‘Kalyug Nama’ A New Epic poem Written by Jasbir Wattanwalia/ਕੁਲਯੁਗਨਾਮਾ

ਕਲਯੁਗਨਾਮਾ/ Kalyugnama – Epic Poem, … by  Jasbir Wattanwalia.

Kalyugnama is a description of the four yugs and awakens the dream of a bright future.

ਕਲਯੁਗਨਾਮਾ…

 

 ਇਸ ਧਰਤੀ ਦਾ ਜੀਵ ਹਾਂ, ਬੰਦਾ ਮੇਰਾ ਨਾਮ

ਪਹਿਲਾਂ ਸਿਰਜਣਹਾਰ ਨੂੰ, ਹੱਥ ਜੋੜ ਪ੍ਰਣਾਮ

 

ਦੂਜਾ ਮਾਈ-ਬਾਪ ਨੂੰ, ਜਿਹੜੇ ਜੰਮਣਹਾਰ

ਜਿਨ੍ਹਾਂ ਸਦਕੇ ਦੇਖਿਆ, ਇਹ ਅਦਭੁੱਤ ਸੰਸਾਰ

 

ਤੀਜਾ ਸਿਜਦਾ ਗਿਆਨ ਨੂੰ, ਅੱਖਰਾਂ ਦੇ ਵਿੱਚ ਜੋ

ਜਿੱਥੋਂ ਕਲਮਾ ਲੈਂਦੀਆਂ, ਰੰਗ-ਰੰਗੀ ਖੁਸ਼ਬੋ

 

ਚੌਥਾ ਸਿਜਦਾ ਕਲਮ ਨੂੰ, ਜੋ ਨੰਗੀ ਸ਼ਮਸ਼ੀਰ

ਚੁਣ-ਚੁਣ ਵੈਰੀ ਵਿੰਨ੍ਹਦੀ, ਦਿੰਦੀ ਜ਼ਾਲਮ ਚੀਰ

ਪੰਜਵਾਂ ਸਿਜਦਾ ਉਨ੍ਹਾਂ ਨੂੰ, ਜੋ ਜੁਗਨੂੰ-ਦਰਵੇਸ਼

ਯੁੱਗਾਂ-ਯੁੱਗਾਂ ਤੋਂ ਲੋਚਦੇ, ਚਾਨਣ-ਵੰਨਾ ਦੇਸ਼

 

ਛੇਵਾਂ ਸਿਜਦਾ ਉਨ੍ਹਾਂ ਨੂੰ, ਜੋ ਕਵਿਤਾ ਵਿਚ ਜੀਣ

ਅੱਖਰਾਂ ਵਿਚਲੇ ਅਰਥ ਨੂੰ, ਘੁੱਟ-ਘੁੱਟ ਕਰਕੇ ਪੀਣ

 

ਸੱਤਵਾਂ ਸਿਜਦਾ ਦੇਸ਼ ਨੂੰ, ਭਾਰਤ ਜਿਸਦਾ ਨਾਂ

ਜਿਸ ਮਿੱਟੀ ਮੈਨੂੰ ਪਾਲਿਆ, ਜੋ ਮਿੱਟੀ ਮੇਰੀ ਮਾਂ

 

ਭਾਰਤ ਵਰਸ਼ ਦੇ ਵਾਸੀਓ, ਗੱਲ ਸੁਣਾਵਾਂ ਖ਼ਾਸ

ਰੰਗ-ਬਰੰਗਾ ਦੇਖੀਏ, ਭਾਰਤ ਦਾ ਇਤਿਹਾਸ

Description of Time and Yuga

 ਸਤਯੁੱਗ ਦੇ ਵਿਚ ਸੁਣੀਂਦਾ, ਸੱਚ ਦਾ ਹੀ ਪ੍ਰਕਾਸ਼

ਵਿਚ ਤ੍ਰੇਤੇ ਹੋ ਗਿਆ, ਮਰਿਆਦਾ ਦਾ ਵਾਸ

 

ਫੇਰ ਦੁਆਪਰ ਚੜ੍ਹ ਗਿਆ, ਚੜ੍ਹਿਆ ਰੰਗ-ਬਰੰਗ

ਸੱਚ ਨੂੰ ਰੱਖਣ ਖਾਤਰੋਂ, ਹੋਈ ਮਰਿਆਦਾ ਭੰਗ

 

ਵੇਖ ਮਰਿਆਦਾ ਟੁੱਟੀਆਂ, ਚੜ੍ਹਿਆ ਕਲਯੁੱਗ ਜ਼ੋਰ

ਲੈ ਲਈ ਵਿਚ ਲਪੇਟ ਦੇ, ਧਰਤੀ ਚਾਰੋਂ ਓਰ

ਸ਼ੀਸ਼ੇ ਵਿਚੋਂ ਵੇਖੀਏ, ਹਰ ਪਹਿਲੂ, ਹਰ ਪਕਸ਼

ਚਿੱਟੀ-ਕਾਲੀ ਸੋਚ ਦਾ, ਚਿੱਟਾ-ਕਾਲਾ ਅਕਸ

 

ਪਲ-ਪਲ ਦੇ ਵਿਚ ਬਦਲਦੀ, ਹਰ ਸ਼ੈਅ ਦੀ ਤਸਵੀਰ

ਹਰ ਸ਼ੈਅ ਦਾ ਆਰੰਭ ਹੈ, ਹਰ ਸ਼ੈਅ ਦੀ ਅਖੀਰ

 

ਪਿਛਲ-ਝਾਤੀ ਮਾਰੀਏ, ਖ਼ਲਕਤ ਚੱਲਣਹਾਰ

ਭਾਵੇਂ ਹੋਵੇ ਦੇਵਤਾਭਾਵੇਂ ਉਹ ਅਵਤਾਰ

 

ਉਹ ਵੀ ਇੱਥੇ ਨਾ ਰਹੇ, ਬੱਧਾ ਜਿਨ੍ਹਾ ਕਾਲ਼

ਹਰ ਸ਼ੈਅ ਉਪਜੇ ਸਮੇਂ ਵਿੱਚ, ਬਿਨਸੇ ਸਮੇਂ ਦੇ ਨਾਲ਼

 

ਸਮਾਂ ਸਦਾ ਸਮਰੱਥ ਹੈ, ਸਮਾਂ ਸਦਾ ਬਲਵਾਨ

ਪੈਦਾ ਕਰਕੇ ਖਾ ਗਿਆ, ਕਈ ਦਾਤੇ ਭਗਵਾਨ

 

ਖਾਧੇ ਦਾਨਵ, ਦੇਵਤੇਜਤੀ-ਸਤੀ-ਬਲਬੀਰ

ਖ਼ਬਰੇ ਕਿਵੇਂ ਪਚਾ ਗਿਆ, ਜੋਗੀ-ਜੰਗਮ-ਪੀਰ

 

ਖ਼ਬਰੇ ਕਿੰਨੇ ਜਨਮ ਕੇਕਿੰਨੇ ਗਿਆ ਇਹ ਖਾ

ਯੁੱਗਾਂ-ਯੁੱਗਾਂ ਤੋਂ ਚੱਲਦਾ, ਅਣ-ਰੁਕਿਆ ਪਰਵਾਹ

 

ਇਸੇ ਸਮੇਂ  ’ਚ ਘੁੰਮਦੇਧਰਤੀ ਤਾਰੇ-ਚੰਦ

ਯੁੱਗਾਂ-ਯੁੱਗਾਂ ਤੋਂ ਸਿਲਸਿਲਾ, ਕਦੇ ਨਾ ਹੋਇਆ ਬੰਦ

ਖ਼ਬਰੇ ਕੀ ਕੁਝ ਬੀਤਿਆ, ਇਸੇ ਦੇ ਅਧੀਨ

ਪਰਲੋ, ਸਰਗ ਸਥਾਪਨਾ, ਯੁੱਗ ਯੋਜਨ ਪ੍ਰਬੀਨ

 

ਖ਼ਬਰੇ ਸਮੇਂ ਦੀ ਪਿੱਠ ਤੇ, ਕਿਸ ਡਾਹਢੇ ਦਾ ਹੱਥ

ਵਾਗਾਂ ਫੜੀਆਂ ਕੇਸਨੇ, ਕੀਹਨੇ ਏਹਦੀ ਨੱਥ

 

ਯੁੱਗਾਂ ਯੁੱਗਾਂ ਤੋਂ ਦੌੜਦਾ, ਖੜਿਆ ਕਦੇ ਨਾ ਹੰਭ

ਹੈਰਤ ਹੋਵੇ ਦੇਖ ਕੇਹੋਵੇ ਬੜਾ ਅਚੰਭ

 

ਖ਼ਬਰੇ ਕਾਹਤੋਂ ਦੌੜਦਾ, ਇਹਨੂੰ ਕੀਹਦੀ ਭਾਲ

ਚੁੰਗੀਆਂ ਭਰਦਾ ਜਾਂਵਦਾਮਾਰ ਛੜੱਪੇ-ਛਾਲ

 

ਦੇਖੋ-ਦੇਖ-ਦੇਖੰਦਿਆਂਬਦਲੀ ਜਾਵੇ ਭੇਖ

ਇਸ ਦੇ ਪਹਿਲੇ ਰੂਪ ਨੂੰ, ਸੱਤਯੁੱਗ ਦੇ ਵਿੱਚ ਵੇਖ

Description of Sat Yug

ਸਤਯੁੱਗ ਸੀ ਜਦ ਜਨਮਿਆ, ਚਾਨਣ ਚਾਰੋਂ ਓਰ

ਜੀਕੂੰ ਸੈਆਂ ਸੂਰਜਾਂਕੀਤੀ ਹੋ ਲਿਸ਼ਕੋਰ

 

ਜਿਵੇਂ-ਜਿਵੇਂ ਇਹ ਵਿਗਸਿਆ, ਹੋਇਆ ਜਿਵੇਂ ਜਵਾਨ

ਧਰਤੀ ਉੱਤੇ ਹੋ ਗਿਆਸੱਚੋ-ਸੱਚ ਪ੍ਰਧਾਨ

 

ਚਾਰੇ ਪਾਸੇ ਫੈਲਿਆਇਸੇ ਦਾ ਪਰਤਾਪ

ਖ਼ਲਕਤ ਰੰਗੀਂ ਵੱਸਦੀ, ਨਾ ਕੋਈ ਆਪੋ-ਧਾਪ

                         

ਨਾ ਵਰਗਾਂ ਦੀ ਵੰਡ ਸੀ, ਨਾ ਕੋਈ ਜਾਤੀ-ਭੇਦ

ਨਾ ਮਨੂ, ਨਾ ਸਿਮਰਤੀਨਾ ਨੀਤੀ, ਨਾ ਵੇਦ

 

ਵਾਹ-ਵਾ ਉਸਦਾ ਰਾਜ ਸੀ, ਵਾਹ-ਵਾ ਉਸਦੀ ਕਾਰ

ਭਲੀ ਸੁਹਾਵੀ ਧਰਤ ਤੇਨਾ ਪਾਪਾਂ ਦਾ ਭਾਰ

 

ਹਰ ਸ਼ੈਅ ਦਾ ਸੰਤੁਲਨ ਸੀ ਹਰ ਸ਼ੈਅ ਦਾ
ਇੱਕ ਵੇਗ

ਚਾਰੇ ਪਾਸੇ ਬਰਕਤਾਂਨਾ ਕੋਈ ਦੁੱਖ-ਦਰੇਗ

 

ਪਾਸਾ ਸਮੇਂ ਨੇ ਪਰਤਿਆ, ਹੋਇਆ ਵੱਖੀ ਭਾਰ

ਯੁਗ ਤਰੇਤਾ ਆ ਗਿਆਵੇਖੋ  ਇਹਦੀ ਕਾਰ

Description of Treta Yuga 

ਸੂਰਜ ਪੁੱਤਰ ਆਰੀਆ, ਆ ਗਏ ਭਾਰਤ ਵੱਲ

ਲੈ ਕੇ ਲਸ਼ਕਰ ਘੋੜੀਆਂਸੂਰੇ ਯੋਧੇ ਮੱਲ

 

 

 ਹੱਥਾਂ ਦੇ ਵਿੱਚ ਲਿਸ਼ਕਦੇ, ਲੋਹੇ ਦੇ ਹਥਿਆਰ

ਦੂਜੀ ਧਿਰ ਕੋਲ ਆਖਦੇਕਾਂਸੇ ਦੇ ਔਜ਼ਾਰ

 

ਯੁੱਧ-ਅਖਾੜਾ ਮੱਚਿਆ, ਹੋਇਆ ਡਾਹਢਾ ਭੇੜ

ਵਾਸੀ ਸਿੰਧੂ ਮੂਲ ਦੇਦਿੱਤੇ ਦੂਰ ਖਦੇੜ

 

ਬਚੇ-ਖੁਚੇ ਸੀ ਹੋ ਗਏਉਨ੍ਹਾਂ ਦੇ ਗੁਲਾਮ

ਸਮਾਂ ਦੁੜੱਕੀ ਮਾਰਦਾ ਤੁਰਿਆ ਸੁਬ੍ਹਾ-ਸ਼ਾਮ

 

ਸੱਭਿਆਚਾਰ ਤੇ ਕੀਮਤਾਂ, ਦੋ ਧੜਿਆਂ ਦੇ ਵੱਖ

ਦੋਹਾਂ ਵਿੱਚ ਟਕਰਾਅ, ਦੇ ਮੌਕੇ ਬਣਦੇ ਲੱਖ

 

ਦੋ ਖੰਡਾਂ ਦੀ ਧਾਰਨੀ, ਇਕ ਮਾਨਵ ਦੀ ਸੋਚ

ਇਕ ਸਦੀਂਦੇ ਦੇਵਤੇਦੂਜੇ ਦਾਨਵ ਲੋਕ

 

ਉਸ ਵੇਲੇ ਦੀ ਜ਼ਿੰਦਗੀ, ਦਾ ਹਰ ਗੁੱਝਾ ਭੇਦ

ਅੱਖਰਾਂ ਦੇ ਵਿੱਚ ਸਾਂਭਿਆ, ਦੱਸਦੇ ਚਾਰੇ ਵੇਦ

 

ਆਪੋ-ਆਪਣੀ ਧਾਰਨਾ, ਆਪੋ-ਆਪਣੇ ਪੱਖ

ਇਹ ਸੋਚਾਂ ਦੇ ਕਾਫ਼ਲੇ, ਤੁਰ ਪਏ ਵੱਖੋ-ਵੱਖ

 

ਨਿੱਤ-ਨਵੇਲੀ ਧਾਰਨਾਂ, ਜੰਮ ਚੜ੍ਹਦੀ ਪ੍ਰਵਾਨ

ਇਕ ਫਲਦੀ ਇਕ ਫੈਲਦੀ, ਇਕ ਦਾ ਹੁੰਦਾ ਘਾਣ

 

