਿਆਹੇ ਜੋੜੇ ਹੁੰਦੇ ਹਨ ਜੋ ਇੱਕ ਦੂਜੇ ਲਈ ਬਣੇ ਹੁੰਦੇ ਹਨ ਅਤੇ ਪਰਫੈਕਟ ਹੁੰਦੇ ਹਨ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਇਹ ਅਖਾਣ ਸਾਡੇ ਸਮਾਜ ਦੇ ਵਿਆਹ ਸਿਸਟਮ ਉੱਤੇ ਵਿਅੰਗ ਕਸਣ ਵਜੋਂ ਬੋਲਿਆ ਜਾਂਦਾ ਹੈ। ਅਖਾਣ ਦੇ ਅੱਖਰੀ ਅਰਥਾਂ ਤੇ ਝਾਤੀ ਮਾਰੀਏ ਤਾਂ ਪੁਰਾਣੇ ਸਮੇਂ ਵਿੱਚ ਜਦੋਂ ਲੋਕ ਪਸ਼ੂ-ਡੰਗਰ ਚਾਰਨ ਜਾਇਆ ਕਰਦੇ ਸਨ ਤਾਂ ਜਿਹੜਾ ਪਸ਼ੂ ਜਿਆਦਾ ਖਰੂਦੀ ਜਾਂ ਤੰਗ ਕਰਨ ਵਾਲਾ ਹੁੰਦਾ ਸੀ ਉਸ ਨੂੰ ਕਿਸੇ ਭੋਲੇ-ਭਾਲੇ ਜਾਂ ਜੋਰਾਵਰ ਪਸ਼ੂ ਨਾਲ ਬੰਨ੍ਹ ਦਿੱਤਾ ਜਾਂਦਾ ਸੀ ਜਿਸ ਨੂੰ ਨਰੜ ਕਿਹਾ ਜਾਂਦਾ ਸੀ। ਇਕ ਦੂਜੇ ਦੀ ਸੁਭਾਅ ਦੇ ਉਲਟ ਹੋਣ ਦੇ ਬਾਵਜੂਦ ਇਹ ਪਸ਼ੂ ਇੱਕ ਦੂਜੇ ਨਾਲ ਨਰੜੇ ਰਹਿੰਦੇ ਸਨ। ਇਸੇ ਤਰ੍ਹਾਂ ਸਾਡੇ ਸਮਾਜ ਵਿੱਚ ਵਿਆਹੇ ਜੋੜਿਆਂ ਦਾ ਹਾਲ ਹੈ।
  345. ਜੌਂ ਲਿਸ਼ਕੇ, ਤਾਂ ਯਾਰ ਖਿਸਕੇ। ਜਦੋਂ ਕੋਈ ਵਿਅਕਤੀ ਸਿਰ ਤੇ ਕੰਮ ਦੇਖ ਕੇ ਖਿਸਕ ਜਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਅਖਾਣ ਦੇ ਅੱਖਰੀ ਅਰਥਾਂ ਅਨੁਸਾਰ ਜਦੋਂ ਜੌਂ ਪੱਕਦੇ ਦੇਖੇ ਤਾਂ ਕੰਮ ਚੋਰ ਯਾਰ ਖਿਸਕ ਗਿਆ ਤਾਂ ਕਿ ਉਸ ਨੂੰ ਨਾਲ ਲੱਗ ਕੇ ਜੋਂ ਨਾ ਵਢਵਾਉਣੇ ਪੈਣ।

