PUNJABI AKHAAN AND PROVERBS, BEST AND BIGGEST COLLECTIONS

PUNJABI AKHAAN: BEST AND BIGGEST COLLECTIONS, PART-1, By Jasbir Wattanwalia

ਪੰਜਾਬੀ ਅਖਾਣ ੳ ਤੋਂ ਹ ਅੱਖਰ ਤੱਕ

ਇਸ ਚੈਪਟਰ ਵਿਚ ਤੁਸੀਂ  ‘ੳ’ ਅੱਖਰ ਵਾਲੇ ਸਾਰੇ ਅਖਾਣਾਂ ਦੇ ਅਰਥ ਅਤੇ ਉਨ੍ਹਾਂ ਦੀ ਵਰਤੋਂ ਬਾਰੇ ਪੜ੍ਹੋਗੇ।

  1. ਉਈ ਦੀ, ਤੂਈ ਬਣਾਉਣੀ -ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਗੱਲ ਨੂੰ ਵਧਾ ਚੜ੍ਹਾ ਕੇ ਦੱਸਦਾ ਜਾਂ ਰਾਈ ਦਾ ਪਹਾੜ ਬਣਾਉਂਦਾ ਹੋਵੇ।
  2. ਉਸਤਾਦ ਉਚੱਕਾ, ਚੇਲੇ ਚੌੜ ਚੁਪੱਟ – ਜਦੋਂ ਮੁੱਖ ਬੰਦੇ ਨਾਲੋਂ ਵੀ ਵੱਧ ਮਾੜੇ ਕੰਮ ਉਸ ਦੇ ਸਾਥੀ ਅਤੇ ਚੇਲੇ-ਚਾਪਟੇ ਵੀ ਕਰਨ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।   । 😃
  3. ਉਸਤਾਦਾਂ ਦਾ ਚੰਡਿਆ, ਤੇ ਰੱਬੋਂ ਗੰਢਿਆ, ਸਦਾ ਸਿਆਣਾ -ਇਸ ਅਖਾਣ ਦੇ ਅਰਥ ਅਨੁਸਾਰ ਉਸਤਾਦਾਂ ਕੋਲੋਂ ਖਾਧੀ ਮਾਰ ਅਤੇ ਰੱਬ ਦੀ ਮਿਹਰ ਦਾ ਕੋਈ ਮੁਕਾਬਲਾ ਨਹੀਂ।  ਜਸਬੀਰ ਵਾਟਾਂਵਾਲੀਆ
  4. ਉਹ ਕਿਹੜੀ ਗਲੀ, ਜਿੱਥੇ ਭਾਗੋ ਨਹੀਂ ਖਲੀ -ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਬੰਦਾ ਹਰ ਥਾਂ ਮੂਹਰੇ ਰਹੇ।
  5. ਉਹ ਕੀ ਦੇਵੇ ਸਾਧੋ ? ਜੀਹਨੇ ਪਿੰਨ ਗਲੋਲੇ ਖਾਧੋ -ਅੱਤ ਦੇ ਕੰਜੂਸ ਲਈ, ਭਾਵ ਕਿ ਜਿਹੜਾ ਆਪ ਖੋਤੇ ਦੀ ਲਿੱਧ ਦੇ ਲੱਡੂ ਖਾਂਦਾ ਉਹ ਦੂਜੇ ਨੂੰ ਕੀ ਦੇ ਸਕਦਾ ਹੈ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।  😃
  6. ਉਹ ਜਨਾਨੀ ਕੀ ਜੀਹਨੇ ਖੱਟਾ ਨਾ ਖਾਧਾ, ਉਹ ਬੰਦਾ ਕੀ ਜੀਹਨੇ ਕੁਸੈਲਾ ਨਾ ਖਾਧਾ -ਅਰਥ ਸਪੱਸ਼ਟ ਹੈ।ਜਸਬੀਰ ਵਾਟਾਂਵਾਲੀਆ
  7. ਉਹ ਨਾ ਭੁੱਲਿਆ ਜਾਣੀਏਂ, ਜੋ ਸ਼ਾਮੀਂ ਆਵੇ ਘਰ -ਅਰਥ ਸਪੱਸ਼ਟ ਹੈ।
  8. ਉਹ ਨਾਲ਼ ਨਾ ਖੜ੍ਹੇ, ਉਹ ਘੋੜੀਤੇ ਚੜ੍ਹੇ -ਇਕ ਜਾਣਾ ਭੋਰਾ ਵੀ ਪਸੰਦ ਨਾ ਕਰੇ ਦੂਜਾ ਉੱਤੇ ਚੜ੍ਹ-ਚੜ੍ਹ ਬੈਠੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। 😃
  9. ਉਹ ਫਿਰੇ ਨੱਥ ਕਢਾਉਣ ਨੂੰ, ਤੇ ਉਹ ਫਿਰੇ ਨੱਕ ਵਢਾਉਣ ਨੂੰ -ਜਦੋਂ ਦੂਜਾ ਇਕ ਦੇ ਉਲਟ ਹੋਵੇ ਪਰ ਉਹ ਉਸ ਉਮੀਦਾਂ ਅਤੇ ਸੁਪਨੇ ਰੱਖੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  10. ਉਹ ਮੱਖੀਆਂ ਹੋਰ ਹੀ ਹੁੰਦੀਆਂ, ਜਿਨਾਂ ਦਾ ਹੱਗਿਆ ਲੋਕ ਖਾਂਦੇ ਨੇ -ਕਿਸੇ ਨੂੰ ਫਿਟਕਾਰਨ ਜਾਂ ਦੁਰਕਾਰਨ ਲਈ ਇਹ ਅਖਾਣ ਬੋਲਿਆ ਜਾਂਦਾ ਹੈ ।
  11. ਉਹ ਮਾਂ ਮਰ ਗਈ, ਜਿਹੜੀ ਘਿਓ ਨਾਲ ਟੁੱਕ ਦਿੰਦੀ ਸੀ। –ਕਿਸੇ ਦਿੱਤਾ ਚਿਤਾਰਨ ਲਈ ਇਹ ਅਖਾਣ ਬੋਲਿਆ ਜਾਂਦਾ ਹੈ। ।
  12. ਉਹ ਵੇਲਾ ਨਾ ਭਾਲ਼ , ਟੁੱਕਰ ਖਾਂਦੇ ਖਾਂਦੀ ਕੱਸੇ ਨਾਲ -ਪਹਿਲਾਂ ਵਾਲੀਆਂ ਮੌਜਾਂ ਨਹੀਂ ਲੱਭਣੀਆਂ ਇਹ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। 
  13. ਉਹਦੇ ਨਾਲ ਸ਼ਰੀਕਾ ਕਾਹਦਾ, ਰੱਬ ਜੀਹਦੀਆਂ ਮੰਨੈ -ਭਲੇਮਾਣਸ ਅਤੇ ਫਕੀਰ ਲੋਕਾਂ ਨਾਲ ਵੈਰ-ਵਿਰੋਧ ਅਤੇ ਸ਼ਰੀਕਾ ਨਾ ਕਰਨ ਬਾਰੇ ਨਸੀਹਤ ਦੇਣੀ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  14. ਉਹੀ ਤੱਤੜੀ, ਉਹੀ ਰਾਗ -ਜਦੋਂ ਕਈ ਮੁੜ-ਮੁੜ ਉਹੀ ਗੱਲਾਂ ਕਰੇ ਤਾਂ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ।
  15. ਉਹੀ ਤੁਣਤੁਣੀਉਹੀਓ ਰਾਗ। -ਮੁੜ-ਮੁੜ ਉਹੀ ਗੱਲਾਂ ਕਰਨ ਵਾਲੇ ਬਾਰੇ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। 😊
  16. ਉਹੀ ਨਾਰ ਸੁਲੱਖਣੀ, ਜੀਹਨੇ ਪਹਿਲਾਂ ਜਾਈ ਲਛਮੀ -ਅਰਥ ਸਪੱਸ਼ਟ ਹੈ।
  17. ਉਹੀ ਫੱਬੇ, ਜਿਹੜਾ ਕਲਾਉਂਦਾ ਚੱਬੇ -ਕੰਮਕਾਰ ਕਰਦਿਆਂ ਹੱਸ-ਖੇਡ ਅਤੇ ਖਾ-ਪੀ ਲੈਣਾ ਹੀ ਚੰਗਾ ਹੁੰਦਾ ਕਿਉਂਕਿ ਜਿੰਦਗੀ ਦਾ ਕੋਈ ਭਰੋਸਾ ਨਹੀਂ ਇਹ ਗੂੜਾ ਗਿਆਨ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  18. ਉਹੀ ਬੁੱਢੀ ਖੋਤੀ, ਉਹੀ ਰਾਮ ਦਿਆਲ -ਕਿਸੇ ਸਾਰੀ ਉਮਰ ਹਾਲਤ ਨਾ ਸੁਧਰਨ ਬਾਰੇ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  19. ਉਹੀ ਭੋਂ ਰਾਣੀ, ਜਿਹਦੇ ਸਿਰਤੇ ਪਾਣੀ -ਜਿਸ ਜ਼ਮੀਨ ਨੂੰ ਪਾਣੀ ਲੱਗਦਾ ਹੋਵੇ ਉਸਦੀ ਮਹਿਮਾ ਦੱਸਣੀ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  20. ਉਹੀ ਰਾਣੀ, ਜੋ ਖਸਮਾਂ ਭਾਣੀ -ਮਾਲਕ ਨੂੰ ਚੰਗਾ ਲੱਗਣ ਵਾਲਾ ਮਨੁੱਖ ਹੀ ਮੌਜ ਕਰਦਾ ਹੈ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  21. ਉਹੀਓ ਮਿੱਠਾ, ਜੋ ਬੁੱਲ੍ਹਾਂ ਨਾ ਡਿੱਠਾ -ਜੋ ਨਹੀਂ ਹਾਸਲ ਨਹੀਂ ਹੋਇਆ ਉਸ ਵਿਚ ਵਧੇਰੇ ਰਸ ਪ੍ਰਤੀਤ ਹੁੰਦਾ ਹੈ ਅਤੇ ਉਹੀ ਚੰਗਾ ਲੱਗਦਾ ਹੈ। 😊
  22. ਉਹੋ ਵਸੇ ਹੋਰ ਨਾਲ, ਝੁੱਗਾ ਵੜ ਗਿਆ ਗੋਰ ਨਾਲ। –ਬੇਵਫਾਈ ਕਰਕੇ ਘਰ ਉਜਾੜਨ ਵਾਲਿਆਂ ਬਾਰੇ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  23. ਉਂਗਲ ਵੱਢੀ ਲਹੂ ਵਗਾਇਆ, ਸਾਡਾ ਸਾਥੀ ਹੋਰ ਵੀ ਆਇਆ -ਜਦੋਂ ਕਮੀਨਿਆਂ ਨਾਲ ਹੋਰ ਕਮੀਨੇ ਵੀ ਰਲ਼ ਜਾਣ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। 😃
  24. ਉਂਗਲਉਂਗਲ ਵੇਰਵਾ, ਪੋਟਾਪੋਟਾ ਵਿੱਥ -ਨੇੜੇ ਅਤੇ ਦੂਰ ਦੇ ਸਾਕ-ਸਬੰਧੀਆਂ ਬਾਰੇ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  25. ਉਂਗਲੀ ਫੜਾਈ, ਬਾਂਹ ਫੜੀ -ਨਾਜਾਇਜ਼ ਫਾਇਦਾ ਚੁੱਕਣ ਵਾਲੇ ਬਾਰੇ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ
  26. ਉਂਗਲੀ ਫੜ੍ਹ, ਪਹੁੰਚਾ ਫੜਾ। -ਨਾਜਾਇਜ਼ ਫਾਇਦਾ ਚੁੱਕਣ ਵਾਲੇ ਲਈ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। 😊
  27. ਉੱਘਰੀ ਸੋ ਪਈ, ਪਈ ਸੋ ਸਹੀ -ਜਦੋਂ ਇਹ ਦੱਸਣਾ ਹੋਵੇ ਕਿ ਗੁੱਸੇ ਵਿਚ ਕਿਸੇ ਨੇ ਕਿਸੇ ’ਤੇ ਹੱਥ ਉਲਾਰ ਲਿਆ ਤਾਂ ਸਮਝੋ ਕਿ ਚਪੇੜ ਵੱਜ ਗਈ ਅਤੇ ਜੇਕਰ ਵੱਜ ਗਈ ਤਾਂ ਸਾਹਮਣੇ ਵਾਲੇ ਨੇ ਚੁੱਪ-ਚਾਪ ਸਹਿ ਲਈ।
  28. ਉੱਚਰ ਜੀਵੇ, ਜਿੱਚਰ ਮਟਕਾਵੇ -ਅਰਥ ਸਪੱਸ਼ਟ ਹੈ।
  29. ਉੱਚਰ ਪੁੱਤਰ ਪਿਓ ਦਾ, ਜਿੱਚਰ ਮੂੰਹ ਨਹੀਂ ਡਿੱਠਾ ਪਰਾਈ ਧੀਓ ਦਾ ਵਿਆਹ ਤੋਂ ਬਾਅਦ ਪਿਓ-ਪੁੱਤ ਦੇ ਰਿਸ਼ਤੇ ਵਿਚ ਆਏ ਬਦਲਾਅ ਦੀ ਜਿੰਮੇਵਾਰ ਵਹੁਟੀ ਨੂੰ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। 😊
  30. ਉੱਚਾ ਪਿੰਡ ਭਲਾ, ਨੀਵੇਂ ਖੇਤ ਭਲੇ -ਅਰਥ ਸਪੱਸ਼ਟ ਹੈ।
  31. ਉੱਚੀ ਦੁਕਾਨ, ਫਿੱਕਾ ਪਕਵਾਨ-ਨਾਂ ਵੱਡਾ ਦਰਸ਼ਨ ਛੋਟੇ। ਦਿਖਾਵਾ ਹੋਰ ਅਤੇ ਅਸਲੀਅਤ ਕੁਝ ਹੋਰ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  32. ਉੱਚੀ ਮਾੜੀਤੇ ਇੱਟ ਨਾ ਧਰੀਏ, ਧੀ ਨਾ ਦੇਈਏ ਦੂਰ, ਇੱਟ ਡਿਗੂ ਤਾਂ ਸੱਟ ਲੱਗੂਗੀ, ਧੀ ਮਰੂਗੀ ਝੂਰ ਧੀਆਂ ਨੂੰ ਦੂਰ ਵਿਹਾਉਣ ਦੇ ਦੁੱਖ ਅਤੇ ਹੋਰ ਸਿਆਣਪ ਬਾਰੇ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  33. ਉੱਜੜ ਖੇੜਾ, ਤੇ ਨਾਂ ਨਬੇੜਾਜਦੋਂ ਕਿਸੇ ਵਿਅਕਤੀ ਦਾ ਅਸਲ ਘਟੀਆ ਰੂਪ ਸਾਹਮਣੇ ਆਵੇ ਤਾਂ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ 
  34. ਉੱਜੜੀਆਂ ਖੱਡਾਂ ਵਿੱਚ ਹੱਥ ਮਾਰਨੇ -ਅਰਥ ਸਪੱਸ਼ਟ ਹੈ।
  35. ਉੱਜੜੀਆਂ ਭਰਜਾਈਆਂ, ਵਲੀ ਜਿਨ੍ਹਾਂ ਦੇ ਜੇਠ  ਜਦੋਂ ਅਸਲ ਮਾਲਕ ਦਾ ਦਬਦਬਾ ਨਾ ਹੋਵੇ ਪਰ ਕੋਈ ਹੋਰ ਰਾਜ ਕਰਦਾ ਦਰਸਾਉਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਘਰ ਵਿਚ ਜੇਠ ਦੇ ਨਾਲ ਜਿਸਮਾਨੀ ਸਬੰਧ ਰੱਖਣ ਵਾਲੀਆਂ ਔਰਤਾਂ ਲਈ  ਵਿਅੰਗ ਵਜੋਂ ਵੀ ਬੋਲਿਆ ਜਾਂਦਾ ਹੈ।  😃
  36. ਉੱਜੜੀਆਂ ਮਸੀਤਾਂ ਦਾ ਗਾਲ੍ਹੜ ਇਮਾਮ -ਗੁਣਵਾਨ ਲੋਕਾਂ ਦੇ ਜਾਣ ਤੋਂ ਬਾਅਦ ਉਨ੍ਹਾਂ ਦੀ ਥਾਂ ਮੂਰਖਾਂ ਦੀ ਚੌਧਰ ਬਾਰੇ ਦਰਸਾਉਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। 😃
  37. ਉੱਜੜੇ ਬਾਗਾਂ ਦਾ, ਗਾਲ੍ਹੜ ਪਟਵਾਰੀ।ਗੁਣਵਾਨ ਲੋਕਾਂ ਦੇ ਜਾਣ ਤੋਂ ਬਾਅਦ ਉਨ੍ਹਾਂ ਦੀ ਥਾਂ ਮੂਰਖਾਂ ਦੀ ਚੌਧਰ ਬਾਰੇ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  38. ਉੱਜੜੇ ਪਿੰਡੀਂ, ਭੜੋਲਾ ਮਹਿਲ -ਉਹੀ ਅਰਥ। 😊
  39. ਉੱਠ ਨੀ ਲੋਹੀਏ ਬੱਕਰੀਏ, ਤੇਰਾ ਸਾਥ ਗਿਆ ਦੂਰ -ਆਲਸੀ ਬੰਦੇ ਲਈ ਤਾਹਨਾ ਅਤੇ ਹੱਲਾਸ਼ੇਰੀ ਦੇਣ ਮੌਕੇ ਇਹ ਅਖਾਣ ਬੋਲਿਆ ਜਾਂਦਾ ਹੈ।
  40. ਉੱਠ ਨੂੰਹੇ ਤੂੰ ਥੱਕੀ, ਛੱਡ ਚਰਖਾ ਤੇ ਫੜ੍ਹ ਲੈ ਚੱਕੀ -ਨੂੰਹ ਸੱਸ ਦੀ ਨੋਕ-ਝੋਕ ਅਤੇ ਹਾਸੇ ਠੱਠੇ ਨੂੰ ਦਰਸਾਉਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। 😃
  41. ਉੱਠਿਆ ਤਾਂ ਉੱਠ, ਨਹੀਂ ਤਾਂ ਰੇਤੇ ਦੀ ਮੁੱਠ – ਸਰੀਰ ਦੇ ਕੰਮ ਕਰਦਿਆਂ ਸਹੀ ਰਹਿੰਦਾ ਹੈ ਇਹ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  42. ਉਠੋ ਮੁਰਦਿਓ, ਖਾਓ ਖੀਰ। –ਆਲਸੀ ਬੰਦੇ ਲਈ ਤਾਹਨਾ ਮਾਰਨਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। 😃
  43. ਉੱਡ ਗਈ ਦਾਤ, ਰਹੀ ਕਮਜਾਤ -ਬਹੁਤ ਕੁਝ ਕੰਮ ਦਾ ਗਵਾ ਲੈਣਾ ਅਤੇ ਨਿਕੰਮਾ ਬਾਕੀ ਰਹਿ ਗਿਆ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  44. ਉੱਡ ਭੰਬੀਰੀ ,
    ਸਾਵਣ ਆਇਆ
     -ਬੰਦੇ ਲਈ ਤਾਹਨਾ ਅਤੇ ਹੱਲਾਸ਼ੇਰੀ ਦੇਣੀ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  45. ਉੱਡਦੀਆਂ ਨਾ ਵੇਖ, ਫਸੀਆਂ ਵੇਖ -ਅਸਲੀਅਤ ਨੂੰ ਗਹੁ ਨਾਲ ਵੇਖਣ ਦੀ ਤਾਕੀਦ ਕਰਨੀ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। 
  46. ਉਡੀਕ ਨਾਲ਼ੋਂ, ਕਾਲ਼ ਚੰਗਾ -ਜਦੋਂ ਕੋਈ ਉਡੀਕਦੇ-ਉਡੀਕਦੇ ਅੱਕ-ਥੱਕ ਜਾਵੇ ਪਰ ਉਡੀਕ ਨਾ ਮੁੱਕੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  47. ਉੱਤਮ ਖੇਤੀ, ਮੱਧਮ ਵਪਾਰ, ਨਖਿੱਧ ਚਾਕਰੀ, ਭੀਖ ਨਗਾਰ -ਖੇਤੀ ਧੰਦਾ ਸਭ ਤੋਂ ਚੰਗਾ, ਵਪਾਰ ਦੂਜੇ ਦਰਜੇ ਤੇ ਨੌਕਰੀ ਬਿਲਕੁਲ ਨੀਵੇਂ ਦਰਜੇ ਤੇ ਅਤੇ ਭੀਖ ਮੰਗਣਾ ਲਾਹਣਤ ਦੇ ਸਮਾਨ ਹੈ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। 😃
  48. ਉਤਾਵਲਾ,
    ਸੋ ਬਾਵਲਾ
    -ਉਤਾਵਲਾ ਹੋਣ ਤੋਂ ਰੋਕਣ ਲਈ ਇਹ ਅਖਾਣ ਬੋਲਿਆ ਜਾਂਦਾ ਹੈ। ਅਖਾਣ ਦੇ ਅਰਥ ਅਨੁਸਾਰ ਉਤਾਵਲੇਪਣ ਵਿਚ ਮਨੁੱਖ ਆਪਣੀ ਬੁੱਧੀ ਗਵਾ ਬੈਠਦਾ ਹੈ।
  49. ਉੱਤੋਂ ਆਲ਼ੇਭੋਲ਼ੇ ਤੇ ਵਿੱਚੋਂ ਬੰਬ ਦੇ ਗੋਲ਼ੇ -ਨਾਂ ਵੱਡਾ ਦਰਸ਼ਨ ਛੋਟੇ। ਦਿਖਾਵਾ ਹੋਰ ਅਤੇ ਅਸਲੀਅਤ ਕੁਝ ਹੋਰ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  50. ਉੱਤੋਂ ਬਗਲੇ ਭਗਤ, ਵਿੱਚੋਂ ਕਾਲੇ ਕਾਂ। -ਨਾਂ ਵੱਡਾ ਦਰਸ਼ਨ ਛੋਟੇ। ਦਿਖਾਵਾ ਹੋਰ ਅਤੇ ਅਸਲੀਅਤ ਕੁਝ ਹੋਰ ਬਾਰੇ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। 😃
  51. ਉੱਤੋਂ ਬੀਬੀਆਂ ਦਹਾੜੀਆਂ ਪਰ ਵਿੱਚੋਂ ਕਾਲੇ ਕਾਂ -ਨਾਂ ਵੱਡਾ ਦਰਸ਼ਨ ਛੋਟੇ। ਦਿਖਾਵਾ ਹੋਰ ਅਤੇ ਅਸਲੀਅਤ ਕੁਝ ਹੋਰ। 😊
  52. ਉਥੇ ਜਾਈਂ ਭਲਿਆ, ਜਿੱਥੇ ਪਿਓ-ਦਾਦਾ ਚੱਲਿਆ -ਪਿਓ ਦਾਦੇ ਵਾਲੀ ਚੰਗੀ ਲੀਹ ਤੇ ਚੱਲਣ ਦੀ ਤਾਕੀਦ ਦੇਣ ਲਈ ਇਹ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  53. ਉੱਦਮ ਅੱਗੇ ਲਛਮੀ, ਤੇ ਪੱਖੇ ਅੱਗੇ ਪੌਣ -ਹਿੰਮਤੀ ਅਤੇ ਮਿਹਨਤੀ ਬੰਦਾ ਧੰਨ ਕਮਾ ਹੀ ਲੈਂਦਾ ਹੈ ਇਹ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  54. ਉੱਦਲ਼ ਗਈਆਂ ਛੋਹਰੀਆਂ, ਕੋਈ ਨਾ ਦੇਵੇ ਦਾਜਸਮਾਜਿਕ ਨਿਯਮਾਂ ਦੇ ਉਲਟ ਵਿਚਰਨ ਵਾਲਿਆਂ ਲਈ ਨਸੀਹਤ ਦੇਣੀ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  55. ਉਧਾਰ ਦਏ, ਦੋਵੇਂ ਗਏ -ਉਦਾਰ ਦੇਣ ਨਾਲ ਗਾਹਕ ਵੀ ਜਾਂਦਾ ਹੈ ਅਤੇ ਮੂਲ ਰਕਮ ਵੀ ਇਹ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  56. ਉਧਾਰ ਦਿੱਤਾ, ਤੇ ਗਾਹਕ ਪਸਿੱਤਾ -ਉਦਾਰ ਦੇਣ ਨਾਲ ਗਾਹਕ ਵੀ ਜਾਂਦਾ ਹੈ ਅਤੇ ਮੂਲ ਰਕਮ ਵੀ ਇਹ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  57. ਉਧਾਰ ਦੇਣਾ, ਲੜਾਈ ਮੁੱਲ ਲੈਣੀ -ਉਦਾਰ ਦੇਣ ਨਾਲ ਝਗੜਾ ਪੈਂਦਾ ਹੈ ਇਹ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  58. ਉੱਨ ਲਵਾਹੀ, ਤੇ ਭੇਡਾਂ ਮੱਕੇ ਨੁਕਸਾਨ ਕਰਵਾ ਕੇ ਦੂਰ ਚਲੇ ਜਾਣ ਵਾਲੇ ਲਈ ਇਹ ਅਖਾਣ ਬੋਲਿਆ ਜਾਂਦਾ ਹੈ। 😃ਜਸਬੀਰ ਵਾਟਾਂਵਾਲੀਆ
  59. ਉਰਾਰ ਨਾ ਪਾਰ ਤੇ ਲਟਕੇ ਵਿਚਕਾਰ -ਕੋਈ ਇਕ ਸਟੈਂਡ ਨਾ ਲੈਣ ਵਾਲੇ ਬਾਰੇ ਇਹ ਅਖਾਣ ਬੋਲਿਆ ਜਾਂਦਾ ਹੈ।ਲੇ ਬਾਰੇ ।
  60. ਉਲ਼ਝੇ ਤੰਦਾਂ ਦੀ ਤਾਣੀ, ਜੀਹਨੇ ਖੋਲ੍ਹੀ ਉਸੇ ਨੇ ਜਾਣੀ -ਅਰਥ ਸਪੱਸ਼ਟ ਹੈ। ਜਸਬੀਰ ਵਾਟਾਂਵਾਲੀਆ
  61. ਉਲਟਾ ਚੋਰ, ਕੋਤਵਾਲ ਕੋ ਡਾਂਟੇ -ਗੁਨਾਹਗਾਰ ਹੋਣ ਦੇ ਬਾਵਜੂਦ ਕੋਈ ਸਿਰ ਚੜ੍ਹੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  62. ਉਲਟੀ ਗੰਗ, ਪਿਹੋਵੇ ਵਗੇਗੁਨਾਹਗਾਰ ਹੋਣ ਦੇ ਬਾਵਜੂਦ ਕੋਈ ਸਿਰ ਚੜ੍ਹੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  63. ਉਲਟੀ ਵਾੜ, ਖੇਤ ਨੂੰ ਖਾਏ -ਅਰਥ ਸਪੱਸ਼ਟ ਹੈ।
  64. ਉਲਾਰੇ ਬਾਂਹ ਸੁਲੱਖਣੀ, ਤੇ ਵਿੱਚੋਂ ਪਈ ਸੱਖਣੀਦਿਖਾਵਾ ਹੋਰ ਅਤੇ ਅਸਲੀਅਤ ਕੁਝ ਹੋਰ ਕਰਨ ਵਾਲੇ ਲਈ ਇਹ ਅਖਾਣ ਬੋਲਿਆ ਜਾਂਦਾ ਹੈ।
  65. ਊਠ 40,
    ਬੋਤਾ
    45। –ਅਲਹਿਦੀ ਅਤੇ ਅਣਹੋਈ ਗੱਲ ਕਰਨ ਵਾਲੇ ਲਈ ਇਹ ਅਖਾਣ ਬੋਲਿਆ ਜਾਂਦਾ ਹੈ।
  66. ਊਠ ਅੜ੍ਹਾਂਦੇ ਹੀ ਲੱਦੀਦੇ ਨੇ -ਰੋਦਿਆਂ-ਚੀਕਦਿਆਂ ਕੰਮ ਆਉਣ ਵਾਲਿਆਂ ਲਈ ਇਹ ਅਖਾਣ ਬੋਲਿਆ ਜਾਂਦਾ ਹੈ।
  67. ਊਠ ਖਾਲੀ ਵੀ ਅੜ੍ਹਾਏ, ਅਤੇ ਲੱਦਿਆ ਵੀ -ਅਰਥ ਸਪੱਸ਼ਟ ਹੈ। 😃
  68. ਊਠ ਕਣਕੋਂ ਜੇ ਮੁੜੇਵੱਤ ਜਵਾਰ ਨੂੰ ਖਾਏ -ਕਿਸੇ ਦੇ ਅੜੀਅਲ ਸੁਭਾਅ ਨੂੰ ਪ੍ਰਗਟਾਉਣ ਲਈ ਇਹ ਅਖਾਣ ਬੋਲਿਆ ਜਾਂਦਾ ਹੈ। 
  69. ਊਠ ਚੰਗਾ ਮਾਲ, ਖੱਟੇ ਸੋਨਾ, ਤੇ ਖਾਏ ਜਾਲ -ਊਠ ਰੱਖਣ ਦੇ ਲਾਭ ਦੱਸਣ ਵੇਲੇ ਇਹ ਅਖਾਣ ਬੋਲਿਆ ਜਾਂਦਾ ਹੈ।
  70. ਊਠ ਦਾ ਪੱਦ, ਨਾ ਧਰਤੀ ਨਾ ਅਸਮਾਨ। -ਕੋਈ ਇਕ ਸਟੈਂਡ ਨਾ ਲੈਣ ਵਾਲੇ ਵਾਸਤੇ ਇਹ ਅਖਾਣ ਬੋਲਿਆ ਜਾਂਦਾ ਹੈ। 😃
  71. ਊਠ ਦਾ ਮੂੰਹ ਕੀ ਜਾਣੀਏ, ਉਹ ਕਿੱਧਰ ਉੱਠੇ-ਬੇਭਰੋਸਗੀ ਅਤੇ ਅਸਪੱਸ਼ਟ ਸਥਿਤੀਆਂ ਨੂੰ ਪ੍ਰਗਟਾਉਣ ਲਈ ਇਹ ਅਖਾਣ ਬੋਲਿਆ ਜਾਂਦਾ ਹੈ।
  72. ਊਠ ਦੇ ਪੱਦ ਉੱਚੇ ਜਾਣ -ਵੱਡੀਆਂ ਗੱਪਾਂ ਮਾਰਨ ਵਾਲਿਆਂ ਲਈ ਇਹ ਅਖਾਣ ਬੋਲਿਆ ਜਾਂਦਾ ਹੈ। 😃
  73. ਊਠ ਦੇ ਮੂੰਹ ਜੀਰਾ -ਬਹੁਤੀ ਚੀਜ਼ ਦੇ ਸਾਹਮਣੇ ਨਾ ਮਾਤਰ ਚੀਜ਼ ਨੂੰ ਦੱਸਣ ਬਾਰੇ ਇਹ ਅਖਾਣ ਬੋਲਿਆ ਜਾਂਦਾ ਹੈ।।
  74. ਊਠ ਨਾ ਕੁੱਦੇ, ਪਰ ਬੋਰੇ ਕੁੱਦਣ -ਜਦੋਂ ਅਸਲ ਵਿਅਕਤੀ ਚੁੱਪ ਹੋਵੇ ਪਰ ਦੂਜਾ ਜਿਆਦਾ ਟੱਪੇ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ। 😃
  75. ਊਠ ਨਾ ਪੁੱਦਿਆ, ਜੇ ਪੁੱਦਿਆ ਤਾਂ ਫੁੱਸ -ਫੜ੍ਹ ਮਾਰਨ ਵਾਲਿਆਂ ਲਈ ਇਹ ਅਖਾਣ ਬੋਲਿਆ ਜਾਂਦਾ ਹੈ।
  76. ਊਠ ਬੁੱਢਾ ਹੋ ਜਾਂਦਾ ਪਰ ਮੂਤਣ ਦਾ ਚੱਜ ਨਹੀਂ ਆਉਂਦਾ -ਲਗਤਾਰ ਮੂਰਖਤਾਈਆਂ ਕਰਨ ਵਾਲੇ ਵਾਸਤੇ ਇਹ ਅਖਾਣ ਬੋਲਿਆ ਜਾਂਦਾ ਹੈ। 😃
  77. ਊਠ ਬੋਲੇਗਾ ਤਾਂ ਲਾਣੇ ਦੀ ਬੋਅ ਆਵੇਗੀ -ਆਪਣੇ ਹਿੱਤ ਨੂੰ ਮੋਹਰੇ ਰੱਖਣ ਵਾਲਿਆਂ ਲਈ ਇਹ ਅਖਾਣ ਬੋਲਿਆ ਜਾਂਦਾ ਹੈ।
  78. ਊਠ ਲੇਡਾ ਕਰਨ ਲੱਗਾ ਸੋਚਦਾ, ਪਰ ਤੂੰ ਗੱਲ ਕਰਨ ਲੱਗਾ ਨਹੀਂ ਸੋਚਦਾ -ਅਰਥ ਸਪੱਸ਼ਟ ਹੈ। 😃
  79. ਊਠਾਂਤੇ ਚੜ੍ਹ ਨਾ ਹੋਵੇ, ਤੇ ਬੋਰੀਆਂਤੇ ਕੁੱਦੇ ਮਾੜੇ ਤੇ ਜ਼ੋਰ ਅਜਮਾਈ ਕਰਨ ਵਾਲੇ ਵਾਸਤੇ ਇਹ ਅਖਾਣ ਬੋਲਿਆ ਜਾਂਦਾ ਹੈ।
  80. ਊਠਾਂ ਲਈ ਛੱਪਰ ਕੌਣ ਬਣਾਵੇ-ਵੱਸੋਂ ਬਾਹਰੀਆਂ ਸਥਿਤੀਆਂ ਨੂੰ ਪ੍ਰਗਟਾਉਣ ਲਈ ਇਹ ਅਖਾਣ ਬੋਲਿਆ ਜਾਂਦਾ ਹੈ। 😊
  81. ਊਠਾਂ ਵਾਲਿਆਂ ਨਾਲ ਯਾਰੀਆਂ ਲਾਕੇ , ਦਰਵਾਜ਼ੇ ਛੋਟੇ ਨਹੀਂ ਰੱਖੀਦੇ -ਅਰਥ ਸਪੱਸ਼ਟ ਹੈ।
  82. ਊਠਾਂ ਵਾਲੇ ਸਦਾ ਦਵਾਲੇ, ਮਹੀਆਂ ਵਾਲੇ ਅੱਧੇ, ਭੇਡਾਂ ਵਾਲੇ ਸਦਾਸੁਖਾਲੇ, ਜਿੰਨ੍ਹਾ ਖੂਬ ਰੁਪਈਏ ਲੱਧੇ -ਭੇਡਾਂ ਅਤੇ ਮੱਝਾਂ ਰੱਖਣ ਦੇ ਲਾਭ ਅਤੇ ਊਠ ਰੱਖਣ ਦੇ ਘਾਟੇ ਬਾਰੇ ਇਹ ਅਖਾਣ ਬੋਲਿਆ ਜਾਂਦਾ ਹੈ।
  83. ਊਠਾਂ ਵਿੱਚੋਂ ਭੇਡਾਂ ਪਛਾਨਣੀਆਂ ਅਣਹੋਈਆਂ ਗੱਲਾਂ ਕਰਨ ਵਾਲੇ ਬਾਰੇ ਇਹ ਅਖਾਣ ਬੋਲਿਆ ਜਾਂਦਾ ਹੈ। 😃
  84. ਊਠਾ! ਲਹਾਈ ਭਲੀ ਕਿ ਚੜ੍ਹਾਈ, ਅਖੇ ਹਰਦੁ ਲਾਹਣਤ – ਜਦੋਂ ਦੋ ਪਾਸੀਂ ਸਮੱਸਿਆਵਾਂ ਹੋਣ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  85. ਊਣਾ ਭਾਂਡਾ ਖੜਖੜ ਬੋਲੇ, ਭਰਿਆ ਕਦੇ ਨਾ ਡੋਲੇ -ਅਰਥ ਸਪੱਸ਼ਟ ਹੈ।
  86. ਓਸ ਪੇਕੇ ਕੀ ਜਾਣਾ, ਜਿੱਥੇ ਸਿਰ ਨਾ ਪਾਣੀ ਪਾਣਾ – ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ  ਖਾਸ ਸਬੰਧੀਆਂ ਕੋਲੋਂ ਕੋਈ ਆਸ-ਉਮੀਦ ਨਾ ਹੋਵੇ।
  87. ਓਹੀਓ ਕੁੜੀ ਸਚੱਜੀ, ਜੀਹਦੀ ਕੱਛ ਹੇਠ ਸੋਟਾ।  –ਇਸ ਅਖਾਣ ਦੇ ਅਰਥ ਅਨੁਸਾਰ ਛਿੱਤਰ ਵਾਲੇ ਕੋਲ਼ੋ ਸਾਰੇ ਜਰਕਦੇ ਹਨ। ਡਰਦੇ ਮਾਰੇ ਲੋਕ ਤੁਹਾਡੀ ਇੱਜਤ ਵੀ ਕਰਦੇ ਹਨ ਅਤੇ ਤੁਹਾਨੂੰ ਸਿਆਣਾ ਵੀ ਕਹਿੰਦੇ। 😃
  88. ਓਡਾਂ ਦੀ ਗੱਦੋਂ ਦਾ ਕੀ ਪਤਾ, ਕਿਹੜੇ ਪਿੰਡ ਜਾ ਕੇ ਸੂਣਾ ? -ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਦਾ ਕੋਈ ਭੇਦ ਨਾ ਹੋਵੇ ਕਿ ਉਸ ਨੇ ਕੀ ਕਰਨਾ ਅਤੇ ਕੀ ਨਹੀਂਂ ! ਕਦੋਂ ਕਰਨਾ ਹੈ ਅਤੇ ਕਦੋਂ ਨਹੀਂ!  😃
  89. ਓਨੇ ਦੀ ਕੁੱਤੀ ਨਹੀਂ, ਜਿੰਨੇ ਦਾ ਆਟਾ ਖਾ ਗਈ -ਜਦੋਂ ਨਕਾਰਾ ਬੰਦਾ ਜਾਂ ਕੋਈ ਸਾਧਨ ਵੱਡਾ ਨੁਕਸਾਨ ਕਰ ਦੇਵੇ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ।  😃
  90. ਉਲਾਰੀ, ਤੇ ਮਾਰੀ, ਇਕ ਬਰਾਬਰ।– ਇਹ ਅਖਾਣ ਕਿਸੇ ’ਤੇ ਹੱਥ ਚੁੱਕਣ ਦੇ ਸਬੰਧ ਵਿਚ ਬੋਲਿਆ ਜਾਂਦਾ ਹੈ।  ਇਸ ਤਰਾਂ ਦਾ ਇਕ ਹੋਰ ਅਖਾਣ ਹੈ। ਜੇ ਚੱਕ ਲਈ, ਤਾਂ ਵੱਜ ਗਈ, ਜੇ ਵੱਜ ਗਈ, ਤਾਂ ਸਹਿ ਲਈ।

PUNJABI AKHAAN :  ਅ ਅੱਖਰ ਵਾਲੇ ਆਖਾਣ

ਇਸ ਚੈਪਟਰ ਵਿਚ ਤੁਸੀਂ ‘ਅ’ ਅੱਖਰ ਵਾਲੇ ਅਖਾਣ ਅਰਥਾਂ ਸਮੇਤ ਅਤੇ ਉਨ੍ਹਾਂ ਦੀ ਵਰਤੋਂ ਸਬੰਧੀ ਪੜ੍ਹੋਗੇ।