ਗੁੱਥਮ-ਗੁੱਥਾ ਹੋਂਵਦੇ, ਸੱਭਿਆਚਾਰ ਪਸਾਰ

ਦੋ ਧੜਿਆਂ ਵਿਚ ਠਣਕਦੀ, ਹੁੰਦੀ ਆਰੋ-ਪਾਰ

 

ਹੁੰਦੇ-ਹੁੰਦੇ ਹੋ ਗਿਆਮਾਨਵ ਖੰਡੋ-ਖੰਡ

ਜਾਤਾਂ-ਪਾਤਾਂ ਪਨਪੀਆਂ, ਪਨਪੀ ਵਰਗੀ-ਵੰਡ

                      

ਜੁੱਗ ਤ੍ਰੇਤੇ ਆਖਦੇਮਰਿਆਦਾ ਪ੍ਰਧਾਨ

ਮਰਿਆਦਾ ਦੀ ਖਤਰੋਂ, ਹੋਵੇ ਸੱਚ ਕੁਰਬਾਨ

 

ਸੱਚ ਨੇ ਅਗਨ ਪ੍ਰੀਖਿਆ, ਦਿੱਤੀ ਵਾਰੋ-ਵਾਰ

ਮਰਿਆਦਾ ਨੂੰ ਪਾਲ਼ਦੇ, ਹੋਇਆ ਸੱਚ ਖ਼ਵਾਰ

 

ਇਸ ਜੁਗੜੇ ਵਿਚ ਵਾਪਰੇ, ਬੜੇ-ਬੜੇ ਬਿਰਤਾਂਤ

ਹਰ ਘਟਨਾ ਹਰ ਕਵੀ ਦਾ, ਵਰਨਣ ਭਾਂਤੋ-ਭਾਂਤ

 

ਨਗਰੀ ਇੱਕ ਅਯੁੱਧਿਆ, ਜਿਸ ਦਾ ਰਾਜ ਕੁਮਾਰ

ਆਖਣ ਵਾਲੇ ਆਖਦੇਵਿਸ਼ਨੂੰ ਦਾ ਅਵਤਾਰ

 

ਜੀਵਨ ਗਾਥਾ ਓਸ ਦੀ, ਫੈਲੀ ਨੇੜੇ ਦੂਰ

ਰਾਜਾ ਰਾਮ ਰਘੂਪਤੀ, ਭਾਰਤ ਵਿੱਚ ਮਸ਼ਹੂਰ

 

ਭਾਰਤ ਵਿੱਚ ਮਸ਼ਹੂਰ ਹੈ, ਰਘੂਕੁਲ ਰੀਤ ਤੇ ਸ਼ਾਨ

ਵਚਨ ਨਿਭਾਵਣ ਖਾਤਿਰੋਂ, ਆਖਣ ਦਿੰਦੇ ਜਾਨ

 

ਵਿੱਚ ਰਮਾਇਣ ਵੇਖੀਏਉਨ੍ਹਾਂ ਦੇ ਪ੍ਰਸੰਗ

ਸੀਤਾ ਜਨਕ ਸਪੁੱਤਰੀ, ਖ਼ਾਤਰ  ਹੋਇਆ ਜੰਗ

 

ਰਾਵਣ ਦਹਿਸਰ ਆਖਦੇ, ਮਹਾਂਬਲੀ ਬਲਵਾਨ

ਪੜ੍ਹਿਆ ਚਾਰੇ ਵੇਦ ਜੋ, ’ਤੇ ਵੱਡਾ ਵਿਦਵਾਨ

 

ਕਾਲ਼ ਸੁਣੀਂਦਾ ਓਸ ਨੇ, ਬੱਧਾ ਪਾਵੇ ਨਾਲ

ਲੱਖਾਂ ਪੁੱਤ-ਪੜੋਤਰੇ, ਵੱਡਾ ਕੁਟੰਬ-ਕਮਾਲ

 

ਨਾਭੀ ਦੇ ਵਿੱਚ ਓਸ ਦੇ, ਅੰਮ੍ਰਿਤ ਦਾ ਭੰਡਾਰ

ਆਖਣ ਵਾਲੇ ਆਖਦੇ, ਮੌਤ ਨਾ ਸਕਦੀ ਮਾਰ

 

ਹੋ ਗਏ ਆਹਮੋ-ਸਾਹਮਣੇ, ਦੋ ਧੜਿਆਂ ਦੇ ਵੀਰ

ਬਰਛੇ ਗੁਰਜਾਂ ਖੜਕੀਆਂ, ਤੇ ਟਕਰਾਉਂਦੇ ਤੀਰ

 

ਰਾਵਣ ਦੇ ਵੱਲ ਸੂਰਮੇ, ਬੜੇ ਬਲੀ-ਬਲਵਾਨ

ਭਾਈ ਪੁੱਤ-ਪੜੋਤਰੇ, ਉੱਚੇ ਬੁਰਜ ਸਮਾਨ

 

 

 ਜੂਝਣ ਲਈ ਉਤਾਵਲੇ, ਜਾਂਦੇ ਸ਼ਾਸਤਰ ਬੰਨ੍ਹ

ਦੂਜੇ ਪਾਸੇ ਰਾਮ ਦੀ, ਸੈਨਾ ਵੰਨ-ਸੁਵੰਨ

 

ਵਾਨਰ ਸੈਨਾ ਓਸ ਦੀ, ਬੜੀ ਅਨੋਖੀ ਆਖ

ਵੇਂਹਦੇ-ਵੇਂਹਦੇ ਉਨ੍ਹਾਂ ਨੇ, ਕੀਤੀ ਲੰਕਾ ਰਾਖ        

  

ਰਚਨਾਕਾਰ ਰਚੇਤਿਆਂ, ਕੀਤੀ ਪਈ ਅਖੀਰ

ਘਰ ਦੇ ਭੇਤ ਨੇ ਮਾਰਿਆ, ਰਾਵਣ ਵਰਗਾ ਵੀਰ

 

ਮੌਤ ਨਾ ਜਿੱਤੀ ਕਿਸੇ ਨੇ, ਰਿਹਾ ਨਾ ਇੱਥੇ ਕੋ

ਸਮਾਂ ਨਾ ਟਲ਼ਦਾ ਟਾਲਿਆਂ, ਹੋਣੀ ਹੋਏ ਸੋ ਹੋ

 

ਕਲਟੀ ਮਾਰੀ ਸਮੇਂ ਨੇ, ਹੋਇਆ ਦੂਜੇ ਪੱਖ

ਯੁੱਗ ਦੁਆਪਰ ਆ ਗਿਆ, ਲੈ ਕੇ ਲੀਲ੍ਹਾ ਲੱਖ 

Description of Dvapara Yuga

ਇਸ ਯੁੱਗੜੇ ਦੀ ਵੇਖੀਏ, ਕਈ ਰੰਗੀ ਤਸਵੀਰ

ਅੰਨ੍ਹੇ ਰਾਜੇ ਏਸ ਦੇ, ਗੂੰਗੇ ਹੋਏ ਵਜ਼ੀਰ

 

ਪਰਜਾ ਬਹਿਰੀ-ਬਾਵਰੀ, ਡਰਨੇ ਬੁੱਤ ਬਣੀ

ਭਾਈ-ਭਾਈ ਵਿਚ ਖੜਕਦੀ, ਡਾਹਢੀ ਤਣਾ-ਤਣੀ

 

ਟੁੱਟੀਆਂ ਬਣੀਆਂ ਧਾਰਨਾ, ਟੁੱਟ ਗਏ ਇਤਬਾਰ

ਨਾ ਮਾਮਾ ਨਾ ਭਾਣਜਾ, ਨਾ ਕੋਈ ਨਾਤੇਦਾਰ

 

ਰਾਜੇ ਕਰਦੇ ਬਹਿਬਤਾਂ, ਸਿਰ ਚੜ੍ਹਿਆ ਅਭਿਮਾਨ

ਨਾਰੀ ਵਸਤੂ ਬਣ ਗਈ, ਤੇ ਹੋਵੇ ਅਪਮਾਨ

 

ਨਾਰੀ ਦੇ ਸਨਮਾਨ ਨੂੰ, ਲੱਗੀ ਡਾਹਢੀ ਢਾਹ

ਆਪਣੀ ਹੀ ਅਰਧਾਂਗਣੀ, ਲਾਉਂਦੇ ਜੂਏ ਦਾਅ

 

ਮਹਾਂਭਾਰਤ ਵਿਚ ਲਿਖਤ ਨੇ, ਇਨ੍ਹਾਂ ਦੇ ਪ੍ਰਸੰਗ

ਭਾਈ-ਭਾਈ ਦੇ ਯੁੱਧ ਦੀ, ਗਾਥਾ ਕਰਦੀ ਦੰਗ

 

ਪੰਜ ਪਾਂਡਵ ਦੀ ਆਖਦੇ, ਇਕ ਪੰਚਾਲੀ ਨਾਰ

ਜੂਏ ਦੇ ਵਿਚ ਓਸ ਨੂੰ, ਪਾਂਡਵ ਬਹਿ ਗਏ ਹਾਰ

 

ਗੂੜ੍ਹ  ਨ੍ਹੇਰਾ ਵਰਤਿਆ, ਕੌਰਵ ਦੇ ਦਰਬਾਰ

ਭਰੀ ਸਭਾ ਦੇ ਸਾਹਮਣੇ, ਦਿੱਤੀ ਪੱਤ ਉਤਾਰ

 

ਅੰਨ੍ਹੇ ਅਤੇ ਸੁਜਾਖਿਆਂ, ਅੱਖੀਂ ਧਰ ਲਏ ਹੱਥ

ਅੱਧ ਨੀਵੇਂ ਸਿਰ ਸੁੱਟ ਕੇ, ਖੜ੍ਹੀ ਪਰ੍ਹੇ ਤੇ ਸੱਥ  

 

ਛਲ-ਕਪਟ ਹੰਕਾਰ ਦੀ, ਉੱਚੀ ਹੋ ਗਈ ਧੌਣ

ਪੱਤ ਲੱਥਣ ਤੋਂ ਰੋਕਤੀ, ਵੇਖੋ ਆਇਆ ਕੌਣ ?

 

ਬਿੰਦਰਾਬਨ ਦਾ ਲਾਡਲਾ, ਆਖਣ ਕ੍ਰਿਸ਼ਨ-ਮੁਰਾਰ

ਕਹਿੰਦੇ ਉਸਨੇ ਰੋਕਿਆ, ਚੀਰ-ਹਰਨ ਬਦਕਾਰ

 

ਦੋ ਧੜਿਆਂ ਵਿਚ ਹੋ ਗਈ, ਡਾਹਢੀ ਖਿੱਚੋਤਾਣ

ਕੁਰੂਕਸ਼ੇਤਰ ਆਖਦੇ ਮੱਚ ਗਿਆ ਘਮਸਾਣ

 

Kalyug Nama: Epic poem by Jasbir Wattanwalia

ਰਾਜ ਸਿੰਘਾਸਣ ਖਾਤਿਰੋਂ, ਹੋਇਆ ਡਾਹਢਾ ਜੰਗ

ਖੂਨੋ-ਖੂਨੀ ਹੋ ਗਿਆ, ਫਿਰ ਧਰਤੀ ਦਾ ਰੰਗ

      

ਪਿਛਲੇ ਯੁੱਗ ਦੀ ਧਾਰਨਾ, ਮਰਿਆਦਾ ਨੂੰ ਤੋੜ

ਵਲ-ਛਲ-ਕਪਟ ਨੂੰ ਮਾਨਤਾ, ਕੂਟਨੀਤੀ ਦੀ ਹੋੜ

 

ਇਸੇ ਯੁੱਗ ਵਿੱਚ ਮਿਲ ਗਏ, ਕਲਯੁੱਗ ਦੇ ਸੰਕੇਤ

ਔਖਾ ਜਿਸ ਨੂੰ ਸਮਝਣਾ, ਔਖਾ ਜੀਹਦਾ ਭੇਤ

 

Description of Kalyug

 

ਕਲਯੁੱਗ ਕਲੂਆ ਚੜ੍ਹ ਗਿਆ, ਚੜ੍ਹਿਆ ਮਾਰੋ-ਮਾਰ

ਕੂੜ-ਕਪਟ ਕਿਰਦਾਰ ਦੀ, ਹੁੰਦੀ ਜੈ-ਜੈਕਾਰ

 

ਸੱਚ ਦਾ ਚੋਲ਼ਾ ਪਹਿਨ ਕੇ, ਹਰ ਥਾਂ ਫਿਰਦਾ ਕੂੜ

ਖ਼ਬਰੇ ਕਿਹੜੀ ਕੋਠੜੀ, ਸੱਚ ਨੂੰ ਦਿੱਤਾ ਨੂੜ

 

ਖ਼ਬਰੇ ਕਿੱਥੇ ਤਾੜ ਕੇ, ਖੁੱਲ੍ਹਾ ਫਿਰਦਾ ਏਹ

ਥਾਂ-ਥਾਂ ਤੇ ਮੂੰਹ ਮਾਰਦਾ, ਥਾਂ-ਥਾਂ ਖਾਂਦਾ ਖੇਹ

 

ਖ਼ਬਰੇ ਇਹਦੇ ਮਾਲਕਾਂ, ਕਾਹਤੋਂ ਲਾਹੀ ਨੱਥ

ਆਪ-ਮੁਹਾਰਾ ਦੌੜਦਾ, ਆਵੇ ਕਦੇ ਨਾ ਹੱਥ

 

ਖ਼ਬਰੇ ਡੈਹਾ ਏਸਦਾ, ਕੀਹਨੇ ਦਿੱਤਾ ਲਾਹ

ਮੂੰਹੋਂ ਛਿੱਕਾ ਏਸ ਨੇਲੱਗਦਾ ਲਿਆ ਲੁਹਾਅ

 

ਜਣੇ-ਖਣੇ ਨੂੰ ਮਾਰਦਾ, ਵੱਡੇ ਤਿੱਖੇ ਸਿੰਗ

ਕਿਹੜਾ ਬੰਨ੍ਹੇ ਏਸ ਨੂੰ, ਕਿਹੜਾ ਭੰਨੇ ਲਿੰਙ

 

ਕੰਨੋਂ ਫੜ ਕੇ ਏਸ ਨੂੰਦੇਵੇ ਕਿੱਲੇ ਨੂੜ

ਕਰੇ ਨਕੌੜਾ ਬੰਨ੍ਹ ਕੇ, ਲੱਤੀਂ ਪਾਵੇ ਜੂੜ

 

ਕੇਹੀ ਘੜੀ ਕੁਵੱਲੜੀਕੇਹੇ ਪੁੱਠੇ ਗੇੜ

ਕਿੱਦਾਂ ਫਿਰਦੀ ਭੂਤਰੀ, ਇਹ ਡੰਗਰਾਂ ਦੀ ਹੇੜ੍ਹ

 

ਚੁੱਕ-ਚੁੱਕ ਪੂਛਾਂ ਦੌੜਦੇ, ਡੰਗਰ ਚਾਰੋਂ ਓਰ

ਥਾਂ-ਥਾਂ ਉਤੇ ਕੱਢਦੇਸੰਢੇ ਆਪਣੀ ਖੌਰ੍ਹ

      

