All About Charkha/ਪੰਜਾਬੀ ਸੱਭਿਆਚਾਰ ਅਤੇ ਲੋਕਧਾਰਾ ਵਿਚ ਚਰਖਾ/ਲੇਖ ਜਸਬੀਰ ਵਾਟਾਂਵਾਲੀਆ
All About Charkha/ਪੰਜਾਬੀ ਸੱਭਿਆਚਾਰ ਵਿੱਚ ਚਰਖੇ ਦਾ ਬਹੁਤ ਹੀ ਖਾਸ ਅਤੇ ਸਨਮਾਨਯੋਗ ਸਥਾਨ ਹੈ। ਪੰਜਾਬ ਦੇ ਲੋਕ ਸਾਹਿਤ ਵਿਚ ਚਰਖੇ ਦਾ ਵਖਿਆਨ ਸਿਰ ਚੜ੍ਹ-ਚੜ੍ਹ ਬੋਲਦਾ ਹੈ। ਪੰਜਾਬ ਦੇ ਗੀਤਾਂ ਲੋਕ ਗੀਤਾਂ ਅਤੇ ਸਮੁੱਚੇ ਸੂਫੀ ਕਵਿਤਾ ਵਿਚ ਵੀ ਚਰਖੇ ਬਾਕਾਮਾਲ ਜਿਕਰ ਮਿਲਦਾ ਹੈ। ਚਰਖਾ ਸ਼ਬਦ ਦੀ ਗੱਲ ਕਰੀਏ ਤਾਂ ਇਹ ਫ਼ਾਰਸੀ ਭਾਸ਼ਾ ਦੇ ਸ਼ਬਦ ‘ਚਰਖ਼’ ਤੋਂ ਬਣਿਆ ਹੈ, ਜਿਸ ਦਾ ਅਰਥ ਹੁੰਦਾ ਹੈ ‘ਪਹੀਆ ਜਾਂ ਚੱਕਰ’।
ਚਰਖੇ ਦਾ ਇਤਿਹਾਸ ਅਤੇ ਇਸਦੀ ਹੋਂਦ ਦਾ ਵਿਕਾਸ
ਚਰਖੇ ਦਾ ਇਤਿਹਾਸ ਕਾਫੀ ਪ੍ਰਾਚੀਨ ਹੈ ਪਰੰਤੂ ਅਜਿਹਾ ਕੋਈ ਦਸਤਾਵੇਜ਼ ਨਹੀਂ ਹੈ, ਜਿਸ ਤੋਂ ਚਰਖੇ ਦੀ ਮੁੱਢਲੀ ਵਰਤੋਂ ਸਬੰਧੀ ਸਟੀਕ ਅਣਦਾਜਾ ਲਾਇਆ ਜਾ ਸਕੇ। ਅੰਗਰੇਜਾਂ ਦੇ ਆਉਣ ਤੋਂ ਪਹਿਲਾਂ ਭਾਰਤ ਦੇ ਹਰ ਘਰ ਵਿਚ ਖੱਡੀ ਹੁੰਦੀ ਸੀ ਅਤੇ ਹਰ ਤਰ੍ਹਾਂ ਦਾ ਕੱਪੜਾ ਕਤਾਈ ਅਤੇ ਉਣਾਈ ਨਾਲ ਖੁਦ ਤਿਆਰ ਕੀਤਾ ਜਾਂਦਾ ਸੀ। ਮੱਧਯੁਗੀ ਲਿਖਤਾਂ ਵਿੱਚ ਵੀ ਪਹੀਏ-ਅਧਾਰਤ ਕਤਾਈ ਦੇ ਹਵਾਲੇ ਮਿਲਦੇ ਹਨ। ਚਰਖੇ ਦਾ ਸਭ ਤੋਂ ਪੁਰਾਣਾ ਜਾਣਿਆ ਜਾਣ ਵਾਲਾ ਚਿੱਤਰ 1237 ਦੀ ਇੱਕ ਫ਼ਾਰਸੀ ਹੱਥ-ਲਿਖਤ ਵਿੱਚ ਮਿਲਦਾ ਹੈ। ਇਸ ਤੋਂ ਇਲਾਵਾ 1350 ਤੱਕ ਇੱਕ ਭਾਰਤੀ ਇਤਹਾਸ (ਫੁਤੁਹ-ਉਸ-ਸਲਾਤੀਨ) ਵਿੱਚ ਵੀ ਚਰਖੇ ਦੀ ਹੋਂਦ ਦਾ ਜਿਕਰ ਮਿਲਦਾ ਹੈ”