    1. ਆਓਗੇ ਤਾਂ ਕੀ ਲਿਆਓਗੇ ਜਾਓਗੇ ਤਾਂ ਕੀ ਦੇਖੇ ਜਾਓਗੇ? ਜਦੋਂ ਕੋਈ ਵਿਅਕਤੀ ਹਰ ਵੇਲੇ ਆਪਣਾ ਹਿੱਤ ਹੀ ਮੋਹਰੇ ਰੱਖੇ ਅਤੇ ਚਿੱਤ ਵੀ ਆਪਣੀ, ਪੱਟ ਵੀ ਆਪਣੀ ਵਾਲਾ ਸਿਧਾਂਤ ਅਪਣਾਈ ਰੱਖੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    2. ਅਸਮਾਨ ਜਿੱਡੇ ਖਲਵਾਰਿਆਂ ਨੂੰ ਲਾਉਣ ਲਈ, ਰੱਬ ਜਿੱਡੀ ਬਾਂਹ ਚਾਹੀਦੀ -ਇਸ ਅਖਾਣ ਦੇ ਅਰਥ ਅਨੁਸਾਰ ਵੱਡੇ ਕੰਮ ਕਰਨ ਲਈ ਵੱਡੇ ਜਿਗਰੇ ਅਤੇ ਪਾਵਰ ਦੀ ਲੋੜ ਹੁੰਦੀ ਹੈ। 😮
    3. ਅਸਮਾਨੀ ਟਾਕੀਆਂ ਲਾਹਵੇ ਵੀ ਅਤੇ ਲਾਵੇ ਵੀ ਤੇਜ-ਤਰਾਰ ਅਤੇ ਵਧੇਰੇ ਗੱਲਾਂ ਕਰਨ ਵਾਲੇ ਵਿਆਕਤੀ ਲਈ ਇਹ ਅਖਾਣ ਬੋਲਿਆ ਜਾਂਦਾ ਹੈ।
    4. ਅਸਮਾਨੋਂ ਡਿੱਗੀ, ਭੂੰ ਭੜਿੱਚੀ -ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਵੱਡੇ ਯਤਨ ਕਰਨ ਤੋਂ ਬਾਅਦ ਵੀ ਬਦਹਾਲ ਰਹੇ ਅਤੇ ਉਪਰੋਂ ਹੇਠਾਂ ਆ ਡਿੱਗੇ। 😮
    5. ਅਸਮਾਨੋਂ ਡਿੱਗੇ, ਖਜੂਰਤੇ ਅਟਕੇ। ਉਹੀ
    6. ਅਸ਼ਰਫੀਆਂ ਦੀ ਲੁੱਟ, ਤੇ ਕੋਲਿਆਂਤੇ ਮੋਹਰਾਂ -ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਘਟੀਆ ਚੀਜਾਂ ਨੂੰ ਸੰਭਾਲ-ਸੰਭਾਲ ਰੱਖੇ ਅਤੇ ਵਧੀਆ ਦੀ ਪਰਵਾਹ ਨਾ ਕਰੇ। 😮
    7. ਅਸਾਮੀ ਕੰਜਰ, ਤੇ ਭੋਂਏ ਬੰਜਰ, ਘਾਟਾ ਹੀ ਘਾਟਾ-ਇਹ ਅਖਾਣ ਦੇ ਅਰਥ ਅਨੁਸਾਰ ਘਟੀਆ ਗਾਹਕ ਅਤੇ ਮਾੜੀ ਜ਼ਮੀਨ ਤੁਹਾਨੂੰ ਡਬੋ ਦਿੰਦੇ ਹਨ। 😊
    8. ਅੱਸੀ ਸੀਆਂ ਗਾਜਰਾਂ, ਸੌ ਸੀਆਂ ਕਮਾਦ, 60 ਸੀਆਂ ਲਾ ਕੇ , ਦੇਖ ਕਣਕ ਦਾ ਝਾੜ – ਜਮੀਨ ਦੀ ਜਿਆਦਾ ਵਹਾਈ ਅਤੇ ਉਸ ਨਾਲ ਝਾੜ ਵੱਧਣ ਸਬੰਧੀ ਇਹ ਅਖਾਣ ਬੋਲਿਆ ਜਾਂਦਾ ਹੈ।
    9. ਅਸੀਂ ਪਾੜਿਆ, ਤੁਸੀਂ ਸੀਓਂ -ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਕੋਈ ਜਦੋਂ ਲਗਾਤਾਰ ਨੁਕਸਾਨ ਕਰੇ ਅਤੇ ਕਿਸੇ ਹੋਰ ਨੂੰ ਉਹਦੀ ਭਰਪਾਈ ਕਰਨ ਲਈ ਆਖੇ। 😃
    10. ਅੱਸੂ ਜਿੱਤੇ, ਅੱਸੂ ਹਾਰੇ  -ਇਸ ਅਖਾਣ ਦੇ ਅਰਥ ਅਨੁਸਾਰ ਅੱਸੂ ਵਿਚ ਮੀਂਹ ਪੈਣ ਦੇ ਫਾਇਦੇ ਅਤੇ ਨੁਕਸਾਨ ਦੀ ਗੱਲ ਕੀਤੀ ਗਈ ਹੈ।
    11. ਅੱਸੂ ਮਾਹ ਨਿਰਾਲਾ, ਦਿਨੇ ਧੁੱਪ ਤੇ ਰਾਤੀਂ ਪਾਲ਼ਾ -ਇਸ ਅਖਾਣ ਦੇ ਅਰਥ ਅਨੁਸਾਰ ਅੱਸੂ ਮਹੀਨੇ ਵਿਚ ਦਿਨ-ਰਾਤ ਦੇ ਤਾਪਮਾਨ ਵਿਚ ਆਉਂਦੀ ਵੱਡੀ ਤਬਦੀਲੀ ਦੀ ਗੱਲ ਕੀਤੀ ਗਈ ਹੈ।
    12. ਅਹਿ ਕਰ ਕਰੇ, ਸੋ ਅਹਿ ਕਰ ਪਾਏ -ਇਸ ਅਖਾਣ ਦੇ ਅਰਥ ਅਨੁਸਾਰ ਹਰ ਚੰਗੇ ਅਤੇ ਮਾੜੇ ਕਰਮ ਦਾ ਫਲ ਜਰੂਰ ਮਿਲਦਾ ਹੈ । ਸਭ ਕਰਮਾ ਦਾ ਹਿਸਾਬ ਕਿਤਾਬ ਨਾਲੋ-ਨਾਲ ਇੱਥੇ ਹੀ ਹੋ ਜਾਂਦਾ ਹੈ।
    13. ਅਹਿਮਕ ਕੱਟੇ, ਖ਼ੁਦ ਦੇ ਪੈਰ -ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਮੂਰਖ ਆਪਣੀਆਂ ਗਲਤੀਆਂ ਕਾਰਨ ਆਪਣਾ ਨੁਕਸਾਨ ਖੁਦ ਹੀ ਕਰ ਰਿਹਾ ਹੋਵੇ।
    14. ਅਹਿਮਕ ਭੋਲਾ ਆਖੀਏ, ਹਰ ਗੱਲ ਅਪੁੱਠੀ – ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਮੂਰਖ ਹਰ ਵੇਲੇ ਗਲਤੀਆਂ ਕਰੇ ਅਤੇ ਉਸ ਦਾ ਕੰਮ ਹੀ ਪੁੱਠਾ ਹੋਵੇ।
    15. ਅਹਿਰਨ ਲਵਾਂ ਲਕੋ, ਤੇ ਮੈਂ ਸੂਈਆਂ ਦਾ ਦਾਨੀ -ਜਦੋਂ ਕੋਈ ਬਹੁਤ ਵੱਡੇ ਘਪਲੇ ਕਰੇ ਅਤੇ ਛੋਟੀ ਗੱਲ ’ਤੇ ਇਮਾਨਦਾਰੀ ਵਰਤੇ ਤਾਂ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ। (ਅਹਿਰਨ – ਜਿਸ ਤੇ ਰੱਖ ਕੇ ਲੋਹਾ ਕੁੱਟਿਆ ਜਾਂਦਾ) 😃
    16. ਅਹੀਤਹੀ ਤੇ, ਕਰਾਂ ਆਵਦੇ ਜਹੀਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਨਿੱਤ ਦੀ ਲੜਾਈ ਜਾਂ ਬੁਰੇ ਕੰਮ ਦਾ ਆਦੀ ਹੋਵੇ ਅਤੇ ਦੂਜਿਆਂ ਨੂੰ ਵੀ ਆਪਣੇ ਵਰਗਾ ਬਣਾ ਲਵੇ।
    17. ਅੱਕ ਬੀਜੈ, ਅੰਬ ਲੋੜੇ -ਇਸ ਅਖਾਣ ਦੇ ਅਰਥ ਅਨੁਸਾਰ ਜਿਹੋ-ਜਹੇ ਕਰਮ ਕਰੋਗੇ ਉਹੋ ਜਿਹਾ ਫ਼ਲ ਮਿਲੇਗਾ। ਜੇਕਰ ਕੋਈ ਅੱਕ ਦਾ ਬੂਟਾ ਬੀਜੇਗਾ ਅਤੇ ਆਸ ਰੱਖੇਗਾ ਕਿ ਉਸ ਨੂੰ ਅੰਬ ਲੱਗਣਗੇ ਤਾਂ ਇਹ ਨਹੀਂ ਹੋਵੇਗਾ।
    18. ਅਕਬਰਜ਼ਾਦਾ ਪੇਟ ਪਿਆ, ਫੂਲਾਂਜ਼ਾਦੀ ਲੇਟ ਗਈ -ਇਹ ਅਖਾਣ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਪਰੇਸ਼ਾਨੀ ਹੋਣ ਤੋਂ ਪਹਿਲਾਂ ਹੀ ਖੇਖਣ ਸ਼ੁਰੂ ਕਰ ਦੇਵੇ। 
    19. ਅਕਲ ਦਾ ਅੰਨ੍ਹਾ ਪਰ ਗੰਢੋਂ ਪੂਰਾ– ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਮੱਤ ਦਾ ਮੋਟਾ ਹੋਵੇ ਪਰ ਆਪਣਾ ਹਿੱਤ ਮੂਹਰੇ ਰੱਖਣਾ ਖੂਬ ਜਾਣਦਾ ਹੋਵੇ।
    20. ਅਕਲ ਦਾ ਦੀਵਾ ਕਿੰਝ ਬਲ਼ੇ , ਜਾਂ ਬਿਰਹੋਂ ਹਨੇਰੀ ਝੁੱਲੀ -ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਬਿਰਹੋ ਵਿਚ ਗ੍ਰੱਸਿਆ ਵਿਅਕਤੀ ਮੂਰਖਮਤੀਆਂ ਕਰੇ। 
    21. ਅਕਲਾਂ ਬਾਝੋਂ ਖੂਹ ਖਾਲੀ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਕਮ ਅਕਲ ਹੋਣ ਕਰਕੇ ਬਣਿਆ ਬਣਾਇਆ ਕੰਮ ਵਿਗਾੜ ਲਵੇ।
    22. ਅੱਕੀਂਪਲਾਹੀਂ ਹੱਥ ਮਾਰਨੇ -ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਐਵੇਂ ਏਧਰ-ਓਧਰ ਹੱਥ ਮਾਰਦਾ ਜਾਂ ਭਾਲਦਾ ਫਿਰੇ।
    23. ਅੱਕੈ ਕੇਰੀ ਖੱਖੜੀ, ਕੋਈ ਅੰਬ ਨਾ ਆਖੇਇਸ ਅਖਾਣ ਦੇ ਅਰਥ ਅਨੁਸਾਰ ਅੱਕ ਦੀ ਖੱਖੜੀ ਨੂੰ ਅੰਬ ਨਹੀਂ ਕਿਹਾ ਜਾ ਸਕਦਾ ਭਾਵ ਚੰਗੀ ਚੀਜ ਦਾ ਮਾੜੀ ਨਾਲ ਕੋਈ ਮੁਕਾਬਲਾ ਨਹੀਂ। ਇਹ ਅਖਾਣ ਭਾਈ ਗੁਰਦਾਸ ਦੀਆਂ ਵਾਰਾਂ ਵਿਚ ਵੀ ਦਰਜ ਹੈ।
    24. ਅੱਖ ਓਹਲੇ, ਪਹਾੜ ਓਹਲੇ– ਇਸ ਅਖਾਣ ਦੇ ਅਰਥ ਅਨੁਸਾਰ ਜੋ ਅੱਖਾਂ ਤੋਂ ਪਰੇ ਹੈ ਉਸ ਨੂੰ ਨਹੀਂ ਦੇਖਿਆ ਜਾ ਸਕਦਾ ਅਤੇ ਉੱਥੇ ਕੁਝ ਵੀ ਹੋ ਸਕਦਾ ਹੈ।
    25. ਅੱਖ ਅੱਡੀ ਰਹਿ ਗਈ, ਕੱਜਲ ਨੂੰ ਇੱਲ ਲੈ ਗਈ -ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਦੀਆਂ ਪੱਕੀਆਂ-ਪਕਾਈਆਂ ਆਸਾਂ ਅਤੇ ਉਮੀਦਾ ਟੁੱਟ ਜਾਣ ਅਤੇ ਭਾਣਾ ਕੋਈ ਹੋਰ ਵਾਪਰ ਜਾਵੇ।  😮
    26. ਅੱਖਰ ਜੋ ਲੇਖੀਂ ਲਿਖੇ, ਨਾ ਮੁੜਦੇ ਹਰਗਿਜ -ਇਸ ਅਖਾਣ ਦੇ ਅਰਥ ਅਨੁਸਾਰ ਕਿਸਮਤ ਅਤੇ ਹੋਣੀ ਅਟੱਲ ਹੈ ਜੋ ਵਾਪਰਨਾ ਹੈ ਵਾਪਰ ਕੇ ਰਹਿੰਦਾ ਹੈ।
    27. ਅੱਖਾਂ ਗਈਆਂ ਜਹਾਨ ਗਿਆ, ਕੰਨ ਗਏ ਤਾਂ ਰਾਗ ਗਿਆ, ਦੰਦਾਂ ਬਾਝੋਂ ਸਵਾਦ ਕੀ ਲੈਣਾ ? ਮਾਪੇ ਗਏ ਵੈਰਾਗ ਗਿਆਇਸ ਅਖਾਣ ਦੇ ਵਿਚ ਇਹ ਦੱਸਿਆ ਗਿਆ ਹੈ ਕਿ ਸਰੀਰ ਦੀਆਂ ਮੁੱਖ ਇੰਦਰੀਆਂ ਅੱਖਾਂ, ਕੰਨ, ਅਤੇ ਦੰਦਾਂ ਬਿਨਾ ਸਾਰੇ ਰਸ ਬੇਰੱਸੇ ਹੋ ਜਾਂਦੇ ਹਨ ਅਤੇ ਮਾਪਿਆਂ ਦੇ ਮਰਨ ਤੋਂ ਬਾਅਦ ਵੈਰਾਗ ਦਾ ਵੀ ਕੋਈ ਅਰਥ ਨਹੀਂ ਰਹਿ ਜਾਂਦਾ।
    28. ਅੱਖਾਂ ਨਾ ਪੁੱਛ, ਵਹੁਟੀ ਹੀਰੇ ਵਰਗੀ -ਇਹ ਅਖਾਣ ਵਿਅੰਗ ਵਜੋਂ ਬੋਲਿਆ ਜਾਂਦਾ ਜਦੋਂ ਕੋਈ ਅਸਲ ਖਰਾਬ ਚੀਜ ਤੋਂ ਧਿਆਨ ਹਟਾ ਕੇ ਨਕਾਰੀ ਚੀਜ ਦਾ ਗੁਣਗਾਨ ਕਰੇ। 
    29. ਅੱਖਾਂ ਮੀਟਿਆਂ, ਹਨੇਰਾ– ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਨੂੰ ਦੱਸਣਾ ਹੋਵੇ ਕਿ ਬੇਧਿਆਨੀ ਵਿਚ ਹੀ ਨੁਕਸਾਨ ਹੁੰਦਾ ਹੈ।
    30. ਅੱਖੀਂ ਸੁਖ, ਕਲੇਜੇ ਠੰਡ -ਇਸ ਅਖਾਣ ਦੇ ਅਰਥ ਅਨੁਸਾਰ ਚੰਗਾ ਦੇਖਦਿਆਂ ਹੀ ਸਕੂਨ ਮਿਲ ਜਾਂਦਾ ਹੈ। 
    31. ਅੱਖੀਂ ਘੱਟਾ, ਮੂੰਹ ਵਿੱਚ ਗੱਟਾ– ਇਸ ਅਖਾਣ ਦੇ ਅਰਥ ਅਨੁਸਾਰ  ਜਦੋਂ ਹਰ ਪਾਸਿਓਂ ਧੋਖਾ ਅਤੇ ਨਿਰਾਸ਼ਾ ਮਿਲੇ। 
    32. ਅੱਖੀਂ ਡਿੱਠਾ ਘਿਓ ਭਲਾ, ਖਾਧਾ ਭਲਾ ਨਾ ਤੇਲ -ਇਸ ਅਖਾਣ ਵਿਚ ਘਿਉ ਖਾਣ ਦੀ ਮਹਿਮਾ ਅਤੇ ਤੇਲ ਖਾਣ ਦਾ ਨੁਕਸਾਨ ਦੱਸਿਆ ਗਿਆ ਹੈ। 😊
    33. ਅਖੀਂ ਦੇਖ ਕੇ ਮਹੁਰਾ ਨਹੀਂ ਖਾਦਾ ਜਾਂਦਾ– ਇਸ ਅਖਾਣ ਦੇ ਅਰਥ ਅਨੁਸਾਰ ਕਿਸੇ ਦੀ ਬੁਰੀ ਅਸਲੀਅਤ ਜਾਣ ਲੈਣ ਤੋਂ ਬਾਅਦ ਉਸ ਨੂੰ ਸਵੀਕਾਰਿਆ ਨਹੀਂ ਜਾ ਸਕਦਾ।
    34. ਅੱਖੀਂ ਨਾ ਪਾਣੀ, ਤੇ ਕਲ਼ੇਜੇ ਡੌਂਅ ਜਾਣੀ। –ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਐਵੇਂ ਝੂਠਾ ਪਿਆਰ ਜਤਾਵੇ ਜਾਂ ਝੂਠਾ ਦਰਦ ਵੰਡਾਵੇ।
    35. ਅੱਖੀਂ ਵੇਖ ਕੇ, ਮੱਖੀ ਨਹੀਂ ਨਿਗਲੀ ਜਾਂਦੀ -ਇਸ ਅਖਾਣ ਦੇ ਅਰਥ ਅਨੁਸਾਰ ਕਿਸੇ ਦੀ ਬੁਰੀ ਅਸਲੀਅਤ ਜਾਣ ਲੈਣ ਤੋਂ ਬਾਅਦ ਉਸ ਨੂੰ ਸਵੀਕਾਰਿਆ ਨਹੀਂ ਜਾ ਸਕਦਾ।
    36. ਅੱਖੀਓਂ ਦੂਰ, ਦਿਲੋਂ ਦੂਰਇਸ ਅਖਾਣ ਦੇ ਅਰਥ ਅਨੁਸਾਰ ਜੋ ਅੱਖਾਂ ਤੋਂ ਪਰੇ ਹੈ ਉਸ ਨਾਲ ਦਿਲ ਸਬੰਧ ਵੀ ਫਿੱਕੇ ਪੈ ਜਾਂਦੇ ਹਨ। 😊
    37. ਅਖੇ ਅੰਨ ਦਾ ਭਾਅ ਕੀਹਨੇ ਵਧਾਇਆ, ਜਿਹੜੇ ਰਾਤੀਂ ਭੁੱਖੇ ਸੁੱਤੇ -ਇਹ ਅਖਾਣ ਵਿਅੰਗ ਵਜੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਮਜਬੂਰ ਅਤੇ ਲਾਚਾਰ ਵਿਅਕਤੀ ਨੂੰ ਕਿਸੇ ਅਣਹੋਈ ਘਟਨਾ ਦਾ ਜਿੰਮੇਵਾਰ ਦੱਸੇ, ਜੋ ਉਹ ਕਰ ਹੀ ਨਹੀਂ ਸਕਦਾ।
    38. ਅਖੇ ਸ਼ੇਰਾਂ ਕੀ ਖਾਣਾ ਮਾਸਇਸ ਅਖਾਣ ਦੇ ਅਰਥ ਅਨੁਸਾਰ ਕੁਝ ਅਟੱਲ ਸੱਚਾਈਆਂ ਹੁੰਦੀਆਂ ਹਨ ਜੋ ਬਦਲਦੀਆਂ ਨਹੀਂ, ਹਰ ਕੋਈ ਉਸ ਦੇ  ਕੁਦਰਤੀ ਸਭਾਅ ਅਨੁਸਾਰ ਹੀ ਰਹਿੰਦਾ ਅਤੇ ਜਿਉਂਦਾ ਹੈ। 
    39. ਅਖੇ ਕੱਚੀ ਤਾਂ ਖੁਰਦੀ ਨਹੀਂ ਪਰ ਪੱਕੀ ਖੁਰਦੀ -ਉਲਟ ਜਾਂ ਅਣਹੋਈ ਗੱਲ ਕਰਨ ਵਾਲੇ ਲਈ ਇਹ ਅਖਾਣ  ਬੋਲਿਆ ਜਾਂਦਾ ਹੈ।
    40. ਅਖੇ ਗੂੰਹ ਨਹੀਂ ਨਾਨੀ ਦਾ ਹੱਗਿਆ -ਇਹ ਅਖਾਣ ਵਿਅੰਗ ਵਜੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਗੱਲ ਨੂੰ ਗੰਧਾਲਣ ਦੀ ਕੋਸ਼ਿਸ਼ ਕਰੇ।
    41. ਅਖੇ ਗੋਤ ਕੀ ਅਰਲੇ, ਮਰਦਿਆਂ ਦੇ ਤਰਲੇ -ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਇਹ ਦੱਸਣ ਹੋਵੇ ਮਜਬੂਰ ਅਤੇ ਲਤਾੜਿਆ ਮਨੁੱਖ ਅਨੇਕਾਂ ਤਰ੍ਹਾਂ ਤਰਲੇ ਮਾਰਦਾ ਹੈ। 😊
    42. ਅਖੇ ਤੇਰੇ ਹਲ਼ ਦੀ ਹਲ਼ਾਂ ਵਿੰਗੀ ਜਾਂਦੀ , ਕਹਿੰਦਾ ਜਾ ਤੂੰ ਆਪਣੀ ਮਾਂ ਦਾ ਮਰਨਾ ਕੀਤਾ -ਇਹ ਅਖਾਣ ਵਿਅੰਗ ਵਜੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਨੇ ਸਹੀ ਗੱਲ ਨੂੰ ਗੰਧਾਲਣ ਦੀ ਕੋਸ਼ਿਸ਼ ਕੀਤੀ ਹੋਵੇ।
    43. ਅਖੇ ਤੇਰੇ ਪੀਠੇ ਦਾ ਕੀ ਛਾਨਣਾ, ਸੁਦਾ ਸੂੜ੍ਹਾ -ਇਹ ਅਖਾਣ ਵਿਅੰਗ ਵਜੋਂ ਜਾਂ ਹਾਸੇ ਠੱਠੇ ਵਿਚ ਬੋਲਿਆ ਜਾਂਦਾ ਹੈ।
    44. ਅਖੇ ਦੱਦਾ ਨਹੀਂ ਪੜ੍ਹਿਆ, ਲੱਲ੍ਹਾ ਪੜ੍ਹਿਆ -ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਨੂੰ ਅਹਿਸਾਸ ਕਰਵਾਉਣਾ ਹੋਵੇ ਕਿ ਉਹ ਮੂਲ ਮਸਲੇ ਨੂੰ ਵੀ ਨਹੀਂ ਸਮਝ ਰਿਹਾ ਪਰ ਗੱਲਾਂ ਸਭ ਕੁਝ ਜਾਨਣ ਦੀਆਂ ਕਰ ਰਿਹਾ ਹੈ। 😮
    45. ਅਖੇ ਫੁੱਲਾਂ ਦਾ ਚੋਰ ਕੌਣ? ਭੌਰਾ! -ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਨੁਕਸਾਨ ਹਮੇਸ਼ਾਂ ਭੇਤੀ ਬੰਦਾ ਹੀ ਕਰਦਾ ਹੈ।
    46. ਅਖੇ ਮਰਿਆ ਨਹੀਂ, ਆਕੜਿਆ -ਇਹ ਅਖਾਣ ਵਿਅੰਗ ਵਜੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਨੇ ਸਹੀ ਗੱਲ ਨੂੰ ਗੰਧਾਲਣ ਦੀ ਕੋਸ਼ਿਸ਼ ਕੀਤੀ ਹੋਵੇ।
    47. ਅਖੇ ਰੋਨਾ ਕਿਉਂ ਹੈ? ਕਹਿੰਦਾ ਨਹੀਂ ਮੂੰਹ ਹੀ ਇਹੋ ਜਿਹਾ -ਇਹ ਅਖਾਣ ਵਿਅੰਗ ਵਜੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਨੂੰ ਉਸਦੇ ਪੱਕੇ ਅਗੁਣ ਅਤੇ ਸ਼ਕਲ ਦੋਵੇ ਚਿਤਾਰਨੇ ਹੋਣ। 😮
    48. ਅਖੇ,
      ਤੇਰੇ ਨਹੀਂ ਵੱਸਣਾ, ਤੇਰੀ ਰੋਟੀ ਖਾਂਦੇ ਦੀ ਦਾੜ੍ਹੀ ਹਿੱਲਦੀ
      । -ਇਹ ਅਖਾਣ ਵਿਅੰਗ ਵਜੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਮਮੂਲੀ ਜਿਹਾ ਬਹਾਨਾ ਬਣਾ ਕੇ ਲੜਨ ਜਾਂ ਛੱਡ ਕੇ ਜਾਣ ਦੀ ਗੱਲ ਕਰ ਰਿਹਾ ਹੋਵੇ।
    49. ਅੱਖੋਂ ਓਹਲੇ, ਘੱਤ ਭੜੋਲੇਇਸ ਅਖਾਣ ਦੇ ਅਰਥ ਅਨੁਸਾਰ ਜਦੋਂ ਕੋਈ ਕੰਮ ਤੁਹਾਡੀ  ਨਿਗਰਾਨੀ ਵਿਚ ਨਹੀਂ ਹੁੰਦਾ ਤਾਂ ਉਸ ਵਿਚ ਵੱਡੀਆਂ ਧਾਂਦਲੀਆਂ ਹੋ ਜਾਂਦੀਆਂ ਹਨ।
    50. ਅੱਖੋਂ ਅੰਨ੍ਹੀ ,
      ਮਮੀਰੇ ਦਾ ਸੁਰਮਾ
      ਇਹ ਅਖਾਣ ਵਿਅੰਗ ਵਜੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਔਕਾਤ ਤੋਂ ਵੱਧ ਟਸ਼ਨ ਜਾਂ ਫੈਸ਼ਨ ਕਰੇ। (ਜੋਗੀਆਂ ਮੁਤਾਬਕ ਮਮੀਰਾ ਇੱਲ੍ਹ ਦੇ ਆਲ੍ਹਣੇ ਵਿਚ ਪਾਇਆ ਜਾਂਦਾ ਹੈ ਅਤੇ ਤੇਜ਼ ਨਿਗ੍ਹਾ ਲਈ ਬਹੁਤ ਵੱਡੀ ਦਵਾਈ ਹੈ) । 😊
    51. ਅੱਖੋਂ ਅੰਨ੍ਹੀ, ਤੇ ਨਾਂ ਨੂਰ ਕੌਰ -ਇਹ ਅਖਾਣ ਵਿਅੰਗ ਵਜੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਦਾ ਕਿਰਦਾਰ ਕੁਝ ਹੋਰ ਹੋਵੇ ਅਤੇ ਦਿਖਾਵਾ ਕੁਝ ਹੋਰ ਕਰੇ।
    52. ਅੱਖੋਂ ਦਿਸੇ ਨਾ, ਤੇ ਨਾ ਚਿਰਾਗੋ। -ਉਹੀ ਅਰਥ।
    53. ਅੱਖੋਂ ਦਿਸੇ ਨਾ, ਤੇ ਨਾਂ ਨੂਰ ਭਰੀ -ਉਹੀ ਅਰਥ।
    54. ਅੱਗ ਸੇਕ, ਤਮਾਸ਼ਾ ਵੇਖ -ਇਹ ਅਖਾਣ ਵਿਅੰਗ ਵਜੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਦੀ ਲੜਾਈ ਨਾਲ ਉਸ ਨੂੰ ਕੋਈ ਫਰਕ ਨਾ ਪੈਂਦਾ ਹੋਵੇ ਅਤੇ ਲੜਾਈ ਦੇਖ ਕੇ ਉਹ ਅੰਦਰੋਂ ਖੁਸ਼ ਹੋਵੇ।
    55. ਅੱਗ ਖਾਹ, ਭਾਵੇਂ ਅੰਗਿਆਰ ਹੱਗ , ਸਾਨੂੰ ਕੀ? -ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਦੇ ਕੰਮਾਂ ਨਾਲ ਦੂਜੇ ਵਿਅਕਤੀ ਨੂੰ ਕੋਈ ਫਰਕ ਨਾ ਪੈਂਦਾ ਹੋਵੇ। 😮
    56. ਅੱਗ ਜਾਣੇ ਜਾਂ ਲੋਹਾਰ ਜਾਣੇਫੂਕਣ ਵਾਲੇ ਦੀ ਜਾਣੇ ਬੁਲਾ – ਇਸ ਅਖਾਣ ਦੇ ਅਰਥ ਅਨੁਸਾਰ ਕਿਸੇ ਦੀ ਮੁਸੀਬਤ ਜਾਂ ਤਕਲੀਫ਼ ਦਾ ਅਹਿਸਾਸ ਸਿਰਫ ਉਸ ਨੂੰ ਹੀ ਹੁੰਦਾ ਹੈ, ਜੋ ਉਸ ਵਿਚ ਫਸਿਆ ਹੋਵੇ।
    57. ਅੱਗ ਦਾ ਡਰਿਆ ਟਟਹਿਣਿਆਂ ਤੋਂ ਵੀ ਡਰਦਾਇਸ ਅਖਾਣ ਦੇ ਅਰਥ ਅਨੁਸਾਰ ਜਦੋਂ ਕਿਸੇ ਦਾ ਵੱਡਾ ਨੁਕਸਾਨ ਹੋ ਜਾਂਦਾ ਹੈ ਤਾਂ ਉਸ ਨੂੰ ਨਿੱਕੀ ਗੱਲ ਉੱਤੇ ਵੀ ਨੁਕਸਾਨ ਹੋਣ ਦਾ ਡਰ ਬਣਿਆ ਰਹਿੰਦਾ ਹੈ।
    58. ਅੱਗ ਨੂੰ ਬੁਝਾਇਆ ਜਾਂਦਾ ਪਰ ਬਸੰਤਰ ਦੀ ਪੂਜਾ ਕੀਤੀ ਜਾਂਦੀ ਇਸ ਅਖਾਣ ਦੇ ਵਿਚ ਦੁਨੀਆ ਦੇ ਦੋਗਲੇ ਚਿਹਰੇ ਦੀ ਗੱਲ ਕੀਤੀ ਗਈ ਹੈ।
    59. ਅੱਗ ਪਾਣੀ ਦਾ ਮੇਲ ਨਹੀਂ -ਇਸ ਅਖਾਣ ਦੇ ਅਰਥ ਅਨੁਸਾਰ  ਉਲਟ ਸਭਾਅ ਦੇ ਲੋਕਾਂ ਦਾ ਕਦੇ ਮੇਲ ਨਹੀਂ ਹੁੰਦਾ।
    60. ਅੱਗ ਬਲ਼ੇ, ਤਾਂ ਧੂੰਆਂ ਨਿਕਲਦੈ -ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਕੋਈ ਘਟਨਾ ਵਾਪਰੇ ਬਗੈਰ ਐਵੇਂ ਰੌਲ਼ਾ ਨਹੀਂ ਪੈਂਦਾ। 😊
    61. ਅੱਗ ਬਿਨਾ ਧੂੰ ਨਹੀਂ, ਤੇ ਪੱਦ ਬਿਨਾਂ ਬੂ ਨਹੀਂ ਉਹੀ ਅਰਥ। 
    62. ਅੱਗ ਲੱਗਿਆਂ, ਮੀਂਹ ਕਿੱਥੋਂ -ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਮੁਸੀਬਤ ਕੁਝ ਵੀ ਕੰਮ ਨਹੀਂ ਆਉਂਦਾ।
    63. ਅੱਗ ਲੱਗੀ ਤੋਂ, ਮਸ਼ਕਾਂ ਦਾ ਭਾਅ ਨਹੀਂ ਪੁੱਛੀਦਾ -ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਮੁਸੀਬਤ ਕਿਸੇ ਵੀ ਕੀਮਤ ’ਤੇ ਟਾਲ਼ ਲੈਣੀ ਚੰਗੀ ਹੈ। (ਮਸ਼ਕ ਪਾਣੀ ਭਰ ਕੇ ਲਿਜਾਣ ਵਾਲੀ ਚਮੜੇ ਦਾ ਝੋਲ਼ੀ ਜਾਂ ਕੈਰੀ ਬੈਗ)।
    64. ਅੱਗ ਲੱਗੀ, ਕੁੱਤੇ ਨਿਆਈਂ -ਇਹ ਅਖਾਣ ਵਿਅੰਗ ਵਜੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਦੀ ਲੜਾਈ ਤੋਂ ਬਾਅਦ ਦੂਜਾ ਵਿਅਕਤੀ ਲੜਦਿਆਂ ਨੂੰ ਛੱਡ ਕੇ ਪਾਸੇ ਚਲਾ ਜਾਵੇ।
    65. ਅੱਗ ਲਾਈ ਕੁੱਤਾ ਰੂੜੀਤੇ -ਇਹ ਅਖਾਣ ਵਿਅੰਗ ਵਜੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਨੂੰ ਲੜਾ ਕੇ ਕੋਈ ਆਪ ਪਾਸੇ ਹੋ ਜਾਵੇ। 😮
    66. ਅੱਗ ਲੈਣ ਆਈ, ਘਰ ਵਾਲੀ ਬਣ ਬੈਠੀਇਹ ਅਖਾਣ ਓਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਮਦਦ ਮੰਗਣ ਆਇਆ ਵਿਅਕਤੀ ਅਗਲੇ ਕਿਸੇ ਸਾਧਨ ਜਾਂ ਵਿਅਕਤੀ ਉੱਤੇ ਹੀ ਮਲ ਮਾਰ ਕੇ ਬੈਠ ਜਾਵੇ।
    67. ਅੱਗਅੱਗ ਆਖਿਆਂ ਮੂੰਹ ਨਹੀਂ ਸੜਦਾ -ਇਹ ਅਖਾਣ ਓਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਸਰਸਰੀ ਗੱਲਬਾਤ ਕਰਨ ਨਾਲ ਕੋਈ ਨੁਕਸਾਨ ਨਹੀਂ ਹੁੰਦਾ।
    68. ਅਗਲਿਆਂ ਦੇ ਰਾਹ, ਪਿਛਲਿਆਂ ਦੇ ਪੈਂਤੜੇ -ਇਹ ਅਖਾਣ ਓਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਮੂਹਰੇ ਲੱਗਣ ਵਾਲੇ ਬੰਦੇ ਹੀ ਟੀਚਾ ਹਾਸਲ ਕਰਨ ਦੇ ਅਸਲ ਹੀਰੋ ਹੁੰਦੇ ਬਲਕਿ ਮਗਰ ਲੱਗੇ ਹੋਏ ਬੰਦੇ ਤਾਂ ਲੱਤਾਂ ਹੀ ਖਿੱਚਦੇ ਹਨ। 😊
    69. ਅਗਲੇ ਨਹੀਂ ਭਾਉਂਦੇ, ਇਹ ਹੋਰ ਢਿੱਡ ਕੱਢੀ ਆਉਂਦੇ – ਇਕ ਪ੍ਰਹੁਣੇ ਅਜੇ ਘਰ ਬੈਠੇ ਹੋਣ ਉੱਤੋਂ ਹੋਰ ਆ ਜਾਣ। 😮
    70. ਅੱਗਾ ਤੇਰਾ, ਤੇ ਪਿੱਛਾ ਮੇਰਾ -ਇਹ ਅਖਾਣ ਓਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਕੁਝ ਲੋਕ ਔਕੜਾਂ ਭਰੇ ਕਾਰਜ ਨੂੰ ਕਰਨ ਲਈ ਦੂਜਿਆਂ ਨੂੰ ਮੂਹਰੇ ਲਾ ਆਪ ਚਲਾਕੀ ਨਾਲ ਹੋ ਜਾਂਦੇ ਹਨ।
    71. ਅੱਗਾ ਦੌੜ ਤੇ ਪਿੱਛਾ ਚੌੜ -ਇਹ ਅਖਾਣ ਓਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਕੰਮ ਦਾ ਫਾਲਤੂ ਖਿਲਾਰਾ ਕੰਮ ਨੇਪਰੇ ਚਾੜ੍ਹਨ ਵਿਚ ਦਿੱਕਤਾਂ ਖੜੀਆਂ ਕਰ ਸਕਦਾ ਹੈ। 
    72. ਅਗਾਈ,
      ਸੌ ਸਵਾਈ
      -ਇਸ ਅਖਾਣ ਦੇ ਅਰਥ ਅਨੁਸਾਰ  ਅਗੇਤੇ ਕੀਤੇ ਕੰਮ ਦੇ ਸਫਲ ਹੋਣ ਦੀ ਵਧੇਰੇ ਉਮੀਦ। 😮
    73. ਅੱਗੀਂ ਪਾਲ਼ਾ ਕੀ ਕਰੇ? ਸੂਰਜ ਕੇਹੀ ਰਾਤ-ਇਸ ਅਖਾਣ ਦੇ ਅਰਥ ਅਨੁਸਾਰ ਵੱਡੀਆਂ ਤਾਕਤਾਂ ਦਾ ਛੋਟੀਆਂ ਮੋਟੀਆਂ ਤਾਕਤਾਂ ਕੁਝ ਨਹੀਂ ਵਿਗਾੜ ਸਕਦੀਆਂ। 
    74. ਅੱਗੇ ਸੱਪ ਤੇ, ਪਿੱਛੇ ਸ਼ੀਂਹ – ਜਦੋਂ ਹਰ ਪਾਸੇ ਖ਼ਤਰਾ ਹੋਵੇ ਇਹ ਅਖਾਣ ਬੋਲਿਆ ਜਾਂਦਾ ਹੈ। 😊
    75. ਅੱਗੇ ਸੁੱਖ ਤੇ ਪਿੱਛੇ ਸੁੱਖ, ਸਾਹੁਰੇ ਗਈ ਨੂੰ ਕਾਹਦਾ ਦੁੱਖ -ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਇਹ ਦੱਸਣਾ ਹੋਵੇ ਕਿ ਹਰ ਪਾਸਿ੍ਓਂ ਸੁੱਖੀ ਮਨੁੱਖ ਨੂੰ ਦੂਜਿਆਂ ਦੇ ਦੁੱਖ ਦਾ ਕੋਈ ਪਤਾ ਨਹੀਂ ਹੁੰਦਾ।
    76. ਅੱਗੇ ਚੂਹਾ ਮਾਨ ਨਹੀਂ, ਤੇ ਪਿੱਛੇ ਬੰਨ੍ਹਿਆ ਛੱਜ -ਜਦੋਂ ਕਿਸੇ ਹੰਕਾਰੀ ਅਤੇ ਮੂੜ ਮਨੁੱਖ ਕੋਈ ਹੋਰ ਵੱਡੀ ਪਦਵੀ ਮਿਲ ਜਾਂਦੀ ਹੈ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ।
    77. ਅੱਗੇ ਨਹੀਂ ਸੀ ਉੱਜੜੀ, ਹੁਣ ਦੀਨਾ ਰਾਖਾ -ਜਦੋਂ ਕੋਈ ਬੁਰਾ ਬੰਦਾ ਕਿਸੇ ਦੇ ਧੰਨ-ਮਾਲ ਜਾਂ ਘਰ-ਬਾਹਰ ਦਾ ਰੱਖਵਾਲਾ ਬਣ ਜਾਵੇ ਤਾਂ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ। 😃
    78. ਅੱਗੇ ਨਾਲੋਂ ਪਿੱਛਾ ਭਲਾ, ਖਸਮ ਭਲਾ ਅਧੂਰਾ -ਅਰਥ ਬਾਕੀ ਹੈ।
    79. ਅੱਗੇ ਪਏ ਨੂੰ ਤਾਂ, ਸ਼ੀਂਹ ਵੀ ਨਹੀਂ ਖਾਂਦਾਜਦੋਂ ਕੋਈ ਪੂਰੀ ਤਰ੍ਹਾਂ ਹੱਥ ਖੜ੍ਹੇ ਕਰ ਦੇਵੇ ਭਾਵ ਸਮਰਪਣ ਕਰ ਦੇਵੇ ਪਰ ਸਾਹਮਣੇ ਵਾਲਾ ਫਿਰ ਵੀ ਰੋਹਬ ਦਿਖਾਵੇ ਤਾਂ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ।
    80. ਅੱਗੇ ਬੀਬੀ ਟਪਣੀ, ਪਿੱਛੇ ਢੋਲਾਂ ਦੀ ਗੜਗੱਜਜਦੋਂ ਕੋਈ ਵੱਡਾ ਫੁਕਰਾ ਜਾਂ ਪਾਡਾ ਬੰਦਾ ਹੋਵੇ ਅਤੇ ਉਹਦੇ ਨਾਲ ਉਹਨੂੰ ਹਵਾ ਦੇਣ ਵਾਲੇ ਕੁਝ ਹੋਰ ਫੁਕਰੇ ਰਲ਼ੇ ਹੋਏ ਹੋਣ ਤਾਂ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ। 😃
    81. ਅਗੇਤਾ ਝਾੜ, ਪਿਛੇਤੀ ਸੱਥਰ -ਇਸ ਅਖਾਣ ਦੇ ਅਰਥ ਅਨੁਸਾਰ ਅਗੇਤੀ ਖੇਤੀ ਜਾਂ ਕਿਸੇ ਕੰਮ ਦੇ ਸਫਲ ਹੋਣ ਦੀ ਵਧੇਰੇ ਉਮੀਦ ਜਦਕਿ ਪਿਛੇਤੀ ਫਸਲ ਜਾਂ ਕੰਮ ਫਾਇਦੇ ਦੀ ਬਜਾਏ ਨੁਕਸਾਨ ਕਰਦਾ ਹੈ।
    82. ਅੱਗੋਂ ਸਿੰਗ ਤੇ ਪਿੱਛੋਂ ਦੁਲੱਤੇ-ਜਦੋਂ ਕਿਸੇ ਹਰ ਪਾਸਿਓਂ ਮਾਰ ਪਵੇ ਤਾਂ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ।
    83. ਅੱਗੋਂ ਪਿੱਛੋਂ ਚੰਗੀ, ਤੇ ਦਿਨਦਿਹਾੜੇ ਮੰਦੀ -ਅਰਥ ਸਪਸ਼ਟ ਹਨ। 😊
    84. ਅੱਗੋਂ ਮਿਲੀ ਨਾ ਤੇ, ਪਿੱਛੋਂ ਕੁੱਤਾ ਲੈ ਗਿਆ -ਜਦੋਂ ਕੋਈ ਲਾਲਚ ਵੱਸ ਹੋ ਕੇ ਆਪਣੇ ਹੱਥ ਵਾਲੀ ਵਸਤੂ ਵੀ ਗਵਾ ਬੈਠੇ ਤਾਂ ਤਾਂ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ। 😃
    85. ਅੱਜ ਇੱਥੇ, ਕੱਲ੍ਹ ਉੱਥੇ, ਹੇਰਾਫੇਰੀ ਕਿਸੇ ਨਾ ਲੇਖੇ -ਭਾਵ ਹੇਰਾਫੇਰੀ ਨਾਲ ਪੂਰੀਆਂ ਨਹੀਂ ਪੈਂਦੀਆਂ ਇਕ ਨਾ ਇਕ ਦਿਨ ਹੇਰਾਫੇਰੀ ਕਰਨ ਵਾਲਾ ਮਾਰਿਆ ਜਾਂਦਾ ਹੈ।
    86. ਅੱਜ ਕਿੱਧਰੋਂ ਮੀਂਹ ਪਿਆ? ਕਿੱਧਰੋਂ ਇਹ ਰੱਬ ਤੁੱਠਾ? -ਜਦੋਂ ਕਿਸੇ ਮਿੱਤਰ-ਪਿਆਰੇ ਸਤਿਕਾਰਤ ਸ਼ਖ਼ਸੀਅਤ ਦੇ ਆਉਣ ਦੀ ਖੁਸ਼ੀ ਪ੍ਰਗਟ ਕਰਨੀ ਹੋਵੇ। 😮
    87. ਅੱਜ ਕੋਈ ਘਰ ਨਹੀਂ ਸਾਨੂੰ ਕਿਸੇ ਦਾ ਡਰ ਨਹੀਂ, ਖਾਓਪੀਓ ਮੌਜ ਉਡਾਓ, ਸਭ ਚੀਜ਼ਾਂ ਨੂੰ ਬੰਨੇ ਲਾਓ -ਕਿਸੇ ਦੀ ਗੈਰਹਾਜ਼ਰੀ ਵਿਚ ਮਿਲੀ ਖੁੱਲ੍ਹ ਮੌਕੇ ਇਹ ਅਖਾਣ ਬੋਲਿਆ ਜਾਂਦਾ ਹੈ। ਜਾਂ
    88. ਅੱਜ ਕੋਈ ਘਰ ਨਹੀਂ, ਸਾਨੂੰ ਕਿਸੇ ਦਾ ਡਰ ਨਹੀਂ । 😃
    89. ਅੱਜ ਖਾਹ, ਭਲਕੇ ਖੁਦਾ -ਭਾਵ ਅੱਜ ਖਾ ਪੀ ਲੈ ਕੱਲ੍ਹ ਦਾ ਬੰਦੋਬਸਤ ਆਪੇ ਪਰਮਾਤਮਾ ਕਰੂ।
    90. ਅੱਜ ਦਿਨ ਮਿੱਠਾ, ਕੱਲ ਕੀਹਨੇ ਡਿੱਠਾ। – ਵਰਤਮਾਨ ਵਿਚ ਜੀਣ ਦਾ ਸੁਨੇਹਾ ਦੇਣ ਲਈ ਇਹ ਅਖਾਣ ਬੋਲਿਆ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਇਹ ਜੱਗ ਮਿੱਠਾ ਅਗਲਾ ਕੀਹਨੇ ਡਿੱਠਾ।
    91. ਅੱਜ ਦੀ ਕਰਨੀ, ਕੱਲ੍ਹ ਦਾ ਪਛਤਾਵਾ -ਬੁਰੇ ਕਰਮਾਂ ਕਾਰਨ ਆਖਰ ਸਭ ਨੂੰ ਪਛਤਾਉਣਾ ਪੈਂਦਾ ਹੈ।
    92. ਅੱਜ ਮਰੀ, ਦੂਜਾ ਦਿਨ ਭਲਕੇ -ਭਾਵ ਬੀਤ ਗਏ ਵੇਲੇ ਜਾਂ ਦੁੱਖ ਨੂੰ ਸਾਰੇ ਭੁੱਲ ਹੀ ਜਾਂਦੇ ਨੇ।
    93. ਅੱਜ ਮੇਰੀ, ਕੱਲ੍ਹ ਤੇਰੀ, ਵੇਖੋ ਲੋਕੋ ਹੇਰਾ ਫੇਰੀ -ਬੁਰੇ ਕਰਮਾਂ ਕਾਰਨ ਆਖਰ ਸਭ ਨੂੰ ਪਛਤਾਉਣਾ ਪੈਂਦਾ ਹੈ ਅਤੇ ਸਭ ਦੀ ਵਾਰੀ ਆਉਂਦੀ। 😊
    94. ਅੱਜ ਮੋਏ, ਕੱਲ੍ਹ ਚੌਥਾ -ਭਾਵ ਬੀਤ ਗਏ ਮਨੁੱਖਾਂ ਜਾਂ ਦੁੱਖਾਂ ਨੂੰ ਸਾਰੇ ਭੁੱਲ ਹੀ ਜਾਂਦੇ ਨੇ।
    95. ਅੱਜ ਵੀ ਮਰਨਾ, ਕੱਲ੍ਹ ਵੀ ਮਰਨਾ, ਇਸ ਮਰਨੇ ਤੋਂ ਫਿਰ ਕੀ ਡਰਨਾ -ਜਦੋਂ ਇਹ ਦੱਸਣਾ ਹੋਵੇ ਕਿ ਮੌਤ ਤਾਂ ਹੀ ਜਾਣੀ ਫਿਰ ਡਰਨ ਦੀ ਲੋੜ ਹੈ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ।  😮
    96. ਅਜ਼ਮਾਏ ਦਾ, ਅਜਮਾਉਣਾ ਕੀ? -ਅਰਥ ਸਪਸ਼ਟ ਹੈ।
    97. ਅਜੇ ਤਾਂ ਗੋਹੜੇ ਵਿੱਚੋਂ ਪੂਣੀ ਵੀ ਨਹੀਂ ਕੱਤੀ -ਜਦੋਂ ਇਹ ਦੱਸਣਾ ਹੋਵੇ ਕਿ ਅਜੇ ਕੰਮ ਜਾਂ ਜੀਵਨ ਦੀ ਸ਼ੁਰੂਆਤ ਹੀ ਹੋਈ ਸੀ ਪਰ ਆਹ ਕੀ ਭਾਣਾ ਵਾਪਰ ਗਿਆ।
    98. ਅਜੇ ਦਿੱਲੀ ਦੂਰ ਹੈ -ਜਦੋਂ ਇਹ ਦੱਸਣਾ ਹੋਵੇ ਕਿ ਮੰਜਿਲ ਸੌਖੀ ਨਹੀਂ ਹੈ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ। 😊
    99. ਅਜੇ ਵੀ ਡੁੱਲਿਆ ਬੇਰਾਂ ਦਾ ਕੁਝ ਨਹੀਂ ਵਿਗੜਿਆ -ਜਦੋਂ ਇਹ ਦੱਸਣਾ ਹੋਵੇ ਕਿ ਅਜੇ ਵੀ ਮੌਕਾ ਲੰਘਿਆ ਨਹੀਂ ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।
    100. ਅਜੋ,
      ਗਈ, ਧਜੋ ਗਈ, ਗੱਲਾਂ ਤੋਂ ਨਾ ਗਈ
      -ਜਦੋਂ ਕੋਈ ਸਭ ਕੁਝ ਗਵਾ ਕੇ ਵੀ ਫੜ੍ਹਾਂ ਮਾਰਨੋਂ ਨਾ ਹਟੇ ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।  😃
    101. ਅਟਕੱਲਪੱਚੂ,
      ਚੌੜਚੁਪੱਟ
      -ਭਾਵ ਤੁੱਕੇ ਜਾਂ ਅਟਕਲਪੱਚੂ ਨਾਲ ਕੰਮ ਨਹੀਂ ਬਣਦਾ ਖਰਾਬ ਹੀ ਹੁੰਦਾ ਹੈ। 😮
    102. ਅਟਕਿਆ,
      ਸੋ ਭਟਕਿਆ
      -ਅਟਕ ਜਾਣ ਦਾ ਨੁਕਸਾਨ ਅਤੇ ਚੱਲਦੇ ਜਾਂ ਕਿਰਿਆਸ਼ੀਲ ਰਹਿਣ ਦੀ ਮਹਿਮਾ ਦੱਸਣ ਲਈ ਇਹ ਅਖਾਣ ਬੋਲਿਆ ਜਾਂਦਾ ਹੈ।
    103. ਅੱਟੀ ਨਾ ਵੱਟੀ, ਤੇ ਬੁੜਬੁੜ ਵਾਧੂ ਦੀ -ਜਦੋਂ ਕੋਈ ਬਿਨਾ ਕੁਝ ਕੀਤਿਆਂ ਧੌਂਸ ਦਿਖਾਵੇ ਇਹ ਅਖਾਣ ਬੋਲਿਆ ਜਾਂਦਾ ਹੈ।
    104. ਅੱਠ ਪੁੱਤ, 18 ਪੋਤੇ, ਬਾਬਾ ਫਿਰ ਵੀ ਘਾਹ ਖੋਤੇ -ਬੁੱਢੀ ਉਮਰ ਵਿਚ ਜਿਆਦਾ ਕੰਮ ਕਰਨ ਵਾਲੇ ਨੂੰ ਚੋਭ ਲਾਉਣ ਲਈ ਇਹ ਅਖਾਣ ਬੋਲਿਆ ਜਾਂਦਾ ਹੈ। 
    105. ਅੱਠ ਵਾਰ, ਨੌਂ ਮੇਲੇ, ਬਾਬਾ ਕੰਮ ਕਰੂ ਕਿਹੜੇ ਵੇਲੇ? ਐਵੇਂ  ਘੁੰਮਣ ਵਾਲੇ ਅਤੇ ਫਿਰਤੂ ਬੰਦੇ ਲਈ ਇਹ ਅਖਾਣ ਬੋਲਿਆ ਜਾਂਦਾ ਹੈ। 😃
    106. ਅੱਠੀਂ ਰੂੰ, ਤੇਰ੍ਹੀਂ ਕਪਾਹ – ਅਸਾਵੇਂ ਵਿਹਾਰ ਜਾਂ ਵਰਤਾਰੇ ਨੂੰ ਦਰਸਾਉਣ ਲਈ ਇਹ ਅਖਾਣ ਬੋਲਿਆ ਜਾਂਦਾ ਹੈ। 😮
    107. ਅੱਡ ਭੈਣੇਂ ਅੱਡ, ਸੁਖਾਲੇ ਰਹਿਣ ਹੱਡ -ਇਕੱਲੇ ਜਾਂ ਅੱਡ ਰਹਿਣ ਦਾ ਗੁਣਗਾਨ ਕਰਨ ਲਈ ਇਹ ਅਖਾਣ ਬੋਲਿਆ ਜਾਂਦਾ ਹੈ।
    108. ਅਣ ਮੰਗੇ ਮੋਤੀ ਮਿਲਣ, ਮੰਗਿਆ ਮਿਲੇ ਨਾ ਭੀਖ -ਜਦੋਂ ਬਿਨਾਂ ਮੰਗਿਆਂ ਬਹੁਤ ਕੁਝ ਮਿਲਣ ਦੀ ਮਹਿਮਾ ਦੱਸਣੀ ਹੋਵੇ ਇਹ ਅਖਾਣ ਬੋਲਿਆ ਜਾਂਦਾ ਹੈ।
    109. ਅਣਹੋਂਦਾ ਆਪ ਗਿਣਾਇੰਦਾ, ਉਹ ਵਡ ਅਣਜਾਣਾ -ਬਿਨਾਂ ਗੁਣਾਂ ਤੋ ਫੜਾਂ ਮਾਰਨ ਵਾਲੇ ਲਈ ਇਹ ਅਖਾਣ ਬੋਲਿਆ ਜਾਂਦਾ ਹੈ।
    110. ਅਣਗਿੱਝੇ ਨੂੰ ਗਿਝਾਈਏ ਨਾ, ਤੇ ਸੋਟਾ ਮਾਰ ਹਟਾਈਏ ਨਾ। -ਅਰਥ ਸਪੱਸ਼ਟ ਹੈ।
    111. ਅਣਜਾਣ ਦਾ ਖੇਡਣਾ, ਖੇਡ ਦਾ ਸੱਤਿਆਨਾਸ -ਅਰਥ ਸਪੱਸ਼ਟ ਹੈ। 😮
    112. ਅਣਜਾਣਾ ਵੈਦ, ਜਾਨ ਦਾ ਖੌਅ -ਅਰਥ ਸਪੱਸ਼ਟ ਹੈ।
    113. ਅਣੀਆਮਣੀਆ, ਤੇ ਢਾਈ ਜਣੀਆਂ -ਜਦੋਂ ਕਿਸੇ ਥੋੜੇ ਜਾਂ ਛੋਟੇ ਇਕੱਠ ’ਤੇ ਵਿਅੰਗ ਕਰਨਾ ਹੋਵੇ ਇਹ ਅਖਾਣ ਬੋਲਿਆ ਜਾਂਦਾ ਹੈ। 😃
    114. ਅੱਤ ਖੁਦਾ ਦਾ ਵੈਰ -ਕਿਸੇ ਦੀਆਂ ਵਧੀਕੀਆਂ ਜਾਂ ਧੱਕੇਸ਼ਾਹੀਆਂ ਨੂੰ ਚਿਤਾਰਨ ਲਈ ਇਹ ਅਖਾਣ ਬੋਲਿਆ ਜਾਂਦਾ ਹੈ।
    115. ਅੰਦਰ ਪੈਣ ਕੜੱਲਾਂ, ਬਾਹਰ ਬੰਸੀ ਵਾਲੇ ਨਾਲ ਗੱਲਾਂ -ਫੋਕਾ ਦਿਖਾਵਾ ਕਰਨ ਵਾਲੇ ਲਈ ਇਹ ਅਖਾਣ  ਵਿਅੰਗ ਵਜੋਂ ਬੋਲਿਆ ਜਾਂਦਾ ਹੈ।
    116. ਅੰਦਰ ਵੜੀ ਨੂੰ ਚੂਹੇ, ਤੇ ਬਾਹਰ ਨਿਕਲੀ ਨੂੰ ਕਾਂ -ਭਾਵ ਔਰਤ ਨਾ ਘਰ ਸੁਰੱਖਿਅਤ ਹੈ ਨਾ ਬਾਹਰ।
    117. ਅੱਧ ਗੱਭਰੇ, ਤੇ ਅੱਧ ਟੱਬਰੇ। –ਭਰਾਵਾਂ ਵਿਚ ਹੋ ਰਹੀ ਅਸਾਵੀਂ ਵੰਡ ਨੂੰ ਦਰਸਾਉਣ ਲਈ ਇਹ ਅਖਾਣ ਬੋਲਿਆ ਜਾਂਦਾ ਹੈ।
    118. ਅੰਧ ਨਗਰੀ, ਬੇਦਾਦ ਰਾਜਾ -ਬੇਨਿਯਮੀ ਅਤੇ ਬੇਨਿਆਈਂ ਨੂੰ ਦਰਸਾਉਣ ਲਈ ਇਹ ਅਖਾਣ ਬੋਲਿਆ ਜਾਂਦਾ ਹੈ। 😮
    119. ਅੱਧ ਪਾਈਆ ਆਟਾ, ਚਬਾਰੇ ਰਸੋਈ -ਫੋਕਾ ਦਿਖਾਵਾ ਕਰਨ ਵਾਲੇ ਲਈ ਵਿਅੰਗ।
    120. ਅੰਧਾ ਸੋਈ, ਜੋ ਅੰਧ ਕਮਾਵੈ – ਅਸਲ ਅੰਨ੍ਹਾ ਬੁਰੇ ਕੰਮ ਕਰਨ ਵਾਲਾ।
    121. ਅੱਧਾ ਤਿੱਤਰ ਤੇ ਅੱਧਾ ਬਟੇਰ– ਅਸ਼ੁਧਤਾ ਜਾਂ ਰਲੇਵਾਂ ਦਰਸਾਉਣ ਲਈ ਵਿਅੰਗ।
    122. ਅੰਧਾ ਰਾਜਾ, ਬੇਦਾਦ ਨਗਰੀ -ਮਾੜੇ ਆਗੂ ਜਾਂ ਪ੍ਰਬੰਧਕ ਨੂੰ ਬਾਰੇ ਦੱਸਣ ਮੌਕੇ ਇਹ ਅਖਾਣ ਬੋਲਿਆ ਜਾਂਦਾ ਹੈ।
    123. ਅੱਧੀ ਖਾਂਦੀ, ਸਾਰੀ ਨੂੰ ਧਾਵੇ, ਅੱਧੀ ਨਾ ਰਹੇ ਤੇ ਸਾਰੀ ਵੀ ਜਾਵੇ – ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਈ ਬਹੁਤੇ ਲਾਲਚ ਦੇ ਚੱਕਰ ਵਿਚ ਆਪਣਾ ਪਹਿਲਾਂ ਚਲਦਾ ਕੰਮ ਵੀ ਖਰਾਬ ਕਰ ਲਵੇ।
    124. ਅੱਧੀ ਮੀਆਂ ਮਨੱਵਰ, ਅੱਧੀ ਸਾਰਾ ਟੱਬਰ-ਜਦੋਂ ਬੰਦਾ ਕਈ ਬੰਦਿਆਂ ਦੇ ਬਰਾਬਰ ਖਰਚਾ ਕਰਵਾ ਰਿਹਾ ਹੋਵੇ ਇਹ ਅਖਾਣ ਬੋਲਿਆ ਜਾਂਦਾ ਹੈ। 😃
    125. ਅੰਨ੍ਹਾ ਕੀ ਜਾਣੇ ਬਸੰਤ ਬਹਾਰ -ਬੇਸਮਝ ਦੀ ਬੇਸਮਝੀ ਨੂੰ ਦਰਸਾਉਣ ਮੌਕੇ ਇਹ ਅਖਾਣ ਬੋਲਿਆ ਜਾਂਦਾ ਹੈ।
    126. ਅੰਨਾ ਵਿਆਜ ਸ਼ਾਹ ਨੂੰ ਮਾਰੇ, ਰੰਨ ਨੂੰ ਮਾਰੇ ਹਾਂਸੀ, ਆਲਸ-ਨੀਂਦ ਕਿਸਾਨ ਨੂੰ ਮਾਰੇ, ਚੋਰ ਨੂੰ ਮਾਰੇ ਖਾਂਸੀ– ਅਰਥ ਸਪੱਸ਼ਟ।
    127. ਅਨਾੜੀ ਦਾ ਸੌਦਾ, ਖ਼ਤਾ ਤੇ ਖ਼ਤਾ -ਅਣਜਾਣ ਬੰਦਾ ਹਰ ਥਾਂ ਗਲਤੀਆਂ ਕਰਦਾ ਹੈ ਇਹ ਦਰਸਾਉਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    128. ਅੰਨ੍ਹੀ ਪੁੱਛੇ ਕਾਣੀ ਤੋਂ , ਨੀ ਸੂਤ ਵਟਾ ਲੈ ਤਾਣੀ ਤੋਂ -ਜਦੋਂ ਕੋਈ ਥੋਥਾ ਬੰਦਾ ਚੰਗੇ ਬੰਦਿਆਂ ਦੀ ਅਗਵਾਈ ਕਰਨ ਦੀ ਗੱਲ ਕਰੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    129. ਅੰਨ੍ਹੇ ਅੱਗੇ ਰੋ, ਤੇ ਆਪਣੇ ਦੀਦੇ ਖੋਹ – ਬੇਸਮਝ ਨੂੰ ਸਮਝਾਉਣ ਜਾਂ ਦੁੱਖ ਦੱਸਣ ਦਾ ਕੋਈ ਫਾਇਦਾ ਨਹੀਂ। 😮
    130. ਅੰਨੋਂ ਕਰੇ ਕੁਵੰਨ, ਕਪਾਹੋਂ ਵੱਤੀਆਂ-ਜਦੋਂ ਕੋਈ ਬਣਿਆ ਕੰਮ ਵੀ ਵਿਗਾੜ ਦੇਵੇ ਇਹ ਅਖਾਣ ਬੋਲਿਆ ਜਾਂਦਾ ਹੈ।
    131. ਅੰਨ੍ਹਾ ਅਤੇ ਬਾਲਕਾ, ਬਾਂਦਰ, ਕਦੇ ਨਾ ਟਿਕ ਕੇ ਬਹਿੰਦੇ, ਚੀਜ਼ਾਂ ਹੀ ਟੋਂਹਦੇ ਰਹਿੰਦੇ ਅਰਥ ਸਪੱਸ਼ਟ ਹੈ।
    132. ਅੰਨ੍ਹਾ ਸ਼ੌਕੀਨ ਗਾਰੇ ਲੱਤਾਂ -ਜਦੋਂ ਕੋਈ ਬੇਢੰਗਾ ਫੈਸ਼ਨ ਕਰੇ ਇਹ ਅਖਾਣ ਬੋਲਿਆ ਜਾਂਦਾ ਹੈ।
    133. ਅੰਨ੍ਹਾ ਹਾਥੀ, ਲਸ਼ਕਰ ਦਾ ਉਜਾੜਾ -ਜਦੋਂ ਕੋਈ ਮੋਹਰੀ ਜਾਂ ਹੰਕਾਰੀ ਬੰਦਾ ਆਪਣਿਆਂ ਦਾ ਹੀ ਨੁਕਸਾਨ ਕਰੇ ਇਹ ਅਖਾਣ ਬੋਲਿਆ ਜਾਂਦਾ ਹੈ।
    134. ਅੰਨ੍ਹਾਂ ਕੀ ਭਾਲੇ ? ਦੋ ਅੱਖਾਂ -ਜਦੋਂ ਥੁੜੇ ਹੋਏ ਬੰਦੇ ਨੂੰ ਉਹਦੀ ਮਰਜੀ ਦੀ ਚੀਜ਼ ਮਿਲੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    135. ਅੰਨ੍ਹਾਂ ਕੁੱਕੜ ਖੁੱਡੇ ਦਾ ਮੋਹਰੀ -ਜਦੋਂ ਮਾੜਾ ਆਗੂ ਧੜੇ ਜਾਂ ਪਰਿਵਾਰ ਦੀ ਕਮਾਂਡ ਸੰਭਾਲ ਰਿਹਾ ਹੋਵੇ ਇਹ ਅਖਾਣ ਬੋਲਿਆ ਜਾਂਦਾ ਹੈ। 😃
    136. ਅੰਨ੍ਹਾਂ ਜੁਲਾਹਾ, ਮਾਂ ਨੂੰ ਮਸ਼ਕਰੀਆਂ -ਜਦੋਂ ਆਪਣੇ ਤੋਂ ਵੱਡੀਆਂ ਹਸਤੀਆਂ ਦਾ ਮਜ਼ਾਕ ਉਡਾ ਰਿਹਾ ਹੋਵੇ ਇਹ ਅਖਾਣ ਬੋਲਿਆ ਜਾਂਦਾ ਹੈ। 😮
    137. ਅੰਨ੍ਹਾ ਨਾਈ, ਕਾਠ ਦਾ ਉਸਤਰਾ -ਜਦੋਂ ਕੋਈ ਅਣਜਾਣ ਬੇਢੰਗੇ ਔਜਾਰਾਂ ਜਾਂ ਗ਼ਲਤ ਤਰੀਕਿਆਂ ਨਾਲ਼ ਕੰਮ ਕਰ ਰਿਹਾ ਹੋਵੇ ਇਹ ਅਖਾਣ ਬੋਲਿਆ ਜਾਂਦਾ ਹੈ।
    138. ਅੰਨ੍ਹਾ ਵੱਟੇ ਰੱਸੀ, ਪਿੱਛੋਂ ਵੱਛਾ ਖਾਵੇ -ਜਦੋਂ ਕੋਈ ਅਣਜਾਣ ਬੰਦਾ ਕੀਤਾ ਕੱਤਰਿਆ ਕੰਮ ਖ਼ਰਾਬ ਕਰ ਲਵੇ ਇਹ ਅਖਾਣ ਬੋਲਿਆ ਜਾਂਦਾ ਹੈ।
    139. ਅੰਨ੍ਹਾਂ ਵੰਡੇ ਸੀਰਨੀ, ਮੁੜਮੁੜ ਘਰਦਿਆਂ ਨੂੰ -ਜਦੋਂ ਕਈ ਆਪਣੇ ਧੜੇ ਜਾਂ ਸਿਰਫ ਪਰਿਵਾਰ ਦਾ ਹੀ ਸੋਚੇ ਇਹ ਅਖਾਣ ਬੋਲਿਆ ਜਾਂਦਾ ਹੈ।
    140. ਅੰਨ੍ਹਿਆਂ, ਕਾਣਾ ਰਾਜਾ -ਜਦੋਂ ਪ੍ਰਮੁੱਖ ਅਤੇ ਸਿਆਣੇ ਲੋਕਾਂ ਦੀ ਗੈਰ ਮੌਜੂਦਗੀ ਵਿਚ ਕੋਈ ਨਿਕੰਮਾ ਬੰਦਾ ਚੌਧਰੀ ਬਣ ਜਾਵੇ ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।
    141. ਅੰਨ੍ਹੀ ਕੁਕੜੀ, ਤੇ ਖਸ ਖਸ ਦਾ ਚੋਗਾ -ਜਦੋਂ ਕੋਈ ਵਿਤ ਤੋਂ ਵਧੇਰੇ ਪੰਗਾ ਲਵੇ ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ। 😃
    142. ਅੰਨ੍ਹੀ ਕੁੱਤੀ ਜਲੇਬੀਆਂ ਦੀ ਰਾਖੀ -ਜਦੋਂ ਕਿਸੇ ਘਟੀਆ ਬੰਦੇ ਨੂੰ ਖਾਸ ਜਿੰਮੇਵਾਰੀ ਮਿਲ ਜਾਵੇ ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।
    143. ਅੰਨ੍ਹੀ ਕੁੱਤੀ, ਛੋਹਲ਼ੇ ਕਤੂਰੇ -ਜਦੋਂ ਕਿਸੇ ਨਿਕੰਮੇ ਬੰਦੇ ਦੀ ਔਲਾਦ ਉਸ ਤੋਂ ਵੀ ਚਾਰ ਰੱਤੀਆਂ ਵੱਧ ਨਿਕਲੇ ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।
    144. ਅੰਨ੍ਹੀ ਜਵਾਨੀ, ਤੇ ਲਿੱਦ ਦੇ ਫੱਕੇ -ਜਵਾਨੀ ਦੀਆਂ ਬੇਪਵਾਹੀਆਂ ਨੂੰ ਦਰਸਾਉਣ ਲਈ ਅਕਸਰ ਇਹ ਅਖਾਣ ਬੋਲਿਆ ਜਾਂਦਾ ਹੈ।
    145. ਅੰਨ੍ਹੀ ਦੇਵੀ ਨੱਕ ਵੱਡੇ ਪੁਜਾਰੀ -ਜਦੋਂ ਨਿਕੰਮੇ ਆਗੂਆਂ ਦੇ ਪਿਛਲੱਗ ਉਨ੍ਹਾਂ ਤੋਂ ਵੀ ਨਿਕੰਮੇ ਹੋਣ ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।  😃
    146. ਅੰਨ੍ਹੀ ਨਾਲ ਅੰਨ੍ਹਾ ਰਲ਼ਿਆ, ਦੋਹਾਂ ਦਾ ਝੁੱਗਾ ਗਲ਼ਿਆ -ਜਦੋਂ ਦੋਵੇਂ ਜਾਣੇ ਜਾਂ ਦੋਵੇਂ ਧਿਰਾਂ ਇਕ ਤੋਂ ਵੱਧ ਨਕਾਰਾ ਜਾਂ ਨਿਕੰਮੇ ਹੋਣ ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।
    147. ਅੰਨ੍ਹੀ ਨੂੰ ਬੋਲ਼ਾ ਧੁੱਸੇਜਦੋਂ ਇਕ ਮੂਰਖ ਦੂਜੇ ਮੂਰਖ ਨਾਲ ਉਲ਼ਝ ਰਿਹਾ ਹੋਵੇ ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।
    148. ਅੰਨ੍ਹੀ ਨੈਣ ਦਾ ਵੰਜ ਨਹੇਰਨਾ -ਜਦੋਂ ਕੋਈ ਅਣਜਾਣ ਬੰਦਾ ਗਲਤ ਢੰਗ ਤਰੀਕਿਆਂ ਨਾਲ ਕੰਮ ਕਰ ਰਿਹਾ ਹੋਵੇ ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ। 😮
    149. ਅੰਨ੍ਹੀ ਪੀਹਵੇ, ਤੇ ਕੁੱਤੀ ਚੱਟੇ -ਜਦੋਂ ਮੂਰਖ ਆਗੂ ਕਾਰਨ ਹਰ ਕਿਸੇ ਦਾ ਦਾਅ ਲੱਗ ਰਿਹਾ ਹੋਵੇ।
    150. ਅੰਨ੍ਹੀ ਮਾਂ ਪੁੱਤਾਂ ਦਾ ਮੂੰਹ ਨਾ ਵੇਖੇ -ਜਦੋਂ ਮੋਹ ਵਿਚ ਡੁੱਬ ਕੇ ਕੋਈ ਕਿਸੇ ਦੇ ਅਗੁਣ ਦੇਖਣੇ ਛੱਡ ਦੇਵੇ ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।
    151. ਅੰਨ੍ਹੀ ਰੂਹ ਤੇ ਭੈੜੇ ਫਰਿਸ਼ਤੇ -ਬੁਰੇ ਨੂੰ ਬੁਰਾ ਟੱਕਰਦਾ ਹੈ।
    152. ਅੰਨ੍ਹੇ ਅੱਗੇ ਰੋਣਾ, ਅੱਖੀਆਂ ਦਾ ਖੌਅ -ਜਦੋਂ ਬੇਪਰਵਾਹ ਅਤੇ ਬੇਦਰਦ ਬੰਦਾ ਦੁੱਖ ਨਾ ਸਮਝੇ ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ। 😃
    153. ਅੰਨ੍ਹੇ ਕੁੱਤੇ ਹਿਰਨਾਂ ਦੀ ਸ਼ਿਕਾਰੀ ਜਦੋਂ ਕੋਈ ਮੂਰਖ ਬੰਦਾ ਆਗੂ ਅਤੇ ਚੌਧਰੀ ਬਣ ਕੇ ਮੂਹਰੇ ਲੱਗਾ ਹੋਇਆ ਹੋਵੇ ਇਹ ਅਖਾਣ ਬੋਲਿਆ ਜਾਂਦਾ ਹੈ। 😃
    154. ਅੰਨ੍ਹੇ ਦਾ ਜੱਫਾ ਬੁਰਾ, ਰੋਹੀਏ ਖੜੱਪਾ ਬੁਰਾ -ਜਦੋਂ ਅੰਨ੍ਹੇ ਬੰਦੇ ਦੀ ਸਰੀਰਕ ਤਾਕਤ ਅਤੇ ਰੋਹੀ ਦੇ ਸੱਪ ਦੀ ਜ਼ਹਿਰ ਬਾਰੇ ਦੱਸਣਾ ਹੋਵੇ ਇਹ ਅਖਾਣ ਬੋਲਿਆ ਜਾਂਦਾ ਹੈ।
    155. ਅੰਨ੍ਹੇ ਦੀ ਜ਼ੋਰੂ ਦਾ, ਰੱਬ ਰਾਖਾ -ਜਦੋਂ ਕਿਸੇ ਮੂਰਖ ਬੰਦੇ ਦੇ ਹੱਥੋਂ ਵਿਗੜ ਰਹੇ ਕੰਮਾਂ ਬਾਰੇ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    156. ਅੰਨ੍ਹੇ ਦੀ ਰੀਝ ਗੁਲੇਲਤੇ -ਜਦੋਂ ਕੋਈ ਵਿਅਕਤੀ ਆਪਣੀ ਔਕਾਤ ਤੋਂ ਅਲਾਹਿਦਾ ਕੋਈ ਚੀਜ ਦੀ ਚਾਹਤ ਰੱਖੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। 😃
    157. ਅੰਨ੍ਹੇ ਨੂੰ ਮਾਂ ਮਸੀਤੀ ਸੁੱਟੇ। –ਜਦੋਂ ਕਿਸੇ ਕਮਜੋਰ ਵਿਅਕਤੀ ਜਾਂ ਨਿਗੂਣੀ ਚੀਜ਼ ਦੀ ਕੋਈ ਸਾਰ ਨਾ ਲਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    158. ਅਫੀਮ ਮੰਗੇ ਰਿਉੜੀਆਂ, ਤੇ ਪੋਸਤ ਮੰਗੇ ਗੰਨੇ, ਭੰਗ ਵਿਚਾਰੀ ਆਲੀ ਭੋਲੀ ਜੋ ਆਵੇ ਸੋ ਬੰਨੇ ਅਫੀਮ, ਭੰਗ ਅਤੇ ਪੋਸਤ ਦੀ ਪ੍ਰਕਿਰਤੀ ਦੱਸਣ ਲਈ ਜਾਂ ਕਿਸੇ ਭੋਲੇ ਬੰਦੇ ਗੁਣ ਦਰਸਾਉਣ ਲਈ ਉਸਦੀ ਤੁਲਨਾ ਭੰਗ ਨਾਲ ਕੀਤੀ ਜਾਂਦੀ ਹੈ। 😃
    159. ਅੰਬ ਵੱਢ, ਮੈਂ ਅੱਕਾਂ ਨੂੰ ਵਾੜ ਕਰਾਂ -ਜਦੋਂ ਅਣਹੋਈਆਂ ਗੱਲਾਂ ਕਰੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।😃 
    160. ਅੰਬਰੋਂ ਡਿੱਗਿਆ, ਧਰਤੀ ਨੇ ਪਛਾਣਿਆ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਵੱਡੇ ਯਤਨ ਕਰਨ ਤੋਂ ਬਾਅਦ ਵੀ ਬਦਹਾਲ ਰਹੇ ਅਤੇ ਉਪਰੋਂ ਹੇਠਾਂ ਆ ਡਿੱਗੇ। 😮
    161. ਅੰਬਰੋਂ ਡਿੱਗੀ, ਧਰਤ ਪੜੁੱਛੀ– ਉਹੀ ਅਰਥ ਇਹ ਅਖਾਣ ਵੀ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਵੱਡੇ ਯਤਨ ਕਰਨ ਤੋਂ ਬਾਅਦ ਵੀ ਬਦਹਾਲ ਰਹੇ ਅਤੇ ਉਪਰੋਂ ਹੇਠਾਂ ਆ ਡਿੱਗੇ। 😮
    162. ਅੰਬਾਂ ਦੀ ਭੁੱਖ, ਅੰਬਾਕੜੀਆਂ ਨਾਲ ਨਹੀਂ ਲੱਥਦੀ -ਜਦੋਂ ਇਹ ਦੱਸਣਾ ਹੋਵੇ ਕਿ ਨੇੜਲੇ ਸਾਕਾਂ ਦਾ ਥਾਂ ਦੂਰ ਵਾਲੇ ਸਾਕ ਨਹੀਂ ਲੈ ਸਕਦੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।😃 
    163. ਅੰਮਾਂ ਦੀਆਂ ਬੇਲਣਾ, ਜੁਲਾਹੀਆਂ ਅਤੇ ਤੇਲਣਾਂ। –ਜਦੋਂ ਇਹ ਦੱਸਣਾਂ ਹੋਵੇ ਕਿ ਜਿਹੋ ਜਿਹਾ ਮਨੁੱਖ ਆਪ ਹੁੰਦਾ ਹੈ ਉਹੋ ਜਹੇ ਉਹਦੇ ਯਾਰ-ਬੇਲੀ ਹੁੰਦੇ ਹਨ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।😃 
    164. ਅੰਮਾਂ ਨੀ ਅੰਮਾਂ, ਮੈਂ ਕਿਹੜੇ ਵੇਲੇ ਨਿਕੰਮਾਇਹ ਅਖਾਣ ਆਪਣੀ ਅਹਿਮੀਅਤ ਦਰਸਾਉਣ ਲਈ ਬੋਲਿਆ ਜਾਂਦਾ ਹੈ ਜਾਂ ਫਿਰ ਦੂਜੇ ਨੂੰ ਨਿਗੂਣਾ ਦਰਸਾਉਣ ਲਈ ਵਿਅੰਗ ਵਜੋਂ ਵੀ ਬੋਲਿਆ ਜਾਂਦਾ ਹੈ।
    165. ਅਮੀਰ ਦੀ ਮਰ ਗਈ ਕੁੱਤੀ, ਉਹਦੀ ਹਰ ਕਿਸੇ ਬਾਤ ਪੁੱਛੀ, ਗਰੀਬ ਦੀ ਮਰ ਗਈ ਮਾਂ ਉਹਦਾ ਕਿਸੇ ਨਾਲ ਲਿਆ ਨਾਂ। –ਇਹ ਅਖਾਣ ਮਾੜੇ ਬੰਦੇ ਨਾਲ ਹੁੰਦੇ ਸਮਾਜਿਕ ਵਿਤਕਰੇ ਨੂੰ ਦਰਸਾਉਣ ਲਈ ਬੋਲਿਆ ਜਾਂਦਾ ਹੈ।
    166. ਅਮੀਰ ਦੇ ਸਾਲ਼ੇ ਬਹੁਤ, ਪਰ ਗ਼ਰੀਬ ਦਾ ਭਣਵੱਈਆ ਕੋਈ ਨਹੀਂ। ਇਹ ਅਖਾਣ ਵੀ ਮਾੜੇ ਬੰਦੇ ਨਾਲ ਹੁੰਦੇ ਸਮਾਜਿਕ ਵਿਤਕਰੇ ਨੂੰ ਦਰਸਾਉਣ ਲਈ ਬੋਲਿਆ ਜਾਂਦਾ ਹੈ।
    167. ਅਮੀਰਾਂ ਵੱਲ ਅਗਾੜੀ ਤੇ ਗਰੀਬਾਂ ਵੱਲ ਪਛਾੜੀ – ਉਹੀ…..
    168. ਅਲ ਖ਼ਮੋਸ਼ੀ, ਨੀਮ ਰਜ਼ਾ– ਜਦੋਂ ਕੋਈ ਮੌਕੇ ’ਤੇ ਬੋਲਣ ਵੇਲੇ ਚੁੱਪ ਰਹੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।😃 
    169. ਅਲ਼ਕ ਵੈਹੜਕਾ ਪੰਜਾਲੀ ਦਾ ਖੌਅਜਦੋਂ ਨਵੇਂ ਅਤੇ ਅਣਜਾਣ ਬੰਦੇ ਨਾਲ ਸਾਂਝ ਪੁਗਾਉਣ ਮੌਕੇ ਖੱਜਲ-ਖੁਆਰੀ ਹੋ ਰਹੀਂ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    170. ਅਲਫੋਂਬੇ, ਨਾ ਜਾਣਦਾ ਨਾਂ ਇਲਮ ਦੀਨ– ਜਦੋਂ ਕੋਈ ਜਾਣਦਾ ਕੁਝ ਨਾਂ ਹੋਵੇ ਪਰ ਵਖਾਵਾ ਬਹੁਤ ਜਿਆਦਾ ਕਰੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    171. ਅੱਲਾ ਅੱਲਾ, ਖ਼ੈਰ ਸੱਲਾ – ਜਦੋਂ ਉਮੀਦ ਕੋਈ ਹੋਰ ਹੋਵੇ ਅਤੇ ਵਾਪਰ ਕੁਝ ਹੋਰ ਜਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। 
    172. ਅਵਸਰ ਲੰਘਿਆ, ਹੱਥ ਨਾ ਆਵੇ– ਸਮੇ ਅਤੇ ਅਵਸਰ ਦੀ ਮਹੱਤਤਾ ਦਰਸਾਇਆ ਗਿਆ ਹੈ।  😮
    173. ਅਵਲ ਖ਼ੇਸ਼ਾਂ ਬਾਅਦ ਦਰਵੇਸ਼ਾਂ – ਜਦੋਂ ਅਸਲ ਹੱਕਦਾਰ ਨੂੰ ਛੱਡ ਕੇ ਕਿਸੇ ਬੇ-ਹੱਕ ਨੂੰ ਫਾਇਦਾ ਪਹੁੰਚਾਇਆ ਜਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    174. ਅੜਬ ਕੁੱਕੜ, ਖੁੱਡੇ ਦਾ ਖੌਅ – ਜਦੋਂ ਇਹ ਦੱਸਣਾ ਹੋਵੇ ਕੇ ਅੜਬ ਮਨੁੱਖ ਹਮੇਸ਼ਾਂ ਕੰਮ ਖਰਾਬ ਕਰਦਾ ਹੈ ਤਾਂ ਅਖਾਣ ਬੋਲਿਆ ਜਾਂਦਾ ਹੈ।
    175. ਅੜਾਹੇ ਨੇ ਜਣੀ, ਪੜਾਹੇ ਨੂੰ ਡੰਡ-ਜਦੋਂ ਕਿਸੇ ਹੋਰ ਦੀ ਗ਼ਲਤੀ ਕਿਸੇ ਹੋਰ ਸਿਰ ਮੜ੍ਹੀ ਜਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।  😮
    176. ਅੜੀ-ਮੜੀ, ਤੇ ਭੇਸ਼ਾਂ ਦੇ ਗੱਲ਼ ਮੜ੍ਹੀ। ਜਦੋਂ ਕਿਸੇ ਹੋਰ ਦੀ ਗ਼ਲਤੀ ਕਿਸੇ ਹੋਰ ਸਿਰ ਮੜ੍ਹੀ ਜਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। 
    177. ਅੜੇ ਸੋ ਝੜੇ– ਇਹ ਅਖਾਣ ਐਵੇਂ ਅੜਬਾਈ ਕਰਨ ਵਾਲੇ ਦੇ ਖਾਤਮੇ ਵੇਲੇ ਬੋਲਿਆ ਜਾਂਦਾ ਹੈ।
    178. ਬਲਾਏ, ਗਲ਼ ਲੱਗੀਏ – ਜਦੋਂ ਕੋਈ ਐਵੇਂ ਕਿਸੇ ਪੰਗੇ ਆਪਣੇ ਗਲ਼ ਪਵਾ ਲਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।  😮
    179. ਭਾਈ ਧੰਨਿਆ, ਪਰਾਏ ਭਾਗੀਂ ਜੰਮਿਆ।- ਜਦੋਂ ਕੋਈ ਆਪਣੇ ਸਕਿਆਂ ਨੂੰ ਛੱਡ ਕੇ ਗੈਰਾਂ ਦੇ ਕੰਮ ਕਰਦਾ ਫਿਰੇ ਅਤੇ ਸਿਰਫ ਉਨ੍ਹਾਂ ਨੂੰ ਹੀ ਫਾਇਦਾ ਪਹੁੰਚਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    180. ਭੈਣ ਮਿੱਠੀਏ, ਨੀਂ ਚਿਰਾਂ ਪਿੱਛੋਂ ਡਿੱਠੀਏ – ਜਦੋਂ ਕੋਈ ਪਿਆਰਾ ਅਤੇ ਮੋਹ-ਖੋਰਾ ਸਾਥੀ ਚਿਰਾਂ ਪਿੱਛੋਂ ਮਿਲੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    181. ਭੈਣੇ ਪਿਆਰ ਕਰਾਂ, ਤੇਰੇ ਪੈਰਾਂ ਹੇਠ ਅੰਗਿਆਰ ਧਰਾਂ – ਜਦੋਂ ਕੋਈ ਪਿਆਰ ਦੇ ਛਲਾਵੇ ਹੇਠ ਨੁਕਸਾਨ ਕਰੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। 
    182. ਆਓ,
      ਬੈਠੋ, ਪੀਓ ਪਾਣੀ, ਇਹ ਤਿੰਨੋ ਨਾ ਮੁੱਲ ਨੂੰ ਆਣੀਂ
      – ਇਹ ਅਖਾਣ ਆਓ ਭਗਤ ਦੀ ਅਹਿਮੀਅਤ  ਨੂੰ ਦਰਸਾਉਣ ਲਈ ਬੋਲਿਆ ਜਾਂਦਾ ਹੈ।
    183. ਆਇਆ ਆਪ, ਚੜ੍ਹਾਇਆ ਤਾਪਜਦੋਂ ਘਰਵਾਲੀ ਜਾਂ ਕਿਸੇ ਦੇ ਚਲਿੱਤਰਾਂ ਦਾ ਜਿਕਰ ਕਰਨਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    184. ਆਇਆ ਸਾਵਣ ਮਾਹ, ਕਿ ਰੀਂਡੇ ਗਲ਼ ਗਏ, ਕੋਈ ਨਾ ਬਣਿਆ ਮਿੱਤ, ਜਦ ਵੇਲ਼ੇ ਛਲ ਗਏ -ਚੰਗੇ ਦਿਨਾਂ ਵਿਚ ਸਾਰੇ ਮਿੱਤਰ ਪਰ ਬੁਰੇ ਦਿਨਾਂ ਵਿਚ ਕੋਈ ਨਹੀਂ।
    185. ਆਇਆ ਸਿਆਲ ਮੋਏ ਕੰਗਾਲ, ਆਇਆ ਹੁਨਾਲ ਮੋਏ ਕੰਗਾਲ -ਜਦੋਂ ਕੋਈ ਹਰ ਵੇਲੇ ਰੋਣਾ-ਧੋਣਾ ਲਈ ਰੱਖੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    186. ਆਇਆ ਸਿਆਲ਼ ਮੋਏ ਗਰੀਬ, ਆਇਆ ਹਾੜ ਮੋਏ ਗ਼ਰੀਬ———–ਉਹੀ
    187. ਆਇਆ ਕੰਮ ਥੁੜੇ ਨਾ, ਤੇ ਪਿੱਛੇ ਜੋਗਾ ਜੁੜੇ ਨਾ। –ਜਦੋਂ ਦਿਨ ਠੀਕ-ਠਾਕ ਲੰਘਦੇ ਜਾਣ ਪਰ ਕੋਈ ਖਾਸ ਤਰੱਕੀ ਨਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    188. ਆਇਆ ਰਾਮ, ਗਿਆ ਰਾਮ -ਜਦੋਂ ਕਿਸੇ ਦੇ ਆਉਣ ਜਾਣ ਬਾਰੇ ਕੋਈ ਪੱਕਾ ਯਕੀਨ ਨਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।  😮
    189. ਆਈ ਸ਼ਿਵਰਾਤ, ਜਿੱਡਾ ਦਿਨ, ਓਡੀ ਰਾਤ -ਭਾਵ ਕਿ ਸ਼ਿਵਰਾਤਰੀ ਆਉਣ ਤੱਕ ਦਿਨ-ਰਾਤ ਇੱਕੋ ਜਿੱਡੇ ਹੋ ਜਾਂਦੇ ਹਨ।
    190. ਆਈ ਤੇ ਆਏ ਨੂੰ, ਸੌ ਰਸਤੇ। –ਭਾਵ ਕਿ ਜਦੋਂ ਕੋਈ ਨਿਸਚਾ ਕਰਕੇ ਜੁੱਟ ਜਾਵੇ ਤਾਂ ਅਨੇਕਾਂ ਰਸਤੇ ਨਿਕਲ ਆਉਂਦੇ ਹਨ।
    191. ਆਈ ਬਸੰਤ ਪਾਲ਼ਾ  ਉੜੰਤ -ਭਾਵ ਕਿ ਬਸੰਤ ਆਉਣ ਤੱਕ ਠੰਡ ਖਤਮ ਹੋ ਜਾਂਦੀ ਹੈ।
    192. ਆਈ ਬਹੂ ਤੇ ਆਇਆ ਕੰਮ, ਗਈ ਬਹੂ ਤੇ ਗਿਆ ਕੰਮ– ਘਰ ਦੇ ਵਿਚ ਕੰਮ ਨੂੰਹ ਅਤੇ ਪੋਤੇ-ਪੋਤੀਆਂ ਨਾਲ ਹੀ ਹੁੰਦਾ ਜਦੋਂ ਉਹ ਚਲੇ ਜਾਣ ਤਾਂ ਕੰਮ ਵੀ ਮੁੱਕ ਜਾਂਦਾ ਹੈ।
    193. ਆਈ ਮਾਈ ਮੱਸਿਆ, ਜਿਸ ਖਾਣਾ ਪੀਣਾ ਦੱਸਿਆ– ਜਦੋਂ ਕੋਈ ਕੰਜੂਸ ਬੰਦਾ ਆਮ ਹਲਾਤ ਵਿਚ ਤਾਂ ਧੇਲਾ ਨਾ ਖਰਚੇ ਪਰ ਖਾਸ ਮੌਕੇ ਜਾਂ ਦਿਨ-ਦਿਹਾਰ ਮੌਕੇ ਉਸ ਨੂੰ ਮਜਬੂਰੀ ਵੱਸ ਖਰਚ ਕਰਨਾ ਪਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। 
    194. ਆਈ ਮੌਜ ਫਕੀਰ ਨੂੰ, ਲਾਈ ਕੁੱਲੀ ਨੂੰ ਅੱਗ– ਜਦੋਂ ਕੋਈ ਬੇਪਰਵਾਹ ਬੰਦਾ ਆਪਣਾ ਨੁਕਸਾਨ ਕਰਨ ਤੋਂ ਵੀ ਨਾ ਟਲ਼ੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।  
    195. ਆਈ ਰਮਜ਼ਾਨ, ਭੱਜਿਆ ਸ਼ੈਤਾਨ-ਰਮਜ਼ਾਨ ਦੇ ਦਿਨਾ ਵਿਚ ਜਦੋਂ ਹਰ ਕੋਈ ਚੰਗੇ ਕੰਮਾਂ ਵੱਲ ਧਿਆਨ ਮੋੜ ਲੈਂਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।  😮
    196. ਆਈਆਂ,
      ਗਲ਼ ਲਾਈਆਂ
      -ਜਦੋਂ ਗੁੱਸੇ ਹੋਣ ਤਾਂ ਬਾਅਦ ਮਿਲ ਪਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    197. ਆਏ ਨੇ ਨਿਹੰਗ, ਬੂਹੇ ਖੋਲਦੇ ਨਿਸ਼ੰਗ। –ਪੰਜਾਬ ਦੇ ਵਿਚ ਜਦੋਂ ਨਿਹੰਗ ਸਿੰਘ ਆਮ ਲੋਕਾਂ, ਔਰਤਾਂ ਅਤੇ ਮਜਲੂਮਾ  ਲਈ ਢਾਲ ਭਾਵ ਰੱਖਿਅਕ ਸਮਝੇ ਜਾਂਦੇ ਸਨ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    198. ਆਏ ਭਾਬੋ ਦੇ ਸੱਕੇ, ਘਰ ਖੀਰ ਤੇ ਪੂੜੇ ਪੱਕੇ, ਆਇਆ ਭਾਈਏ ਦਾ ਕੋਈ, ਭਾਬੋ ਸੁੱਜ ਭੜੋਲਾ ਹੋਈ।- ਜਦੋਂ ਕਿਸੇ ਔਰਤ ਵੱਲੋਂ ਪੇਕਿਆਂ ਨਾਲ ਖਾਸ ਲਿਹਾਜ਼ ਅਤੇ ਸਹੁਰੇ ਪਰਿਵਾਰ ਨਾਲ ਵਿਤਕਰਾ ਕੀਤਾ ਜਾਂਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    199. ਆਸਾਂ ਪਰਬਤ ਜੇਡੀਆਂ, ਮੌਤ ਤਣਾਵਾਂ ਹੇਠ-ਮਨੁੱਖ ਦੀਆਂ ਇਛਾਵਾਂ ਅਤੇ ਜੀਵਨ ਦੀ ਨਾਸ਼ਵਾਨਤਾ ਬਾਰੇ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    200. ਆਹ ਮਾਈ ਹਰ ਕੇ ਲੇਖੇ, ਨਹੀਂ ਕਰੀ, ਕੋਈ ਕਰਕੇ ਵੇਖੇ – ਜਦੋਂ ਦੱਸਣਾ ਹੋਵੇ ਹਰ ਚੰਗੇ ਅਤੇ ਬੁਰੇ ਕਰਮ ਦਾ ਫਲ ਜਰੂਰ ਮਿਲਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    201. ਆਹ ਮੂੰਹ ਤੇ ਮਸਰਾਂ ਦੀ ਦਾਲ਼ – ਜਦੋਂ ਕਿਸੇ ਇਹ ਜਤਾਉਣਾ ਹੋਵੇ ਕਿ ਉਸ ਦੀ ਔਕਾਤ ਥੋੜ੍ਹੀ ਹੈ ਪਰ ਉਸ ਦਾ ਨਖਰਾ ਵੱਡਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    202. ਆਹ ਵੀਰ, ਖਾਹ ਖੀਰ, ਤੇ ਹੋ ਜਾ ਤੀਰ -ਹਾਸੇ-ਠੱਠੇ ਵਿਚ ਜਦੋਂ ਕਿਸੇ ਨੂੰ ਜਲਦੀ ਵਾਪਸ ਮੋੜਨਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    203. ਆਹਰੋਂ ਵਿਗੜਿਆ ਵੀ ਗਿਆ, ਤੇ ਵਿਹਾਰੋਂ ਵਿਗੜਿਆ ਵੀ ਗਿਆ – ਜਦੋਂ ਕੋਈ ਕੰਮ ਵੀ ਠੀਕ ਤਰਾਂ ਨਾ ਕਰੇ ਅਤੇ ਵਿਹਾਰ ਵੀ ਸਹੀ ਨਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    204. ਆਕੜ ਚੂਹੜੇ ਦੀ, ਤੇ ਲੇਸ ਲਸੂੜੇ ਦੀ। ਜਦੋਂ ਕਿਸੇ ਅਗੁਣਹਾਰੇ ਮਨੁੱਖ ਵਿਚ ਬਹੁਤੀ ਆਕੜ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। (ਨੋਟ ਇਹ ਅਖਾਣ ਜਾਤ-ਪਾਤ ਨੂੰ ਦਰਸਾਉਣ ਲਈ ਨਹੀਂ ਬਲਕਿ ਸਾਡੀ ਲੋਕਧਾਰਾ ਦੇ ਮੂਲ ਵਿਚ ਪਈ ਮਾਨਸਿਕਤਾ ਨੂੰ ਦਰਸਾਉਣ ਲਈ ਲਿਖਿਆ ਗਿਆ ਹੈ।
    205. ਆਖਣ ਕਮਲੇ, ਸੁਣਨ ਬਾਵਰੇ– ਜਦੋਂ ਦੋਵੇਂ ਧਿਰਾਂ ਇੱਕੋ ਜਹੀਆਂ ਹੋਣ ਜਾਂ ਕੋਈ ਆਪਣਾ ਮੂਲ ਖਾਸਾ ਜਾਂ ਬੋਲੀ ਛੱਡ ਕੇ ਕੋਈ ਅਲਹਿਦਾ ਜਾਪ ਕਰੇ ਅਤੇ ਸੁਣਨ ਵਾਲੇ ਵੀ ਮਸਤ ਹੋ ਕੇ ਸੁਣਨ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    206. ਆਖਾ ਮੋੜਨਾ ਨਹੀਂ, ਤੇ ਡੱਕਾ ਤੋੜਨਾ ਨਹੀਂ।- ਨਾ ਕਹਿਣਾ ਮੋੜਨਾ ਅਤੇ ਨਾ ਕੋਈ ਕੰਮ ਸੰਵਾਰਨਾ।
    207. ਆਖਿਆ ਸਿਆਣੇ ਦਾ, ਤੇ ਖਾਧਾ ਔਲੇ ਦਾਸਿਆਣਿਆਂ ਦੀਆਂ ਗੱਲਾਂ ਨੂੰ ਉੱਚਾ ਦੱਸਣ ਲਈ ਇਹ ਅਖਾਣ ਬੋਲਿਆ ਜਾਂਂਦਾ ਹੈ। 
    208. ਆਂਗਲਾ,
      ਤੜਾਂਗਲਾ, ਪਰਾਈ ਭਿੱਟ ਕੋਈ ਨਾ
      – ਸਾਡੇ ਦੇਸ਼ ਵਿਚ ਨੀਵੀਂ ਜਾਤ ਦੇ ਮਨੁੱਖ ਦਾ ਉੱਚੀ ਜਾਤ ਦੇ ਮਨੁੱਖ ਨਾਲ ਛੂਹ ਜਾਣਾ ਬੁਰਾ ਮੰਨਿਆ ਜਾਂਦਾ ਸੀ ਅਤੇ ਉਸ ਨੂੰ ਭਿੱਟ ਚੜ੍ਹਨਾ ਕਿਹਾ ਜਾਂਦਾ ਸੀ। ਬੱਚੇ ਅਕਸਰ ਨੀਵੀਂ ਜਾਤ ਦੇ ਬੱਚਿਆਂ ਨੂੰ ਚਿੜਾਉਣ ਲਈ ਸ਼ਰਾਰਤ ਵਜੋਂ ਇਹ ਅਖਾਣ ਬੋਲਦੇ ਸਨ ਅਤੇ ਇਹ ਖੇਡ ਵੀ ਖੇਡੀ ਜਾਂਦੀ ਸੀ।
    209. ਆਗਿਆਕਾਰੀ ਬਾਲੜੇ, ਤੇ ਮਿੱਠਬੋਲੜੀ ਨਾਰ, ਧੰਨ ਪੱਲੇ, ਸੰਤੋਖ ਮਨ, ਚਾਰ ਸੁਰਗ ਸੰਸਾਰ ਸਿਆਣੇ ਬੱਚੇ, ਚੰਗੀ ਪਤਨੀ, ਗੁਜਾਰੇ ਯੋਗ ਪੈਸਾ ਅਤੇ ਮਨ ਵਿਚ ਸੰਤੋਖ ਹੋਵੇ ਤਾਂ ਮਨੁਖ ਦਾ ਜੀਵਨ ਸਵਰਗ ਦੇ ਸਮਾਨ ਹੈ।
    210. ਆਗੂ ਔਝੜ ਲੈ ਪਵੇ, ਕਿਸ ਕਰ ਕਰੇ ਪੁਕਾਰ – ਜੇਕਰ ਤੁਹਾਡੇ ਆਗੂ ਹੀ ਤੁਹਾਨੂੰ ਡੋਬ ਦੇਣ ਤਾਂ ਤੁਸੀਂ ਕਿਸ ਨੂੰ ਪੁਕਾਰ ਕਰੋਗੇ।
    211. ਆਟੇ ਦੇ ਦੀਵੇ ਦਾ ਕੀ ਹੈ ? ਜਿੱਧਰ ਮਰਜ਼ੀ ਮੂੰਹ ਬਣਾ ਦਿਓ-ਜਦੋਂ ਕਿਸੇ ਭੋਲ਼ੇ ਮਨੁੱਖ ਦਾ ਕੋਈ ਠੋਸ ਸਟੈਂਡ ਨਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    212. ਆਂਡੇ ਭੰਨੇ ਘੁੱਗੀ, ਤੇ ਕਾਂ ਬਦਨਾਮ– ਜਦੋਂ ਤੱਕੜੇ ਮਨੁੱਖ ਦੀ ਗਲਤੀ ਮਾੜੇ ਦੇ ਸਿਰ ਮੜ੍ਹੀ ਜਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    213. ਆਤਕਾਂ ਦੇ ਆਤਕ ਜੇਹੇ ਮਾਪੇ, ਤੇਹੇ ਜਾਤਕ – ਜੇਹੋ ਜਹੇ ਮਾਪੇ, ਉਹੋ ਜਹੇ ਬੱਚੇ ਜਾਂ ਇਹ ਵੀ ਕਿਹਾ ਜਾਂਦਾ ਹੈ ਕਿ ਜੇਹੀ ਕੋਕੋ, ਤੇਹੇ ਬੱਚੇ। 
    214. ਆਤਮਾ ਰੱਜੇ, ਪਰਮਾਤਮਾ ਰੱਜੇ -ਕਿਸੇ ਦੀ ਆਤਮਾ ਨੂੰ ਖੁਸ਼ ਕਰਨਾ ਪਰਮਾਤਮਾ ਨੂੰ ਖੁਸ਼ ਕਰਨ ਦੇ ਬਰਾਬਰ ਹੈ।
    215. ਆਥਣ ਨੂੰ ਚਿਲਕੋਰਿਆ, ਅਣਹੋਂਦਾ ਬੱਦਲ ਘੋਰਿਆ -ਸ਼ਾਮ ਵੇਲੇ ਬੱਦਲਾਂ ਦਾ ਚੜ੍ਹਨਾ ਜਾਂ ਲਿਸ਼ਕਣਾਂ ਮੀਂਹ ਵਰ੍ਹਨ ਦਾ ਸੰਕੇਤ।
    216. ਆਦਮੀ ਅੰਨ ਦਾ ਕੀੜਾ-ਬੰਦੇ ਦਾ ਅੰਨ ਬਿਨਾ ਜੀਵਨ ਸੰਭਵ ਨਹੀਂ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    217. ਆਦਮੀ ਆਦਮੀ ਦਾ ਅੰਤਰ, ਕੋਈ ਹੀਰਾ, ਕੋਈ ਕੰਕਰ – ਜਦੋਂ ਇਹ ਦੱਸਣਾ ਹੋਵੇ ਕਿ ਹਰ ਮਨੁੱਖ ਦੇ ਗੁਣ-ਔਗੁਣ ਦੂਜੇ ਤੋਂ ਅਲੱਗ ਹਨ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    218. ਆਂਦਰਾਂ ਭੁੱਖੀਆਂ, ਮੁੱਛਾਂ ਤੇ ਚੌਲ਼ -ਜਦੋਂ ਘਰ ਵਿਚ ਤਾਂ ਭੰਗ ਭੁੱਜਦੀ ਹੋਵੇ ਪਰ ਵਿਖਾਵਾ ਰੱਜੇ ਹੋਣ ਦਾ ਕੀਤਾ ਜਾਵੇ ਤਾਂ ਵਿਅੰਗ ਵਜੋਂ ਇਹ ਆਖਾਣ ਬੋਲਿਆ ਜਾਂਦਾ ਹੈ।
    219. ਆਦਿ ਨਾ ਕੰਘੀ ਵਾਹੀ, ਸਿਰ ਲੀਖੀਂ ਜੜਿਆਜਦੋਂ ਕਿਸੇ ਦੀ ਬਦਹਾਲੀ ਜਾਂ ਬੁਰੀ ਸਰੀਰਕ ਦਸ਼ਾ ਦਾ ਜਿਕਰ ਕੀਤਾ ਜਾਵੇ ਤਾਂ ਵਿਅੰਗ ਵਜੋਂ ਇਹ ਆਖਾਣ ਬੋਲਿਆ ਜਾਂਦਾ ਹੈ।
    220. ਆਦਿ ਬੁਰਾ ਤਾਂ ਅੰਤ ਬੁਰਾ , ਆਦਿ ਭਲਾ ਤਾਂ ਅੰਤ ਭਲਾ ਜਦੋਂ ਇਹ ਦੱਸਣਾ ਹੋਵੇ ਕਿ ਕਿਸੇ ਵੀ ਕੰਮ ਦੀ ਸ਼ੁਰੂਆਤ ਹੀ ਉਸ ਦੇ ਅੰਤ ਨਿਸ਼ਚਤ ਕਰਦੀ ਹੈ ਤਾਂ ਇਹ ਆਖਾਣ ਬੋਲਿਆ ਜਾਂਦਾ ਹੈ।
    221. ਆਨੇ ਦੀ ਘੋੜੀ, ਪਾਈਆ ਦਾਣਾਜਦੋਂ ਕਿਸੇ ਨਕਾਰੀ ਚੀਜ ਦਾ ਖਰਚ ਉਸਦੀ ਕੀਮਤ ਤੋਂ ਵੀ ਵਧੇਰੇ ਹੋਵੇ ਤਾਂ ਵਿਅੰਗ ਵਜੋਂ ਇਹ ਆਖਾਣ ਬੋਲਿਆ ਜਾਂਦਾ ਹੈ।
    222. ਆਪ ਓਏ ਹਾਂਜੀ ਮਾਮਲੇ, ਆਪੇ ਪਾਏ ਹੱਡਜਦੋਂ ਕੋਈ ਕਿਸੇ ਉੱਤੇ ਆਪੇ ਦੋਸ਼ ਮੜ ਕੇ ਆਪੇ ਹੀ ਸਜਾ ਸੁਣਾ ਦੇਵੇ ਤਾਂ ਇਹ ਆਖਾਣ ਬੋਲਿਆ ਜਾਂਦਾ ਹੈ।
    223. ਆਪ ਸਿਰੋਂ ਨੰਗੀ, ਚੋਲੀ ਕੀਹਨੂੰ ਦੇਵੇ ਮੰਗੀਜਦੋਂ ਕਿਸੇ ਦੀ ਬਦਹਾਲੀ ਬਾਰੇ ਜਿਕਰ ਕਰਦਿਆਂ ਉਸ ਤੋਂ ਕੋਈ ਉਮੀਦ ਨਾ ਪੂਰੀ ਹੋਣ ਦੀ ਗੱਲ ਕਰਨੀ ਹੋਵੇ ਤਾਂ ਵਿਅੰਗ ਵਜੋਂ ਇਹ ਆਖਾਣ ਬੋਲਿਆ ਜਾਂਦਾ ਹੈ।
    224. ਆਪ ਕਰੀਏ ਸੋ ਕੰਮ, ਜਾ ਪੱਲੇ ਹੋਵੇ ਦੰਮ ਜਦੋਂ ਆਪਣੇ ਹੱਥੀਂ ਕੀਤੇ ਕੰਮ ਦੀ ਮਹੱਤਤਾ ਦਰਸਾਉਣੀ ਹੋਵੇ ਅਤੇ ਜੇਬ ਵਿਚ ਪਏ ਪੈਸੇ ਦੀ ਵਡਿਆਈ ਦੱਸਣੀ ਹੋਵੇ ਤਾਂ ਇਹ ਆਖਾਣ ਬੋਲਿਆ ਜਾਂਦਾ ਹੈ।
    225. ਆਪ ਕਰੀਰ ਨਾ ਮੌਲਿਆ, ਤੇ ਦੇਵੇ ਦੋਸ਼ ਬਸੰਤ ਜਦੋਂ ਕੋਈ ਆਪਣੀ ਗਲਤੀ ਨੂੰ ਛੁਪਾਉਣ ਲਈ ਦੂਜੇ ਵਿਚ ਨੁਕਸ ਕੱਢੇ ਤਾਂ ਵਿਅੰਗ ਵਜੋਂ ਇਹ ਆਖਾਣ ਬੋਲਿਆ ਜਾਂਦਾ ਹੈ। ਇਸ ਲਈ ਨਾਚ ਨਾ ਜਾਣੇ ਆਂਗਣ ਟੇਡਾ ਵੀ ਕਿਹਾ ਜਾਂਦਾ ਹੈ।
    226. ਆਪ ਕਿਸੇ ਜਿਹੀ ਨਾ, ਤੇ ਗੱਲ ਕਰਨੋਂ ਰਹੀ ਨਾ ਜਦੋਂ ਕੋਈ ਖੁਦ ਤਾਂ ਨਿਕੰਮਾ ਹੋਵੇ ਪਰ ਗੱਲਾਂ ਨਾਲ ਪਹਾੜ ਪੁੱਟੀ ਜਾਵੇ ਤਾਂ ਵਿਅੰਗ ਵਜੋਂ ਇਹ ਆਖਾਣ ਬੋਲਿਆ ਜਾਂਦਾ ਹੈ।
    227. ਆਪ ਕੁਚੱਜੀ, ਵੇਹੜੇ ਨੂੰ ਦੋਸ਼ ਜਦੋਂ ਕੋਈ ਆਪਣੀ ਗਲਤੀ ਨੂੰ ਛੁਪਾਉਣ ਲਈ ਦੂਜੇ ਵਿਚ ਨੁਕਸ ਕੱਢੇ ਤਾਂ ਵਿਅੰਗ ਵਜੋਂ ਇਹ ਆਖਾਣ ਬੋਲਿਆ ਜਾਂਦਾ ਹੈ। ਇਸ ਲਈ ਨਾਚ ਨਾ ਜਾਣੇ ਆਂਗਣ ਟੇਡਾ ਵੀ ਕਿਹਾ ਜਾਂਦਾ ਹੈ। ਆਪ ਵਲੱਲੀਵਿਹੜਾ ਡਿੰਗਾ। ਵੀ ਕਿਹਾ ਜਾਂਦਾ ਹੈ।
    228. ਆਪ ਕੁਪੱਤੀ, ਤੇ ਵਿਹੜਾ ਦਾਦੇ ਮਗਾਹੁੰਣਾਉਹੀ ਅਰਥ…
    229. ਆਪ ਗਏ ਵਿਸਾਖੀ, ਸਾਨੂੰ ਛੱਡ ਗਏ ਘਰ ਦੀ ਰਾਖੀਜਦੋਂ ਨਾਲ ਦੇ ਸਾਥੀ ਜਾਂ ਪਰਿਵਾਰਕ ਮੈਂਬਰ ਖੁਦ ਤਾਂ ਮੌਜਾ ਮਾਨਣ ਲਈ ਨਿਕਲ ਜਾਣ ਅਤੇ ਕੰਮ ਦੀ ਜਿੰਮੇਵਾਰੀ ਕਿਸੇ ਇਕ ਦੇ ਮੋਢਿਆ ਉੱਤੇ ਹੋਵੇ ਤਾਂ ਇਹ ਆਖਾਣ ਬੋਲਿਆ ਜਾਂਦਾ ਹੈ। 
    230. ਆਪ ਤਾਂ ਡੁੱਬੇ, ਨਾਲ ਪਰਭਾ ਵੀ ਡੋਬੇ ਜਦੋਂ ਕੋਈ ਮੁੱਖ ਆਗੂ ਆਪਣੇ ਪਿੱਛੇ ਲੱਗੇ ਹੋਏ ਹਮਾਤੜ ਨੂੰ ਵੀ ਲੈ ਡੁੱਬੇ ਤਾਂ ਵਿਅੰਗ ਵਜੋਂ ਇਹ ਆਖਾਣ ਬੋਲਿਆ ਜਾਂਦਾ ਹੈ। 
    231. ਆਪ ਦੀਆ ਸੋ ਦੁੱਧ ਬਰਾਬਰ, ਮੰਗ ਲਿਆ ਸਭ ਪਾਣੀਜਦੋਂ ਇਹ ਦੱਸਣਾ ਹੋਵੇ ਕਿ ਮੰਗ ਲਈ ਚੀਜ ਵਿਚ ਉਹ ਖੁਸ਼ੀ ਅਤੇ ਰਸ ਨਹੀਂ ਮਿਲਦਾ ਜੋ ਆਪਣੇ-ਆਪਣੇ ਦਿੱਤੀ ਚੀਜ਼ ਤੋਂ ਮਿਲਦਾ ਹੈ ਤਾਂ  ਇਹ ਆਖਾਣ ਬੋਲਿਆ ਜਾਂਦਾ ਹੈ। 
    232. ਆਪ ਨਾ ਵੰਞੀ ਸਹੁਰੇ, ਤੇ ਲੋਕਾਂ ਮੱਤਾਂ ਦੇਜਦੋਂ ਕੋਈ ਗੈਰ-ਤਜ਼ਰਬੇਕਾਰ ਬੰਦਾ ਦੂਜਿਆਂ ਨੂੰ ਮੱਤਾਂ ਦੇਵੇ ਤਾਂ ਵਿਅੰਗ ਵਜੋਂ ਇਹ ਆਖਾਣ ਬੋਲਿਆ ਜਾਂਦਾ ਹੈ। 
    233. ਆਪ ਬੀਚਾਰੇ, ਸੋ ਗਿਆਨੀਜਦੋਂ ਇਹ ਦੱਸਣਾ ਹੋਵੇ ਕਿ ਜਿਹੜਾ ਖੁਦ ਸਭ ਕੁਝ ਸਮਝ ਜਾਵੇ ਉਸ ਵਰਗਾ ਸਿਆਣਾ ਕੋਈ ਨਹੀਂ ਤਾਂ ਇਹ ਆਖਾਣ ਬੋਲਿਆ ਜਾਂਦਾ ਹੈ। 
    234. ਆਪ ਬੀਬੀ ਕੋਕਾ, ਤੇ ਮਿਹਣੇ ਦੇਵੇ ਲੋਕਾਂ ਜਦੋਂ ਕੋਈ ਖੁਦ ਤਾਂ ਔਗੁਣਾ ਨਾਲ ਭਰਿਆ ਪਿਆ ਹੋਵੇ ਪਰ ਦੂਜਿਆ ਵਿਚ ਨੁਕਸ ਕੱਢੀ ਜਾਵੇ ਤਾਂ ਵਿਅੰਗ ਵਜੋਂ ਇਹ ਆਖਾਣ ਬੋਲਿਆ ਜਾਂਦਾ ਹੈ। 
    235. ਆਪ ਮਰੀਏ ਨਾ ਤੇ ਸਵਰਗ ਜਾਈਏ ਨਾਜਦੋਂ  ਇਹ ਦੱਸਣਾ ਹੋਵੇ ਕਿ ਬਿਨਾਂ ਕਰਮ ਕੀਤੇ ਕੁਝ ਨਹੀਂ ਮਿਲ ਸਕਦਾ ਤਾਂ ਇਹ ਆਖਾਣ ਬੋਲਿਆ ਜਾਂਦਾ ਹੈ।  ਇਹ ਅਖਾਣ ਵਜੋਂ ਵੀ ਬੋਲਿਆ ਜਾਂਦਾ ਹੈ।