ਘੁਰਕਣ ਮਾਰਨ ਫੂਕਰਾਂ, ਥੱਲੇ ਘਿਸੜਨ ਪੈਰ

ਕੀ ਰੌਲਾ ਏ ਇਨ੍ਹਾਂ ਦਾ, ਖ਼ਬਰੇ ਕਾਹਦਾ ਵੈਰ

 

ਕੇਹੀ ਆਪੋ-ਧਾਪ ਹੈਕੇਹੀ ਮਾਰੋ-ਮਾਰ

ਭਾੜੇਖੋਰਾ ਹੋ ਗਿਆ, ਕਾਹਤੋਂ ਇਹ ਸੰਸਾਰ

    Kalyug Nama: Epic poem by Jasbir Wattanwalia

ਕੁਝ ਟੀਕੇ ਤੇ ਪਸਮਦੇ, ਮਿਲਦੇ ਲੰਙੇ-ਡੰਗ

ਸੱਜਰ –ਤੋਕੜ-ਆਬੂਏ, ਸਾਰੇ ਕਰਦੇ ਤੰਗ

 

ਛੜੀਆਂ ਢੁੱਡਾਂ ਮਾਰਦੇਨਵਜੰਮੇ ਵਛਰੂਟ

ਭੰਨਣ ਕਿੱਲੇ ਖੁਰਲੀਆਂ, ਖੋਲੇ-ਅਲ਼ਕ-ਮਲੂਕ

 

ਖ਼ਬਰੇ ਕਿਹੜਾ ਸਮਾਂ ਹੈ, ਖ਼ਬਰੇ ਕਿਹੜੀ ਮਾਰ

ਦੁੱਧ ਦੀ ਘੁੱਟ ਨੂੰ ਤਰਸਦਾ, ਡੰਗਰ ਪਾਲਣਹਾਰ

                                                 

ਕਦੇ-ਕਦੇ ਉਹ ਸੋਚਦਾ, ਕਾਹਤੋਂ ਬੱਧਾ ਵੱਗ

ਕਾਹਤੋਂ ਬੰਦੇ ਖੁਰਲੀਆਂ, ਕੱਟੜ-ਵੱਛੜ-ਢੱਗ

 

ਏਦਾਂ ਰਿਹਾ ਜੇ ਚੱਲਦਾ, ਏਦਾਂ ਰਿਹਾ ਜੇ ਹਾਲ

ਖਾ ਜਾਊ ਸਾਰਾ ਕੁਝ ਹੀ, ਕਿੱਲੇ ਬੱਧਾ ਮਾਲ

 

ਜੇ ਬਾਕੀ ਕੁਝ ਰਹਿ ਗਿਆ, ਪੱਠਾ-ਨੀਰਾ-ਅੰਨ

ਫਿਰਨ ਆਵਾਰਾ ਵਹਿੜਕੇ, ਉਨ੍ਹਾਂ ਦੇਣਾ ਭੰਨ

 

Kalyug Nama: Epic poem by Jasbir Wattanwalia

ਭਰੀ-ਭਰਾਈ ਧਰਤ ਹੀ, ਇਨ੍ਹਾਂ ਜਾਣੀ ਖਾ

ਬਾਕੀ ਲਤਾੜ-ਲਤਾੜ ਕੇਦੇਣਾ ਖੌਰੂ ਪਾ

 

ਸੁਣੋ ਸੁਣਾਵਾਂ ਦੋਸਤੋ, ਇਸ ਕਲ਼ਯੁੱਗ ਦਾ ਹਾਲ

ਚਤਰ-ਚਲਾਕ ਸ਼ਿਕਾਰੀਆਂ, ਥਾਂ-ਥਾਂ ਸੁੱਟੇ ਜਾਲ਼

 

ਥਾਂ-ਥਾਂ ਫਾਹੀ ਕੱਟਦੇ, ਭੋਲ਼ੇ-ਭਾਲ਼ੇ ਜੀਅ

ਕੀ-ਕੀ ਉਹ ਲੋਚਦੇਹੁੰਦਾ ਕੀ ਦਾ ਕੀ !

 

ਭੋਲ਼ੇ ਅਤੇ ਗ਼ਰੀਬ ਦੀਵਿਚ ਕੜਿੱਕੀ ਜਾਨ

ਥੱਲਿਓਂ ਧਰਤੀ ਖਿਸਕਦੀ, ਤੇ ਉੱਪਰੋਂ ਅਸਮਾਨ

 

ਵੇਲਾ ਪਿਆ ਟਪਾਂਵਦਾ, ਉਹੋ ਨਿੱਤ-ਹਰੋਜ਼

ਹੱਥ-ਭੜੱਥੀ ਮਾਰਦਾ, ਚਾਤਰ ਆਖਣ ਚੋਜ

 

ਮਾੜੇ ਗਊ-ਗ਼ਰੀਬ ਦੀਥਾਂ-ਥਾਂ ਉਤਰੇ ਪੱਤ

ਜ਼ੋਰਾਵਰ ਤੇ ਡਾਹਢਿਆਂ, ਡਾਹਢੀ ਕੀਤੀ ਅੱਤ

            

ਕੀ ਡਾਹਢੇ ਨੂੰ ਰੋਕਣਾ, ਚਿੱਤ ਵਿਚ ਭਰਿਆ ਭੌਅ

ਹਰ ਡਾਹਢੇ ਦਾ ਹੋ ਰਿਹਾਸੱਤੀਂ ਵੀਹੀਂ ਸੌ

Kalyug Nam: Epic poem by Jasbir Wattan Wali

ਮਾੜਾ-ਮਾਹਤੜ ਆਖਰੋਂ, ਲੈਂਦਾ ਕਿਸਮਤ ਕੋਸ

ਆਖੇ ਭਾਣਾ ਓਸਦਾਜਾਂ ਆਪਣਾ ਹੀ ਦੋਸ਼

 

ਤਾਣਾ-ਬਾਣਾ ਵਿਗੜਿਆ, ਰਿਸ਼ਵਤ ਹੋ ਗਈ ਰੀਤ

ਥਾਂ-ਥਾਂ ਗਊ-ਗ਼ਰੀਬ ਦੀ, ਮਿੱਟੀ ਹੋਏ ਪਲੀਤ

 

ਥਾਂ-ਥਾਂ ਚੋਰ ਬਾਜ਼ਾਰੀਆਂ, ਬੇਪਰਵਾਹੇ ਚੋਰ

ਰਾਖੇ ਡਾਕੇ ਮਾਰਦੇ, ਬਣ ਗਏ ਆਦਮਖੋਰ

 

ਥਾਂ-ਥਾਂ ਗਿਰਝਾਂ ਫਿਰਦੀਆਂ, ਖਾਵਣ ਮੁਰਦੇ ਰੱਜ

ਸਬਰ ਅਤੇ ਸੰਤੋਖ ਦੀਟੁੱਟੀ ਜਾਪੇ ਲੱਜ

 

ਥਾਂ-ਥਾਂ ਫਿਰਨ ਸਪੋਲੀਏ, ਥਾਂ-ਥਾਂ ਫਿਰਦੇ ਸੱਪ

ਥਾਂ-ਥਾਂ ਫਨੀਅਰ ਕੋਬਰੇ, ਰਹੇ ਖੜੱਪੇ ਟੱਪ

Kalyug Nam: Epic poem by Jasbir Wattan Wali

 

ਜਣੇ ਖਣੇ ਨੂੰ ਡੰਗਦੇ, ਨਾ ਜ਼ਹਿਰਾਂ ਦਾ ਤੋੜ

ਜੋਗੀ ਤੰਬੂ ਤਾਣ ਕੇਸੌਂ ਗਏ ਖੇਸੀ ਓੜ

 

ਜਿਹੜੇ ਜੋਗੀ ਜਾਗਦੇ, ਰਹੇ ਸੰਵਾਦ ਰਚਾਅ

ਅਜਗਰ ਵੜਕੇ ਘਰਾਂ ਵਿੱਚ, ਚੱਲੇ ਖ਼ਲਕਤ ਖਾ

             

ਕੋਈ ਖਾਧਾ ਕੋਈ ਡੰਗਿਆ, ਸਭ ਦੀ ਮੁੱਠੀ ਜਾਨ

ਡਰਦੇ ਮਾਰੇ ਲੋਕ  ਹੁਣ, ਸੱਪੀਂ ਦੁੱਧ ਪਿਆਣ

 

In

 

 ਵਿਰਲਾ ਜੋਗੀ ਘੁੰਮਦਾ, ਗਲ਼ ਵਿਚ ਬਗਲੀ ਪਾ

ਉਹ ਵੀ ਲਾਂਭੇ ਖੁੱਡ ਤੋਂਜਾਵੇ ਬੀਨ ਵਜਾ

 

ਕਿਹੜਾ ਲੱਭੀਏ ਮਾਂਦਰੀ, ਖੱਟੇ ਕਰੇ ਜੋ ਦੰਦ

ਸੱਪ ਖੜੱਪੇ-ਕੋਬਰੇਕੁੱਜੀ ਕਰੇ ਜੋ ਬੰਦ

 

ਜਾਂ ਕੋਈ ਉੱਠੇ ਸੂਰਮਾ, ਸਿਰੀਆਂ ਦੇਵੇ ਭੰਨ

ਪੂਛੋਂ ਫੜ-ਫੜ ਕੋਬਰੇਦੇਵੇ ਘੁਮੇਟਾ ਬੰਨ੍ਹ

 

ਕਿਹਾ ਭਿਆਨਕ ਸਮਾਂ ਹੈ, ਕੇਹੀ ਭਿਆਨਕ ਵਾ

ਦੁੱਧ ਦੀ ਰਾਖੀ ਦੋਸਤੋ, ਬਿੱਲੇ ਬਹਿ ਗਏ ਆ

 

 

ਬਿੱਲੇ ਦੇਖ ਕਬੂਤਰਾਂ, ਲਈਆਂ ਅੱਖਾਂ ਮੀਚ

ਵਾਰੀ ਆਪੋ-ਆਪਣੀ, ਬੈਠੇ ਰਹੇ ਉਡੀਕ

 

ਨਾ ਉੱਡਣ ਦਾ ਹੌਸਲਾ, ਨਾ ਖੰਭਾਂ ਵਿੱਚ ਜਾਨ

ਬੈਠੇ ਜੀਂਦੇ ਸਹਿਕਦੇ, ਬਿੱਲਿਆਂ ਦਾ ਅਹਿਸਾਨ

 

ਕਿੱਥੋਂ ਖੰਭ ਨੇ ਫੜਕਣੇ, ਠੰਢਾ ਹੋ ਗਿਆ ਖ਼ੂਨ

ਨਾ ਸੁਪਨੇ ਅਸਮਾਨ ਦੇ, ਨਾ ਦਿਲ ਵਿੱਚ ਜਨੂੰਨ

 

ਖ਼ਬਰੇ ਕਾਹਤੋਂ ਹੋ ਗਿਆ, ਇਨ੍ਹਾਂ ਦਾ ਇਹ ਹਾਲ

ਖ਼ਬਰੇ ਠੰਢੇ ਖ਼ੂਨ ਦਾਕਿੱਥੇ ਗਿਆ ਉਬਾਲ਼

 

ਕਿਉਂ ਇਨ੍ਹਾਂ ਦਾ ਹੋ ਗਿਆ, ਖਾਨਾ ਖ਼ੂਨ ਖ਼ਰਾਬ

ਕੀਕਣ ਕਰੀਏ ਪਾਕਿ ਹੁਣ, ਕੀਕਣ ਆਵੇ ਤਾਬ

 

ਕੇਹੇ ਵਕਤ ਨਿਖਾਫਣੇ, ਕੇਹੀ ਕਸੂਤੀ ਵਾ

ਬਾਂਦਰ ਦੇ ਹੱਥ ਡੱਬੀਆਂ, ਕਿੱਥੋਂ ਗਈਆਂ ਆ

 

ਇਸ ਬਾਂਦਰ ਨੇ ਫੂਕਣੀ, ਧਰਤੀ ਚਾਰੋਂ ਓਰ

ਜੰਗਲ ਬੇਲੇ ਬਸਤੀਆਂ, ਕੋਇਲਾਂ ਤੋਤੇ ਮੋਰ

 

ਇਸ ਬਾਂਦਰ ਨੇ ਫੂਕਣਾ, ਪਾਣੀ ਅੰਨ-ਅਨਾਜ

ਵਿਰਸਾ ਅਤੇ ਵਿਰਾਸਤਾਂ, ਬੰਸਰੀਆਂ ਤੇ ਸਾਜ਼

 

ਇਸ ਬਾਂਦਰ ਨੇ ਫੂਕਣੇ, ਵੱਸਦੇ-ਰਸਦੇ ਲੋਕ

ਯੁੱਗਾਂ-ਯੁੱਗਾਂ ਦੇ ਫ਼ਲਸਫ਼ੇ, ਭੱਠੀ ਦੇਣੇ ਝੋਕ

 

ਕੇਹਾ ਧੰਦੂਕਾਰ ਹੈ, ਕੇਹੀ ਚੜ੍ਹੀ ਹੈ ਖੱਖ

ਇੱਕੋ ਘਰ ਚੋਂ ਪਾਟੀਆਂ, ਰਾਹਾਂ ਵੱਖੋ-ਵੱਖ

1947 

    ਖਿੰਡਦੇ-ਖਿੰਡਦੇ ਖਿੰਡਰਿਆ, ਪੂਰਾ ਘਰ-ਪਰਿਵਾਰ

ਬੈਠ ਇਕੱਲਾ ਸਹਿਕਦਾ, ਵੱਡਾ ਟੱਬਰਦਾਰ

 

ਵੱਡੇ ਟੱਬਰਦਾਰ ਦੀ, ਮਿੱਟੀ ਹੋਈ ਪਲੀਤ

ਝਬਦੇ ਸਭ ਕੁਝ ਬਦਲਿਆ, ਨਫਰਤ ਬਣੀ ਪ੍ਰੀਤ  

            

ਖ਼ਬਰੇ ਕਾਹਤੋਂ ਹੋ ਗਏ, ਖੇਰੂੰ-ਖੇਰੂੰ ਜੀਅ

ਵਹਿੰਗੀ ਲੈ ਕੇ ਮੁੜੇ ਨਾ, ਸਰਵਣ ਪੁੱਤਰ-ਧੀ  

  Kalyug Nama : Epic poem by Jasbir Wattanwalia

ਖ਼ਬਰੇ ਵਹਿੰਗੀ ਭਾਲ਼ਦੇ, ਤੁਰ ਗਏ ਕਿਹੜੇ ਦੇਸ

ਕਿਹੜੀ ਬੋਲੀ ਬੋਲਦੇ, ਖ਼ਬਰੇ ਕਿਹੜਾ ਭੇਸ          

 

ਜਾਂ ਫਿਰ ਮੋਢੇ ਉਨ੍ਹਾਂ ਦੇ, ਵਹਿੰਗੀ ਤੋਂ ਲਾਚਾਰ

ਜਾਂ  ਪਿੱਠ ਉੱਤੇ ਪੈ ਗਿਆ, ਦੂਜਾ ਤੀਜਾ ਭਾਰ

 

ਜਾਂ ਫਿਰ ਸਰਵਣ ਹੋ ਗਏ, ਅਸਲੋਂ ਹੀ ਨਿਰਮੋਹ

ਰੀਤ ਪਿਆਰੀ ਦੇਸ਼ ਦੀ, ਦਿੱਤੀ ਉਨ੍ਹਾਂ ਕੋਹ

 

ਕੇਹਾ ਹੁਸੜ ਹੋ ਗਿਆ, ਕੇਹਾ ਹੋਇਆ ਵੱਟ

ਫਲੇ-ਫੈਲਾਏ ਬਾਗ ਨੂੰ, ਕੀਹਨੇ ਦਿੱਤਾ ਪੱਟ

 

ਸੁੱਤੇ-ਸੁੱਤਿਆਂ ਵਗ ਗਿਆ, ਜਾਂ ਕੋਈ ਝੱਖੜ ਨ੍ਹੇਰ

ਕੱਚੇ-ਪੱਕੇ ਫ਼ਲਾਂ ਨੂੰਦਿੱਤਾ ਭੁੰਜੇ ਕੇਰ

 

ਕਾਹਤੋਂ ਲਾਲੀ ਖ਼ੂਨ ਦੀ, ਹੋ ਗਈ ਚਿੱਟ-ਸਫੈਦ

ਜਜ਼ਬੇ ਅਤੇ ਸੰਵੇਦਨਾ, ਕਿੱਥੇ ਹੋ ਗਏ ਕੈਦ ?