ਚਰਖ਼ੇ ਦੀ ਮੁੱਢਲੀ ਵਰਤੋਂ ਦੇ ਚਿੰਨ ਚਾਰ ਮੁੱਖ ਖਿੱਤਿਆਂ ਈਰਾਨ, ਚੀਨ, ਭਾਰਤ ਜਾਂ ਯੂਰਪ ਵੱਲ ਮਿਲਦੇ ਹਨ। ਇਹਨਾਂ ਵਿੱਚੋਂ ਕਿਹੜੇ ਖਿੱਤੇ ਵਿੱਚ ਚਰਖੇ ਦੀ ਵਰਤੋਂ ਪਹਿਲਾਂ ਸ਼ੁਰੂ ਹੋਈ, ਇਸ ਬਾਰੇ ਇਤਹਾਸਕਾਰ ਇੱਕ ਮੱਤ ਨਹੀਂ ਹਨ। ਚਰਖ਼ੇ ਦੀ ਖੋਜ਼ ਜਾਂ ਕਾਢ ਬਾਰੇ ਵੀ ਕੋਈ ਠੋਸ ਸਬੂਤ ਨਹੀਂ ਮਿਲਦੇ। ਅਮਰੀਕੀ ਵਿਦਵਾਨ ਸੀ ਵੇਨੀ ਸਮਿੱਥ (C Wayne Smith) ਅਤੇ ਜੇ ਟੌਮ ਕੌਥਰਨ (J. Tom Cothren) ਅਤੇ ਬਹੁ ਗਿਣਤੀ ਇਤਿਹਾਸਕਾਰ ਚਰਖੇ ਦੀ ਵਰਤੋਂ 500 ਤੋਂ 1000 ਈਸਵੀ ਦੇ ਦਰਮਿਆਨ ਭਾਰਤ ਖਿੱਤੇ ਵਿੱਚ ਹੋਈ ਮੰਨਦੇ ਹਨ। ਚਰਖ਼ੇ ਦਾ ਪਹਿਲਾ ਚਿੱਤਰ ਵੀ ਬਗਦਾਦ ਦੇ ਸ਼ਹਿਰ ਬਸਰਾ ਦੇ ਅਰਬੀ ਕਵੀ ਅਲ ਹਾਰੀਰੀ (Al-Hariri) ਦੀ 1237 ਈ. ਦੀ ਕਿਤਾਬ ਦੇ ਵਿਚ ਚਿੱਤਰ ਰੂਪ ਵਿੱਚ ਮਿਲਦਾ ਹੈ ਜੋ ਇਸ ਦੀ ਬਗਦਾਦ ਵਿੱਚ ਮੌਜੂਦਗੀ ਦੀ ਗਵਾਹੀ ਭਰਦਾ ਹੈ। ਕਈ ਹੋਰ ਪੁਰਾਤਤਵ ਖੋਜ਼ਕਾਰ ਖੁਦਾਈ ਦੌਰਾਨ ਧਾਗੇ ਦੇ ਮਿਲੇ ਨਿਸ਼ਾਨਾਂ ਦੇ ਅਧਾਰ ਤੇ ਚਰਖ਼ੇ ਦਾ ਕਾਢ ਦਾ ਮੁੱਢਲਾ ਸਥਾਨ ਸਿੰਧੂ ਘਾਟੀ ਨੂੰ ਮੰਨਦੇ ਹਨ। ਕੰਨੜ ਕਵੀ ਰੇਮਾਵੇ (Remmavve) ਵਲੋਂ ਵੀ ਬਾਹਰਵੀਂ ਸਦੀ ਵਿੱਚ ਚਰਖ਼ੇ ਦੇ ਪੁਰਜਿਆਂ ਦਾ ਜਿਕਰ ਮਿਲਦਾ ਹੈ।
ਰਾਸ਼ਟਰੀ ਪ੍ਰਤੀਕ ਅਤੇ ਭਾਰਤੀ ਰਾਜਨੀਤੀ ਦਾ ਮੂਲ ਬਣਿਆ ਚਰਖਾ
1920–1940 ਦੇ ਦਹਾਕੇ ਦੌਰਾਨ, ਭਾਰਤ ਦੀ ਰਾਜਨੀਤੀ ਚਰਖੇ ਦੁਆਲੇ ਕੇਂਦਰਿਤ ਹੋ ਗਈ। ਆਜ਼ਾਦੀ ਅੰਦੋਲਨ ਦੇ ਨੇਤਾਵਾਂ, ਖਾਸ ਕਰਕੇ ਮਹਾਤਮਾ ਗਾਂਧੀ ਨੇ, ਬਸਤੀਵਾਦੀ ਸ਼ਾਸਨ ਦੇ ਵਿਰੁੱਧ ਸਵੈ-ਨਿਰਭਰਤਾ ਦਾ ਨਾਹਰਾ ਦੇ ਕੇ ਚਰਖੇ ‘ਤੇ ਕਤਾਈ ਨੂੰ ਉਤਸ਼ਾਹਿਤ ਕੀਤਾ। ਇਸ ਤਰ੍ਹਾਂ ਚਰਖਾ ਰਾਸ਼ਟਰੀ ਪਛਾਣ, ਨਿਆਂ ਅਤੇ ਪੇਂਡੂ ਮਾਣ-ਸਨਮਾਨ ਦਾ ਪ੍ਰਤੀਕ ਬਣ ਗਿਆ। ਅੱਜ ਵੀ ਚਰਖਾ ਭਾਰਤ ਦੇ ਝੰਡੇ ‘ਤੇ ਅਸ਼ੋਕ ਚੱਕਰ ਦੇ ਰੂਪ ਵਿੱਚ ਦਿਖਾਈ ਦਿੰਦਾ ਹੈ।
ਪੰਜਾਬੀ ਸੱਭਿਆਚਾਰ ਵਿੱਚ ਚਰਖਾ