 

    1. ਆਪ ਮਰੇ ਜਗ ਪਰਲੋ ਇਹ ਅਖਾਣ ਮਨ-ਮੌਜੀ ਲੋਕ ਹਾਸੇ-ਠੱਠੇ ਅਤੇ ਰਮਝ ਵਿਚ ਗੱਲ ਕਰਨ ਮੌਕੇ ਅਕਸਰ ਵਰਤਦੇ ਹਨ ਕਿ ਜਾਨ ਨਾਲ ਹੀ ਜਹਾਨ ਹੈ। ਜਦੋਂ ਜਾਨ ਨਾ ਰਹੇ ਤਾਂ ਜਹਾਨ ਦਾ ਕੋਈ ਅਰਥ ਨਹੀਂ ਰਹਿੰਦਾ।
    2. ਆਪ ਮੀਆਂ ਮੰਗਤੇ, ਤੇ ਬਾਹਰ ਖੜ੍ਹੇ ਦਰਵੇਸ਼ ਜਦੋਂ ਕਿਸੇ ਦੀ ਖੁਦ ਹਾਲਤ ਤਾਂ ਬਦ-ਤੋਂ-ਬਦਤਰ ਹੋਵੇ ਪਰ ਹੋਰ ਲੋਕ ਉਸ ਤੋਂ ਉਮੀਦਾਂ ਰੱਖਣ ਤਾਂ ਵਿਅੰਗ ਵਜੋਂ ਇਹ ਆਖਾਣ ਬੋਲਿਆ ਜਾਂਦਾ ਹੈ।
    3. ਆਪ ਲਗੇਂਦਿਆਂ ਲੰਘਣ, ਤੇ ਯਾਰ ਪਰੌਂਠੇ ਮੰਗਣ ਜਦੋਂ ਕਿਸੇ ਦੀ ਖੁਦ ਹਾਲਤ ਤਾਂ ਮਾੜੀ ਹੋਵੇ ਪਰ ਯਾਰ-ਬੇਲੀ ਉਸ ਤੋਂ ਉਮੀਦਾਂ ਰੱਖਣ ਤਾਂ ਵਿਅੰਗ ਵਜੋਂ ਇਹ ਆਖਾਣ ਬੋਲਿਆ ਜਾਂਦਾ ਹੈ।
    4. ਆਪ ਵਲੱਲੀ, ਵਿਹੜਾ ਡਿੰਗਾ ਜਦੋਂ ਕੋਈ ਆਪਣੀ ਗਲਤੀ ਨੂੰ ਛੁਪਾਉਣ ਲਈ ਦੂਜੇ ਵਿਚ ਨੁਕਸ ਕੱਢੇ ਤਾਂ ਵਿਅੰਗ ਵਜੋਂ ਇਹ ਆਖਾਣ ਬੋਲਿਆ ਜਾਂਦਾ ਹੈ। ਇਸ ਲਈ ਨਾਚ ਨਾ ਜਾਣੇ ਆਂਗਣ ਟੇਡਾ ਵੀ ਕਿਹਾ ਜਾਂਦਾ ਹੈ।
    5. ਆਪ ਵਿਹਾਜੇ ਮਾਮਲੇ, ਆਪੇ ਸਿਰ ਵਿੱਚ ਪਾਏ ਜਦੋਂ ਕੋਈ ਜਾਣ-ਬੁਝ ਕੇ ਕੋਈ ਸਮੱਸਿਆ ਸੁਹੇੜ ਲਵੇ ਅਤੇ ਉਸ ਨੂੰ ਠੀਕ ਕਰਨ ਦੀ ਵੀ ਜਿੰਮੇਵਾਰੀ ਚੁੱਕ ਲਵੇ ਤਾਂ ਵਿਅੰਗ ਵਜੋਂ ਇਹ ਆਖਾਣ ਬੋਲਿਆ ਜਾਂਦਾ ਹੈ। 
    6. ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ ਆਪਣੇ ਹੱਥੀਂ ਖੁਦ ਆਪ ਆਪਣਾ ਭਲਾ ਕਰਨ ਦੀ ਨਸੀਹਤ ਦੇਣੀ ਹੋਵੇ ਤਾਂ ਇਹ ਆਖਾਣ ਬੋਲਿਆ ਜਾਂਦਾ ਹੈ। 
    7. ਆਪਣ ਹੱਥੀਂ ਬੀਜਿਆ, ਆਪੇ ਹੀ ਹੁਣ ਵੱਢ ਜਦੋਂ ਕੋਈ ਆਪਣੇ ਕੀਤੇ ਗਲਤ ਕੰਮਾਂ ਦਾ ਸਜਾ ਭੁਗਤ ਰਿਹਾ ਹੋਵੇ ਤਾਂ ਇਹ ਆਖਾਣ ਬੋਲਿਆ ਜਾਂਦਾ ਹੈ।

 

    1. ਆਪਣਾ ਆਪ ਦਿਸਾਵੇ ਨਾ, ਤੇ ਲੋਕ ਪਸੰਦ ਆਵੇ ਨਾ ਜਦੋਂ ਕਿਸੇ ਨੂੰ ਖੁਦ ਦੇ ਔਗੁਣ ਨਾ ਦਿਸਣ ਪਰ ਲੋਕਾਂ ਦੇ ਵਿਚ ਨੁਕਸ ਕੱਢੇ ਤਾਂ ਵਿਅੰਗ ਵਜੋਂ ਇਹ ਆਖਾਣ ਬੋਲਿਆ ਜਾਂਦਾ ਹੈ। 
    2. ਆਪਣਾ ਆਪ ਬਗੋਇਆ, ਤੇ ਆਪੇ ਖੱਜਲ ਹੋਇਆਜਦੋਂ ਕੋਈ ਕਿਸੇ ਅਵੱਲੀ ਗੱਲ ਨੂੰ ਦਿਲ ’ਤੇ ਲਾ ਕੇ ਆਪਣਾ ਬੁਰਾ ਹਾਲ ਕਰ ਲਵੇ ਤਾਂ ਇਹ ਆਖਾਣ ਬੋਲਿਆ ਜਾਂਦਾ ਹੈ।
    3. ਆਪਣਾ ਆਪਣਾ, ਪਰਾਇਆ ਪਰਾਇਆ।  ਆਪਣੇ ਅਤੇ ਪਰਾਏ ਦਾ ਫਰਕ ਦੱਸਣ ਮੌਕੇ ਇਹ ਆਖਾਣ ਬੋਲਿਆ ਜਾਂਦਾ ਹੈ।
    4. ਆਪਣਾ ਹਾਥ, ਜਗਨਨਾਥ ਆਪਣੇ ਹੱਥੀਂ ਖੁਦ ਆਪ ਆਪਣਾ ਭਲਾ ਕਰਨ ਦੀ ਨਸੀਹਤ ਦੇਣੀ ਹੋਵੇ ਤਾਂ ਇਹ ਆਖਾਣ ਬੋਲਿਆ ਜਾਂਦਾ ਹੈ। 
    5. ਆਪਣਾ ਕੰਮ ਕੀਤਾ, ਤੇ ਭੈਣ ਮਰਾਵੇ ਜੀਤਾਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਮਤਲਬੀ ਮਨੁੱਖ ਆਪਣਾ ਮਤਲਬ ਕੱਢ ਕੇ ਤੁਰਦਾ ਬਣੇ।
    6. ਆਪਣਾ ਖੂਨ ਹਮੇਸ਼ਾ ਮਾਰ ਕਰਦਾਜਦੋਂ ਇਹ ਦੱਸਣਾ ਹੋਵੇ ਕਿ ਖੂਨ ਦੇ ਰਿਸ਼ਤੇ ਦੁੱਖ-ਸੁਖ ਵੇਲੇ ਹਮੇਸ਼ਾ ਕੰਮ ਆਉਂਦੇ ਹਨ ਤਾਂ ਇਹ ਆਖਾਣ ਬੋਲਿਆ ਜਾਂਦਾ ਹੈ। 
    7. ਆਪਣਾ ਖੂਨ ਬੋਲਣੋਂ ਨਹੀਂ ਰਹਿੰਦਾ ਜਦੋਂ ਔਖੇ ਵੇਲੇ ਆਪਣੇ ਨਾਲ ਖੜ੍ਹ ਜਾਣ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। 
    8. ਆਪਣਾ ਗੌਂ ਤੇ ਗਧੇ ਨੂੰ ਪਿਓ  ਜਦੋਂ ਇਹ ਦੱਸਣਾ ਹੋਵੇ ਕਿ ਮਤਲਬੀ ਮਨੁੱਖ ਲੋੜ ਵੇਲੇ ਗਧੇ ਨੂੰ ਵੀ ਬਾਪ ਬਣਾ ਲੈਂਦਾ ਹੈ ਤਾਂ ਇਹ ਆਖਾਣ ਬੋਲਿਆ ਜਾਂਦਾ ਹੈ। 
    9. ਆਪਣਾ ਘਰ, ਜੋ ਚਾਹੇ ਸੋ ਕਰ ਆਪਣੇ ਵਿਚ ਰਹਿਣ-ਸਹਿਣ ਅਤੇ ਹਰ ਤਰ੍ਹਾਂ ਦੀ ਮੌਜ ਨੂੰ ਦਰਸਾਉਣਾ ਹੋਵੇ ਤਾਂ ਇਹ ਆਖਾਣ ਬੋਲਿਆ ਜਾਂਦਾ ਹੈ। 
    10. ਆਪਣਾ ਘਰ, ਭਾਵੇਂ ਹੱਗ ਹੱਗ ਭਰ। ਉਹੀ ਅਰਥ
    11. ਆਪਣਾ ਠੋਸਾ ਆਪ ਭਰੋਸਾਆਪਣੇ ਹੱਥੀਂ ਰੱਖੀ ਚੀਜ਼ ਲੋੜ ਪੈਣ ’ਤੇ ਮਿਲ ਹੀ ਜਾਂਦੀ ਹੈ। ਜਦੋਂ ਇਹ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    12. ਆਪਣਾ ਦਹੀਂ ਸਭ ਤੋਂ ਮਿੱਠਾਜਦੋਂ ਆਪਣੀ ਚੀਜ਼ ਦਾ ਮਾਣ ਜਤਾਉਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਇਹ ਅਖਾਣ ਵਿਅੰਗ ਵਜੋਂ ਵੀ ਬੋਲਿਆ ਜਾਂਦਾ ਹੈ।
    13. ਆਪਣਾ ਨਾ ਭਰੇ ਤੇ ਕੁੜਮਾਂ ਨੂੰ ਕੀ ਧਰੇ ਜਦੋਂ ਇਹ ਕਹਿਣਾ ਹੋਵੇ ਕਿ ਜਿਸ ਦੀਆਂ ਖੁਦ ਦੀਆਂ ਲੋੜਾਂ ਪੂਰੀਆਂ ਨਹੀਂ ਹੋ ਰਹੀਆਂ ਉਹ ਦੂਜਿਆਂ ਦੀ ਮਦਦ ਕਿਵੇਂ ਕਰ ਸਕਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    14. ਆਪਣਾ ਨੀਂਗਰ, ਪਰਾਇਆ ਢੀਂਗਰ ਜਦੋਂ ਕੋਈ ਆਪਣੀ ਚੀਜ਼ ਨੂੰ ਚੰਗਾ ਦੱਸੇ ਅਤੇ ਦੂਜੇ ਦੀ ਚੀਜ਼ ਨੂੰ ਘਟੀਆ ਦੱਸੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    15. ਆਪਣਾ ਮਕਾਨ, ਕੋਟ ਸਮਾਨ ਜਦੋ ਇਹ ਦੱਸਣਾ ਹੋਵੇ ਕਿ ਆਪਣਾ ਘਰ ਸਭ ਤੋਂ ਸੁਰੱਖਿਅਤ ਭਾਵ ਕਿਲੇ ਵਰਗਾ ਹੁੰਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    16. ਆਪਣਾ ਮਾਰੂ ਤਾਂ ਛਾਵੇਂ ਸੁੱਟੂਜਦੋਂ ਇਹ ਦੱਸਣਾ ਹੋਵੇ ਕਿ ਆਪਣਾ ਖੂਨ ਭਾਵੇ ਲੱਖ ਦੁਸ਼ਮਣ ਹੋਵੇ ਫਿਰ ਵੀ ਉਸ ਦੇ ਦਿਲ ਵਿਚ ਰਹਿਮ ਅਤੇ ਪਿਆਰ ਜਿਉਂਦਾ ਰਹਿੰਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    17. ਆਪਣਾ ਰੱਖੇ, ਪਰਾਇਆ ਚੱਖੇ ਜਦੋਂ ਇਹ ਦੱਸਣਾ ਹੋਵੇ ਕਿ ਲਾਲਚੀ ਅਤੇ ਕੰਜੂਸ ਬੰਦਾ ਆਪਣੇ ਪੱਲਿਓਂ ਕਦੇ ਧੇਲਾ ਨਹੀਂ ਖਰਚਦਾ ਪਰ ਦੂਜਿਆਂ ਦੇ ਮਾਲ ਤੇ ਹਮੇਸ਼ਾਂ ਐਸ਼ ਕਰਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    18. ਆਪਣਾ ਰੱਖੇ, ਪਰਾਇਆ ਤੱਕੇ, ਉਹਨੂੰ ਮਿਲਣ ਦਰਗਾਹ ਤੋਂ ਧੱਕੇਜਦੋਂ ਇਹ ਦੱਸਣਾ ਹੋਵੇ ਕਿ ਕੋਈ ਪਰਾਏ ਘਰ ਉੱਤੇ ਬੁਰੀ ਨਜ਼ਰ ਰੱਖੇ ਤਾਂ ਉਸ ਨੂੰ ਰੱਬ ਵੀ ਮਾਫ ਨਹੀਂ ਕਰਦਾ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    19. ਆਪਣਾ ਲੈਣਾ ਲੈ ਲਈਏ, ਅਗਲੇ ਦਾ ਰੱਖੀਏ ਦੱਬ ਜਦੋਂ ਇਹ ਵਿਅੰਗ ਕਰਨਾ ਹੋਵੇ ਕਿ ਕੋਈ ਆਪਣੇ ਹਿਸਾਬ-ਕਿਤਾਬ ਤਾਂ ਲੈਣ ਲਈ ਤਾਂ ਕਾਹਲਾ ਰਹਿੰਦਾ ਪੈਰ ਹਿਸਾਬ ਕਿਤਾਬ ਦੇਣ ਵੇਲੇ ਮਚਲਾ ਹੋ ਜਾਂਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    20. ਆਪਣਿਆਂ ਦੇ ਗਿੱਟੇ ਭੰਨਾ, ਪੈਰ ਪਰਾਏ ਚੁੰਮਾ ਜਦੋਂ ਕੋਈ ਘਰ ਦੇ ਜੀਆਂ ਨਾਲ ਤਾਂ ਹਮੇਸ਼ਾ ਲੜਦਾ ਰਹੇ ਪਰ ਬਾਹਰ ਲੋਕਾਂ ਭਲੇਮਾਣਸੀ ਭਰਿਆ ਵਰਤਾਓ ਕਰੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    21. ਆਪਣੀ ਅਕਲ, ਪਰਾਇਆ ਧੰਨ, ਹਮੇਸ਼ਾ ਵੱਧ ਜਾਪੇ ਜਦੋਂ ਇਹ ਦੱਸਣਾ ਹੋਵੇ ਕਿ ਆਪਣੀ ਅਕਲ ਅਤੇ ਦੂਜੇ ਦਾ ਪੈਸਾ ਹਮੇਸ਼ਾ ਵੱਧ ਜਾਪਦੇ ਹਨ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    22.  ਆਪਣੀ ਅੱਖ, ਪਰਾਇਆ ਡੇਲਾ ਜਦੋਂ ਕੋਈ ਆਪਣੀ ਚੀਜ਼ ਨੂੰ ਵਧੀਆ ਅਤੇ ਦੂਜੇ ਦੀ ਚੀਜ਼ ਨੂੰ ਘਟੀਆ ਦੱਸੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    23. ਆਪਣੀ ਹੱਟੀ ਦਾ, ਹਰ ਕੋਈ ਹੋਕਾ ਦਿੰਦਾ ਜਦੋਂ ਇਹ ਕਹਿਣਾ ਹੋਵੇ ਕਿ ਹਰ ਕੋਈ ਆਪਣੀ ਚੀਜ਼ ਨੂੰ ਹੀ ਵਧੀਆ ਦੱਸਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। 
    24. ਆਪਣੀ ਕਰਨੀ ਆਪੇ ਭਰਨੀਜਦੋਂ ਕਰਮ ਸਿਧਾਂਤ ਦੇ ਅਟੱਲ ਹੋਣ ਬਾਰੇ ਕਹਿਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    25. ਆਪਣੀ ਛਾਹ (ਲੱਸੀ) ਨੂੰ ਕੋਈ ਖੱਟੀ ਨਹੀਂ ਕਹਿੰਦਾ। ਜਦੋਂ ਇਹ ਕਹਿਣਾ ਹੋਵੇ ਕਿ ਆਪਣੀ ਚੀਜ਼ ਨੂੰ ਕੋਈ ਬੁਰਾ ਨਹੀਂ ਕਹਿੰਦਾ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। 
    26. ਆਪਣੀ ਜਨਾਨੀ ਬੁੱਕਲ ਦਾ ਲੱਡੂ ਜਦੋਂ ਇਹ ਦੱਸਣਾ ਕਿ ਖੁੱਲ੍ਹੀ ਸਰੀਰਕ  ਸੁੱਖ ਮਾਨਣ ਦੀ ਮੌਜ ਆਪਣੀ ਜਨਾਨੀ ਨਾਲ ਹੀ ਮਿਲ ਸਕਦੀ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    27. ਆਪਣੀ ਨੀਂਦ ਸਾਉਣਾ ਆਪਣੀ ਨੀਂਦ ਜਾਗਣਾ ਜਦੋਂ ਆਪਣੇ ਕੰਮ ਵਿਚ ਕਿਸੇ ਦੀ ਅਧੀਨਗੀ ਨਾ ਹੋਣ ਬਾਰੇ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    28. ਆਪਣੀ ਪਈ, ਪਰਾਈ ਵਿਸਰੀ। ਜਦੋਂ ਇਸ ਦੱਸਣਾ ਹੋਵੇ ਕਿ ਆਪਣੇ ਤੇ ਪਈ ਮੁਸੀਬਤ ਵੇਲੇ ਹੋਰ ਲੋਕਾਂ ਦੀਆਂ ਸਾਰੀਆਂ ਗੱਲਾਂ ਵੱਲੋਂ ਧਿਆਨ ਹਟ ਜਾਂਦਾ ਹੈ।
    29. ਆਪਣੀ ਬੇੜੀ ਆਪਣਾ ਵੰਞ ਜਦੋਂ ਇਹ ਦੱਸਣਾ ਹੋਵੇ ਹਰ ਪਾਸੇ ਆਪਣਾ ਹੀ ਨਫਾ-ਨੁਕਸਾਨ, ਮਨਮਰਜੀ ਅਤੇ ਖੁਦਮੁਖਤਿਆਰੀ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    30. ਆਪਣੀ ਭਾਵੇਂ ਮੱਝ ਮਰ ਜਾਏ, ਸ਼ਰੀਕਾਂ ਦੀ ਕੰਧ ਜਰੂਰ ਸੁੱਟਣੀ ਜਦੋਂ ਕੋਈ ਕਿਸੇ ਦਾ ਨੁਕਸਾਨ ਕਰਨ ਬਦਲੇ ਆਪਣਾ ਨੁਕਸਾਨ ਹੋਣ ਦੀ ਵੀ ਪਰਵਾਹ ਨਾ ਕਰੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    31. ਆਪਣੀ ਮਾਂ ਮਾਰੂ ਵੀ, ਤੇ ਸ਼ਿੰਗਾਰੂ ਵੀਜਦੋਂ ਆਪਣੇ ਵੱਡਿਆਂ ਦੀਆਂ ਝਿੜਕਾਂ ਦੇ ਫਾਇਦੇ ਦੱਸਣੇ ਹੋਣ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    32. ਆਪਣੀਆਂ ਜੁੱਤੀਆਂ, ਆਪਣਾ ਸਿਰ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਮਨੁੱਖ ਆਪਣੇ ਸਾਧਨਾ ਰਾਹੀਂ ਆਪਣਾ ਆਪ ਹੀ ਨੁਕਸਾਨ ਕਰ ਬੈਠੇ।
    33. ਆਪਣੀਆਂ ਨਾ ਦੱਸੀਏ, ਪਰਾਈਆਂ ਕਰ ਹੱਸੀਏ ਜਦੋਂ ਇਹ ਦੱਸਣਾ ਹੋਵੇ ਕਿ ਬੰਦਾ ਆਪਣੇ ਔਗੁਣ ਅਤੇ ਗਲਤੀਆਂ ਤਾਂ ਛੁਪਾਅ ਲੈਂਦਾ ਪਰ ਦੂਜਿਆਂ ਦੇ ਔਗੁਣਾ ਉੱਤੇ ਖੂਬ ਹੱਸਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    34. ਆਪਣੀਆਂ ਮੈਂ ਕੁੱਜੇ ਪਾਵਾਂ, ਬੈਠ ਪਰਾਈਆਂ ਫੋਲਾ ਜਦੋਂ ਇਹ ਦੱਸਣਾ ਹੋਵੇ ਕਿ ਸਾਹਮਣੇ ਵਾਲਾ ਆਪਣੇ ਔਗੁਣਾ ਨੂੰ ਛੁਪਾਅ ਲੈਂਦਾ ਹੈ ਪਰ ਦੂਜੇ ਦੇ ਔਗੁਣਾ ਅਤੇ ਗਲਤੀਆਂ ਚੌਰਾਹੇ ਵਿਚ ਦੱਸਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    35. ਆਪਣੇ ਔਗੁਣ ਵੀ ਗੁਣ ਜਦੋਂ ਕਿਸੇ ਨੂੰ ਆਪਣੇ ਔਗੁਣ ਵੀ ਗੁਣ ਜਾਪਣ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    36. ਆਪਣੇ ਕੱਖੀਂ, ਆਪੇ ਅੱਗ ਜਦੋਂ ਕੋਈ ਆਪਣੇ ਬੁਣੇ ਹੋਏ ਜਾਲ ਵਿਚ ਫਸ ਕੇ ਆਪ ਤਬਾਹ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    37. ਆਪਣੇ ਕੋਲ਼ੇ ਤੇ ਅਗਲੇ ਦੀ ਸਵਾਹ ਜਦੋਂ ਕੋਈ ਆਪਣੇ ਘਟੀਆ ਚੀਜ਼ ਨੂੰ ਚੰਗਾ ਅਤੇ ਦੂਜੇ ਦੀ ਵਧੀਆ ਨੂੰ ਮਾੜਾ ਦੱਸੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    38. ਆਪਣੇ ਖਰੀਂਢ ਤਾਂ ਬਾਂਦਰ ਵੀ ਨਹੀਂ ਖੁਰਕਦਾਜਦੋਂ ਕਿਸੇ ਨੂੰ ਇਹ ਸਮਝਾਉਣਾ ਹੋਵੇ ਕਿ ਆਪਣੇ ਪਰਦੇ ਜਾਂ ਕਮਜੋਰੀਆਂ ਨੂੰ ਨੰਗਾ ਨਹੀਂ ਕਰੀਦਾ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    39. ਆਪਣੇ ਘਰ ਹਰ ਕੋਈ ਬਾਦਸ਼ਾਹ ਜਦੋਂ ਇਹ ਕਹਿਣਾ ਹੋਵੇ ਕਿ ਆਪਣੇ ਘਰ ਦਾ ਹਰ ਕੋਈ ਮਾਲਕ ਭਾਵ ਰਾਜਾ ਹੁੰਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    40. ਆਪਣੇ ਘਰ ਕੋਈ ਛੱਜ ਵਾਜਾਵੇ ਕੋਈ ਛਾਨਣੀ ਜਦੋਂ ਇਹ ਦੱਸਣਾ ਹੋਵੇ ਕਿ ਕੋਈ ਆਪਣੇ ਘਰ ਵਿਚ ਕਿਸੇ ਵੀ ਹਾਲਾਤ ਵਿਚ ਰਹੇ ਕਿਸੇ ਨੂੰ ਉਸ ਨਾਲ ਕੋਈ ਮਤਲਬ ਨਹੀ ਹੋਣਾ ਚਾਹੀਦਾ।
    41. ਆਪਣੇ ਘਰ ਨੂੰ ਸਾਰੇ ਸਿਆਣੇ ਜਦੋਂ ਕਿਸੇ ਨੂੰ ਇਹ ਜਤਾਉਣਾ ਹੋਵੇ ਕਿ ਹਰ ਆਪਣੇ ਨਿੱਜੀ ਫਾਇਦੇ ਬਾਰੇ ਹੀ ਸੋਚਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    42. ਆਪਣੇ ਘਰ ਲੱਗੀ ਅੱਗ, ਦੂਜੇ ਦੇ ਘਰ ਬਸੰਤਰ ਇਹ ਅਖਾਣ ਗੁੱਸੇ ਜਾਂ ਵਿਅੰਗ ਵਜੋਂ ਬੋਲਿਆ ਕਿ ਆਪਣੇ ’ਤੇ ਪਈ ਮੁਸੀਬਤ ਹਰ ਕਿਸੇ ਨੂੰ ਮੁਸੀਬਤ ਜਾਪਦੀ ਪਰ ਦੂਜੇ ਦੀ ਮੁਸੀਬਤ ਕੋਈ ਮਸਾਲਾ ਫਿਲਮ ਜਾਪਦੀ ਹੈ।
    43. ਆਪਣੇ ਡਫ਼ਲੀ, ਆਪਣਾ ਰਾਗਜਦੋਂ ਕੋਈ ਆਪਣੀ ਮਸਤੀ ਅਤੇ ਮਨਮਰਜੀ ਦੇ ਅਸੂਲਾਂ ਚੱਲੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  1. ਆਪਣੇ ਦੇਸ਼ ਦਾ ਕੰਡਾ, ਤੇ ਪਰਾਏ ਦੇਸ਼ ਦਾ ਫੁੱਲ ਇਕ ਬਰਾਬਰ ਜਦੋਂ ਆਪਣੇ ਦੇਸ਼ ਪ੍ਰਤੀ ਮੋਹ-ਪਿਆਰ ਅਤੇ ਬਿਗਾਨੇ ਦੇਸ਼ ਬਿਗਾਨਗੀ ਦਾ ਅਹਿਸਾਸ ਪ੍ਰਗਟ ਕਰਨਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  2. ਆਪਣੇ ਦੇਸ਼ ਦਾ ਪਾਣੀਂ ਤੇ ਪਰਾਏ ਦੇਸ਼ ਦਾ ਦੁੱਧ ਇਕ ਬਰਾਬਰ ਉਹੀ ਅਰਥ
  3. ਆਪਣੇ ਨੈਣ ਮੈਨੂੰ ਦੇ, ਤੂੰ ਮਟਕਾਉਂਦੀ ਫਿਰਜਦੋਂ ਕੋਈ ਅਸਲ ਮਾਲਕ ਕੋਲੋਂ ਉਸ ਦੀ ਖਾਸ ਚੀਜ਼ ਉਧਾਰੀ ਜਾਂ ਮੰਗਵੀਂ ਲੈਣ ਦੀ ਗੱਲ ਕਹੇ, ਜਿਸ ਚੀਜ ਕਾਰਨ ਉਸ ਕੰਮਕਾਰ ਰੁਕ ਜਾਵੇ ਅਤੇ ਉਹ ਦਰ-ਦਰ ਧੱਕੇ ਖਾਣ ਲਈ ਮਜਬੂਰ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  4. ਆਪਣੇ ਪਕਾਈ, ਤੇ ਸਾਡੇ ਨਾ ਆਈਂ ਜਦੋਂ ਕਿਸੇ ਨਾਲ ਰਿਸ਼ਤਾ-ਨਾਤਾ ਨਾ ਰੱਖਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  5. ਆਪਣੇ ਮਨ ਤੋਂ ਜਾਣੀਏ, ਦੂਜੇ ਮਨ ਕੀ ਬਾਤਇਹ ਅਖਾਣ ਇਹ ਦਰਸਾਉਣ ਲਈ ਬੋਲਿਆ ਜਾਂਦਾ ਹੈ ਕਿ ਜੈਸੀ ਸਾਡੀ ਖੁਦ ਦੀ ਮਨੋਦਸ਼ਾ ਹੈ ਸਾਨੂੰ ਉਹੋ ਜਹੇ ਹੀ ਦੂਸਰੇ ਲੋਕ ਜਾਪਦੇ ਹਨ।
  6. ਆਪਣੇ ਮਨ ਭਾਵੇ ਤਾਂ ਡੇਹਲਾ ਵੀ ਸੁਪਾਰੀਇਹ ਅਖਾਣ ਇਹ ਦਰਸਾਉਣ ਲਈ ਬੋਲਿਆ ਜਾਂਦਾ ਹੈ ਕਿ ਮਨ ਦੀ ਆਪਣਾ ਹੀ ਵਿਧਾਨ ਹੈ। ਉਹ ਜਿਸ ਚੀਜ਼ ਉੱਤੇ ਡੁੱਲ ਜਾਂਦਾ ਹੈ ਫਿਰ ਉਹ ਉਸ ਚੀਜ਼ ਦੇ ਗੁਣ-ਔਗੁਣ ਨਹੀਂ ਦੇਖਦਾ।
  7. ਆਪੇ ਆਪਣਾ ਸਿਰ ਨਹੀਂ ਗੁੰਦਿਆ ਜਾਂਦਾਆਪਣਾ ਕੰਮ ਆਪ ਕਰਦਿਆਂ ਹਮੇਸ਼ਾ ਅਵੇਸਲਾਪਣ ਜਾਗ ਪੈਂਦਾ ਹੈ ਇਸ ਲਈ ਜਦੋਂ ਵੀ ਇਹ ਦੱਸਣਾ ਹੋਵੇ ਕਿ ਆਪਣਾ ਕੰਮ ਕਰਨਾ ਆਪ ਕਰਨਾ ਸੰਭਵ ਨਹੀਂ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  8. ਆਪੇ ਫਾਥੜੀਏ, ਤੈਨੂੰ ਕੌਣ ਛੁਡਾਵੇਜਦੋਂ ਕੋਈ ਕਿਸੇ ਪੰਗੇ ਵਿੱਚ ਆਪ ਖੁਦ ਹੀ ਫਸ ਜਾਵੇ ਅਤੇ ਉਸਦੇ ਨਿਕਲਣ ਨੂੰ ਕੋਈ ਰਾਹ ਨਾ ਰਹੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  9. ਆਪੇ ਬੀਬੀ ਬੁੱਢ ਸੁਹਾਗਣ, ਆਪੇ ਮੱਥਾ ਟੇਕਦੀਜਦੋਂ ਕੋਈ ਆਪਣੀਆਂ ਸਿਫਤਾਂ ਆਪ ਹੀ ਕਰ ਕਰਕੇ ਲੋਕਾਂ ਨੂੰ ਦੱਸੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  10. ਆਪੇ ਮਾਰੇ, ਆਪ ਜੀਵਾਏਇਹ ਅਖਾਣ ਪਰਮਾਤਮਾ ਦੀ ਰਜਾ ਅਤੇ ਵਰਤ ਰਹੇ ਬੇਪਰਵਾਹ ਭਾਣੇ ਨੂੰ ਦਰਸਾਉਣ ਲਈ ਬੋਲਿਆ ਜਾਂਦਾ ਹੈ।
  11. ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀਣਇਹ ਅਖਾਣ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਆਪਣੇ ਕੀਤੇ ਕੰਮਾਂ ਦੀਆਂ ਜਾਂ ਕਾਰੋਬਾਰ ਦੀਆਂ ਖੁਦ ਹੀ ਸਿਫਤਾਂ ਕਰਦਾ ਫਿਰੇ।
  12. ਆਪੇ ਰੰਨਾ ਮਹੁਰਾ ਦੇਵਣ, ਆਪੇ ਕਰਨ ਸਿਆਪੇ ਇਹ ਅਖਾਣ ਔਰਤ ਦੇ ਚਲਿੱਤਰ ਮੁਖੀ ਅਤੇ ਚਲਾਕ ਸੁਭਾਅ ਨੂੰ ਦਰਸਾਉਣ ਲਈ ਬੋਲਿਆ ਜਾਂਦਾ ਹੈ।
  13. ਆਪੋ ਆਪਣੀ ਬੰਸਰੀ ਤੇ ਆਪੋ ਆਪਣੇ ਰਾਗਜਦੋਂ ਪਰਿਵਾਰ ਜਾਂ ਕਿਸੇ ਗਰੁੱਪ ਦੇ ਸਾਰੇ ਮੈਂਬਰਾਂ ਦੇ ਰਸਤੇ ਅਤੇ ਅਸੂਲ ਵੱਖੋ ਵੱਖਰੇ ਹੋਣ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  14. ਆਬ ਆਬ ਕਰ ਮੋਇਆ ਬੱਚਾ, ਫ਼ਾਰਸੀਆਂ ਘਰ ਗਾਲੇਇਹ ਅਖਾਣ ਆਪਣੀ ਮਾਂ ਬੋਲੀ ਨਾਲੋਂ ਟੁੱਟਣ ਅਤੇ ਟੁੱਟ ਕੇ ਦੁੱਖ ਭੋਗਣ ਦੇ ਸੰਤਾਪ ਨੂੰ ਦਰਸਾਉਣ ਲਈ ਬੋਲਿਆ ਜਾਂਦਾ ਹੈ।
  15. ਆਵਦੀ ਗਲ਼ੀ ਵਿੱਚ ਕੁੱਤਾ ਵੀ ਸ਼ੇਰਜਦੋਂ ਕੋਈ ਵਿਅਕਤੀ ਆਪਣੇ ਆਪਣੇ ਲੋਕਾਂ ਜਾਂ ਮਾਰਖੋਰੇ ਧੜੇ ਵਿੱਚ ਸੁਰੱਖਿਤ ਬੈਠਾ ਬੜਕਾਂ ਮਾਰੇ ਤਾਂ ਇਹ ਅਖਾਣ ਉਸ ਨੂੰ ਲਲਕਾਰਨ ਲਈ ਬੋਲਿਆ ਜਾਂਦਾ ਹੈ।
  16. ਆਵਦੀ ਡੱਡ ਹੀ ਗੜੈਂ ਕਰਦੀ ਜਦੋਂ ਇਹ ਕਹਿਣਾ ਹੋਵੇ ਕਿ ਆਪਣੇ ਖੂਨ ਦੇ ਰਿਸ਼ਤੇ ਜਾਂ ਪਰਿਵਾਰਕ ਮੈਂਬਰ ਹੀ ਮੇਲ ਮਿਲਾਪ ਜਾਂ ਗਿਲੇ ਸ਼ਿਕਵੇ ਕਰਦੇ ਹਨ  ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  17. ਆਵਦੀ ਮੱਝ ਦਾ ਦੁੱਧ ਭਾਵੇਂ ਬਾਰ੍ਹੀਂ ਕੋਹੀਂ ਜਾ ਕੇ ਪੀ ਲੈਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਮਨੁੱਖ ਦਾ ਚੰਗਾ ਕਿਰਦਾਰ ਅਤੇ ਉਸ ਦੇ ਕੀਤੇ ਹੋਏ ਚੰਗੇ ਕੰਮ ਬਹੁਤ ਦੂਰ ਦੂਰ ਤੱਕ ਉਸਦੀ ਸ਼ੋਭਾ ਬਣਾਉਂਦੇ ਹਨ ਅਤੇ ਉਸ ਲਈ ਸਹਾਈ ਹੁੰਦੇ ਹਨ। 
  18. ਆਵਦੀ ਲੋਈ ਕੋਈ ਨਹੀਂ ਛੱਡਦਾ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਹਰ ਕੋਈ ਆਪਣੇ ਫਾਇਦੇ ਲਈ ਹੀ ਕੰਮ ਕਰਦਾ ਹੈ।
  19. ਆਵੇ ਨਿੱਛ ਅਤੇ ਡਕਾਰ, ਫਿਰ ਵੈਦਾਂ ਦੇ ਪੌਲਾ ਮਾਰਸਾਡੇ ਸਮਾਜ ਵਿਚ ਇਹ ਮੰਨਿਆ ਜਾਂਦਾ ਹੈ ਕਿ ਛਿੱਕ ਅਤੇ ਡਕਾਰ ਤੰਦਰੁਸਤੀ ਦੀ ਨਿਸ਼ਾਨੀ ਹਨ ਜੇਕਰ ਇਹ ਦੋਵੇਂ ਠੀਕ ਤਰ੍ਹਾਂ ਆ ਰਹੇ ਹਨ ਤਾਂ ਫਿਰ ਵੈਦਾ ਕੋਲ ਜਾਣ ਦੀ ਕੋਈ ਲੋੜ ਨਹੀਂ। ਇਸ ਨੂੰ ਦਰਸਾਉਣ ਲਈ ਇਹ ਅਖਾਣ ਵੀ ਬੋਲਿਆ ਜਾਂਦਾ ਹੈ।
  20. ਆਵੇ ਲੋਲੀ, ਜਾਵੇ ਲੋਲੀ, ਲੋਲੀ ਦੇ ਗਲ਼ ਉਹੀ ਚੋਲੀ ਜਦੋਂ ਕੋਈ ਹਰ ਵੇਲੇ ਫਟੇਹਾਲ ਰਹੇ ਅਤੇ ਇਕੋ ਤਰ੍ਹਾਂ ਦੇ ਕੱਪੜੇ ਪਾਈ ਰੱਖੇ ਤਾਂ ਮਜਾਕ ਦੇ ਤੌਰ ਤੇ ਇਹ ਅਖਾਣ ਬੋਲਿਆ ਜਾਂਦਾ ਹੈ।
  21. ਐਸੇ ਨੂੰ ਤੈਸਾ ਮਿਲੇ, ਜਿਉਂ ਬਾਮਣ ਨੂੰ ਨਾਈ ਜਦੋਂ ਇਕ ਸ਼ਾਤਰ ਬੰਦੇ ਨੂੰ ਉਸ ਤੋਂ ਵੱਧ ਕੇ ਟੱਕਰਦਾ ਹੈ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  22. ਐਸੋ ਰਾਜ ਨਾ ਕਿਤੇ ਕਾਜ, ਜਿਤ ਨਹ ਤ੍ਰਿਪਤਾਏ ਇਹ ਅਖਾਣ ਕਿਸੇ ਰਾਜੇ ਜਾਂ ਆਗੂ ਦੇ ਘਟੀਆ ਰਾਜ ਕਾਰਗੁਜਾਰੀ ਜਿਸ ਵਿਚ ਉਸ ਪਰਜਾ ਸੁਖੀ ਨਾ ਹੋਵੇ, ਉਸ ਨੂੰ ਦਰਸਾਉਣ ਲਈ ਬੋਲਿਆ ਜਾਂਦਾ ਹੈ।
  23. ਐਨੇ ਮਿੱਠੇ ਵੀ ਨਾ ਹੋਵੋ ਕਿ ਅਗਲਾ ਖਾ ਹੀ ਜਾਵੇ, ਐਨੇ ਕੌੜੇ ਵੀ ਹੋਵੋ ਕਿ ਅਗਲਾ ਥੁੱਕ ਹੀ ਦੇਵੇਇਹ ਅਖਾਣ ਇਹ ਸਮਝਾਉਣ ਲਈ ਬੋਲਿਆ ਜਾਂ ਹੈ ਕਿ ਅਸੀਂ ਸਮਾਜ ਵਿਚ ਕਿਵੇਂ ਵਿਚਰੀਏ। ਸਮਾਜ ਵਿਚ ਵਿਚਰਨ ਲਈ ਜਿਆਦਾ ਮਿੱਠਾ ਹੋਣਾ ਵੀ ਠੀਕ ਨਹੀਂ ਅਤੇ ਜਿਆਦਾ ਕੌੜਾ ਹੋਣਾ ਵੀ ਠੀਕ ਨਹੀਂ।
  24. ਐਵੇਂ ਮਣ, ਧਿਗਾਣੇ ਧੜ੍ਹੀਜਦੋਂ ਕੋਈ ਕਿਸੇ ਦੀ ਜਿਆਦਾ ਚੀਜ਼ ਨੂੰ ਤਾਂ ਕੁਝ ਨਾ ਸਮਝੇ ਅਤੇ ਆਪਣੀ ਥੋੜ੍ਹੀ ਜਹੀ ਚੀਜ਼ ਨੂੰ ਵਧਾ ਕੇ ਦੱਸੇ ਤਾਂ ਵਿਅੰਗ ਵਜੋ ਇਹ ਅਖਾਣ ਬੋਲਿਆ ਜਾਂਦਾ ਹੈ।
  25. ਔਂਤਰਾਨਖੱਤਾ, ਨਾ ਮੂਲੀ ਨਾ ਪੱਤਾ ਜਦੋਂ ਸਾਡੇ ਸਮਾਜ ਵਿਚ ਬੇਔਲਾਦੇ ਵਿਅਕਤੀ ਜਾਂ ਜਿਸਦਾ ਕੋਈ ਅੱਗ ਪਿੱਛਾ ਨਹੀਂ ਨੂੰ ਗਾਲ ਦੇਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  26. ਔਂਤਰਿਆਂ ਦੀ ਵਹਿੜ, ਕਦੇ ਪਿੰਡ ਕਦੇ ਸ਼ਹਿਰਜਦੋਂ ਕੋਈ ਬੰਦੇ ਇਕ ਟਿਕਾਣਾ ਨਾ ਹੋਵੇ ਤਾਂ ਤਾਂ ਵਿਅੰਗ ਵਜੋ ਇਹ ਅਖਾਣ ਬੋਲਿਆ ਜਾਂਦਾ ਹੈ।
  27. ਔਂਤਰੇ ਖੱਟਣ ਤੇ ਖੁਸਰੇ ਖਾਣਇਸ ਅਖਾਣ ਅਨੁਸਾਰ ਬੇਔਲਾਦੇ ਵਿਅਕਤੀ ਦੀ ਕਮਾਈ ਗੈਰਾਂ ਕੋਈ ਅਜਾਈਂ ਜਾਂਦੀ ਹੈ।