‘ਝ’ ਅੱਖਰ ਵਾਲੇ ਅਖਾਣ ਮੁਹਾਵਰੇ

  1. ਝਗੜਾ ਨਾ ਝੇੜਾ, ਤੇ ਹੱਥੋ-ਹੱਥ ਨਬੇੜਾ। ਜਦੋਂ ਦੱਸਣਾ ਹੋਵੇ ਕਿ ਹਿਸਾਬ ਨਾਲੋ ਨਾਲ ਹੀ ਚੰਗਾ ਹੁੰਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  2. ਝੱਗਾ ਚੁੱਕਿਆ, ਆਵਦਾ ਹੀ ਢਿੱਡ ਨੰਗਾ ਹੁੰਦਾ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਮਨੁੱਖ ਨੂੰ ਆਪਣੇ ਘਰ, ਧੜੇ ਜਾਂ ਕੰਮ ਕਾਰ ਦੀਆਂ ਊਣਤਾਈਆਂ ਦਾ ਭੇਦ ਬਾਹਰ ਨਹੀਂ ਦੇਣਾ ਚਾਹੀਦਾ ਕਿਉਂਕਿ ਇਸ ਦਾ ਫਾਇਦਾ ਹੋਰ ਲੋਕ ਚੁੱਕ ਸਕਦੇ ਹਨ।
  3. ਝੱਟ ਚਟਣੀ, ਪਟ ਦਾਲ। ਇਹ ਅਖਾਣ ਜਲਦੀ ਤਿਆਰ ਹੋ ਜਾਣ ਵਾਲੀ ਚਟਣੀ ਅਤੇ ਉਸ ਵਾਂਗ ਹੀ ਥੋੜੇ ਸਮੇਂ ਵਿੱਚ ਤਿਆਰ ਹੋਣ ਵਾਲੀ ਦਾਲ ਦੇ ਸਬੰਧ ਵਿੱਚ ਬੋਲਿਆ ਜਾਂਦਾ ਹੈ। ਜਦੋਂ ਕਿਸੇ ਨੂੰ ਜਲਦੀ ਖਾਣਾ ਬਣਾਉਣ ਦੀ ਤਕੀਦ ਕਰਨੀ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  4. ਝੱਟ ਮੰਗਣੀ ਪੱਟ ਵਿਆਹ। ਜਦੋਂ ਕਿਸੇ ਦੀ ਮੰਗਣੀ ਅਤੇ ਵਿਆਹ ਨਾਲੋਂ ਨਾਲ ਹੀ ਹੋ ਜਾਣ ਅਤੇ ਉਹਨਾਂ ਵਿੱਚ ਬਹੁਤਾ ਵਕਫਾ ਨਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  5. ਝੱਟ ਰੋਟੀ, ਪੱਟ ਦਾਲ। ਜਲਦੀ ਪੱਕਣ ਵਾਲੀਆਂ ਚੀਜ਼ਾਂ ਸਬੰਧੀ ਦੱਸਣ ਬਾਰੇ ਇਹ ਅਖਾਣ ਬੋਲਿਆ ਜਾਂਦਾ ਹੈ।
  6. ਝੱਟ, ਭੁੜਕ ਡੰਡਿਓਂ ਪਾਰ। ਜਦੋਂ ਕੋਈ ਵਿਅਕਤੀ ਪਲ ਵਿੱਚ ਤਤਾ ਹੋ ਜਾਵੇ ਅਤੇ ਆਪਣਾ ਆਪਾ ਖੋਹ ਬੈਠੇ ਤਾਂ ਉਸ ਉੱਤੇ ਵਿਅੰਗ ਕਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  7. ਝਾੜਿਆ ਝੰਬਿਆ, ਭੂਰਾ ਜਿਉਂਦਾ ਤਿਉਂ। ਜਦੋਂ ਕਿਸੇ ਵਿਅਕਤੀ ਨੂੰ ਇੱਜਤ ਬੇਇਜਤੀ ਅਤੇ ਝਾੜ ਝੰਬ ਦੀ ਕੋਈ ਪਰਵਾਹ ਨਾ ਹੋਵੇ ਤਾਂ ਉਸ ਉੱਤੇ ਵਿਅੰਗ ਕਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। ਅਖਾਣ ਦੇ ਅੱਖਰੀ ਅਰਥਾਂ ਅਨੁਸਾਰ ਕੰਬਲ ਨੂੰ ਝਾੜ ਵੀ ਲਈਏ ਤਾਂ ਉਹ ਜਿਉਂ ਦਾ ਤਿਉਂ ਰਹਿੰਦਾ ਹੈ।