 

ਬੰਜਰ ਹੋ ਗਈ ਚੇਤਨਾਬੰਦਾ ਚਿੰਤਨਹੀਣ

ਜੀਵ ਸ੍ਰੇਸ਼ਠ ਧਰਤ ਦਾ, ਜਾਪੇ ਹੋਇਆ ਖੀਣ

 

ਰਿਸ਼ਤੇ ਨਾਤੇ ਦੋਸਤੀ, ਹੋ ਗਏ ਹੋਰੋਂ-ਹੋਰ

ਲੋੜੋਂ ਬਾਪੂ ਆਖਦੇ, ਹਰ ਕੋਈ ਮਤਲਬਖੋਰ

 

ਗੱਲੋ-ਗੱਲੀ ਖੜਕਦੀ, ਭਾਈਆਂ ਦੇ ਵਿੱਚ ਡਾਂਗ

ਟਾਹਣੀ-ਟਾਹਣੀ ਬਿਰਖ ਦੀ ਜਾਪੇ ਦਿੱਤੀ ਛਾਂਗ

 

ਤਿੱਖੜ ਸਿਖਰ ਦੁਪਹਿਰ ਦਾ, ਉੱਤੋਂ ਮੀਨ੍ਹਾ ਜੇਠ

ਤਪਦੇ ਕੋਠੇ ਬੈਰਕਾਂਬਹੀਏ ਕੀਹਦੇ ਹੇਠ

 

ਕਿੱਥੋਂ ਲੱਭੀਏ ਪਿਲਕਣਾ, ਜਾਂ ਫਿਰ ਬਾਬਾ ਬੋਹੜ

ਵੇਲਾ ਲੰਘਿਆ ਬੀਤਿਆ, ਕਿੱਦਾਂ ਲਈਏ ਮੋੜ

 

ਵੇਂਹਦੇ-ਵੇਂਹਦੇ ਹੋ ਗਏ, ਸੱਭੋ ਸੁਪਨੇ ਚੂਰ

ਸੁੱਕੇ ਸੋਮੇ-ਸਰਵਰਾਂ, ਸਾਵਣ ਹਾਲੇ ਦੂਰ

 

ਤਿੱਤਰ ਖੰਭੀ ਬੱਦਲੀ, ਨਾ ਬੁੱਲਾ ਨਾ ਵਾ

ਸੂਰਜ ਸੇਕਾਂ ਮਾਰਦਾ ਡਾਢਾ ਭੈੜਾ ਤਾਅ

 

ਅੱਖਾਂ ਅੱਗੇ ਤੈਰਦੇ, ਲਪਟਾਂ ਤੇ ਅੰਗਿਆਰ

ਦੌੜਨ ਘੋੜੇ ਅੱਗ ਦੇ, ਭੱਜਣ ਮਾਰੋ-ਮਾਰ

 

Kalyug Nama : Epic poem by Jasbir Wattanwalia

 

ਭੱਠੀ ਵਾਂਗੂੰ ਹੋ ਗਈ, ਧਰਤੀ ਲਾਲੋ-ਲਾਲ

ਛਾਂਦਾਰੀ ਹਰ ਬਿਰਖ ਨੂੰ, ਹੱਥੀਂ ਦਿੱਤਾ ਬਾਲ

 

ਸੀਨਾ ਸੋਹਣੀ ਧਰਤ ਦਾ, ਹੱਥੀਂ ਦਿੱਤਾ ਲੂਸ

ਕਿੱਦਾਂ ਪੁੱਠਾ ਮੋੜੀਏ, ਇਹ ਵੇਲਾ ਮਨਹੂਸ

 

ਆਵੇ ਵਰਖਾ ਹਵਾ ਦਾਬੁੱਲਾ ਠੰਢਾ-ਠਾਰ

ਸ਼ਾਲਾ ਸੋਹਣੀ ਧਰਤ ਤੇ, ਫੇਰ ਖਿੜੇ ਗੁਲਜ਼ਾਰ

 

ਮੌਲੀ-ਵਿਗਸੀ ਧਰਤ ਤੇ, ਕੋਇਲਾਂ ਗਾਵਣ ਗੀਤ

ਨਾਦ ਸੁਣੇ ਹਰ ਪਾਸਿਓਂ, ਤੇ ਸੋਹਣਾ ਸੰਗੀਤ

 

ਸੱਤਿਅਮ, ਸ਼ਿਵਮ ਤੇ ਸੁੰਦਰਮ, ਦੀ ਹੋ ਜਾਵੇ ਸਾਰ

ਸਾਜੀ ਅਤੇ ਗਵੰਤਰੀ, ਰਲ ਗਾਵਣ ਮਲਹਾਰ

 

ਕਣ-ਕਣ ਚੋਂ ਹਰ ਪਾਸਿਓਂ, ਉੱਠੇ ਨਾਦ ਸੁਗੰਧ

ਮਨ ਮੌਲੇ ਤਨ ਖਿੜ ਰਹੇ, ਹੋਵੇ ਅਨਤ ਆਨੰਦ

 

ਕੇਹਾ ਵਕਤ ਸਰਾਪਿਆ, ਕੇਹੀ ਬਦਲੀ ਵਾ

ਹਰ ਟਾਹਣੀ ਹਰ ਸ਼ਾਖ ਤੇ, ਉੱਲੂ ਬੋਲ ਰਿਹਾ

   Kalyug Nama : Epic poem by Jasbir Wattanwalia

ਚਾਰੇ ਪਾਸੇ ਪੈ ਗਿਆ, ਕਾਵਾਂ-ਰੌਲ਼ਾ ਸ਼ੋਰ

ਰੌਲ਼ੇ ਵਿੱਚ ਗਵਾਚ ਗਏ, ਗਾਉਂਦੇ ਕੋਇਲਾਂ ਮੋਰ

 

ਕੀ ਕੋਇਲਾਂ ਨੇ ਗਾਵਣਾ, ਨਾ ਅੰਬੀਆਂ ਨਾ ਬੂਰ

ਰੌਲਾ-ਰੱਪਾ ਰਹਿ ਗਿਆ, ਕਾਵਾਂ ਦਾ ਮਸ਼ਹੂਰ

 

ਪਰਖਣਹਾਰੀ ਲੂੰਬੜੀ, ਜਿਸ ਦੇ ਕਊਏ ਵੀਰ

ਜਦ ਗਾਉਂਦੇ ਤਦ ਡਿੱਗਦਾ, ਮੱਖਣ ਅਤੇ ਪਨੀਰ

Kalyug Nama : Epic poem by Jasbir Wattanwalia

  ਭੁੱਖੜ ਹੋਈ ਲੂੰਬੜੀ, ਭੁੱਲੀ ਬੈਠੀ ਰਾਗ

ਸੱਦਾਂ, ਹੇਕਾਂ, ਲੋਰੀਆਂ, ਘੋੜੀਆਂ ਅਤੇ ਸੁਹਾਗ

 

ਜਾਂ ਫਿਰ ਰਾਗ ਅਲਾਪਦਾ, ਮੀਆਂ ਮਿੱਠੂ-ਰਾਮ

ਮਾਲਕ-ਮਾਲਕ ਗਾਂਵਦਾ, ਸੁਬ੍ਹਾ-ਦੁਪਹਿਰੇ-ਸ਼ਾਮ

 

ਟੈਂ-ਟੈਂ ਮਿੱਠੂ ਰਾਮ ਦੀ, ਮਹਿਫ਼ਲ ਦਾ ਸ਼ਿੰਗਾਰ

ਪਿੰਜਰੇ ਦੇ ਵਿੱਚ ਰਹਿੰਦਿਆਂ, ਲੁੱਟਦਾ ਮੌਜ-ਬਹਾਰ

 

ਨੰਗਾ ਸੱਚ ਜੋ ਬੋਲਦੇ, ਉੱਡ ਗਏ ਕਿਧਰੇ ਦੂਰ

ਮੁਲਕ ਬਿਗਾਨੇ ਫਾਥੜੇਉਹ ਪੂਰਾਂ ਦੇ ਪੂਰ

 

ਰੌਲੇ ਦੇ ਵਿੱਚ ਹੋ ਗਏ, ਮਸਲੇ ਘੱਟੇ-ਰੋਲ਼

ਜੇ ਕੋਈ ਮਸਲਾ ਝਲਕਦਾ, ਉਹ ਵੀ ਦਿਸਦਾ ਗੋਲ.

 

ਤਕੜੇ ਦੇ ਵੱਲ ਪਿੱਠ ਹੈ, ਸ਼ੀਸ਼ਾ ਮਾੜੇ ਵੱਲ

ਮਾੜਾ-ਮਾਹਤੜ ਮਾਰਿਆ, ਝਾਕੇ ਉੱਪਰ ਵੱਲ

 

ਇਸ ਸ਼ੀਸ਼ੇ ਨੇ ਬਦਲ ਕੇ, ਕਊਏ ਕੀਤੇ ਹੰਸ

ਕਾਵਾਂ ਦੇ ਵਿੱਚ ਬਦਲਿਆ, ਹੰਸਾਂ ਦਾ ਸਰਬੰਸ

 

ਇਸ ਸ਼ੀਸ਼ੇ ਨੇ ਵੇਂਹਦਿਆਂ, ਦਿੱਤੇ ਅਕਸ ਵਿਗਾੜ

ਸੂਲੀ ਨੂੰ ਫੁੱਲ ਆਖਿਆ, ਤੇ ਫੁੱਲਾਂ ਨੂੰ ਸਲਵਾੜ੍ਹ

 

Kalyug Nama : Epic poem by Jasbir Wattanwalia

ਇਸ ਸ਼ੀਸ਼ੇ ਵਿੱਚ ਵੇਖਿਆਂ, ਵਿੰਗਾ ਦਿੱਸਦਾ ਮੂੰਹ

ਅੱਖਾਂ ਦਿੱਸਣ ਭੈਂਗੀਆਂ, ਨਾ ਮੈਂ, ਮੈਂ… , ਨਾ ਤੂੰ

 

ਇਸ ਸ਼ੀਸ਼ੇ ਨੇ ਚਾੜ੍ਹਿਆ, ਬੇਸ਼ਕਲੇ ਨੂੰ ਰੂਪ

ਸ਼ਕਲਾਂ ਵਾਲੇ ਬਦਲਕੇ, ਕੀਤੇ ਪਏ ਕਰੂਪ

 

ਸ਼ੀਸ਼ਾ ਹੱਥੀਂ ਜੇਸਦੇ, ਓਸੇ ਦਾ ਹੀ ਰਾਜ

ਓਸੇ ਮੋਢੇ ਫੀਤੀਆਂਓਸੇ ਦੇ ਸਿਰ ਤਾਜ

 

ਅੱਕਿਆ ਬੰਦਾ ਸੋਚਦਾ, ਸ਼ੀਸ਼ਾ ਦੇਈਏ ਤੋੜ

ਕੀਚਰ-ਕੀਚਰ ਰਗੜਕੇ, ਦੇਈਏ ਕਿਧਰੇ ਰੋੜ੍ਹ

 

ਕਿੱਡਾ ਆਵਾ ਊਤਿਆ, ਮਰਿਆ ਸਭ ਦਾ ਮੱਚ

ਕਿਹੜਾ-ਕਿਹੜਾ ਫੋਲੀਏ, ਕਾਲ਼ੇ ਯੁੱਗ ਦਾ ਸੱਚ

 

ਖ਼ਬਰੇ ਕਾਹਤੋਂ ਹੋ ਗਿਆ, ਹਰ ਸ਼ੈਅ ਦਾ ਹੀ ਘਾਣ

ਵਿਰਲੇ ਟਾਵੇਂ ਰੁੱਖ ਤੇ, ਪੰਛੀ ਪਏ ਚਿਚਲਾਣ

 

ਫਲਾਹਾਰੀ ਇਸ ਬਾਗ ਤੇ, ਚੜ੍ਹ ਗਈ ਅੰਬਰ ਵੇਲ

ਬਾਜ਼ੀ ਪੁੱਠੀ ਪੈ ਗਈਪੁੱਠੀ ਪੈ ਗਈ ਪੇਲ

 

ਖ਼ਬਰੇ ਕਿੱਥੋਂ ਆ ਗਈ, ਇਹ ਭੈੜੀ ਮਨਹੂਸ

ਫ਼ਲ਼ੇ-ਫ਼ਲਾਏ ਬਾਗ਼ ਨੂੰ , ਚੱਲੀ ਕਿੱਦਾਂ ਚੂਸ

 

Kalyug Nama : Epic poem by Jasbir Wattanwalia

 

ਹਰ ਪੱਤੇ ਹਰ ਟਾਹਣ ਤੇ, ਬੈਠੀ ਗਲਬਾ ਪਾ

ਕੱਲੇ-ਕੱਲੇ ਬਿਰਖ ਨੂੰ, ਲੱਗਦਾ ਚੱਲੀ ਖਾ

 

ਪਰਜੀਵੀ ਇਸ ਵੇਲ ਦੇ, ਕਿੱਥੋਂ ਆ ਗਏ ਬੀਅ

ਖ਼ਬਰੇ ਕਿੱਦਾਂ ਫੈਲ ਗਈ, ਕਿੱਥੇ ਜੰਮੀ ਸੀ

 