PUNJABI AKHAAN :  ‘ੲ’ ਅੱਖਰ ਵਾਲੇ ਅਖਾਣ

ਇਸ ਚੈਪਟਰ ਵਿਚ ਤੁਸੀਂ  ੲ’ ਅੱਖਰ ਵਾਲੇ ਅਖਾਣਾਂ ਦੇ ਅਰਥ ਅਤੇ ਉਨ੍ਹਾਂ ਦੀ ਵਰਤੋਂ ਬਾਰੇ ਪੜ੍ਹੋਗੇ।

    1. ਇਸ ਕੰਨ ਪਾਈ, ਤੇ ਉਸ ਕੰਨੋ ਕੱਢੀ ਇਹ ਅਖਾਣ ਉਸ ਮੌਕੇ ਵਰਤਿਆ ਜਾਂਦਾ ਹੈ ਜਦੋਂ ਕੋਈ ਵਿਅਕਤੀ ਗੱਲ ਸੁਣ ਤਾਂ ਲਵੇ ਪਰ ਉਸ ਉੱਤੇ ਅਮਲ ਨਾ ਕਰੇ।
    2. ਇਸ਼ਕ ਤੰਦੂਰ, ਹੰਡਾਂ ਦਾ ਬਾਲਣਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਇਸ਼ਕ ਵਿੱਚ ਡੁੱਬੇ ਹੋਏ ਆਸ਼ਿਕ ਦੀ ਦੁਰਦਸ਼ਾ ਨੂੰ ਦਰਸਾਉਣਾ ਹੋਵੇ।
    3. ਇਸ਼ਕ ਪਰਹੇਜ਼ ਨਾ ਰਹਿੰਦੇ ਇਕੱਠੇ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਇਸ਼ਕ ਵਿੱਚ ਬੰਦਾ ਬੇਵਸ ਹੋ ਜਾਂਦਾ ਹੈ ਅਤੇ ਉਸਦਾ ਆਪਣੇ ਆਪ ਤੇ ਕੰਟਰੋਲ ਨਹੀਂ ਰਹਿੰਦਾ।
    4. ਇਹ ਅਸਾਡਾ ਜੀਆ, ਨਾ ਧੁੱਪ ਸਹੇ, ਨਾ ਸੀਆਇਹ ਅਖਾਣ ਧੁਪ ਤੋਂ ਬਚਣ ਵਾਲੇ ਵਿਅਕਤੀ ਉੱਤੇ ਵਿਅੰਗ ਕੱਸਣ ਲਈ ਬੋਲਿਆ ਜਾਂਦਾ ਹੈ।
    5. ਇਹ ਜੱਗ ਮਿੱਠਾ, ਅਗਲਾ ਕੀਹਨੇ ਡਿੱਠਾ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਇਹ ਦੱਸਣਾ ਹੋਵੇ ਕਿ ਇਸ ਧਰਤੀ ਦਾ ਅੰਤਿਮ ਸੱਚ ਜੀਵਨ ਹੀ ਹੈ। ਜੀਵਨ ਤੋਂ ਬਾਅਦ ਆਈ ਮੌਤ ਅਤੇ ਉਸ ਤੋਂ ਬਾਅਦ ਸਵਰਗ ਨਰਕ ਦੇ ਸਾਰੇ ਸੰਕਲਪ ਕਾਲਪਨਿਕ ਹੀ ਹਨ।
    6. ਇਹ ਜਾਣੇ, ਉਹ ਜਾਣੇ, ਤੂੰ ਬੀਬੀ ਭੁੰਨ ਦਾਣੇ ਇਹ ਅਖਾਣ ਨਸੀਹਤ ਦੇਣ ਵਜੋਂ ਬੋਲਿਆ ਜਾਂਦਾ ਹੈ ਕਿ ਸਾਨੂੰ ਆਪਣੇ ਕੰਮ ਨਾਲ ਹੀ ਮਤਲਬ ਰੱਖਣਾ ਚਾਹੀਦਾ ਹੈ। ਦੂਸਰੇ ਦੇ ਕੰਮ ਅਤੇ ਗੱਲਾਂ ਬਾਤਾਂ ਵਿੱਚ ਦਖਲ ਅੰਦਾਜੀ ਨਹੀਂ ਕਰਨੀ ਚਾਹੀਦੀ।
    7. ਇਹ ਤਾਂ ਘਮਿਆਰ ਦੇ ਚੱਕਤੇ ਮਿੱਟੀ ਹੈ, ਉਹ ਭਾਵੇਂ ਘੜਾ ਬਣਾਵੇ, ਭਾਵੇਂ ਦੀਵਾ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਇਹ ਦੱਸਣਾ ਹੋਵੇ ਕਿ ਇੱਕ ਉਸਤਾਦ ਆਪਣੇ ਸ਼ਗਿਰਦ ਨੂੰ ਕਿਸੇ ਤਰ੍ਹਾਂ ਵੀ ਘੜ ਸਕਦਾ ਹੈ ਅਤੇ ਇੱਕ ਮਾਸੂਮ ਬੱਚਾ ਵੀ ਘੁਮਿਆਰ ਦੇ ਚੱਕ ਉੱਤੇ ਮਿੱਟੀ ਵਾਂਗ ਹੁੰਦਾ ਹੈ ਉਸ ਨੂੰ ਕਿਸੇ ਤਰ੍ਹਾਂ ਵੀ ਘੜਿਆ ਜਾ ਸਕਦਾ ਹੈ।
    8. ਵਿਆਹ ਤਾਂ ਬੂਰ ਦੇ ਲੱਡੂ , ਜਿਹੜਾ ਖਾਵੇ ਉਹ ਵੀ ਪਛਤਾਵੇ ਜਿਹੜਾ ਨਾ ਖਾਵੇ ਉਹ ਵੀ ਪਛਤਾਵੇ ਇਹ ਅਖਾਣ ਵਿਆਹ ਕਰਵਾਉਣ ਦੇ ਫਾਇਦੇ ਅਤੇ ਨੁਕਸਾਨ ਦਰਸਾਉਣ ਸਬੰਧੀ ਹਾਸੇ-ਠੱਠੇ ਦੇ ਤੌਰ ਤੇ ਵਰਤਿਆ ਜਾਂਦਾ ਹੈ।
    9. ਇੱਕ ਅੰਨ੍ਹਾ ਉੱਪਰੋਂ ਕੰਧਾਂ ਤੇ ਭੱਜੇਜਦੋਂ ਕੋਈ ਅਣਜਾਣ ਵਿਅਕਤੀ ਉਹ ਕੰਮ ਕਰੇ ਜਿਸ ਨਾਲ ਉਸ ਦੇ ਜਾਨ ਮਾਲ ਨੂੰ ਖਤਰਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    10. ਇੱਕ ਆਇਆ ਫਤਿਆਬਾਦੋਂ, ਦੂਜੇ ਨੇ ਗਵਾਈ ਅਗਲੇ ਸਵਾਦੋਂ। ਇਹ ਅਖਾਣ ਵੀ ਹਾਸੇ-ਠੱਠੇ ਅਤੇ ਵਿਅੰਗ ਵਜੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਇਕ ਵਿਅਕਤੀ ਦੂਜੇ ਤੋਂ ਵੀ ਵੱਧ ਨਿਕੰਮੀਆਂ ਜਾਂ ਘਟੀਆ ਗੱਲਾਂ ਕਰੇ।
    11. ਇੱਕ ਆਂਡਾ ਉਹ ਵੀ ਗੰਦਾਇਹ ਅਖਾਣ ਨਿਕੰਮੀ ਔਲਾਦ ਲਈ ਵਰਤਿਆ ਜਾਂਦਾ ਹੈ ਜੋ ਮਾਂ-ਪਿਓ ਦੀ ਇਕਲੌਤੀ ਔਲਾਦ ਹੀ ਹੋਵੇ।
    12. ਇੱਕ ਇਕੱਲਾ, ਦੂਜਾ ਭਲਾ, ਤੀਜਾ ਰਲਿਆ ਕੰਮ ਗਲਿਆਇਸ ਅਖਾਣ ਦੇ ਅਰਥ ਅਨੁਸਾਰ ਸਾਡੇ ਸਮਾਜ ਵਿੱਚ ਇਹ । ਜਾਂਦਾ ਹੈ ਕਿ ਜਦੋਂ ਕਿਸੇ ਕੰਮ ਵਿੱਚ ਤੀਸਰੇ ਬੰਦੇ ਦੀ ਦਖਲ ਅੰਦਾਜੀ ਸ਼ੁਰੂ ਹੋ ਜਾਂਦੀ ਹੈ ਤਾਂ ਕੰਮ ਖਰਾਬ ਹੁੰਦਾ ਹੈ। ਜੇਕਰ ਉਸ ਕੰਮ ਨੂੰ ਇੱਕੋ ਇੱਕ ਵਿਅਕਤੀ ਕਰੇ ਤਾਂ ਬਹੁਤ ਵਧੀਆ ਹੁੰਦਾ ਹੈ। ਦੋ ਕਰਨ ਤਾਂ ਵੀ ਠੀਕ ਹੁੰਦਾ ਹੈ ਪਰ ਤੀਜੇ ਦੇ ਵਿੱਚ ਆ ਰਲਣ ਨਾਲ ਕੰਮ ਬਿਲਕੁਲ ਖਰਾਬ ਹੋ ਜਾਂਦਾ ਹੈ।
    13. ਇੱਕ ਸ਼ਾਹ ਦਾ ਦੇਣਾ ਚੰਗਾ, ਧਿਰਧਿਰ ਦਾ ਦੇਣਾ ਮੰਦਾ ਇਸ ਅਖਾਣ ਦੇ ਅਰਥ ਅਨੁਸਾਰ ਉਧਾਰ ਬਹੁਤੇ ਸ਼ਾਹਾਂ ਕੋਲੋਂ ਨਹੀਂ ਲੈਣਾ ਚਾਹੀਦਾ ਬਲਕਿ ਇੱਕ ਸ਼ਾਹ ਕੋਲੋਂ ਹੀ ਲੈਣਾ ਚਾਹੀਦਾ ਹੈ।
    14. ਇੱਕ ਹੱਥ ਦੇਣਾ, ਦੂਜੇ ਹੱਥ ਲੈਣਾ  ਇਹ ਅਖਾਣ ਵਪਾਰਕ ਸੰਬੰਧਾਂ ਵਿੱਚ ਆਮ ਬੋਲਿਆ ਜਾਂਦਾ ਹੈ ਜਿਸ ਅਨੁਸਾਰ ਇਹ ਦੱਸਿਆ ਜਾਂਦਾ ਹੈ ਕਿ ਲੈਣ ਦੇਣ ਬਰਾਬਰ ਦੀ ਪ੍ਰਕਿਰਿਆ ਹੈ।
    15. ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ ਜਦੋਂ ਦੋ ਧਿਰਾਂ ਆਪਸ ਵਿੱਚ ਲੜਦੀਆਂ ਹੋਣ ਜਾਂ ਇੱਕ ਦੂਜੇ ਤੇ ਤੋਹਮਤਬਾਜ਼ੀ ਕਰਦੀਆਂ ਹੋਣ ਤਾਂ ਸਮਝਾਉਣ ਵਾਲੇ ਵਿਅਕਤੀ ਵੱਲੋਂ ਇਹ ਅਖਾਣ ਨਸੀਹਤ ਵਜੋਂ ਬੋਲਿਆ ਜਾਂਦਾ ਹੈ ਕਿ ਗਲਤੀ ਦੋਹਾਂ ਧਿਰਾਂ ਦੀ ਹੁੰਦੀ ਹੈ ਇਕ ਦੀ ਨਹੀਂ।
    16. ਇੱਕ ਹੋਈ ਕੁੜੀ, ਉੱਤੋਂ ਪੁੱਛਣ ਵਾਲਿਆਂ ਨੇ ਮਾਰ ਲਿਆ ਇਹ ਅਖਾਣ ਸਾਡੇ ਸਮਾਜ ਵਿੱਚ ਇੱਕ ਦੂਜੇ ਦੇ ਕੰਮਾਂ ਦੇ ਪ੍ਰਤੀ ਕੀਤੀ ਜਾਂਦੀ ਦਖਲ ਅੰਦਾਜੀ ਨੂੰ ਦਰਸਾਉਣ ਲਈ ਬੋਲਿਆ ਜਾਂਦਾ ਹੈ ਕਿ ਜਦੋਂ ਮਨੁੱਖ ਕਿਸੇ ਸਮੱਸਿਆ ਵਿੱਚ ਫਸਿਆ ਹੁੰਦਾ ਹੈ ਤਾਂ ਪੁੱਛਣ ਵਾਲੇ ਪੁੱਛ ਪੁੱਛ ਕੇ ਉਸਨੂੰ ਹੋਰ ਵੀ ਪਰੇਸ਼ਾਨ ਕਰ ਦਿੰਦੇ ਹਨ।
    17. ਇੱਕ ਹੋਵੇ ਕਮਲਾ, ਸਮਝਾਵੇ ਵੇਹੜਾ, ਜੇ ਵੇਹੜਾ ਹੋਵੇ ਕਮਲਾ ਸਮਝਾਵੇ ਕਿਹੜਾਇਹ ਅਖਾਣ ਵੀ ਵਿਅੰਗ ਵਜੋਂ ਬੋਲਿਆ ਜਾਂਦਾ ਹੈ ਕਿ ਇੱਕ ਕਮਲੇ ਵਿਅਕਤੀ ਨੂੰ ਸਾਰੇ ਜਾਣੇ ਰਲ ਕੇ ਸਮਝਾ ਸਕਦੇ ਹਨ ਪਰ ਜੇਕਰ ਸਾਰੇ ਕਮਲੇ ਹੋ ਤਾਂ ਉਹਨਾਂ ਨੂੰ ਕੌਣ ਸਮਝਾ ਸਕਦਾ ਹੈ।
    18. ਇੱਕ ਕਮਲੀ, ਉਤੋਂ ਪੈ ਸਿਵਿਆਂ ਦੇ ਰਾਹ ਗਈਇਹ ਅਖਾਣ ਵੀ ਵਿਅੰਗ ਵਜੋਂ ਬੋਲਿਆ ਜਾਂਦਾ ਹੈ ਕਿ ਜਦੋਂ ਕੋਈ ਮੂਰਖ ਜਾਂ ਅਨਭੋਲ ਵਿਅਕਤੀ ਕਿਸੇ ਗਲਤ ਹੱਥਾਂ ਵਿਚ ਆ ਕੇ ਹੋਰ ਵੀ ਗਲਤ ਅਤੇ ਮੂਰਖਤਾ ਭਰੇ ਕੰਮ ਕਰਨ ਲੱਗ ਪਵੇ।
    19. ਇਕ ਕਰੇਲਾ ਕੌੜਾ
      ਉਤੋਂ ਅੱਧ ਰਿੱਜਿਆ।
      ਜਦੋਂ ਕਿਸੇ ਗੁੱਸੇਖੋਰ ਜਾਂ ਮੂਰਖ ਵਿਅਕਤੀ ਨੂੰ ਸਭ ਕੁਝ ਕਰਨ ਦੀ ਖੁੱਲ ਮਿਲ ਜਾਵੇ ਤਾਂ ਇਹ ਅਖਾਣ ਵਿਅੰਗ ਵਜੋਂ ਬੋਲਿਆ ਜਾਂਦਾ ਹੈ।
    20. ਇੱਕ ਕਰੇਲਾ, ਉੱਤੋਂ ਨਿੰਮ ਚੜ੍ਹ ਗਿਆ ਇਹ ਅਖਾਣ ਵੀ ਕਿਸੇ ਗੁੱਸੇ ਖੋਰ ਜਾਂ ਮੂਰਖ ਵਿਅਕਤੀ ਦੇ ਉੱਤੇ ਵਿਅੰਗ ਕੱਸਣ ਲਈ ਉਦੋਂ ਬੋਲਿਆ ਜਾਂਦਾ ਹੈ ਜਦੋਂ ਉਸ ਦੀ ਸਪੋਰਟ ਵਿੱਚ ਕੋਈ ਹੋਰ ਵਿਅਕਤੀ ਵੀ ਆ ਖੜਾ ਹੋਵੇ।
    21. ਇੱਕ ਗੋਦੜੀ ਵਿੱਚ ਦੋ ਫਕੀਰ ਸਮਾ ਸਕਦੇ ਪਰ ਇੱਕ ਰਾਜ ਵਿੱਚ ਦੋ ਰਾਜੇ ਨਹੀਂ ਸਮਾ ਸਕਦੇਇਹ ਅਖਾਣ ਫਕੀਰ ਅਤੇ ਰਾਜੇ ਦੇ ਮਾਨਸਿਕ ਤਲ, ਹੰਕਾਰ ਅਤੇ ਅਸੀਮ ਇਛਾਵਾਂ ਦੀ ਤੁਲਨਾ ਕਰਨ ਲਈ ਬੋਲਿਆ ਜਾਂਦਾ।
    22. ਇੱਕ ਘਰ ਤਾਂ ਡਾਇਣ ਵੀ ਛੱਡ ਦਿੰਦੀ ਜਦੋਂ ਕੋਈ ਵਿਅਕਤੀ ਹਰ ਕਿਸੇ ਨੂੰ ਠੱਗਣ ਦੀ ਕੋਸ਼ਿਸ਼ ਕਰੇ। ਕਿਸੇ ਉੱਤੇ ਰਹਿਮ ਨਾ ਕਰੇ ਜਾਂ ਹਰ ਕਿਸੇ ਨੂੰ ਵੀ ਆਪਣਾ ਸ਼ਿਕਾਰ ਬਣਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    23. ਇੱਕ ਚੁੱਪ, ਸੌ ਸੁੱਖਇਹ ਅਖਾਣ ਚੁੱਪ ਦੀ ਸਾਰਥਿਕਤਾ ਨੂੰ ਦਰਸਾਉਣ ਲਈ ਬੋਲਿਆ ਜਾਂਦਾ ਹੈ ਕਿ ਚੁੱਪ ਰਹਿ ਕੇ ਕਈ ਝਗੜੇ ਅਤੇ ਸਮੱਸਿਆਵਾਂ ਆਪਣੇ ਆਪ ਹੱਲ ਹੋ ਜਾਂਦੀਆਂ ਹਨ ਜਦ ਕਿ ਬੋਲਣ ਨਾਲ ਮਸਲੇ ਹੋਰ ਵੀ ਉਲਝ ਜਾਂਦੇ ਹਨ।
    24. ਇਕ ਜੰਮੇ, ਇੱਕ ਨਿੱਜ ਜੰਮੇਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਇੱਕ ਔਲਾਦ ਨਿਕੰਮੀ ਹੋਵੇ।
    25. ਇੱਕ ਜਾੜ੍ਹ ਖਾਵੇ, ਤੇ ਦੂਜੀ ਪਛਤਾਵੇ ਜਦੋਂ ਖਾਣਾ ਬਹੁਤ ਸਵਾਦ ਤਾਂ ਉਸ ਦੀ ਤਾਰੀਫ ਕਰਨ ਲਈ ਇਹ ਅਖਾਣ ਬੋਲਿਆ ਜਾਂਦਾ ਹੈ। ਇਸ ਦੇ ਉਲਟ ਇਹ ਅਖਾਣ ਵਿਅੰਗ ਵਜੋਂ ਵੀ ਬੋਲਿਆ ਜਾਂਦਾ ਹੈ।
    26. ਇੱਕ ਝਾਕੇ, ਇੱਕ ਉਆਂਕੇ, ਇਕ ਚੜ੍ਹਿਆ ਹੋਇਆ ਢਾਕੇ,ਇੱਕ ਰੁੜਿਆ ਆਵੇ,ਅਖੇ ਇੱਕ ਬਾਪੂਬਾਪੂ ਆਖੇ ਇਹ ਅਖਾਣ ਹਾਸੇ ਠਠੇ ਅਤੇ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਦੇ ਜਿਆਦੇ ਬੱਚੇ ਹੋਣ ਇਸ ਨੂੰ ਬੁਝਾਰਤ ਤੌਰ ਤੇ ਵੀ ਬੋਲਿਆ ਜਾਂਦਾ ਹੈ।
    27. ਇੱਕ ਟੌਨਿਕ, ਦੋ ਦਵਾਈ, ਤੀਜਾ ਸ਼ਰਾਬ, ਤੇ ਚੌਥਾ ਖਰਾਬ ਇਸ ਅਖਾਣ ਵਿੱਚ ਦੱਸਿਆ ਗਿਆ ਹੈ ਕਿ ਲਿਮਿਟ ਨਾਲ ਪੀਤੀ ਹੋਈ ਸ਼ਰਾਬ ਗੁਣ ਕਰਦੀ ਹੈ। ਜਦਕਿ ਬੇਹਿਸਾਬੀ ਸ਼ਰਾਬ ਸਿਹਤ ਅਤੇ ਆਦਮੀ ਦੇ ਕਿਰਦਾਰ ਦੋਹਾਂ ਨੂੰ ਡੇਗ ਦਿੰਦੀ ਹੈ। ਜਸਬੀਰ ਵਾਟਾਂਵਾਲੀਆ
    28. ਇੱਕ ਤਵੇ ਦੀ ਰੋਟੀ, ਕੀ ਵੱਡੀ, ਤੇ ਕੀ ਛੋਟੀਜਦੋਂ ਕਿਸੇ ਪਰਿਵਾਰ ਦੇ ਜਾਂ ਕਿਸੇ ਧੜੇ ਦੇ ਸਾਰੇ ਮੈਂਬਰ ਇਕੋ ਤਰ੍ਹਾਂ ਦੀ ਮੱਤ ਅਤੇ ਬੁੱਧੀ ਦੇ ਮਾਲਕ ਹੋਣ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    29. ਇੱਕ ਤੀਰ ਨਾਲ ਦੋ ਸ਼ਿਕਾਰ। ਜਦੋਂ ਕੋਈ ਵਿਅਕਤੀ ਕਿਸੇ ਇੱਕ ਸਕੀਮ ਜਾਂ ਵਿਧੀ ਨਾਲ ਦੋ ਮਸਲੇ ਹੱਲ ਕਰ ਦੇਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    30. ਇੱਕ ਦਮੜੀ ਪੱਲੇ,
      ਅਸੀਂ ਹਾਰ ਖਰੀਦਣ ਚੱਲੇ। ਜਦੋਂ ਕਿਸੇ ਦੇ ਪੱਲੇ ਤਾਂ ਕੁਝ ਨਾ ਹੋਵੇ ਪਰ ਵੱਡੀਆਂ ਵੱਡੀਆਂ ਚੀਜ਼ਾਂ ਖਰੀਦਣ ਦੀਆਂ ਗੱਲਾਂ ਕਰੇ ਤਾਂ ਇਹ ਅਖਾਣ ਵਿਅੰਗ ਵਜੋਂ ਬੋਲਿਆ ਜਾਂਦਾ ਹੈ।
    31. ਇੱਕ ਦਰ ਬੰਦ, ਸੌ ਦਰ ਖੁੱਲੇ  ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਇਹ ਦੱਸਣਾ ਹੋਵੇ ਕਿ  ਸਾਨੂੰ ਕਦੇ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ ਅਤੇ ਹਮੇਸ਼ਾ ਹੀ ਪਾਜਟਿਵ ਅਪਰੋਚ ਰੱਖਣੀ ਚਾਹੀਦੀ ਹੈ ਕਿ ਕਿਉਂਕਿ ਜੇ ਕਦੇ ਕਿਸੇ ਇਕ ਪਾਸਿਓਂ ਕੋਈ ਦਰਵਾਜਾ ਬੰਦ ਵੀ ਹੋ ਜਾਵੇ ਤਾਂ ਅਨੇਕਾਂ ਦਰਵਾਜੇ ਅਜਿਹੇ ਹੁੰਦੇ ਜੋ ਸਾਡੇ ਲਈ ਖੁੱਲ੍ਹ ਜਾਂਦੇ ਹਨ।
    32. ਇੱਕ ਧੇਲਾ ਤੇ 100 ਸੇਲਾ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਇਹ ਦੱਸਣਾ ਹੋਵੇ ਕਿ ਜੇਕਰ ਮਨੁੱਖ ਕੋਲ ਦੌਲਤ ਹੋਵੇ ਤਾਂ ਉਸ ਨੂੰ ਸੈਂਕੜੇ ਖਤਰੇ ਖੜੇ ਹੋ ਜਾਂਦੇ ਹਨ।
    33. ਇੱਕ ਨਿਆਣਾ 100 ਸਿਆਣਾ  ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਇਹ ਦੱਸਣਾ ਹੋਵੇ ਕਿ ਘਰ ਵਿਚ ਨਿਆਣਿਆ ਨਾਲ ਹੀ ਰੌਣਕ ਹੁੰਦੀ ਹੈ।
    34. ਇੱਕ ਨਿੰਬੂ , ਪਿੰਡ ਨੂੰ ਤ੍ਰੇਹ।  ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਇਹ ਦੱਸਣਾ ਹੋਵੇ ਕਿ ਜਦੋਂ ਚੀਜ਼ ਥੋੜ੍ਹੀ ਹੋਵੇ ਅਤੇ ਉਸ ਨੂੰ ਚਾਹੁੰਣ ਵਾਲੇ ਜਿਆਦਾ ਹੋਣ।
    35. ਇੱਕ ਨੂੰ ਕੀ ਰੋਨੀ ਏਂ, ਸਾਰਾ ਆਵਾ ਹੀ ਊਤਿਆ ਪਿਆ ਹੈ  ਜਦੋਂ ਕਿਸੇ ਪਰਿਵਾਰ ਜਾਂ ਗਰੁੱਪ ਦੇ ਸਾਰੇ ਮੈਂਬਰ ਹੀ ਮੂਰਖ ਹੋਣ ਅਤੇ ਕੋਈ ਸਿਰਫ ਇਕ ਨੂੰ ਮੂਰਖ ਸਮਝੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    36. ਇੱਕ ਨੂੰ ਨਾ ਆਵੇ ਦਿੱਤਿਆਂ, ਇੱਕ ਅੰਦਰੋਂ ਆਵੇ ਮੱਤ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਇਹ ਦੱਸਣਾ ਹੋਵੇ ਕਿ ਇਕ ਮਨੁੱਖ ਤਾਂ ਜਨਮ ਤੋਂ ਹੀ ਸਿਆਣਾ ਹੁੰਦਾ ਹੈ ਪਰ ਇਕ ਨੂੰ ਸਮਝਾਉਣਾ ਅਤੇ ਸਿਖਾਉਣਾ ਪੈਂਦਾ ਹੈ।
    37. ਇੱਕ ਨੂੰ ਪਾਣੀ, ਇਕ ਨੂੰ ਪਿੱਛ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ  ਕੋਈ ਚੀਜ਼ ਵੰਡਣ ਵੇਲੇ ਵਿਤਕਰਾ ਕਰੇ। ਵੰਡਣ ਵਾਲਾ ਇਕ ਜਾਣੇ ਨੂੰ ਤਾਂ ਵਧੀਆ ਚੀਜ਼ ਦੇਵੇ ਅਤੇ ਦੂਜੇ ਨੂੰ ਘਟੀਆ ਦੇਵੇ।

 

  1. ਇਕ ਨੂਰ ਆਦਮੀ, ਸੌ ਨੂਰ ਕੱਪੜਾ, ਹਜ਼ਾਰ ਰੂਪ ਗਹਿਣਾ, ਤੇ ਲੱਖ ਰੂਪ ਨਖ਼ਰਾ ਇਹ ਅਖਾਣ ਦੇ ਅਰਥ ਅਨੁਸਾਰ  ਨਖਰਾ ਸਭ ਤੋਂ ਮਹਿੰਗਾ ਗਹਿਣਾ ਹੈ। ਇਸ ਅਨੁਸਾਰ ਆਦਮੀ ਜਾਂ ਔਰਤ ਦੀ ਦੇਹ ਦਾ ਸਿਰਫ ਇਕ ਨੂਰ ਹੈ, ਕੱਪੜੇ ਦਾ ਸੌ ਨੂਰ, ਗਹਿਣੇ ਦਾ ਹਜ਼ਾਰ ਨੂਰ ਅਤੇ ਨਖਰੇ ਲੱਖ ਗੁਣਾ ਨੂਰ ਹੁੰਦਾ ਹੈ। 
  2. ਇੱਕ ਪਰਹੇਜ਼ 900 ਹਕੀਮ ਇਸ ਸਬੰਧੀ ਇੱਕ ਅਖਾਣ ਇਲਾਜ ਨਾਲੋਂ ਪਰਹੇਜ਼ ਚੰਗਾ ਵੀ ਬੋਲਿਆ ਜਾਂਦਾ ਹੈ। ਇਸ ਅਖਾਣ ਦਾ ਅਰਥ ਹੈ ਕਿ ਬਿਮਾਰੀ ਦਾ ਦੌਰਾਨ ਜੇਕਰ ਅਸੀਂ ਸਹੀ ਢੰਗ ਨਾਲ ਪਰਹੇਜ਼ ਕਰਦੇ ਹਾਂ ਤਾਂ ਬਿਮਾਰੀ ਆਪਣੇ ਆਪ ਠੀਕ ਹੋ ਜਾਂਦੀ ਹੈ। ਸਹੀ ਢੰਗ ਨਾਲ ਕੀਤਾ ਗਿਆ ਪਰਹੇਜ਼ 900 ਹਕੀਮਾਂ ਦੇ ਬਰਾਬਰ ਹੁੰਦਾ ਹੈ।
  3. ਇੱਕ ਪਾਪੀ ਵੀ ਬੇੜੀ ਡੋਬ ਦਿੰਦਾ ਕਿਸੇ, ਗਰੁੱਪ, ਧੜੇ ਜਾਂ ਪਰਿਵਾਰ ਦੇ ਵਿੱਚ ਜੇਕਰ ਇੱਕ ਬੰਦਾ ਵੀ ਕੋਈ ਅਜਿਹਾ ਦੁਸ਼ਕਰਮ ਕਰਦਾ ਹੈ ਜਿਸ ਨਾਲ ਸਮੁੱਚਾ ਪਰਿਵਾਰ, ਗੁਰਪ ਜਾਂ ਧੜਾ ਬਰਬਾਦ ਹੋ ਜਾਂਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  4. ਇੱਕ ਪੁੱਤ ਵਾਲੀ ਅੰਨ੍ਹੀ, ਦੋਹਾਂ ਵਾਲੀ ਕਾਣੀਇਸ ਅਖਾਣ ਦੇ ਅਰਥ ਅਨੁਸਾਰ ਇਕਲੌਤੀ ਔਲਾਦ ਮਾਪਿਆਂ ਲਈ ਹਮੇਸ਼ਾ ਦੁਸ਼ਵਾਰੀਆਂ ਦਾ ਕਾਰਨ ਬਣਦੀ ਹੈ ਜੇਕਰ ਕਿਸੇ ਦੋ ਬੱਚੇ ਹਨ ਤਾਂ ਉਹ ਇਕਲੌਤੇ ਨਾਲੋਂ ਥੋੜਾ ਜਿਹਾ ਸੁਰੱਖਿਆ ਹੁੰਦਾ ਹੈ ਅਤੇ ਜੇਕਰ ਔਲਾਦ ਜਿਆਦਾ ਹੈ ਤਾਂ ਬੰਦਾ ਸੁਖੀ ਰਹਿੰਦਾ ਹੈ।
  5. ਇੱਕ ਬੀਬੀ ਰੱਜ ਕਮਲੋ, ਉਤੋਂ ਸੁੱਤੀ ਉੱਠੀ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਬੰਦਾ ਪਹਿਲਾਂ ਹੀ ਮੂਰਖ ਹੋਵੇ ਅਤੇ ਉੱਤੋਂ ਹਾਲਾਤ ਵੀ ਵਿਪਰੀਤ ਹੋ ਜਾਣ ਅਤੇ ਉਸ ਦੇ ਕੀਤੇ ਹੋਏ ਸਾਰੇ ਕੰਮ ਖਰਾਬ ਹੋਣ।
  6. ਇੱਕ ਬੋਟੀ, 100 ਕੁੱਤੇ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਮਾਸੂਮ ਜਾਂ ਭੋਲੇ ਭਾਲੇ ਵਿਅਕਤੀ ਨੂੰ ਚਾਰ ਚਫੇਰਿਓ ਸ਼ੈਤਾਨ ਅਤੇ ਚਲਾਕ ਲੋਕਾਂ ਨੇ ਘੇਰਿਆ ਹੋਵੇ। ਜਾਂ ਹੇ ਅਖਾਣ ਉਦੋਂ ਵੀ ਬੋਲਿਆ ਜਾਂਦਾ ਹੈ ਜਦੋਂ ਚੀਜ਼ ਥੋੜੀ ਹੋਵੇ ਅਤੇ ਬਹੁਤੇ ਬੰਦੇ ਉਸ ਲਈ ਲੜ ਰਹੇ ਹੋਣ।
  7. ਇੱਕ ਮੱਛੀ ਸਾਰੇ ਤਲਾਅ ਨੂੰ ਗੰਦਾ ਕਰ ਦਿੰਦੀ ਹੈ ਜਦੋਂ ਕੋਈ ਇੱਕ ਵਿਅਕਤੀ ਆਪਣੇ ਧੜੇ ਜਾਂ ਪਰਿਵਾਰ ਦੀ ਬਰਬਾਦੀ ਦਾ ਜਾਂ ਬਦਨਾਮੀ ਦਾ ਕਾਰਨ ਬਣਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  8. ਇੱਕ ਮੱਝ ਲਿਬੜੀ, ਸਾਰੀਆਂ ਨੂੰ ਲਬੇੜ ਦਿੰਦੀ ਇਸ ਅਖਾਣ ਦੇ ਅਰਥ ਅਨੁਸਾਰ ਵੀ ਇੱਕ ਗਲਤ ਆਦਮੀ ਆਪਣੇ ਸਾਰੇ ਦੋਸਤਾਂ ਜਾਂ ਧੜੇ ਨੂੰ ਗਲਤ ਬਣਾ ਸਕਦਾ ਹੈ ਜਾਂ ਬਣਾ ਦਿੰਦਾ ਹੈ।
  9. ਇੱਕ ਬੇਲੇ ਵਿੱਚ ਦੋ ਸ਼ੇਰ ਔਖੇ ਸਕਣ ਸਮਾ ਜਦੋਂ ਕਿਸੇ ਖੇਤਰ ਵਿੱਚ ਦੋ ਬਰਾਬਰ ਦੇ ਵਿਅਕਤੀਆਂ, ਯੋਧਿਆਂ ਜਾਂ ਕਾਰੋਬਾਰੀਆਂ ਦਾ ਠੀਕ ਨਿਭਾਅ ਨਾ ਹੁੰਦਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  10. ਇੱਕ ਲਾਲੀਆ ਲੋਹਾਰ, ਦੂਜਾ ਲੱਖੋ ਅਵਤਾਰਜਦੋਂ ਕੋਈ ਵਿਅਕਤੀ ਇੱਕ ਤੋਂ ਵੱਧ ਕੇ ਬੇਕਾਰ ਜਾ ਮੂਰਖ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  11. ਇੱਕ ਵੇ ਜੱਟਾ, ਦੋ ਵੇ ਜੱਟਾ, ਤੀਜੀ ਵਾਰੀ ਪਵੇ ਘੱਟਾ ਇਸ ਅਖਾਣ ਦੇ ਅਰਥ ਅਨੁਸਾਰ ਕਿਸੇ ਵਿਅਕਤੀ ਨੂੰ ਇੱਕ ਗਲਤੀ ਤੇ ਮਾਫ ਕੀਤਾ ਜਾ ਸਕਦਾ ਹੈ ਜਾਂ ਦੂਜੀ ਗਲਤੀ ਤੇ ਮਾਫ ਕੀਤਾ ਜਾ ਸਕਦਾ ਹੈ ਪਰ ਤੀਜੀ ਵਾਰ ਗਲਤੀ ਕਰਨ ਤੇ ਉਸ ਨੂੰ ਸਭ ਕੁਝ ਸਿਖਾਉਣਾ ਪੈਂਦਾ ਹੈ।
  12. ਇਕਨਾਂ ਨੂੰ ਮੱਤ ਖੁਦਾਈਓਂ ਆਵੇ ਇਕਨਾਂ ਨੂੰ ਆਵੇ ਦਿੱਤਿਆਂਇਸ ਅਖਾਣ ਦੇ ਅਰਥ ਅਨੁਸਾਰ ਇਕ ਬੰਦਾ ਪਰਮਾਤਮਾ ਦੀ ਕਿਰਪਾ ਅਨੁਸਾਰ ਹੀ ਬੁੱਧੀਮਾਨ ਹੁੰਦੇ ਹਨ ਪਰ ਇੱਕ ਵਿਅਕਤੀਆਂ ਨੂੰ ਸਮਾਜ ਵਿੱਚੋਂ ਸਿੱਖ ਸਿੱਖ ਕੇ ਬੁੱਧੀਮਾਨ ਹੋਣਾ ਪੈਂਦਾ ਹੈ। ਇਸ ਲਈ ਅਖਾਣ ਇਹ ਵੀ ਵਰਤਿਆ ਜਾਂਦਾ ਹੈ ਕਿ ਇਕਨਾਂ ਨੂੰ ਮੱਤ ਖੁਦਾਈਓਂ ਆਵੇ, ਇਕਨਾ ਨੂੰ ਨਾ ਆਵੇ ਦਿੱਤਿਆਂ।
  13. ਇਕੱਲ,
    ਸੌ ਝੱਲ
    ਇਸ ਅਖਾਣ ਦੇ ਅਰਥ ਅਨੁਸਾਰ ਇਕੱਲਤਾ ਵਿੱਚ ਮਨੁੱਖ ਸੌ ਤਰਾਂ ਦੇ ਪਾਗਲਪਣ ਕਰਦਾ ਹੈ। ਇਸ ਲਈ ਇਕਲਤਾ ਸੌ ਝੱਲ ਦੇ ਬਰਾਬਰ ਹੁੰਦੀ ਹੈ।
  14. ਇਕੱਲਾ ਆਦਮੀ ਬਹਿਸ਼ਤ ਵਿੱਚ ਵੀ ਉਦਾਸ ਹੋ ਜਾਂਦਾ ਹੈ। ਇਸ ਅਖਾਣ ਦੇ ਅਰਥ ਅਨੁਸਾਰ ਵੀ ਇਕਲਤਾ ਉਦਾਸੀ ਦਾ ਮੁੱਖ ਕਾਰਨ ਹੁੰਦੀ ਹੈ ਅਤੇ ਇਕੱਲਿਆਂ ਜੀਵਨ ਬਤੀਤ ਕਰਨਾ ਕਾਫੀ ਮੁਸ਼ਕਲ ਹੁੰਦਾ ਹੈ। ਇਸ ਲਈ ਇਕੱਲਾ ਆਦਮੀ ਉਦਾਸ ਹੋ ਹੀ ਜਾਂਦਾ ਹੈ।
  15. ਇਕੱਲਾ ਇਕ, ਤੇ ਦੋ ਗਿਆਰਾਂ ਇਸ ਅਖਾਣ ਵਿੱਚ ਇਕੱਲੇ ਮਨੁੱਖ ਦੀ ਸ਼ਕਤੀ ਅਤੇ ਦੋਹਾਂ ਮਨੁੱਖਾਂ ਦੀ  ਇਕੱਠੀ ਸ਼ਕਤੀ ਦਾ ਵਰਣਨ ਕੀਤਾ ਗਿਆ ਹੈ। ਅਖਾਣ ਦੇ ਅਰਥ ਅਨੁਸਾਰ ਇਕੱਲਾ ਮਨੁੱਖ ਇਕੱਲਾ ਹੁੰਦਾ ਹੈ ਅਤੇ ਦੋ ਮਨੁੱਖ 11 ਦੇ ਬਰਾਬਰ ਹੁੰਦੇ ਹਨ।
  16. ਇਕੱਲਾ ਖਾਵੇ ਰਿਉੜੀਆਂ, ਤਾਂ ਉਹ ਵੀ ਕੌੜੀਆਂ, ਰਲ ਖਾਵੇ ਮਿੱਟੀ ਤਾਂ ਉਹ ਵੀ ਖੰਡ ਮਿੱਠੀਇਸ ਅਖਾਣ ਵਿੱਚ ਰਲ ਕੇ ਰਹਿਣ ਦੀ ਨਸੀਹਤ ਦਿੱਤੀ ਗਈ ਹੈ ਅਤੇ ਇਕੱਲੇ ਰਹਿਣ ਨੂੰ ਵਿਅਰਥ ਦੱਸਿਆ ਗਿਆ ਹੈ। ਅਖਾਣ ਵਿੱਚ ਦੱਸਿਆ ਗਿਆ ਹੈ ਕਿ ਇਕੱਲਾ ਮਨੁੱਖ ਜੇਕਰ ਚੰਗਾ-ਚੋਸਾ ਭਾਵ ਰਿਉੜੀਆਂ ਵੀ ਖਾਵੇ ਉਹ ਵੀ ਕੌੜੀਆਂ ਲੱਗਦੀਆਂ ਹਨ ਪਰ ਜੇਕਰ ਰਲ-ਮਿਲ ਕੇ ਉਹ ਮਿੱਟੀ ਵੀ ਖਾਵੇ ਤਾਂ ਉਹ ਵੀ ਮਿੱਠੀ ਲੱਗਦੀ ਹੈ।
  17. ਇਕੱਲੀ ਜਾਨ, ਸੌ ਸਿਆਪੇਇਸ ਅਖਾਣ ਦੇ ਅਰਥ ਅਨੁਸਾਰ ਇਕੱਲੇ ਮਨੁੱਖ ਦੀਆਂ ਸਮੱਸਿਆਵਾਂ ਸੈਂਕੜੇ ਪ੍ਰਕਾਰ ਦੀਆਂ ਹੁੰਦੀਆਂ ਹਨ ਇਸ ਲਈ ਇਕੱਲੇ ਰਹਿਣਾ ਜਾਂ ਜਿੰਦਗੀ ਬਤੀਤ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ।
  18. ਇਕੱਲੀ ਤਾਂ ਲੱਕੜ ਵੀ ਨਹੀਂ ਬਲ਼ਦੀਇਸ ਅਖਾਣ ਵਿੱਚ ਵੀ ਇਕੱਲੇ ਰਹਿਣ ਅਤੇ ਜੀਵਨ ਬਤੀਤ ਕਰਨ ਦੇ ਦੁੱਖ ਦੱਸੇ ਗਏ ਹਨ ਅਖਾਣ ਅਨੁਸਾਰ ਇਕ ਲੱਕੜ ਨੂੰ ਤਾਂ ਅੱਗ ਵੀ ਨਹੀਂ ਲੱਗਦੀ ਅੱਗ ਲੱਗਣ ਲਈ ਵੀ ਦੋ ਲੱਕੜਾਂ ਚਾਹੀਦੀਆਂ ਹਨ।
  19. ਇਕੱਲੇਦੁਕੱਲੇ ਦਾ ਰੱਬ ਰਾਖਾਇਸ ਅਖਾਣ ਦੇ ਅਰਥ ਅਨੁਸਾਰ ਵੀ ਇਕੱਲਾ ਮਨੁੱਖ ਸੁਰੱਖਿਅਤ ਨਹੀਂ ਹੁੰਦਾ ਅਤੇ ਉਸ ਨੂੰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
  20. ਇਕਾਂਤ ਵਾਸਾ, ਨਾ ਝਗੜਾ ਨਾ ਝਾਂਸਾਇਸ ਅਖਾਣ ਵਿੱਚ ਇਕਾਂਤ ਵਿੱਚ ਰਹਿਣ ਦੇ ਫਾਇਦੇ ਦੱਸੇ ਗਏ ਹਨ ਕਿ ਇਕਾਂਤ ਵਿੱਚ ਰਹਿਣ ਰਹਿਣ ਸਮੇਂ ਕਿਸੇ ਨਾਲ ਹੀਲ-ਹੁੱਜਤ ਜਾਂ ਝਗੜੇ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ।
  21. ਇੱਕੋ ਹੱਟੀ, ਉਹ ਵੀ ਕੁਪੱਤੀ , ਮੁੜ ਮੁੜ ਜਾਣਾ ਉਸੇ ਹੱਟੀ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਦਾ ਇੱਕੋ ਇੱਕ ਸਹਾਰਾ ਹੋਵੇ ਅਤੇ ਉਹ ਵੀ ਕਪੱਤਾ ਹੋਵੇ। ਨਾ ਉਸ ਸਹਾਰੇ ਨੂੰ ਛੱਡਿਆ ਜਾ ਸਕਦਾ ਹੋਵੇ ਅਤੇ ਨਾ ਹੀ ਉਸ ਨਾਲ ਰਹਿ ਕੇ ਸੱਚਾ ਸੁਖ ਮਿਲ ਰਿਹਾ ਹੋਵੇ। ਇਹ ਅਖਾਣ ਇਕੋ-ਇਕ ਹੱਟੀ ਦੇ ਸਬੰਧ ਵਿੱਚ ਵੀ ਬੋਲਿਆ ਜਾਂਦਾ ਹੈ।
  22. ਇੱਕੋ ਖੁਰਲੀ ਦੇ ਪੱਠੇ ਵੀ ਸਵਾਦ ਨਹੀਂ ਲੱਗਦੇਇਸ ਅਖਾਣ ਦੇ ਅਰਥ ਅਨੁਸਾਰ ਮਨੁੱਖ ਨੂੰ ਵੱਖਰੇ-ਵੱਖਰੇ ਸਵਾਦ ਚਾਹੀਦੇ ਹਨ। ਜੀਵਨ ਵਿੱਚ ਬਦਲਾਅ ਦਾ ਬੜਾ ਮਹੱਤਵ ਹੁੰਦਾ ਹੈ। ਇੱਕੋ ਥਾਂ ਤੇ ਰਹਿ ਕੇ ਜਾਂ ਇੱਕੋ ਤਰ੍ਹਾਂ ਦੀਆਂ ਵਸਤਾਂ ਨੂੰ ਖਾ-ਪੀ ਕੇ, ਜਾਂ ਇੱਕੋ ਮਨੁੱਖ ਨਾਲ ਲਗਾਤਾਰ ਰਹਿ ਕੇ ਮਨੁੱਖ ਦਾ ਮਨ ਉਕਤਾ ਜਾਂਦਾ ਹੈ। ਅਖਾਣ ਦੇ ਅਰਥ ਅਨੁਸਾਰ ਮਨੁੱਖ ਨੂੰ ਜੀਵਨ ਵਿੱਚ ਕਈ ਪ੍ਰਕਾਰ ਦੇ ਭੋਗਾਂ ਜਾਂ ਵਸਤਾਂ ਦੀ ਜਰੂਰਤ ਹੁੰਦੀ ਹੈ।
  23. ਇੱਕੋ ਤਾਂਗ ਉਗਾਵੇ, ਸੌ ਲੱਜਾਂ ਪਾਵੇਅਰਥ ਬਾਕੀ ਹੈ।
  24. ਇਕੋ ਤਾਰਾ ਉਗਵੈ, ਸਭ ਲੱਜਾ ਧੋਇਅਖਾਣ ਦੇ ਅਰਥ ਅਨੁਸਾਰ ਪਰਿਵਾਰ ਧੜੇ ਜਾਂ ਦੇਸ਼ ਵਿੱਚ ਪੈਦਾ ਹੋਇਆ ਇਕ ਹੋਣਹਾਰ ਵਿਅਕਤੀ ਸਭ ਨੂੰ ਤਾਰ ਦਿੰਦਾ ਹੈ।
  25. ਇੱਟ ਦੀ ਦੇਣੀ, ਤੇ ਪੱਥਰ ਦੀ ਲੈਣੀਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਨੂੰ ਦੱਸਣਾ ਹੋਵੇ ਕਿ ਜਿਹੋ ਜਿਹਾ ਦੁਰ ਵਿਹਾਰ ਤੁਸੀਂ ਦੂਸਰਿਆਂ ਨਾਲ ਕਰੋਗੇ, ਉਹੋ ਜਿਹਾ ਜਾਂ ਉਸ ਤੋਂ ਵੀ ਵੱਧ ਬੁਰਾ ਵਿਹਾਰ ਤੁਹਾਨੂੰ ਦੇਖਣ ਨੂੰ ਮਿਲੇਗਾ।
  26. ਇੱਥੇ ਇੱਕ ਬੰਦੇ ਨਾਲ 50 ਬਾਂਦਰ ਜੰਮਦੇ ਨੇ ਇਸ ਅਖਾਣ ਦੇ ਅਰਥ ਅਨੁਸਾਰ ਸਾਡੇ ਸੰਸਾਰ ਵਿੱਚ ਮਿਲਾਵਟ-ਖੋਰੀ ਦੀ ਕੋਈ ਹੱਦ ਨਹੀਂ ਹੈ। ਇਥੇ ਇੱਕ ਚੀਜ਼ ਅਸਲੀ ਬਣਦੀ ਹੈ ਅਤੇ 50 ਨਕਲੀ ਬਣ ਜਾਂਦੀਆਂ ਹਨ। ਜਾਂ ਇੱਕ ਕਿਰਦਾਰ ਅਸਲੀ ਹੁੰਦਾ ਹੈ ਅਤੇ ਉਸ ਦੇ ਪਿੱਛੇ 50 ਕਿਰਦਾਰ ਭੇਖੀ ਜਾਂ ਨਕਲੀ ਖੜੇ ਹੋ ਜਾਂਦੇ ਹਨ। ਜਸਬੀਰ ਵਾਟਾਂਵਾਲੀਆ।
  27. ਇੱਥੇ ਘਾੜ ਘੜੀਂਦੇ ਹੋਰ, ਬਨੀਂਦੇ ਸਾਧ, ਛੁੱਟੀਂਦੇ ਚੋਰ ਇਸ ਅਖਾਣ ਦੇ ਅਰਥ ਅਨੁਸਾਰ ਸਾਡੇ ਸਮਾਜ ਵਿੱਚ ਗੁਨਾਹਗਾਰ ਅਤੇ ਚੋਰ ਲੋਕਾਂ ਨੂੰ ਤਾਂ ਕੋਈ ਨਹੀਂ ਫੜਦਾ ਬਲਕਿ ਬੇਗੁਨਾਹਾਂ ਨੂੰ ਬੇਵਜਾਹ ਹੀ ਫੜ ਕੇ ਸਜ਼ਾਵਾਂ ਦੇ ਦਿੱਤੀਆਂ ਜਾਂਦੀਆਂ ਹਨ।
  28. ਇੱਥੇ ਤੰਦ ਨਹੀਂ, ਤਾਣੀ ਉਲਝੀ ਹੋਈ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਗੜਬੜ ਜਾਂ ਗਿਰਾਵਟ ਸਿਰਫ ਇੱਕ ਅੱਧੇ ਵਿਅਕਤੀ ਵਿੱਚ ਹੀ ਨਹੀਂ ਹੈ ਬਲਕਿ ਸਮੁੱਚਾ ਧੜਾ ਦੇਸ਼ ਹੀ ਵਿਗੜ ਚੁੱਕਾ ਹੈ।
  29. ਇੰਨਾ ਘਰਾਟਾਂਤੇ ਇਹੋ ਜਿਹਾ ਪਿਸਣਾ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਇਹਨਾਂ ਵਿਅਕਤੀਆਂ ਜਾਂ ਅਦਾਰਿਆਂ ਕੋਲੋਂ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਇਹਨਾਂ ਨੇ ਇਹੋ ਜਿਹੇ ਗ਼ਲਤ ਕੰਮ ਹੀ ਕਰ ਰਹੇ ਨੇ ਹਨ ਜਿਹੋ ਜਿਹੇ ਇਹ ਕਰ ਰਹੇ ਹਨ।
  30. ਇੰਨੇ ਕੌੜੇ ਵੀ ਨਾ ਹੋਵੋ, ਕਿ ਅਗਲਾ ਥੁੱਕ ਹੀ ਦੇਵੇ, ਇੰਨੇ ਮਿੱਠੇ ਵੀ ਨਾ ਹੋਵੋ ਕਿ ਅਗਲਾ ਖਾ ਹੀ ਜਾਵੇਇਹ ਅਖਾਣ ਕਿਸੇ ਨੂੰ ਸਿੱਖਿਆ ਦੇਣ ਲਈ ਬੋਲਿਆ ਜਾਂਦਾ ਹੈ ਕਿ ਜ਼ਿੰਦਗੀ ਕਿਵੇਂ ਸੰਤੁਲਿਤ ਤਰੀਕੇ ਨਾਲ ਜਿਉਣੇ ਚਾਹੀਦੀ ਹੈ। ਜੀਵਨ ਵਿੱਚ ਨਾ ਤਾਂ ਕਿਸੇ ਨਾਲ ਜਿਆਦਾ ਮਿੱਠੇ ਹੋਣ ਦੀ ਜਰੂਰਤ ਹੁੰਦੀ ਹੈ ਅਤੇ ਨਾ ਹੀ ਜਿਆਦਾ ਕੌੜੇ ਹੋਣ ਦੀ।
  31. ਇੱਲ ਦਾ ਨਣਦੋਈਆ ਕਾਂਇਹ ਅਖਾਣ ਵਿਅੰਗ ਵਜੋਂ ਉਸ ਵਿਅਕਤੀ ਲਈ ਬੋਲਿਆ ਜਾਂਦਾ ਹੈ ਜੋ ਬੇਮੇਲੇ ਅਤੇ ਓਬੜ ਰਿਸ਼ਤਿਆਂ ਨਾਲ ਸਾਂਝ ਪਾਈ ਫਿਰਦਾ ਹੋਵੇ।
  32. ਇੱਲਾਂ ਕਿਨ ਪਰਣਾਈਆਂ, ਕਿਨ ਪਿੰਜਰੇ ਘੱਤੇ ਕਾਂਇਹ ਅਖਾਣ ਮੁਢ-ਮੂਲ ਤੋਂ ਵਿਗੜੇ ਹੋਏ ਵਿਅਕਤੀਆਂ ਲਈ ਬੋਲਿਆ ਜਾਂਦਾ ਹੈ ਕਿ ਉਹਨਾਂ ਨਾਲ ਸਾਂਝ ਅਤੇ ਰਿਸ਼ਤੇਦਾਰੀ ਪਾਉਣੀ ਜਾਂ ਨਿਭਾਉਣੀ ਸੌਖੀ ਨਹੀਂ ਹੁੰਦੀ।
  33. ਇੱਲਾਂ ਦੇ ਆਲ੍ਹਣੇ ਚੋਂ ਮਾਸ ਨਹੀਂ ਲੱਭਦਾਇਹ ਅਖਾਣ ਨੀਤ ਦੇ ਭੁੱਖੇ ਜਾਂ ਹੱਦ ਦਰਜੇ ਦੇ ਭੁੱਖੜ ਲੋਕਾਂ ਦੇ ਸਬੰਧੀ ਬੋਲਿਆ ਜਾਂਦਾ ਹੈ ਕਿ ਉਹਨਾਂ ਕੋਲੋਂ ਕਿਸੇ ਕਿਸਮ ਦੀ ਚੀਜ਼ ਜਾਂ ਸਹਾਇਤਾ ਦੀ ਉਮੀਦ ਨਹੀਂ ਰੱਖੀ ਜਾ ਸਕਦੀ।
  34. ਇਲਾਜ ਨਾਲੋਂ ਪਰਹੇਜ਼ ਚੰਗਾਇਸ ਅਖਾਣ ਦੇ ਅਰਥ ਅਨੁਸਾਰ ਪਰਹੇਜ਼ ਨਾਲ ਅਨੇਕਾਂ ਕਿਸਮ ਦੀਆਂ ਬਿਮਾਰੀਆਂ ਨੂੰ ਠੀਕ ਕੀਤਾ ਜਾ ਸਕਦਾ ਹੈ ਅਤੇ ਪਰਹੇਜ ਇਲਾਜ ਨਾਲੋਂ ਵੀ ਵਧੀਆ ਹੁੰਦਾ ਹੈ।
  35. ਈਦ ਪਿੱਛੋਂ, ਕੀ ਤੰਬਾ ਫੂਕਣਾ? ਇਹ ਅਖਾਣ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਮੌਕਾ ਪੈਣ ਤੇ ਕੋਈ ਵਿਅਕਤੀ ਕੋਈ ਕਿਸੇ ਨੂੰ ਮੰਗਵੀਂ ਜਾਂ ਉਧਾਰੀ ਚੀਜ ਨਾ ਦੇਵੇ ਪਰ ਮੌਕਾ ਲੰਘ ਜਾਣ ਤੋਂ ਬਾਅਦ ਉਹ ਚੀਜ਼ ਦੇਣ ਦੀਆਂ ਗੱਲਾਂ ਕਰੇ। ਅਖਾਣ ਦੇ ਸ਼ਾਬਦਿਕ ਅਰਥ ਅਨੁਸਾਰ ਜਦੋਂ ਈਦ ਲੰਘ ਜਾਵੇ ਤਾਂ ਫਿਰ ਧੋਤੀ ਕੀ ਕਰਨੀ ਹੈ।

PUNJABI AKHAAN : ‘ਸ’ ਅੱਖਰ ਵਾਲੇ ਅਖਾਣ

 

