Plastic-Eating Fungus Discovered /ਅੱਜ ਤੱਕ ਸਾਡੇ ਕੋਲ ਪਲਾਸਟਿਕ ਦੇ ਨਿਪਟਾਰੇ ਦਾ ਕੋਈ ਹੱਲ ਨਹੀਂ ਸੀ ਪਰ ਹੁਣ ਤੁਸੀਂ ਇੱਕ ਅਜਿਹੀ ਦੁਨੀਆਂ ਦੀ ਕਲਪਨਾ ਕਰ ਸਕਦੇ ਹੋ ਜਿੱਥੇ ਪਲਾਸਟਿਕ ਦਾ ਕੂੜਾ ਸਦੀਆਂ ਤੱਕ ਨਹੀਂ ਬਲਕਿ ਹਫ਼ਤਿਆਂ ਵਿੱਚ ਸੜ ਜਾਇਆ ਕਰੇਗਾ। ਇਹ ਸਭ ਕਿਸੇ ਵਿਗਿਆਨਕ ਕਲਪਨਾ ਵਾਂਗ ਲੱਗਦਾ ਹੈ ਪਰੰਤੂ ਇਹ ਸੱਚ ਹੈ ! ਵਿਗਿਆਨੀਆਂ ਨੇ ਇੱਕ ਅਜਿਹੀ ਉੱਲੀ ਦੀ ਖੋਜ ਕੀਤੀ ਹੈ ਜੋ ਪੌਲੀਯੂਰੀਥੇਨ, ਭਾਵ ਆਮ ਕਿਸਮ ਦੇ ਪਲਾਸਟਿਕ ਨੂੰ ਕੁਝ ਸਮੇਂ ਵਿਚ ਖਤਮ ਕਰ ਸਕਦੀ ਹੈ। ਇਹ ਫੰਗਸ ਆਕਸੀਜਨ ਨਾਲ ਭਰਪੂਰ ਅਤੇ ਆਕਸੀਜਨ-ਮੁਕਤ ਦੋਹਾ ਤਰ੍ਹਾਂ ਦੇ ਵਾਤਾਵਰਨ ਵਿੱਚ ਜਿਉਂਦੀ ਅਤੇ ਕਿਰਿਆਸ਼ੀਲ ਰਹਿ ਸਕਦੀ ਹੈ।
ਪੇਸਟਾਲੀਓਪਸਿਸ ਮਾਈਕ੍ਰੋਸਪੋਰਾ ਨਾਂ ਦੀ ਇਸ ਫੰਗਸ ਨੂੰ ਇਕਵਾਡੋਰ ਦੇ ਐਮਾਜ਼ਾਨ ਰੇਨਫੋਰੈਸਟ ਵਿੱਚ ਖੋਜਿਆ ਗਿਆ ਹੈ। ਇਸ ਵਿਚ ਪਲਾਸਟਿਕ ਦੇ ਕੂੜੇ ਦੇ ਪ੍ਰਬੰਧਨ ਅਤੇ ਉਨ੍ਹਾਂ ਦੇ ਤਰੀਕਿਆਂ ਵਿੱਚ ਕ੍ਰਾਂਤੀ ਲਿਆਉਣ ਦੀ ਸਮਰੱਥਾ ਹੈ। ਖੋਜਕਰਤਾ ਇਸ ਉੱਲੀ ਨੂੰ ਬਾਇਓਰੀਮੀਡੀਏਸ਼ਨ, ਰਹਿੰਦ-ਖੂੰਹਦ ਦੇ ਨਿਪਟਾਰੇ, ਲੈਂਡਫਿਲ ਅਤੇ ਸਮੁੰਦਰੀ ਸਫਾਈ ਕਰਨ ਦੇ ਲਈ ਵਰਤਣ ਦੀਆਂ ਸੰਭਾਵਨਾਵਾਂ ਬਾਰੇ ਉਤਸ਼ਾਹਿਤ ਹਨ।
ਇਸ ਫੰਗਸ ਦੀ ਖੋਜ ਕਿਵੇਂ ਹੋਈ?