ਭੈੜੀ-ਚੰਦਰੀ ਵੇਲ ਤੋਂ, ਕਿੱਦਾਂ ਮਿਲੇ ਨਿਜਾਤ

ਕਿੱਦਾਂ ਸੁੱਟੀਏ ਤੋੜ ਕੇ, ਇਹ ਭੈੜੀ ਕਮਜ਼ਾਤ

 

ਖ਼ਬਰੇ ਕਿੱਦਾਂ ਲੱਥਣੀ ਇਹ ਪਰਜੀਵੀ ਵੇਲ

ਜਾਪੇ ਰੁੱਖੀਂ ਜੜ੍ਹਾਂ ਦੇ, ਪਾਇਆ ਨਾਸ਼ਕ ਤੇਲ

 

ਕਿੱਡਾ ਪਾਸਾ ਪਲਟਿਆ, ਕਿੱਡਾ ਵੱਜਾ ਲੋਹੜ

ਸਾਰੀ ਕੀਤੀ-ਕੱਤਰੀ ਕੀਹਨੇ ਦਿੱਤੀ ਰੋੜ੍ਹ

 

ਖ਼ਬਰੇ ਕਿਹੜਾ ਸਮਾਂ ਹੈ, ਖ਼ਬਰੇ ਕਿਹੜੀ ਬਾਣ

ਖੜ੍ਹੀ-ਖੜੋਤੀ ਫ਼ਸਲ ਨੂੰ, ਕਿੱਦਾਂ ਚੂਹੇ ਖਾਣ

 

ਕੱਚੇ-ਪੱਕੇ-ਡੱਡਰੇ, ਜਾਣ ਉਜਾੜੀ ਖੇਤ

ਘਰ ਬੈਠੇ ਕਿਰਸਾਣ ਨੂੰ, ਰਤਾ ਨਾ ਲੱਗਦਾ ਭੇਤ

 

ਖਾਧਾ ਅਤੇ ਉਜਾੜਿਆ, ਖੁੱਡੀਂ ਭਰਿਆ ਅੰਨ

ਸੋਨੇ ਵਰਗੇ ਅੰਨ ਤੋਂ, ਹੋ ਜਾਏ ਕਾਲਾ ਧਨ

 

ਖੁੱਡੀਂ ਰੱਖ-ਰੱਖ ਗੋਲੀਆਂ, ਅੱਕ ਚੁੱਕਿਆ ਕਿਰਸਾਣ

ਥੱਕਿਆ ਖੁੱਡਾਂ ਪੂਰਦਾਚੂਹੇ ਵਧਦੇ ਜਾਣ

 

ਇਹ ਚੂਹਿਆਂ ਦਾ ਕੋੜਮਾ, ਵਧਿਆ ਬੇਹਿਸਾਬ

ਵੱਡਾ ਹਿੱਸਾ ਅੰਨ ਦਾ, ਕੀਤੀ ਜਾਣ ਖ਼ਰਾਬ

 

ਖ਼ਬਰੇ ਕਾਹਤੋਂ ਆ ਗਿਆ, ਵੇਲਾ ਘਾਟੇਵੰਦ

ਖ਼ਬਰੇ ਕਿੱਦਾਂ ਹੋਵਣਾ, ਚੂਹਿਆਂ ਦਾ ਪ੍ਰਬੰਧ

 

ਕਦੇ-ਕਦੇ ਉਹ ਸੋਚਦਾ, ਰਲੀਏ ਸਭ ਕਿਰਸਾਣ

ਕੁੱਟ-ਕੁੱਟ ਚੂਹੇ ਮਾਰੀਏ, ਕਰੀਏ ਸਭ ਦਾ ਘਾਣ

 

Kalyug Nama : Epic poem by Jasbir Wattanwalia

 

ਜਾਂ ਫਿਰ ਏਦਾਂ ਸੋਚਦਾਕਰੀਏ ਐਸੀ ਕਾਰ

 

ਖੁੱਡੀਂ ਪਾਣੀ ਵਾੜ ਕੇ, ਕੱਢੀਏ ਚੂਹੇ ਬਾਹਰ

 

ਹੋਕੇ ਕੱਠੇ ਰੱਖੀਏ, ਖੁੱਡਾਂ ਵਿੱਚ ਸਲਫਾਸ

ਸ਼ਾਲਾ ਸਾਰੀ ਧਰਤ ਤੋਂ, ਹੋਵਣ ਚੂਹੇ ਨਾਸ

 

ਕੱਠੇ ਕਿੱਦਾਂ ਹੋਵੀਏ, ਏਹੀਓ ਮੁੱਖ ਸਵਾਲ?

ਹਰ ਮਸਲੇ ਦਾ ਹੱਲ ਹੀ, ਹੋਣਾ ਏਕੇ ਨਾਲ਼

 

ਏਕਾ ਗਿਆ ਗਵਾਚਿਆ, ਗਿਆ ਗਵਾਚਾ ਕੱਠ

              ਹਰ ਚੂਹੇ ਦਾ ਹੋ ਗਿਆ, ਸੋਲ੍ਹੋ ਦੂਣੀ ਅੱਠ              

 

ਸੋਲੋ ਦੂਣੀ ਆਠਿਆਂ, ਸੱਤੀਂ ਵੀਹੀਂ ਸੌ

ਨਾ ਬਿੱਲੀ ਦਾ ਖ਼ੌਫ਼ ਹੈ, ਨਾ ਪਿੰਜਰੇ ਦਾ ਭੌਅ

 

ਬੇਇਤਫਾਕੀ ਮਾਰ ਲਏ, ਕਿਰਤੀ ਤੇ ਕਿਰਸਾਣ

ਮੁੱਦੇ ਆਪੋ-ਆਪਣੇਤਾਂਹੀਓਂ ਹੁੰਦਾ ਘਾਣ

 

ਸਾਂਝੇ ਮੁੱਦੇ ਇਨ੍ਹਾਂ ਦੇ, ਕਿਧਰੇ ਗਏ ਗਵਾਚ

ਕਿੱਥੋਂ ਆਵੇ ਚੇਤਨਾ, ਕਿਹੜਾ ਦੱਸੇ ਜਾਚ ?

 

ਇਨ੍ਹਾਂ ਦੇ ਹੀ ਖੌਂਸੜੇ, ਸਿਰ ਇਨ੍ਹਾਂ ਦੇ ਪੈਣ !

ਲੋਟੂ ਮੁੱਢ-ਕਦੀਮ ਤੋਂ, ਗਿਣ-ਗਿਣ ਵਾਰੇ ਲੈਣ

 

ਗਿਣ-ਗਿਣ ਲੈਂਦੇ ਵਾਰੀਆਂ, ਨਾਦਰਸ਼ਾਹੀਏ ਸ਼ਾਹ

ਲੁੱਟਾਂ ਦਾ ਇਹ ਸਿਲਸਿਲਾ, ਤੁਰਿਆ ਬੇਪਰਵਾਹ

 

ਬੇਪਰਵਾਹੇ ਲੋਟੂਆਂ, ਪਾਇਆ ਅੰਨ-ਹਨ੍ਹੇਰ

ਲੁੱਟਾਂ ਮੁੱਢ-ਕਦੀਮ ਤੋਂਹੋ ਗਈ ਚੋਖੀ ਦੇਰ

 

ਇਹ ਲੁੱਟਾਂ ਦਾ ਸਿਲਸਿਲਾ, ਤੁਰਿਆ ਆਏ ਅਰੋਕ

ਨਸ-ਨਸ ਉੱਤੇ ਚਿੰਬੜੀ, ਗਿੱਠ ਗਿੱਠ ਲੰਬੀ ਜੋਕ

 

Kalyug Nama : Epic poem by Jasbir Wattanwalia

 

 ਗਿੱਠ-ਗਿੱਠ ਲੰਮੀ ਜੋਕ ਦੇ, ਅੱਗੋਂ ਕਈ-ਕਈ ਬੱਚ

ਝਬਦਿਆਂ ਵੱਡੇ ਹੋਂਵਦੇ, ਭਰਦੇ ਖੂਨੀ ਗੱਚ !

 

ਯੁੱਗਾਂ ਯੁੱਗਾਂ ਤੋਂ ਪੀ ਰਹੇ, ਇਹ ਲੋਕਾਂ ਦਾ ਖ਼ੂਨ

ਨਾ ਰੱਜੇ ਨਾ ਉਤਰੇ, ਲੁੱਟਿਆ ਰਿਹਾ ਸਕੂਨ

 

ਕਿਰਤੀ ਕਾਮੇ ਨਾਲ ਹੀ ਹੁੰਦਾ ਏਦਾਂ
ਕਿਉਂ
?

ਖ਼ਾਲਸ ਕਣਕ ਉਹ ਬੀਜ਼ਦਾ, ਪਰ ਉਗ ਪੈਂਦੇ ਜੌਂ

 

ਅਣਚਾਹੇ ਹੀ ਉੱਗਦੇ, ਫਸਲਾਂ ਵਿੱਚ ਨਦੀਨ

ਗਲਬਾ ਪਾਉਂਦੇ ਫ਼ਸਲ ਤੇ, ਲੈਂਦੇ ਮੱਲ ਜ਼ਮੀਨ

 

ਮੈਨੇ ਛੱਪੜੀ ਪਾਲਕਾਂ, ਬੇ ਥਾਹ ਹੋਣ ਚਫੇਰ

ਖ਼ਬਰੇ ਕਿੱਦਾਂ ਪਨਪਦੇਗੁੱਲੀ ਡੰਡੇ ਢੇਰ

 

ਕਦੇ-ਕਦੇ ਉਹ ਸੋਚਦਾ, ਸਨਮੀਂ ਕਰੀਏ ਭੋਂ

ਵਾਹੀਏ ਛੱਪੜੀ ਪਾਲਕਾਂ, ਵੱਢ-ਵੱਢ ਸੁੱਟੀਏ ਜੌਂ

 

ਪੱਕਣੋਂ ਪਹਿਲਾਂ ਮਾਰੀਏ, ਜਾਂ ਇਨ੍ਹਾਂ ਦੇ ਬੀਜ

ਭੂਮੀ ਪੁੱਠੀ ਪਲਟੀਏ, ਵਾਹ-ਵਾਹ ਲਾਈਏ ਰੀਝ

 

ਜਾਂ ਸਿਰ ਪੈਰੀਂ ਇਨ੍ਹਾਂ ਦੇ, ਕਰ ਦੇਈਏ ਛਿੜਕਾਅ

ਅੜੀਅਲ ਜ਼ਿੱਦੀ ਕੱਖ ਦਾ, ਹੋਵੇ ਚੱਟ-ਸਫ਼ਾ

 

ਕਿਰਤੀ ਵਾਹੀਵਾਨ ਦਾ, ਮੁੱਢੋਂ ਮੰਦਾ ਹਾਲ

ਕੁੰਗੀ ਕਾਂਗਿਆਰੀਆਂ, ਫੈਲਣ ਸਾਲੋ-ਸਾਲ

 

ਸੈਆਂ ਦੁਸ਼ਮਣ ਏਸ ਦੇ, ਖਾਵਣ ਇਸਨੂੰ ਰੋਜ਼

ਅੱਠ ਆਨੇ ਦੀ ਆਮਦਨ, ਤੇ ਇੱਕ ਰੁਪੱਈਆ ਬੋਝ

 

ਖੇਲਾ ਭੰਡਾ-ਭੰਡਾਰੀਆ, ਹੋਇਆ ਕਿੰਨਾ ਭਾਰ

ਇੱਕ ਮੁੱਠੀ ਹੈ ਸਿਰਾਂ ਤੇਦੂਜੀ ਹੋਰ ਤਿਆਰ

 

ਉੱਤਮ ਖੇਤੀ ਕਾਰ ਹੈ, ਵਿੱਚ ਅਖੌਤਾਂ ਆਖ

          ਮੁੱਛਾਂ ਵਧੀਆਂ ਦਾਹੜੀਓਂ, ਖੇਤੀ ਉੱਤਮ ਖਾਕ         

 

 

ਖੇਤੀ ਉੱਤਮ ਖ਼ਾਕ ਹੈਧੰਦਾ ਚੌੜ-ਚਪੱਟ

ਫਾਹੀ ਨਿਮਨ ਕਿਸਾਨ ਦੀ, ਫਾਹੀ ਫਸਿਆ ਜੱਟ

 

ਫਾਹੀਆਂ ਦੇ ਵਿਚ ਫਾਥਿਆ, ਕੀ ਰੇਹਾਂ ਸਪਰੇਅ

ਅੰਨ-ਦਾਤਾ ਅਖਵਾਂਵਦਾ, ਢਿੱਡੀਂ ਗੰਢਾਂ ਦੇ

 

ਰਾਹ-ਦਸੇਰੇ ਏਸਦੇਕਰਦੇ ਨੇ ਗੁੰਮਰਾਹ

ਗਰਦਿਸ਼ ਘੁੰਮਣ ਘੇਰੀਆਂ, ਇਹਦੇ ਗਲ਼ ਦਾ ਫਾਹ

 

ਇਸ ਫਾਹੇ ’ਚੋਂ ਏਸਦੀ, ਕਿਹੜਾ ਕੱਢੇ ਧੌਣ?

ਸ਼ੈਤਾਨਾਂ ਦੀਆਂ ਕੀਤੀਆਂ, ਪੇਸ਼ ਏਹਨਾ ਦੇ ਆਉਣ

         

ਸਦੀਆਂ ਤੋਂ ਸੀ ਜੀਂਵਦਾ, ਸਾਦੀ ਜੀਵਨ ਜਾਂਚ

ਯੁੱਗ ਮਸ਼ੀਨੀ ਆਣ ਕੇ, ਸਭ ਕੁਝ ਗਿਆ ਗਵਾਚ

 

ਗਿਆ ਗਵਾਚਾ ਵੇਖਿਆ, ਜੀਵਨ ਦਾ ਹੀ ਮੂਲ

ਖ਼ਬਰੇ ਉਂਗਲ ਕੇਸਦੀ, ਖ਼ਬਰੇ ਕੀਹਦੀ ਤੂਲ

 

ਗਿਆ-ਗਵਾਚਾ ਏਸ ਦਾ, ਉਹ ਜੀਵਨ ਪ੍ਰਵਾਹ

ਤੇਜ਼ੀ ਦੇ ਵਿੱਚ ਦੌੜਦਾ, ਹੋਇਆ ਸਾਹੋ-ਸਾਹ

 

ਸਬਰ ਪਿਆਲਾ ਤਿੜਕਿਆ, ਹੋਇਆ ਚੂਰੋ-ਚੂਰ

ਸਹਿਜ ਪੱਕੇ ਸੋ ਮਿੱਠੜਾ, ਬਾਤਾਂ ਰਹਿਗੀਆਂ ਦੂਰ

 

ਬਾਤਾਂ ਦੂਰ ਗਵਾਚੀਆਂ, ਗਿਆ ਗਵਾਚਾ ਨੇਮ

ਹੱਥੀਂ ਕਿਰਤ ਕਮਾਉਣ ਦੀ, ਗਈ ਗਵਾਚੀ ਗੇਮ

 

ਕਿਰਤਾਂ ਨਾਲੋਂ ਟੁੱਟ ਕੇ, ਤੁਰਿਆ ਕਿਹੜੇ ਰਾਹ

ਖ਼ਬਰੇ ਕਿੱਦਾਂ ਹੋਵਣਾ, ਹੁਣ ਇਸ ਦਾ ਨਿਰਬਾਹ

 

ਖ਼ਬਰੇ ਕਿਹੜੀ ਦੌੜ ਹੈ, ਖ਼ਬਰੇ ਕਿਹੜਾ ਰੌਂਅ

ਯੁੱਗਾਂ ਯੁੱਗਾਂ ਦਾ ਸਿਲਸਿਲਾ, ਕਿੱਧਰ ਚੱਲਾ ਭੌਂਅ

            

ਕਿੱਧਰ ਤੁਰ ਪਏ ਕਾਫ਼ਲੇ, ਤੁਰ ਪਏ ਦਿਸ਼ਾ ਬਗੈਰ

ਲੱਗਦਾ ਕਈ ਗਵਾਚਣੇ, ਕਈਆਂ ਦੀ ਨਹੀਂ ਖ਼ੈਰ

 

ਕਈਆਂ ਨੇ ਹੈ ਭਟਕਣਾ, ਵੱਖੋ-ਵੱਖਰੇ ਰਾਹ

ਖ਼ਬਰੇ ਕਿੱਦਾਂ ਨਾਪਣਾ, ਇਹ ਪੈਂਡਾ ਅਸਗਾਹ

 

ਚਕਨਾ-ਚੂਰ ਲੈ ਹੋ ਗਿਆ, ਸੋਨੇ ਰੰਗਾ ਖਾਬ!