ਇਸ ਚੈਪਟਰ ਵਿਚ ਤੁਸੀਂ ‘ਸ’ ਅੱਖਰ ਵਾਲੇ ਸਾਰੇ ਅਖਾਣਾਂ ਦੇ ਅਰਥ ਅਤੇ ਵਰਤੋਂ ਬਾਰੇ ਪੜ੍ਹੋਗੇ।

  1. ਸੱਸ ਅਜੇ ਡਿਉੜੀ ਨਹੀਂ ਲੰਘੀ, ਤੇ ਨੂੰਹ ਨੈਣ ਮਟਕਾਏ ਇਸ ਅਖਾਣ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਘਰ ਜਾਂ ਅਦਾਰੇ ਦਾ ਮੁਖੀ ਅਜੇ ਘਰ ਦੇ ਦਰਵਾਜੇ ਚੋਂ ਬਾਹਰ ਹੀ ਨਿਕਲਿਆ ਹੋਵੇ ਅਤੇ ਪਿੱਛੇ ਬੈਠੇ ਘਰ ਜਾਂ ਅਦਾਰੇ ਦੇ ਮੈਂਬਰ ਮਨਮਰਜੀਆਂ ਸ਼ੁਰੂ ਕਰ ਦੇਣ।
  2. ਸੱਸ ਤੋਂ ਚੋਰੀ ਆਈ ਹਾਂ ਜਵਾਂ ਤੋਂ ਕਣਕਾਂ ਵਟਾ ਦੇਇਹ ਅਖਾਣ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਕਿਸੇ ਨੂੰ ਠੱਗਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਅਤੇ ਅਜਿਹੀ ਕਹਾਣੀ ਕਹਾਣੀ ਘੜ ਰਿਹਾ ਹੋਵੇ ਜੋ ਸਾਹਮਣੇ ਵਾਲੇ ਨੂੰ ਵਿਸ਼ਵਾਸ ਵਿੱਚ ਲੈ ਲਵੇ।
  3. ਸੱਸ ਨਹੀਂ ਸੰਗ ਨਹੀਂ, ਸਾਹੁਰਾ ਨਹੀਂ ਘੁੰਡ ਨਹੀਂਇਹ ਅਖਾਣ ਸਿੱਖਿਆ ਦੇਣ ਵਜੋਂ ਜਾਂ ਨਹੋਰਾ ਮਾਰਨ ਵਜੋਂ ਬੋਲਿਆ ਉਦੋਂ ਜਾਂਦਾ ਹੈ ਜਦੋਂ ਕਿਸੇ ਦੇ ਸਿਰ ਤੇ ਸੱਸ ਜਾਂ ਸਹੁਰਾ ਨਾ ਹੋਵੇ ਅਤੇ ਘਰ ਦੀ ਨੂੰ ਬਿਨਾਂ ਕਿਤੇ ਸੰਗ ਅਤੇ ਲੱਜਾ ਦੇ ਵਿਚਰੇ।
  4. ਸੱਸ ਨਾ ਨਣਾਨ, ਤੇ ਅੰਮਾ ਆਪੇ ਪ੍ਰਧਾਨਇਹ ਅਖਾਣ ਵੀ ਉਦੋਂ ਬੋਲਿਆ ਜਾਂਦਾ ਹੈ ਜਦੋਂ ਨੂੰਹ ਦੇ ਸਿਰ ਉੱਤੇ ਨਾ ਸੱਸ ਦਾ ਪਹਿਰਾ ਹੋਵੇ ਅਤੇ ਨਾ ਹੀ ਨਨਾਣ ਦਾ ਅਤੇ ਸਮੁੱਚ ਘਰ ਵਿੱਚ ਉਸਦੀ ਹੀ ਚੌਧਰ ਹੋਵੇ।
  5. ਸੱਸ ਪਈਪਈ, ਮੂਲੋ ਹੀ ਗਈ ਇਹ ਅਖਾਣ ਹਾਸੇ ਠੱਠੇ ਵਜੋਂ ਨੂੰਹ ਦੇ ਰਿਸ਼ਤੇਦਾਰਾਂ ਵੱਲੋਂ ਸੱਸ ਨੂੰ ਵਿਅੰਗ ਵਜੋਂ ਬੋਲਿਆ ਜਾਂਦਾ ਹੈ।
  6. ਸਹਿਕਸਹਿਕ ਕੇ ਚੰਨ ਚੜ੍ਹਿਆ, ਉਹ ਵੀ ਡਿੰਗਾਫੜਿੰਗਾਇਹ ਅਖਾਣ ਵੀ ਹਾਸੇ-ਠੱਠੇ ਅਤੇ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਕੰਮ ਬੜੀ ਮੁਸ਼ਕਲ ਨਾਲ ਸਿਰੇ ਚੜੇ ਅਤੇ ਚੜੇ ਵੀ ਚੱਜ ਨਾਲ ਨਾ। ਇਸ ਦੇ ਨਾਲ ਨਾਲ ਕਿਸੇ ਹੀਣੇ ਜਾਂ ਬਦਸੂਰਤ ਵਿਅਕਤੀ ਉੱਤੇ ਵਿਅੰਗ ਕਸਣ ਲਈ ਵੀ ਇਹ ਅਖਾਣ ਬੋਲਿਆ ਜਾਂਦਾ ਹੈ।
  7. ਸਹਿਕਦੀ ਸੁੱਤੀ ਤੇ ਭੌਂਕਦੀ ਉੱਠੀ ਇਹ ਅਖਾਣ ਗੁੱਸੇ ਅਤੇ ਵੇਦਨਾ ਦੇ ਪ੍ਰਗਟਾਵੇ ਵਜੋਂ ਬੋਲਿਆ ਜਾਂਦਾ ਹੈ।
  8. ਸਹਿਜ ਪੱਕੇ ਸੋ ਮਿੱਠਾ ਹੋਇ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਨੂੰ ਧੀਰਜ ਅਤੇ ਸਹਿਜ ਦਾ ਉਪਦੇਸ਼ ਦੇਣਾ ਹੋਵੇ ਕਿ ਸਹਿਜ ਨਾਲ ਕੀਤਾ ਹੋਇਆ ਕੰਮ ਹੀ ਵਧੀਆ ਹੁੰਦਾ ਹੈ।
  9. ਸ਼ਹਿਰ ਦੀ ਕਰਾੜੀ, ਮੂੰਹ ਢਕਿਆ ਤੇ ਬੁੰ*** ਅਗਾੜੀ ਇਹ ਅਖਾਣ ਉਦੋਂ ਵਿਅੰਗ ਵਜੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਜੱਗੋਂ  ਬਾਹਰਾ ਜਾਂ ਪੁੱਠਾ ਕੰਮ ਕਰ ਰਿਹਾ ਹੋਵੇ।
  10. ਸ਼ਹਿਰਾਂ ਦੇ ਵਿੱਚ ਵੱਸਣ ਦੇਵਤੇ, ਪਿੰਡੀ ਵੱਸਣ ਮਨੁੱਖ, ਵੱਸਣ ਉਜਾੜਾਂ ਵਿਚ ਭੂਤਨੇ ਜਿੱਥੇ ਕੋਈ ਨਾ ਸੁਣਦਾ ਦੁੱਖ ਇਹ ਅਖਾਣ ਸ਼ਹਿਰਾਂ ਅਤੇ ਪਿੰਡਾਂ ਵਿੱਚ ਵਸਣ ਵਾਲੇ ਲੋਕਾਂ ਦੇ ਸੁਭਾਅ ਵਿੱਚ ਫਰਕ ਦੱਸਣ ਲਈ ਬੋਲਿਆ ਜਾਂਦਾ ਹੈ। ਅਖਾਣ ਦੇ ਅਰਥ ਅਨੁਸਾਰ ਸ਼ਹਿਰਾਂ ਵਿੱਚ ਚੰਗੇ ਸੁਭਾਅ ਦੇ ਅਤੇ ਸਿਆਣੇ ਮਨੁੱਖ ਵਸਦੇ ਹਨ ਪਿੰਡਾਂ ਵਿੱਚ ਆਮ ਜਿਹੇ ਮਨੁੱਖ ਹੁੰਦੇ ਹਨ ਅਤੇ ਉਜਾੜਾਂ ਵਿੱਚ ਭੂਤਨੇ ਵਸਦੇ ਹਨ।
  11. ਸਹੁੰ ਦਈਏ ਜੀਅ ਦੀ, ਨਾ ਪੁੱਤ ਦੀ, ਨਾ ਧੀ ਦੀਇਸ ਅਖਾਣ ਦੇ ਅਰਥ ਅਨੁਸਾਰ ਮਨੁੱਖ ਸਿਰਫ ਆਪਣੇ ਆਪ ਦੀ ਹੀ ਗਰੰਟੀ ਦੇ ਸਕਦਾ ਹੈ ਹੋਰ ਕਿਸੇ ਦੀ ਨਹੀਂ ਉਹ ਭਾਵੇਂ ਉਸ ਦਾ ਧੀ ਪੁੱਤਰ ਹੀ ਕਿਉਂ ਨਾ ਹੋਵੇ।
  12. ਸਹੁ ਵੇ ਜੀਆ ਆਪਣਾ ਕੀਆਇਹ ਅਖਾਣ ਆਪਣੇ ਆਪ ਨਾਲ ਗੱਲਾਂ ਕਰਨ ਵੇਲੇ ਜਾਂ ਕਿਸੇ ਨੂੰ ਉਸ ਦੀਆਂ ਕੀਤੀਆਂ ਗਲਤੀਆਂ ਅਤੇ ਉਹਨਾਂ ਦੀ ਮਿਲ ਰਹੀ ਸਜਾ ਨੂੰ ਚਿਤਾਰਨ ਵੇਲੇ ਬੋਲਿਆ ਜਾਂਦਾ ਹੈ। 
  13. ਸਹੁਰਾ ਨਾ ਸਾਲਾ, ਮੈਂ ਆਪੇ ਘਰ ਵਾਲਾਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਨਿਹੱਕ ਵਿਅਕਤੀ ਹੀ ਕਿਸੇ ਜਗ੍ਹਾ ਉੱਤੇ ਚੌਧਰੀ ਬਣ ਬੈਠੇ ਅਤੇ ਉਸ ਨੂੰ ਕੋਈ ਰੋਕਣ ਟੋਕਣ ਵਾਲਾ ਵੀ ਨਾ ਹੋਵੇ।
  14. ਸਹੁਰਾ ਨੂੰਹ ਨਾਲ ਗੱਲ ਨਾ ਕਰੇ, ਨੂੰਹ ਰੰਨ ਭੌਂਕਭੌਂਕ ਮਰੇ ਇਹ ਅਖਾਣ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਉੱਚੇ ਅਹੁਦੇ ਵਾਲਾ ਵਿਅਕਤੀ ਨੀਵੇਂ ਅਹੁਦੇ ਵਾਲੇ ਵਿਅਕਤੀ ਨਾਲ ਗੱਲ ਵੀ ਨਾ ਕਰੇ ਅਤੇ ਨੀਵੇਂ ਅਹੁਦੇ ਵਾਲਾ ਵਿਅਕਤੀ ਫਿਰ ਵੀ ਉਸਦੀ ਚਾਪਲੂਸੀ ਕਰਦਾ ਫਿਰੇ। ਇਹ ਅਖਾਣ ਨੂੰ ਸੋਹਰੇ ਦੇ ਸੰਬੰਧ ਵਿੱਚ ਵੀ ਬੋਲਿਆ ਜਾਂਦਾ ਹੈ।
  15. ਸਹੁਰਾ ਮੂੰਹ ਨਾ ਧਰੇ, ਤੇ ਨੂੰਹ ਹੱਗਹੱਗ ਭਰੇਉਹੀ ਅਰਥ 
  16. ਸਹੁਰਾ ਮੇਰਾ ਬੱਧਾ, ਨੂੰਹ ਦਾ ਦਾਅ ਲੱਗਾਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਘਰ ਜਾਂ ਅਦਾਰੇ ਦਾ ਮੁਖੀ ਕਿਸੇ ਸਮੱਸਿਆ ਵਿੱਚ ਘਿਰਿਆ ਹੋਵੇ ਅਤੇ ਘਰ ਵੱਲ ਧਿਆਨ ਨਾ ਦੇ ਸਕੇ ਅਤੇ ਪਿੱਛੇ ਬੈਠੇ ਘਰ ਜਾਂ ਅਦਾਰੇ ਦੇ ਆਮ ਮੈਂਬਰ ਮਨਮਰਜੀਆਂ ਕਰਦੇ ਫਿਰਨ।
  17. ਸਹੁਰਾ ਵੈਦ, ਕਰੁੱਧੀ ਰੁੱਝੀਇਹ ਅਖਾਣ ਹਾਸੇ-ਠੱਠੇ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਮਨੁੱਖ ਦੀ ਸਮੱਸਿਆ ਕਾਫੀ ਵੱਡੀ ਹੋਵੇ ਪਰ ਸਮੱਸਿਆ ਨੂੰ ਹੱਲ ਕਰਨ ਵਾਲਿਆਂ ਨੂੰ ਉਹ ਕਿਸੇ ਮਜਬੂਰੀ ਵੱਸ ਦੱਸ ਵੀ ਨਾ ਸਕੇ।
  18. ਸਹੁਰਿਆ ਤੇਰਾ ਨਾਂ ਤਾਂ ਆਉਂਦਾ, ਪਰ ਲੈਣਾ ਨਹੀਂ ਇਹ ਅਖਾਣ ਵੀ ਹਾਸੇ ਠੱਠੇ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਸਾਹਮਣੇ ਵਾਲਾ ਆਪਣੇ ਨੀਵੇਂ ਅਹੁਦੇ ਕਾਰਨ ਉੱਚੇ ਅਹੁਦੇ ਵਾਲੇ ਨੂੰ ਕੁਝ ਵੀ ਕਹਿ ਨਾ ਸਕੇ।
  19. ਸਕਤੇ ਦਾ ਸਤੀ ਵੀਹੀਂ ਸੌਇਸ ਅਖਾਣ ਦੇ ਅਰਥ ਅਨੁਸਾਰ ਧਨਾਟ ਜਾਂ ਸ਼ਕਤੀਵਾਨ ਮਨੁੱਖ ਕੁਝ ਗਲਤ ਵੀ ਕਰੇ ਤਾਂ ਵੀ ਉਸ ਨੂੰ ਠੀਕ ਹੀ ਮੰਨਿਆ ਜਾਂਦਾ ਹੈ।
  20. ਸਕਤੇ ਦੀ ਸਕਤੀ ਤੇ ਮਾੜੇ ਦੀ ਕੁਵਕਤੀਇਸ ਅਖਾਣ ਦੇ ਅਰਥ ਅਨੁਸਾਰ ਵੀ ਧਨਾਟ ਅਤੇ ਸ਼ਕਤੀਵਾਨ ਮਨੁੱਖ ਆਪਣੇ ਜੋਰ ਨਾਲ ਸਭ ਕੁਝ ਕਰ ਲੈਂਦਾ ਹੈ ਪਰ ਮਾੜਾ ਅਤੇ ਗਰੀਬ ਮਜਬੂਰੀ ਵੱਸ ਲਤਾੜਿਆ ਜਾਂਦਾ ਹੈ।
  21. ਸ਼ੱਕਰ ਖੋਰੇ ਨੂੰ ਰੱਬ ਸ਼ੱਕਰ ਦੇ ਹੀ ਦਿੰਦਾ ਇਸ ਅਖਾਣ ਦੇ ਅਰਥ ਅਨੁਸਾਰ ਜਿਹੋ ਜਿਹੀ ਮਨੁੱਖ ਦੀ ਬੁੱਧੀ ਅਤੇ ਰੁਚੀ ਹੁੰਦੀ ਹੈ ਉਸ ਤਰ੍ਹਾਂ ਦਾ ਉਹ ਹੀਲਾ ਵਸੀਲਾ ਕਰ ਹੀ ਲੈਂਦਾ ਹੈ।
  22. ਸ਼ਕਲ ਚੁੜੇਲਾਂ, ਖੇਖਣਪਰੀਆਂਇਹ ਅਖਾਣ ਵੀ ਹਾਸੇ ਠੱਠੇ ਅਤੇ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਦੀ ਸ਼ਕਲ ਤਾਂ ਚੰਗੀ ਨਾ ਹੋਵੇ ਪਰ ਨਖਰੇ ਉਸ ਦੇ ਪੂਰਪਰੀਆਂ ਵਰਗੇ ਹੋਣ।
  23. ਸ਼ਕਲ ਮੋਮਨਾ, ਕਰਤੂਤ ਕਾਫ਼ਰਾਂਇਹ ਅਖਾਣ ਕਿਸੇ ਨੂੰ ਉਸ ਵੱਲੋਂ ਕੀਤੇ ਜਾ ਰਹੇ ਗਲਤ ਕੰਮਾਂ ਨੂੰ ਚਿਤਾਰਨ ਲਈ ਬੋਲਿਆ ਜਾਂਦਾ ਹੈ ਕਿ ਉਸ ਉਸ ਦਾ ਵੇਸ ਤਾਂ ਦਰਵੇਸ਼ਾਂ ਵਾਲਾ ਹੈ ਪਰ ਕੰਮ ਸ਼ੈਤਾਨਾਂ ਵਾਲੇ ਹਨ।
  24. ਸਖੀ ਸੁਮ ਲੇਖਾ ਬਰਾਬਰ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਨੂੰ ਵਿਹਾਰ ਵਿੱਚ ਖਰੇ ਰਹਿਣ ਦੀ ਤਕੀਦ ਕਰਨੀ ਹੋਵੇ।
  25. ਸਖ਼ੀ ਦਾ ਬੇੜਾ ਪਾਰਇਹ ਅਖਾਣ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ ਕਿ ਮਿੱਤਰਤਾ ਨਾਲ ਅਨੇਕਾਂ ਕੰਮ ਸਵਾਰੇ ਜਾ ਸਕਦੇ ਹਨ।
  26. ਸਖੀ ਨਾਲੋਂ ਸੂਮ ਭਲੀ, ਜਿੜੀ ਤੁਰਤ ਦੇਵੇ ਜਵਾਬਇਹ ਅਖਾਣ ਉਸ ਕੋਰੇ ਬੰਦੇ ਲਈ ਬੋਲਿਆ ਜਾਂਦਾ ਹੈ ਜੋ ਕਿਸੇ ਨੂੰ ਲਾਰੇ ਲਾ ਕੇ ਖਰਾਬ ਨਹੀਂ ਕਰਦਾ ਬਲਕਿ ਜੇਕਰ ਉਹ ਕੰਮ ਨਾ ਕਰ ਸਕਦਾ ਹੋਵੇ ਤਾਂ ਮੌਕੇ ਤੇ ਜਵਾਬ ਦੇ ਦਿੰਦਾ ਹੈ। ਅਖਾਣ ਦੇ ਅਰਥ ਅਨੁਸਾਰ ਲਾਰੇਬਾਜ ਮਿੱਤਰ ਨਾਲੋਂ ਸੂਮ ਵਿਅਕਤੀ ਸੌ ਗੁਣ ਚੰਗਾ ਹੈ ਕਿਉਂਕਿ ਉਹ ਲਾਰੇ ਲਾ ਕੇ ਕਿਸੇ ਦਾ ਸਮਾਂ ਖਰਾਬ ਨਹੀਂ ਕਰਦਾ।
  27. ਸੰਗ ਤਾਰੇ, ਕੁਸੰਗ ਡੋਬੇਇਸ ਅਖਾਣ ਦੇ ਅਰਥ ਅਨੁਸਾਰ ਚੰਗੀ ਸੰਗਤ ਇਨਸਾਨ ਨੂੰ ਪਾਰ ਲਾਉਂਦੀ ਹੈ ਅਤੇ ਮਾੜੀ ਸੰਗਤ ਡੋਬ ਦਿੰਦੀ ਹੈ।
  28. ਸੰਗਲਾਂ ਦੇ ਜਿੰਨ, ਜੱਫੀਆਂ ਨਾਲ ਕਾਬੂ ਨਹੀਂ ਆਉਂਦੇ ਇਹ ਅਖਾਣ ਵਿਗੜੇ ਹੋਏ ਵਿਅਕਤੀਆਂ ਦੇ ਸਬੰਧ ਵਿੱਚ ਬੋਲਿਆ ਜਾਂਦਾ ਹੈ ਕਿ ਮੁੱਢ-ਮੂਲ ਤੋਂ ਬੁਰੇ ਅਤੇ ਵਿਗੜੇ ਹੋਏ ਵਿਅਕਤੀ ਸਖਤੀ ਬਿਨਾ ਸੂਤ ਨਹੀਂ ਆਉਂਦੇ। ਇਸ ਦੇ ਲਈ ਇੱਕ ਅਖਾਣ ਲੱਤਾਂ ਦੇ ਭੂਤ ਗੱਲਾਂ ਨਾਲ ਨਹੀਂ ਮੰਨਦੇ ਵੀ ਬੋਲਿਆ ਜਾਂਦਾ ਹੈ।
  29. ਸੰਗਿ ਨਾ ਕੋਈ ਭਈਆ ਬੇਬਾਅਰਥ ਬਾਕੀ ਹੈ 
  30. ਸੰਘੋਂ ਹੇਠਾਂ ਹੋਆ, ਕਿਆ ਗੁੜ ਕਿਆ ਗੋਹਾਇਸ ਅਖਾਣ ਦੇ ਅਰਥ ਅਨੁਸਾਰ ਖਾਣ ਵਾਲੇ ਸਾਰੇ ਚੰਗੇ ਅਤੇ ਬੁਰੇ ਪਦਾਰਥਾਂ ਦਾ ਸਵਾਦ ਸਿਰਫ ਜੀਭ ਤੱਕ ਹੀ ਸੀਮਤ ਹੁੰਦਾ ਹੈ। ਜਦੋਂ ਕੋਈ ਖਾਧੀ ਹੋਈ ਚੀਜ਼ ਜੀਭ ਤੋਂ ਅੱਗੇ ਜਾਂ ਸੰਘ ਤੋਂ ਹੇਠਾਂ ਚਲੇ ਜਾਂਦੀ ਹੈ ਤਾਂ ਸਾਰੇ ਸਵਾਦ ਖਤਮ ਹੋ ਜਾਂਦੇ ਹਨ।
  31. ਸੰਘੋਂ ਲੱਥਾ , ਕੀ ਲੱਡੂ ? ਤੇ ਕੀ ਮੱਠਾ? ਉਹੀ ਅਰਥ।
  32. ਸੱਚ ਆਖਿਆਂ ਅੱਧੀ ਲੜਾਈਇਸ ਅਖਾਣ ਦੇ ਅਰਥ ਅਨੁਸਾਰ ਸੱਚ ਸੁਣਨਾ ਕਿਸੇ ਨੂੰ ਵੀ ਪਸੰਦ ਨਹੀਂ ਹੁੰਦਾ ਅਤੇ ਅਨੇਕਾਂ ਵਾਰ ਸੱਚ ਬੋਲਿਆ ਲੜਾਈ ਹੋਣ ਦੇ ਚਾਂਸ ਹੁੰਦੇ ਹਨ।
  33. ਸੱਚ ਆਖਿਆ ਭਾਂਬੜ ਮੱਚੇਇਹ ਅਖਾਣ ਉਦੋਂ  ਬੋਲਿਆ ਜਾਂਦਾ ਹੈ ਜਦੋਂ ਕੋਈ ਮਨੁੱਖ ਸੱਚ ਸੁਣ ਕੇ ਅੱਗ ਬਬੂਲਾ ਹੋ ਜਾਵੇ।
  34. ਸੱਚ ਕਹੇ, ਪਰੇਡੇ ਰਹੇਇਸ ਅਖਾਣ ਦੇ ਅਰਥ ਅਨੁਸਾਰ ਵੀ ਸੱਚ ਬੋਲਣ ਵਾਲਾ ਮਨੁੱਖ ਦੂਜਿਆਂ ਦਾ ਨੇੜ ਹਾਸਲ ਨਹੀਂ ਕਰ ਸਕਦਾ।
  35. ਸੱਚ ਕਮਾਵੇ ਸੋਈ ਕਾਜੀਇਹ ਅਖਾਣ ਸਿੱਖਿਆ ਅਤੇ ਫਲਸਫਾਨਾ ਗਿਆਨ ਦੇਣ ਵਜੋਂ ਬੋਲਿਆ ਜਾਂਦਾ ਹੈ ਕਿ ਸੱਚ ਹੀ ਅਸਲ ਧਰਮ ਹੈ ਅਤੇ ਸੱਚ ਬੋਲਣ ਵਾਲਾ ਮਨੁੱਖ ਹੀ ਅਸਲ ਧਰਮੀ ਹੁੰਦਾ ਹੈ।
  36. ਸੱਚ ਚੰਦਰਮਾ, ਕੂੜ ਅੰਧਾਰਾਜਦੋਂ ਸੱਚ ਦੀ ਮਹਿਮਾ ਗਾਉਣੀ ਹੋਵੇ ਅਤੇ ਝੂਠ ਨੂੰ ਸਭ ਤੋਂ ਵੱਡਾ ਪਾਪ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  37. ਸੱਚ ਦਾਤਾ, ਕੂੜ ਮੰਗਤਾਇਸ ਅਖਾਣ ਵਿੱਚ ਵੀ ਸੱਚ ਦੀ ਮਹਿਮਾ ਦਾ ਗੁਣਗਾਨ ਹੈ ਅਤੇ ਉਸਨੂੰ ਦਾਤਾ ਕਿਹਾ ਗਿਆ ਹੈ ਇਸਦੇ ਉਲਟ ਝੂਠ ਨੂੰ ਮੰਗਤਾ ਦੱਸਿਆ ਗਿਆ ਹੈ।
  38. ਸੱਚ ਦੀ ਸਦਾ ਜੈ, ਝੂਠ ਦੀ ਖੈ ਖੈ ਜਦੋਂ ਇਹ ਦੱਸਣਾ ਹੋਵੇ ਕਿ ਸੱਚ ਬੋਲਣ ਵਾਲੇ ਮਨੁੱਖ ਦੀ ਹਮੇਸ਼ਾ ਜਿੱਤ ਹੁੰਦੀ ਹੈ ਅਤੇ ਝੂਠ ਬੋਲਣ ਵਾਲਾ ਮਨੁੱਖ ਹਮੇਸ਼ਾ ਖੁਆਰ ਹੁੰਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  39. ਸੱਚ ਨਹੀਂ ਕਹਿਣਾ, ਤੇ ਵਹੀਆਂ ਲੈ ਲੈ ਡਹਿਣਾ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਮਨੁੱਖ ਸੱਚ ਨਾਮ ਬੋਲੇ ਅਤੇ ਆਪਣੀ ਗੱਲ ਨੂੰ ਸਹੀ ਸਿੱਧ ਕਰਨ ਲਈ ਹੋਰ ਕਈ ਤਰ੍ਹਾਂ ਦੇ ਅਡੰਬਰ ਕਰੇ।
  40. ਸੱਚ ਨੂੰ ਕੀ ਆਂਚ? ਇਸ ਅਖਾਣ ਦੇ ਅਰਥ ਅਨੁਸਾਰ ਸੱਚ ਨੂੰ ਕੋਈ ਨਹੀਂ ਹਰਾ ਸਕਦਾ।
  41. ਸੱਚ ਮਿਰਚਾਂ, ਝੂਠ ਮਿਸ਼ਰੀ  ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਸੱਚੀ ਗੱਲ ਕਿਸੇ ਨੂੰ ਵੀ ਹਜਮ ਨਹੀਂ ਆਉਂਦਾ ਬਲਕਿ ਝੂਠੀ ਵਾਹਵਾਈ ਹਰ ਕਿਸੇ ਨੂੰ ਚੰਗੀ ਲੱਗਦੀ ਹੈ।
  42. ਸੱਚਾਈ ਸੌ ਪੜਦੇ ਪਾੜਕੇ ਵੀ ਜ਼ਾਹਰਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਸੱਚ ਲੁਕਿਆ ਨਹੀਂ ਰਹਿੰਦਾ ਅਤੇ ਉਹ ਸੌ ਪੜਦਿਆਂ ਵਿੱਚੋਂ ਵੀ ਬਾਹਰ ਆ ਜਾਂਦਾ ਹੈ।
  43. ਸੱਚੀਆਂ ਸੁਣਾਓ ਤਾਂ ਅੰਮਾਂ ਬੋਦੀਆਂ ਪੱਟੇਇਹ ਅਖਾਣ ਵੀ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਉੱਚੇ ਅਹੁਦੇ ਵਾਲੇ ਲੋਕ ਸੱਚ ਬਰਦਾਸ਼ਤ ਨਾ ਕਰਨ ਅਤੇ ਸੱਚ ਬੋਲਣ ਵਾਲੇ ਨੂੰ ਹੀ ਢਾਹੁਣ ਦੀ ਕੋਸ਼ਿਸ਼ ਕਰਨ।
  44. ਸੱਚੀਆਂ ਕਹਿ ਤੇ ਖੁਸ਼ ਰਹਿ ਇਸ ਅਖਾਣ ਦੇ ਅਰਥ ਅਨੁਸਾਰ ਸੱਚ ਬੋਲ ਕੇ ਮਨੁੱਖ ਅੰਦਰੂਨੀ ਅਤੇ ਆਤਮਿਕ ਖੁਸ਼ੀ ਹਾਸਲ ਕਰਦਾ ਹੈ।
  45. ਸਚੁ ਨਾਮ, ਸਾਈਂ ਦਾਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਇਹ ਕਹਿਣਾ ਹੋਵੇ ਕਿ ਸੱਚ ਹੀ ਪਰਮਾਤਮਾ ਦਾ ਸੱਚਾ ਰੂਪ ਹੈ।
  46. ਸੱਚੇ ਮਾਰਗ ਚਲਦਿਆਂ, ਉਸਤਤ ਕਰੇ ਜਹਾਨ। ਇਹ ਅਖਾਣ ਗੁਰਬਾਣੀ ਦੀ ਪੰਕਤੀ ਹੈ ਜਿਸ ਦਾ ਅਰਥ ਹੈ ਕਿ, ਜਦੋਂ ਮਨੁੱਖ ਸਹੀ ਮਾਇਨਿਆਂ ਵਿੱਚ ਸੱਚ ਦੇ ਮਾਰਗ ਤੇ ਤੁਰ ਪੈਂਦਾ ਹੈ ਤਾਂ ਸਮੁੱਚਾ ਜਹਾਨ ਉਸਦੀ ਉਸਤਤ ਕਰਨ ਲੱਗ ਜਾਂਦਾ ਹੈ।
  47. ਸੱਜਣ ਆਏ ਅੱਧੀ ਰਾਤ, ਦਿਲ ਸਰ੍ਹਾਂਦੀ ਵਾਟੋਵਾਟ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਸੱਜਣ-ਪਿਆਰਾ ਸਮੇਂ ਸਿਰ ਨਾ ਆਵੇ, ਭਾਵ ਲੇਟ ਆਵੇ ਅਤੇ ਆਉਣ ਦਾ ਮਕਸਦ ਵੀ ਠੀਕ ਤਰ੍ਹਾਂ ਨਾਲ ਪੂਰਾ ਨਾ ਹੋਵੇ।
  48. ਸੱਜਣ ਛੋੜੀਐ ਰੰਗ ਸਿਉਂ ਬਹੁਰ ਵੀ ਆਵੇ ਕੰਮ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਇਹ ਸਿੱਖਿਆ ਦੇਣੀ ਹੋਵੇ ਕਿ ਕਿਸੇ ਵੀ ਸੱਜਣ-ਮਿੱਤਰ ਨਾਲ ਤੋੜ ਵਿਛੋੜਾ ਗੁੱਸੇ ਵਿੱਚ ਨਹੀਂ ਕਰਨਾ ਚਾਹੀਦਾ ਬਲਕਿ ਹੋਸ਼ੋ ਹਵਾਸ ਵਿਚ ਰਹਿੰਦਿਆਂ ਹੋਇਆਂ ਅਤੇ ਸਹਿਮਤੀ ਨਾਲ ਉਸ ਨੂੰ ਛੱਡਣਾ ਚਾਹੀਦਾ ਹੈ ਤਾਂ ਕੇ ਭਵਿੱਖ ਵਿੱਚ ਉਸ ਨਾਲ ਮਿਲਣ-ਵਰਤਣ ਜੋਗੇ ਰਹਿ ਸਕੀਏ।
  49. ਸੱਜਣ ਤਾਂ ਅੱਖਾਂ ਵਿੱਚ ਵੀ ਸਮਾ ਜਾਂਦੇ ਨੇ ਪਰ ਵੈਰੀ ਵਿਹੜੇ ਵਿੱਚ ਵੀ ਨਹੀਂ ਸਮਾਉਂਦੇਇਹ ਅਖਾਣ ਮਿੱਤਰ ਪਿਆਰਿਆਂ ਨੂੰ ਪਿਆਰ ਜਤਾਉਣ ਲਈ ਅਤੇ ਦੁਸ਼ਮਣਾਂ ਨੂੰ ਗੁੱਸੇ ਦਾ ਪ੍ਰਗਟਾਵਾ ਕਰਨ ਲਈ ਬੋਲਿਆ ਜਾਂਦਾ ਹੈ।
  50. ਸੱਜਣ ਭਲੇ, ਸੁਵੇਲੜੇ ਆਏਇਹ ਅਖਾਣ ਵੇ ਮਿੱਤਰ ਪਿਆਰੇ ਦਾ ਧੰਨਵਾਦੀ ਹੋਣ ਲਈ ਬੋਲਿਆ ਜਾਂਦਾ ਹੈ। ਅਖਾਣ ਦੇ ਅਰਥ ਅਨੁਸਾਰ ਸੱਜਣ ਉਹੀ ਚੰਗਾ ਲੱਗਦਾ ਹੈ ਜੋ ਸਮੇਂ ਸਿਰ ਆ ਜਾਵੇ।
  51. ਸੰਜਮ ਕਰਕੇ ਖਾਹ, ਨੱਕ ਦੀ ਸੇਧੇ ਜਾ, ਫਿਰ ਕੀਹਦੀ ਪਰਵਾਹਇਹ ਅਖਾਣ ਵੀ ਸਿੱਖਿਆ ਦੇਣ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਨੂੰ ਘੱਟ ਖਾਣ ਦੀ, ਅਤੇ ਸਿੱਧ-ਪੱਧਰਾ ਜੀਵਨ ਜਿਉਣ ਦੀ ਤਾਕੀਦ ਕਰਨੀ ਹੋਵੇ ਅਤੇ ਦੱਸਣਾ ਹੋਵੇ ਕਿ ਘੱਟ ਖਾਣ ਨਾਲ ਅਨੇਕਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
  52. ਸੱਜਰੀ ਨਾ ਬੇਹੀ, ਤੇ ਹਮੇਸ਼ ਇੱਕੋ ਜੇਹੀ ਇਹ ਅਖਾਣ ਵੀ ਵਿਅੰਗ ਵਜੋਂ ਉਸ ਵਿਅਕਤੀ ਲਈ ਬੋਲਿਆ ਜਾਂਦਾ ਹੈ ਜੋ ਕਿਸੇ ਖੁਸ਼ੀ ਗਮੀ ਜਾਂ ਵੇਲੇ ਕਵੇਲੇ ਆਪਣਾ ਵਿਹਾਰ ਨਾ ਬਦਲੇ ਅਤੇ ਹਮੇਸ਼ਾ ਪਥਰੀਲਾ ਸੁਭਾਅ ਧਾਰਨ ਕਰੀ ਰੱਖੇ।
  53. ਸੱਜਾ ਧੋਵੇ ਖੱਬੇ ਨੂੰ, ਤੇ ਖੱਬਾ ਸੱਜੇ ਨੂੰਇਸ ਅਖਾਣ ਦੇ ਅਰਥ ਅਨੁਸਾਰ ਮਨੁੱਖ ਹੀ ਮਨੁੱਖ ਦੇ ਕੰਮ ਆਉਂਦਾ ਹੈ ਅਤੇ ਅਸੀਂ ਸਾਰੇ ਇੱਕ ਦੂਜੇ ਤੇ ਨਿਰਭਰ ਹੁੰਦੇ ਹਾਂ।
  54. ਸੱਠਾਂ ਛੇਆਂ ਦੀ ਨਹੀਂ ਚੱਲਦੀਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਇਹ ਦੱਸਣਾ ਹੋਵੇ ਕਿ ਬਹੁ ਗਿਣਤੀ ਦੇ ਸਾਹਮਣੇ ਘੱਟ ਗਿਣਤੀ ਦਾ ਜੋਰ ਨਹੀਂ ਚਲਦਾ ਉਹ ਘੱਟ ਗਿਣਤੀ ਭਾਵੇਂ ਕਿੰਨੀ ਵੀ ਕੀਮਤੀ ਕਿਉਂ ਨਾ ਹੋਵੇ।
  55. ਸੱਠੀ ਪੱਕੇ ਸੱਠੀਂ ਦਿਨੀਂ, ਜੇ ਪਾਣੀ ਮਿਲੇ ਅੱਠੀਂ ਦਿਨੀਂ ਇਹ ਅਖਾਣ ਸੱਠੀ ਫਸਲ ਲਈ ਬੋਲਿਆ ਜਾਂਦਾ ਹੈ ਕਿ ਸੱਠੀ ਫਸਲ ਨੂੰ ਨਿਯਮਤ ਢੰਗ ਨਾਲ ਪਾਣੀ ਦੀ ਵੀ ਜਰੂਰਤ ਹੁੰਦੀ ਹੈ।
  56. ਸੰਢੇ ਅੱਗੇ ਬੰਸਰੀਜਦੋਂ ਕਿਸੇ ਬੰਦੇ ਉੱਤੇ ਕਿਸੇ ਵੀ ਗੱਲ ਦਾ ਕੋਈ ਅਸਰ ਨਾ ਹੁੰਦਾ ਹੋਵੇ ਤਾਂ ਇਹ ਅਖਾਣ ਵਿਅੰਗ ਵਜੋਂ ਬੋਲਿਆ ਜਾਂਦਾ ਹੈ।
  57. ਸਤ ਡਿੱਗਿਆ, ਜਹਾਨ ਡਿੱਗਿਆਇਹ ਅਖਾਣ ਜਤ ਸਤ ਦਾ ਉਪਦੇਸ਼ ਦੇਣ ਵਜੋਂ ਬੋਲਿਆ ਜਾਂਦਾ ਹੈ ਅਖਾਣ ਦੇ ਅਰਥ ਅਨੁਸਾਰ ਜੇਕਰ ਮਨੁੱਖ ਦਾ ਜਤ ਭੰਗ ਹੋ ਜਾਵੇ ਤਾਂ ਸਮਝੋ ਉਸਦਾ ਸਭ ਕੁਝ ਭੰਗ ਹੋ ਜਾਂਦਾ ਹੈ।
  58. ਸੱਤ ਪੱਤਣਾਂ ਦਾ ਤਾਰੂਇਹ ਅਖਾਣ ਬਹੁਗੁਣੀ, ਤਜ਼ਰਬੇਕਾਰ ਅਤੇ ਹਰਫਨ ਮੌਲਾ ਮਨੁੱਖ ਦੀ ਮਹਿਮਾ ਕਰਨ ਵਜੋਂ ਬੋਲਿਆ ਜਾਂਦਾ ਹੈ।
  59. ਸੱਤ ਪੀੜੀਆਂ, ਦੋਹਤਾ ਵੈਰੀਸਾਡੇ ਸਮਾਜ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਦੋਹਤਾ ਕਦੇ ਵੀ ਨਾਨਕਿਆਂ ਦਾ ਸਕਾ ਨਹੀਂ ਹੁੰਦਾ। ਇਹ ਅਖਾਣ ਹਾਸੇ ਠੱਠੇ ਵਜੋਂ ਵੀ ਇਸ ਅਖਾਣ ਨੂੰ ਬੋਲਿਆ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਦੋਹਤਾ ਤਾਂ ਸੱਤ ਪੀੜੀਆਂ ਦਾ ਵੀ ਸਖਾ ਨਹੀਂ ਹੁੰਦਾ।
  60. ਸੱਤ ਰੋਟੀਆਂ, ਕੁੱਜਾ ਲੱਸੀ ਦਾ, ਅਜੇ ਮੇਰਾ ਪੁੱਤ ਠੀਕ ਨਹੀਂਇਹ ਅਖਾਣ ਵਿਅੰਗ ਵਜੋਂ ਉਸ ਵਿਅਕਤੀ ਲਈ ਬੋਲਿਆ ਜਾਂਦਾ ਹੈ ਜੋ ਖਾਣ-ਪੀਣ ਦੇ ਮਾਮਲੇ ਵਿੱਚ ਤਾਂ ਢਿਲ ਨਾ ਕਰੇ ਪਰ ਉਝ ਕੇ ਉਸ ਦੀ ਸਿਹਤ ਠੀਕ ਨਹੀਂ ਹੈ।
  61. ਸੱਤਰ ਹੋਵੇ ਚਾਨਣੀ, ਦਿਨ ਵਰਗੀ ਨਹੀਂ ਰੀਸਇਹ ਅਖਾਣ ਦਿਨ ਅਤੇ ਰਾਤ ਦਾ ਫਰਕ ਦਰਸਾਉਣ ਲਈ ਬੋਲਿਆ ਜਾਂਦਾ ਹੈ। ਅਖਾਣ ਦੇ ਅਰਥ ਅਨੁਸਾਰ ਦਿਨ ਅਤੇ ਰਾਤ ਦਾ ਕੋਈ ਮੁਕਾਬਲਾ ਨਹੀਂ । ਰਾਤ ਭਾਵੇਂ ਕਿੰਨੀ ਵੀ ਚਾਨਣੇ ਕਿਉਂ ਨਾ ਹੋਵੇ ਪਰ ਦਿਨ, ਦਿਨ ਹੀ ਹੈ ਹੁੰਦਾ ਹੈ।
  62. ਸਤੀ ਦੇ, ਸੰਤੋਖੀ ਖਾਏ ਇਹ ਅਖਾਣ ਫਲਸਫਾਨਾ ਗਿਆਨ ਦੇਣ ਵਜੋਂ ਬੋਲਿਆ ਜਾਂਦਾ ਹੈ। ਅਖਾਣ ਦੇ ਅਰਥ ਅਨੁਸਾਰ ਸਤ ਦੇ ਵਿੱਚ ਰਹਿ ਕੇ ਜੀਵਿਆ ਜੀਵਨ ਹਰ ਪਾਸੇ ਸੰਤੋਖ ਪੈਦਾ ਕਰਨ ਦਾ ਸਾਧਨ ਬਣਦਾ ਹੈ।
  63. ਸੰਤੋਖ ਦਾ ਸੁੱਖ ਸਭ ਤੋਂ ਵੱਡਾਇਹ ਅਖਾਣ ਸੰਤੋਖ ਅਤੇ ਸੰਤੁਸ਼ਟੀ  ਦਾ ਗਿਆਨ ਦੇਣ ਵਜੋਂ ਬੋਲਿਆ ਜਾਂਦਾ ਹੈ। ਅਖਾਣ ਦੇ ਅਰਥ ਅਨੁਸਾਰ ਸੰਤੋਖ ਹੀ ਸਭ ਤੋਂ ਵੱਡਾ ਸੁਖ ਹੁੰਦਾ ਹੈ।
  64. ਸੰਤੋਖੀ ਸਦਾ ਸੁਖੀਅਖਾਣ ਦੇ ਅਰਥ ਅਨੁਸਾਰ ਸਬਰ ਅਤੇ ਸੰਤੋਖ ਵਿੱਚ ਰਹਿਣ ਵਾਲਾ ਮਨੁੱਖ ਹਮੇਸ਼ਾ ਸੁਖੀ ਰਹਿੰਦਾ ਹੈ।
  65. ਸਦਾਂ ਤਾ ਖੂਹ ਵੀ ਲਵੇਰੇ ਨਹੀਂ ਰਹਿੰਦੇਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਨੂੰ ਦੱਸਣਾ ਹੋਵੇ ਕਿ ਸਾਰੀ ਉਮਰ ਕੋਈ ਕਿਸੇ ਦੇ ਲਈ ਮਦਦਗਾਰ ਨਹੀਂ ਹੋ ਸਕਦਾ ਅਤੇ ਉਸ ਦੀ ਵੀ ਮਦਦ ਕਰਨ ਦੀ ਇੱਕ ਸੀਮਾ ਸਮਰੱਥਾ ਹੁੰਦੀ ਹੈ। ਇਸ ਅਖਾਣ ਦੇ ਅਰਥ ਅਨੁਸਾਰ ਪੈਦਾਵਾਰ ਦਾ ਹਰ ਇੱਕ ਸਰੋਤ ਇਨਾ ਬੇਅੰਤ ਨਹੀਂ ਹੁੰਦਾ ਕਿ ਉਹ ਕਦੇ ਖਤਮ ਨਾ ਹੋਵੇ। ਕੋਈ ਸਰੋਤ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ ਇੱਕ ਨਾ ਇੱਕ ਦਿਨ ਤਾਂ ਉਹ ਮੁੱਖ ਹੀ ਜਾਂਦਾ ਹੈ।
  66. ਸਦਾਂ ਨਾ ਬਾਗ਼ੀਂ ਬੁਲਬੁਲ ਬੋਲੇ, ਸਦਾ ਨਾ ਮੌਜ ਬਹਾਰਾਂ ਇਹ ਅਖਾਣ ਜੀਵਨ ਦੇ ਰੰਗਲੇ ਦਿਨ ਹਮੇਸ਼ਾ ਨਹੀਂ ਰਹਿੰਦੇ ਦੱਸਣ ਵਜੋਂ ਬੋਲਿਆ ਜਾਂਦਾ ਹੈ। ਅਖਾਣ ਦੇ ਅਰਥ ਅਨੁਸਾਰ ਮਨੁੱਖ ਉੱਤੇ ਨਾ ਤਾਂ ਹਮੇਸ਼ਾ ਜਵਾਨੀ ਰਹਿੰਦੀ ਹੈ ਅਤੇ ਨਾ ਹੀ ਹਮੇਸ਼ਾ ਉਸਦਾ ਹੁਕਮ ਚਲਦਾ ਹੈ ਅਤੇ ਨਾ ਹੀ ਹਮੇਸ਼ਾ ਉਹ ਮੌਜਾਂ ਲੁੱਟ ਸਕਦਾ ਹੈ।
  67. ਸਦਾ ਭਵਾਨੀ, ਚੱਪੇ ਜਿੰਨੀਅਰਥ ਬਾਕੀ ਹੈ।
  68. ਸੱਦਿਆ ਪੈਂਚ, ਅਣਸੱਧਿਆ ਭੜੂਆਇਹ ਅਖਾਣ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ। ਅਖਾਣ ਦੇ ਅਰਥ ਅਨੁਸਾਰ ਬੁਲਾਵਾ ਭੇਜ ਕੇ ਸੱਦੇ ਹੋਏ ਮਨੁੱਖ ਦੀ ਹੀ ਕਦਰ ਹੁੰਦੀ ਹੈ ਅਤੇ ਜਿਸ ਨੂੰ ਨਹੀਂ ਸੱਦਿਆ ਗਿਆ ਉਸਦੀ ਬੇਕਦਰੀ ਹੀ ਹੁੰਦੀ ਹੈ।
  69. ਸੱਦੀ ਨਾ ਬੁਲਾਈ, ਤੇ ਮੁੰਡੇ ਦੀ ਭੂਆ ਆਈ ਇਹ ਅਖਾਣ ਵੀ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਬਿਨਾਂ ਸੱਦੇ ਅਤੇ ਬੁਲਾਏ ਕਿਸੇ ਥਾਂ ਉੱਤੇ ਪਹੁੰਚ ਜਾਵੇ ਅਤੇ ਆਪਣਾ ਖਾਸ ਹੋਣ ਦਾ ਵਿਖਾਵਾ ਕਰੇ।
  70. ਸੱਦੀ ਨਾ ਬੁਲਾਈ, ਤੇ ਮੈਂ ਲਾੜੇ ਦੀ ਤਾਈਉਹੀ ਅਰਥ 
  71. ਸੱਦੇ ਬਿਨਾਂ ਜਾਈਏ ਨਾ, ਤੇ ਪਰੀਠੇ ਬਿਨਾ ਖਾਈਏ ਨਾ ਇਸ ਅਖਾਣ ਦੇ ਅਰਥ ਅਨੁਸਾਰ ਵੀ ਬਿਨਾਂ ਸੱਦੇ ਅਤੇ ਬੁਲਾਵੇ ਦੇ ਸਾਨੂੰ ਕਿਸੇ ਥਾਂ ਉੱਤੇ ਨਹੀਂ ਜਾਣਾ ਚਾਹੀਦਾ। ਇਸੇ ਤਰ੍ਹਾਂ ਕਿਸੇ ਦੇ ਘਰ ਜਦ ਤੱਕ ਕੋਈ ਖਾਣਾ ਪਰੋਸ ਕਿ ਨਹੀਂ ਦਿੰਦਾ ਤਾਂ ਸਾਨੂੰ ਧੱਕੇ ਨਾਲ ਖਾਣ ਦੀ ਵੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।
  72. ਸੱਪ ਕੁੰਜ ਛੱਡੇ ਪਰ ਬਿਖ ਨਾ ਛੱਡੇਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਦੁਸ਼ਮਣ ਭਾਵੇਂ ਲੱਖ ਆਪਣਾ ਬਣ ਬਣ ਕੇ ਦਿਖਾਵੇ ਪਰ ਉਹ ਅੰਦਰੋਂ ਖਾਰ ਨਹੀ ਛੱਡਦਾ।
  73. ਸੱਪ ਤੇ ਚੋਰ ਦਾ ਭੈਅ ਹੀ ਬੁਰਾਇਸ ਅਖਾਣ ਦੇ ਅਰਥ ਅਨੁਸਾਰ ਸੱਪ ਅਤੇ ਚੋਰ ਦੋਹਾਂ ਦਾ ਡਰ ਅਤੇ ਭੈਅ ਬਹੁਤ ਹੁੰਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਅਤੇ ਇਹ ਸੱਚਾਈ ਹੈ। ਜੇਕਰ ਤੱਥਾਂ ਤੇ ਝਾਤੀ ਮਾਰੀਏ ਤਾਂ ਦੁਨੀਆ ਭਰ ਵਿੱਚ ਸੱਪ ਦੇ ਡੰਗ ਨਾਲ ਹੋਣ ਵਾਲੀਆਂ ਮੌਤਾਂ ਇਸ ਕਰਕੇ ਨਹੀਂ ਹੁੰਦੀਆਂ ਕਿ ਮਨੁੱਖ ਦੇ ਸਰੀਰ ਵਿੱਚ ਚਲਿਆ ਗਿਆ ਹੈ ਬਲਕਿ ਸੱਚਾਈ ਇਹ ਹੈ ਕਿ ਜਿਆਦਾਤਰ ਸੱਪ ਜਹਰੀਲੇ ਨਹੀਂ ਹੁੰਦੇ। ਵਧੇਰੇ ਮੌਤਾਂ ਇਸ ਕਰਕੇ ਹੁੰਦੀਆਂ ਹਨ ਕਿ ਸੱਪ ਕੋਲੋਂ ਡੰਗਿਆ ਜਾਣ ਵਾਲਾ ਮਨੁੱਖ ਇਨਾ ਜਿਆਦਾ ਭੈਭੀਤ ਹੋ ਜਾਂਦਾ ਹੈ ਕਿ ਜਾਂ ਤਾਂ ਉਸ ਦਾ ਹਾਰਟ ਫੇਲ ਹੋ ਜਾਂਦਾ ਹੈ ਜਾਂ ਬਰੇਨ।
  74. ਸੱਪ ਦਾ ਖਾਧਾ ਬਚੇ, ਨਜ਼ਰਾਂ ਦਾ ਖਾਧਾ ਨਾ ਬਚੇਸਾਡੇ ਸਮਾਜ ਵਿੱਚ ਮੰਨਿਆ ਜਾਂਦਾ ਹੈ ਕਿ ਬੁਰੀ ਨਜ਼ਰ ਤਾਂ ਪੱਥਰ ਵੀ ਪਾੜ ਦਿੰਦੀ ਹੈ। ਇਸ ਲਈ ਜਦੋਂ ਇਹ ਦੱਸਣਾ ਹੋਵੇ ਕਿ ਕੋਈ ਕੰਮ ਜਾਂ ਨੁਕਸਾਨ ਕਿਸੇ ਦੀ ਬੁਰੀ ਨਜ਼ਰ ਲੱਗਣ ਨਾਲ ਹੋਇਆ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  75. ਸੱਪ ਦੇ ਸਾਹਮਣੇ, ਦੀਵਾ ਨਹੀਂ ਬਲ਼ਦਾਜਦੋਂ ਇਹ ਦੱਸਣਾ ਹੋਵੇ ਕਿ ਸ਼ੈਤਾਨ ਅਤੇ ਬੁਰੇ ਲੋਕਾਂ ਦੇ ਸਾਹਮਣੇ ਟਿਕਣਾ ਸੌਖਾ ਨਹੀਂ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  76. ਸੱਪ ਦੇ ਬੱਚੇ, ਸਪੋਲੀਏ ਜਦੋਂ ਕੋਈ ਵਿਅਕਤੀ ਬੁਰਾ ਹੋਵੇ ਅਤੇ ਉਸ ਦੇ ਬੱਚੇ ਵੀ ਉਸ ਵਾਂਗ ਹੀ ਬੁਰੇ ਹੋਣ ਅਤੇ ਉਸ ਦੀਆਂ ਪੈੜਾਂ ਤੇ ਚਲਦੇ ਹੋਣ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  77. ਸੱਪ ਦੇ ਮੂੰਹ ਕੋਹੜ ਕਿਰਲੀ, ਖਾਵੇ ਤਾਂ ਕੋਹੜੀ, ਛੱਡੇ ਤਾਂ ਕਲੰਕੀਜਦੋਂ ਕੋਈ ਵਿਅਕਤੀ ਗਲਤ ਬੰਦਾ ਅਜਿਹੀ ਬੁਰੀ ਸਥਿਤੀ ਵਿੱਚ ਫਸ ਜਾਵੇ ਜਿੱਥੋਂ ਨਿਕਲਣ ਨੂੰ ਕੋਈ ਰਾਹ ਨਾ ਹੋਵੇ ਅਤੇ ਨੁਕਸਾਨ ਵੀ ਤੈਅ ਹੋਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  78. ਸੱਪ ਨੂੰ ਸੱਪ ਲੜੇ, ਤੇ ਜ਼ਹਿਰ ਕਿਹਨੂੰ ਚੜ੍ਹੇਇਹ ਅਖਾਣ ਵੀ ਵਿਅੰਗ ਵਜੋਂ ਦੋ ਬਰੇ ਵਿਅਕਤੀਆਂ ਦੇ ਲਈ ਬੋਲਿਆ ਜਾਂਦਾ ਹੈ ਜੋ ਆਪਸ ਵਿੱਚ ਬੁਰੀ ਤਰ੍ਹਾਂ ਲੜ ਰਹੇ ਹੋਣ ਪਰ ਇੱਕ ਦੂਜੇ ਕੋਲੋਂ ਬਚਣ ਦਾ ਤੋੜ ਦੋਹਾਂ ਕੋਲੇ ਹੀ ਹੋਵੇ।
  79. ਸੱਪ ਵੀ ਮਰ ਜਾਏ, ਤੇ ਲਾਠੀ ਵੀ ਨਾ ਟੁੱਟੇ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਵਿਅਕਤੀ ਕਿਸੇ ਬੁਰੀ ਸ਼ਕਤੀ ਨਾਲ ਲੜ ਕੇ ਉਸ ਨੂੰ ਮਾਰ ਦੇਵੇ ਅਤੇ ਉਸ ਦਾ ਖੁਦ ਦਾ ਵਾਲ ਵੀ ਵਿੰਗਾ ਨਾ ਹੋਵੇ।
  80. ਸੱਪ, ਸ਼ੀਂਹ, ਫਕੀਰ ਦਾ ਦੇਸ਼ ਕੇਹਾ। ਅਖਾਣ ਦੇ ਅਰਥ ਅਨੁਸਾਰ ਸੱਪ, ਸ਼ੇਰ ਅਤੇ ਫਕੀਰ ਲੋਕ ਕਿਸੇ ਇਕ ਜਗ੍ਹਾ ਤੇ ਜਾਂ ਕਿਸੇ ਇੱਕ ਦੇਸ਼ ਵਿੱਚ ਨਹੀਂ ਰਹਿੰਦੇ। ਇਹ ਹਮੇਸ਼ਾ ਘੁੰਮਦੇ ਰਹਿੰਦੇ ਹਨ ਅਤੇ ਥਾਂ ਬਦਲਦੇ ਰਹਿੰਦੇ ਹਨ।
  81. ਸੱਪ,
    ਸੁਨਿਆਰਾ, ਸ਼ਾਹਣੀ ਨਾਲੇ ਸਭਰਵਾਲ, ਭਾਵੇਂ ਕੁਠਾਲੀਓਂ ਕੱਢ ਧਰੋ, ਕਦੇ ਨਾ ਹੋਵਣ ਸਾਲੁ
    ਇਸ ਅਖਾਣ ਵਿੱਚ ਕੁਝ ਜਾਤਾਂ ਦੇ ਨਾਲ ਵਿਹਾਰ ਕਰਨ ਵੇਲੇ ਸੁਚੇਤ ਕਰਨ ਦੀ ਗੱਲ ਆਖੀ ਗਈ ਹੈ।
  82. ਸੱਪਾਂ ਦਾ ਡੰਗਿਆ ਸੇਹਲੀਆਂ ਤੋਂ ਵੀ ਡਰੇਜਦੋਂ ਕਿਸੇ ਮਨੁੱਖ ਦਾ ਬਹੁਤ ਵੱਡਾ ਨੁਕਸਾਨ ਹੋਣ ਤੋਂ ਬਾਅਦ ਉਹ ਛੋਟੇ ਮੋਟੇ ਨੁਕਸਾਨ ਤੋਂ ਵੀ ਡਰ ਅਤੇ ਭੈ ਖਾਣ ਲੱਗ ਜਾਵੇ ਹੈ ਤਾਂ ਇਹ ਅਖਾਣ ਵਰਤਿਆ ਜਾਂਦਾ ਹੈ।
  83. ਸੱਪਾਂ ਦੇ ਪੁੱਤ ਮਿੱਤ ਨਾ ਬਣਦੇ, ਭਾਵੇਂ ਚੁੱਲੀਆਂ ਦੁੱਧ ਪਿਆਈਏਜਦੋਂ ਕਿਸੇ ਮਨੁੱਖ ਨੂੰ ਕਿਸੇ ਚਾਲਬਾਜ ਮਨੁੱਖ ਪ੍ਰਤੀ ਸੁਚੇਤ ਕਰਨਾ ਹੋਵੇ ਤਾਂ ਇਹ ਅਖਾਣ ਵਰਤਿਆ ਜਾਂਦਾ ਹੈ ਅਤੇ ਦੱਸਿਆ ਜਾਂਦਾ ਹੈ ਕਿ ਉਸ ਚਾਲਬਾਜ਼ ਮਨੁੱਖ ਨਾਲ ਕੀਤੀ ਹੋਈ ਮਿੱਤਰਤਾ ਦਾ ਕੋਈ ਲਾਭ ਨਹੀਂ ਆਖਿਰਕਾਰ ਉਹ ਸੱਪ ਵਾਂਗੂ ਡੰਗ ਹੀ ਮਾਰੇਗਾ।
  84. ਸੱਪਾਂ ਦੇ ਪੁੱਤਰ ਕਦੇ ਨਾ ਹੁੰਦੇ ਮਿੱਤਰ ਇਸ ਅਖਾਣ ਦੇ ਅਰਥ ਅਨੁਸਾਰ ਵੀ ਬੁਰਾ ਅਤੇ ਵਹਿਸ਼ੀ ਮਨੁੱਖ ਕਿਸੇ ਦਾ ਮਿੱਤਰ ਨਹੀਂ ਬਣਦਾ ਅਤੇ ਉਹ ਸੱਪ ਵਾਂਗ ਡੰਗ ਵੀ ਮਾਰਦਾ ਹੈ।
  85. ਸੱਪੀਂ ਦੁੱਧ ਪਿਆਈਏ, ਕਦੇ ਨਾ ਹੁੰਦੇ ਮਿੱਤ ਉਹੀ ਅਰਥ 
  86. ਸਬਜ਼ਭਾਜੀ ਤੇ ਸੁੱਕੀ ਮੜ੍, ਵਾਹ ਸ਼ਾਦੀ ਦਾ ਖਾਣਾ ਜਦੋਂ ਵਿਆਹ ਵਿੱਚ ਚੰਗਾ ਰੋਟੀ ਪਾਣੀ ਨਾ ਮਿਲੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  87. ਸਬਜ਼ਾ ਪਿਆ ਸਵੇਰ, ਹਾਲੀਆ ਹਲ਼ ਛੇੜ, ਸਬਜ਼ਾ ਪਿਆ ਸੰਝ ਹਾਲੀਆ ਹਲ਼ ਥੰਮ੍ਹ। ਇਸ ਅਖਾਣ ਵਿੱਚ ਸਬਜਾ ਸ਼ਬਦ ਦਾ ਮਤਲਬ ਸਤਰੰਗੀ ਪੀਂਘ ਹੈ। ਇਹ ਅਖਾਣ ਕਿਸਾਨੀ ਜੀਵਨ ਅਤੇ ਤਜਰਬੇ ਵਿੱਚੋਂ ਨਿਕਲਿਆ ਹੈ। ਕਿਸਾਨ ਨੂੰ ਇਸ ਵਿੱਚ ਸੰਬੋਧਨ ਕੀਤਾ ਗਿਆ ਹੈ ਕਿ ਜੇਕਰ ਸਵੇਰ ਦੇ ਮੀਂਹ ਤੋਂ ਬਾਅਦ ਸਤਰੰਗੀ ਪੀਂਘ ਪੈ ਜਾਵੇ ਤਾਂ ਦੋਬਾਰਾ ਮੀਹ ਪੈਣ ਦੇ ਚਾਂਸ ਨਹੀਂ ਹੁੰਦੇ ਪਰ ਜੇਕਰ ਸ਼ਾਮ ਨੂੰ ਮੀਂਹ ਪੈਣ ਤੋਂ ਬਾਅਦ ਸਤਰੰਗੀ ਪੀਂਘ ਪਵੇ ਤਾਂ ਦੁਬਾਰਾ ਪੈਣ ਦੇ ਚਾਂਸ ਹੁੰਦੇ ਹਨ। ਇਸ ਅਖਾਣ ਵਿੱਚ ਕਿਸਾਨ ਨੂੰ ਦੱਸਿਆ ਗਿਆ ਹੈ ਕਿ ਜੇਕਰ ਸਵੇਰ ਦੇ ਮੀਹ ਤੋਂ ਬਾਅਦ ਸਤਰੰਗੀ ਪੀਂਘ ਪੈ ਗਈ ਹੈ ਤਾਂ ਉਹ ਹਲ ਵਾਹ ਸਕਦਾ ਹੈ ਪਰ ਜੇਕਰ ਸ਼ਾਮ ਵੇਲੇ ਮੀਂਹ ਪੈਣ ਤੋਂ ਬਾਅਦ ਸਤਰੰਗੀ ਪੀਂਘ ਪਈ ਹੈ ਤਾਂ ਹਲ਼ ਨੂੰ ਰੋਕ ਦੇਣਾ ਚਾਹੀਦਾ ਹੈ।
  88. ਸਬਰ ਨਣਾਨਾਂ ਨੂੰ, ਮੈਂ ਹਾਰ ਕੇ ਚੱਕੀ ਨੂੰ ਹੱਥ ਲਾਇਆ ਜਦੋਂ ਕੋਈ ਮੁਖੀ ਬੰਦਾ ਜਿੰਮੇਵਾਰੀ ਨਾ ਨਿਭਾਵੇ ਅਤੇ ਕਿਸੇ ਨਵੇਂ ਨਵੇਲੇ ਨੂੰ ਜਾਂ ਹੋਰ ਵਿਅਕਤੀ ਨੂੰ ਉਹ ਜਿੰਮੇਵਾਰੀ ਨਿਭਾਉਣੀ ਪਵੇ ਤਾਂ ਮਖੌਲ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। ਇਸ ਅਖਾਣ ਵਿੱਚੋਂ ਸਾਡੇ ਪੰਜਾਬੀ ਸੱਭਿਆਚਾਰ ਦੇ ਨਨਾਣ ਭਰਜਾਈ ਦੇ ਰਿਸ਼ਤੇ ਅਤੇ ਉਹਨਾਂ ਵਿਚਲੀ ਕਸ਼ਮਕਸ਼ ਦੀ ਵਿਸ਼ੇਸ਼ ਝਲਕ ਵੀ ਮਿਲਦੀ ਹੈ।
  89. ਸਭ ਚਲਦਿਆਂ ਦੇ ਯਾਰਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਦੁਨੀਆ ਸਿਰਫ ਕਾਮਯਾਬ ਲੋਕਾਂ ਦੀ ਹੀ ਮਿੱਤ ਹੈ। ਡਿੱਗੇ-ਢੱਠੇ ਨੂੰ ਇਥੇ ਕੋਈ ਨਹੀਂ ਪੁੱਛਦਾ।
  90. ਸਭ ਦੁਨੀਆ, ਆਵਣ ਜਾਣੀਆਂਜਾਂ ਸਭਨਾ ਸਹੁਰੇ ਵੰਝਣਾ, ਸਭ ਮੁਕਲਾਵਣਹਾਰਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਇਸ ਦੁਨੀਆ ਦੀ ਨਾਸ਼ਮਾਨਤਾ ਦਾ ਸੁਨੇਹਾ ਦੇਣਾ ਹੋਵੇ। ਇਹ ਗੁਰਬਾਣੀ ਦੀ ਪੰਕਤੀ ਹੈ ਜਿਸ ਦੇ ਅਰਥ ਹਨ ਕਿ ਦੁਨੀਆ ਤੇ ਕੁਝ ਵੀ ਥਿਰ ਨਹੀਂ ਹੈ ਅਤੇ ਸਭਨੀ ਇਥੋਂ ਚਲੇ ਜਾਣਾ ਹੈ।
  91. ਸਭ ਭੇਡਾਂ ਮੂੰਹ ਕਾਲ਼ੀਆਂਜਦੋਂ ਇਹ ਦੱਸਣਾ ਹੋਵੇ ਕਿ ਇਥੇ ਸਾਰੇ ਬੰਦੇ ਹੀ ਭੈੜੇ ਅਤੇ ਕੁਲੱਛਣੇ ਹਨ ਤਾਂ ਇਹ ਅਖਾਨ ਬੋਲਿਆ ਜਾਂਦਾ ਹੈ।
  92. ਸਭਨਾਂ ਦਾ ਸਿਰ ਗੁੰਦਿਆ, ਗੰਜੀ ਗੁਰੜਾਵੇਇਹ ਅਖਾਣ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਭਾਈਚਾਰੇ ਦੇ ਬਾਕੀ ਲੋਕ ਤਾਂ ਬਣ ਠਣ ਕੇ ਘੁੰਮ ਰਹੇ ਹੋਣ ਅਤੇ ਖਾਸ ਪ੍ਰਾਪਤੀ ਕਰ ਚੁੱਕੇ ਹੋਣ ਪਰ ਕੋਈ ਇਕ ਅੱਧਾ ਹਮਾਤੜ ਉਹਨਾਂ ਵਿੱਚ ਕਮਲਾ ਰਮਲਾ ਬਣ ਕੇ ਘੁੰਮ ਰਿਹਾ ਹੋਵੇ।
  93. ਸਭਰਾਈਏ ਨੀ ਸਭਰਾਈਏ, ਵੇਲਾ ਬੀਤ ਗਏ ਤੋਂ ਆਈਏ ਇਹ ਅਖਾਣ ਵੀ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਲੋੜ ਵੇਲੇ ਮੌਕੇ ਤੇ ਨਾ ਪਹੁੰਚੇ ਪਰ ਮੌਕੇ ਤੋਂ ਬਾਅਦ ਪਹੁੰਚ ਕੇ ਆਪਣਾ ਆਪ ਵਿਖਾਵੇ।
  94. ਸਭੇ ਖੇਡਾਂ ਖੇਡੀਆਂ, ਘੜਮਿਲ ਵੀ ਖੇਡਣ ਦੇਇਹ ਅਖਾਣ ਦੀ ਹਾਸੇ ਠੱਠੇ ਅਤੇ ਵਿਅੰਗ ਵਜੋਂ ਬੋਲਿਆ ਜਾਂਦਾ ਹੈ ਅਤੇ ਮਿਲਕੇ ਬਹਿਣ ਦੀ ਤਾਕੀਦ ਕੀਤੀ ਜਾਂਦੀ ਹੈ।
  95. ਸਭੈ ਸਾਂਝੀ ਵਾਲ ਸਦਾਇਨਿਇਹ ਅਖਾਣ ਗੁਰਬਾਣੀ ਦੀ ਪੰਕਤੀ ਹੈ ਜਿਸ ਦੇ ਅਰਥ ਹਨ ਕਿ ਸਮੁੱਚੀ ਕਾਇਨਾਤ ਇੱਕ ਪਰਮਾਤਮਾ ਨੇ ਸਾਜੀ ਹੈ ਅਤੇ ਸਭ ਵਿਚ ਉਹੀ ਵਸਦਾ ਹੈ। ਸਾਰੇ ਧਰਮ ਅਤੇ ਜਾਤ ਪਾ ਤ ਸਭ ਇਕੋ ਹੀ ਪਰਮਾਤਮਾ ਦਾ ਵਰਤਾਰਾ ਹੈ।
  96. ਸਮਝ ਲਈ ਗੱਲ, ਸਦਾ ਸੁਖੱਲ ਇਸ ਅਖਾਣ ਦਾ ਅਰਥ ਹੈ ਕਿ ਜੇਕਰ ਮਨੁੱਖ ਆਪਣੇ ਆਲੇ ਦੁਆਲੇ ਨਾਲ ਸੂਝ ਬੂਝ ਅਤੇ ਸਮਝ ਕੇ ਚੱਲੇ ਤਾਂ ਸੌਖਾ ਰਹਿੰਦਾ ਹੈ।
  97. ਸ਼ਮਲਾ ਦੇਖ ਮੈਂ ਡੁੱਲ੍ਹੀ, ਨਾ ਕੁੱਲੀ, ਨਾ ਗੁੱਲੀਜਦੋਂ ਕੋਈ ਕਿਸੇ ਦਾ ਬਾਹਰੀ ਭੇਖ ਅਤੇ ਟੌਹਰ ਟੱਪਾ ਦੇਖ ਕੇ ਉਸ ਉੱਤੇ ਡੁੱਲ੍ਹ ਜਾਵੇ ਪਰ ਉਸ ਦੇ ਪੱਲੇ ਕੁਝ ਨਾ ਹੋਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  98. ਸਮੁੰਦਰ ਪੀ ਕੇ ਵੀ ਬੁੱਲ੍ਹ ਸੁੱਕੇ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਸਭ ਕੁਝ ਖਾ ਪੀ ਕੇ ਵੀ ਕਿਸੇ ਮਨੁੱਖ ਦੀ ਨੀਅਤ ਅਤੇ ਤ੍ਰਿਸ਼ਨਾ ਭੁੱਖੀ ਦੀ ਭੁੱਖੀ ਰਹੇ।