ਚਰਖਾ ਪੰਜਾਬ ਦੇ ਲੋਕਾਂ ਦੀ ਘਰੇਲੂ ਜਿੰਦਗੀ ਦਾ ਅਨਿੱਖੜਵਾਂ ਅੰਗ ਸੀ। ਪੰਜਾਬੀਆਂ ਦੀ ਹਰ ਜਰੂਰਤ ਲੀੜਾ-ਲੱਤਾ, ਦਾਜ-ਵਰੀ, ਭਾਵ ਕਿ ਪੋਤੜਿਆਂ ਤੋਂ ਲੈ ਕੇ ਕੱਫਣ ਤੱਕ ਦਾ ਹਰ ਕੱਪੜਾ ਚਰਖ਼ਾ ਦੀ ਕਤਾਈ ਅਤੇ ਖੱਡੀ ਦੀ ਉਣਾਈ ਨਾਲ ਤਿਆਰ ਹੁੰਦਾ ਸੀ। ਬੀਤੇ ਦਹਾਕਿਆਂ ਤੱਕ ਚਰਖਾ ਦਰੀਆਂ, ਖੇਸ, ਸੂਤ ਅਤੇ ਹੋਰ ਕਈ ਕਿਸਮ ਦੇ ਘਰੇਲੂ ਸਮਾਨ ਬਣਾਉਣ ਲਈ ਮੁੱਖ ਸਾਧਨ ਵਜੋਂ ਵਰਤਿਆ ਜਾਂਦਾ ਰਿਹਾ ਹੈ। ਪੰਜਾਬੀ ਜੀਵਨ ਅਤੇ ਸਭਿਆਚਾਰ ਉਪਰ ਚਰਖ਼ੇ ਦੀ ਡੂੰਘੀ ਛਾਪ ਨਜ਼ਰ ਆਉਂਦੀ ਹੈ।
ਚਰਖਾ ਕੱਤਣਾ ਰਾਜ ਕਰਨ ਦੇ ਬਰਾਬਰ
ਪੰਜਾਬੀ ਜੀਵਨ ਵਿਚ ਚਰਖਾ ਕੱਤਣ ਨੂੰ ਰਾਜ ਕਰਨ ਦੇ ਬਰਾਬਰ ਦੇਖਿਆ ਜਾਂਦਾ ਸੀ। ਉੱਥੇ ਚੱਕੀ ਪੀਹਣ ਨੂੰ ਨਰਕ ਭੋਗਣ ਦੇ ਬਰਾਬਰ ਦੱਸਿਆ ਗਿਆ ਹੈ। ਪੰਜਾਬੀ ਦਾ ਇਕ ਅਖਾਣ ਇਸ ਗੱਲ ਦੀ ਗਵਾਹੀ ਭਰਦਾ ਹੈ ਦੇਖੋ-
ਚਰਖਾ ਰਾਜ, ਕਸੀਦਾ ਰਾਣੀ, ਚੱਕੀ ਪੀਠੇ ਦੋਜਕ ਜਾਣੀ।
ਪਿੰਡਾਂ ਵਿਚ ਆਮ ਤੌਰ ‘ਤੇ ਔਰਤਾਂ ਸਾਰਾ ਦੁਪਹਿਰਾਂ ਚਰਖੇ ‘ਤੇ ਸੂਤ ਕੱਤਣ ਵਿੱਚ ਬਿਤਾਉਂਦੀਆਂ ਸਨ। ਤ੍ਰਿੰਝਣਾ ਵਿੱਚ ਬੈਠ ਕੇ ਉਹ ਆਪਣੇ ਦਿਲ ਦੀਆਂ ਗੱਲਾਂ ਕਰ ਸਕਦੀਆਂ ਸਨ ਅਤੇ ਕਈ ਦੁੱਖ ਸੁੱਖ ਸਾਂਝੇ ਕਰਦੀਆਂ ਸਨ। ਚਰਖਾ ਕੱਤਦੇ ਸਮੇਂ ਉਹ, ਗੀਤ ਗਾਉਂਦੀਆਂ ਸਨ, ਗੀਤ ਸਿਰਜਦੀਆਂ ਸਨ ਅਤੇ ਇੱਕ ਦੂਜੇ ਤੋਂ ਸਿੱਖਦੀਆਂ ਸਨ।
ਦਾਜ ਵਿਚ ਚਰਖਾ ਅਤੇ ਪੰਜਾਬਣ ਮੁਟਿਆਰ ਦੀ ਚਰਖੇ ਨਾਲ ਅਟੁੱਟ ਸਾਂਝ
ਪੰਜਾਬੀ ਸਭਿਆਚਾਰ ਵਿੱਚ ਨਵੀਂ ਵਿਆਹੀ ਵਹੁਟੀ ਸ਼ਿੰਗਾਰਿਆ ਹੋਇਆ ਲੱਕੜ ਦਾ ਚਰਖਾ ਆਮ ਤੌਰ ‘ਤੇ ਦਾਜ ਵਿਚ ਲੈ ਕੇ ਆਉਂਦੀ ਸੀ। ਇਸ ਚਰਖੇ ਉੱਤੇ ਸੂਤ ਕੱਤਦੇ ਸਮੇਂ ਜਿੱਥੇ ਉਹ ਆਪਣੇ ਪੇਕੇ ਪਰਿਵਾਰ ਦੀ ਯਾਦ ਵਿਚ ਗੀਤ ਗਾਉਂਦੀ ਸੀ, ਉੱਥੇ ਹੀ ਆਪਣੇ ਮਾਹੀ ਦੇ ਪਿਆਰ ਵਿਚ ਝਰਖੇ ਘੂਕਰ ਉਸ ਨੂੰ ਅੰਦਰੋ-ਅੰਦਰ ਹਲੂਣਾ ਦਿੰਦੀ ਸੀ। ਇਸ ਤਰ੍ਹਾਂ ਚਰਖੇ ਨਾਲ ਪੰਜਾਬਣ ਮੁਟਿਆਰ ਦੀ ਅਟੁੱਟ ਸਾਂਝ ਸੀ।