ਮੜਕ-ਮੜਕ ਸੀ ਚੱਲਦਾ, ਡਗਮਗ ਹੈ ਪੰਜਾਬ

 

ਉਫ! ਉਫ! ਸਾਡੇ ਵੇਂਹਦਿਆਂ, ਹੋਇਆ ਕਿੱਡਾ ਕਹਿਰ

ਚੱਪੇ-ਚੱਪੇ ਛਿੜਕਿਆ, ਖ਼ਬਰੇ ਕੀਹਨੇ ਜ਼ਹਿਰ

 

 

ਖ਼ਬਰੇ ਕੀਹਨੇ ਸੁੱਟਿਆ, ਡਾਢਾ ਭੈੜਾ ਜਾਲ

ਕੀਹਨੇ ਧਰਤੀ ਡੰਗਤੀ, ਡੰਗੀ ਜ਼ਹਿਰਾਂ ਨਾਲ

 

ਪਹਿਲਾਂ ਸੀਨਾ ਡੰਗਿਆ, ਪਿੱਛੋ ਅੰਗੋ-ਅੰਗ

ਧਰਤੀ ਮਾਂ ਦਾ ਹੋ ਗਿਆ, ਨੀਲਾ ਕਾਲਾ ਰੰਗ

 

ਜ਼ਹਿਰਾਂ ਡੰਗੀ ਤੜਫਦੀ, ਧਰਤ ਰਹੀ ਕੁਰਲਾਅ

ਰੂਹ ਕਲਬੂਤੋਂ ਨਿਕਲਗੀ, ਟਾਵਾਂ ਬਚਿਆ ਸਾਹ

 

ਦੇਖੀ ਧਰਤੀ ਤੜਫਦੀ, ਪਾਣੀ ਪਾਇਆ ਮੂੰਹ

ਉਫ! ਪਾਣੀ ਵੀ ਜ਼ਹਿਰ ਹੈ, ਕਿੱਥੇ ਤੁਰ ਗਈ ਸੂੰਹ

 

ਕਿੱਥੋਂ ਪਾਣੀ ਭਾਲੀਏ, ਹੋਵੇ ਨਿਰਮਲ ਨੀਰ

ਲੱਥਣ ਜ਼ਹਿਰਾਂ ਏਹਦੀਆਂ, ਹੋਵੇ ਵੱਲ ਸਰੀਰ

 

ਹਰ ਸੋਮੇ, ਹਰ ਧਾਰ ਵਿਚ, ਮੋਨੋ ਅਤੇ ਮਥੈਲ

ਨਸ-ਨਸ ਅੰਦਰ ਧਰਤ ਦੇ, ਗਈ ਚੁਫੇਰੇ ਫੈਲ

 

ਰੋਮ-ਰੋਮ ਵਿੱਚ ਧਰਤ ਦੇ, ਫੈਲ ਗਈ ਸਲਫਾਸ

ਪਰਲੋ ਆ ਗਈ ਦਰਾਂ ਤੇ, ਡਾਹਢਾ ਹੋਊ ਵਿਨਾਸ਼

 

 

ਸੋਮਾ ਦਿਸੇ ਨਾ ਨੀਰ ਦਾ, ਪਹਿਲਾਂ ਵਾਂਗੂੰ ਕੋ

ਟੋਭੇ-ਢਾਬਾਂ ਸੁੱਕੀਆਂ, ਸੁੱਕੇ ਵਹਿਣ ਨੇ ਜੋ

 

ਜੇ ਕੋਈ ਸੋਮਾ ਚੱਲਦਾ, ਚੱਲੇ ਜਿਉਂ ਤੇਜ਼ਾਬ

ਕਿੱਥੋਂ ਪਾਣੀ ਭਾਲੀਏਜ਼ਹਿਰੀ ਪੰਜੇ-ਆਬ

 

ਕਿੱਦਾਂ ਧਰਤੀ ਝੱਲਦੀ, ਤੇਜ਼ਾਬਾਂ ਦੀ ਮਾਰ

ਪਾਰੇ ਲੈਡਾਂ ਵੈਂਹਦੀਆਂ, ਹਰ ਸੋਮੇ ਹਰ ਧਾਰ

 

ਖ਼ਬਰੇ ਕਾਹਤੋਂ ਹੋ ਗਿਆ, ਬੰਦਾ ਬੇਪਰਵਾਹ

ਭਾਣਾ ਨਾ ਕੋਈ ਵਰਤ ਜਾਏ, ਰੱਖੇ ਖ਼ੈਰ ਖ਼ੁਦਾ

 

ਦੱਖਣ, ਪੱਛਮ, ਪੂਰਬੋਂ, ਇੱਕੋ ਵਗਦੀ ਵਾ

ਔਖੀ ਹੋ ਗਈ ਜ਼ਿੰਦਗੀ, ਔਖੇ ਹੋ ਗਏ ਸਾਹ

 

ਖ਼ਬਰੇ ਮਾਨਸ ਜਾਤ ਦੀ, ਮਾਰੀ ਕਾਹਤੋਂ ਬੁੱਧ

ਆਪਣੇ ਏਸ ਵਿਨਾਸ਼ ਦੀ, ਰਾਹੇ ਤੁਰਿਆ ਖ਼ੁਦ

 

ਖ਼ਬਰੇ ਇਹਦੇ ਇਲਮ ਦੀ, ਕਾਹਤੋਂ ਬੁਝ ਗਈ ਲੋਅ

ਕੀਹਨੇ ਫੱਟੀ ਪੋਚਤੀ, ਪੜ੍ਹਿਆ-ਲਿਖਿਆ ਜੋ

 

ਕੀਹਨੇ  ਇਹਦੀ ਮੱਤ ਤੇ, ਦਿੱਤਾ ਪੜਦਾ ਪਾ

ਪੜ੍ਹੇ-ਲਿਖੇ ਤੋਂ ਭਲਾ ਸੀ, ਅਣਪੜ੍ਹਿਆਂ ਦਾ ਰਾਹ

 

ਪਾਣੀ ਜਿਨ੍ਹਾਂ ਲਈ ਪਿਤਾ ਸੀ, ਤੇ ਧਰਤੀ ਸੀ ਮਾਂ

ਖਾਣਾ-ਦਾਣਾ ਦੇਵਤਾਤੇ ਦੁਨੀਆ ਇਕ ਸਰਾਂ

 

 

ਨਾ ਕੋਈ ਅੰਨ੍ਹੀ ਦੌੜ ਸੀ,ਨਾ ਕੋਈ ਨਿੱਜੀ ਹੋੜ

ਸਭ ਦਾ ਭਲਾ ਮਨਾਂਵਦੇਦੋ ਵੇਲੇ ਹੱਥ ਜੋੜ

 

ਰੁੱਖੀ-ਸੁੱਖੀ ਖਾਂਵਦੇਠੰਢਾ ਪਾਣੀ ਪੀ

ਦੇਖ ਪਰਾਈ ਚੋਪੜੀ, ਨਾ ਤਰਸਾਉਂਦੇ ਜੀਅ

 

 

ਸਹਿਜ ਉਨ੍ਹਾਂ ਦਾ ਜੀਵਣਾ, ਸਹਿਜੋਂ-ਸਹਿਜ ਸੁਭਾਅ

 

ਦਸਾਂ ਨਹੁੰਆਂ ਦੀ ਕਿਰਤ ਚੋਂ, ਲੈਂਦੇ ਖੁਸ਼ੀਆਂ ਪਾ

 

ਦਸਾਂ ਨਹੁੰਆਂ ਦੀ ਕਿਰਤ ਦੀ, ਪੀੜ੍ਹੀਓ-ਪੀੜ੍ਹੀ ਰੀਤ

ਕਿਰਤ ਕਰਮ ਦੀ ਆਸ਼ਕੀ, ਤੇ ਕਿਰਤਾਂ ਨਾਲ ਪ੍ਰੀਤ

 

ਕਿਰਤਾਂ ਨਾਲ ਪ੍ਰੀਤ ਤੇ, ਨਾਲ ਕਲਾਵਾਂ ਮੋਹ

ਖ਼ੁਸ਼ੀਆਂ-ਖੇੜੇ ਕਿਰਤ ਚੋਂਕਿਰਤਾਂ ਚੋਂ ਖ਼ੁਸ਼ਬੋ

 

ਇੱਕ-ਦੂਜੇ ਨਾਲ ਸਾਂਝੀਆਂ, ਪੀੜਾਂ ਤੇ ਅਹਿਸਾਸ

ਇੱਕ,ਦੂਜੇ ਦਾ ਆਸਰਾ, ਧੀਰਜ ਤੇ ਧਰਵਾਸ

 

ਇੱਕ, ਦੂਜੇ ਨਾਲ ਸਾਂਝੀਆਂ, ਰੋਟੀ-ਬੇਟੀ ਭੋਂ

ਭੋਂ-ਭਿਆਲ਼ੀ ਨੇੜਤਾ, ਵਾਢੀ-ਸਾਡੀ ਗੌਂਅ

 

ਸਾਂਝੇ ਵਾਢੀਆਂ-ਸਾਡੀਆਂ, ਸਾਂਝੇ ਸੀ ਖਲਵਾੜ

ਸਾਂਝੇ ਚੱਕ ਸੀ ਖੂਹਾਂ ਦੇ, ਸਾਂਝੇ ਖਾਲਾਂ-ਆੜ

 

ਸਾਂਝਾਂ ਦਾ ਇਹ ਸਿਲਸਿਲਾ, ਜੰਮਿਆ ਆਦਮ ਨਾਲ਼

ਫਲਿਆ-ਫੁੱਲਿਆ ਵਿਗਸਿਆ, ਵਧਿਆ ਸਾਲੋ-ਸਾਲ

 

ਵੇਂਹਦੇ-ਵੇਂਹਦੇ ਬਦਲਿਆ, ਸਾਂਝਾਂ ਦਾ ਸਵਰੂਪ

ਖ਼ੁਦਗਰਜ਼ੀ ਨੇ ਘੇਰਿਆ, ਇਹ ਆਦਮ ਦਾ ਪੂਤ

 

ਖ਼ੁਦਗਰਜ਼ੀ ਨੇ ਖਾ ਲਿਆ, ਜੀਵਨ ਦਾ ਹੀ ਮੂਲ

ਆਪ-ਮੁਹਾਰੀ ਜ਼ਿੰਦਗੀ, ਨਾ ਕੋ ਰਿਹਾ ਅਸੂਲ

 

ਖ਼ਬਰੇ ਕਿਹੜਾ ਖਾ ਗਿਆ, ਮਾਨਵਵਾਦੀ ਸੋਚ

ਖਾਧੇ ਸੱਭੋ ਫਲਸਫ਼ੇ, ਭੋਰਾ-ਭੋਰਾ ਨੋਚ

 

ਆਪੋ-ਆਪਣੀ ਧਾਰਨਾ, ਆਪੋ-ਆਪਣੇ ਮੱਤ

ਧੁਖ਼ਦੇ ਸੱਭੋ ਫਲਸਫੇ, ਫਿੱਕੀ ਪੈ ਗਈ ਵੱਤ

 

ਫਿੱਕੀ ਹੋ ਗਈ ਵਿਦਵਤਾ, ਫਿੱਕਾ ਇਹ ਸੰਵਾਦ

ਰੌਲਾ ਆਪੋ-ਆਪਣਾ, ਤੇ ਸਭ ਵਾਦ-ਵਿਵਾਦ

 

ਫਿੱਕੀ ਪੈ ਗਈ ਜ਼ਿੰਦਗੀ, ਫਿੱਕਾ ਇਸਦਾ ਹੋਸ਼

ਫਿੱਕਾ ਬੋਲਣ ਕੂਣ ਤੇ, ਫਿੱਕਾ ਜੋਸ਼-ਖਰੋਸ਼

 

ਉੱਚੀ ਹਰ ਦੁਕਾਨ ਤੇ ਫਿੱਕਾ ਹੈ ਪਕਵਾਨ

ਫਿੱਕੀ ਗ਼ੈਰਤ ਜਾਪਦੀ, ਫਿੱਕਾ ਦੀਨ-ਈਮਾਨ

 

ਧਰਮਾਂ ਦੀ ਬਹੁਤਾਤ ਹੈ, ਤੇ ਕਰਮਾਂ ਦੀ ਥੋੜ

ਉੱਪਰੋਂ ਅਸੀਂ ਚੰਗੇਰੀਆਂ, ਢਿੱਡਾਂ ਦੇ ਵਿੱਚ ਕੋਹੜ

 

ਢਿੱਡਾਂ ਦੇ ਵਿੱਚ ਕੋਹੜ ਦਾ, ਭਾਂਡਾ ਨੱਕੋ-ਨੱਕ

ਉਪਰੋਂ ਮਿੱਠੇ ਮਾਖਿਓਂ, ਵਿੱਚੋਂ ਕੌੜੇ ਅੱਕ

 

ਵਿੱਚੋਂ ਕੌੜੇ-ਬਕਬਕੇ, ਫੋਕੇ-ਫਿੱਕੇ-ਫੂਸ

ਕਾਣੇ-ਮੀਣੇ-ਮੀਸਣੇ, ਕਲਯੁਗੀ ਮਨਹੂਸ

 

ਫਿੱਕਿਉਂ-ਫਿੱਕਾ ਹੋ ਗਿਆ, ਜੀਵਨ ਦਾ ਪ੍ਰਵਾਹ

ਮਤਲਬ ਤੇ ਖ਼ੁਦਗਰਜ਼ੀਆਂ, ਸਭ ਕੁਝ ਚੱਲੇ ਖਾ

 

ਫਿੱਕਿਓਂ-ਫਿੱਕੇ ਜਾਪਦੇਨਾਤੇ ਤੇ ਸਨਬੰਧ

ਗੂੜ੍ਹੇ ਪ੍ਰੇਮ-ਪਿਆਰ ਵੀ, ਬਣ ਕੇ ਰਹਿ ਗਏ ਧੰਦ

 

ਧੰਦਾ ਬਣ ਕੇ ਰਹਿ ਗਿਆ, ਗੂੜ੍ਹਾ ਪ੍ਰੇਮ-ਪਿਆਰ

ਫਿੱਕਾ ਹੋਇਆ ਆਦਮੀ, ਫਿੱਕੀ ਹੋ ਗਈ ਨਾਰ

 

 

ਹੋਈ ਕਮੀਨੀ ਕਾਮਨਾ, ਵਹਿਸ਼ੀ ਹੋਇਆ ਕਾਮ

ਜਿਸਮਾਂ ਦੇ ਵੀ ਲੱਗਦੇਵਿੱਚ ਬਾਜ਼ਾਰੀਂ ਦਾਮ

 

ਵਿੱਚ ਬਾਜ਼ਾਰਾਂ ਲੱਗਦੇ, ਵੱਖੋ-ਵੱਖਰੇ ਭਾਅ

ਇਕ ਵਿਕਦੇ, ਇੱਕ ਵੇਚਦੇ, ਇਕ ਖ਼ਰੀਦੇ ਜਾ

 

ਕੀ ਗੋਲੇ ਕੀ ਗੋਲੀਆਂ, ਕੀ ਰਾਜੇ ਕੀ ਸ਼ੇਖ !