  8. ਝੁੰਗੇ ਦੀ ਚੋਣ, ਤੇ ਤੇਲ ਦਾ ਲੂਣ। ਅਰਥ ਬਾਕੀ ਹੈ।
  9. ਝੂਠਾ ਭਾਲੇ ਭੇਸ, ਸੱਚ ਕਹੇ ਮੈਂ ਨੰਗਾ ਭਲਾ। ਜਦੋਂ ਇਹ ਦੱਸਣਾ ਹੋਵੇ ਕਿ ਝੂਠ ਬੋਲਣ ਵਾਲਾ ਵਿਅਕਤੀ ਕਈ ਤਰ੍ਹਾਂ ਦੇ ਪੜਦੇ ਪਾ ਕੇ ਗਲ ਨੂੰ ਪੇਸ਼ ਕਰਦਾ ਹੈ ਪਰ ਸੱਚ ਬੋਲਣ ਵਾਲਾ ਵਿਅਕਤੀ ਸਿੱਧੀ-ਸਪਾਟ ਗੱਲ ਬਿਨਾਂ ਕਿਸੇ ਲੱਗ-ਲਪੇਟ ਦੇ ਪੇਸ਼ ਕਰਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ।
  10. ਝੋਟਾ ਤਾਂ ਚੰਗਾ, ਪਰ ਜੇ ਕੋਈ ਤੇਲ ਦੇਵੇ। ਜਦੋਂ ਕੋਈ ਕੀਮਤੀ ਚੀਜ਼ ਖਰਾਬ ਹੋ ਰਹੀ ਹੋਵੇ ਅਤੇ ਉਸ ਦੀ ਸੰਭਾਲ ਕਰਨ ਲਈ ਕੋਈ ਵੀ ਅੱਗੇ ਨਾ ਆਵੇ ਤਾਂ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  11. ਝੋਟਾ ਮਰ ਗਿਆ, ਹੁਣ ਜੂੰਆਂ ਵੀ ਮਰ ਜਾਣਗੀਆਂ। ਜਦੋਂ ਇਹ ਦੱਸਣਾ ਹੋਵੇ ਕਿ ਵੱਡਾ ਆਗੂ ਹਰਾ ਲਿਆ ਜਾਵੇ ਤਾਂ ਛੋਟੇ ਮੋਟੇ ਸਹਾਇਕ ਆਪਣੇ ਆਪ ਹੀ ਹਥਿਆਰ ਸੁੱਟ ਦਿੰਦੇ ਹਨ ਅਤੇ ਖਤਮ ਹੋ ਜਾਂਦੇ ਹਨ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  12. ਝੋਟੀ ਫੰਡਰ, ਤੇ ਜਨਾਨੀ ਲੰਡਰ ਸਾਂਭਣੇ ਔਖੇ। ਇਹ ਅਖਾਣ ਚਾਲਬਾਜ ਔਰਤਾਂ ਤੇ ਵਿਅੰਗ ਕਸਣ ਵਜੋਂ ਬੋਲਿਆ ਜਾਂਦਾ ਹੈ। ਜਸਬੀਰ ਵਾਟਾਂਵਾਲੀਆ
  13. ਝੋਟੇ ਦਾ ਖੌਰ੍ਹ, ਤੇ ਅੰਨੇ ਦਾ ਜੋਰ, ਦੋਹਾਂ ਤੋਂ ਬਚਣਾ ਭਲਾ। ਜਦੋਂ ਇਹ ਦੱਸਣਾ ਹੋਵੇ ਕਿ ਝੋਟੇ ਦਾ ਵੈਰ ਬੁਰਾ ਹੁੰਦਾ ਹੈ ਅਤੇ ਅੰਨੇ ਵਿਅਕਤੀ ਦਾ ਜੱਫਾ ਬੁਰਾ ਹੁੰਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਜਸਬੀਰ ਵਾਟਾਂਵਾਲੀਆ
  14. ਝੋਨੇ ਵਾਲੇ ਪਿੰਡ, ਪਰਾਲੀ ਤੋਂ ਹੀ ਦਿਸ ਪੈਂਦੇ ਆ। ਜਦੋਂ ਦੱਸਣਾ ਹੋਵੇ ਕਿ ਖੁਸ਼ਹਾਲੀ ਵਾਲੇ ਘਰ ਦੂਰੋਂ ਹੀ ਦਿਸ ਪੈਂਦੇ ਹਨ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।ਜਸਬੀਰ ਵਾਟਾਂਵਾਲੀਆ