ਗੁਰਬਾਣੀ ਵਿਚ ਚਰਖਾ
- ਗੁਰਬਾਣੀ ਵਿਚ ਚਰਖੇ ਦੇ ਘੁੰਮਣ ਨੂੰ ਤੀਰਥਾਂ ’ਤੇ ਘੁੰਮਣ ਵਾਲਿਆਂ ਨਾਲ ਤੁਲਨਾ ਕਰਦਿਆਂ ਫੁਰਮਾਇਆ ਹੈ ਕਿ ਘੁੰਮਣ ਨਾਲ ਜੀਵਨ ਦਾ ਉਧਾਰ ਨਹੀਂ ਹੋ ਸਕਦਾ, ਵੇਖੋ ਬੇਅੰਤ ਪਦਾਰਥ ਤੇ ਜੀਵ ਸਦਾ ਭੌਂਦੇ ਰਹਿੰਦੇ ਹਨ ਜਿਵੇਂ ਕਿ ਕੋਹਲੂ, ਚਰਖਾ, ਚੱਕੀ, ਚੱਕ ਥਲਾਂ ਦੇ ਬੇਅੰਤ ਵਰੋਲੇ, ਲਾਟੂ, ਮਧਾਣੀਆਂ, ਫਲ੍ਹੇ, ਪੰਛੀ, ਭੰਭੀਰੀਆਂ ਜੋ ਇਕ-ਸਾਹੇ ਉਡਦੀਆਂ ਰਹਿੰਦੀਆਂ ਹਨ– ਇਹ ਸਭ ਭੌਂਦੇ ਰਹਿੰਦੇ ਹਨ। ਸੂਲ ਉੱਤੇ ਚੜ੍ਹ ਕੇ ਵੀ ਕਈ ਜੰਤ ਭਵਾਈਂਦੇ ਹਨ। ਹੇ ਨਾਨਕ! ਭੌਣ ਵਾਲੇ ਜੀਵਾਂ ਦਾ ਅੰਤ ਨਹੀਂ ਪੈ ਸਕਦਾ। ਗੁਰੂ ਸਾਹਿਬ ਫਰਮਾਉਂਦੇ ਹਨ ਕਿ-
ਮਃ ੧ ॥
ਕੋਲੂ ਚਰਖਾ ਚਕੀ ਚਕੁ ॥
ਥਲ ਵਾਰੋਲੇ ਬਹੁਤੁ ਅਨੰਤੁ ॥
ਲਾਟੂ ਮਾਧਾਣੀਆ ਅਨਗਾਹ ॥
ਪੰਖੀ ਭਉਦੀਆ ਲੈਨਿ ਨ ਸਾਹ ॥
ਪੰਜਾਬੀ ਲੋਕਧਾਰਾ ਵਿਚ ਚਰਖਾ
ਚਰਖੇ ਦਾ ਜਿਕਰ ਸਮੁੱਚੀ ਪੰਜਾਬੀ ਲੋਕਧਾਰਾ ਵਿਚ ਮਿਲਦਾ ਹੈ। ਸਾਡੇ ਗੀਤ, ਲੋਕ ਗੀਤ,ਕਵਿਤਾ, ਅਖਾਣ ਮੁਹਾਵਰੇ, ਢੋਲੋ, ਮਾਹੀਏ, ਟੱਪੇ, ਬੁਝਾਰਤਾਂ ਹਰ ਸਹਿਤ ਰੂਪ ਵਿਚ ਚਰਖੇ ਦਾ ਜਿਕਰ ਸਿਰ ਚੜ੍ਹ-ਚੜ੍ਹ ਬੋਲਦਾ ਹੈ।
ਪੰਜਾਬੀ ਕਵਿਤਾ ਵਿਚ ਚਰਖਾ
ਪੰਜਾਬੀ ਕਵਿਤਾ ਵਿਚ ਚਰਖਾਨਾਮਾ ਸਿਰਲੇਖ ਹੇਠ ਵਿਸ਼ੇਸ਼ ਰੂਪ ਵਿਚ ਰਚਨਾਵਾਂ ਮਿਲਦੀਆਂ ਹਨ ਜਿਵੇਂ ਕਿ-
- ਵਿਚ ਚਰਖੇ ਪੰਜੇ ਤੱਤ ਕੁੜੇ
ਤੈਨੂੰ ਪੰਜੇ ਦੇਂਦੇ ਮੱਤ ਕੁੜੇ
ਪੰਜਾਂ ਦਾ ਪੈਰ ਨਾ ਘੱਤ ਕੁੜੇ
ਕਰ ਕਾਮ ਕ੍ਰੋਧ ਹੰਕਾਰ ਨਹੀਂ
ਕਤ ਚਰਖਾ ਹਿੰਮਤ ਹਾਰ ਨਹੀਂ