  99. ਸਰਕਾਰ ਨਿਰਾ ਅੰਧਕਾਰ, ਸਾਧੂ ਕੂੜਾ, ਚੋਰ ਸਚਿਆਰ ਜਦੋਂ ਕਿਸੇ ਦੇ ਰਾਜ ਵਿੱਚ ਘੋਰ ਬੇਨਿਜਮੀ ਅਤੇ ਬੇਨਿਆਈ ਹੋ ਰਹੀ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਅਖਾਣ ਦੇ ਅਰਥ ਅਨੁਸਾਰ ਹਰ ਪਾਸੇ ਹਨੇਰਾ ਹੈ ਸਾਧੂਆਂ ਨੂੰ ਝੂਠੇ ਕੀਤਾ ਜਾ ਰਿਹਾ ਹੈ ਅਤੇ ਚੋਰਾਂ ਨੂੰ ਸੱਚੇ ਦੱਸਿਆ ਜਾ ਰਿਹਾ ਹੈ।
  100. ਸਰਕਾਰੋਂ ਤੇਲ ਮਿਲਿਆ, ਜੁੱਤੀ ਪਵਾ ਲਓਇਸ ਅਖਾਣ ਦੇ ਅਰਥ ਅਨੁਸਾਰ ਫਰੀ ਦੀ ਚੀਜ਼ ਹਰ ਹੀਲੇ ਲੈ ਲੈਣੀ ਚਾਹੀਦੀ ਹੈ। ਇਸ ਅਖਾਣ ਨੂੰ ਵਿਅੰਗ ਵਜੋ ਵੀ ਬੋਲਿਆ ਜਾਂਦਾ ਹੈ ਜਦੋਂ ਕੋਈ ਮਨੁੱਖ ਮੁਫਤ ਦੀ ਚੀਜ਼ ਲੈਣ ਖਾਤਰ ਆਪਣੀ ਕਿਸੇ ਕੀਮਤੀ ਚੀਜ਼ ਦਾ ਨੁਕਸਾਨ ਕਰ ਬੈਠੇ।
  101. ਸਰਫਾ ਕਰਕੇ ਸੁੱਤੀ, ਤੇ ਆਟਾ ਲੈ ਗਈ ਕੁੱਤੀਇਹ ਅਖਾਣ ਵੀ ਹਾਸੇ ਠੱਠੇ ਅਤੇ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਮਨੁੱਖ ਸਰਫਾ ਕਰਕੇ ਜੋੜਦਾ ਰਹੇ ਪਰ  ਉਸ ਦੇ ਜਰਾ ਜਿਨੇ ਅਵੇਸਲੇਪਣ ਕਾਰਨ ਉਸਦਾ ਜੋੜਿਆ ਹੋਇਆ ਮਾਲ ਧਨ ਜਾਂਦਾ ਰਹੇ।
  102. ਸਰਬ ਰੋਗ ਕਾ ਅਉਖਦੁ ਨਾਮੁਇਹ ਅਖਾਣ ਗੁਰਬਾਣੀ ਦੀ ਪੰਗਤੀ ਹੈ ਜਿਸ ਦੇ ਅਰਥ ਹਨ ਕਿ ਪਰਮਾਤਮਾ ਦਾ ਨਾਮ ਹਰ ਤਰ੍ਹਾਂ ਦੇ ਸਰੀਰਕ ਸਭ ਮਾਨਸਿਕ ਰੋਗ ਮਿਟਾ ਦਿੰਦਾ ਹੈ।
  103. ਸ਼ਰਾਬ,
    ਖਾਨਾ
    ਖਰਾਬ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਸ਼ਰਾਬ ਸ਼ਰਾਬ ਨਾਲ ਘਰ ਬਾਹਰ ਪੱਟਿਆ ਜਾਂਦਾ ਹੈ।
  104. ਸ਼ਰਾਬੀ ਕਰੇ ਖਰਾਬੀਜਦੋਂ ਇਹ ਦੱਸਣਾ ਹੋਵੇ ਕਿ ਸ਼ਰਾਬ ਪੀਣ ਵਾਲੇ ਬੰਦੇ ਅਕਸਰ ਹੀ ਖਰਾਬੀ ਕਰਦੇ ਹਨ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  105. ਸ਼ਰੀਕ ਉਜੜਿਆ ਵੇਹੜਾ ਮੋਕਲਾਇਸ ਅਖਾਣ ਦੇ ਅਰਥ ਅਨੁਸਾਰ ਸ਼ਰੀਕ ਦੇ ਉਜੜਨ ਦਾ ਕਿਸੇ ਨੂੰ ਦੁੱਖ ਨਹੀਂ ਹੁੰਦਾ ਸਗੋਂ ਖੁਸ਼ੀ ਹੁੰਦੀ ਹੈ ਕਿ ਉਹਨਾਂ ਦਾ ਇੱਕ ਕੰਪੀਟੀਟਰ ਜਾਂ ਵਿਰੋਧੀ ਚਲਾ ਗਿਆ ਹੈ ਅਤੇ ਹੁਣ ਥਾਂ ਖਾਲੀ ਹੋ ਗਈ ਹੈ।
  106. ਸ਼ਰੀਕ ਤਾਂ ਮਿੱਟੀ ਦਾ ਨਹੀਂ ਮਾਨ ਹੁੰਦਾ ਜਦੋਂ ਇਹ ਦੱਸਣਾ ਹੋਵੇ ਕਿ ਸ਼ਰੀਕ ਕਦੇ ਵੀ ਤੁਹਾਡਾ ਫਾਇਦਾ ਨਹੀਂ ਕਰ ਸਕਦਾ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  107. ਸ਼ਰੀਕ ਬਸ ਸਿਹਰੇ ਬੰਨ ਕੇ ਨਹੀਂ ਢੁੱਕਦਾ, ਬਾਕੀ ਕਸਰ ਨਹੀਂ ਛੱਡਦਾ  ਇਸ ਅਖਾਣ ਦੇ ਅਰਥ ਅਨੁਸਾਰ ਸ਼ਰੀਕ ਹਰ ਹੀਲੇ ਤੁਹਾਨੂੰ ਮਾਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਉਹ ਕੋਈ ਕਸਰ ਨਹੀਂ ਛੱਡਦਾ। ਉਸ ਤੋਂ ਸਿਰਫ ਇਹੀ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਤੁਹਾਡੇ ਘਰੇ ਵਿਆਉਣ ਨਹੀਂ ਆਵੇਗਾ।
  108. ਸ਼ਰੀਕ ਲਾਵੇ ਲੀਕ, ਪੁੱਜੇ ਜਿੱਥੋਂ ਤੀਕਇਸ ਅਖਾਣ ਦੇ ਅਰਥ ਅਨੁਸਾਰ ਸ਼ਰੀਕ ਤੁਹਾਨੂੰ ਹਰ ਥਾਂ ਤੇ ਹਰ ਹੀਲੇ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿੱਥੋਂ ਤੱਕ ਉਸਦੀ ਪਹੁੰਚ ਹੈ।
  109. ਸ਼ਰੀਕੇ ਦਾ ਦਾਣਾ, ਸਿਰ ਦੁਖਦੇ ਵੀ ਖਾਣਾਇਸ ਅਖਾਣ ਦੇ ਅਰਥ ਅਨੁਸਾਰ ਸ਼ਰੀਕੇ-ਭਾਈਚਾਰੇ ਦੇ ਵਿੱਚ ਦਿਨ-ਸੁਦ ਦੌਰਾਨ ਮੂੰਹ ਮੁਲਾਜਾ ਰੱਖਣ ਲਈ ਜਾਣਾ ਪੈਂਦਾ ਹੈ ਅਤੇ ਉਸਦੇ ਘਰ ਰੋਟੀ-ਪਾਣੀ ਵੀ ਖਾਣਾ ਪੈਂਦਾ ਹੈ।
  110. ਸ਼ਰ੍ਹਾ ਅੱਗੇ ਕਾਹਦੀ ਸ਼ਰਮਇਸ ਅਖਾਣ ਦੇ ਅਰਥ ਅਨੁਸਾਰ ਪੰਚਾਇਤ ਅਤੇ ਕੋਟ ਕਚਹਿਰੀ ਵਿੱਚ ਸ਼ਰਮ ਕਰਨ ਦਾ ਕੋਈ ਮਤਲਬ ਨਹੀਂ ਹੁੰਦਾ। ਅਜਿਹੀਆਂ ਥਾਵਾਂ ਤੇ ਆਪਣਾ ਪੱਖ ਮਜਬੂਤੀ ਨਾਲ ਅਤੇ ਬੇਝਿਜਕ ਹੋ ਕੇ ਰੱਖਣਾ ਚਾਹੀਦਾ ਹੈ।
  111. ਸਰ੍ਹਾਣੇ ਸੌਵੀਂਏ ਜਾਂ ਪਵਾਂਦੀ, ਲੱਕ ਤਾਂ ਵਿਚਾਲੇ ਹੀ ਆਉਣਾ ਜਦੋਂ ਕਈ ਚਾਰੇ ਕਰਕੇ ਕੋਈ ਮਸਲਾ ਜਾਂ ਗੱਲਬਾਤ ਜਿਉਂ ਦੀ ਤਿਉਂ ਰਹਿੰਦੀ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  112. ਸਲਾਹ ਤਾਂ ਕੰਧ ਕੋਲੋਂ ਵੀ ਲੈ ਲੈਣੀ ਚਾਹੀਦੀ ਹੈ। ਇਸ ਅਖਾਣ ਦੇ ਅਰਥ ਅਨੁਸਾਰ ਸਲਾਹ ਮਸ਼ਵਰੇ ਨਾਲ ਕਈ ਮਸਲੇ ਅਤੇ ਸਮੱਸਿਆਵਾਂ ਹੱਲ ਹੋ ਜਾਂਦੀਆਂ ਹਨ ਜੇਕਰ ਖ਼ੁਦ ਨੂੰ ਸਮਝ ਨਾ ਆਉਂਦੀ ਹੋਵੇ ਤਾਂ ਸਲਾਹ ਮਮੂਲੀ ਵਿਅਕਤੀ ਕੋਲੋਂ ਵੀ ਲੈ ਲੈਣੀ ਚਾਹੀਦੀ ਹੈ।
  113. ਸਲਾਹੀਦਾ ਗੁੜ ਦੰਦੀ ਲੱਗਾਜਦੋਂ ਕਿਸੇ ਚੀਜ਼ ਜਾਂ ਵਿਅਕਤੀ ਦੀ ਸਿਫਤ ਸਲਾਹ ਤੋਂ ਬਾਅਦ ਉਹ ਖਰਾਬ ਨਿਕਲੇ ਜਾਂ ਲੋਕਾਂ ਦੇ ਭਾਗਾਂ ਦੀ ਹੋ ਜਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  114. ਸਲਾਹੀਦੀ ਖਿਚੜੀ ਦੰਦਾਂ ਨੂੰ ਲੱਗੇ। ਉਹੀ ਅਰਥ।
  115. ਸਲਾਹੀਦੀਸਲਾਹੀਦੀ, ਖੀਰ ਖੱਟੀ ਼਼ ਉਹੀ ਅਰਥ।
  116. ਸਵਾਦਾਂ ਦੀ ਪੱਟੀ ਸਰਹੰਦ, ਬੱਸੀਆਂ ਦੇ ਹੋ ਗਏ ਨੇ ਕੋਲ਼ੇਅਰਥ ਬਾਕੀ ਹਨ।
  117. ਸਵਾਲ ਜਵੀਂ, ਜਵਾਬ ਛੋਲੇਜਦੋਂ ਕੋਈ ਸਵਾਲ ਕੁਝ ਹੋਰ ਪੁੱਛੇ ਅਤੇ ਉਸਦਾ ਜਵਾਬ ਉਲਟਾ ਕੁਝ ਹੋਰ ਆਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  118. ਸਵੇਲੇ ਸਵੇਂ ਹਨੇਰੇ ਜਾਗੇ, ਸੁਖਸੰਪਤ ਔਰ ਸਭ ਕੁਝ ਆਗੇਇਹ ਅਖਾਣ ਰਾਤ ਨੂੰ ਜਲਦੀ ਸੌਣ ਅਤੇ ਸਵੇਰੇ ਸਵਖਤੇ ਉੱਠਣ ਦੀ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ। ਅਖਾਣ ਦੇ ਅਰਥ ਅਨੁਸਾਰ ਰਾਤ ਨੂੰ ਜਲਦੀ ਸੌਣ ਵਾਲਾ ਅਤੇ ਸਵੇਰੇ ਸਵਖਤੇ ਉੱਠਣ ਵਾਲਾ ਵਿਅਕਤੀ ਹਰ ਤਰ੍ਹਾਂ ਦੇ ਸਰੀਰਕ, ਮਾਨਸਿਕ ਅਤੇ ਆਰਥਿਕ ਸੁੱਖ ਮਾਣਦਾ ਹੈ। ਉਸ ਦੀ ਹਰ ਪਾਸੇ ਚੜ੍ਹਦੀ ਕਲਾ ਹੋ ਜਾਂਦੀ ਹੈ। ਇਹ ਅਖਾਣ ਅੰਗਰੇਜ਼ੀ ਦੀ phares ਕਹਾਵਤ Early to bed and early to rise makes man healthy wealthy and wise. ਦਾ ਸਮਾਨ ਅਰਥੀ ਹੈ।
  119. ਸੜੇ ਘਰ ਦੇ ਕੋਲ਼ੇ ਹੀ ਸਹੀਜਦੋਂ ਕਿਸੇ ਦੇਣਦਾਰ ਦਾ ਸਭ ਕੁਝ ਤਬਾਹ ਹੋ ਜਾਵੇ ਅਤੇ ਲੈਣ ਨੂੰ ਉਸ ਦੀ ਕੋਈ ਨਿਕੰਮੀ ਨਕਾਰੀ ਚੀਜ਼ ਹੀ ਮਿਲ ਜਾਵੇ, ਜਿਸ ਨਾਲ ਉਸਦਾ ਘਾਟਾ ਤਾਂ ਪੂਰਾ ਨਾ ਹੋਵੇ ਪਰ ਉਸਦੇ ਮਨ ਨੂੰ ਤਸੱਲੀ ਜਰੂਰ ਹੋ ਜਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  120. ਸੌ ਸੂਆ, ਇਕ ਤੂਆਇਹ ਅਖਾਣ ਪਸ਼ੂ ਪਾਲਕ ਕਿੱਤੇ ਵਿੱਚੋਂ ਨਿਕਲਿਆ ਹੋਇਆ ਹੈ। ਅਖਾਣ ਦੇ ਅਰਥ ਅਨੁਸਾਰ ਜੇਕਰ ਪਸ਼ੂ ਦਾ ਇੱਕ ਸੂਆ ਵੀ ਖਰਾਬ ਹੋ ਜਾਵੇ ਤਾਂ ਉਸਦੇ ਸੌ ਵਾਰ ਦਿੱਤੇ ਹੋਏ ਸੂਏ ਬਰਾਬਰ ਹੋ ਜਾਂਦੇ ਹਨ।
  121. ਸਾਉਣ ਸੁੱਤੀ, ਖਰੀ ਵਿਗੁਤੀਅਖਾਣ ਦੇ ਅਰਥ ਅਨੁਸਾਰ ਸਾਉਣ ਦੇ ਮਹੀਨੇ ਵਿੱਚ ਜ਼ਿਆਦਾ ਸਾਉਣਾ ਚੰਗਾ ਨਹੀਂ। ਇਸ ਨਾਲ ਸਿਹਤ ਅਤੇ ਕੰਮਕਾਰ ਦੋਹਾਂ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ।
  122. ਸਾਉਣ ਦਾ ਘਾਹ ਵੱਧਦਿਆਂ ਅਤੇ ਪੁੱਤਾਂ ਦੇ ਜਵਾਨ ਹੁੰਦੇ ਕਿਹੜਾ ਸਮਾਂ ਲੱਗਦਾ ਜਦੋਂ ਇਹ ਦੱਸਣਾ ਹੋਵੇ ਕਿ ਬੱਚੇ ਝੱਟ ਜਵਾਨ ਹੋ ਜਾਂਦੇ ਹਨ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  123. ਸਾਉਣ ਦੇ ਅੰਨ੍ਹੇ ਨੂੰ ਸਾਰਾ ਕੁਝ ਹਰਾ ਹੀ ਦਿਸਦਾ ਇਹ ਅਖਾਣ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਵਿਅਕਤੀ ਕਿਸੇ ਚੰਗੇ ਭਰਮ-ਭੁਲੇਖੇ ਦਾ ਸ਼ਿਕਾਰ ਹੋ ਜਾਵੇ ਅਤੇ ਉਸੇ ਵਿੱਚ ਹੀ ਫਸਿਆ ਰਹੇ। ਉਸ ਤੋਂ ਬਾਅਦ ਭਾਵੇਂ ਹਾਲਾਤ ਕਿੰਨੇ ਵੀ ਬਦਤਰ ਕਿਉਂ ਨਾ ਹੋ ਜਾਣ ਪਰ ਉਹ ਇਹੀ ਸਮਝਦਾ ਰਹੇ ਕਿ ਹਾਲਾਤ ਬਹੁਤ ਵਧੀਆ ਹਨ।
  124. ਸਾਉਣ ਭਾਦੋਂ ਦੇ ਮਰੋੜੇ ਜੱਟ ਵੀ ਸਾਧ ਕਰ ਦਿੰਦੇ ਨੇ ਇਸ ਅਖਾਣ ਵਿੱਚ ਸਾਉਣ-ਭਾਦੋਂ ਦੇ ਮਹੀਨਿਆਂ ਦੌਰਾਨ ਪੈਣ ਵਾਲੀ ਅੱਤ ਦੀ ਗਰਮੀ ਦਾ ਜ਼ਿਕਰ ਮਿਲਦਾ ਹੈ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਸਾਉਣ ਭਾਦੋਂ ਦੀ ਗਰਮੀ ਤਾਂ ਜੱਟ ਵੀ ਨਹੀਂ ਸਹਿ ਸਕਦਾ ਉੰਝ ਭਾਵੇਂ ਉਹ ਕਿੰਨਾ ਵੀ ਸਖਤ ਜਾਨ ਕਿਉਂ ਨਾ ਹੋਵੇ ਪਰ ਸਾਉਣ ਭਾਦੋਂ ਦੇ ਅੱਗੇ ਉਹ ਵੀ ਹਾਰ ਜਾਂਦਾ ਹੈ ਅਤੇ ਸਾਧ ਬਣਨ ਦੀ ਸੋਚਣ ਲੱਗ ਜਾਂਦਾ ਹੈ।
  125. ਸਾਉਣ ਮਹੀਨੇ ਪੁਰਾ, ਉਹ ਵੀ ਬੁਰਾ, ਬੁੱਢੀ ਮੱਝ ਤੇ ਖੁੰਡਾ ਛੁਰਾ, ਉਹ ਵੀ ਬੁਰਾਇਹ ਅਖਾਣ ਲੋਕ ਸਿਆਣਪਾਂ ਦੇ ਵਿੱਚੋਂ ਨਿਕਲਿਆ ਹੋਇਆ ਹੈ। ਇਸ ਅਖਾਣ ਦੇ ਅਰਥ ਮੁਤਾਬਕ ਸਾਉਣ ਮਹੀਨੇ ਵਿੱਚ ਜੇਕਰ ਪੁਰੇ ਦੀ ਹਵਾ ਵਗਦੀ ਹੋਵੇ ਤਾਂ ਉਹ ਚੰਗੀ ਨਹੀਂ ਹੁੰਦੀ। ਇਸੇ ਤਰ੍ਹਾਂ ਬੁੱਢੀ ਮੱਝ ਵੀ ਤੁਹਾਨੂੰ ਕੋਈ ਫਾਇਦਾ ਨਹੀਂ ਦੇ ਸਕਦੀ ਅਤੇ ਜੇਕਰ ਤੁਹਾਡੇ ਹੱਥ ਵਿੱਚ ਖੁੰਡਾ ਛੁਰਾ ਹੈ ਤਾਂ ਉਹ ਵੀ ਚੰਗਾ ਹਥਿਆਰ ਨਹੀਂ ਅਤੇ ਉਸਦਾ ਵੀ ਕੋਈ ਫਾਇਦਾ ਨਹੀਂ।
  126. ਸਾਈ ਘੜੀ ਸੁਲਖਣੀ, ਸ਼ਹੁ ਨਾਲ ਵਿਆਹੇਇਸ ਅਖਾਣ ਦੇ ਅਰਥ ਅਨੁਸਾਰ ਸਭ ਤੋਂ ਉੱਤਮ ਸਮਾਂ ਉਹ ਹੈ ਜਿਸ ਵਿੱਚ ਜੀਵ ਆਤਮਾ ਦਾ ਮਿਲਾਪ ਪਰਮਾਤਮਾ ਨਾਲ ਹੁੰਦਾ ਹੈ।
  127. ਸਾਈਂ ਦਿੱਤੀਆਂ ਗਾਜਰਾਂ, ਵਿੱਚੇ ਰੰਬਾ ਰੱਖ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਜੀਵਨ ਦੇ ਸਾਰੇ ਸੁਖ ਇਕੋ ਜਗ੍ਹਾ ਤੇ ਪ੍ਰਾਪਤ ਹੋ ਜਾਣ ਅਤੇ ਮਨੁੱਖ ਜਿੰਦਗੀ ਜਿਉਣ ਵਿੱਚ ਪੂਰੀ ਤਰਾਂ ਰੁਝਿਆ ਹੋਇਆ ਹੋਵੇ।
  128. ਸਾਈਆਂ ਕਿਤੇ, ਤੇ ਵਧਾਈਆਂ ਕਿਤੇਇਹ ਅਖਾਣ ਨਹੋਰਾ ਮਾਰਨ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਮਨੁੱਖ ਵਾਅਦਾ ਕਿਸੇ ਹੋਰ ਨਾਲ ਕਰੇ ਪਰ ਨਿਭਾਵੇ ਕਿਸੇ ਹੋਰ ਨਾਲ।
  129. ਸਾਈਆਂ ਬਾਝੋਂ ਮਾਲ ਦੁਹੇਲਾ, ਬਾਤ ਨਾ ਪੁੱਛਦਾ ਕੋਈ ਇਹ ਅਖਾਣ ਪਸ਼ੂ ਪਾਲਕ ਕਿੱਤੇ ਵਿੱਚੋਂ ਨਿਕਲਿਆ ਹੋਇਆ ਹੈ ਜਿਸ ਦੇ ਅਸਲ ਅਰਥ ਇਹ ਹਨ ਕਿ ਮਾਲਕ ਤੋਂ ਬਗੈਰ ਜਾਂ ਪਰਮਾਤਮਾ ਤੋਂ ਬਗੈਰ ਖੁਆਰ ਹੈ ਅਤੇ ਤੁਹਾਡੀ ਕੋਈ ਪੁੱਛ ਪ੍ਰਤੀਤ ਨਹੀਂ ਹੁੰਦੀ।
  130. ਸਾਈਆਂ ਮਿਲਣ ਨਾ ਰੁੱਖੀਆਂ, ਤੇ ਕੁੱਤੇ ਖਾਣ ਘਿਓ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਅਸਲ ਮਾਲਕ ਤਾਂ ਆਪਣੇ ਹੱਕ ਤੋਂ ਵਾਂਝਾ ਤੁਰਿਆ ਫਿਰੇ ਪਰ ਕੋਈ ਗੈਰ ਉਸ ਦੇ ਹੱਕ ਉੱਤੇ ਐਸ਼ਾਂ ਕਰਦੇ ਫਿਰਨ।ਜਸਬੀਰ ਵਾਟਾਂਵਾਲੀਆ
  131. ਸ਼ਾਹਾਂ ਨਾਲ ਬਰਾਬਰੀ, ਸਿਰ ਸਿਰ ਚੋਟਾਂ ਖਾਏਇਸ ਅਖਾਣ ਦੇ ਅਰਥ ਅਨੁਸਾਰ ਜੇਕਰ ਆਮ ਮਨੁੱਖ ਵੱਡੇ ਲੋਕਾਂ ਦੀ ਬਰਾਬਰੀ ਕਰਨ ਲੱਗ ਪਵੇ ਤਾਂ ਉਹ ਖਵਾਰ ਹੀ ਹੁੰਦਾ ਹੈ।
  132. ਸ਼ਾਹੂਕਾਰਾਂ ਨਾਲ ਦੋਸਤੀ, ਸਿਰ ਲਾਹਣਤ ਦੀ ਪੱਗ, ਜੀ ਕਹਿਣਾ, ਓਏ ਕਹਾਉਣਾ ਧਰਧਰ ਦੇਣੀ ਅੱਗਇਸ ਅਖਾਣ ਦੇ ਅਰਥ ਮੁਤਾਬਕ ਸ਼ਾਹੂਕਾਰ ਅਤੇ ਵੱਡੇ ਲੋਕਾਂ ਨਾਲ ਦੋਸਤੀ ਕਿਸੇ ਕੰਮ ਦੀ ਨਹੀਂ ਹੁੰਦੀ। ਜੇਕਰ ਵੱਡੇ ਲੋਕਾਂ ਨਾਲ ਦੋਸਤੀ ਕਰਕੇ ਉਨਾਂ ਦੀ ਟਹਿਲ ਸੇਵਾ ਵਿੱਚ ਵੀ ਜੁੱਟ ਜਾਈਏ ਤਾਂ ਵੀ ਉਹ ਤੁਹਾਨੂੰ ਬਣਦਾ ਮਾਨ ਸਮਾਨ ਅਤੇ ਇੱਜਤ ਨਹੀਂ ਦੇਣਗੇ।
  133. ਸਾਹੇ ਕੀ ਬੱਧੀ, ਬਣ ਗਈ ਲੱਧਾ? ਅਰਥ ਬਾਕੀ ਹਨ।
  134. ਸਾਕ ਸੋਨਾ ਤੇ ਪ੍ਰੀਤ ਪਿੱਤਲਇਸ ਅਖਾਣ ਦੇ ਅਰਥ ਅਨੁਸਾਰ ਖੂਨ ਦੇ ਰਿਸ਼ਤੇ ਹੀ ਖਰੇ ਅਤੇ ਕੰਮ ਆਉਣ ਵਾਲੇ ਹੁੰਦੇ ਹਨ ਅਤੇ ਉਹਨਾਂ ਦਾ ਮੁੱਲ ਸੋਨੇ ਦੇ ਵਾਂਗ ਹੁੰਦਾ ਹੈ ਜਿਹੜੇ ਪਿਆਰ ਦੇ ਬਾਹਰੀ ਰਿਸ਼ਤੇ ਹੁੰਦੇ ਹਨ, ਉਹ ਕੋਈ ਬਹੁਤੇ ਕੰਮ ਦੇ ਨਹੀਂ ਹੁੰਦੇ ਅਤੇ ਉਹਨਾਂ ਦਾ ਮੁੱਲ ਪਿੱਤਲ ਦੀ ਨਿਆਈ ਹੁੰਦਾ ਹੈ।
  135. ਸਾਕ ਨਾ ਜਾਣੀਐ ਮਾੜਾ, ਮੀਹ ਨਾ ਜਾਣੀਐ ਗਾੜਾ ਇਸ ਅਖਾਣ ਵਿੱਚ ਵੀ ਖੂਨ ਦੇ ਰਿਸ਼ਤਿਆਂ ਦੀ ਮਹਿਮਾ ਕੀਤੀ ਗਈ ਹੈ ਅਤੇ ਦੱਸਿਆ ਗਿਆ ਹੈ ਕਿ ਖੂਨ ਦੇ ਰਿਸ਼ਤੇ ਕਿਸੇ ਵੀ ਕੀਮਤ ਤੇ ਮਾੜੇ ਨਹੀਂ ਹੁੰਦੇ ਅਤੇ ਵਧੇਰੇ ਮੀਂਹ ਪਿਆ ਵੀ ਮਾੜਾ ਨਹੀਂ ਹੁੰਦਾ।
  136. ਸਾਖ ਬਣੀ, ਪ੍ਰਤੀਤ ਜੰਮੀਇਸ ਅਖਾਣ ਦੇ ਅਰਥ ਅਨੁਸਾਰ ਜੇਕਰ ਕਿਸੇ ਵਿਅਕਤੀ ਨਾਲ ਰਿਸ਼ਤਾ ਜੋੜ ਲਈਏ ਤਾਂ ਉਥੇ ਪ੍ਰੀਤ ਪੈਦਾ ਹੋ ਜਾਣਾ ਸੁਭਾਵਿਕ ਹੈ।
  137. ਸਾਚ ਬਿਨਾ, ਸੂਚਾ ਕੋ ਨਾਹੀ ਇਸ ਅਖਾਣ ਵਿੱਚ ਸੱਚਾਈ ਦੀ ਮਹਿਮਾ ਕੀਤੀ ਗਈ ਹੈ ਅਤੇ ਸੱਚ ਨੂੰ ਹੀ ਸਭ ਤੋਂ ਉੱਤਮ ਅਤੇ ਉੱਚਾ ਸੁੱਚਾ ਦੱਸਿਆ ਗਿਆ ਹੈ।
  138. ਸਾਂਝਾ ਬਾਬਾ, ਪਿੱਟੇ ਕੌਣਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਸਾਂਝੀ ਚੀਜ਼ ਦੇਖਭਾਲ ਤੋਂ ਵਾਂਝੀ ਰਹਿ ਕੇ ਖਰਾਬ ਹੋ ਰਹੀ ਹੋਵੇ। ਅਸੀਂ ਅਕਸਰ ਦੇਖਦੇ ਹਾਂ ਕਿ ਸਾਡੇ ਸਮਾਜ ਵਿੱਚ ਸਾਂਝੀ ਚੀਜ਼ ਨੂੰ ਵਰਤ ਤਾਂ ਸਾਰੇ ਲੈਂਦੇ ਹਨ ਪਰ ਉਸ ਉੱਤੇ ਪੈਸੇ ਲਾਉਣ ਵੇਲੇ ਸਾਰੇ ਪਿੱਛੇ ਹਟ ਜਾਂਦੇ ਹਨ ਇਹ ਅਖਾਣ ਉਸੇ ਮਾਨਸਿਕਤਾ ਨੂੰ ਦਰਸਾਉਂਦਾ ਹੈ।
  139. ਸਾਂਝੀ ਹਾਂਡੀ, ਚੁਰਾਹੇ ਭੱਜੇ ਉਹੀ ਅਰਥ।
  140. ਸਾਂਝੀ ਦੇਗ, ਕੁੱਤਿਆਂ ਦਾ ਖੌ। ਇਸ ਅਖਾਣ ਦੇ ਅਰਥ ਅਨੁਸਾਰ ਸਾਂਝੀ ਦੀ ਚੀਜ਼ ਕੋਈ ਰਾਖੀ ਨਹੀਂ ਕਰਦਾ ਅਤੇ ਉਹ ਲੋਕਾਂ ਦੇ ਭਾਗਾਂ ਦੀ ਹੁੰਦੀ ਹੈ।
  141. ਸਾਂਝੀ ਮੱਝ, ਕਸਾਈਆਂ ਜੋਗੀ। ਉਹੀ ਅਰਥ
  142. ਸਾਡਾ ਬੰਨਾ, ਦਿਨੇ ਸੁਜਾਖਾ ਰਾਤੀਂ ਅੰਨ੍ਹਾ, ਸਾਡੀ ਫਾਤੋ, ਦਿਨੇ ਨਾ ਰਾਤੋ ਇਹ ਅਖਾਣ ਹਾਸੇ-ਠੱਠੇ ਅਤੇ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਮੇਲ-ਮਿਲਾਪ ਕਰ ਰਹੀਆਂ ਦੋਵੇਂ ਧਿਰਾਂ ਇੱਕ ਦੂਜੇ ਤੋਂ ਵੱਧ ਨਿਕੰਮੀਆਂ ਹੋਣ।  ਇਸ ਅਖਾਣ ਪਿੱਛੇ ਇਕ ਲੋਕ ਕਹਾਣੀ ਵੀ ਜੁੜੀ ਹੋਈ ਹੈ ਕਿ ਜਿਸ ਮੁੰਡੇ ਅਤੇ ਕੁੜੀ ਦਾ ਵਿਆਹ ਹੋ ਰਿਹਾ ਸੀ ਉਹ ਦੋਵੇਂ ਹੀ ਅੱਖਾਂ ਤੋਂ ਹੀਣੇ ਸਨ। ਵਿਚੋਲੇ ਨੇ ਵਿਆਹ ਮੌਕੇ ਦੂਜੀ ਧਿਰ ਦੇ ਵਿਚੋਲੇ ਨੂੰ ਰਮਜ਼ ਦੱਸਿਆ ਕਿ ਸਾਡਾ ਬੰਨਾ ਦਿਨੇ ਸੁਜਾਖਾ ਰਾਤੀ ਅੰਨ੍ਹਾ । ਭਾਵ ਕਿ ਮੁੰਡੇ ਨੂੰ ਦਿਨ ਵੇਲੇ ਤਾਂ ਦਿਸਦਾ ਹੈ ਪਰ ਰਾਤ ਨੂੰ ਨਹੀਂ ਦਿਖਦਾ। ਇਸ ਦੇ ਜਵਾਬ ਵਿੱਚ ਦੂਜੀ ਧਿਰ ਦੇ ਵਿਚੋਲੇ ਨੇ ਜਵਾਬ ਦਿੱਤਾ ਕਿ ਸਾਡੀ ਫਾਤੋ ਦਿਨੇ ਨਾ ਰਾਤੋ। ਭਾਵ ਕਿ ਕੁੜੀ ਨੂੰ ਨਾ ਦਿਨੇ ਦਿਖਦਾ ਹੈ ਨਾ ਰਾਤ ਨੂੰ ਸੋ ਇਹ ਅਖਾਣ ਹਾਸੇ ਠੱਠੇ ਵਜੋਂ ਅਕਸਰ ਬੋਲਿਆ ਜਾਂਦਾ ਹੈ ਜਦੋਂ ਦੋਵੇਂ ਧਿਰਾਂ ਹੀਣੀਆਂ ਹੋਣ ਅਤੇ ਨਵਾਂ ਰਿਸ਼ਤਾ ਜੋੜ ਰਹੀਆਂ ਹੋਣ।
  143. ਸਾਡਾ ਮੀਆਂ ਘਰ ਨਹੀਂ, ਸਾਨੂੰ ਕਿਸੇ ਦਾ ਡਰ ਨਹੀਂ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਘਰ ਦਾ ਮੇਨ ਮੁਖੀ ਘਰ ਵਿੱਚ ਨਾ ਹੋਵੇ ਅਤੇ ਉਸ ਪਿੱਛੋਂ ਦੂਜੇ ਮੈਂਬਰ ਜਾਂ ਛੋਟੇ ਬੱਚੇ ਮੌਜ ਮਸਤੀਆਂ ਅਤੇ ਖੜ ਮਸਤੀਆਂ ਕਰਨ।
  144. ਸਾਡੀ ਜਾਨ ਤੇ ਬਣੀ ਤੁਹਾਡਾ ਮਖੌਲਅਰਥ ਸਪਸ਼ਟ ਹਨ।
  145. ਸਾਡੀ ਬਿੱਲੀ ਸਾਨੂੰ ਮਿਆਊਂ ਜਦੋਂ ਕੋਈ ਕਿਸੇ ਦਾ ਆਵਦਾ ਸਿਖਾਇਆ ਪੜ੍ਹਾਇਆ ਹੋਇਆ ਵਿਅਕਤੀ ਉਸ ਪਾਲਕ ਨੂੰ ਹੀ ਅੱਖਾਂ ਦਿਖਾਉਣ ਲੱਗ ਜਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  146. ਸਾਡੀ ਮੌਤ, ਉਹਨਾਂ ਦਾ ਹਾਸਾ ਅਰਥ ਸਪੱਸ਼ਟ ਹੈ।
  147. ਸਾਡੀ ਵਾਰੀ ਆਈ, ਪਤੀਲਾ ਖੜਕੇ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਗਰੁੱਪ ਦੇ ਬਾਕੀ ਸਾਥੀ ਖਾਸ ਵਸਤੂ ਨੂੰ ਪ੍ਰਾਪਤ ਕਰ ਲੈਣ ਅਤੇ ਇਕ ਵਿਅਕਤੀ ਵਾਂਝਾ ਰਹਿ ਜਾਵੇ।
  148. ਸਾਡੇ ਖੂਹ ਦਾ ਮੀਂਹ, ਸਾਡੇਤੇ ਵੱਸੇਇਹ ਅਖਾਣ ਵੀ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਵਿਅਕਤੀ ਇਹ ਸੋਚੇ ਕਿ ਹਰ ਪਾਸਿਉਂ ਸਿਰਫ ਉਸਦਾ ਹੀ ਫਾਇਦਾ ਹੋਵੇ ਅਤੇ ਹੋਰ ਕਿਸੇ ਨੂੰ ਭੋਰਾ ਵੀ ਫਾਇਦਾ ਨਾ ਹੋਵੇ।
  149. ਸਾਢ ਸਤੌੜ, ਤੇ ਹਾਥੀ ਦਾ ਪੌੜਅਰਥ ਬਾਕੀ ਹੈ।
  150. ਸਾਥੋਂ ਗਈਏ ਗੋਰੀਏ, ਹੋਰ ਪਰੇਰੇ ਜਾਜਦੋਂ ਕਿਸੇ ਦਾ ਕੋਈ ਪਿਆਰਾ ਵਿਅਕਤੀ ਉਸ ਨੂੰ ਛੱਡ ਕੇ ਕਿਸੇ ਗੈਰ ਨਾਲ ਚਲਾ ਜਾਂਦਾ ਹੈ ਤਾਂ ਪਹਿਲਾ ਵਿਅਕਤੀ ਆਪਣੇ ਮਨ ਨੂੰ ਸਮਝਾਉਣ ਅਤੇ ਉਸ ਨੂੰ ਨਹੋਰਾ ਮਾਰਨ ਲਈ ਇਹ ਅਖਾਣ ਬੋਲਦਾ ਹੈ ਕਿ, ਸਾਥੋਂ ਗਈਏ ਗੋਰੀਏ ਹੋਰ ਪਰੇਰੇ ਜਾ। ਭਾਵ ਕਿ ਹੁਣ ਅੱਗੇ ਕਿਸੇ ਹੋਰ ਨਾਲ ਵੀ ਚਲਿਆ ਜਾ ਉਸ ਨੂੰ ਕੋਈ ਫਰਕ ਨਹੀਂ ਪੈਂਦਾ।
  151. ਸਾਧ ਚਲਦੇ ਭਲੇ, ਨਗਰੀ ਵੱਸਦੀ ਭਲੀ‌। ਇਹ ਅਖਾਣ ਚੱਕਰਵਰਤੀ ਵਿਅਕਤੀਆਂ ਅਤੇ ਸਾਧੂਆਂ ਦੇ ਸਬੰਧ ਵਿੱਚ ਬੋਲਿਆ ਜਾਂਦਾ ਹੈ। ਇਸ ਤੋਂ ਇਲਾਵਾ ਜਦੋਂ ਕੋਈ ਵਿਅਕਤੀ ਕਿਸੇ ਇੱਕ ਥਾਂ ਨੂੰ ਛੱਡ ਕੇ ਦੂਜੀ ਥਾਂ ਉੱਤੇ ਜਾਣ ਲਈ ਮਨ ਬਣਾ ਲੈਂਦਾ ਹੈ ਤਾਂ ਉਹ ਵੀ ਇਹ ਅਖਾਣ ਬੋਲ ਦਿੰਦਾ ਹੈ।
  152. ਸਾਧ ਦੀ ਭੂਰੀਤੇ ਹੀ ਇਕੱਠ ਹੁੰਦਾ  ਜਦੋਂ ਸਾਰੀ ਸ਼ਕਤੀ ਕਿਸੇ ਇੱਕ ਹੱਥ ਜਾਂ ਥਾਂ ਤੇ ਕੇਂਦਰਿਤ ਹੋਵੇ ਅਤੇ ਦੂਜੇ ਵਿਅਕਤੀ ਸਿਰਫ ਨਾਂ ਦੇ ਹੀ ਵਿਅਕਤੀ ਹੋਣ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਇਸ ਦੇ ਨਾਲ ਰਲਦਾ ਮਿਲਦਾ ਇੱਕ ਅਖਾਣ ਹਾਥੀ ਦੇ ਪੈਰ ਵਿੱਚ ਸਾਰਿਆਂ ਦਾ ਪੈਰ ਵੀ ਬੋਲਿਆ ਜਾਂਦਾ ਹੈ।
  153. ਸਾਧ ਭਲੇ ਅਣਨਾਧਿਆਇਸ ਅਖਾਣ ਦੇ ਅਰਥ ਅਨੁਸਾਰ ਸਾਧੂ ਦਾ ਮਨ ਹਮੇਸ਼ਾ ਸ਼ੁੱਧ ਹੁੰਦਾ ਹੈ ਉਸ ਨੂੰ ਗੰਗਾ ਜਾਂ ਹੋਰ ਪਵਿੱਤਰ ਸਰੋਵਰਾਂ ਦੇ ਨਹਾਉਣ ਦੀ ਲੋੜ ਨਹੀਂ ਹੁੰਦੀ। ਇਸ ਅਖਾਣ ਨੂੰ ਹਾਸੇ ਠੱਠੇ ਅਤੇ ਵਿਅੰਗ ਵਜੋਂ ਵੀ ਬੋਲਿਆ ਜਾਂਦਾ ਹੈ।
  154. ਸਾਧਾਂ ਦੇ ਤਵੀਤਾਂਤੇ ਮੁੰਡੇ। ਜਦੋਂ ਕੋਈ ਵਿਅਕਤੀ ਕਿਸੇ ਠੱਗ ਵਿਅਕਤੀ ਦੇ ਝਾਂਸੇ ਵਿੱਚ ਆ ਕੇ ਵੱਡੀਆਂ ਉਮੀਦਾਂ ਲਾਈ ਬੈਠਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  155. ਸਾਧੂ ਬੋਲੇ ਸਹਜ ਸੁਭਾਅ, ਸਾਧ ਕਾ ਬੋਲਿਆ ਬਿਰਥਾ ਨਾ ਜਾ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਸਾਧੂ ਆਮ ਤੌਰ ਤੇ ਘੱਟ ਹੀ ਬੋਲਦੇ ਹਨ ਅਤੇ ਸਾਧੂ ਦਾ ਬੋਲ ਕਦੇ ਵੀ ਬਿਰਥਾ ਨਹੀਂ ਜਾਂਦਾ।
  156. ਸਾਨ੍ਹਾਂ ਦਾ ਲੜਨਾ ਤੇ ਬੂਟਿਆਂ ਦਾ ਖਾਉ। ਜਦੋਂ ਵੱਡੇ ਲੋਕਾਂ ਅਤੇ ਵੱਡੀਆਂ ਧਿਰਾਂ ਦੀ ਆਪਸੀ ਲੜਾਈ ਦੇ ਵਿੱਚ ਛੋਟੇ ਮੋਟੇ ਲੋਕਾਂ ਦਾ ਨੁਕਸਾਨ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਇਸ ਅਖਾਣ ਨੂੰ ਸਾਨ੍ਹਾਂ ਦੇ ਭੇੜ ਵਿੱਚ ਬੂਝੇ ਰਗੜੇ ਜਾਂਦੇ ਵਜੋਂ ਵੀ ਬੋਲਿਆ ਜਾਂਦਾ ਹੈ।
  157. ਸਾਨ੍ਹੀ ਸੇਤੀ ਕੀਜੀਏ, ਨਾਤੇ, ਵੈਰ, ਪ੍ਰੀਤਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਪਿਆਰ, ਸਬੰਧ ਅਤੇ ਵੈਰ ਬਰਾਬਰ ਦੇ ਲੋਕਾਂ ਨਾਲ ਹੀ ਰੱਖਣਾ ਚਾਹੀਦਾ ਹੈ।
  158. ਸ਼ਾਮ ਮੌਖੇ ਦਾ, ਤੇ ਭਾਗ ਮੁੰਡੇ ਤੇ ਬਾਪੂ ਨੂੰ ਇਹ ਅਖਾਣ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਔਲਾਦ ਜਾਂ ਵਸਤੂ ਦਾ ਅਸਲੀ ਜਨਮਦਾਤਾ ਕੋਈ ਹੋਰ ਹੋਵੇ ਪਰ ਨਾ ਕਿਸੇ ਹੋਰ ਦਾ ਵੱਜਦਾ ਹੋਵੇ।
  159. ਸਾਰਾਹ ਦੀ ਰੁੱਤ, ਨਾ ਛਾਂ ਭਾਵੇ ਨਾ ਧੁੱਪ ਜਦੋਂ ਇਹ ਦੱਸਣਾ ਹੋਵੇ ਕਿ ਸਾਹਰਾ ਦੀ ਰੁੱਤ ਵਿੱਚ ਧੁੱਪ ਅਤੇ ਛਾਂ ਦੋਵੇਂ ਹੀ ਸਹਿਣ ਯੋਗ ਨਹੀਂ ਹੁੰਦੀਆਂ ਤਾਂ ਇਹ ਆਖਾਨ ਬੋਲਿਆ ਜਾਂਦਾ ਹੈ। ਸਾਹਰਾ ਦੀ ਰੁੱਤ ਬਸੰਤ ਰੁੱਤ ਤੋਂ ਬਾਅਦ ਅੱਸੂ ਦੇ ਦਿਨਾਂ ਦੀ ਰੁੱਤ ਹੁੰਦੀ ਹੈ। ਇਨ੍ਹਾਂ ਦਿਨਾਂ ਵਿਚ ਛਾਂ ਵਿੱਚ ਜਾਇਆ ਠੰਡ ਲੱਗਦੀ ਹੈ ਅਤੇ ਧੁੱਪ ਵਿੱਚ ਜਾਇਆ ਧੁੱਪ ਲੱਗਦੀ ਹੈ।
  160. ਸਾਰੀ ਉਮਰ ਕੁਵਾਰੀ ਰਹੀ, ਮੜ੍ਹੀਆਂ ਜਾਂਦੀ ਉਧਲ਼ ਗਈ ਜਦੋਂ ਕੋਈ ਮਰਦ ਜਾਂ ਔਰਤ ਉਮਰ ਦੇ ਆਖਰੀ ਪੜਾ ਉੱਤੇ ਬਦਨਾਮੀ ਖੱਟ ਲਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  161. ਸਾਰੀ ਕੀਤੀ ਕੱਤਰੀ, ਮਿਲ ਗਈ ਮਿੱਟੀ ਵਿੱਚਜਦੋਂ ਕਿਸੇ ਦੀ ਸਾਰੀ ਮਿਹਨਤ ਬਰਬਾਦ ਚਲੀ ਜਾਵੇ ਤਾਂ ਇਹ ਅਖੰਡ ਬੋਲਿਆ ਜਾਂਦਾ ਹੈ।
  162. ਸਾਰੀ ਜਾਂਦੀ ਦੇਖ ਕੇ ਅੱਧੀ ਦਈਏ ਲੁਟਾਇਹ ਅਖਾਣ ਵਪਾਰਕ ਖੇਤਰਾਂ ਦੇ ਵਿੱਚ ਬੋਲਿਆ ਜਾਂਦਾ ਹੈ ਕਿ ਜੇਕਰ ਵਪਾਰ ਵਿੱਚ ਸਾਰੀ ਪੂੰਜੀ ਬਰਬਾਦ ਹੋ ਰਹੀ ਹੋਵੇ ਅਤੇ ਅੱਧੀ ਪੂੰਜੀ ਖਰਚ ਕਰਕੇ ਬਾਕੀ ਅੱਧੀ ਨੂੰ ਬਚਾਇਆ ਜਾ ਸਕੇ ਤਾਂ ਅੱਧੀ ਪੂੰਜੀ ਖਰਚ ਕਰ ਦੇਣੀ ਚਾਹੀਦੀ ਹੈ।
  163. ਸਾਰੀ ਰਾਤ ਭੰਨੀ, ਤੇ ਕੁੜੀ ਜੰਮੀ ਅੰਨ੍ਹੀ ਜਦੋਂ ਕੋਈ ਲੱਕ ਤੋੜਵੀਂ ਮਿਹਨਤ ਕਰੇ ਪਰ ਨਤੀਜਾ ਕੋਈ ਨਾ ਨਿਕਲੇ ਤਾਂ ਹਾਸੇ ਠੱਠੇ ਅਤੇ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  164. ਸਾਰੀ ਰਾਤ ਰੋਂਦੀ ਰਹੀ, ਮਰਿਆ ਕੋਈ ਵੀ ਨਾ ਜਦੋਂ ਕੋਈ ਵਿਅਕਤੀ ਬੇਵਜਾ ਕੋਈ ਮੁੱਦਾ ਖੜਾ ਕਰਕੇ ਰੌਲਾ ਰੱਪਾ ਪਾਵੇ ਪਾਰ ਹੋਇਆ ਕੁਝ ਵੀ ਨਾ ਹੋਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  165. ਸਾਰੀ ਰਾਮਾਇਣ ਸੁਣਾ ਦਿੱਤੀ, ਸਵੇਰੇ ਉੱਠ ਕੇ ਪੁੱਛਦਾ ,
    ਸੀਤਾ ਰਾਮ ਦੀ ਕੀ ਲੱਗਦੀ ਸੀ?
    ਜਦੋਂ ਕੋਈ ਸਿਖਾਉਣ ਵਾਲਾ ਜਾਂ ਖਾਸ ਗੱਲ ਸਮਝਾਉਣ ਵਾਲਾ ਵਿਅਕਤੀ ਸਮਝਾ ਸਮਝਾ ਕੇ ਸਾਰਾ ਜੋਰ ਲਾ ਦੇਵੇ ਪਰ ਸਾਹਮਣੇ ਵਾਲੇ ਨੂੰ ਉਸ ਦੀ ਸਮਝਾਈ ਕੋਈ ਗੱਲ ਦਾ ਇੱਕ ਨੁਕਤਾ ਵੀ ਸਮਝ ਨਾ ਆਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  166. ਸਾਰੇ ਇੱਕੋ ਸੱਚੇ ਦੇ ਭਾਂਡੇ ਜਦੋਂ ਸਾਰੇ ਜਾਣੇ ਇੱਕੋ ਤਰ੍ਹਾਂ ਦੀ ਬੁੱਧੀ ਅਤੇ ਬਿਰਤੀ ਦੇ ਮਾਲਕ ਹੋਣ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਇਸ ਲਈ ਇਕ ਅਖਾਣ ਇਕੋ ਚੱਕੀ ਦੇ ਚੱਟੇ ਵੱਟੇ ਵੀ ਬੋਲਿਆ ਜਾਂਦਾ ਹੈ।
  167. ਸਾਲਣਾ,
    ਘਰ ਗਾਲਣਾ
    ਇਸ ਅਖਾਣ ਦੇ ਅਰਥ ਮੁਤਾਬਕ ਵੰਨ ਸਵੰਨੇ ਖਾਣੇ ਅਤੇ ਜੀਭ ਦੇ ਜਿਆਦਾ ਸਵਾਦ ਘਰਾਂ ਨੂੰ ਪੱਟ ਦਿੰਦੇ ਹਨ।
  168. ਸਾਵਣ ਦਾ ਸੌ, ਭਾਦਰੋਂ ਦਾ ਇਕ, ਜਿਹੜਾ ਲਾਹ ਦੇਵੇ ਸਿੱਕ ਇਸ ਅਖਾਣ ਦੇ ਅਰਥ ਮੁਤਾਬਕ ਸਾਉਣ ਮਹੀਨੇ ਦੇ ਮੁਕਾਬਲੇ ਭਾਦੋਂ ਮਹੀਨੇ ਵਿੱਚ ਪਿਆ ਮੀਂਹ ਕਾਫੀ ਜੋਰਦਾਰ ਹੁੰਦਾ ਹੈ। ਸਾਉਣ ਮਹੀਨੇ ਵਿੱਚ ਜੇਕਰ 100 ਮੀਹ ਪੈ ਜਾਵੇ ਅਤੇ ਭਾਦੋਂ ਮਹੀਨੇ ਦਾ ਸਿਰਫ ਇੱਕ ਮੀਂਹ ਹੀ 100 ਮੀਂਹ ਦੇ ਬਰਾਬਰ ਹੋ ਜਾਂਦਾ ਹੈ।
  169. ਸਾਵਣ ਬਰਸੇ, ਰੋਜ਼ਰੋਜ਼, ਭਾਦਰੋਂ ਦੇ ਦਿਨ ਚਾਰ ਅੱਸੂ ਮੰਗੇ ਮੇਘਲਾ, ਮੂਰਖ ਜੱਟ ਗਵਾਰ ਇਸ ਅਖਾਣ ਦੇ ਅਰਥ ਅਨੁਸਾਰ ਵੀ ਸਾਉਣ ਮਹੀਨੇ ਵਿੱਚ ਮੀਂਹ ਭਾਵੇਂ ਰੋਜ਼ ਪੈ ਜਾਵੇ ਨੁਕਸਾਨ ਨਹੀਂ ਹੁੰਦਾ। ਇਸੇ ਤਰ੍ਹਾਂ ਭਾਦੋਂ ਦੇ ਮਹੀਨੇ ਵਿੱਚ ਚਾਰ ਦਿਨ ਮੀਂਹ ਪੈਣ ਨਾਲ ਨੁਕਸਾਨ ਨਹੀਂ ਹੁੰਦਾ ਅਤੇ ਜੇਕਰ ਕੋਈ ਕਿਸਾਨ ਭਾਵ ਜੱਟ ਅੱਸੂ ਦੇ ਮਹੀਨੇ ਵਿੱਚ ਨਹੀਂ ਮੰਗੇ ਤਾਂ ਉਹ ਮੂਰਖ ਹੀ ਸਮਝੋ।
  170. ਸਾਵਣ ਮੱਝਾਂ ਉਹਦੀਆਂ, ਜਿਹੜਾ ਹਾੜੀਂ ਕੱਢੇਇਹ ਅਖਾਣ ਪਸ਼ੂ ਪਾਲਕ ਕਿੱਤੇ ਵਿੱਚੋਂ ਨਿਕਲਿਆ ਹੈ। ਇਸ ਅਖਾਣ ਦੇ ਅਰਥ ਅਨੁਸਾਰ ਜਿਸ ਵੀ ਪਸ਼ੂ ਪਾਲਕ ਵਿਅਕਤੀ ਨੇ ਹਾੜ ਮਹੀਨੇ ਦੀ ਗਰਮੀ ਵਿੱਚ ਪਸ਼ੂਆਂ ਜਾਂ ਮੱਝਾਂ ਨੂੰ ਸੰਭਾਲ ਲਿਆ ਸਾਉਣ ਮਹੀਨੇ ਵਿੱਚ ਮੱਝਾਂ ਉਸੇ ਦੀਆਂ ਤੰਦਰੁਸਤ ਅਤੇ ਦੁਧਾਰੂ ਰਹਿ ਸਕਣਗੀਆਂ।
  171. ਸਾਵਣ ਵਹਾਏ, ਕੱਤਕ ਗੁਡਾਏ, ਔਰ ਪੋਹ ਪਿਲਾਏ, ਘਾਟਾ ਮੂਲ ਖਾਇਇਹ ਅਖਾਣ ਕਿਸਾਨੀ ਕਿੱਤੇ ਦੇ ਵਿੱਚੋਂ ਨਿਕਲਿਆ ਹੈ ਜਿਸਦੇ ਅਰਥ ਹਨ ਕਿ ਜਿਹੜਾ ਵੀ ਕਿਸਾਨ ਸਾਉਣ ਮਹੀਨੇ ਵਿੱਚ ਸਹੀ ਸਮੇਂ ਫਸਲ ਬੀਜਦਾ ਹੈ ਅਤੇ ਕੱਤਕ ਮਹੀਨੇ ਵਿੱਚ ਉਸ ਨੂੰ ਠੀਕ ਤਰ੍ਹਾਂ ਸੰਭਾਲਦਾ ਹੈ ਅਤੇ ਪੋਹ ਮਹੀਨੇ ਵਿੱਚ ਸਹੀ ਸਮੇਂ ਤੇ ਪਾਣੀ ਦਿੰਦਾ ਹੈ ਉਹ ਕਦੇ ਘਾਟਾ ਨਹੀਂ ਖਾਂਦਾ।
  172. ਸਾਵਣ ਵਣ ਹਰਿਆਵਲੇ, ਸੁੱਕੇ ਜਵਾਹਾਂਇਸ ਅਖਾਣ ਦੇ ਅਰਥ ਅਨੁਸਾਰ ਸਾਉਣ ਮਹੀਨੇ ਦੇ ਵਿੱਚ ਹੋਰ ਸਾਰੇ ਰੁੱਖ ਤਾਂ ਹਰੇ ਭਰੇ ਹੋ ਜਾਂਦੇ ਹਨ ਪਰ ਜਵਾਹਾ ਸੁੱਕ ਜਾਂਦਾ ਹੈ ਇਹ ਅਖਾਣ ਵਿਅੰਗ ਕਰਨ ਲਈ ਵੀ ਬੋਲਿਆ ਜਾਂਦਾ ਹੈ।
  173. ਸਿਆਹੀ ਗਈ, ਸਫੇਦੀ ਆਈਜਦੋਂ ਕਿਸੇ ਵਿਅਕਤੀ ਦੇ ਕਾਲੇ ਵਾਲ ਚਿੱਟਿਆਂ ਵਿੱਚ ਬਦਲ ਰਹੇ ਹੋਣ ਜਾਂ ਬਦਲ ਜਾਣ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  174. ਸਿਆਣੇ ਦਾ ਕਿਹਾ ਅਤੇ ਆਲੇ ਦਾ ਖਾਧਾ, ਬਾਅਦ ਵਿੱਚ ਪਤਾ ਚੱਲਦਾ। ਸਿਆਣੇ ਮਨੁੱਖ ਦੀ ਕਹੀ ਹੋਈ ਗੱਲ ਅਤੇ ਔਲੇ ਨੂੰ ਖਾਣ ਦੇ ਫਾਇਦੇ ਬਾਅਦ ਵਿੱਚ ਹੀ ਪਤਾ ਚੱਲਦੇ ਨੇ।
  175. ਸਿਆਣੇ ਨਾਲ ਭੀਖ ਵੀ ਚੰਗੀ, ਨਿਆਣੇ ਨਾਲ ਰਾਜ ਵੀ ਮਾੜਾਇਹ ਅਖਾਣ ਲੋਕ ਸਿਆਣਪਾਂ ਦੇ ਵਿੱਚੋਂ ਨਿਕਲਿਆ ਹੋਇਆ ਹੈ । ਇਸ ਅਖਾਣ ਦੇ ਅਰਥ ਅਨੁਸਾਰ ਸਿਆਣੇ ਮਨੁੱਖ ਨਾਲ ਜ਼ਿੰਦਗੀ ਗੁਜ਼ਾਰਨੀ ਸੌਖੀ ਹੈ, ਉਹ ਭਾਵੇਂ ਆਰਥਿਕ ਪੱਖਾਂ ਤੋਂ ਔਖੇ ਹੋ ਕੇ ਗੁਜਾਰਨੀ ਪਵੇ ਅਤੇ ਭਾਵੇਂ ਭੀਖ ਮੰਗ ਕੇ ਗੁਜ਼ਾਰਨੀ ਪਵੇ। ਪਰ ਨਿਆਣੇ ਅਤੇ ਮੂਰਖ ਮੱਤ ਮਨੁੱਖ ਨਾਲ ਰਾਜ ਕਰਨਾ ਵੀ ਔਖਾ ਹੈ।
  176. ਸਿਆਣੇ ਨੂੰ ਇਸ਼ਾਰਾ, ਮੂਰਖ ਨੂੰ ਫਿਟਕਾਰਾਂ ਇਸ ਅਖਾਣ ਦੇ ਅਰਥ ਅਨੁਸਾਰ ਸਿਆਣੇ ਮਨੁੱਖ ਨੂੰ ਹਮੇਸ਼ਾ ਸਤਿਕਾਰ ਮਿਲਦਾ ਹੈ ਅਤੇ ਉਸ ਨੂੰ ਇਸ਼ਾਰੇ ਨਾਲ ਹੀ ਗੱਲ ਸਮਝ ਆ ਜਾਂਦੀ ਹੈ ਇਸ ਦੇ ਉਲਟ ਮੂਰਖ ਨੂੰ ਝਿੜਕਾਂ ਨਾਲ ਵੀ ਗੱਲ ਸਮਝ ਨਹੀਂ ਆਉਂਦੀ ਅਤੇ ਉਸਨੂੰ ਹਮੇਸ਼ਾਂ ਫਟਕਾਰਾਂ ਮਿਲਦੀਆਂ ਹਨ।
  177. ਸਿਆਣੇ ਨੂੰ ਸੈਨਤ, ਮੂਰਖ ਨੂੰ ਸੋਟਾਉਹੀ ਅਰਥ।
  178. ਸਿਆਲ ਸਵੇਰੇ, ਹਾੜ ਦੁਪਹਿਰੇ, ਸਾਉਣ ਮੀਂਹ ਵਰਸੰਦੇ, ਤਿੰਨੇ ਹੱਗਣ ਮੰਦੇ ਇਹ ਅਖਾਣ ਪੁਰਾਣੇ ਪੰਜਾਬੀ ਜੀਵਨ ਅਤੇ ਉਸਦੀਆਂ ਸਮੱਸਿਆਵਾਂ ਵਿੱਚੋਂ ਨਿਕਲਿਆ ਹੋਇਆ ਹੈ। ਪੁਰਾਣੇ ਸਮੇਂ ਵਿੱਚ ਲੋਕਾਂ ਨੂੰ ਜੰਗਲ-ਪਾਣੀ ਬਾਹਰ ਖੇਤਾਂ ਵਿੱਚ ਜਾਣਾ ਪੈਂਦਾ ਸੀ, ਜਿਸ ਕਰਕੇ ਉਹਨਾਂ ਨੂੰ ਇਹ ਖਾਸ ਧਿਆਨ ਰੱਖਣਾ ਪੈਂਦਾ ਸੀ ਕਿ ਜੰਗਲ ਪਾਣੀ ਸਹੀ ਸਮੇਂ ਤੇ ਜਾਇਆ ਜਾਵੇ ਤਾਂ ਕਿ ਖੇਤਾਂ ਵਿੱਚ ਕੰਮ ਕਰਨ ਵਾਲਿਆਂ ਨੂੰ ਵੀ ਸ਼ਰਮ ਮਹਿਸੂਸ ਨਾ ਹੋਵੇ ਅਤੇ ਜੰਗਲ ਪਾਣੀ ਜਾਣ ਵਾਲਿਆਂ ਨੂੰ ਵੀ ਦਿੱਕਤ ਨਾ ਹੋਵੇ। ਅਖਾਣ ਦੇ ਅਰਥ ਅਨੁਸਾਰ ਸਿਆਲ ਵਿੱਚ ਸਵੇਰੇ ਅਤੇ ਹਾੜ ਦੇ ਮਹੀਨੇ ਵਿੱਚ ਦੁਪਹਿਰੇ ਅਤੇ ਸਾਉਣ ਦੇ ਮਹੀਨੇ ਵਿੱਚ ਮੀਹ ਪੈਂਦੇ ਦੌਰਾਨ ਜੇਕਰ ਕੋਈ ਵਿਅਕਤੀ ਜੰਗਲ ਪਾਣੀ ਜਾਂਦਾ ਹੈ ਤਾਂ ਉਹ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
  179. ਸਿਆਲ਼ ਦਾ ਕੋਰਾ, ਰੂੜੀ ਦਾ ਬੋਰਾ ਇਹ ਅਖਾਣ ਵੀ ਕਿਸਾਨੀ ਤਜਰਬਿਆਂ ਦੇ ਵਿੱਚੋਂ ਨਿਕਲਿਆ ਹੋਇਆ ਹੈ ਅਖਾਣ ਦੇ ਅਰਥ ਅਨੁਸਾਰ ਸਿਆਲ ਦੇ ਮਹੀਨੇ ਵਿੱਚ ਕਣਕ ਉੱਤੇ ਅਤੇ ਹੋਰ ਕੁਝ ਫਸਲਾਂ ਉੱਤੇ ਪਿਆ ਕੋਰਾ  ਰੂੜੀ ਵਾਂਗ ਲੱਗਦਾ ਹੈ।
  180. ਸਿਆਲ ਦਾ ਨਹਾਉਣਾ, ਤੇ ਗਰਮੀ ਦਾ ਸੌਣਾ, ਦੋਵੇਂ ਹੀ ਔਖੇ। ਅਰਥ ਸਪਸ਼ਟ ਹੈ। ਜਸਬੀਰ ਵਾਟਾਂਵਾਲੀਆ
  181. ਸਿਕਾਰ ਸਹੇ ਦਾ, ਤਿਆਰੀ ਸ਼ੇਰ ਦੀਇਹ ਅਖਾਣ ਸਿੱਖਿਆ ਦੇਣ ਵਜੋਂ ਅਤੇ ਵਿਅੰਗ ਕਰਨ ਵਜੋਂ ਵੀ ਬੋਲਿਆ ਜਾਂਦਾ ਹੈ।
    ਇਹ ਅਖਾਣ ਅਕਸਰ ਉਦੋਂ ਬੋਲਿਆ ਜਾਂਦਾ ਹੈ ਜਦੋਂ ਛੋਟੇ ਕੰਮ ਬਦਲੇ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹੋਣ।
  182. ਸ਼ਿਕਾਰ ਨਿਕਲਿਆ ਤੇ ਕੁੱਤੀ ਨੂੰ ਝਾੜਾ ਗਿਆ ਇਹ ਅਖਾਣ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੰਮ ਕਰਨ ਅਤੇ ਸਮਾਂ ਆਉਣ ਤੇ ਕੋਈ ਮੌਕੇ ਤੋਂ ਖਿਸਕ ਜਾਵੇ।
  183. ਸਿੰਗਾਂ ਨਾਲ ਦੋਸਤੀ, ਪੂਛ ਨਾਲ ਵੈਰਇਹ ਅਖਾਣ ਨਹੋਰਾ ਮਾਰਨ ਵਜੋਂ ਉਸ ਵਿਅਕਤੀ ਨੂੰ ਬੋਲਿਆ ਜਾਂਦਾ ਹੈ ਜੋ ਤਕੜੇ ਲੋਕਾਂ ਨਾਲ ਤਾਂ ਦੋਸਤੀ ਰੱਖੇ ਪਰ ਮਾੜਿਆਂ ਨਾਲ ਵੈਰ ਕਮਾਵੇ।
  184. ਸਿੰਘ ਦੀ ਸਿੰਘਣੀ, ਪੁੱਤ ਦੀ ਮਾਂ, ਰੁੱਖਾ ਕਾਹਨੂੰ ਖਾਂ, ਤੁਰਦੀ ਕਾਹਨੂੰ ਜਾਂਇਹ ਅਖਾਣ ਆਪਣੇ ਪਤੀ ਅਤੇ ਪੁੱਤਰ ਦੇ ਉੱਤੇ ਮਾਣ ਹੋਣ ਵਜੋਂ ਬੋਲਿਆ ਜਾਂਦਾ ਹੈ ਅਖਾਣ ਦੇ ਅਰਥ ਮੁਤਾਬਕ ਆਪਣੇ ਪਤੀ ਦੇ ਆਸਰੇ ਅਤੇ ਪੁੱਤਰ ਦੇ ਆਸਰੇ ਔਰਤ ਕਦੇ ਵੀ ਭੁੱਖੀ ਨਹੀਂ ਰਹਿੰਦੀ ਅਤੇ ਮੁਸ਼ਕਲਾਂ ਨਹੀਂ ਕੱਟਦੀ।
  185. ਸਿਦਕ ਦੇ ਬੇੜੇ ਪਾਰ ਇਹ ਅਖਾਣ ਸਿਦਕ ਦੀ ਮਹਾਨਤਾ ਦੱਸਣ ਵਜੋਂ ਬੋਲਿਆ ਜਾਂਦਾ ਹੈ ਕਿ ਸਿਦਕ ਰੱਖਣ ਵਾਲਾ ਵਿਅਕਤੀ ਹਮੇਸ਼ਾ ਮੰਜ਼ਿਲ ਤੇ ਪਹੁੰਚਦਾ ਹੈ।
  186. ਸਿਦਕ ਮਾਹੀ ਦੇ ਪੱਲੇ ਆਪੇ ਆਉਣਗੇ ਚਰਕੇਜਦੋਂ ਕੋਈ ਕਿਸੇ ਦੇ ਮਿੱਤਰ ਪਿਆਰੇ ਉਸ ਨੂੰ ਛੱਡ ਜਾਣ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ ਅਖਾਣ ਬੋਲਣਾ ਵਾਲਾ ਵਿਅਕਤੀ ਇਹ ਦਰਸਾਉਂਦਾ ਹੈ ਕਿ ਉਸਦੇ ਪੱਲੇ ਸਿਦਕ ਹੈ ਅਤੇ ਉਸਨੂੰ ਸਿਦਕ ਦਾ ਹੀ ਆਸਰਾ ਹੈ ਤੇ ਗਏ ਹੋਏ ਆਪੇ ਵਾਪਸ ਮੁੜ ਕੇ ਆਉਣਗੇ। ਅਖਾਣ ਦੇ ਅੱਖਰੀ ਅਰਥ ਇਹ ਹਨ ਕਿ ਜੇਕਰ ਮੱਝਾਂ ਚਰਦਿਆਂ ਚਰਦਿਆਂ ਦੂਰ ਨਿਕਲ ਵੀ ਜਾਣ ਤਾਂ ਉਹ ਮੁੜ ਵਾਪਸ ਪਾਲੀ ਕੋਲ ਆ ਜਾਂਦੀਆਂ ਹਨ।
  187. ਸਿੱਧੀ ਉਂਗਲ ਨਾਲ,ਘਿਓ ਨਹੀਂ ਨਿਕਲਦਾ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਭਲਮਾਣਸੀ, ਨਰਮਾਈ ਅਤੇ ਸਿੱਧੇ ਢੰਗ ਨਾਲ ਕੰਮ ਨਾ ਹੋਵੇ। ਅਖਾਣ ਦਾ ਭਾਵ ਅਰਥ ਇਹ ਹੈ ਕਿ ਜਦੋਂ ਸਿੱਧੇ ਢੰਗ ਨਾਲ ਕੰਮ ਨਾ ਹੋਵੇ ਤਾਂ ਟੇਢਾ ਢੰਗ ਹੀ ਵਰਤਣਾ ਪੈਂਦਾ ਹੈ।