BIGGEST COLLECTIONS OF AKHAAN-BY JASBIR WATTAWALI

 ੳ ਤੋਂ ਹ ਅੱਖਰ ਤੱਕ ਅਖਾਣ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ

ਕ ਤੋ ਘ ਅੱਖਰ ਤੱਕ ਅਖਾਣ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ

ਚ ਤੋਂ ਝ ਅੱਖਰ ਤੱਕ ਅਖਾਣ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ

ਟ ਤੋਂ ਢ ਅੱਖਰ ਤੱਕ ਅਖਾਣ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ

ਤ ਤੋਂ ਨ ਅੱਖਰ ਤੱਕ ਅਖਾਣ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ

ਪ ਤੋਂ ਮ ਅੱਖਰ ਤੱਕ ਅਖਾਣ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ

ਯ ਤੋਂ ਵ ਅੱਖਰ ਤੱਕ ਅਖਾਣ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ

ਅਖਾਣਾ ਬਾਰੇ ਵਿਸਥਾਰ ਜਾਣਕਾਰੀ ਹਾਸਲ ਕਰਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਨੋਟ – ਕੁਝ ਅਖਾਣ ਮੁਹਾਵਰਿਆਂ ਵਿਚ ਜਾਤ-ਪਾਤ ਦਾ ਪ੍ਰਗਟਾਵਾ ਕੀਤਾ ਗਿਆ ਹੈ। ਜਾਤ-ਪਾਤ ਦਾ ਇਹ ਪਗਟਾਵਾ ਪੰਜਾਬੀ ਲੋਕਧਾਰਾ ਦੇ ਪਿਛੋਕੜ ਨੂੰ ਦਰਸਾਉਣ ਅਤੇ ਪੁਰਾਣੇ ਸਮੇ ਦੇ ਲੋਕਾਂ ਦੀ ਮਾਨਸਿਕਤਾ ਸਮਝਣ  ਲਈ ਕੀਤਾ ਗਿਆ ਹੈ, ਕਿਉਂਕਿ ਪੁਰਾਣੇ ਸਮਿਆਂ ਵਿਚ ਹਾਸੇ-ਠੱਠ, ਟਿੱਚਰ-ਮਜਾਕ ਅਤੇ ਕਿਸੇ ਨੂੰ ਨਹੋਰਾ ਮਾਰਨ ਸਮੇਂ ਅਕਸਰ ਹੀ ਜਾਤ-ਪਾਤ ਦੇ ਨਾਂ ਤੇ ਵਿਅੰਗ ਕੀਤਾ ਜਾਂਦਾ ਸੀ। ਅਸੀਂਂ ਕਿਸੇ ਤਰ੍ਹਾਂ ਦੀ ਜਾਤ-ਪਾਤ ਹਾਮੀ ਨਹੀਂ ਹਾਂ ਅਤੇ ਨਾ ਹੀ ਇਹ ਪ੍ਰਗਟਾਵਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕੀਤਾ ਹੈ।