ਬੋਲੀ ਵਿੱਚ ਬਾਜ਼ਾਰ ਦੇ, ਸਭ ਕੁਝ ਵਿਕਦਾ ਵੇਖ

 

ਵਿਕਦੇ ਚਣਕ-ਚਣੱਕਿਆ, ਵਿਕਦੇ ਵੇਖੇ ਰਾਜ

ਪਲ ਵਿਚ ਵਿਕਣ ਰਿਆਸਤਾਂ, ਵਿਕਦੇ ਵੇਖੇ ਤਾਜ

 

 

 ਵਿਕਦੇ ਵੇਖੇ ਤਾਜ ਤੇ, ਵਿਕਦਾ ਵੇਖਿਆ ਜੱਸ

ਕੀਮਤ ਹੈ ਹਰ ਚੀਜ਼ ਦੀ, ਲੈਣੀ ਹੈ ਤਾਂ ਦੱਸ

 

ਗੂੜਿਓਂ-ਗੂੜ੍ਹਾ ਹੋ ਗਿਆ, ਕਲਯੁੱਗ ਕਾਲਾ ਹੋਰ

ਸਭ ਕੁਝ ਵਿਕਦਾ ਵੇਖਿਆ, ਕੀ ਸਾਧੂ ਕੀ ਚੋਰ !

 

ਵਿਕਦੇ ਵਿਚ ਬਾਜ਼ਾਰ ਦੇ, ਅੱਧਖੜ੍ਹ ਅਤੇ ਮੰਡੀਰ

ਕੀ ਰਾਂਝੇ ਕਿ ਹੀਰੀਆਂ, ਕੈਦੋਂ ਅਤੇ ਸ਼ਮੀਰ

            

ਡਾਹਢਾ ਗੂੜ੍ਹਾ ਹੋ ਗਿਆ ਕਲਯੁੱਗ
ਕਾਲਾ ਸ਼ਾਹ

ਵਿਕਦੇ ਮਾਮੇ-ਮਾਸੀਆਂ, ਭੂਆ-ਭੈਣ-ਭਰਾ

 

ਸਭ ਕੁਝ ਵਿਕਦਾ ਵੇਖਿਆ, ਕਲਯੁੱਗ ਦੇ ਵਿੱਚ ਆਣ

ਜਿਸਮ, ਜ਼ਮੀਰਾਂ, ਆਤਮਾ, ਵਿਕਦੇ ਨੈਣ-ਪ੍ਰਾਣ

 

ਵਿਰਲਾ ਜਗਦਾ ਰਹਿ ਗਿਆ, ਦੀਵਾ ਬਾਰਾਂ ਕੋਹ

ਘੁੱਪ-ਹਨੇਰਾ ਪਸਰਿਆ, ਉਹ ਵੀ ਕਾਹਦੀ ਲੋਅ

 

ਚਾਰ-ਚੁਫੇਰੇ ਹੋ ਗਿਆ, ਨ੍ਹੇਰੇ ਦਾ ਪ੍ਰਸਾਰ

ਡਾਹਢੇ ਮੱਧਮ ਪੈ ਗਏ, ਚਾਨਣ ਦੇ ਆਸਾਰ

 

ਕਾਲੀ-ਬੋਲ਼ੀ ਰਾਤ ਦਾ, ਪੈਂਡਾ ਹਾਲੇ ਦੂਰ

ਨਾ ਕੋਈ ਤਾਰਾ ਟਿਮਕਦਾ, ਨਾ ਹੀ ਦਿਸਦਾ ਨੂਰ

 

ਕਿੱਧਰ ਤੁਰ ਗਈ ਚਾਨਣੀ, ਕਿੱਥੇ ਤੁਰ ਗਏ ਚੰਦ

ਡਾਹਢੀ ਲੰਮੀ ਯਾਤਰਾ, ਔਖਾ ਹੋਇਆ ਪੰਧ

 

ਲਿਸ਼ਕਾਂ-ਰਿਸ਼ਮਾਂ ਵੰਡਦੇ, ਸੂਰਜ ਹੋਏ ਅਲੋਪ

ਖ਼ਬਰੇ ਕਿੱਦਾਂ ਮੇਟਣਾ, ਨ੍ਹੇਰੇ ਦਾ ਪ੍ਰਕੋਪ

 

ਇਸਦੇ ਇਸ ਪ੍ਰਕੋਪ ਦਾ, ਡਾਢਾ ਭੈੜਾ ਭੈਅ

ਨ੍ਹੇਰੇ ਵਿੱਚ ਡਰਾਂਵਦੀ, ਹਰ ਕੋਈ ਹਿਲਦੀ ਸ਼ੈਅ

 

ਪਰਛਾਵਾਂ ਵੀ ਦੇਖਕੇ, ਬੰਦਾ ਜਾਵੇ ਹਿੱਲ

ਸੁਣ-ਸੁਣ ਕੰਬੇ ਕਾਲ਼ਜਾ, ਬੋਲੇ ਜਦ ਕੋਈ ਇੱਲ

 

ਸੁਣ-ਸੁਣ ਕੰਬੇ ਕਾਲ਼ਜਾ, ਚੁਗਲਾਂ ਦੀ ਝੁਗਲਾਹਟ

ਉਫ਼! ਸੱਪਾਂ ਦੀ ਸਰਕਣੀ, ਤੇ ਪੌਣਾਂ ਦੀ ਥਰਰਾਹਟ

            

ਨ੍ਹੇਰੇ ਦੇ ਵਿਚ ਬੋਲਦੇ, ਬੀਂਡੇ ਇਕੋ ਸਾਰ

ਸ਼ਹਿਕੇ ਬਹਿ ਗਈ ਆਲ੍ਹਣੇ, ਹਰ ਪੰਛੀ ਦੀ ਡਾਰ

 

ਸਹਿਮੇ ਭੋਲੇ ਮਿਰਗ, ਵੀ ਸਹਿਮ ਗਏ ਖ਼ਰਗੋਸ਼

ਨੱਚੇ ਨ੍ਹੇਰਾ ਸਿਰਾਂ ਤੇ, ਉੱਡ ਗਏ ਸਭ ਦੇ ਹੋਸ਼

 

ਕਿੱਥੋਂ ਆਵੇ ਚਾਨਣਾ, ਕਿੱਥੋਂ ਆਵੇ ਚੰਦ

ਜਾਂ ਫਿਰ ਸੂਰਜ ਸੂਰਮਾਂ, ਜਾਂ ਉਹਦਾ ਫਰਜੰਦ

 

 

ਇਹ ਨ੍ਹੇਰਾ ਨਾ ਮੁੱਕਿਆ, ਢੋਹ ਥੱਕਿਆ ਸੰਸਾਰ

ਢੋਂਹਦੇ ਮੂਏ ਘੁਲਾਟੀਏ, ਤੇ ਬਲੀਏ ਬਲਕਾਰ

 

ਨ੍ਹੇਰਾ ਢੋਂਹਦੇ ਮਰ ਗਏ, ਖ਼ਬਰੇ ਕਿੰਨੇ ਲੋਕ

ਇਹ ਉਵੇਂ ਹੀ ਪਸਰਿਆ, ਨਾ ਕੋਈ ਸਕਿਆ ਰੋਕ

 

ਹਰ ਯੁੱਗ ਦੇ ਵਿੱਚ ਏਸ ਦਾ, ਵੱਖੋ-ਵੱਖਰਾ ਭੇਸ

ਜਿੱਥੇ ਵੀ ਅਗਿਆਨਤਾ ਉਹੀਓ ਇਹਦਾ ਦੇਸ਼

 

ਇਸ ਨ੍ਹੇਰੇ ਨੇ ਮਾਰ ਲਏ, ਕਿੰਨੇ ਹੀ ਅਣਭੋਲ

ਮੱਧਮ ਚਾਨਣ ਸਾਹਮਣੇਪਰ ਇਹ ਰਿਹਾ ਅਡੋਲ

 

 

 ਮੱਧਮ ਚਾਨਣ ਸਾਹਮਣੇ, ਇਸ ਦਾ ਵੱਡਾ ਕੱਦ

ਵੇਂਹਦਾ ‘ਵਾਟਾਂਵਾਲੀਆ’ ਅਜੇ ਰਿਹਾ ਇਹ ਵੱਧ

 

ਹਰ ਦਿਨ ਗੂੜ੍ਹਾ ਹੋ ਰਿਹਾ, ਇਸ ਨ੍ਹੇਰੇ ਦਾ ਰੰਗ

ਚਾਨਣ ਸਾਥੋਂ ਕਰ ਰਿਹਾ, ਕੁਰਬਾਨੀ ਦੀ ਮੰਗ

 

ਗਿਆਨ ਬਿਨਾ ਕੁਰਬਾਨੀਆ, ਜਾਣ ਵਿਅਰਥ-ਬੇਕਾਰ

ਗੂੜੇ ਗਿਆਨ ਦੇ ਨਾਲ ਹੀ, ਹੋਣਾ ਬੇੜਾ ਪਾਰ

 

 

ਲੇਖਕ: ਜਸਬੀਰ ਵਾਟਾਂਵਾਲੀ 

ਮੋਬਾਈਲ :- 9592503064

ਹੋਰ ਕਵਿਤਾਵਾਂ : ਪੜ੍ਹਨ ਲਈ ਇਸ ਲਿੰਕ ’ਤੇ ਕਲਿਕ ਕਰੋ

ਪੰਜਾਬ ਦੇ ਰੁੱਖਾਂ ਬਾਰੇ ਖਾਸ ਜਾਣਕਾਰੀ ਪੜ੍ਹਨ ਲਈ ਇਸ ਲਿੰਕ ’ਤੇ ਕਲਿਕ ਕਰੋ 

Kalyugnama is a miniature epic in size

 Kalyugnama is a profound and enlightening poetic discourse 

Welcome to the book ‘Kalyugnama’, which awakens the dream of a better future. 

ਗਹਿਰਾ ਅਤੇ ਗਿਆਨਸ਼ੀਲ ਕਾਵਿ-ਪ੍ਰਵਚਨ ਹੈ ਕਲਯੁਗਨਾਮਾ… 

ਵਾਤਾਵਰਨ ਦੀ ਸਮੱਸਿਆ ਨੂੰ ਮੁਖ਼ਾਤਿਬ ਹੋ ਕੇ ਲਿਖੇ ਮਕਬੂਲ ਮਹਾਂਕਾਵਿ ਵੇਈਂਨਾਮੇ ਵਾਲਾ ਸ਼ਾਇਰ ਜਸਬੀਰ ਵਾਟਾਂਵਾਲੀ ਆਪਣੀ ਨਵੀਂ ਕਾਵਿ-ਪੁਸਤਕ ‘ਕਲਯੁਗਨਾਮਾ’ ਲੈ ਕੇ ਹਾਜ਼ਰ ਹੋਇਆ ਹੈ। ਕਲਯੁਗਨਾਮਾ ਆਕਾਰ ਪੱਖੋਂ ਲਘੂ ਮਹਾਂਕਾਵ ਹੈ। ਛੰਦ-ਬਧ ਮੁਹਾਵਰੇ ਵਿੱਚ ਵੱਖ-ਵੱਖ ਯੁਗਾਂ ਨਾਲ ਤਰਕ ਵਿਤਰਕ ਕਰਦੀ ਇਹ ਕਿਤਾਬ ਚਿੰਤਾ, ਚੇਤਨਾ, ਅਤੇ ਚਿੰਤਨ ਦਾ ਸੁਚੱਜਾ ਮਿਸ਼ਰਣ ਹੈ। ਵੱਖ-ਵੱਖ ਯੁਗਾਂ ਨਾਲ ਸੰਵਾਦ ਰਚਾ ਕੇ ਕਵੀ ਇਹਨਾਂ ਯੁਗਾਂ ਦੀ ਚੰਗੀ-ਮੰਦੀ, ਚੇਤਨਾ, ਕਿਰਦਾਰ, ਕਰਤੂਤਾਂ ਅਤੇ ਕਾਰਨਾਮਿਆਂ ਦੀ ਅੰਦਰੂਨੀ ਅਤੇ ਬਾਹਰੀ ਫਿਤਰਤ ਨੂੰ ਉਜਾਗਰ ਕਰਦਾ ਹੈ। ਵੱਖ-ਵੱਖ ਯੁਗਾਂ ਦੀ ਯੁਗਗਰਦੀ ਦਾ ਦਲੀਲ ਯੁਕਤ ਵਰਨਣ ਕਲਯੁਗਨਾਮੇ ਨੂੰ ਫਲਸਫਾਨਾ ‘ਫਿਕਰਨਾਮਾ’ ਬਣਾਉਂਦੇ ਹਨ।

ਕਲਯੁਗਨਾਮਾ ਵੱਖ-ਵੱਖ ਸਮਿਆਂ ਦੀਆਂ ਮੰਡੀਨੁਮਾ ਮਾਰੂ ਅਤੇ ਮਸ਼ੀਨੀ ਹਰਕਤਾਂ ਦਾ ਵਰਨਣ ਗਹਿਰੇ ਗੂੜ੍ਹੇ ਕਾਵਿ ਪ੍ਰਵਚਨ