  188. ਸਿਰ ਸਲਾਮਤ ਜੁੱਤੀਆਂ ਦਾ ਕੀ ਘਾਟਾ ਇਹ ਅਖਾਣ ਹੱਸੇ ਠਠੇ ਵਜੋਂ ਬੋਲਿਆ ਜਾਂਦਾ ਹੈ। ਅਖਾਣ ਦਾ ਭਾਵ ਅਰਥ ਇਹ ਹੈ ਕਿ ਜੇਕਰ ਬੰਦੇ ਦੀ ਜਾਨ ਅਤੇ ਉਸਦਾ ਅਹੁਦਾ ਸਲਾਮਤ ਹੈ ਤਾਂ ਸਭ ਕੁਝ ਸਹੀ ਹੈ ਫਿਰ ਭਾਵੇਂ ਬਦਨਾਮੀ ਅਤੇ ਮੁਸੀਬਤਾਂ ਹੀ ਕਿਉਂ ਨਾ ਸਿਰ ਤੇ ਪਈਆਂ ਹੋਣ।
  189. ਸਿਰ ਜਾਵੇ ਪਰ ਸਿਦਕ ਨਾ ਜਾਵੇ ਇਸ ਅਖਾਣ ਦੇ ਅਰਥਾਂ ਮੁਤਾਬਕ ਸਿਦਕ ਹਮੇਸ਼ਾ ਕਾਇਮ ਰਹਿਣਾ ਚਾਹੀਦਾ ਹੈ ਉਸ ਦੇ ਲਈ ਭਾਵੇਂ ਸਿਰ ਵੀ ਕਿਉਂ ਨਾ ਵਾਰ ਨਾ ਪਵੇ।
  190. ਸਿਰ ਜਾਵੇ ਪਰ ਸਿਰੜ ਨਾ ਜਾਵੇਇਹ ਅਖਾਣ ਸਿਰੜ ਦੀ ਮਹਾਨਤਾ ਨੂੰ ਦਰਸਾਉਂਦਾ ਹੈ ਕਿ ਸਿਰੜ ਹਮੇਸ਼ਾ ਮੰਜ਼ਿਲ ਤੇ ਪਹੁੰਚਾ ਦਿੰਦਾ ਹੈ ਅਤੇ ਮਨੁੱਖ ਨੂੰ ਕਦੇ ਵੀ ਸਿਰੜ ਨਹੀਂ ਛੱਡਣਾ ਚਾਹੀਦਾ। ਉਸਦੇ ਲਈ ਭਾਵੇਂ ਉਸ ਦਾ ਸਿਰ ਹੀ ਕਿਉਂ ਨਾ ਚਲਾ ਜਾਵੇ।
  191. ਸਿਰ ਦੁਖੀਏ, ਮੱਥਾ ਫੋੜੀਏ, ਨੀ ਤੇਰੀ ਚੁੰਝ ਨਰੋਈ, ਤੇਰੀ ਬਾਤ ਨਾ ਪੁੱਛੇ ਕੋਈ ਇਹ ਅਖਾਣ ਵਿਅੰਗ ਵਜੋਂ ਉਸ ਮਨੁੱਖ ਦੇ ਲਈ ਬੋਲਿਆ ਜਾਂਦਾ ਹੈ ਜੋ ਉੰਝ ਤਾਂ ਬਿਮਾਰੀ ਦਾ ਬਹਾਨਾ ਕਰੇ ਕਿ ਉਸ ਦਾ ਸਿਰ ਫਟ ਰਿਹਾ ਹੈ ਅਤੇ ਉਹ ਠੀਕ ਨਹੀਂ ਹੈ ਪਰ ਖਾਣ ਪੀਣ ਦੀ ਕੋਈ ਕਸਰ ਨਾ ਛੱਡੇ।
  192. ਸਿਰ ਦਾ ਭਾਰ ਪੈਰਾਂ ’ਤੇ ਹੀ ਆਉਂਦਾ ਹੈ। ਇਸ ਅਖਾਣ ਦੇ ਅਰਥ ਅਨੁਸਾਰ ਮੁਖ ਬੰਦਿਆਂ ਅਤੇ ਆਗੂਆਂ ਉੱਤੇ ਹੀ ਸਮੁੱਚੇ ਧੜੇ ਦਾ ਭਾਰ ਅਤੇ ਜਿੰਮੇਵਾਰੀ ਹੁੰਦੀ ਹੈ।
  193. ਸਿਰ ਨਾਧਾ ਕੰਘੀ ਵਾਹੀ, ਪਰ ਲੈਣ ਕੋਈ ਨਾ ਆਈ ਇਹ ਅਖਾਣ ਹਾਸੇ-ਠੱਠੇ ਅਤੇ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਕਿਸੇ ਦੀ ਉਡੀਕ ਵਿੱਚ ਤਿਆਰ ਬਰ ਤਿਆਰ ਹੋ ਕੇ ਬੈਠਾ ਰਹੇ ਅਤੇ ਉਸ ਨੂੰ ਲੈਣ ਨਾ ਆਵੇ।
  194. ਸਿਰ ਪਈ ਕੰਮ ਆਵੇ ਜਿਹੜਾ, ਉਹੋ ਮਿੱਤਰ ਨਿਸ਼ੰਗ ਇਸ ਅਖਾਣ ਦੇ ਅਰਥਾਂ ਮੁਤਾਬਕ ਸੱਚਾ ਮਿੱਤਰ ਉਹੀ ਹੈ ਜੋ ਮੁਸੀਬਤ ਪਈ ਤੋਂ ਕੰਮ ਆਉਂਦਾ ਹੈ।
  195. ਸਿਰ ਮਨਾ ਕੇ, ਭੱਦਰਾਂ ਪੁੱਛਣੀਆਂਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਨੁਕਸਾਨ ਹੋਣ ਤੋਂ ਬਾਅਦ ਉਸ ਨੁਕਸਾਨ ਦੀ ਪੂਰਤੀ ਲਈ ਪੁੱਛ-ਪੜਤਾਲ ਸ਼ੁਰੂ ਕਰ ਦੇਵੇ।
  196. ਸਿਰ ਮਨਾਉਂਦਿਆਂ ਗੜੇ ਪੈਣੇਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਨਵਾਂ ਕੰਮ ਸ਼ੁਰੂ ਕਰੇ ਅਤੇ ਉੱਤੋਂ ਮੁਸੀਬਤਾਂ ਦਾ ਪਹਾੜ ਟੁੱਟ ਪਵੇ।
  197. ਸਿਰ ਵੱਡੇ ਸਰਦਾਰਾਂ ਦੇ ਤੇ ਪੈਰ ਵੱਡੇ ਗਵਾਰਾਂ ਦੇਸਾਡੇ ਸਮਾਜ ਵਿੱਚ ਵੱਡੇ ਸਿਰ ਵਾਲੇ ਨੂੰ ਸਰਦਾਰ ਸਮਝਿਆ ਜਾਂਦਾ ਹੈ ਅਤੇ ਜਿਸ ਵਿਅਕਤੀ ਦੇ ਵੱਡੇ ਪੈਰ ਹੋਣ ਉਸ ਨੂੰ ਗਵਾਰ ਸਮਝਿਆ ਜਾਂਦਾ ਹੈ ਇਹ ਅਖਾਣ ਅਕਸਰ ਇਹਨਾਂ ਦੋਹਾਂ ਵਿਅਕਤੀਆਂ ਨੂੰ ਹਾਸੇ ਠੱਠੇ ਵਜੋਂ ਬੋਲਿਆ ਜਾਂਦਾ ਹੈ।
  198. ਸਿਰੋਂ ਗੰਜੀ, ਕੰਗੀਆਂ ਦੋ ਜੋੜੇ ਇਹ ਅਖਾਣ ਵਿਅੰਗ ਵਜੋਂ ਉਸ ਵਿਅਕਤੀ ਲਈ ਬੋਲਿਆ ਜਾਂਦਾ ਹੈ ਜਿਸ ਕੋਲ ਕੋਈ ਸਮਾਨ ਅਤੇ ਜਾਇਦਾਦ ਦਾ ਨਾ ਹੋਵੇ ਪਰ ਅਹਿਤਿਆਤ ਉਹ ਇੰਜ ਵਰਤ ਰਿਹਾ ਹੋਵੇ ਜਿਵੇਂ ਕਿ ਉਸ ਕੋਲ ਕੀਮਤੀ ਸਮਾਨ ਹੋਵੇ।
  199. ਸਿਰੋਂ ਗੰਜੀ, ਤੇ ਭੱਖੜੇਤੇ ਕਲਾ ਬਾਜ਼ੀਆਂਇਹ ਅਖਾਣ ਵਿਅੰਗ ਵਜੋਂ ਉਸ ਵਿਅਕਤੀ ਲਈ ਬੋਲਿਆ ਜਾਂਦਾ ਹੈ ਜੋ ਸਰੀਰਕ ਜਾਂ ਆਰਥਿਕ ਪੱਖੋਂ ਤਾਂ ਕਮਜ਼ੋਰ ਹੋਵੇ ਪਰ ਪੰਗੇ ਵੱਡੇ ਵੱਡੇ ਲੋਕਾਂ ਨਾਲ ਲੈ ਰਿਹਾ ਹੋਵੇ।
  200. ਸਿਰੋਂ ਪੈਰੋਂ ਨੰਗੇ ਆਂ ਪਰ ਸਾਰਿਆਂ ਤੋਂ ਚੰਗੇ ਆਂ ਇਹ ਅਖਾਣ ਮਸਤ ਮੌਲਾ ਲੋਕ ਅਕਸਰ ਬੋਲਦੇ ਹਨ ਕਿ ਉਹਨਾਂ ਕੋਲੇ ਜੀਵਨ ਦੇ ਵਸੀਲੇ ਭਾਵੇਂ ਥੋੜੇ ਹਨ ਪਰ ਉਹ ਜ਼ਿੰਦਗੀ ਮੌਜ ਵਿੱਚ ਜਿਉਂਦੇ ਹਨ ਇਹ ਅਕਾਣ ਵਿਅੰਗ ਵਜੋਂ ਵੀ ਬੋਲਿਆ ਜਾਂਦਾ ਹੈ।
  201. ਸਿਲੇਹਾਰ ਦੀ ਸਿਲੇਹਾਰ ਵੈਰੀਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਮਨੁੱਖ ਦਾ ਆਪਣੇ ਲੋਕਾਂ ਨਾਲ ਜਾਂ ਆਪਣੇ  ਕਿੱਤੇ ਦੇ ਮੁਕਾਬਲੇਬਾਜਾਂ ਨਾਲ ਹੀ ਵੈਰ ਹੁੰਦਾ ਹੈ।
  202. ਸ਼ੀਸ਼ਾ ਡਿੱਗਿਆ ਤੇ ਗਿਆ, ਅਮਲੀ ਭਿੱਜਿਆ ਤੇ ਗਿਆ, ਫੁਲਕਾ ਸੜਿਆ ਤੇ ਗਿਆ, ਆਸ਼ਿਕ ਫੜ੍ਹਿਆ ਤੇ ਗਿਆਅਖਾਣ ਦਾ ਅਰਥ ਸਪਸ਼ਟ ਹੈ।
  203. ਸੀਖ ਨਾ ਦੀਜੈ ਬਾਂਦਰਾਂ, ਜੋ ਬਿਜੜੇ ਘਰ ਖਾਏਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਮੂਰਖ ਅਤੇ ਅਵੈੜੇ ਲੋਕਾਂ ਨੂੰ ਸਿੱਖਿਆ ਦੇਣਾ ਲਾਭਦਾਇਕ ਨਹੀਂ ਹੁੰਦਾ। ਉਹ ਤੁਹਾਡੇ ਕੋਲੋਂ ਸਿੱਖਿਆ ਲੈ ਕੇ ਤੁਹਾਡਾ ਹੀ ਨੁਕਸਾਨ ਕਰਦੇ ਹਨ। ਇਸ ਅਖਾਣ ਦੇ ਨਾਲ ਬਾਂਦਰ ਅਤੇ ਬਿਜੜੇ ਦੀ ਕਹਾਣੀ ਜੁੜੀ ਹੋਈ ਹੈ।
  204. ਸੀਨੇਬਸੀਨੇ ਰੱਖਣ ਤੇ ਸਵਾਦ ਚੱਖਣਅਰਥ ਬਾਕੀ
  205. ਸੁੱਕਾ ਢੀਂਗਰ ਆਂਡੇ ਦੇਵੇਇਹ ਅਖਾਣ ਪੰਜਾਬੀ ਬੁਝਾਰਤਾਂ ਵਜੋਂ ਵੀ ਪਾਇਆ ਜਾਂਦਾ ਹੈ। ਬਾਤਾਂ ਦੇ ਵਿੱਚ ਇਸ ਦਾ ਅਰਥ ਹੈ ਚਰਖਾ ਪਰ ਜਦੋਂ ਕਿਸੇ ਬੰਦੇ ਕੋਲੋਂ ਸੀਮਤ ਜਿਹੀ ਉਮੀਦ ਹੋਵੇ ਤਾਂ ਇਹ ਅਖਾਣ ਵਜੋਂ ਵੀ ਬੋਲਿਆ ਜਾਂਦਾ ਹੈ।
  206. ਸੁੱਕੇ ਉੱਤੇ ਮਿਲ ਮਾਹੀਆ ਇਹ ਅਖਾਣ ਵਿਅੰਗ ਵਜੋਂ ਉਸ ਮਨੁੱਖ ਲਈ ਵਰਤਿਆ ਜਾਂਦਾ ਹੈ ਜੋ ਅਣਹੋਣੀਆਂ ਗੱਲਾਂ ਕਰੇ।
  207. ਸੁੱਕੇ ਖੂਹਾਂ ਚੋਂ ਟਿੰਡਾਂ ਵੀ ਸੁੱਕੀਆਂ ਹੀ ਮੁੜਦੀਆਂ ਨੇ। ਇਹ ਅਖਾਣ ਕੰਮ ਦਿਲੇ ਅਤੇ ਮਾੜੀ ਨੀਅਤ ਵਾਲੇ ਮਨੁੱਖਾਂ ਲਈ ਵਰਤਿਆ ਜਾਂਦਾ ਹੈ ਸਿਖਾਣ ਦਾ ਭਾਵ ਅਰਥ ਇਹ ਹੈ ਕਿ ਜੋ ਮਨੁੱਖ ਖੁਦ ਹੀ ਖਾਲੀ ਭਾਂਡੇ ਹੋਣ ਉਹਨਾਂ ਤੋਂ ਭਰੇ ਜਾਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਜਸਬੀਰ ਵਾਟਾਂਵਾਲੀਆ
  208. ਸੁੱਖ ਲਈਆਂ ਪੰਜ ਮੱਸਿਆ, ਪਹਿਲੀ ਮੱਸਿਆ ਕੰਨਾਂ ਨੂੰ ਹੱਥ ਲਾਵੇਇਹ ਅਖਾਣ ਹਾਸੇ-ਠੱਠੇ ਅਤੇ ਵਿਅੰਗ ਵਜੋਂ ਉਸ ਮਨੁੱਖ ਲਈ ਬੋਲਿਆ ਜਾਂਦਾ ਹੈ ਜੋ ਕੋਈ ਵੱਡਾ ਵਿਢਣਾ ਵਿੱਢ ਲਵੇ ਪਰ ਕੰਮ ਦੇ ਸ਼ੁਰੂਆਤ ਹੀ ਪੜਾਅ ਵਿੱਚ ਉਸ ਦੇ ਹੱਥ ਕੰਨਾਂ ਨੂੰ ਲੱਗ ਜਾਣ।
  209. ਸੁੱਖਾਂ ਦਾ ਪੂਲਾ ਨਹੀਂ, ਤੇ ਦੁੱਖਾਂ ਦੇ ਖਲਵਾੜ੍ਹਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਜਿੰਦਗੀ ਵਿੱਚ ਸੁਖ ਥੋੜ੍ਹੇ ਅਤੇ ਦੁੱਖ ਬਹੁਤੇ ਹੋਣ। ਅਖਾਣ ਦਾ ਭਾਵ ਅਰਥ ਇਹ ਹੈ ਕਿ ਸੁਖ ਤਾਂ ਸਿਰਫ ਇੱਕ ਪੂਲਾ ਹਨ ਪਰ ਦੁੱਖਾਂ ਦੇ ਖਲਵਾੜ੍ਹ ਭਾਵ ਢੇਰ ਲੱਗੇ ਹੋਏ ਹਨ।
  210. ਸੁਖੀ ਸੌਣ ਸ਼ੇਖ਼, ਜਿਨਾਂ ਦੇ ਟੱਟੂ ਦਾ ਮੇਖ ਇਹ ਅਖਾਣ ਇਹ ਗੱਲ ਦਰਸਾਉਣ ਲਈ ਬੋਲਿਆ ਜਾਂਦਾ ਹੈ ਫੱਕਰ ਲੋਕ ਹਮੇਸ਼ਾ ਹੀ ਸੁੱਖ ਦੀ ਨੀਂਦ ਸੌਂਦੇ ਹਨ। ਕਿਸੇ ਮਨੁੱਖ ਦਾ ਜਿੰਨਾ ਵੀ ਖਲਾਰਾ ਅਤੇ ਖਲਜਗਣ ਵਧੇਰੇ ਹੋਵੇਗਾ, ਜਿੰਦਗੀ ਵਿੱਚ ਉਹ ਮਨੁੱਖ ਉਨਾ ਹੀ ਦੁਖੀ ਹੁੰਦਾ ਹੈ। ਮਨੁੱਖ ਕੋਲ ਜਿੰਨੇ ਥੋੜੇ ਸਾਧਨ ਹੁੰਦੇ ਹਨ ਉਨਾ ਹੀ ਉਹ ਸੁਖ ਦਾ ਨੀਂਦ ਸੌਂਦਾ ਹੈ।
  211. ਸੁੱਚੇ ਮੋਤੀਆਂ ਨੂੰ ਮੁਲੰਮੇ ਦੀ ਕੀ ਲੋੜਇਹ ਅਖਾਣ ਇਹ ਦਰਸਾਉਣ ਲਈ ਬੋਲਿਆ ਜਾਂਦਾ ਹੈ ਕਿ ਸ਼ੁੱਧ ਅਤੇ ਨਰੋਲ ਚੀਜ਼ ਨੂੰ ਵਿਖਾਵੇ ਦੀ ਲੋੜ ਨਹੀਂ ਹੁੰਦੀ।
  212. ਸੁਣ ਨੀਂ ਮਾਸੀ ਕਾਣੀਏ ਹੱਥ ਲੱਗਣ ਤਾਂ ਜਾਣੀਏਇਹ ਅਖਾਣ ਇਸ ਗੱਲ ਨੂੰ ਦਰਸਾਉਣ ਲਈ ਬੋਲਿਆ ਜਾਂਦਾ ਹੈ ਕਿ ਕਿਸੇ ਭੈੜੇ ਮਨੁੱਖ ਦਾ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਉਸ ਨਾਲ ਵਾਹ ਪੈਂਦਾ ਹੈ।
  213. ਸੁਣ ਰਾਣੀ, ਅੱਗ ਬੁਝਾਵੇ ਤੱਤਾ ਪਾਣੀ  ਇਹ ਅਖਾਣ ਸਿੱਖਿਆ ਦੇਣ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਸਾਹਮਣੇ ਵਾਲੇ  ਦੱਸਣਾ ਹੋਵੇ ਕਿ ਨੇੜਲੇ ਰਿਸ਼ਤੇ ਹਮੇਸ਼ਾ ਕੰਮ ਭਲਾ ਲੋੜਦੇ ਹਨ ਭਾਵੇਂ ਕਿ ਉਹ ਗੁੱਸੇ ਵੀ ਕਿਉਂ ਨਾ ਹੋ ਜਾਣ।
  214. ਸੁੱਤਾ ਮੋਇਆ ਇੱਕ ਬਰਾਬਰਜਦੋਂ ਇਹ ਦੱਸਣਾ ਹੋਵੇ ਕਿ ਸੁੱਤਾ ਪਿਆ ਮਨੁੱਖ ਆਲੇ ਦੁਆਲੇ ਪ੍ਰਤੀ ਪੂਰੀ ਤਰ੍ਹਾਂ ਬੇਸੁੱਧ ਹੁੰਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  215. ਸੁੱਤਿਆਂ ਖਾਣ ਨਾ ਖੇਤ ਨੂੰ ਚਿੜੀਆਂ, ਜਾਗਦਿਆਂ ਤੋਂ ਠੁੰਗਣਇਹ ਅਖਾਣ ਵਿਅੰਗ ਵਜੋਂ ਬੋਲਿਆ ਜਾਂਦਾ ਹੈ ਅਖਾਣ ਦੇ ਭਾਵ ਅਰਥ ਇਹ ਹਨ ਕਿ ਨੁਕਸਾਨ ਹੋਣ ਦੀ ਚਿੰਤਾ ਸਿਰਫ ਸੂਝਵਾਨ ਅਤੇ ਜਾਗਰੂਕ ਮਨੁੱਖ ਨੂੰ ਹੀ ਹੁੰਦੀ ਹੈ ਬੇਬੁੱਧ ਅਤੇ ਮੂਰਖ ਮਨੁੱਖ ਨੂੰ ਨੁਕਸਾਨ ਹੋਣ ਦੀ ਕੋਈ ਚਿੰਤਾ ਨਹੀਂ ਹੁੰਦੀ।
  216. ਸੁੱਤਿਆਂ ਦੇ ਕੱਟੇ, ਤੇ ਜਾਗਦਿਆਂ ਦੀਆਂ ਕੱਟੀਆਂਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਾਗਰੂਕ ਮਨੁੱਖ ਹੀ ਆਪਣੇ ਜੀਵਨ ਅਤੇ ਮਾਲ ਧਨ ਦੀ ਰੱਖਿਆ ਕਰ ਸਕਦਾ ਹੈ। ਇਹ ਅਖਾਣ ਪਸ਼ੂ ਪਾਲਕ ਕਿੱਤੇ ਅਤੇ ਲੋਕ ਕਹਾਣੀਆਂ ਦੇ ਵਿੱਚੋਂ ਨਿਕਲਿਆ ਹੈ। ਇਸ ਲੋਕ ਕਹਾਣੀ ਅਨੁਸਾਰ ਕੋਈ ਦੋ ਗੁਆਂਡੀ ਵਿਅਕਤੀਆਂ ਦੀਆਂ ਮੱਝਾਂ ਸੂਣ ਵਾਲੀਆਂ ਸਨ। ਜਦੋਂ ਮੱਝ ਸੌਣ ਦਾ ਟਾਈਮ ਆਇਆ ਤਾਂ ਇੱਕ ਵਿਅਕਤੀ ਸੌ ਗਿਆ। ਜਿਹੜਾ ਗੁਆਂਢੀ ਸੌਂ ਗਿਆ ਉਸ ਦੀ ਮੱਝ ਨੇ ਕੱਟੀ ਦਿੱਤੀ। ਜਿਹੜਾ ਜਾਗ ਰਿਹਾ ਸੀ ਉਸਦੀ ਮੱਝ ਨੇ ਕੱਟਾ ਦਿੱਤਾ। ਜਿਸ ਵਿਅਕਤੀ ਦੀ ਮੱਝ ਨੇ ਕੱਟਾ ਦਿੱਤਾ ਉਹ ਕਾਫੀ ਚਾਲਾਕ ਸੀ ਅਤੇ ਉਸਨੇ ਨਾਲ ਦੇ ਗੁਵਾਂਢੀ ਨੂੰ ਸੁੱਤਾ ਪਿਆ ਦੇਖ ਉਸ ਦੀ ਕੱਟੀ ਨਾਲ ਆਪਣਾ ਕੱਟਾ ਬਦਲ ਦਿੱਤਾ।
  217. ਸੁੱਤੀ ਉਠਾਂ ਦੇ, ਬਨੇਰੇ ਬੋਲਣ ਕਾਂਅਰਥ ਬਾਕੀ ਹੈ।
  218. ਸੁੰਨਾ ਘਰ ਤੇ ਚੋਰਾਂ ਦਾ ਰਾਜਇਸ ਅਖਾਣ ਦੇ ਅਰਥ ਅਨੁਸਾਰ ਜਿਸ ਘਰ ਵਿੱਚ ਕੋਈ ਰਾਖੀ ਵਾਲਾ ਨਹੀਂ ਹੁੰਦਾ ਉਥੇ ਹਮੇਸ਼ਾ ਚੋਰ ਅਤੇ ਗਲਤ ਲੋਕ ਦਾ ਮਾਰ ਜਾਂਦੇ ਹਨ।
  219. ਸੁਨਿਆਰ ਦੀ ਠੱਕ ਠੱਕ, ਤੇ ਲੋਹਾਰ ਦੀ ਇੱਕੋ ਸੱਟ ਇਹ ਅਖਾਣ ਸਾਡੇ ਪੰਜਾਬੀ ਜੀਵਨ ਦੇ ਲੋਕ ਕਿੱਤਿਆਂ ਵਿੱਚੋਂ ਨਿਕਲਿਆ ਹੋਇਆ ਹੈ ਅਖਾਣ ਦੇ ਭਾਵ ਅਰਥ ਅਨੁਸਾਰ ਚੰਗੀ ਤਰ੍ਹਾਂ ਅਤੇ ਤਸੱਲੀ ਨਾਲ ਕੀਤਾ ਹੋਇਆ ਕੰਮ ਇੱਕੋ ਵਾਰ ਕਰਨਾ ਪੈਂਦਾ ਹੈ ਪਰ ਜੇਕਰ ਕੰਮ ਤਸੱਲੀ ਨਾਲ ਨਾ ਕੀਤਾ ਜਾਵੇ ਤਾਂ ਉਸਨੂੰ ਵਾਰ ਵਾਰ ਕਰਨਾ ਪੈਂਦਾ ਹੈ।
  220. ਸੁਨਿਆਰਾ ਸਿੱਖ ਨਹੀਂ ਤੇ ਰਿਉੜੀ ਪ੍ਰਸ਼ਾਦ ਨਹੀਂਇਹ ਅਖਾਣ ਸਾਡੇ ਪੰਜਾਬੀ ਸਮਾਜ ਵਿੱਚ ਜਾਤ ਪਾਤ ਦੇ ਭੇਦ ਵਿੱਚੋਂ ਨਿਕਲਿਆ ਹੋਇਆ ਹੈ ਅਖਾਣ ਦੇ ਅਰਥ ਅਨੁਸਾਰ ਸੁਨਿਆਰਾ ਜਾਤ ਦਾ ਵਿਅਕਤੀ ਚੰਗਾ ਸਿੱਖ ਨਹੀਂ ਹੋ ਸਕਦਾ ਅਤੇ ਰਿਓੜੀਆਂ ਦਾ ਪ੍ਰਸ਼ਾਦ , ਪ੍ਰਸ਼ਾਦ ਨਹੀਂ ਗਿਣਿਆ ਜਾ ਸਕਦਾ।
  221. ਸੁਨਿਆਰਾ ਹੋਵੇ ਪਾਰ ਤਾਂ ਗੰਢ ਸੰਭਾਲੀਏ ਉਤਾਰ। ਇਸ ਅਖਾਣ ਵਿੱਚ ਵੀ ਸੁਨਿਆਰਾ ਜਾਤ ਦੇ ਪ੍ਰਤੀ ਭੇਦ-ਭਾਵ ਦਾ ਪ੍ਰਗਟਾਵਾ ਕੀਤਾ ਗਿਆ ਹੈ। ਅਖਾਣ ਦੇ ਅਰਥ ਅਨੁਸਾਰ ਸੁਨਿਆਰਾ ਜਾਤ ਤੇ ਵਿਅਕਤੀ ਦਾ ਕੋਈ ਭਰੋਸਾ ਨਹੀਂ ਹੁੰਦਾ ਅਤੇ ਉਸ ਨੂੰ ਵੇਖ ਕੇ ਆਪਣੀ ਗੰਢ ਭਾਵ ਧਨ ਮਾਲ ਸੰਭਾਲ ਲੈਣਾ ਚਾਹੀਦਾ ਹੈ।
  222. ਸੁਨਿਆਰਾ ਤਾਂ ਆਪਣੀ ਮਾਂ ਦੇ ਗਹਿਣਿਆਂ ਵਿੱਚੋਂ ਵੀ ਸੋਨਾ ਟੁੱਕ ਲੈਂਦਾ ਇਸ ਅਖਾਣ ਵਿੱਚ ਦੇ ਸੁਨਿਆਰਾ ਬਰਾਦਰੀ ਦੇ ਕਿੱਤੇ ਪ੍ਰਤੀ ਬੇਭਰੋਸਗੀ ਦਾ ਪ੍ਰਗਟਾਵਾ ਕੀਤਾ ਗਿਆ ਹੈ। ਅਖਾਣ ਦੇ ਅਰਥ ਅਨੁਸਾਰ ਸੁਨਿਆਰਾ ਗਹਿਣੇ ਬਣਾਉਣ ਮੌਕੇ ਆਪਣੀ ਮਾਂ ਨਾਲ ਵੀ ਲਿਹਾਜ ਨਹੀਂ ਕਰਦਾ ਅਤੇ ਉਸਦੇ ਗਹਿਣਿਆਂ ਵਿੱਚੋਂ ਵੀ ਸੋਨਾ ਕੱਢ ਲੈਂਦਾ ਹੈ।
  223. ਸੁਨਿਆਰੇ ਦਾ ਕੂੜਾ ਵੀ ਮੁੱਲ ਵਿਕਦਾ ਹੈ। ਇਹ ਅਖਾਣ ਸੁਨਿਆਰਾ ਕਿੱਤੇ ਦੇ ਖਾਸ ਪੱਖ ਵਿੱਚੋਂ ਨਿਕਲਿਆ ਹੋਇਆ ਹੈ। ਅਖਾਣ ਦੇ ਅਰਥ ਅਨੁਸਾਰ ਕੰਮ ਕਾਰ ਕਰਦਿਆਂ ਸੁਨਿਆਰੇ ਦੇ ਕੂੜੇ ਵਿੱਚ ਵੀ ਸੋਨਾ ਚਲਾ ਜਾਂਦਾ ਹੈ ਅਤੇ ਉਸਦਾ ਕੂੜਾ ਵੀ ਮੁੱਲ ਵਿਕਦਾ ਹੈ।
  224. ਸੁਨਿਆਰੇ ਦੇ ਲਾਰੇ ਵਿਆਹੇ ਵੀ ਕੁਆਰੇ ਇਸ ਅਖਾਣ ਵਿੱਚ ਵੀ ਸੁਨਿਆਰਾ ਬਰਾਦਰੀ ਦੇ ਪ੍ਰਤੀ ਬੇਭਰੋਸਗੀ ਅਤੇ ਬੇਅਤਬਾਰੀ ਦਾ ਪ੍ਰਗਟਾਵਾ ਕੀਤਾ ਗਿਆ ਹੈ।
  225. ਸੁੰਨੇ ਬਾਗਾਂ ਦਾ ਗਾਲ੍ਹੜ ਪਟਵਾਰੀਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਸਿਆਣੇ ਅਤੇ ਹੁਨਰਮੰਦ ਲੋਕਾਂ ਦੀ ਘਾਟ ਕਾਰਨ ਮੂਰਖ ਅਤੇ ਨਕਾਰਾ ਲੋਕ ਚੌਧਰੀ ਬਣ ਬੈਠਣ।
  226. ਸੁੰਨੇ ਬਾਗਾਂ ਵਿੱਚ ਅਰਿੰਡ ਪ੍ਰਧਾਨਇਹ ਅਖਾਣ ਵੀ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਘਰ ਜਾਂ ਅਦਾਰੇ ਦੇ ਵਿੱਚ ਕਿਸੇ ਸੁਗੜ ਅਤੇ ਸਿਆਣੇ ਮਨੁੱਖ ਦੀ ਅਣਹੋਂਦ ਕਾਰਨ ਕੋਈ ਮੂਰਖ ਮਨੁੱਖ ਘਰ ਦਾ ਮੋਹਰੀ ਬਣ ਬੈਠੇ।
  227. ਸੁੰਨੇ ਮਹਿਲ ਡਰਾਵਣੇ, ਬਰਕਤ ਮਰਦਾਂ ਨਾਲ ਇਸ ਅਖਾਣ ਦੇ ਅਰਥ ਅਨੁਸਾਰ ਘਰ ਮਰਦਾਂ ਨਾਲ ਹੀ ਸੰਪੂਰਨ ਹੁੰਦੇ ਹਨ ਭਾਵੇਂ ਕਿ ਉਹ ਘਰ ਮਹਿਲਾਂ ਵਰਗੇ ਹੀ ਕਿਉਂ ਨਾ ਹੋਣ।
  228. ਸੁਪਨੇ ਆਇਆ ਭਾਵੇ ਨਾ, ਤੇ ਕੁੱਛੜ ਚੜ੍ਹੇ ਬਲੱਜ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਇਕ ਵਿਅਕਤੀ ਤਾਂ ਸਾਹਮਣੇ ਵਾਲੇ ਨੂੰ ਇਕਾਹੀ ਪਸੰਦ ਨਾ ਕਰੇ ਪਰ ਦੂਜਾ ਉਸਦੇ ਉੱਪਰ ਚਰਚਾ ਬੈਠੇ।
  229. ਸੁਰਮਾ ਪਾਉਣਾ ਸੌਖਾ, ਪਰ ਮਟਕਾਉਣਾ ਔਖਾ ਇਹ ਅਖਾਣ ਕੰਮ ਅਤੇ ਕਲਾ ਦੇ ਖੇਤਰ ਵਿੱਚ ਅਕਸਰ ਬੋਲਿਆ ਜਾਂਦਾ ਹੈ। ਅਖਾਣ ਦਾ ਭਾਵ ਅਰਥ ਇਹ ਹੈ ਕਿ ਕੰਮ ਅਤੇ ਕਲਾ ਦਾ ਗਿਆਨ ਬਹੁਤ ਸਾਰੇ ਲੋਕਾਂ ਨੂੰ ਹੁੰਦਾ ਹੈ ਪਰ ਉਸ ਕਲਾ ਨੂੰ ਦੁਨੀਆ ਵਿੱਚ ਹਰਮਨ ਪਿਆਰਾ ਕਰ ਦੇਣ ਦਾ ਹੁਨਰ ਕਿਸੇ ਕਿਸੇ ਕੋਲ ਹੁੰਦਾ ਹੈ। ਇਸ ਤੋਂ ਇਲਾਵਾ ਇਸ ਅਖਾਣ ਦਾ ਅਰਥ ਸ਼ਿੰਗਾਰ ਅਤੇ ਨਖਰੇ ਤੋਂ ਵੀ ਲਿਆ ਜਾਂਦਾ ਹੈ।
  230. ਸੁਰਮਾ ਪਾਇਆ ਜੋਤ, ਨੂੰ ਖਲਕਤ ਮਰ ਗਈ ਸੋਚ ਨੂੰ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਮਨੁੱਖ ਆਪਣੀ ਕਿਸੇ ਖਾਸ ਮਜਬੂਰੀ ਕਰਕੇ ਕੋਈ ਕਾਰਜ ਕਰੇ ਪਰ ਸਾਹਮਣੇ ਵਾਲੇ ਪਰ ਸਾਹਮਣੇ ਵਾਲੇ ਉਸ ਦੇ ਕੁਝ ਹੋਰ ਹੀ ਅਰਥ ਕੱਢਣ।
  231. ਸੂਈ ਦੇ ਨੱਕੇ ਵਿੱਚੋਂ ਊਠਾਂ ਦੀ ਕਤਾਰ ਲੰਘ ਸਕਦੀ ਹੈ ਪਰ ਅਮੀਰ ਸਵਰਗ ਨਹੀਂ ਵੜ ਸਕਦਾ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਅਮੀਰ ਵਿਅਕਤੀ ਧਾਰਮਿਕ ਮਾਰਗ ਤੇ ਨਹੀਂ ਤੁਰ ਸਕਦਾ ਅਤੇ ਇੱਛਾਵਾਂ ਤੋਂ ਮੁਕਤ ਨਹੀਂ ਹੋ ਸਕਦਾ।
  232. ਸੂਏ ਖੋਤੀ, ਕਿੱਲ੍ਹੇ ਘੁਮਿਆਰ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਮੈਦਾਨ ਕੋਈ ਹੋਰ ਨਿਤਰਿਆ ਹੋਇਆ ਹੋਵੇ ਜਾਂ ਕਿਸੇ ਸਮੱਸਿਆ ਵਿੱਚ ਕੋਈ ਹੋਰ ਵਿਅਕਤੀ ਫਸਿਆ ਹੋਇਆ ਹੋਵੇ ਪਰ ਬਾਹਰੋਂ ਜ਼ੋਰ ਕਿਸੇ ਹੋਰ ਦਾ ਲੱਗ ਰਿਹਾ ਹੋਵੇ।
  233. ਸੂੰਦੀ ਤਾਂ ਮੱਝ ਪਰ ਤਿੰਗਦਾ ਕੱਟਾ ਉਹੀ ਅਰਥ।
  234. ਸੂਮਾਂ ਦੀ ਖੱਟੀ, ਕੁੱਤੇ ਜਾਣ ਮਲੱਕਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਕੰਜੂਸ ਵਿਅਕਤੀਆਂ ਵੱਲੋਂ ਜੋੜਿਆ ਹੋਇਆ ਧਨ ਅਤੇ ਨਹੱਕ ਲੋਕ ਹੀ ਸੰਭਾਲ ਲੈਂਦੇ ਹਨ।
  235. ਸੂਰਜ ਜੋਤੀ, ਨਾ ਲੁਕੇ ਲਕਾਈ ਜਦੋਂ ਦੱਸਣਾ ਹੋਵੇ ਕਿ ਸੱਚਾ ਸੁੱਚਾ ਅਤੇ ਗੁਣਵਾਨ ਵਿਅਕਤੀ ਕਦੇ ਵੀ ਛੁਪਾਇਆ ਨਹੀਂ ਛੁਪ ਸਕਦਾ…
  236. ਸੂਰਜ ਦੇ ਸਾਹਮਣੇ ਦੀਵੇ ਦਾ ਕੀ ਮੁੱਲਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਮਾਮੂਲੀ ਵਿਅਕਤੀ ਦੀ ਤੁਲਨਾ ਕਿਸੇ ਵੱਡੀ ਸ਼ਖਸੀਅਤ ਨਾਲ ਕੀਤੀ ਜਾ ਰਹੀ ਹੋਵੇ।
  237. ਸੂਰਾਂ ਨੂੰ ਪੋਨੇ ਤੇ ਬਾਂਦਰਾਂ ਨੂੰ ਬਣਾਤਾਂ ਇਹ ਅਖਾਣ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਨਹੱਕ ਅਤੇ ਨਿਕੰਮੇ ਲੋਕ ਬੇਸ਼ ਕੀਮਤੀ ਚੀਜ਼ਾਂ ਨੂੰ ਸੰਭਾਲ ਕੇ ਬੈਠੇ ਹੋਣ।
  238.  ਸੂਲਾਂ ਜੰਮਦੀਆਂ ਦੇ ਮੂੰਹ ਤਿੱਖੇਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਚਲਾਕ ਜਾਂ ਤੇਜ ਤਰਾਰ ਵਿਅਕਤੀ ਦੇ ਬੱਚੇ ਜੰਮਦਿਆਂ ਹੀ ਉਸ ਵਾਂਗ ਹੀ ਚਲਾਕ ਅਤੇ ਤੇਜ਼ ਤਰਾਰ ਹੋਣ।
  239. ਸੇਹਲੀਆਂ ਦੇ ਸੱਪਜਦੋਂ ਕੋਈ ਮਾੜੀ-ਮੋਟੀ ਗੱਲਬਾਤ ਦਾ ਬਤੰਗੜ ਬਣਾ ਲਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  240. ਸ਼ੇਖ ਚਿਲੀ ਦੀਆਂ ਗੱਲਾਂ, ਤੇ ਕੁੱਤੇ ਬਹਿਣ ਮਹੱਲਾਂ ਇਹ ਅਖਾਣ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਮਨੁੱਖ ਗੱਲਾਂ ਨਾਲ ਹਵਾਈ ਕਿਲੇ ਉਸਾਰ ਰਿਹਾ ਹੋਵੇ।
  241. ਸ਼ੇਖੀ ਦਾ ਮੂੰਹ ਕਾਲ਼ਾਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਸੇਖੀ ਮਾਰਨ ਵਾਲੇ ਮਨੁੱਖ ਦੀ ਹਮੇਸ਼ਾ ਹੇਠੀ ਹੁੰਦੀ ਹੈ।
  242. ਸੇਜ ਬਗਾਨੀ ਸੁੱਤਾ, ਖਰਾ ਵੀ ਵਿਗੁਤਾਇਹ ਅਖਾਣ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ ਕਿ ਬੇਗਾਨੀ ਸੇਜ ਮਨੁੱਖ ਨੂੰ ਕਦੇ ਵੀ ਸੱਚਾ ਸੁਖ ਨਹੀਂ ਦੇ ਸਕਦੀ।
  243. ਸ਼ੇਰ ਦੀ ਮੁੱਛ ਨੂੰ ਹੱਥ ਕੌਣ ਪਾਵੇ? ਜਦੋਂ ਕੋਈ ਕਿਸੇ ਵੱਡੇ ਜਾਂ ਜੋਰਾਵਰ ਮਨੁੱਖ ਦੇ ਸਾਹਮਣੇ ਖੜਨ ਜਾਂ ਗੱਲ ਕਰਨ ਤੋਂ ਵੀ ਡਰ ਰਿਹਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  244. ਸ਼ੇਰ ਪੁੱਤਰ ਇੱਕ ਭਲਾ, 100 ਗਿੱਦੜ ਕਿਸ ਕੰਮ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਬਹਾਦਰ ਅਤੇ ਡਰਪੋਕ ਮਨੁੱਖਾਂ ਦੀ ਤੁਲਨਾ ਕਰਨੀ ਹੋਵੇ। ਅਖਾਣ ਦਾ ਭਾਵ ਅਰਥ ਇਹ ਹੈ ਕਿ ਬਹਾਦਰ ਮਨੁੱਖ ਭਾਵੇਂ ਇਕ ਹੀ ਕਿਉਂ ਨਾ ਹੋਵੇ ਉਹ ੧੦੦ ਡਰਪੋਕ ਮਨੁੱਖਾਂ ਦੇ ਨਾਲੋਂ ਚੰਗਾ ਹੈ।
  245. ਸ਼ੇਰਨੀ ਦਾ ਦੁੱਧ ਸੋਨੇ ਦੇ ਭਾਂਡੇ ਵਿੱਚ ਹੀ ਟਿਕਦਾ ਹੈ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਅਣਹੋਣੀਆਂ ਗੱਲਾਂ ਨਹੀਂ ਹੋ ਸਕਦੀਆਂ।
  246. ਸ਼ੇਰਾਂ ਦੀਆਂ ਬੈਠਕਾਂ, ਤੇ ਗਿੱਦੜ ਕਰਨ ਕਲੋਲ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਕਾਬਲ ਮਨੁੱਖ ਦੀ ਬਣਾਈ ਹੋਈ ਪੈਠ ਅਤੇ ਰਾਜ ਸੱਤਾ ਦਾ ਲਾਹਾ ਕੋਈ ਨਾਹੱਕ ਲੋਕ ਲੈ ਰਹੇ ਹੋਣ।
  247. ਸ਼ੇਰਾਂ ਦੇ ਮੂੰਹ ਸਦਾ ਹੀ ਧੋਤੇਇਹ ਅਖਾਣ ਹਾਸੇ-ਠੱਠੇ ਅਤੇ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਮਨੁੱਖ ਨੂੰ ਉਸ ਦਾ ਮੂੰਹ ਨਾ ਧੋਤੇ ਹੋਣ ਬਾਰੇ ਮਸ਼ਕਰੀ ਕਰਨੀ ਹੋਵੇ।
  248. ਸ਼ੇਰਾਂ ਦੇ ਮੂੰਹੋਂ ਮਾਸ ਦੀ ਆਸਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਜੋਰਾਵਰ ਅਤੇ ਭੁੱਖੇ ਮਨੁੱਖਾਂ ਕੋਲੋਂ ਲਾਹਾ ਲੈਣਾ ਨਾਮੁਮਕਿਨ ਹੈ।
  249. ਸੈਹੇ ਤੋਂ ਨਹੀਂ ਡਰਦੀ, ਪੈਹੇ ਤੋਂ ਡਰਦੀ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਇੱਕ ਵਾਰ ਨੁਕਸਾਨ ਹੋਣ ਤੋਂ ਨਾ ਰੋਕਿਆ ਜਾਵੇ ਅਤੇ ਉਸ ਤੋਂ ਬਾਅਦ ਪੱਕੀ ਲੀਹ ਪੈ ਜਾਵੇ ਅਤੇ ਵਾਰ ਵਾਰ ਨੁਕਸਾਨ ਹੋਣ ਲੱਗ ਜਾਵੇ। ਅਖਾਣ ਦਾ ਭਾਵ ਅਰਥ ਇਹ ਹੈ ਕਿ ਨਵੀਂ ਪੈਣ ਵਾਲੀ ਬੁਰੀ ਰੌੰਸ ਜਾਂ ਆਦਤ ਨੂੰ ਸ਼ੁਰੂ ਵਿਚ ਹੀ ਰੋਕ ਦੇਣਾ ਚਾਹੀਦਾ ਹੈ।
  250. ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨਇਹ ਅਖਾਣ ਔਰਤ ਖਿਲਾਫ ਸਮਾਜ ਦੇ ਘਟੀਆ ਬਿਰਤਾਂਤ ਦੇ ਵਿਰੋਧ ਵਜੋਂ ਬੋਲਿਆ ਜਾਂਦਾ ਹੈ। ਇਹ ਅਖਾਣ ਗੁਰਬਾਣੀ ਦੀ ਪੰਕਤੀ ਹੈ। ਜੋ ਪੁਰਾਣੇ ਸਮੇਂ ਵਿੱਚ ਔਰਤ ਦੀ ਹੁੰਦੀ ਦੁਰਦਸ਼ਾ ਨੂੰ ਬਿਆਨ ਕਰਦਾ ਹੈ। ਗੁਰੂ ਸਾਹਿਬ ਨੇ ਔਰਤ ਪ੍ਰਤੀ ਸਮਾਜ ਦੀ ਘਟੀਆ ਮਾਨਸਿਕਤਾ ਨੂੰ ਚੋਟ ਕਰਦਿਆਂ ਕਿਹਾ ਕਿ ਜਿਸ ਨੇ ਰਾਜਿਆਂ-ਮਹਾਰਾਜਿਆਂ ਅਤੇ ਮਹਾਬਲੀਆਂ ਨੂੰ ਜਨਮ ਦਿੱਤਾ ਹੈ ਉਸ ਨੂੰ ਨੀਚ ਨਹੀਂ ਠਹਿਰਾਇਆ ਜਾ ਸਕਦਾ।
  251. ਸੋ ਮੂਆ, ਜੋ ਮੰਗਣ ਜਾ, ਹਰਦੂਲਾਣਤ ਓਸ ਦੇ ਜੋ ਹੋਇਆਂ ਮੁੱਕਰ ਜਾਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਦਰ ਦਰ ਤੇ ਜਾ ਕੇ ਮੰਗਣਾ ਮਰਨ ਦੇ ਬਰਾਬਰ ਹੈ ਅਤੇ ਜੇਕਰ ਕੋਈ ਵਿਅਕਤੀ ਤੁਹਾਡੇ ਦਰ ਉੱਤੇ ਮੰਗਣ ਆ ਹੀ ਗਿਆ ਤਾਂ ਉਸ ਨੂੰ ਖਾਲੀ ਮੋੜਨ ਵਾਲਾ ਵੱਡਾ ਲਾਹਣਤੀ ਹੈ।
  252. ਸੋਈ ਸਾਊ, ਜੋ ਚੁੱਪਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਚੁੱਪ ਰਹਿਣ ਦੇ ਫਾਇਦੇ ਦੱਸਣੇ ਹੋਣ ਅਤੇ ਇਹ ਦੱਸਣਾ ਹੋਵੇ ਕਿ ਚੁੱਪ ਰਹਿਣ ਵਾਲੇ ਵਿਅਕਤੀ ਨੂੰ ਹੀ ਚੰਗਾ ਸਮਝਿਆ ਜਾਂਦਾ ਹੈ।
  253. ਸੋਈ ਸ਼ਾਹ, ਜਿਨਾਂ ਦਾ ਨਹੀਂ ਹੋਇਆ ਵਿਆਹ। ਇਹ ਅਖਾਣ ਹਾਸੇ ਠੱਠੇ ਵਜੋਂ ਬੋਲਿਆ ਜਾਂਦਾ ਹੈ ਅਤੇ ਅਖਾਣ ਦੇ ਅਰਥ ਅਨੁਸਾਰ ਜਿਸ ਵਿਅਕਤੀ ਨੇ ਵਿਆਹ ਨਹੀਂ ਕਰਵਾਇਆ ਉਹ ਹਰ ਪੱਖੋਂ ਸੁਖੀ ਅਤੇ ਅਨੰਦਿਤ ਹੈ।
  254. ਸੋਈ ਗਾਵਣ ਸੋਹਲੜੇ, ਵਿਆਹ ਜਿਨਾਂ ਦੇ ਘਰਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਬਿਨਾਂ ਕਿਸੇ ਕਾਰਨ ਤੋਂ ਕੁਝ ਵੀ ਨਹੀਂ ਵਾਪਰਦਾ। ਅਖਾਣ ਦਾ ਭਾਵ ਅਰਥ ਇਹ ਹੈ ਕਿ ਜਿਸ ਦੇ ਘਰੇ ਵਿਆਹ ਹੋਵੇਗਾ ਉਹੀ ਸੋਹਲੇ ਗਾਵੇਗਾ। ਇਸੇ ਤਰਾਂ ਦੇ ਭਾਵ ਅਰਥ ਰੱਖਣ ਵਾਲਾ ਇੱਕ ਹੋਰ ਅਖਾਣ ਅੱਗ ਹੋਵੇ ਤਾਂ ਧੂਆਂ ਨਿਕਲਦਾ ਹੈ ਬੋਲਿਆ ਜਾਂਦਾ ਹੈ।
  255. ਸੋਈ ਫੱਬੇ, ਜਿਹੜੀ ਛੜਦੀ ਚੱਬੇ। ਇਹ ਅਖਾਣ ਜਿੰਦਗੀ ਦੇ ਡੂੰਘੇ ਫਲਸਫੇ ਨੂੰ ਪ੍ਰਗਟਾਉਂਦਾ ਹੈ ਕਿ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ। ਅਖਾਣ ਦਾ ਭਾਵ ਅਰਥ ਇਹ ਹੈ ਕਿ ਹਰ ਦਿਨ ਵਿਚਰਦਿਆਂ ਅਤੇ ਕੰਮ-ਕਾਰ ਕਰਦਿਆਂ ਹੱਸ ਖੇਡ ਅਤੇ ਖਾ ਪੀ ਲੈਣਾ ਚੰਗਾ ਹੁੰਦਾ ਹੈ। 
  256. ਸੋਹਣਾ ਤੱਕ ਕੇ ਭੁੱਲੀ, ਤੇ ਚੌਥਾ ਲੰਘਣ ਚੁੱਲ੍ਹੀ। ਇਹ ਅਖਾਣ ਨਹੋਰਾ ਮਾਰਨ ਵਜੋਂ ਅਤੇ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਕਿਸੇ ਦਾ ਬਾਹਰੀ ਰੂਪ ਦੇਖ ਕੇ ਉਸ ਉੱਤੇ ਡੁੱਲ੍ਹ ਜਾਵੇ ਪਰ ਦੋ-ਚਾਰ ਦਿਨਾਂ ਬਾਅਦ ਹੀ ਉਸ ਦੀ ਅਸਲੀਅਤ ਉਸ ਨੂੰ ਪਰੇਸ਼ਾਨ ਕਰ ਦੇਵੇ।
  257. ਸੋਗ ਦਿਲ ਦਾ ਰੋਗ, ਖੇੜਾ ਖੁਸ਼ੀਆਂ ਵੇਹੜਾ। ਇਹ ਅਖਾਣ ਜ਼ਿੰਦਗੀ ਜਿਉਣ ਦੇ ਡੂੰਘੇ ਫਲਸਫੇ ਨੂੰ ਪ੍ਰਗਟਾਉਣ ਲਈ ਬੋਲਿਆ ਜਾਂਦਾ ਹੈ। ਅਖਾਣ ਦਾ ਭਾਵ ਅਰਥ ਇਹ ਹੈ ਕਿ ਜੇਕਰ ਮਨ ਵਿੱਚ ਸੋਗ ਰੱਖ ਕੇ ਜਿੰਦਗੀ ਦੇ ਦਿਹਾੜੇ ਕੱਢੇ ਜਾਣ ਤਾਂ ਸਰੀਰ ਨੂੰ ਸੈਂਕੜੇ ਰੋਗ ਲੱਗ ਜਾਂਦੇ ਹਨ ਅਤੇ ਇਸ ਦੇ ਉਲਟ ਜੇਕਰ ਮਨ ਵਿੱਚ ਖੁਸ਼ੀਆਂ ਅਤੇ ਖੇੜਿਆਂ ਨੂੰ ਵਸਾ ਕੇ ਜਿੰਦਗੀ ਜੀਵੀਂ ਜਾਵੇ ਤਾਂ ਹਰ ਪਾਸੇ ਲਹਿਰਾਂ-ਬਹਿਰਾਂ ਹੋ ਜਾਂਦੀਆਂ ਹਨ।
  258. ਜਿਕਰੇ, ਸੋ ਸੁਗੜ ਨਰ, ਕਰ ਸੋਚੇ ਸੋ ਮੂੜ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਸਿੱਖਿਆ ਦੇਣੀ ਹੋਵੇ ਕਿ ਕੰਮ ਕਰਨ ਤੋਂ ਪਹਿਲਾਂ ਸੋਚ ਲੈਣਾ ਵੱਡੀ ਸਿਆਣਪ ਹੈ ਅਤੇ ਕੰਮ ਖਰਾਬ ਹੋਣ ਤੋਂ ਬਾਅਦ ਸੋਚਣਾ ਵੱਡੀ ਮੂਰਖਤਾ ਹੈ।
  259. ਸੋਟਾ ਮਾਰਿਆ ਪਾਣੀ ਵੱਖ ਨਹੀਂ ਹੁੰਦਾ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਗੂੜੇ ਰਿਸ਼ਤੇ ਅਤੇ ਖੂਨ ਦੇ ਸਾਕ ਕਿਸੇ ਦੇ ਵੱਖ ਕੀਤਿਆਂ ਵੱਖ ਨਹੀਂ ਹੁੰਦੇ।
  260. ਸੋਟਾ ਵੱਡਾ ਇਲਾਜ ਕੁਪੱਤਿਆਂ ਦਾ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਕਪੱਤੇ ਵਿਅਕਤੀਆਂ ਨੂੰ ਸਿਰਫ ਸਖਤੀ ਅਤੇ ਡੰਡੇ ਨਾਲ ਹੀ ਸੁਧਾਰਿਆ ਜਾ ਸਕਦਾ ਹੈ।
  261. ਸੋਨਾ ਕਦੇ ਕਢਾਈ ਤੋਂ ਮਹਿੰਗਾ ਨਹੀਂ ਹੁੰਦਾ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਗੁਣਵਾਨ ਅਤੇ ਸੂਝਵਾਨ ਵਿਅਕਤੀ ਕਿਸੇ ਵੀ ਕੀਮਤ ਤੇ ਮਹਿੰਗੇ ਨਹੀਂ ਹੁੰਦੇ।
  262. ਸੋਨੇ ‘ਤੇ ਸੁਹਾਗਾ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਇੱਕ ਚੀਜ ਜਾਂ ਵਿਅਕਤੀ ਵਿੱਚ ਦੋਹਰਾ ਸੁਹੱਪਣ ਹੋਵੇ।
  263. ਸੋਨੇ ਦੀ ਕਟਾਰੀ, ਜਿੱਥੇ ਲੱਗੀ ਉੱਥੇ ਕਾਰੀ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਲਾਲਚ ਕੁਝ ਵੀ ਕਰਵਾ ਦਿੰਦਾ ਹੈ।
  264. ਸੋਨੇ ਦੀ ਬਰਛੀ ਦੇਖ ਕੇ, ਢਿੱਡ ਥੋੜਾ ਪੜਵਾ ਲੈਣਾ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਲਾਲਚ ਵਿੱਚ ਆ ਕੇ ਜਾਨ ਨਹੀਂ ਦਿੱਤੀ ਜਾ ਸਕਦੀ।
  265. ਸੋਨੇ ਰੁਪਈਆਂ ਲੱਦੀ, ਪਰ ਮੁੜ ਘੁਮਿਆਰਾ ਸੱਦੀ ਇਹ ਅਖਾਣ ਹਾਸੇ-ਠੱਠੇ ਅਤੇ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਵਿਅਕਤੀ ਦਾ ਟੋਹਰ-ਟੱਪਾ ਵੀ ਪੂਰਾ ਹੋਵੇ ਪਰ ਸਮਾਜ ਵਿੱਚ ਉਸਦੀ ਸਮਾਜਿਕ ਸਥਿਤੀ ਵਿੱਚ ਕੋਈ ਬਦਲਾਅ ਨਾ ਆਵੇ ਅਤੇ ਉਸਦੀ ਕੋਈ ਕਦਰ ਨਾ ਹੋਵੇ।
  266. ਸੋਨੇ ਵਿੱਚ ਸੁਗੰਧੀ। ਇਹ ਇਸ ਅਖਾਣ ਦੇ ਅਰਥ ਅਨੁਸਾਰ ਪੈਸਾ ਅਤੇ ਕੀਮਤੀ ਪਦਾਰਥ ਸਭ ਨੂੰ ਆਪਣੇ ਵੱਲ ਖਿੱਚਦੇ ਹਨ।
  267. ਸੋਭਾ ਸਹਿਜ, ਕਸੋਬਾ ਛੇਤੀਇਸ ਅਖਾਣ ਦੇ ਭਾਵ ਅਰਥ ਅਨੁਸਾਰ ਸਾਡੇ ਸਮਾਜ ਵਿੱਚ ਬਦਨਾਮੀ ਜਲਦੀ ਫੈਲਦੀ ਹੈ ਅਤੇ ਸ਼ੋਭਾ ਬਹੁਤ ਹੌਲੀ ਹੌਲੀ ਫੈਲਦੀ ਹੈ।
  268. ਸੌ ਉਸਤਾਦ ਇਕ ਮਾਂਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਮਾਂ ਤੋਂ ਵੱਡਾ ਕੋਈ ਉਸਤਾਦ ਨਹੀਂ ਹੁੰਦਾ। ਸੈਂਕੜੇ ਉਸਤਾਦ ਮਿਲ ਕੇ ਵੀ ਮਾਂ ਵਰਗੀ ਮੱਤ ਨਹੀਂ ਦੇ ਸਕਦੇ।
  269. ਸੌ ਸਿਆਣੇ, ਇੱਕੋ ਮੱਤਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਸਹੀ ਗੱਲ ਹਮੇਸ਼ਾ ਸਹੀ ਹੁੰਦੀ ਹੈ ਭਾਵੇਂ ਉਸ ਗੱਲ ਨੂੰ ਸੌ ਸਿਆਣਿਆਂ ਕੋਲੋਂ ਤਸਦੀਕ ਕਰਵਾ ਲਵੋ।
  270. ਸੌ ਸੀਆ, ਇੱਕ ਸੁਹਾਗਾ ਇਹ ਅਖਾਣ ਖੇਤੀ ਦੇ ਕਿੱਤੇ ਵਿੱਚੋਂ ਨਿਕਲਿਆ ਹੈ। ਅਖਾਣ ਦੇ ਭਾਵ ਅਰਥ ਅਨੁਸਾਰ ਜ਼ਮੀਨ ਦੀ ਵਹਾਈ ਸਮੇਂ ਜੇਕਰ ਸੁਹਾਗਾ ਨਾ ਦਿੱਤਾ ਜਾਵੇ ਤਾਂ ਵਹਾਈ ਦਾ ਕੋਈ ਫਾਇਦਾ ਨਹੀਂ। ਜਮੀਨ ਨੂੰ 100 ਵਾਰੀ ਵਾਹਿਆ ਜਾਵੇ ਪਰ ਜੇਕਰ ਇੱਕ ਵਾਰੀ ਸੁਹਾਗਾ ਦੇ ਦਿੱਤਾ ਜਾਵੇ ਤਾਂ ਜਮੀਨ ਉਨੀ ਬਰੀਕ ਹੋ ਜਾਂਦੀ ਹੈ ਜਿੰਨੀ 100 ਵਾਰੀ ਵਾਹਿਆ ਹੋ ਸਕਦੀ ਹੈ।
  271. ਸੌ ਹੱਥ ਰੱਸਾ, ਸਿਰੇਤੇ ਗੰਢ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਸਹੀ ਗੱਲ ਹਮੇਸ਼ਾ ਸਹੀ ਹੁੰਦੀ ਹੈ ….
  272. ਸੌ ਦਾਰੂ ਇੱਕ ਘਿਓ, ਸੌ ਚਾਚਾ ਇੱਕ ਪਿਓ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਬਾਪ ਦੀ ਥਾਂ ਕੋਈ ਚਰਚਾ ਤਾਇਆ ਨਹੀਂ ਲੈ ਸਕਦਾ। ਇਹ ਅਖਾਣ ਸਿਹਤ ਲਈ ਘਿਓ ਦੇ ਫਾਇਦਿਆਂ ਨੂੰ ਬਣਾਉਣ ਲਈ ਵੀ ਬੋਲਿਆ ਜਾਂਦਾ ਹੈ…..
  273. ਸੌ ਦਾਰੂ ਇੱਕ ਪਰਹੇਜ਼ਅਖਾਣ ਦਾ ਭਾਵ ਅਰਥ ਇਹ ਹੈ ਕਿ ਇਕ ਪਰਹੇਜ਼ ਸੌ ਤਰ੍ਹਾਂ ਦੀ ਦਵਾਈ ਨਾਲੋਂ ਚੰਗਾ ਹੁੰਦਾ ਹੈ।
  274. ਸੌ ਪੂਲਾ ਵੱਡਿਆਂ ਵੀ ਉਹੋ ਜਿਹਾ, ਸੌ ਪੂਲਾ ਫੂਕਿਆ ਵੀ ਉਹੋ ਜਿਹਾਅਰਥ ਬਾਕੀ ਹੈ
  275. ਸੌ ਮਾਰਨੇ, ਇੱਕ ਗਿਣਨਾ ਇਹ ਅਖਾਣ ਕਿਸੇ ਨੂੰ ਦੰਡ ਦੇਣ ਮੌਕੇ ਜਾਂ ਉਸ ਨੂੰ ਭਾਰੀ ਦੰਡ ਦਾ ਡਰਾਵਾ ਦੇਣ ਲਈ ਬੋਲਿਆ ਜਾਂਦਾ ਹੈ।
  276. ਸੌ ਵਲਾਵਾਂ, ਇੱਕੋ ਗੰਢਇਸ ਅਖਾਣ ਦੇ ਭਾਵ ਅਰਥ ਅਨੁਸਾਰ ਇਕ ਖਾਸ ਰਿਸ਼ਤਾ ਅਤੇ ਖਾਸ ਨੁਕਤਾ, ਸੈਂਕੜੇ ਰਿਸ਼ਤਿਆਂ ਅਤੇ ਨੁਕਤਿਆਂ ਦੇ ਬਰਾਬਰ ਹੁੰਦਾ ਹੈ।
  277. ਸੌਕਣ ਅਤੇ ਸੁਹਾਗਣ ਕੇਹੀ, ਕਰ ਦੇ ਸਈਆਂ ਇੱਕੋ ਜੇਹੀਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਮੁਖੀ ਆਦਮੀ ਦੇ ਸਖਤ ਸੁਭਾਅ ਬਾਰੇ ਗੱਲ ਕਰਨੀ ਹੋਵੇ ਕਿ ਉਸ ਨੇ ਕਿਸੇ ਦਾ ਲਿਹਾਜ ਨਹੀਂ ਕਰਨਾ।
  278. ਸੌਂਕਣ ਸਹੇਲੀ ਨਹੀਂ, ਲੁਬਾਣਾ ਕਿਸੇ ਦਾ ਬੇਲੀ ਨਹੀਂ ਇਸ ਅਖਾਣ ਦੇ ਵਿੱਚ ਲੁਬਾਣਾ ਬਰਾਦਰੀ ਦੇ ਪ੍ਰਤੀ ਬੇਭਰੋਸਗੀ ਦਾ ਪ੍ਰਗਟਾਵਾ ਕੀਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਲੁਬਾਣਾ ਕਿਸੇ ਦਾ ਵੀ ਮਿੱਤਰ ਨਹੀਂ ਬਣਦਾ। ਅਖਾਣ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਸੌਕਣ ਕਦੇ ਸਹੇਲੀ ਨਹੀਂ ਬਣ ਸਕਦੀ।
  279. ਸੌਂਕਣ ਤਾਂ ਮੱਖਣ ਦੀ ਮਾੜੀ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਸੌਕਣ ਭਾਵੇਂ ਕਿੰਨੀ ਵੀ ਚੰਗੀ ਕਿਉਂ ਨਾ ਹੋਵੇ ਉਹ ਕਿਸੇ ਤਰਹਾਂ ਵੀ ਤੁਹਾਡਾ ਭਲਾ ਨਹੀਂ ਕਰ ਸਕਦੀ।
  280. ਸੌਣਾ ਰੂੜੀਆਂਤੇ, ਸੁਪਨੇ ਸੀਸ ਮਹਿਲਾਂ ਦੇਇਹ ਅਖਾਣ ਕਿਸੇ ਨੂੰ ਟਿੱਚਰ ਕਰਨ ਵਜੋਂ ਜਾਂ ਨਹੋਰਾ ਮਾਰਨ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਆਪਣੀ ਔਕਾਤ ਤੋਂ ਵੱਡੇ ਸੁਪਨੇ ਦੇਖ ਰਿਹਾ ਹੋਵੇ ਜਾਂ ਵੱਡੀਆਂ-ਵੱਡੀਆਂ ਫੜਾਂ ਮਾਰ ਰਿਹਾ ਹੋਵੇ।
  281. ਸੌਂਦਾ ਕੋਈ ਨਹੀਂ ਭੁੱਖਾ, ਜਾਗਦੇ ਸਾਰੇ ਭੁੱਖੇ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਰਾਤ ਦਾ ਰਿੱਜਕ ਸਭ ਨੂੰ ਮਿਲ ਜਾਂਦਾ ਹੈ ਅਤੇ ਸਵੇਰੇ ਉੱਠ ਕੇ ਭੁੱਖ ਸਭ ਨੂੰ ਲੱਗਦੀ ਹੈ।
  282. ਸੌਦਾ ਰੋਕ ਦਾ, ਤੇ ਪਾਣੀ ਓਕ ਦਾ ਇਸ ਅਖਾਣ ਵਿੱਚ ਆਏ ਦੋ ਸ਼ਬਦ ਰੋਕ ਅਤੇ ਓਕ ਪੁਰਾਤਨ ਸਮੇਂ ਵਿੱਚ ਅਕਸਰ ਵਰਤੇ ਜਾਂਦੇ ਸਨ। ਰੋਕ ਤੋਂ ਭਾਵ ਹੈ ਰੋਕੜ ਜਾਂ ਨਕਦੀ ਅਤੇ ਓਕ ਤੋਂ ਭਾਵ ਹੈ ਪਾਣੀ ਪੀਣ ਲਈ ਮੂੰਹ ਮੂਹਰੇ ਲਗਾਇਆ ਗਿਆ ਹੱਥ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਸੌਦਾ ਨਗਦ ਵੇਚਿਆ  ਹੀ ਖਰਾ ਹੁੰਦਾ ਹੈ ਅਤੇ ਪਾਣੀ ਧਾਣੀ ਆਪਦੇ ਹੱਥ ਨਾਲ ਕਤਾ ਹੀ ਚੰਗਾ ਹੁੰਦਾ ਹੈ।