ਦਿਲਬਰ ਨੂੰ ਦਿਲੋਂ ਵਿਸਾਰ ਨਹੀਂ
ਕਾਲੀਦਾਸ ਗੁਜਰਾਂਵਾਲੀਆ- ਚਰਖਾ ਨਾਮਾ
ਸੂਫੀ ਕਵਿਤਾ ਵਿਚ ਚਰਖਾ
ਸੂਫੀ ਕਵੀ ਬਾਬਾ ਬੁੱਲ੍ਹੇ ਸ਼ਾਹ ਅਤੇ ਸ਼ਾਹ ਹੁਸੈਨ ਦੀ ਕਵਿਤਾ ਵਿਚ ਚਰਖੇ ਦਾ ਜਿਕਰ ਸਿਰ ਚੜ੍ਹ-ਚੜ੍ਹ ਬੋਲਦਾ ਹੈ। ਸੂਫੀ ਫਕੀਰਾਂ ਨੇ ਚਰਖਾ ਕੱਤਣ ਨੂੰ ਨਾਮ ਜਪਣ ਨਾਲ ਜੋੜ ਕੇ ਦੇਖਿਆ ਹੈ। ਇਸ ਤਰ੍ਹਾਂ ਬਾਬਾ ਬੁੱਲ੍ਹੇ ਸ਼ਾਹ, ਸ਼ਾਹ ਹੁਸੈਨ ਅਤੇ ਹੋਰ ਹੋਰ ਅਨੇਕਾਂ ਸੂਫੀ ਕਵੀਆਂ ਨੇ ਚਰਖੇ ਨੂੰ ਵਿਸ਼ੇਸ਼ ਸਿੰਬਲ ਵਜੋਂ ਬਾਕਾਮਲ ਢੰਗ ਨਾਲ ਵਰਤਿਆ ਗਿਆ ਹੈ। ਜਿਵੇਂ ਕਿ-
ਬੁੱਲ੍ਹੇ ਸ਼ਾਹ ਦੀ ਕਵਿਤਾ ਵਿਚ ਚਰਖਾ
- ਨਿਤ ਮੱਤੀਂ ਦੇਂਦੀ ਮਾਂ, ਧੀਆ
ਕਿਉਂ ਫਿਰਨੀ ਏਂ ਐਵੇਂ, ਆ ਧੀਆ
ਨੀ ਸ਼ਰਮ ਹਯਾ ਨੂੰ ਗਵਾ ਧੀਆ
ਤੂੰ ਕਦੀ ਤਾਂ ਸਮਝ ਨਦਾਨ ਕੁੜੇ
ਕਰ ਕੱਤਣ ਵੱਲ ਧਿਆਨ ਕੁੜੇ - ਚਰਖ਼ਾ ਮੁਫਤ ਤੇਰੇ ਹੱਥ ਆਇਆ
ਪੱਲਿਉਂ ਨਹੀਂ ਕੁਝ ਖੋਲ੍ਹ ਗਵਾਇਆ
ਨਹੀਉਂ ਕਦਰ ਮਿਹਨਤ ਦਾ ਪਾਇਆ
ਜਦ ਹੋਇਆ ਕੰਮ ਆਸਾਨ ਕੁੜੇ
ਕਰ ਕੱਤਣ ਵੱਲ ਧਿਆਨ ਕੁੜੇ - ਜਾਂ
ਅੱਗੇ ਚਰਖਾ ਪਿੱਛੇ ਪੀਹੜਾ, ਮੇਰੇ ਹੱਥੋਂ ਤੰਦ ਤਰੁੱਟੀ
ਭੱਦਾ ਭੌਦਾ ਊਰਾ ਡਿੱਗਾ, ਚੰਬ ਉਲਝੀ ਤੰਦ ਟੁੱਟੀ
ਭਲਾ ਹੋਇਆ ਮੇਰਾ ਚਰਖਾ ਟੁੱਟਾ, ਮੇਰੀ ਜਿੰਦ ਅਜ਼ਬੋ ਛੁੱਟੀ
ਸ਼ਾਹ ਹੁਸੈਨ ਦੀ ਕਵਿਤਾ ਵਿਚ ਚਰਖਾ
- ਚਰਖਾ ਬੋਲੇ ਸਾਈਂ ਸਾਈਂ,ਬਾਇੜ ਬੋਲੇ ਤੂੰ,
ਕਹੈ ਹੁਸੈਨ ਫ਼ਕੀਰ ਸਾਈਂ ਦਾ,ਮੈਂ ਨਾਹੀਂ ਸਭ ਤੂੰ… - ਅੱਤਣ ਮੈਂ ਕਿਉਂ ਆਈ ਸਾਂ,
ਮੇਰੀ ਤੰਦ ਨਾ ਪਈਆ ਕਾਇ । - ਆਉਂਦਿਆਂ ਉਠਿ ਖੇਡਣਿ ਲਗੀ,
ਚਰਖਾ ਛਡਿਆ ਚਾਇ । - ਤਾਣਾ ਆਂਦਾ, ਬਾਣਾ ਆਂਦਾ,ਆਂਦਾ ਚਰਖਾ ਪੁਰਾਣਾ ।
ਆਖਣ ਦੀ ਕਿਛੁ ਹਾਜਤਿ ਨਾਹੀਂ, ਜੋ ਜਾਣੇ ਸੋ ਜਾਣਾ… - ਜੇਵਡੁ ਚਰਖਾ ਤੇਵਡੁ ਮੁੰਨੇ,