ਜਸਬੀਰ ਵਾਟਾਂਵਾਲੀਆ
ਦੋਸਤੋ ਪੰਜਾਬੀ ਅਖਾਣਾਂ ਦੀ ਇਹ ਕੁਲੈਕਸ਼ਨ, ਜੋ ਤੁਸੀਂ https://jasbirwattanwalia.in ਉੱਤੇ ਪੜ੍ਹ ਰਹੇ ਹੋ, ਇਸ ਨੂੰ ਤਿਆਰ ਕਰਨ ਵਿੱਚ ਕਾਫੀ ਲੰਬੀ ਮਿਹਨਤ ਲੱਗੀ ਹੈ। ਮੈਂ ਕਰੀਬ ਪਿਛਲੇ 15 ਸਾਲਾਂ ਤੋਂ ਇਹ ਅਖਾਣ ਇਕੱਠੇ ਕਰ ਰਿਹਾ ਸੀ। ਜਦੋਂ ਵੀ ਕੋਈ ਬਜ਼ੁਰਗ ਅਖਾਣ ਬੋਲਦਾ ਸੀ ਤਾਂ ਮੈਂ ਚੁੱਪ-ਚੁਪੀਤੇ ਨੋਟ ਕਰ ਲੈਂਦਾ ਸੀ। ਇਹਨਾਂ ਵਿੱਚੋਂ ਬਹੁਤ ਸਾਰੇ ਅਖਾਣ ਸਾਡੇ ਮਾਤਾ ਜੀ, ਸਾਡੇ ਭੂਆ ਜੀ, ਸਾਡੀਆਂ ਚਾਚੀਆਂ, ਮਾਸੀਆਂ, ਤਾਈਆਂ ਮਾਮੀਆਂ, ਆਂਡਣਾ-ਗੁਆਂਢਣਾ ਅਤੇ ਮਰਦ ਬਜ਼ੁਰਗਾਂ ਦੇ ਮੂੰਹੋਂ ਮੈਂ ਸੁਣੇ ਹਨ। ਇਸ ਤੋਂ ਇਲਾਵਾ ਕਾਫੀ ਸਾਰੇ ਅਖਾਣ ਯੂਨੀਵਰਸਿਟੀਆਂ ਦੇ ਵੱਖ-ਵੱਖ ਕੋਸ਼ਾਂ ਤੋਂ ਵੀ ਇਸ ਕਲੈਕਸ਼ਨ ਵਿੱਚ ਸ਼ਾਮਲ ਕੀਤੇ ਹਨ। ਮੇਰੀ ਕੋਸ਼ਿਸ਼ ਰਹੇਗੀ ਕਿ ਇਸ ਕਲੈਕਸ਼ਨ ਨੂੰ ਦਿਨ ਪ੍ਰਤੀ ਦਿਨ ਹੋਰ ਵਧਾਇਆ ਜਾਵੇ। ਇਸ ਕਲੈਕਸ਼ਨ ਦੌਰਾਨ ਅੱਖਰ ਵਾਧਾ ਘਾਟਾ ਭੁੱਲ ਚੁੱਕ ਹੋ ਗਈ ਹੋਵੇ ਤਾਂ ਖਿਮਾ ਦਾ ਜਾਚਕ ਹਾਂ।

ਜਸਬੀਰ ਵਾਟਾਂਵਾਲੀਆ

“Dear Readers,
 
I am pleased to present this comprehensive collection of Punjabi Akhan and proverbs, carefully curated and available on (https://jasbirwattanwalia.in). This repository is the culmination of 15 years of diligent research and intellectual endeavor.
 
Throughout my journey, I have had the privilege of collecting these Akhan and proverbs from esteemed family members, neighbors, and community elders. Whenever an elder shared a proverb, I would meticulously note it down. Additionally, I have drawn on reputable Akhaan-kosh universities to enrich this collection further.
 
I am committed to continually expanding and refining the collection of this Akhaan-kosh. Please forgive any errors or omissions that may have occurred during its compilation.
 
Thank you for exploring this treasure trove of Punjabi wisdom.
 
Sincerely,

By Jasbir Wattanwalia

About Jasbir Wattanwalia I'm Jasbir Singh Wattanwalia, born on March 25, 1978, in Wattanwali village, Sultanpur Lodhi, Kapurthala district. I'm a passionate writer, poet, and blogger with a deep love for Punjabi culture, literature, and folklore.Education I hold a Master's degree in Punjabi and Journalism, which has enabled me to explore various aspects of language, literature, and communication.Literary Contributions I've written four books in Punjabi:1. Veinnaama (ਵੇਈਂਨਾਮਾ) (2014) 2. Kalyugnama (ਕਲਯੁਗਨਾਮਾ) (2025) 3. Punjab de Gunkari Nano Jungal (ਪੰਜਾਬ ਦੇ ਗੁਣਕਾਰੀ ਨੈਨੋ ਜੰਗਲ) (2025) 4. Punjabi Akhaan Kosh with Meaning (ਪੰਜਾਬੀ ਅਖਾਣ ਕੋਸ਼ ਅਰਥਾਂ ਸਮੇਤ)Blogging Through my blog, jasbirwattanwalia.in, I share my thoughts and knowledge on various topics, including:- Punjabi folklore, history, culture, and traditions - Punjabi poetry and literature - Food, health and wellness through herbal remedies - Environmental issues and activism - Social commentary and news - Science and InventionsMission My mission is to provide high-quality, engaging, and informative content that showcases the richness of Punjabi culture and language. I strive to create a platform that's both enjoyable and informative, and I'm committed to delivering the best possible experience for my readers.Let's Connect! I'm glad you're here! If you have any questions or feedback, please don't hesitate to reach out. Thank you for visiting my site, and I wish you a great day!

Leave a Reply

Your email address will not be published. Required fields are marked *