ਇਹ ਖੋਜ ਯੇਲ ਦੇ ਸਾਲਾਨਾ ਰੇਨਫੋਰੈਸਟ ਐਕਸਪੀਡੀਸ਼ਨ ਅਤੇ ਖਾਸ ਪ੍ਰਯੋਗਸ਼ਾਲਾ ਵਿਚ ਹੋਈ, ਜਿੱਥੇ ਵਿਦਿਆਰਥੀਆਂ ਨੇ ਇਕਵਾਡੋਰ ਦੇ ਐਮਾਜ਼ਾਨ ਦੇ ਵਿਚੋਂ, ਯਾਸੁਨੀ ਰਾਸ਼ਟਰੀ ਜੰਗਲ ਵਿੱਚ ਪੌਦਿਆਂ ਦੇ ਤਣਿਆਂ ਤੋਂ ਨਮੂਨੇ ਇਕੱਠੇ ਕੀਤੇ ਸਨ। ਇਹਨਾਂ ਨਮੂਨਿਆਂ ਵਿੱਚ ਐਂਡੋਫਾਈਟਿਕ ਫੰਜਾਈ ਸੀ – ਸੂਖਮ ਜੀਵ ਜੋ ਪੌਦਿਆਂ ਦੇ ਅੰਦਰ ਬਿਨਾਂ ਨੁਕਸਾਨ ਪਹੁੰਚਾਏ ਰਹਿੰਦੇ ਨੂੰ ਲੱਭਿਆ। ਖੋਜਕਰਤਾਵਾਂ ਨੇ ਵੱਖ-ਵੱਖ ਫੰਜਾਈ ਨੂੰ ਅਲੱਗ ਕੀਤਾ ਅਤੇ ਉਹਨਾਂ ਦੀ ਵਿਲੱਖਣ ਯੋਗਤਾਵਾਂ ਲਈ ਜਾਂਚ ਕੀਤੀ। ਅੰਦਰੂਨੀ ਟ੍ਰਾਂਸਕ੍ਰਾਈਬਡ ਸਪੇਸਰ (ITS) ਨਾਮਕ ਇੱਕ ਖਾਸ ਜੈਨੇਟਿਕ ਖੇਤਰ ਦੇ DNA ਕ੍ਰਮ ਦੁਆਰਾ, ਉਹਨਾਂ ਨੇ ‘ਪੇਸਟਾਲੀਓਪਸਿਸ ਮਾਈਕ੍ਰੋਸਪੋਰਾ’ ਨੂੰ ਇਸ ਦੀ ਸ਼ਾਨਦਾਰ ਵਿਲੱਖਣਤਾ ਵਜੋਂ ਪਛਾਣਿਆ। ਵਿਦਿਆਰਥੀ ਪ੍ਰੀਆ ਆਨੰਦ ਨੇ ਇਸਦੇ ਵਿਵਹਾਰ ਦਾ ਦਸਤਾਵੇਜ਼ੀਕਰਨ ਕੀਤਾ। ਇਹ ਨਤੀਜੇ ‘Applied and Environmental Microbiology’ ਜਰਨਲ ਵਿੱਚ ਪ੍ਰਕਾਸ਼ਿਤ ਹੋਏ ਸਨ।
ਪੇਸਟਾਲੀਓਪਸਿਸ ਮਾਈਕ੍ਰੋਸਪੋਰਾ ਦੀਆਂ ਹੈਰਾਨੀਜਨਕ ਯੋਗਤਾਵਾਂ:
– ਪੋਲਿਸਟਰ ਪੌਲੀਯੂਰੀਥੇਨ (PUR) ਨੂੰ ਐਰੋਬਿਕ ਅਤੇ ਐਨਾਇਰੋਬਿਕ ਦੋਵਾਂ ਸਥਿਤੀਆਂ ਵਿੱਚ ਤੋੜਦਾ ਹੈ।
– PUR ਨੂੰ ਤੋੜਨ ਲਈ ਇੱਕ ਸੀਰੀਨ ਹਾਈਡ੍ਰੋਲੇਸ ਐਂਜ਼ਾਈਮ ਦੀ ਵਰਤੋਂ ਕਰਦਾ ਹੈ।