ਹੁਣ ਕਹਿ ਗਇਆ, ਬਾਰਾਂ ਪੁੰਨੇ,
ਸਾਈਂ ਕਾਰਨ ਲੋਇਨ ਰੁੰਨੇ,
ਰੋਇ ਵੰਞਾਇਆ ਹਾਲੁ
ਚਰਖਾ ਮੇਰਾ ਰੰਗਲੜਾ ਰੰਗ ਲਾਲੁ
ਵਾਰਿਸ ਸ਼ਾਹ ਦੀ ਹੀਰ ਵਿਚ ਚਰਖੇ ਦਾ ਜਿਕਰ
ਰਾਂਝੇ ਅਤੇ ਸਹਿਤੀ ਦੀ ਵਾਰਤਾਲਾਪ ਦੌਰਾਨ ਵਾਰਿਸ ਦੀ ਹੀਰ ਵਿਚ ਚਰਖੇ ਦਾ ਜਿਕਰ ਇਸ ਪ੍ਰਕਾਰ ਕੀਤਾ ਮਿਲਦਾ ਹੈ।
- ਸੱਪ ਸ਼ੀਹਣੀ ਵਾਂਗ ਕੁਲਹਿਣੀਏਂ ਨੀ, ਮਾਸ ਖਾਣੀਏਂ ਤੇ ਰੱਤ ਪੀਣੀਏਂ ਨੀ
ਕਾਹੇ ਫ਼ੱਕਰ ਦੇ ਨਾਲ ਰੇਹਾੜ ਪਈਏਂ, ਭਲਾ ਬਖਸ਼ ਸਾਨੂੰ ਮਾਪੇ ਜੀਣੀਏਂ ਨੀ
ਦੁਖੀ ਜੀਉ ਦੁਖਾ ਨਾ ਭਾਗ ਭਰੀਏ, ਸੋਇਨ-ਚਿੜੀ ਤੇ ਕੂੰਜ ਲਖੀਣੀਏਂ ਨੀ
ਸਾਥੋਂ ਨਿਸ਼ਾ ਨਾ ਹੋਸੀਆ ਮੂਲ ਤੇਰੀ, ਸਕੇ ਖ਼ਸਮ ਥੀਂ ਨਾ ਪਤੀਣੀਏਂ ਨੀ
ਚਰਖਾ ਚਾਇ ਨਿਹੱਥੜੇ ਮਰਦ ਮਾਰੇ, ਕਿਸੇ ਯਾਰ ਨੇ ਪਕੜ ਪਲੀਹਣੀਏਂ ਨੀ
ਵਾਰਿਸ ਸ਼ਾਹ ਫ਼ਕੀਰ ਦੇ ਵੈਰ ਪਈਏ, ਜਰਮ-ਤੱਤੀਏ ਕਰਮ ਦੀ ਹੀਣੀਏਂ ਨੀ
ਲੋਕ ਗੀਤਾਂ ਵਿੱਚ ਚਰਖਾ
ਪੰਜਾਬੀ ਲੋਕ ਗੀਤਾਂ ਵਿਚ ਚਰਖੇ ਰਾਹੀਂ ਬੜੀ ਖ਼ੂਬਸੂਰਤੀ ਨਾਲ ਲੋਕ ਮਨ ਦੀ ਤਰਜਮਾਨੀ ਕੀਤੀ ਗਈ ਹੈ। ਜਿਵੇਂ ਕਿ-
- ਸਾਡਾ ਚਿੜੀਆਂ ਦਾ ਚੰਬਾ ਵੇ…
ਬਾਬਲ ਅਸਾਂ ਉਡ ਵੇ ਜਾਣਾ
ਸਾਡੀ ਲੰਮੀ ਉਡਾਰੀ ਵੇ…
ਬਾਬਲ ਕਿਹੜੇ ਦੇਸ਼ ਵੇ ਜਾਣਾ… - ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ…
ਬਾਬਲ ਚਰਖਾ ਕੌਣ ਕੱਤੇ
ਮੇਰੀਆਂ ਕੱਤਣ ਪੋਤਰੀਆਂ
ਧੀਏ ਘਰ ਜਾ ਆਪਣੇ… - ਚਰਖਾ ਤਾਂ ਮੇਰਾ ਤ੍ਰਿੰਜਣ ਦਾ ਸਰਦਾਰ ਨੀ ਮਾਏਂ
ਜਿਨ ਇਹ ਚਰਖਾ ਬੀੜਿਆ ਮੈਂ ਉਹਤੋਂ ਜਾਵਾਂ ਬਲਿਹਾਰ ਨੀ ਮਾਏਂ - ਨੀਂ ਮੈਂ ਕੱਤਾਂ ਪ੍ਰੀਤਾਂ ਨਾਲ, ਚਰਖਾ ਚੰਨਣ ਦਾ…
ਸ਼ਾਵਾ ਚਰਖਾ ਚੰਨਣ ਦਾ…
ਮਾਂ ਮੇਰੀ ਮੈਨੂੰ ਚਰਖਾ ਦਿੱਤਾ, ਵਿੱਚ ਚਰਖੇ ਦੇ ਮੇਖਾਂ..