ਕਿਤਾਬ ਕਲਯੁਗਨਾਮਾ ਵੱਖ-ਵੱਖ ਸਮਿਆਂ ਦੀਆਂ ਮੰਡੀਨੁਮਾ ਮਾਰੂ ਅਤੇ ਮਸ਼ੀਨੀ ਹਰਕਤਾਂ ਦਾ ਵਰਨਣ ਗਹਿਰੇ ਗੂੜ੍ਹੇ ਕਾਵਿ ਪ੍ਰਵਚਨ ਵਿੱਚ ਸਿਰਜਦਾ ਹੈ। .‘ਵਾਟਾਂਵਾਲੀ’ ਮਾਨਵੀ ਅਤੇ ਮੋਹ-ਖੋਰੀਆਂ ਵਾਟਾਂ ਦਾ ਪਾਂਧੀ ਹੈ। ਉਹ ਅਜੋਕੇ ਮਨੁੱਖ
ਨੂੰ ਨਾਨਕ ਸ਼ਾਹ ਫਕੀਰ ਦੀਆਂ ਫਲਸਫਾਨਾ ਉਦਾਸੀਆਂ ਦੀ ਵਾਟਗੋਈ ਦੇ ਇਨਸਾਨੀ ਅਰਥ ਅਤੇ ਆਦਰਸ਼ ਸਮਝਾਉਣੇ ਲੋਚਦਾ ਹੈ। ਬਾਬਾ ਫਰੀਦ ਜਹੇ ਦਰਵੇਸ਼ਾਂ ਦੀ ਬਾਣੀ ਦਾ ਇਲਮੀ ਅਤੇ ਅਮਲੀ ਪਾਠ ਪੜ੍ਹਾਉਣਾ ਉਸ ਦੀ ਸ਼ਾਇਰੀ ਦਾ ਮੂਲ ਮਕਸਦ ਹੈ। ਜਿਵੇਂ ਕਿ ਉਹ ਲਿਖਦਾ ਹੈ ਕਿ:-                          

 

ਰੁੱਖੀ-ਸੁੱਖੀ ਖਾਂਵਦੇ ਠੰਢਾ ਪਾਣੀ
ਪੀ
, ਦੇਖ ਪਰਾਈ ਚੋਪੜੀ, ਨਾ ਤਰਸਾਉਂਦੇ ਜੀਅ

ਵਾਟਾਂਵਾਲੀਆ ਜਮਾਨੇ ਨੂੰ ਖੇਹ ਅਤੇ ਖੰਡਰਾਤ ਤੋਂ ਬਚਾਉਣ ਦੀ ਤਮੰਨਾ ਰੱਖਦਾ

  ਵਾਟਾਂਵਾਲੀ ਜਮਾਨੇ ਨੂੰ ਖੇਹ ਅਤੇ ਖੰਡਰਾਤ ਤੋਂ ਬਚਾਉਣ ਦੀ ਤਮੰਨਾ ਦੇ ਨਾਲ-ਨਾਲ ਹਰ ਯੁੱਗ ਦੀ ਸਥਾਪਿਤ ਸੱਤਾਧਾਰੀ ਚੇਤਨਾ ਦੀ ਵਿਚਾਰਧਾਰਕ ਪਹੁੰਚ ਬਾਰੇ ਵੀ ਇਸ ਸਤਰਕ ਕਰਦਾ ਹੈ। ਕਿਤਾਬ ਦੀ ਹਰ ਸਤਰ ਮਨੁੱਖ ਵਿਰੋਧੀ ਦੂਸ਼ਿਤ ਅਤੇ ਦੇਹਧਾਰੀ ਸੋਚਾਂ ਦਾ ਸ਼ਾਇਰਾਨਾ ਜਾਪ ਕਰਦੀ ਹੈ। ਇਸ ਸ਼ਾਇਰਾਨਾ ਜਾਪ ਦੀ ਸੁਰ ਸੰਵਾਦਨੁਮਾ, ਸੁਚੇਤਮਈ ਅਤੇ ਸੰਦੇਸ਼ ਮੁਖੀ ਹੈ। ਪਦਾਰਥਵਾਦੀ ਵਪਾਰ ਤੇ ਵਿਹਾਰ ਦੀਆਂ ਨਾਹਪੱਖੀ ਦਰਿੰਦਗੀਆਂ ਦਾ ਤਲਖ ਅਤੇ ਤਿੱਖਾ ਸੰਵਾਦ ਕਲਯੁਗਨਾਮੇ ਨੂੰ ਗਿਆਨ ਗੋਸ਼ਟ ਦਾ ਰੁਤਬਾ ਪ੍ਰਧਾਨ ਕਰਦਾ ਹੈ ਜਿਸਦਾ  ਸੁਭਾਅ ਅਤੇ ਸਰੂਪ ਨੇਕੀ ਅਤੇ ਬਦੀ ਦਾ ਮੁਸਲਸਲ ਸੰਗਰਾਮ ਜਾਪਦਾ ਹੈ। ਕਵੀ ਗਿਆਨ ਰੂਪੀ ਔਸ਼ੁਧੀ ਦੇ ਨਾਲ-ਨਾਲ ਸਮਕਾਲੀ ਸਮਾਜਿਕ ਵਿਗਾੜਾਂ ਤੋਂ ਮੁਕਤੀ ਹਾਸਲ ਕਰਨ ਦਾ ਸੰਦੇਸ਼ ਦਿੰਦਾ ਹੈ।

ਜਸਬੀਰ ਵਾਟਾਂਵਾਲੀਆ ਮਾਨਵ ਹਤੈਸ਼ੀ ਆਦਰਸ਼ਾਂ ਦਾ ਸੁਨੇਹਾ ਦਿੰਦਾ ਹੈ


ਮਾਨਵ ਹਤੈਸ਼ੀ ਆਦਰਸ਼ਾਂ ਦਾ ਸੁਨੇਹਾ ਦੇਣਾ ਇਸ ਰਚਨਾ ਦਾ ਸਿਧਾਂਤਕ ਸਰਮਾਇਆ ਹੈ। ਵਾਟਾਂਵਾਲੀ ਨਾ ਸਿਰਫ ਕੁਦਰਤ
, ਕਿਰਤ, ਕਰਮ ਅਤੇ ਕਿਰਦਾਰਾਂ ਅੰਦਰ ਆ ਰਹੇ ਦੋਮੂੰਹੇ ਵਿਗਾੜਾਂ ਪ੍ਰਤੀ ਪਾਠਕ ਨੂੰ ਜਾਗਰਿਤ ਕਰਦਾ ਹੈ ਸਗੋਂ ਤਮਾਮ ਯੁਗਾਂ ਦੀ ਸੱਤਾਮੂਲਕ ਸਿਧਾਂਤਕਾਰੀ ਦਾ ਚੇਤਨਾਮੁਖੀ ਇਤਿਹਾਸ ਵੀ ਸਿਰਜਦਾ ਹੈ। ਵਿਕਾਸ ਅਤੇ ਵਿਨਾਸ਼ ਦੀਆਂ ਜੜ੍ਹਾਂ ਫਰੋਲਦੀ ਇਹ ਕਵਿਤਾ ਜਿਉਣ ਵਾਸਤੇ ਲੋੜੀਂਦੀ ਇਨਸਾਨੀ ਹਿਕਮਤ ਦਾ ਸਬਕ ਵੀ ਦਿੰਦੀ ਹੈ। ਕਵਿਤਾ ਦੀ


ਸ਼ਬਦ ਜੜਤ
, ਛੰਦ ਪ੍ਰਬੰਧ, ਪ੍ਰਤੀਕ ਅਤੇ ਤੋਲ- ਤੁਕਾਂਤ ਇਸ ਮਕਸਦ ਭਰਭੂਰ ਸ਼ਾਇਰੀ ਨੂੰ ਸੁਰੀਲਾ ਤੇ ਸ਼ਾਇਰਾਨਾ ਸੁਹਜ ਬਖਸ਼ਦੇ ਹਨ। ਕਿਤਾਬ ਵਿੱਚੋਂ ਧੜਕਦੀ ਆਵੇਸ਼ੀ ਗੁਫ਼ਤਗੂ ਅਤੇ ਗਿਆਨ ਗੋਸ਼ਟ ਦੀਆਂ ਆਵਾਜ਼ਾਂ ਮਨੁੱਖ ਨੂੰ ਉਤੇਜਿਤ ਅਤੇ ਊਰਜਿਤ ਕਰਦੀਆਂ ਹਨ। ਲਾਡਲਾ ਮਿੱਤਰ ਹੋਣ ਕਰਕੇ ਮੈਨੂੰ ਵਾਟਾਂਵਾਲੀਏ ਦਾ ਹਰ ਸ਼ਾਇਰਾਨਾ ਕਰਮ ਚੰਗਾ ਲੱਗਦਾ ਹੈ। ਉਹ ਕਰਮਸ਼ੀਲ ਇਨਸਾਨ ਹੈ ਅਤੇ ਇਨਸਾਨ ਪ੍ਰਸਤ ਕਵੀ ਹੈ। ਚੰਗੇ ਭਵਿੱਖ ਦਾ ਸੁਪਨਾ ਜਗਾਉਂਦੀ ‘ਕਲਯੁਗਨਾਮਾ’ ਕਿਤਾਬ ਨੂੰ ਖੁਸ਼ਆਮਦੀਦ। Welcome to the book ‘Kalyugnama’ which awakens the dream of a better future.

ਪ੍ਰੋ. ਕੁਲਵੰਤ ਸਿੰਘ ਔਜਲਾ                           ਮੋ : 8437788656
 

“Discover the Timeless Wisdom of ‘Kalyugnama’ by Jasbir Watanwalia: A Poetic Exploration of Humanity’s Greatest Challenges

Introduction to Kalyugnama

In an era marked by environmental concerns and societal turmoil, Jasbir Watanwalia’s ‘Kalyugnama’ emerges as a beacon of insight, offering a profound poetic exploration of our times. Meanwhile, this miniature epic masterfully transcends mere poetic form, engaging readers in a thought-provoking dialogue with the essence of humanity across different ages. Furthermore, with its rich tapestry of anxiety, awareness, and reflection, ‘Kalyugnama’ invites readers to embark on a transformative journey through the complex landscapes of the four Yugas – each marked by its unique virtues and vices. Notably, this journey is both enlightening and unsettling, prompting readers to reflect on their own values and principles.

Exploring the Human Condition

As we delve into the pages of ‘Kalyugnama’, we find ourselves immersed in a world of profound wisdom, poetic beauty, and timeless relevance. Consequently, through the lens of philosophical exploration, Watanwalia’s masterpiece offers a nuanced commentary on the human condition, juxtaposing the eternal struggle between good and evil and guiding readers on a journey of self-discovery and introspection. Additionally, drawing inspiration from luminaries like Nanak Shah Faqir and Baba Farid, Watanwalia emphasizes the importance of simplicity and humanity in today’s fast-paced world. For instance, as he so eloquently puts it, “Rukhi-Sukhi Khaeke Thanda Paani Peo” – a profound reminder of the beauty of living simply and authentically.

Critique of Dehumanizing Ideologies

Meanwhile, ‘Kalyugnama’ serves as a scathing critique of dehumanizing ideologies, urging readers to reflect on their moral compass and challenge the status quo. Notably, Watanwalia’s sharp wit and sardonic dialogue expose the materialistic tendencies and brutal behaviors that plague our society, elevating ‘Kalyugnama’ to the status of a ‘Gyan Goshta’ – a treasure trove of wisdom that offers valuable insights into the human condition. Furthermore, as readers navigate this poetic landscape, they are awakened to the dualities inherent in nature, labor, karma, and the character of times.

Conclusion and Reflection

Ultimately, Watanwalia’s meticulous craftsmanship and lyrical arrangement create an enchanting melodic beauty that captivates readers, offering a message of hope and renewal that resonates deeply with our collective desire for a better world. Therefore, this book ignites hope for a brighter future, inspiring readers to collectively aspire towards a better tomorrow. Thus, welcome to the world of ‘Kalyugnama’ – a world of profound wisdom, poetic beauty, and timeless relevance that will leave you transformed and inspired. In conclusion, ‘Kalyugnama’ is a masterpiece that will continue to inspire readers for generations to come.”

Prof. Kulwant Singh Aujla Mo: 8437788656 Translation by Online AI 

 

ਪੰਜਾਬ ਦੇ ਮੂਲ ਰੁੱਖਾਂ ਬਾਰੇ ਵਿਸ਼ੇਸ਼ ਜਾਣਕਾਰੀ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ’ਤੇ ਕਲਿੱਕ ਕਰੋ

-ਗੁਣਾਂ ਦੀ ਖਾਨ ਹੈ ਢੱਕ/ਪਲਾਸ/ਕੇਸੂ ਦਾ ਰੁੱਖ- ਲੇਖ ਪੜ੍ਹਨ ਲਿੰਕ ’ਤੇ ਕਲਿਕ ਕਰੋ

ਸਿੰਮਲ ਰੁੱਖ ਦੇ ਬੇਮਿਸਾਲ ਫਾਇਦੇ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ

ਪੰਜਾਬ ਵਿਚੋਂ ਅਲੋਪ ਹੋ ਰਿਹਾ ਖੈਰ ਦਾ ਰੁੱਖ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ

Jasbir Wattanawalia

 

Would you like to know more about Jasbir Watanwalia’s background and contributions? click on the link.

 

By Jasbir Wattanwalia

About Jasbir Wattanwalia I'm Jasbir Singh Wattanwalia, born on March 25, 1978, in Wattanwali village, Sultanpur Lodhi, Kapurthala district. I'm a passionate writer, poet, and blogger with a deep love for Punjabi culture, literature, and folklore.Education I hold a Master's degree in Punjabi and Journalism, which has enabled me to explore various aspects of language, literature, and communication.Literary Contributions I've written four books in Punjabi:1. Veinnaama (ਵੇਈਂਨਾਮਾ) (2014) 2. Kalyugnama (ਕਲਯੁਗਨਾਮਾ) (2025) 3. Punjab de Gunkari Nano Jungal (ਪੰਜਾਬ ਦੇ ਗੁਣਕਾਰੀ ਨੈਨੋ ਜੰਗਲ) (2025) 4. Punjabi Akhaan Kosh with Meaning (ਪੰਜਾਬੀ ਅਖਾਣ ਕੋਸ਼ ਅਰਥਾਂ ਸਮੇਤ)Blogging Through my blog, jasbirwattanwalia.in, I share my thoughts and knowledge on various topics, including:- Punjabi folklore, culture, and traditions - Health and wellness through herbal remedies - Environmental issues and activism - Social commentary and news - Punjabi poetry and literatureMission My mission is to provide high-quality, engaging, and informative content that showcases the richness of Punjabi culture and language. I strive to create a platform that's both enjoyable and informative, and I'm committed to delivering the best possible experience for my readers.Let's Connect! I'm glad you're here! If you have any questions or feedback, please don't hesitate to reach out. Thank you for visiting my site, and I wish you a great day!

0 thought on “‘Kalyug Nama’ A New Epic poem Written by Jasbir Wattanwalia/ਕੁਲਯੁਗਨਾਮਾ”

Leave a Reply

Your email address will not be published. Required fields are marked *