– ਬਾਇਓਰੀਮੀਡੀਏਸ਼ਨ, ਰਹਿੰਦ-ਖੂੰਹਦ ਦੇ ਇਲਾਜ ਪ੍ਰਣਾਲੀਆਂ, ਲੈਂਡਫਿਲ ਅਤੇ ਸਮੁੰਦਰੀ ਸਫਾਈ ਦੇ ਯਤਨਾਂ ਵਿੱਚ ਸੰਭਾਵੀ ਉਪਯੋਗ
ਪਰ ਪੇਸਟਾਲੀਓਪਸਿਸ ਮਾਈਕ੍ਰੋਸਪੋਰਾ ਇਕੱਲਾ ਪਲਾਸਟਿਕ ਖਾਣ ਵਾਲਾ ਉੱਲੀਮਾਰ ਨਹੀਂ ਹੈ ਬਲਕਿ ਇਸ ਤੋਂ ਇਲਾਵਾ ਇਸ ਦੀਆਂ ਹੋਰ ਪ੍ਰਜਾਤੀਆਂ, ਜਿਵੇਂ ਕਿ ਐਸਪਰਗਿਲਸ ਟਿਊਬਿੰਗੇਂਸਿਸ, ਫੁਸਾਰੀਅਮ ਸੋਲਾਨੀ, ਪੈਨਿਸਿਲੀਅਮ ਸਿੰਪਲਿਸਿਸਿਮਮ, ਅਤੇ ਓਇਸਟਰ ਮਸ਼ਰੂਮ, ਵੀ ਵੱਖ-ਵੱਖ ਕਿਸਮਾਂ ਦੇ ਪਲਾਸਟਿਕ ਨੂੰ ਖਤਮ ਕਰਨ ਲਈ ਕਾਰਗਰ ਹਨ।
ਪਲਾਸਟਿਕ ਰਹਿੰਦ-ਖੂੰਹਦ ਪ੍ਰਬੰਧਨ ਵਿੱਚ ਇੱਕ ਨਵਾਂ ਯੁੱਗ?
ਇਹ ਖੋਜਾਂ ਪਲਾਸਟਿਕ ਦੇ ਕੂੜੇ ਦੇ ਪ੍ਰਬੰਧਨ ਲਈ ਕ੍ਰਾਂਤੀਕਾਰੀ ਆਸ ਦੀ ਕਿਰਨ ਲੈ ਕੇ ਆਈਆਂ ਹਨ। ਇਸ ਫੰਗਸ ਨੂੰ ਵੱਡੇ ਪੱਧਰ ‘ਤੇ ਕਿਵੇਂ ਵਰਤਿਆ ਜਾਵੇ ਇਸ ਨੂੰ ਅਜੇ ਹੋਰ ਵੀ ਸਮਝਣ ਦੀ ਲੋੜ ਹੈ ਅਤੇ ਇਸਦੀ ਸੰਭਾਵਨਾ ਬਹੁਤ ਵਿਸ਼ਾਲ ਹੈ।ਜਿਵੇਂ ਕਿ ਅਸੀਂ ਸਭ ਜਾਣਦੇ ਹਾ ਕਿ ਸਾਡਾ ਸਮੁੱਚਾ ਵਿਸ਼ਵ ਪਲਾਸਟਿਕ ਪ੍ਰਦੂਸ਼ਣ ਦੀ ਸਮੱਸਿਆ ਨਾਲ ਜੂਝ ਰਿਹਾ ਹੈ, ਇਸ ਲਈ ਇਹ ਪਲਾਸਟਿਕ ਖਾਣ ਵਾਲਾ ਫੰਗਸ ਸਾਡੇ ਟਿਕਾਊ ਭਵਿੱਖ ਦੀ ਕੁੰਜੀ ਹੋ ਸਕਦਾ ਹੈ?
ਸਰੋਤ:
ਇਸ ਖਬਰ ਦੇ ਵਿਸਥਾਰ ਲਈ ਇਸ ਲਿੰਕ ’ਤੇ ਕਰੋ ਕਲਿਕ
ਆਪਣੇ ਵਿਚਾਰ ਸਾਂਝੇ ਜ਼ਰੂਰ ਕਰੋ:
ਪਲਾਸਟਿਕ ਖਾਣ ਵਾਲੀਆਂ ਉੱਲੀਆਂ ਦੀ ਪਲਾਸਟਿਕ ਪ੍ਰਦੂਸ਼ਣ ਸਮੱਸਿਆ ਨੂੰ ਹੱਲ ਕਰਨ ਦੀ ਸੰਭਾਵਨਾ ਬਾਰੇ ਤੁਹਾਡਾ ਕੀ ਵਿਚਾਰ ਹੈ? ਹੇਠਾਂ ਟਿੱਪਣੀਆਂ ਵਿੱਚ ਆਪਣੇ ਵਿਚਾਰ ਸਾਂਝੇ ਕਰੋ!