ਮਾਂ ਰਾਣੀ ਮੈਨੂੰ ਯਾਦ ਪਈ ਆਵੇ, ਜਦ ਚਰਖੇ ਵੱਲ ਵੇਖਾਂ
ਚਰਖਾ ਚੰਨਣ ਦਾ…
ਪੰਜਾਬੀ ਗੀਤਾਂ ਵਿਚ ਚਰਖਾ
- ਜਿੱਥੇ ਤੇਰਾ ਹਾਲ ਵਗਦਾ ਉਥੇ ਲੈ ਚਲ ਚਰਖਾ ਮੇਰਾ…
ਮੈਂ ਵੀ ਕੱਤੂੰ ਚਾਰ ਪੂਣੀਆਂ ਦਿਲ ਲੱਗਿਆ ਰਹੂਗਾ ਤੇਰਾ… - ਮਾਹੀਆ ਮੈਂ ਤੈਨੂੰ ਦੇਖਣ ਨੂੰ…
ਚੁੱਕ ਚਰਖਾ ਗਲੀ ਦੇ ਵਿੱਚ ਡਾਹਵਾਂ - ਚਰਖਾ ਮੇਰਾ ਰੰਗਲਾ ਵਿੱਚ ਸੋਨੇ ਦੀਆਂ ਮੇਖਾਂ
ਵੇ ਮੈ ਤੈਨੂੰ ਯਾਦ ਕਰਾਂ ਜਦ ਚਰਖੇ ਵੱਲ ਵੇਖਾਂ - ਮੇਰੇ ਦਿਲ ਵਿੱਚ ਉੱਠਦੀ ਏ ਹੂਕ
ਮਾਹੀਆ ਮੈਨੂੰ ਯਾਦ ਆਂਵਦਾ…
ਸੁਣ ਚਰਖੇ ਦੀ ਮਿੱਠੀ-ਮਿੱਠੀ ਘੂਕ - ਭਿੱਝ ਗਈਆਂ ਨਣਾਨੇ ਪੂਣੀਆਂ
ਨਾਲੇ ਬਾਹਰੇ ਭਿੱਝ ਗਏ ਚਰਖੇ… - ਚੁੱਕ ਚਰਖਾ ਗਲੀ ਦੇ ਵਿਚ ਡਾਹ ਲਿਆ
ਉੱਤੋਂ ਕੱਜਲਾ ਅੱਖਾਂ ਦੇ ਵਿਚ ਪਾ ਲਿਆ
ਨੀ ਅੱਖ ਤੇਰੀ ਅੱਖ ਕਾਸ਼ਨੀ ਹੀਰੀਏ… - ਮੇਰੀ ਕੱਤਣੀ ਫਰਾਟੇ ਮਾਰੇ…
ਪੂਣੀਆਂ ਦੇ ਸੱਪ ਬਣ ਗਏ - ਚੂਕੇ ਚਰਖਾ ਬਿਸ਼ਨੀਏ ਤੇਰਾ
ਲੋਕਾਂ ਭਾਣੇ ਮੋਰ ਬੋਲਦਾ
ਬੋਲੀਆਂ ਦੇ ਵਿੱਚ ਚਰਖਾ
- ਲੰਮੇ-ਲੰਮੇ ਤੰਦ ਵੇ ਮੈਂ ਤੱਕਲੇ ‘ਤੇ ਪਾਉਂਨੀ ਆਂ
ਤੱਕ-ਤੱਕ ਰਾਹਵਾਂ ਸਾਰਾ ਦਿਨ ਮੈਂ ਲੰਗਾਉਂਨੀ ਆਂ
ਯਾਦ ਕਰਾਂ ਮੈਂ ਤੈਨੂੰ ਹਰ ਗੇੜੇ…
ਵੇ ਤੂੰਬਾ ਵੱਜਦਾ ਜਾਲਮਾ ਵਿੱਚ ਵੇਹੜੇ… - ਮਾਂ ਮੇਰੀ ਮੈਨੂੰ ਚਰਖਾ ਦਿੱਤਾ…ਪੀੜ੍ਹੀ ਲੈ ਦੇ ਤੂੰ..
ਵੇ ਮੈਂ ਕੱਤਿਆ ਕਰੂੰ…ਕੱਤਿਆ ਕਰੂੰ ਤੇਰੀ ਰੂੰ - ਤ੍ਰਿੰਜਣਾਂ ਦੇ ਵਿੱਚ ਕੱਤਣ ਸਹੇਲੀਆਂ..
ਗੁੱਡੀਆਂ ਨਾਲ ਗੁੱਡੀਆਂ ਜੋੜ ਕੇ…
ਹੁਣ ਕਿਉਂ ਮਾਏ ਰੋਨੀ ਐਂ…
ਧੀਆਂ ਨੂੰ ਸਾਹੁਰੇ ਤੋਰ ਕੇ..
ਪੰਜਾਬੀ ਅਖਾਣਾ ਵਿਚ ਚਰਖਾ
- ਚਰਖਾ ਰਾਜ, ਕਸੀਦਾ ਰਾਣੀ, ਚੱਕੀ ਪੀਠੇ ਦੋਜਕ ਜਾਣੀ।
- ਭਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦ ਅਜਾਬੋ ਛੁੱਟੀ।
- ਉੱਠ ਨੂੰਹੇ ਤੂੰ ਥੱਕੀ, ਛੱਡ ਚਰਖਾ ਤੇ ਫੜ੍ਹ ਲੈ ਚੱਕੀ।
- ਪੁੱਤ ਮੰਗਿਆ ਤੇ ਚਰਖਾ ਟੰਗਿਆ, ਪੁੱਤ ਵਿਆਹਿਆ ਤੇ ਚਰਖਾ ਲਾਹਿਆ।
- ਦਿਨ ਲੱਥਾ ਤੇ ਕਮਲੀ ਦਾ ਚਰਖਾ ਡੱਠਾ।
ਲੋਕ ਬੁਝਾਰਤਾਂ ਵਿੱਚ ਚਰਖਾ
- ਇੱਕ ਮਰਦ ਨੇ ਮਰਦ ਬਣਾਇਆ ਤੀਵੀਂ ਦੇ ਵੱਸ ਪਾਇਆ
ਤੀਵੀਂ ਨੇ ਐਸੀ ਕਰੀ ਉਹਦੀ ਛਾਤੀ ‘ਤੇ ਲੱਤ ਧਰੀ
ਚਰਖਾ
- ਤਿੰਨ ਪਏ ਪੰਜ ਖੜ੍ਹੇ
ਅੱਠ ਲਿਆਵਣ ਗੇੜਾ
ਮੇਰੀ ਬਾਤ ਬੁੱਝ ਲੈ
ਨਹੀਂ ‘ਤੇ ਬਣ ਜਾ ਮੇਰਾ ਚੇਲਾ