PUNJABI AKHAAN : ‘ਹ’ ਵਰਨ ਵਾਲੇ ਅਖਾਣ

 

  1. ਇਸ ਚੈਪਟਰ ਵਿਚ ਤੁਸੀਂ  ‘ਹ’ ਅੱਖਰ ਵਾਲੇ ਸਾਰੇ ਅਖਾਣਾਂ ਦੇ ਅਰਥ ਅਤੇ ਉਨ੍ਹਾਂ ਦੀ ਵਰਤੋਂ ਬਾਰੇ ਪੜ੍ਹੋਗੇ।

     

    1. ਹੱਸ ਤੋਂ ਕੜੀ ਤੇ ਕੜੀਓਂ ਛਾਪ ਹੁਣ ਛਾਪੋਂ ਵੀ ਜਵਾਬ। ਇਹ ਅਖਾਣ ਹਾਸੇ ਠੱਠੇ ਅਤੇ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਕਿਸੇ ਦੀਆਂ ਵੱਡੀਆਂ ਆਸਾਂ ਅਤੇ ਉਮੀਦਾਂ ਜਗਾ ਦੇਵੇ ਪਰ ਇਹ ਸਾਰੀਆਂ ਉਮੀਦਾਂ ਇੱਕ ਇੱਕ ਕਰਕੇ ਠੋਸ ਹੋ ਜਾਣ।
    2. ਹੱਸਦਿਆਂ ਦੇ ਘਰ ਵੱਸਦੇ ਇਹ ਅਖਾਣ ਮਨੁੱਖ ਨੂੰ ਪੋਜੀਟਿਵ ਰਹਿਣ ਦੀ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ। ਅਖਾਣ ਦਾ ਭਾਵ ਅਰਥ ਇਹ ਹੈ ਕਿ ਹੱਸਦੇ ਲੋਕਾਂ ਦੇ ਹੀ ਘਰ ਵਸਦੇ ਹਨ ਕਿਉਂਕਿ ਉਹ ਨਕਾਰਾਤਮਕ ਗੱਲਾਂ ਨੂੰ ਤਰਜੀਹ ਨਹੀਂ ਦਿੰਦੇ।
    3. ਹੰਸਾਂ ਚੁਗਣੇ ਹੀਰੇ ਮੋਤੀਬੱਗ ਖਾਣਗੇ ਮੱਛ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਬੁਰਾ ਮਨੁੱਖ ਬੁਰਾ ਕੰਮ ਕਰੇਗਾ ਅਤੇ ਚੰਗਾ ਮਨੁੱਖ ਹਮੇਸ਼ਾ ਚੰਗਾ ਕੰਮ ਹੀ ਕਰੇਗਾ।
    4. ਹੰਸਾਂ ਦੇਖ ਤੁਰੰਦਿਆਂਬੱਗਾ ਆਇਆ ਚਾਉ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਚੰਗੇ ਅਤੇ ਗਿਆਨਵਾਨ ਮਨੁੱਖਾਂ ਦੇ ਨਾਲ ਰਹਿ ਕੇ ਆਮ ਅਤੇ ਨਿਕੰਮੇ ਮਨੁੱਖ ਵੀ ਗਿਆਨਵਾਨ ਬਣ ਜਾਂਦੇ ਹਨ। ਉਹਨਾਂ ਵੱਲ ਦੇਖ-ਦੇਖ ਕੇ ਚਾਰ-ਚਾਅ ਦੇ ਵਿੱਚ ਉਹ ਵੀ ਬਹੁਤ ਕੁਝ ਸਿੱਖ ਜਾਂਦੇ ਹਨ।
    5. ਹੰਸਾਂ ਨਾਲ ਟਟੀਹਰੀ ਕਿਉਂ ਪਹੁੰਚੇ ਦੌੜੀ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਪਹੁੰਚੇ ਹੋਏ ਅਤੇ ਉਸਤਾਦ ਮਨੁੱਖਾਂ ਦਾ ਮੁਕਾਬਲਾ ਆਮ ਲੋਕ ਨਹੀਂ ਕਰ ਸਕਦੇ।
    6. ਹਸਾਏ ਦਾ ਨਹੀਂ ਰਵਾਏ ਦਾ ਨਾਂ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਮਨੁੱਖ ਦੀ ਗਲਤੀ ਨੂੰ ਤਾਂ ਹਰ ਕੋਈ ਚਿਤਾਰ ਦਿੰਦਾ ਹੈ ਪਰ ਉਸਦੇ ਕੀਤੇ ਕੰਮਾਂ ਅਤੇ ਗੁਣਾ ਨੂੰ ਕੋਈ ਯਾਦ ਨਹੀਂ ਰੱਖਦਾ।
    7. ਹੰਸ-ਹੰਸਾਂਬੱਗ-ਬੱਗਾਂਕਾਓਂ-ਕਾਵੀਂਤੇ ਢੱਗੇ-ਢੱਗਾਂ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਮਨੁੱਖ ਆਪਣੀ ਬੁੱਧੀ ਅਤੇ ਬਿਰਤੀ ਮੁਤਾਬਕ ਹੀ ਆਪਣੇ ਸੰਗੀ-ਸਾਥੀ ਬਣਾਉਂਦਾ ਹੈ। ਚੰਗਾ ਮਨੁੱਖ ਚੰਗੇ ਸਾਥੀ ਬਣਾਉਂਦਾ ਹੈ ਅਤੇ ਮਾੜਾ ਮਨੁੱਖ ਮਾੜੇ ਸਾਥੀ ਬਣਾਉਂਦਾ ਹੈ। ਜਸਬੀਰ ਵਾਟਾਂਵਾਲੀਆ
    8. ਹੱਸੀ ਤੇ ਫਸੀ। ਇਹ ਹਾਸੇ ਠੱਠੇ ਵਜੋਂ ਕੂੜੀਆਂ ਦੇ ਸਬੰਧ ਵਿੱਚ ਇਹ ਦੱਸਣ ਲਈ ਬੋਲਿਆ ਜਾਂਦਾ ਹੈ ਕਿ ਜਦੋਂ ਕੁੜੀ ਹੱਸ ਪਵੇ ਤਾਂ ਸਮਝੋ ਉਹ ਤੁਹਾਡੇ ਨਾਲ ਸਹਿਮਤ ਹੈ।
    9. ਹੱਕ ਪਛਾਣ ਪੂਰਾ, ਤਾਂ ਈਮਾਨ ਪੂਰਾ ਇਹ ਅਖਾਣ, ਇਹ ਦੱਸਣ ਲਈ ਬੋਲਿਆ ਜਾਂਦਾ ਹੈ ਕਿ ਸੱਚ ਅਤੇ ਧਰਮ ਤੇ ਤੁਰ ਕੇ ਹੀ ਇਮਾਨ ਪੂਰਾ ਰੱਖਿਆ ਜਾ ਸਕਦਾ ਹੈ।
    10. ਹੰਕਾਰ ਦਾ ਸਿਰ ਨੀਵਾਂ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਹੰਕਾਰੀ ਮਨੁੱਖ ਹਮੇਸ਼ਾ ਹੀ ਮਾਰ ਖਾਂਦਾ ਹੈ ਅਤੇ ਉਸਦੀ ਹਾਰ ਹੁੰਦੀ ਹੈ।
    11. ਹੰਕਾਰਿਆਸੋ ਮਾਰਿਆ। ਇਹ ਅਖਾਣ ਵੀ ਹੰਕਾਰੀ ਮਨੁੱਖ ਦੇ ਸਬੰਧ ਵਿੱਚ ਬੋਲਿਆ ਜਾਂਦਾ ਹੈ ਅਖਾਣ ਦਾ ਭਾਵ ਅਰਥ ਇਹ ਹੈ ਕਿ ਜਦੋਂ ਮਨੁੱਖ ਹੰਕਾਰ ਦੇ ਵਿੱਚ ਆ ਜਾਂਦਾ ਹੈ ਤਾਂ ਉਸ ਦਾ ਮਾਰਿਆ ਜਾਣਾ ਤੈ ਹੋ ਜਾਂਦਾ ਹੈ।
    12. ਹਕੀਮ ਦਾ ਯਾਰ ਰੋਗੀ, ਤੇ ਪੰਡਿਤ ਦਾ ਯਾਰ ਸੋਗੀ। ਇਹ ਅਖਾਣ ਵਿਅੰਗ ਵਜੋ ਬੋਲਿਆ ਜਾਂਦਾ ਹੈ ਕਿ ਹਕੀਮ ਦਾ ਯਾਰ ਕਦੇ ਤੰਦਰੁਸਤ ਨਹੀਂ ਰਹਿ ਸਕਦਾ ਅਤੇ ਪੰਡਿਤ ਦਾ ਯਾਰ ਕਦੇ ਖੁਸ਼ ਨਹੀਂ ਰਹਿ ਸਕਦਾ।
    13. ਹੱਗਦਿਆਂ ਦੇ ਹੇਠਾਂ ਹੱਥ ਧਰਨੇ। ਇਹ ਅਖਾਣ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਨਕਾਰਾ ਗੱਲਾਂ ਅਤੇ ਨਿਕੰਮੇ ਮਨੁੱਖਾਂ ਦੀ ਸਪੋਰਟ ਕਰੇ।
    14. ਹੱਛਾਸਭ ਦਾ ਵੱਛਾ। ਇਹ ਅਖਾਣ ਹਾਸੇ-ਠੱਠੇ ਅਤੇ ਤੇ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਹਰ ਕਿਸੇ ਨੂੰ ਹਾਂ ਕਹਿਣ ਵਾਲਾ ਮਨੁੱਖ ਲੋਕਾਂ ਦੇ ਕੰਮ ਕਰਨ ਜੋਗਾ ਹੀ ਹੁੰਦਾ ਹੈ।
    15. ਹੰਝੂ ਇੱਕ ਨਹੀਂ ਤੇ ਕਲੇਜੇ ਬੇਰੇ-ਬੇਰੇ। ਇਹ ਅਖਾਣ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਸਾਹਮਣੇ ਵਾਲੇ ਨੂੰ ਦਿਲੋਂ ਕੋਈ ਦੁੱਖ ਨਹੀਂ ਪਰ ਵਿਖਾਵਾ ਉਹ ਇੰਝ ਕਰ ਰਿਹਾ ਹੈ ਜਿਵੇਂ ਜਾਨ ਤੇ ਬਣ ਗਈ ਹੋਵੇ।
    16. ਹੱਟ ਕਰਾਏ ਦੀ, ਦੰਮ ਵਿਆਜੀ, ਉਸ ਭੈੜੇ ਦੀ ਪੁੱਠੀ ਬਾਜ਼ੀ। ਇਹ ਅਖਾਣ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ ਅਖਾਣ ਦਾ ਭਾਵ ਅਰਥ ਇਹ ਹੈ ਕਿ ਕਿਰਾਏ ਤੇ ਲੈ ਕੇ ਦੁਕਾਨ ਪਾਉਣੀ ਅਤੇ ਵਿਆਜੀ ਪੈਸੇ ਚੁੱਕ ਕੇ ਉਸ ਵਿੱਚ ਸੌਦਾ ਪੌਣਾ ਹਮੇਸ਼ਾ ਘਾਟੇਵੰਦਾ ਹੁੰਦਾ ਹੈ।
    17. ਹੱਟੀ ਤੇ ਕਰਾੜਤੇ ਜੰਗਲਾਂ ‘ਚ ਬਗਿਆੜ। ਇਹ ਅਖਾਣ ਹੱਟੀ ਤੇ ਬੈਠੇ ਬਾਣੀਏ ਦੇ ਲਈ ਬੋਲਿਆ ਜਾਂਦਾ ਹੈ ਕਿ ਹੱਟੀ ਤੇ ਬੈਠਾ ਬਾਣੀਆਂ ਅਤੇ ਜੰਗਲ ਵਿੱਚ ਬੈਠਾ ਬਗਿਆੜ ਦੋਵੇਂ ਇੱਕ ਬਰਾਬਰ ਹੁੰਦੇ ਹਨ।
    18. ਹੱਟੀ ਤੇ ਬਹਿਣ ਨਾ ਦੇਵੇ ਅਖੇ ਮੇਰਾ ਸੌਦਾ ਤੋਲੀਂ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਖ਼ੁਦ ਨੇੜੇ ਤਾਂ ਲੱਗਣ ਨਾ ਦੇਵੇ ਪਰ ਉਮੀਦ ਇਹ ਕਰੇ ਕਿ ਸਾਹਮਣੇ ਵਾਲਾ ਉਸ ਲਈ ਕੰਮ ਕਰੇਗਾ।
    19. ਹੱਡ ਸ਼ਰੀਕ ਹੁੰਦੇ ਨੇ ਕਰਮ ਸ਼ਰੀਕ ਨਹੀਂ ਹੁੰਦੇ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਕਿ ਸਾਡੇ ਕਰਮ ਕਦੇ ਵੀ ਸਾਡੇ ਸ਼ਰੀਕ ਨਹੀਂ ਹੁੰਦੇ ਬਲਕਿ ਸਾਡਾ ਸਰੀਰ ਹੀ ਸਾਡਾ ਸ਼ਰੀਕ ਹੁੰਦਾ ਹੈ।
    20. ਹੱਡ ਹਰਾਮੀ ਹੁਜਤਾਂ ਢੇਰ। ਇਹ ਅਖਾਣ ਉਸ ਮਨੁੱਖ ਲਈ ਬੋਲਿਆ ਜਾਂਦਾ ਹੈ ਜੋ ਸੁਸਤ ਅਤੇ ਆਲਸੀ ਬਿਰਤੀ ਦਾ ਮਾਲਕ ਹੋਵੇ। ਉਸ ਨੂੰ ਜਦੋਂ ਕੋਈ ਕੰਮ ਕਿਹਾ ਜਾਵੇ ਤਾਂ ਉਹਸ ਬਹਾਨੇ ਬਣਾ ਕੇ ਕੰਮ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਹੋਵੇ।
    21. ਹੱਡੀਂ ਢੇਰ ਜਾਂ ਦਮੀਂ ਢੇਰ। ਇਹ ਅਖਾਣ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ ਕਿ ਜਿਹੜਾ ਮਨੁੱਖ ਆਪਣੇ ਹੱਡਾਂ ਤੋਂ ਕੰਮ ਨਹੀਂ ਲੈਂਦਾ ਉਹ ਜ਼ਿੰਦਗੀ ਵਿੱਚ ਪੈਸਾ ਵੀ ਨਹੀਂ ਕਮਾ ਪਾਉਂਦਾ।
    22. ਹੱਥ ਕੰਗਣ ਨੂੰ ਆਰਸੀ ਕੀ ? ਤੇ ਪੜ੍ਹੇ ਲਿਖੇ ਨੂੰ ਫਾਰਸੀ ਕੀ? ਇਹ ਅਖਾਣ ਇਹ ਦੱਸਣ ਲਈ ਬੋਲਿਆ ਜਾਂਦਾ ਹੈ ਕਿ ਸਂੱਚੀ, ਸਾਫ, ਸਪਸ਼ਟ, ਅਤੇ ਪ੍ਰਤੱਖ ਚੀਜ਼ ਨੂੰ ਕਿਸੇ ਪ੍ਰਮਾਣ ਦੀ ਜਰੂਰਤ ਨਹੀਂ ਹੁੰਦੀ ਅਤੇ ਪੜ੍ਹੇ ਲਿਖੇ ਮਨੁੱਖ ਲਈ ਫਾਰਸੀ ਨੂੰ  ਸਮਝਣਾ ਕੋਈ ਵੱਡੀ ਗੱਲ ਨਹੀਂ ਹੁੰਦੀ। ਇਸ ਨਾਲ ਇੱਕ ਰਲਦਾ-ਮਿਲਦਾ ਅਖਾਣ ਇਹ ਵੀ ਬੋਲਿਆ ਜਾਂਦਾ ਹੈ ਕਿ ਪ੍ਰਤੱਖ ਨੂੰ ਪ੍ਰਮਾਣ ਕੀ?
    23. ਹੱਥ ਕਾਰ ਵੱਲ, ਚਿੱਤ ਯਾਰ ਵੱਲ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਕੰਮ ਕਾਰ ਕਰਦਿਆਂ ਵੀ ਧਿਆਨ ਹਮੇਸ਼ਾ ਪਰਮਾਤਮਾ ਦੇ ਵੱਲ ਰੱਖਣਾ ਚਾਹੀਦਾ ਹੈ ਅਤੇ ਉਸ ਦਾ ਸਿਮਰਨ ਨਾਲੋਂ ਨਾਲ ਚੱਲਦਾ ਰਹਿਣਾ ਚਾਹੀਦਾ ਹੈ।
    24. ਹੱਥ ਟੁੱਕ, ਤੇ ਮੂੰਹ ਮੇਹਣਾ। ਇਹ ਅਖਾਣ ਉਸ ਮਨੁੱਖ ਲਈ ਵਿਅੰਗ ਵਜੋਂ ਬੋਲਿਆ ਜਾਂਦਾ ਹੈ ਜੋ ਥੋੜੀ ਜਿਹੀ ਚੀਜ਼ ਦੇ ਕੇ ਜਾਂ ਕਿਸੇ ਦੀ ਸਹਾਇਤਾ ਕਰਕੇ ਉਸ ਨੂੰ ਝਟਪਟ ਹੀ ਜਿਤਾਉਣ ਲੱਗ ਜਾਵੇ।
    25. ਹੱਥ ਠੂਠਾ, ਮੁਲਕ ਮੋਕਲਾ। ਇਹ ਅਖਾਣ ਵਿਅੰਗ ਵਜੋਂ ਮੰਗਤਾ ਬਿਰਤੀ ਵਾਲਿਆਂ ਲੋਕਾਂ ਲਈ ਬੋਲਿਆ ਜਾਂਦਾ ਹੈ ਕਿ ਜਦੋਂ ਕੋਈ ਹੱਥ ਵਿੱਚ ਠੂਠਾ ਫੜ ਲੈਂਦਾ ਹੈ ਤਾਂ ਉਸ ਨੂੰ ਮੰਗਣ ਵਿੱਚ ਕੋਈ ਸ਼ਰਮ ਨਹੀਂ ਰਹਿੰਦੀ।
    26. ਹੱਥ ਨਾ ਪਹੁੰਚੇ ਥੂਹ ਕੌੜੀ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਕਿਸੇ ਚੀਜ਼ ਨੂੰ ਹਾਸਲ ਕਰਨ ਦੀ ਸਮਰੱਥਾ ਤਾਂ ਰੱਖਦਾ ਨਾ ਹੋਵੇ ਪਰ ਉਲਟਾ ਉਹ ਉਸ ਚੀਜ਼ ਵਿੱਚ ਹੀ ਨੁਕਸ ਕੱਢਣ ਲੱਗ ਜਾਵੇ।
    27. ਹੱਥ ਨਾ ਪੱਲੇ ਤੇ ਬਾਜ਼ਾਰ ਖੜੀ ਹੱਲੇ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਦੀ ਜੇਬ ਵਿੱਚ ਪੈਸੇ ਤਾਂ ਹੋਣ ਨਾ ਪਰ ਉਹ ਬਾਜ਼ਾਰ ਜਾ ਕੇ ਚੀਜ਼ਾਂ ਦੇ ਭਾਅ ਪੁੱਛਦਾ ਫਿਰੇ।
    28. ਹੱਥ ਨੂੰ ਹੱਥ ਪਛਾਣੇ ਭਾਵੇਂ ਲਾਹੌਰ ਤੇ ਭਾਵੇਂ ਲੁਧਿਆਣੇ। ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਜਿਸ ਤਰ੍ਹਾਂ ਦਾ ਵਿਹਾਰ ਤੁਸੀਂ ਕਰੋਗੇ ਉਸੇ ਤਰ੍ਹਾਂ ਦਾ ਵਿਹਾਰ ਤੁਹਾਨੂੰ ਮੋੜਵੇਂ ਰੂਪ ਵਿੱਚ ਦੇਖਣਾ ਪਵੇਗਾ।
    29. ਹੱਥ ਪੱਲਾ ਸੱਖਣਾ, ਖ਼ੁਦਾ ਪੱਲਾ ਰੱਖਣਾ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਇਹ ਦਰਸਾਉਣਾ ਹੋਵੇ ਕਿ ਕੋਲ ਕੁਝ ਵੀ ਨਹੀਂ ਹੈ ਅਤੇ ਸਿਰਫ ਪਰਮਾਤਮਾ ਉੱਪਰ ਹੀ ਟੇਕ ਹੈ।
    30. ਹੱਥ ਪਾਇਆ ਸੀ ਫੁੱਲਾਂ ਕਾਰਨਕੰਡੇ ਹੱਥੀਂ ਆਏ। ਅਖਾਣ ਦਾ ਅਰਥ ਸਪਸ਼ਟ ਹੈ।
    31. ਹੱਥ ਪੁਰਾਣੇ ਖੌਂਸੜੇ, ਤੇ ਬਾਲਾ ਪਰਤਿਆ ਦੇਸ। ਜਦੋਂ ਕੋਈ ਕਿਸੇ ਦੇਸ਼ ਦਸ਼ੰਤਰ ਨੂੰ ਗਾ ਕੇ ਖਾਲੀ ਹੱਥੀ ਵਾਪਸ ਪਰਤ ਆਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
    32. ਹੱਥ ਵਿੱਚ ਤਸਬੀ, ਮੂੰਹ ਵਿੱਚ ਗਾਲ਼, ਮਾਲਾ ਇੱਥੇ ਰਹਿਸੀ, ਬੋਲ ਚੱਲਣਗੇ ਨਾਲ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਧਾਰਮਿਕ ਭੇਸ ਵਿੱਚ ਰਹਿ ਕੇ ਆਪਣਾ ਵਿਹਾਰ ਨੀਵਾਂ ਅਤੇ ਭੈੜਾ ਰੱਖੇ।
    33. ਹੱਥਾਂ ਦੀਆਂ ਦਿੱਤੀਆਂ, ਮੂੰਹ ਨਾਲ ਖੋਲ੍ਹਣੀਆਂ ਇਸ ਅਖਾਣ ਦਾ ਅੱਖਰੀ ਅਰਥ ਅਨੁਸਾਰ ਜਦੋਂ ਕਿਸੇ ਪੰਡ ਦੀ ਗੰਢ ਨੂੰ ਹੱਥ ਨਾਲ ਬੰਨਿਆ ਜਾਂਦਾ ਹੈ ਅਤੇ ਜਦੋਂ ਉਹ ਪੀਚੀ ਜਾਵੇ ਤਾਂ ਫਿਰ ਉਹ ਹੱਥ ਨਾਲ ਨਹੀਂ ਖੁੱਲਦੀ ਬਲਕਿ ਉਸਨੂੰ ਮੂੰਹ ਨਾਲ ਖੋਲਣਾ ਪੈਂਦਾ ਹੈ। ਇਹ ਅਖਾਣ ਰਿਸ਼ਤਿਆਂ ਵਿੱਚ ਹੁੰਦੀਆਂ ਨਿੱਕੀਆਂ ਮੋਟੀਆਂ ਗਲਤੀਆਂ ਨੂੰ ਰੋਕਣ ਵਜੋਂ ਬੋਲਿਆ ਜਾਂਦਾ ਹੈ ਅਖਾਣ ਦਾ ਭਾਵ ਅਰਥ ਇਹ ਹੈ ਕਿ ਜੇਕਰ ਨਿੱਕੀਆਂ ਮੋਟੀਆਂ ਗਲਤੀਆਂ ਅਤੇ ਰੋਸਿਆਂ ਨੂੰ ਦੂਰ ਨਾ ਕੀਤਾ ਜਾਵੇ ਤਾਂ ਰਿਸ਼ਤਿਆਂ ਵਿੱਚ ਬਹੁਤ ਵੱਡਾ ਫਰਕ ਆ ਜਾਂਦਾ ਹੈ।
    34. ਹੱਥਾਂ ਬਾਝ ਕਰਾਰਿਆਂ, ਵੈਰੀ ਮਿੱਤ ਨਾ ਹੋਣ। ਅਖਾਣ ਦਾ ਭਾਵ ਅਰਥ ਸਪਸ਼ਟ ਹੈ ਕਿ ਕੋਈ ਵੀ ਵੈਰੀ ਬਣਿਆ ਹੋਇਆ ਮਨੁੱਖ ਨਰਮਾਈ ਨਾਲ ਠੀਕ ਨਹੀਂ ਹੁੰਦਾ ਬਲਕਿ ਸਖਤੀ ਨਾਲ ਪੇਸ਼ ਆਇਆ ਹੀ ਉਹ ਤੁਹਾਡੇ ਸਾਹਮਣੇ ਝੁਕਦਾ ਹੈ।
    35. ਹਥਿਆਰ ਉਹ ਜਿਹੜਾ ਮੌਕੇ ਤੇ ਕੰਮ ਆਵੇ। ਅਰਥ ਸਪਸ਼ਟ ਹੈ।
    36. ਹੱਥੀਂ ਕੜੇ, ਢਿੱਡ ਭੁੱਖੇ, ਨਾਲ਼ੇ ਸੜੇ। ਇਹ ਅਖਾਣ ਵਿਅੰਗ ਵਜੋਂ ਉਹਨਾਂ ਲੋਕਾਂ ਲਈ ਬੋਲਿਆ ਜਾਂਦਾ ਹੈ ਜਿਨਾਂ ਦਾ ਬਾਹਰੀ ਭੇਖ ਤਾਂ ਬੜਾ ਅਮੀਰਜਾਦਿਆਂ ਵਾਲਾ ਹੋਵੇ ਪਰ ਹੱਥ ਪੱਲੇ ਕੁਝ ਨਾ ਹੋਵੇ।
    37. ਹੱਥੀਂ ਦੇਈਏਹੱਥੀ ਲਈਏਹੱਥੀ ਬੰਨੀਏ ਪੱਲੇਐਸਾ ਕੋਈ ਨਾ ਵੇਖਿਆਜੋ ਮੁੜ ਪਿੱਛੇ ਘੱਲੇ। ਅਖਾਣ ਦਾ ਭਾਵ ਅਰਥ ਇਹ ਹੈ ਕਿ ਆਪਣੇ ਹੱਥੀਂ ਕੀਤਾ ਹੋਇਆ ਕੰਮ ਹੀ ਤਸੱਲੀ ਬਖਸ਼ ਹੁੰਦਾ ਹੈ ਉਸੇ ਕੰਮ ਨੂੰ ਜੇਕਰ ਦੂਜੇ ਦੇ ਹੱਥਾਂ ਰਾਹੀਂ ਕਰਵਾਇਆ ਜਾਵੇ ਤਾਂ ਉਸ ਵਿੱਚ ਅਨੇਕਾਂ ਕਮੀਆਂ ਰਹਿ ਜਾਂਦੀਆਂ ਹਨ।
    38. ਹੱਥੀਂ ਲਾਵੇ ਤੇ ਪੈਰੀ ਬੁਝਾਵੇ। ਇਹ ਅਖਾਣ ਉਨਾਂ ਲੋਕਾਂ ਤੇ ਤਨਜ ਕੱਸਣ ਲਈ ਬੋਲਿਆ ਜਾਂਦਾ ਹੈ ਜੋ ਦੂਜੇ ਦੇ ਘਰਾਂ ਵਿੱਚ ਲੜਾਈ ਪਾਉਣ ਲਈ ਹਮੇਸ਼ਾ ਤਤਪਰ ਰਹਿੰਦੇ ਹੋਣ ਅਤੇ ਵਿਖਾਵਾ ਇਹ ਕਰਨ ਕਿ ਸਾਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਹੈ।
    39. ਹੱਥੀਂ ਵਣਜ, ਸਨੇਹੀ ਖੇਤੀ, ਕਦੇ ਨਾ ਹੁੰਦੇ ਬੱਤੀਓਂ ਤੇਤੀ ਇਸ ਅਖਾਣ ਦਾ ਭਾਵ ਅਰਥ ਵੀ ਉਹੀ ਹੈ ਕਿ ਆਪਣੇ ਹੱਥੀ ਕੀਤਾ ਹੋਇਆ ਕੰਮ ਹੀ ਤਸੱਲੀ ਬਖਸ਼ ਹੁੰਦਾ ਹੈ ਅਤੇ ਉਸ ਵਿੱਚ ਕਮੀਆਂ ਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ।
    40. ਹੱਥੋਂ ਦੇਵੇ ਨਾ, ਖਾਹ ਬੱਚਾ ਖਾਹ। ਇਹ ਅਖਾਣ ਉਸ ਵਿਅਕਤੀ ਤੇ ਤਨਜ ਕੱਸਣ ਲਈ ਬੋਲਿਆ ਜਾਂਦਾ ਹੈ ਜੋ ਢਿੱਡੋਂ ਤਾਂ ਮੋਈ ਮੱਖੀ ਵੀ ਦੇਣ ਨੂੰ ਤਿਆਰ ਨਾ ਹੋਵੇ ਪਰ ਵਿਖਾਵਾ ਇਹ ਕਰ ਰਿਹਾ ਹੋਵੇ ਕਿ ਮੈਂ ਸਾਹਮਣੇ ਵਾਲੇ ਨੂੰ ਬੜਾ ਪਿਆਰ ਕਰਦਾ ਹਾਂ ਅਤੇ ਉਸਨੂੰ ਹਰ ਚੀਜ਼ ਦੇਣ ਨੂੰ ਤਿਆਰ ਹਾਂ।
    41. ਹੱਥੋ-ਹੱਥ ਨਿਬੇੜਾ, ਨਾ ਝਗੜਾ ਨਾ ਝੇੜਾ ਇਸ ਅਖਾਣ ਦੇ ਭਾਵ ਅਰਥ ਅਨੁਸਾਰ ਹਿਸਾਬ ਕਿਤਾਬ ਕੋਰਾ ਕਰਾਰਾ ਅਤੇ ਨਾਲੋਂ ਨਾਲ ਕਰ ਲੈਣਾ ਚਾਹੀਦਾ ਹੈ ਇਸ ਨਾਲ ਕੋਈ ਵੀ ਰੌਲਾ ਨਹੀਂ ਪੈਂਦਾ।
    42. ਹਥੌੜਾ ਤਾਂ ਬਾਹਾਂ ਸਿਰ ‘ਤੇ ਹੀ ਚੱਲਦਾ ਏ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਕਿਸੇ ਵੀ ਬੰਦੇ ਦੀ ਤਾਕਤ ਉਸ ਦੇ ਪਰਿਵਾਰ, ਭਾਈਚਾਰੇ ਅਤੇ ਧੜੇ ਕਾਰਨ ਹੁੰਦੀ ਹੈ।
    43. ਹਨੇਰ ਪਿਆ ਸਰਕਾਰ ਨੂੰ, ਚੋਰ ਬੰਨ੍ਹੇ ਕੋਤਵਾਲ ਨੂੰ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਚਾਰੇ ਪਾਸੇ ਹਨੇਰ ਗਰਦੀ ਵਰਤ ਰਹੀ ਹੋਵੇ ਅਤੇ ਗਲਤ ਲੋਕ ਸਹੀ ਬੰਦਿਆਂ ਨੂੰ ਉਲਟਾ ਦੰਡ ਦੇ ਰਹੇ ਹੋਣ।
    44. ਹਨੇਰੀ ਆਊ ਤੇ ਮੀਂਹ ਦੀ ਵੀ ਆਸ। ਜਦੋਂ ਚਾਰੇ ਪਾਸਿਓਂ ਨਾ ਉਮੀਦੀ ਹੋਵੇ ਪਰ ਕਿਤੋਂ ਕੋਈ ਮਮੂਲੀ ਜਿਹੀ ਆਸ ਦੀ ਕਿਰਨ ਜਾਗ ਉੱਠੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    45. ਹਮ ਨਹੀਂ ਚੰਗਾਬੁਰਾ ਨਹੀਂ ਕੋਇ। ਇਹ ਅਖਾਣ ਗੁਰਬਾਣੀ ਦੀ ਇੱਕ ਪੰਕਤੀ ਹੈ ਜਿਸ ਦਾ ਭਾਵ ਅਰਥ ਇਹ ਹੈ ਕਿ ਸਾਰੇ ਮਨੁੱਖ ਹੀ ਚੰਗਿਆਈਆਂ ਅਤੇ ਬੁਰਾਈਆਂ ਦਾ ਸੁਮੇਲ ਹੁੰਦੇ ਹਨ। ਕੋਈ ਵੀ ਮਨੁੱਖ ਸੰਪੂਰਨ ਨਹੀਂ ਹੈ। ਇਸ ਲਈ ਮਨੁੱਖ ਨੇ ਜੇਕਰ ਕਮੀਆਂ ਦੇਖਣੀਆਂ ਹੋਣ ਤਾਂ ਉਹ ਸਿਰਫ ਆਪਣੀਆਂ ਦੇਖੇ ਅਤੇ ਆਪਣੀਆਂ ਕਮੀਆਂ ਨੂੰ ਹੀ ਸਮਝੇ ਅਤੇ ਸਵੀਕਾਰ ਕਰੇ।
    46. ਹਮਸਾਏ ਮਾਂ ਪਿਓ ਜਾਏ। ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਗਵਾਂਢੀਆਂ ਦਾ ਬਹੁਤ ਵੱਡਾ ਆਸਰਾ ਹੁੰਦਾ ਹੈ ਅਤੇ ਇਹ ਆਸਰਾ ਮਾਂ ਪਿਓ ਦੇ ਆਸਰੇ ਵਾਂਗ ਹੁੰਦਾ ਹੈ।
    47. ਹਮਦਰਦੀਪਿਆਰ ਦੀ ਪਹਿਲੀ ਪੌੜੀ। ਅਖਾਣ ਦਾ ਭਾਵ ਅਰਥ ਸਪਸ਼ਟ ਹੈ ਕਿ ਹਮਦਰਦੀ ਬਿਨਾਂ ਪਿਆਰ ਨਹੀਂ ਹੋ ਸਕਦਾ।
    48. ਹਮਾ ਯਾਰਾ ਦੋਜਖ ਹਮਾ ਯਾਰਾਂ ਬਹਿਸ਼ਤ। ਅਰਥ ਬਾਕੀ ਹੈ।
    49. ਹਰ ਕੋਈ ਆਪਣਿਆਂ ਨੂੰ ਰੋਂਦਾ। ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਮਨੁੱਖ ਵਿੱਚ ਨਿੱਜਵਾਦ ਅਤੇ ਪਰਿਵਾਰਵਾਦ ਕਾਫੀ ਭਾਰੀ ਹੁੰਦਾ ਹੈ ਜੇਕਰ ਮਨੁੱਖ ਨੂੰ ਦੁੱਖ ਹੁੰਦਾ ਹੈ ਤਾਂ ਉਹ ਵੀ ਆਪਣਿਆਂ ਦਾ ਹੀ ਹੁੰਦਾ ਹੈ। ਇਸ ਤੋਂ ਇਲਾਵਾ ਦੂਸਰਿਆਂ ਦਾ ਕੋਈ ਬਹੁਤਾ ਦੁੱਖ ਨਹੀਂ ਹੁੰਦਾ।
    50. ਹਰ ਕੋਈ ਆਪਣੀ ਪੱਟੀ ਪੜਾਉਂਦਾ। ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਹਰ ਕੋਈ ਆਪਣੇ ਵਿਚਾਰ, ਵਿਚਾਰਧਾਰਾ ਅਤੇ ਏਜੰਡੇ ਨੂੰ ਹੀ ਲਾਗੂ ਕਰਨਾ ਚਾਹੁੰਦਾ ਹੈ ਅਤੇ ਦੂਜਿਆਂ ਨੂੰ ਵੀ ਇਸੇ ਦੀ ਹੀ ਸਿੱਖਿਆ ਦਿੰਦਾ ਹੈ।
    51. ਹਰ ਕੋਈ ਚੜਦੇ ਸੂਰਜ ਨੂੰ ਤੱਕਦਾ। ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਮਨੁੱਖ ਹਮੇਸ਼ਾ ਜਿੱਤ ਰਹੇ ਅਤੇ ਅੱਗੇ ਵਧ ਰਹੇ ਲੋਕਾਂ ਨੂੰ ਹੀ ਸਲਾਮ ਕਰਦਾ ਹੈ।
    52. ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ। ਅਰਥ ਸਪੱਸ਼ਟ ਹੈ।
    53. ਹਰ ਬੰਦੇ ਲਈ ਆਪਣਾ ਮੁਲਕ ਕਸ਼ਮੀਰ। ਇਸ ਅਖਾਣ ਦੇ ਅਰਥਾਂ ਅਨੁਸਾਰ ਹਰ ਮਨੁੱਖ ਨੂੰ ਉਸ ਦਾ ਆਪਣਾ ਵਤਨ ਕਸ਼ਮੀਰ ਵਰਗਾ ਖੂਬਸੂਰਤ ਅਤੇ ਪਿਆਰਾ ਲੱਗਦਾ ਹੈ।
    54. ਹਰ ਮਸਾਲੇ ਵਿੱਚ ਪਿੱਪਲਾਮੂਲ। ਜਦੋਂ ਕੋਈ ਬੰਦਾ ਹਰ ਥਾਂ ਤੇ ਮੌਜੂਦ ਹੋਵੇ ਜਾਂ ਹਰ ਥਾਂ ਤੇ ਆਪਣੀ ਗੱਲ ਅੜਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    55. ਹਰਖ ਦਾ ਮਾਰਿਆਨਰਕ ਨੂੰ ਜਾਵੇ। ਇਹ ਅਖਾਣ ਸਿੱਖਿਆ ਦੇਣ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਬੰਦਾ ਗੁੱਸੇ ਦਾ ਸ਼ਿਕਾਰ ਹੋ ਕੇ ਬਰਬਾਦੀ ਤੇ ਰਾਹ ਤੇ ਤੁਰ ਪਵੇ।
    56. ਹਰਾਮ ਦੀ ਕਮਾਈਕਿਸੇ ਨਾ ਪਚਾਈ। ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਗਲਤ ਢੰਗ ਤਰੀਕਿਆਂ ਨਾਲ ਕਮਾਇਆ ਹੋਇਆ ਪੈਸਾ ਸੁਖ ਆਰਾਮ ਨਹੀਂ ਦਿੰਦਾ ਬਲਕਿ ਦੁੱਖਾਂ ਦਾ ਕਾਰਨ ਬਣਦਾ ਹੈ। ਜਸਬੀਰ ਵਾਟਾਂਵਾਲੀਆ
    57. ਹਰਿ ਹਰਿ ਪੋਸਤਹਰਿ ਹਰਿ ਦੋਸਤ। ਇਹ ਅਖਾਣ ਪਰਮਾਤਮਾ ਦੀ ਸਰਬ ਵਿਆਪਕਤਾ ਨੂੰ ਦਰਸਾਉਣ ਵਜੋਂ ਬੋਲਿਆ ਜਾਂਦਾ ਹੈ ਜਿਸ ਦਾ ਭਾਵ ਅਰਥ ਇਹ ਹੈ ਕਿ ਪਰਮਾਤਮਾ ਹਰ ਜਗ੍ਹਾ ‘ਤੇ ਵਸਦਾ ਹੈ ਅਤੇ ਹਰ ਕੋਈ ਇਨਸਾਨ ਸਾਡੇ ਵਰਗਾ ਹੈ ਅਤੇ ਸਾਡਾ ਆਪਣਾ ਹੈ।
    58. ਹਰਿ-ਹਰਿ ਗੰਗਾ, ਧਿਗਾਣੇ ਲਿਆ ਪੰਗਾ। ਇਹ ਅਖਾਣ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਨੂੰ ਨਹੋਰਾ ਮਾਰਨਾ ਹੋਵੇ ਕਿ ਉਸਨੇ ਗਲਤ ਜਗ੍ਹਾ ‘ਤੇ ਪੰਗਾ ਲੈ ਲਿਆ ਹੈ।
    59. ਹਲ਼ ਚਲਾਓ ਹਲ਼ਜਿੰਨਾ ਵਾਹੋ ਓਨਾ ਫ਼ਲ। ਇਹ ਅਖਾਣ ਖੇਤੀ ਦੇ ਕਿੱਤੇ ਵਿੱਚੋਂ ਨਿਕਲਿਆ ਹੈ, ਜਿਸ ਦਾ ਭਾਵ ਅਰਥ ਇਹ ਹੈ ਕਿ ਜਿਆਦਾ ਹਲ ਚਲਾਉਣ ਨਾਲ ਭਾਵ ਡੂੰਘੀ ਜਮੀਨ ਵਾਹੁਣ ਨਾਲ ਖੇਤੀ ਵਧੀਆ ਹੁੰਦੀ ਹੈ ਅਤੇ ਝਾੜ ਵੱਧ ਨਿਕਲਦਾ ਹੈ।
    60. ਹਲ਼ ਨਾ ਪੰਜਾਲੀਅਖੇ ਦੇਹ ਮੇਰੀ ਭਿਆਲੀ। ਇਹ ਅਖਾਣ ਵੀ ਖੇਤੀ ਕਿੱਤੇ ਵਿੱਚੋਂ ਨਹੀਂ ਹੀ ਨਿਕਲਿਆ ਹੈ। ਪੁਰਾਣੇ ਸਮੇਂ ਵਿੱਚ ਰਲ ਮਿਲ ਕੇ ਖੇਤੀ ਕੀਤੀ ਜਾਂਦੀ ਸੀ ਜਿਸ ਨੂੰ ਭਿਆਲੀ ਕਿਹਾ ਜਾਂਦਾ ਸੀ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਨਹੱਕ ਹੀ ਕਿਸੇ ਚੀਜ਼ ਦੇ ਪ੍ਰਤੀ ਆਪਣੀ ਮਾਲਕੀ ਜਾਹਰ ਕਰੇ
    61. ਹਲ਼ ਵਾਹੁੰਦੇ ਚੰਗੇ ਤੇ ਨੌਕਰ ਮੰਦੇ। ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਆਪਣੀ ਖੇਤੀ ਵਿੱਚ ਹਲ ਵਾਹੁਣਾ ਕਿਸੇ ਦੇ ਨੌਕਰ ਲੱਗਣ ਨਾਲੋਂ ਕਈ ਗੁਣਾ ਚੰਗਾ ਹੈ।
    62. ਹਵੇਲੀ ਮੀਏਂ ਬਾਕਰ ਦੀ, ਵਿੱਚ ਸਲੇਮੋ ਆਕੜ ਦੀ ਇਹ ਅਖਾਣ ਵਿਅੰਗ ਵਜੋਂ ਉਸ ਵਿਅਕਤੀ ਲਈ ਬੋਲਿਆ ਜਾਂਦਾ ਹੈ ਜੋ ਕਿਸੇ ਦੇ ਘਰ ਜਾਂ ਸਾਧਨਾਂ ਰਾਹੀਂ ਆਪਣੀ ਫੋਕੀ ਟੌਹਰ ਬਣਾਉਣ ਦਾ ਯਤਨ ਕਰ ਰਿਹਾ ਹੋਵੇ।
    63. ਹਾਸੇ ਦਾ ਮੜਾਸਾ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਹਾਸੇ ਮਜ਼ਾਕ ਦੌਰਾਨ ਗੱਲ ਲੜਾਈ ਤੱਕ ਪਹੁੰਚ ਜਾਵੇ।
    64. ਹਾਕਮ ਨੇ ਝਿੜਕਿਆ ਤੇ ਚਿੱਕੜ ਚੋਂ ਤਿਲਕਿਆਕਾਹਦਾ ਗੁੱਸਾ ਭਾਈ। ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਹਾਕਮ ਲੋਕਾਂ ਦੀ ਝਿੜਕਦਾ ਗੁੱਸਾ ਨਹੀਂ ਕਰਨਾ ਚਾਹੀਦਾ ਅਤੇ ਕੁਦਰਤੀ ਤੌਰ ਤੇ ਹੋਏ ਨੁਕਸਾਨ ਦਾ ਵੀ ਬੋਝ ਨਹੀਂ ਲੈਣਾ ਚਾਹੀਦਾ।
    65. ਹਾਜ਼ਰ ਨੂੰ ਕੀ ਹੁਜਤ? ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਡਿਊਟੀ ਤੇ ਹਾਜ਼ਰ ਰਹਿਣ ਦਾ ਬਹੁਤ ਲਾਭ ਹੁੰਦਾ ਹੈ ਅਤੇ ਹਾਜ਼ਰ ਰਹਿਣ ਵਾਲੇ ਮਨੁੱਖ ਨੂੰ ਕਦੇ ਵੀ ਝਿੜਕ ਨਹੀਂ ਸਿਆਣੇ ਪੈਂਦੀ।
    66. ਹਾਂਜੀ ਹਾਂਜੀ ਕਹਿਣਾ, ਸਦਾ ਸੁਖੀ ਰਹਿਣਾ। ਇਸ ਅਖਾਣ ਦਾ ਭਾਵ ਅਰਥ ਸਪਸ਼ਟ ਹੈ ਕਿ ਹਾਂਜੀ-ਹਾਂਜੀ ਕਹਿਣ ਨਾਲ ਜਾਂ ਹਾਂ ਪੱਖੀ ਹੁੰਗਾਰਾ ਅਤੇ ਪਾਜਟਿਵ ਅਪਰੋਚ ਰੱਖਣ ਨਾਲ ਕੀ ਹਮੇਸ਼ਾ ਅੱਗੇ ਵਧਿਆ ਜਾ ਸਕਦਾ ਹੈ ਅਤੇ ਖੁਸ਼ ਰਿਹਾ ਜਾ ਸਕਦਾ ਹੈ।
    67. ਹਾਂਡੀ ਉਬਲੂ ਆਪਣੇ ਕੰਢੇ ਲੂਸੂ। ਇਹ ਉਸ ਵਿਅਕਤੀ ਲਈ ਬੋਲਿਆ ਜਾਂਦਾ ਜਦੋਂ ਅੰਦਰੋ-ਅੰਦਰੀ ਸੜਦਾ ਅਤੇ ਕੁੜ੍ਹਦਾ ਰਹਿੰਦਾ ਹੈ।
    68. ਹਾਥੀ ਚੱਲਦਾ, ਕੁੱਤੇ ਭੌਂਕਦੇ ਰਹਿੰਦੇ ਆ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਇਹ ਦੱਸਣਾ ਚਾਹੁੰਦਾ ਹੈ ਕਿ ਉਹ ਆਪਣਾ ਉਹ ਆਪਣਾ ਕੰਮ ਮਸਤ ਚਾਲ ਨਾਲ ਯਾਰੀ ਰੱਖੇਗਾ ਦੁਨੀਆਂ ਉਸ ਬਾਰੇ ਕੀ ਸੋਚਦੀ ਅਤੇ ਕੀ ਕਹਿੰਦੀ ਹੈ ਉਸ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ।
    69. ਹਾਥੀ ਜਿਉਂਦਾ ਲੱਖ ਦਾ, ਤੇ ਮਰਿਆ ਸਵਾ ਲੱਖ ਦਾ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਵਸਤੂ ਦੀ ਖਰਾਬ ਹੋਣ ਤੋਂ ਬਾਅਦ ਕੀਮਤ ਹੋਰ ਵੀ ਵੱਧ ਜਾਵੇ।
    70. ਹਾਥੀ ਦੇ ਦੰਦ ਖਾਣ ਦੇ ਹੋਰ, ਤੇ ਦਿਖਾਉਣ ਦੇ ਹੋਰ ਇਹ ਅਖਾਣ ਉਸ ਵਿਅਕਤੀ ਲਈ ਬੋਲਿਆ ਜਾਂਦਾ ਹੈ ਜਿਸ ਦਾ ਬਾਹਰੀ ਭੇਖ ਕੁਝ ਹੋਰ ਹੋਵੇ ਅਤੇ ਅੰਦਰੂਨੀ ਭੇਖ ਕੁਝ ਹੋਰ। ਬਾਹਰੀ ਭੇਖ ਰਾਹੀਂ ਉਹ ਬਹੁਤ ਚੰਗਾ ਬਣਨ ਦੀ ਕੋਸ਼ਿਸ਼ ਕਰ ਰਿਹਾ ਹੋਵੇ ਪਰ ਅੰਦਰੂਨੀ ਰੂਪ ਵਿੱਚ ਉਹ ਸਾਹਮਣੇ ਵਾਲੇ ਨੂੰ ਖਾਣ ਦੇ ਮਕਸਦ ਨਾਲ ਚੱਲ ਰਿਹਾ ਹੋਵੇ।
    71. ਹਾਥੀ ਦੇ ਪੈਰ ਵਿੱਚ ਸਾਰਿਆਂ ਦਾ ਪੈਰ। ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਵੱਡੇ ਆਗੂਆਂ ਪਾਵਰਫੁਲ ਲੋਕਾਂ ਜਾਂ ਸੂਝਵਾਨ ਹਸਤੀਆਂ ਦੇ ਪਿੱਛੇ ਹੀ ਸਾਰਿਆਂ ਨੇ ਚਲਣਾ ਹੁੰਦਾ ਹੈ ਭਾਵੇਂ ਕੁਝ ਵੀ ਕਿਉਂ ਨਾ ਹੋ ਜਾਵੇ।
    72. ਹਾਥੀ ਫਿਰੇ ਗਿਰਾਂ-ਗਿਰਾਂਜੀਹਦਾ ਹਾਥੀ ਓਹਦਾ ਈ ਨਾਂ। ਇਹ ਅਖਾਣ ਵਿਅੰਗ ਦੇ ਰੂਪ ਵਿੱਚ ਉਦੋਂ ਬੋਲਿਆ ਜਾਂਦਾ ਹੈ ਜਦੋਂ ਮਿਹਨਤ ਅਤੇ ਸੰਘਰਸ਼ ਕਰਨ ਵਾਲੇ ਲੋਕਾਂ ਨੂੰ ਕੋਈ ਨਾ ਜਾਣੇ ਅਤੇ ਨਹਾਕ ਲੋਕਾਂ ਦਾ ਨਾ ਹੋ ਜਾਵੇ।
    73. ਹਾਥੀ ਲੰਘ ਗਿਆ ਪੂਛ ਰਹਿ ਗਈ। ਜਦੋਂ ਬਹੁਤਾ ਕੰਮ ਨਿਬੜ ਜਾਵੇ ਅਤੇ ਥੋੜ੍ਹਾ ਕੰਮ ਬਾਕੀ ਰਹਿ ਜਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    74. ਹਾਰ ਮੰਨੀ, ਝਗੜਾ ਮੁੱਕਿਆ। ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਜਦੋਂ ਦੋ ਧਿਰਾਂ ਆਪਸ ਵਿੱਚ ਲੜ ਰਹੀਆਂ ਹੋਣ ਤਾਂ ਉਹਨਾਂ ਵਿੱਚੋਂ ਜੇਕਰ ਇੱਕ ਧਿਰ ਹਾਰ ਮੰਨ ਲਵੇ ਜਾਂ ਨੀਵੀਂ ਹੋ ਜਾਵੇ ਤਾਂ ਸਾਰਾ ਝਗੜਾ ਮੁੱਕ ਜਾਂਦਾ ਹੈ।
    75. ਹਾਰੀਏ ਨਾ ਹਿੰਮਤ ਵਿਸਾਰੀਏ ਨਾ ਰਾਮ। ਇਹ ਅਖਾਣ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ ਕਿ ਸਾਨੂੰ ਕਦੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ ਅਤੇ ਨਾ ਹੀ ਕਦੇ ਪਰਮਾਤਮਾ ਨੂੰ ਵਿਸਾਰਨਾ ਚਾਹੀਦਾ ਹੈ।
    76. ਹਾਰੇ ਦਾ ਨਿਆਂਰੱਬ ਦੀ ਕਚਹਿਰੀ। ਇਹ ਅਖਾਣ ਹਾਰੇ ਹੋਏ ਮਨੁੱਖ ਨੂੰ ਧਰਵਾਸ ਦੇਣ ਵਜੋਂ ਬੋਲਿਆ ਜਾਂਦਾ ਹੈ ਕਿ ਸਮਾਂ ਆਉਣ ਤੇ ਪਰਮਾਤਮਾ ਹਰ ਮਸਲੇ ਦਾ ਨਿਆਂ ਕਰਦਾ ਹੈ।
    77. ਹਾੜ੍ਹ ਨਾ ਵਾਹੀ ਹਾੜ੍ਹੀ, ਫਿੱਟ ਭੜੂਏ ਦੀ ਦਾੜ੍ਹੀ। ਇਹ ਅਖਾਣ ਕਿਸਾਨੀ ਖਿੱਤੇ ਵਿੱਚੋਂ ਨਿਕਲਿਆ ਹੈ ਜਿਸ ਦਾ ਭਾਵ ਅਰਥ ਇਹ ਹੈ ਕਿ ਜਿਸ ਮਨੁੱਖ ਨੇ ਹਾੜ ਦੇ ਮਹੀਨੇ ਵਿੱਚ ਅਗਲੀ ਫਸਲ ਬੀਜਣ ਦੀ ਤਿਆਰੀ ਨਾ ਕੀਤੀ ਜਾਂ ਜਮੀਨ ਨਾ ਵਾਹੀ ਤਾਂ ਉਹ ਹਰ ਪਾਸਿਓਂ ਘਾਟਾ ਹੀ ਖਾਵੇਗਾ।
    78. ਹਾੜ੍ਹ ਦਾ ਇਕ, ਸਾਉਣ ਦੇ ਦੋ, ਭਾਦੋਂ ਦੇ ਤ੍ਰੈ ਤੇ ਅੱਸੂ ਦੇ ਸੌ। ਅਰਥ ਬਾਕੀ ਹੈ>
    79. ਹਿੱਸਾ ਚੌਥਾ, ਜੁੱਤੀਆਂ ਦਾ ਅੱਧ। ਇਹ ਅਖਾਣ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਕਿਸੇ ਨੂੰ ਆਮਦਨ ਦਾ ਤਾਂ ਘੱਟ ਹਿੱਸਾ ਦੇਵੇ ਪਰ ਮੁਸ਼ਕਤ ਕਈ ਗੁਣਾ ਵੱਧ ਕਰਵਾਵੇ।
    80. ਹਿੰਗ ਲੱਗੀ ਨਾ ਫਟਕੜੀ ਤੇ ਰੰਗ ਚੋਖਾ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਚੀਜ਼ ਤੇ ਖਰਚਾ ਬਹੁਤ ਘੱਟ ਆਵੇ ਪਰ ਉਸ ਚੀਜ਼ ਤੋਂ ਆਮਦਨ ਬਹੁਤੀ ਹੋਵੇ।
    81. ਹਿੰਮਤ ਅੱਗੇ ਫਤਿਹ ਹੈਬੇਹਿੰਮਤੀ ਹੈ ਹਾਰ। ਇਹ ਅਖਾਣ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ ਜਿਸ ਦਾ ਭਾਵ ਅਰਥ ਇਹ ਹੈ ਕਿ ਹਿੰਮਤ ਦੇ ਨਾਲ ਹਰ ਮੈਦਾਨ ਨੂੰ ਫਤਿਹ ਕੀਤਾ ਜਾ ਸਕਦਾ ਹੈ ਅਤੇ ਬੇਹਿੰਮਤੀ ਨਾਲ ਜਿੱਤੇ ਹੋਏ ਮੈਦਾਨ ਵੀਰ ਹਰ ਸਕਦੇ ਹਨ। ਜਸਬੀਰ ਵਾਟਾਂਵਾਲੀਆ
    82. ਹਿੱਲੀਹਿੱਲੀ ਗਿੱਦੜੀ, ਰਵਾਹ ਪਈਆਂ ਫਲੀਆਂ ਇਹ ਅਖਾਣ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਵਿਅਕਤੀ ਨੂੰ ਧੱਕੇ ਨਾਲ ਤੋਰ ਕੇ ਉਸ ਤੋਂ ਬੜੀ ਮੁਸ਼ਕਲ ਨਾਲ ਕੰਮ ਕਰਵਾਇਆ ਜਾਵੇ।
    83. ਹਿੱਲੇ ਨੂੰ ਹਿਲਾਈਏ ਨਾ, ਹਿੱਲੇ ਦਾ ਮਾਣ ਗਵਾਈਏ ਨਾ ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਚੰਗੇ ਭਲੇ ਆਰਾਮ ਨਾਲ ਬੈਠੇ ਵਿਅਕਤੀ ਨੂੰ ਨਹੀਂ ਛੇੜਨਾ ਚਾਹੀਦਾ ਜੇ ਛੇੜੀਏ ਤਾਂ ਉਸ ਦੀ ਮਾਣਹਾਨੀ ਨਹੀਂ ਕਰਨੀ ਚਾਹੀਦੀ।
    84. ਹੀਲ ਨਾ ਦਲੀਲ ਤੇ ਮੈਂ ਤੇਰਾ ਵਕੀਲ। ਇਹ ਅਖਾਣ ਉਸ ਵਿਅਕਤੀ ਲਈ ਵਿਅੰਗ ਵਜੋਂ ਬੋਲਿਆ ਜਾਂਦਾ ਹੈ ਜੋ ਐਵੇਂ ਹੀ ਕਿਸੇ ਦੇ ਮਸਲੇ ਵਿੱਚ ਲੱਤ ਅੜਾਵੇ ਜਾਂ ਵਾਧੂ ਦੀ ਵਕਾਲਤ ਕਰੇ।
    85. ਹੀਲੇ ਰਿਜਕ, ਬਹਾਨੇ ਮੌਤ। ਇਹ ਅਖਾਣ ਕਰਮ ਅਤੇ ਮੌਤ ਦੀ ਅਟੱਲ ਸੱਚਾਈ ਨੂੰ ਦਰਸਾਉਣ ਲਈ ਬੋਲਿਆ ਜਾਂਦਾ ਹੈ।
    86. ਹੁਸਨ ਕਮਾਵੇ, ਦਾਲ੍ਹਦ ਅੰਗਲਾਵੇ ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਪਾਜ਼ਿਟਿਵ ਸਾਊ ਅਤੇ ਸੋਹਣੇ  ਵਿਚਾਰ ਮਨੁੱਖ ਦੀ ਤਰੱਕੀ ਦਾ ਕਾਰਨ ਬਣਦੇ ਹਨ ਜਦ ਕਿ ਭੈੜੀ ਅਤੇ ਦਲਿਦਰੀ ਮੱਤ ਉਸ ਨੂੰ ਨਘਾਰ ਵੱਲ ਲੈ ਜਾਂਦੀ ਹੈ।
    87. ਹੁਸਨ, ਜਵਾਨੀ, ਮਾਪੇ, ਤਿੰਨ ਰੰਗ ਨਹੀਂ ਲੱਭਣੇ ਅਖਾਣ ਦਾ ਭਾਵ ਅਰਥ ਸਪਸ਼ਟ ਹੈ ਕਿ ਸਮੇਂ ਦੇ ਨਾਲ ਨਾ ਤਾਂ ਹੁਸਨ ਰਹਿੰਦਾ ਹੈ ਅਤੇ ਨਾ ਹੀ ਜਵਾਨੀ ਅਤੇ ਨਾ ਹੀ ਮਾਪੇ।
    88. ਹੁੱਸੜ ਨਾਲੋਂਭੁੱਸੜ ਚੰਗਾ। ਇਹ ਅਖਾਣ ਹੁੱਸੜ ਅਤੇ ਗਰਮੀ ਦੇ ਫਰਕ ਨੂੰ ਦਰਸਾਉਣ ਲਈ ਬੋਲਿਆ ਜਾਂਦਾ ਹੈ ਕਿਉਂਕਿ ਹੁੱਸੜ ਦੇ ਵਿੱਚ ਸਾਹ ਲੈਣਾ ਵੀ ਔਖਾ ਹੁੰਦਾ ਹੈ ਇਸਦੇ ਉਲਟ ਹੁੱਸੜ ਦੇ ਮੁਕਾਬਲੇ ਗਰਮੀ ਨੂੰ ਸਹਿਣਾ ਸੌਖਾ ਹੈ ਉਹ ਭਾਵੇਂ ਤਿੱਖੀ ਹੀ ਕਿਉਂ ਨਾ ਹੋਵੇ।
    89. ਹੁਣ ਕੀ ਮੁੱਲਾਂ ਮਰ ਗਏ, ਜਾਂ ਰੋਜ਼ੇ ਮੁੱਕ ਗਏ ? ਇਹ ਅਖਾਣ ਕਿਸੇ ਨੂੰ ਚੋਟ ਮਾਰਨ ਲਈ ਉਦੋਂ ਬੋਲਿਆ ਜਾਂਦਾ ਹੈ ਜਦੋਂ ਉਹ ਕਿਸੇ ਕੰਮ ਨੂੰ ਕਰਨ ਤੋਂ ਨਾ ਕਰ ਦੇਵੇ ਅਤੇ ਕੀਤੀ ਹੋਈ ਮੰਗ ਨੂੰ ਅਤੇ ਟਾਲਣ ਦਾ ਯਤਨ ਕਰ ਰਿਹਾ ਹੋਵੇ ਜਦ ਕਿ ਉਹ ਮੰਗ ਆਸਾਨੀ ਨਾਲ ਪੂਰੀ ਕੀਤੀ ਜਾ ਸਕਦੀ ਹੋਵੇ।
    90. ਹੁਣ ਟਿੱਡੀਆਂ ਨੂੰ ਵੀ ਥਣ ਲੱਗ ਗਏ। ਜਦੋਂ ਕੋਈ ਨਕਾਰਾ ਬੰਦਾ ਵੱਡੀਆਂ ਗੱਲਾਂ ਕਰੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
    91. ਹੁਣ ਤਾਂ ਬਾਹਰੀਂ ਕੋਹੀਂ ਦੀਵਾ ਜਗਦੈ ਜਦੋਂ ਕਿਸੇ ਚੰਗੀ ਚੀਜ਼ ਜਾਂ ਚੰਗੇ ਵਿਅਕਤੀਆਂ ਦੀ ਵੱਡੀ ਘਾਟ ਪੈ ਜਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
    92. ਹੁਣੇ ਜੰਮੀ ਉਤੋਂ ਗੜਿਆਂ ਦੀ ਮਾਰ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਨਵਾਂ ਕੰਮ ਅਜੇ ਸ਼ੁਰੂ ਹੀ ਕਰਨ ਲੱਗਾ ਹੋਵੇ ਪਰ ਉਸ ਕੰਮ ਦਾ ਕੁਦਰਤੀ ਕਾਰਨਾ ਕਰਕੇ ਮਲੀਆ ਮੇਟ ਹੋ ਜਾਵੇ।
    93. ਹੁੰਦਿਆਂ ਮਾਣ ਨਿਮਾਣਾ। ਇਹ ਅਖਾਣ ਨੀਵੇ ਅਤੇ ਨਿਮਾਣੇ ਹੋ ਕੇ ਰਹਿਣ ਦੀ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ।
    94. ਹੂਰ ਦੀ ਗੋਦੀ ਵਿੱਚ ਲੰਗੂਰ ਜਾਂ ਲੰਗੂਰ ਦੀ ਗੋਦੀ ਵਿੱਚ ਹੂਰ। ਇਹ ਅਖਾਣ ਬੇਮਲੇ ਵਿਆਹ ਜਾਂ ਬੇਮੇਲੇ ਜੋੜ ਉੱਤੇ ਤੰਜ ਕੱਸਣ ਵਜੋਂ ਬੋਲਿਆ ਜਾਂਦਾ ਹੈ।
    95. ਹੇਠਾਂ ਜੱਲਾ ਤੇ ਉੱਤੇ ਅੱਲਾ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਵਿਅਕਤੀ ਧਰਤੀ ਉੱਤੇ ਆਪਣੀ ਹੋਂਦ ਅਤੇ ਇਸ ਬ੍ਰਹਿਮੰਡ ਵਿੱਚ ਪਰਮਾਤਮਾ ਦੀ ਹੋਂਦ ਨੂੰ ਅਟੱਲ ਸਮਝ ਰਿਹਾ ਹੋਵੇ।
    96. ਹੇਠਾਂ ਨਾ ਉੱਤੇ, ਮੈ ਅੱਧ ਵਿੱਚ ਸੌਨੀਂ ਆ ਜਦੋਂ ਕੋਈ ਵਿਅਕਤੀ ਕਿਸੇ ਪਾਸੇ ਨਾ ਖੜੇ ਅਤੇ ਅੜੀਆਂ ਉੱਤੇ ਉਤਰਿਆ ਹੋਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
    97. ਹੇਠਾਂ ਮੰਦਰ, ਉੱਤੇ ਮਸੀਤ। ਜਦੋਂ ਕਿਸੇ ਵਿਅਕਤੀ ਦੇ ਧਾਰਮਿਕ ਚਿੰਨ ਜਾਂ ਪਹਿਰਾਵਾ ਆਪੋ ਵਿਚ ਨਾ ਰਲਦੇ ਹੋਣ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
    98. ਹੇਡੇ ਦੇ ਪੂਰੇਤੇ ਸੇਡੇ ਦੇ ਸੂਰੇ। ਅਰਥ ਬਾਕੀ ਹੈ।
    99. ਹੋਇਆ ਤਾਂ ਈਦ, ਨਹੀਂ ਤਾਂ ਰੋਜ਼ਾ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਚੀਜ਼ ਜਾਂ ਵਿਅਕਤੀ ਦੇ ਹੋਣ ਦਾ ਭਰੋਸਾ ਨਾ ਹੋਵੇ।
    100. ਹੋਏ ਦਾ ਨਾਂ ਹਿੰਦੂ। ਇਹ ਅਖਾਣ ਕਿਸੇ ਚੀਜ਼ ਦੇ ਹੋਣ ਦੀ ਗਰੰਟੀ ਦੇਣ ਵਜੋਂ ਬੋਲਿਆ ਜਾਂਦਾ ਹੈ।
    101. ਹੋਸ਼ਾ ਸ਼ਾਹ ਨਾ ਕੀਜੀਏ, ਮੁੜ ਪਛਤਾਉਣਾ ਪਏ। ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਖੁਸ਼ੀ ਵਿਅਕਤੀ ਕੋਲੋਂ ਕਦੇ ਵੀ ਉਧਾਰ ਜਾਂ ਕਰਜ਼ਾ ਨਹੀਂ ਲੈਣਾ ਚਾਹੀਦਾ।
    102. ਹੋਸ਼ਾ ਕੀ ਸਵਾਰੇ ਇਕ ਵਾਰੀ ਕਰੇਤੇ ਦਸ ਵਾਰੀ ਚਿਤਾਰੇ। ਇਹ ਅਖਾਣ ਹੋਸ਼ੇ ਵਿਅਕਤੀ ਦੇ ਚਰਿੱਤਰ ਨੂੰ ਦਰਸਾਉਣ ਲਈ ਬੋਲਿਆ ਜਾਂਦਾ ਹੈ ਕਿ ਹੋਸ਼ਾ ਵਿਅਕਤੀ ਮਦਦ ਕਰਕੇ ਅਨੇਕਾਂ ਵਾਰ ਚਿਤਾਰਦਾ ਹੈ।
    103. ਹੋਸ਼ੇ ਜੱਟ ਕਟੋਰਾ ਲੱਭਾ, ਪਾਣੀ ਪੀ-ਪੀ ਆਫਰਿਆ। ਇਹ ਅਖਾਣ ਉਸ ਵਿਅਕਤੀ ਲਈ ਵਿਅੰਗ ਵਜੋਂ ਬੋਲਿਆ ਜਾਂਦਾ ਹੈ ਜੋ ਨਵੀਂ ਲੱਭੀ ਚੀਜ਼ ਦੇ ਵਧੇਰੇ ਭੋਗ ਅਤੇ ਲਾਲਚ ਵਿੱਚ ਆ ਕੇ ਆਪਣਾ ਨੁਕਸਾਨ ਕਰ ਰਿਹਾ ਹੋਵੇ।
    104. ਹੋਛੀ ਰੰਨ ਦੀ ਨੱਥਕਦੀ ਨੱਕ ਤੇ ਕਦੀ ਹੱਥ। ਇਹ ਅਖਾਣ ਖੁਸ਼ੀਆਂ ਔਰਤਾਂ ਦੇ ਕਿਰਦਾਰ ਨੂੰ ਦਰਸਾਉਣ ਲਈ ਬੋਲਿਆ ਜਾਂਦਾ ਹੈ ਕਿ ਉਹ ਆਪਣਾ ਮਾਣ ਅਤੇ ਸਤਿਕਾਰ ਕਦੇ ਵੀ ਬਰਕਰਾਰ ਨਹੀਂ ਰੱਖ ਸਕਦੀਆਂ।
    105. ਹੋਛੇ ਦੀ ਯਾਰੀ ਪਲ-ਪਲ ਖਵਾਰੀ। ਇਹ ਅਖਾਣ ਹੋਸ਼ੇ ਵਿਅਕਤੀ ਨਾਲ ਦੋਸਤੀ ਕਰਨ ਤੋਂ ਵਰਜਣ ਦੀ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ।
    106. ਹੋਰਾਂ ਨੂੰ ਹੋਰੀ ਦੀ ਤੇ ਅੰਨੇ ਨੂੰ ਡੰਗੋਰੀ ਦੀ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਬਹੁਤ ਸਾਰੇ ਲੋਕਾਂ ਨੂੰ ਕਿਸੇ ਵਿਸ਼ੇਸ਼ ਮਸਲੇ ਦੀ ਚਿੰਤਾ ਕਰ ਰਹੇ ਹੋਣ ਪਰ ਕਿਸੇ ਕਮਲੇ ਮਨੁੱਖ ਨੂੰ ਕਿਸੇ ਨਕਾਰੀ ਚੀਜ਼ ਦੀ ਭੱਜ ਦੌੜ ਪਈ ਹੋਵੇ।
    107. ਹੋਵੇ ਅੰਮਾ ਜਾਇਆ, ਨਦੀਆਂ ਚੀਰ ਮਿਲੇ ਇਹ ਅਖਾਣ ਪਰਾਏ ਲੋਕਾਂ ਦੇ ਮੁਕਾਬਲੇ  ਸਕੇ ਭਰਾਵਾਂ ਦੀ ਅਹਿਮੀਅਤ ਦਰਸਾਉਣ ਲਈ ਬੋਲਿਆ ਜਾਂਦਾ ਹੈ।
    108. ਹੋਵੇਗਾ ਰਲ਼ਿਆਆਵੇਗਾ ਚੱਲਿਆ। ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਜਿੱਥੇ ਵੀ ਮਨੁੱਖ ਦਾ ਖਾਣਾ ਦਾਣਿਆ ਰਲਿਆ ਹੋਇਆ ਹੈ ਉਥੇ ਜਾ ਕੇ ਉਹ ਆਪਣੇ ਆਪ ਹੀ ਛਕ ਲੈਂਦਾ ਹੈ ਇਸ ਦੇ ਨਾਲ ਇਕ ਰਲਦਾ ਮਿਲਦਾ ਹਿੰਦੀ ਭਾਸ਼ਾ ਦਾ ਇਕ ਅਖਾਣ ਇਹ ਵੀ ਹੈ ਕਿ ਦਾਣੇ ਦਾਣੇ ਪੇ ਲਿਖਾ ਹੈ ਖਾਣੇ ਵਾਲੇ ਕਾ ਨਾਮ।
    109. ਹੌਲਾ ਭਾਰ ਤੇ ਸਾਥ ਦੇ ਮੋਹਰੀ। ਇਹ ਅਖਾਣ ਸਫਰ ਤੇ ਜਾਣ ਸਮੇਂ ਘੱਟ ਭਾਰ ਚੁੱਕਣ ਦੀ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ।

BEST AND BIGGEST COLLECTIONS OF AKHAAN-BY JASBIR WATTAWALIA

 

ਕ ਤੋਂ ਘ ਅੱਖਰ ਤੱਕ ਅਖਾਣ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ

ਚ ਤੋਂ ਝ ਅੱਖਰ ਤੱਕ ਅਖਾਣ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ

ਟ ਤੋਂ ਢ ਅੱਖਰ ਤੱਕ ਅਖਾਣ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ

ਤ ਤੋਂ ਨ ਅੱਖਰ ਤੱਕ ਅਖਾਣ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ

ਪ ਤੋਂ ਮ ਅੱਖਰ ਤੱਕ ਅਖਾਣ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ

ਯ ਤੋਂ ਵ ਅੱਖਰ ਤੱਕ ਅਖਾਣ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ

ਅਖਾਣਾ ਬਾਰੇ ਵਿਸਥਾਰ ਜਾਣਕਾਰੀ ਹਾਸਲ ਕਰਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਨੋਟ – ਕੁਝ ਅਖਾਣ ਮੁਹਾਵਰਿਆਂ ਵਿਚ ਜਾਤ-ਪਾਤ ਦਾ ਪ੍ਰਗਟਾਵਾ ਕੀਤਾ ਗਿਆ ਹੈ। ਜਾਤ-ਪਾਤ ਦਾ ਇਹ ਪਗਟਾਵਾ ਪੰਜਾਬੀ ਲੋਕ ਧਾਰਾ ਦੇ ਪਿਛੋਕੜ ਨੂੰ ਦਰਸਾਉਣ ਅਤੇ ਪੁਰਾਣੇ ਸਮੇ ਦੇ ਲੋਕਾਂ ਦੀ ਮਾਨਸਿਕਤਾ ਸਮਝਣ  ਲਈ ਕੀਤਾ ਗਿਆ ਹੈ, ਕਿਉਂਕਿ ਪੁਰਾਣੇ ਸਮਿਆਂ ਵਿਚ ਹਾਸੇ-ਠੱਠ, ਟਿੱਚਰ-ਮਜਾਕ ਅਤੇ ਕਿਸੇ ਨੂੰ ਨਹੋਰਾ ਮਾਰਨ ਸਮੇਂ ਅਕਸਰ ਹੀ ਜਾਤ-ਪਾਤ ਦੇ ਨਾਂ ਤੇ ਵਿਅੰਗ ਕੀਤਾ ਜਾਂਦਾ ਸੀ। ਅਸੀਂਂ ਕਿਸੇ ਤਰ੍ਹਾਂ ਦੀ ਜਾਤ-ਪਾਤ ਹਾਮੀ ਨਹੀਂ ਹਾਂ ਅਤੇ ਨਾ ਹੀ ਇਹ ਪ੍ਰਗਟਾਵਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕੀਤਾ ਹੈ।

ਜਸਬੀਰ ਵਾਟਾਂਵਾਲੀਆ
 

ਦੋਸਤੋ ਪੰਜਾਬੀ ਅਖਾਣਾਂ ਦੀ ਇਹ ਕੁਲੈਕਸ਼ਨ, ਜੋ ਤੁਸੀਂ jasbirwattanwalia.in ਉੱਤੇ ਪੜ੍ਹ ਰਹੇ ਹੋ, ਇਸ ਨੂੰ ਤਿਆਰ ਕਰਨ ਵਿੱਚ ਕਾਫੀ ਲੰਬੀ ਮਿਹਨਤ ਲੱਗੀ ਹੈ। ਮੈਂ ਕਰੀਬ ਪਿਛਲੇ 15 ਸਾਲਾਂ ਤੋਂ ਇਹ ਅਖਾਣ ਇਕੱਠੇ ਕਰ ਰਿਹਾ ਸੀ। ਜਦੋਂ ਵੀ ਕੋਈ ਬਜ਼ੁਰਗ ਅਖਾਣ ਬੋਲਦਾ ਸੀ ਤਾਂ ਮੈਂ ਚੁੱਪ-ਚੁਪੀਤੇ ਨੋਟ ਕਰ ਲੈਂਦਾ ਸੀ। ਇਹਨਾਂ ਵਿੱਚੋਂ ਬਹੁਤ ਸਾਰੇ ਅਖਾਣ ਸਾਡੇ ਮਾਤਾ ਜੀ, ਸਾਡੇ ਭੂਆ ਜੀ, ਸਾਡੀਆਂ ਚਾਚੀਆਂ, ਮਾਸੀਆਂ, ਤਾਈਆਂ ਮਾਮੀਆਂ, ਆਂਡਣਾ-ਗੁਆਂਢਣਾ ਅਤੇ ਮਰਦ ਬਜ਼ੁਰਗਾਂ ਦੇ ਮੂੰਹੋਂ ਮੈਂ ਸੁਣੇ ਹਨ। ਇਸ ਤੋਂ ਇਲਾਵਾ ਕਾਫੀ ਸਾਰੇ ਅਖਾਣ ਯੂਨੀਵਰਸਿਟੀਆਂ ਦੇ ਵੱਖ-ਵੱਖ ਕੋਸ਼ਾਂ ਤੋਂ ਵੀ ਇਸ ਕਲੈਕਸ਼ਨ ਵਿੱਚ ਸ਼ਾਮਲ ਕੀਤੇ ਹਨ। ਮੇਰੀ ਕੋਸ਼ਿਸ਼ ਰਹੇਗੀ ਕਿ ਇਸ ਕਲੈਕਸ਼ਨ ਨੂੰ ਦਿਨ ਪ੍ਰਤੀ ਦਿਨ ਹੋਰ ਵਧਾਇਆ ਜਾਵੇ। ਇਸ ਕਲੈਕਸ਼ਨ ਦੌਰਾਨ ਅੱਖਰ ਵਾਧਾ ਘਾਟਾ ਭੁੱਲ ਚੁੱਕ ਹੋ ਗਈ ਹੋਵੇ ਤਾਂ ਖਿਮਾ ਦਾ ਜਾਚਕ ਹਾਂ।

ਜਸਬੀਰ ਵਾਟਾਂਵਾਲੀਆ

Dear Readers,
I am pleased to present this comprehensive collection of Punjabi Akhaan, carefully curated and available on jasbirwattanwalia.in     This repository is the culmination of 15 years of diligent research and intellectual endeavor.
Throughout my journey, I have had the privilege of collecting these Akhan and proverbs from esteemed family members, neighbors, and community elders. Whenever an elder shared a Punjabi Akhaan, I would meticulously note it down. Additionally, I have drawn from reputable Akhankosh universities to further enrich this collection.
I am committed to continually expanding and refining this collection. Please forgive any errors or omissions that may have occurred during its compilation.
Thank you for exploring this treasure trove of Punjabi wisdom.
Sincerely,
https://jasbirwattanwalia.blogspot.com/

By Jasbir Wattanwalia

About Jasbir Wattanwalia I'm Jasbir Singh Wattanwalia, born on March 25, 1978, in Wattanwali village, Sultanpur Lodhi, Kapurthala district. I'm a passionate writer, poet, and blogger with a deep love for Punjabi culture, literature, and folklore.Education I hold a Master's degree in Punjabi and Journalism, which has enabled me to explore various aspects of language, literature, and communication.Literary Contributions I've written four books in Punjabi:1. Veinnaama (ਵੇਈਂਨਾਮਾ) (2014) 2. Kalyugnama (ਕਲਯੁਗਨਾਮਾ) (2025) 3. Punjab de Gunkari Nano Jungal (ਪੰਜਾਬ ਦੇ ਗੁਣਕਾਰੀ ਨੈਨੋ ਜੰਗਲ) (2025) 4. Punjabi Akhaan Kosh with Meaning (ਪੰਜਾਬੀ ਅਖਾਣ ਕੋਸ਼ ਅਰਥਾਂ ਸਮੇਤ)Blogging Through my blog, jasbirwattanwalia.in, I share my thoughts and knowledge on various topics, including:- Punjabi folklore, culture, and traditions - Health and wellness through herbal remedies - Environmental issues and activism - Social commentary and news - Punjabi poetry and literatureMission My mission is to provide high-quality, engaging, and informative content that showcases the richness of Punjabi culture and language. I strive to create a platform that's both enjoyable and informative, and I'm committed to delivering the best possible experience for my readers.Let's Connect! I'm glad you're here! If you have any questions or feedback, please don't hesitate to reach out. Thank you for visiting my site, and I wish you a great day!

Leave a Reply

Your email address will not be published. Required fields are marked *