ਚਰਖੇ ਸਾਰੇ ਪਾਰਟਸ ਬਾਰੇ ਜਾਣਕਾਰੀ ਹਾਸਲ ਕਰਨ ਲਈ ਦੇਖੋ ਵੀਡੀਓ
ਇਸ ਵੀਡੀਓ ਵਿੱਚ ਤੁਸੀਂ ਚਰਖਾ ਅਤੇ ਉਸ ਦੇ ਸਾਰੇ ਮਹੱਤਵਪੂਰਨ ਪਾਰਟਸ ਬਾਰੇ ਜਾਣਕਾਰੀ ਹਾਸਿਲ ਕਰੋਗੇ। ਇਸ ਦੇ ਨਾਲ ਨਾਲ ਤੁਹਾਨੂੰ ਦਿਖਾਵਾਂਗੇ ਕਿ ਸਾਡੇ ਘਰ ਵਿੱਚ ਕਿਵੇਂ 120 ਸਾਲ ਪੁਰਾਣਾ ਚਰਖਾ ਅੱਜ ਵੀ ਸੁਰੱਖਿਆ ਹੈ। ਇਸ ਪੁਰਾਣੇ ਚਰਖੇ ਦਾ ਇਕ ਪਾਰਟ ਟੁੱਟ ਗਿਆ ਸੀ ਜਿਸ ਨੂੰ ਰਿਪੇਅਰ ਕੀਤੇ ਜਾਣ ਦਾ ਪ੍ਰੋਸੈਸ ਵੀ ਅਸੀਂ ਵੀਡੀਓ ਵਿੱਚ ਦਿਖਾਵਾਂਗੇ। ਪੁਰਾਤਨ ਸਮੇਂ ਵਿੱਚ ਸਾਡੇ ਘਰਾਂ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਵਸਤੂਆਂ ਲੀੜਾ ਕੱਪੜਾ ਸਭ ਚਰਖੇ ਦੀ ਬਦੌਲਤ ਹੀ ਬਣਾਇਆ ਜਾਂਦਾ ਸੀ ਇਹਨਾਂ ਵਿੱਚ ਵਿਸ਼ੇਸ਼ ਤੌਰ ਤੇ ਦਰੀਆਂ ਖੇਸ ਅਤੇ ਚਾਦਰਾਂ ਆਦਿ ਨੂੰ ਹਰ ਘਰ ਵਿੱਚ ਖੁਦ ਬਣਾਇਆ ਜਾਂਦਾ ਸੀ। ਚਰਖੇ ਨਾਲ ਜੁੜੀ ਹੋਰ ਜਾਣਕਾਰੀ ਵੀ ਤੁਸੀਂ ਵੀਡੀਓ ਵਿਚ ਵੇਖ ਸਕੋਗੇ।
ਇਹ ਵੀ ਪੜ੍ਹੋ>
- ਇਹ ਵੀ ਪੜ੍ਹੋ –Well/ਪੰਜਾਬੀ ਲੋਕ ਧਾਰਾ ’ਚ ਖੂਹ ਦਾ ਬਾਕਮਾਲ ਵਰਨਣ, ਗੁਰਬਾਣੀ ’ਚ ਵੀ ਖਾਸ ਜਿਕਰ
- ਇਹ ਵੀ ਪੜ੍ਹੋ – Earthern Pot in Punjabi Folklore : ਪੰਜਾਬੀ ਲੋਕਧਾਰਾ ਅਤੇ ਗੁਰਬਾਣੀ ਵਿਚ ਘੜਾ?
- ਇਹ ਵੀ ਪੜ੍ਹੋ – Lahore in Punjabi Folklore: ਪੰਜਾਬੀ ਲੋਕ ਧਾਰਾ ’ਚ ਸਿਰ ਚੜ੍ਹ ਬੋਲਦਾ ਹੈ ਲਾਹੌਰ, ਗੁਰਬਾਣੀ ’ਚ ਵੀ ਖਾਸ
- ਇਹ ਵੀ ਪੜ੍ਹੋ –The mill : ਗੁਰਾਬਾਣੀ ਅਤੇ ਪੰਜਾਬੀ ਲੋਕਧਾਰਾ ਵਿਚ ਚੱਕੀ ਦਾ ਬਾਕਮਾਲ ਵਰਨਣ
- ਇਹ ਵੀ ਪੜ੍ਹੋ –Chhaj in Gurbani and Folklore/ਗੁਰਬਾਣੀ ਅਤੇ ਪੰਜਾਬੀ ਲੋਕਧਾਰਾ ਵਿਚ ਛੱਜ ?
- ਇਹ ਵੀ ਪੜ੍ਹੋ –Shradh in Gurbani and Punjabi Folklore/ਪੰਜਾਬੀ ਲੋਕਧਾਰਾ ਅਤੇ ਗੁਰਬਾਣੀ ਅਨੁਸਾਰ ਸ਼ਰਾਧ ?
- ਇਹ ਵੀ ਪੜ੍ਹੋ –ਕਸੀਦਾ ਕੱਢਣਾ -Kasida embroidery is a precious Punjabi culture
I do not even know how I ended up here but I thought this post was great I dont know who you are but definitely youre going to a famous blogger if you arent already Cheers
Thanks and Cheers